ਐਸ ਅਸ਼ੋਕ ਭੌਰਾ
ਇਸ ਗੱਲ ਵਿਚ ਤਾਂ ਪਤਾ ਨ੍ਹੀਂ ਕਿੰਨੀ ਕੁ ਸੱਚਾਈ ਹੈ ਕਿ ਜੇ ਦੂਜਿਆਂ ਦੀ ਗੱਲ ਸੁਣੋਗੇ ਤਾਂ ਉਨ੍ਹਾਂ ਅੰਦਰ ਤੁਹਾਡੀਆਂ ਸੁਣਨ ਵਿਚ ਵੀ ਦਿਲਚਸਪੀ ਵਧ ਜਾਵੇਗੀ ਪਰ ਜਿਸ ਤਰ੍ਹਾਂ ਇਸ ਸਾਲ ਅਮਰੀਕਾ ਵਿਚ ਪੰਜਾਬੀ ਗਾਇਕਾਂ ਨੇ ਰੌਣਕਾਂ ਲਾਉਣ ਲਈ ਵਹੀਰਾਂ ਘੱਤੀਆਂ ਹੋਈਆਂ ਨੇ, ਪਤਾ ਨਹੀਂ ਲੱਗ ਰਿਹਾ ਕਿ ਕੌਣ ਕੀਹਦੀ ਸੁਣ ਰਿਹਾ ਹੈ ਤੇ ਕੌਣ ਕਿਹਨੂੰ ਸੁਣਾ ਰਿਹਾ ਹੈ?
ਇਥੇ ਇਕ ਹੱਡਬੀਤੀ ਸਾਂਝੀ ਕਰ ਰਿਹਾ ਹਾਂ ਜੋ ਦਿਲਚਸਪ ਵੀ ਲੱਗੇਗੀ ਤੇ ਪ੍ਰਸੰਗਕ ਵੀ।
ਸਾਲ ਉਨੀ ਸੌ ਚੁਰਾਸੀ ਦੇ ਜਨਵਰੀ ਮਹੀਨੇ ਇਕ ਫਾਈਲ ਵਿਚ ਪੰਜ-ਸੱਤ ਲੇਖ ਗਾਉਣ ਵਾਲਿਆਂ ਬਾਰੇ ਲਿਖ ਕੇ Ḕਰੋਜ਼ਾਨਾ ਅਜੀਤ’ ਦੇ ਸੰਪਾਦਕ ਮਰਹੂਮ ਡਾæ ਸਾਧੂ ਸਿੰਘ ਹਮਦਰਦ ਕੋਲ ਕਾਲਮ ਸ਼ੁਰੂ ਕਰਨ ਲਈ ਚਲੇ ਗਿਆ। ਉਨ੍ਹਾਂ ਦਾ ਜਵਾਬ ਦੇਖੋ, ਕਹਿਣ ਲੱਗੇ Ḕਕਾਕਾ ਹਾਲੇ ਤੂੰ ਜੁਆਕ ਐਂ, ਵੱਡੀਆਂ ਗੱਲਾਂ ਨਾ ਕਰ, ਨਾਲੇ ਕਿੰਨੇ ਕੁ ਹੈਗੇ ਇਹ ਗਾਉਣ ਵਾਲੇ, ਸੁਰਿੰਦਰ ਕੌਰ, ਯਮਲੇ ਜੱਟ ਨੂੰ ਵਿਚੇ ਪਾ ਕੇ ਅੱਠ ਦਸ ਨੇ, ਗੱਲ ਦੋ ਕੁ ਮਹੀਨੇ ਵਿਚ ਮੁੱਕ ਜਾਣੀ ਐ, ਫਿਰ ਕੀ ਲਿਖੇਂਗਾ? ਚੰਗਾ ਹੈ ਕਿ ਕੁਝ ਹੋਰ ਲਿਖ ਲੈ।’ ਮੈਂ ਹੈਰਾਨ ਹਾਂ ਕਿ ਮੇਰੀ ਉਮਰ ਕਿੰਨੀ ਲੰਘ ਗਈ ਹੈ? ਮੈਂ ਥੱਕ ਗਿਆ ਹਾਂ ਲਿਖਦਾ ਲਿਖਦਾ, ਪਰ ਇਨ੍ਹਾਂ ਦੀ ਸੂਚੀ ਏਨੀ ਲੰਬੀ ਹੋਈ ਜਾਂਦੀ ਹੈ ਜਿਵੇਂ ਕਿਸੇ ਦੇ ਹੱਥੋਂ ਰੀਲ੍ਹ ਡਿੱਗ ਕੇ ਸਾਰਾ ਧਾਗਾ ਉਧੜ ਗਿਆ ਹੋਵੇ।
ਇਕ ਹੋਰ ਵਾਕਿਆ, ਗੱਲ ਇਹ ਵੀ ਬੜੀ ਪੁਰਾਣੀ ਐੈ, ਉਦੋਂ ਮੈਂ ਸਕੂਲ ਵਿਚ ਪੜ੍ਹਾਉਂਦਾ ਸਾਂ। ਰਾਤ ਮਾਣਕ ਕੋਲ ਥਰੀਕੇ ਠਹਿਰਿਆ ਹੋਇਆ ਸਾਂ। ਉਹਦਾ ਡਰਾਈਵਰ ਗੁਰਦਾਸ ਡਿਊਟੀ ‘ਤੇ ਜਾਣ ਕਰਕੇ ਮੈਨੂੰ ਤੜਕੇ ਲੁਧਿਆਣੇ ਬੱਸ ਅੱਡੇ ਤੇ ਉਤਾਰ ਗਿਆ। ਗੱਲ ਕੋਈ ਪੰਜ ਕੁ ਵਜੇ ਦੀ ਹੋਵੇਗੀ। ਮੈਂ ਵੇਖਿਆ ਸਾਹਮਣੇ ਦੀਦਾਰ ਸੰਧੂ ਦਾ ਕਰਤਾਰ ਸਿੰਘ ਬਿਲਡਿੰਗ ‘ਚ ਦਫਤਰ ਖੁੱਲ੍ਹੈ, ਚਾਹ ਪੀਣ ਦੇ ਬਹਾਨੇ ਗਿਆ ਤਾਂ ਬੁਕਿੰਗ ਕਲਰਕ ਪ੍ਰਿਥੀ ਧੂਫ-ਬੱਤੀ ਜਗਾਵੇ, ਮੈਂ ਕਿਹਾ Ḕਏਨੇ ਮੂੰਹ ਨ੍ਹੇਰੇ?’ ਅੱਗੋਂ ਉਹਦਾ ਜੁਆਬ ਕੀ ਸੀ Ḕਸਾਲੇ ਕੂਕੀ ਨੇ ਅੱਜ ਚਾਰ ਵਜੇ ਦਫਤਰ ਖੋਲ੍ਹ ਲਿਆ, ਉਹਨੇ ਗੰਗਾਨਗਰ ਆਲੀ ਪਾਰਟੀ ਨੂੰ ਕਰਤਾਰ ਰਮਲਾ ਤੇ ਸੁਖਵੰਤ ਕੌਰ ਬੁੱਕ ਕਰਾ ਦਿੱਤੀ। ਘਾਟਾ ਪੈ ਗਿਆ ਮੇਰਾ ਡੇਢ ਸੌ ਮਰ ਗਿਆ, ਮੈਂ ਪਾਰਟੀ ਹੱਥੋਂ ਨ੍ਹੀਂ ਜਾਣ ਦੇਣੀ ਸੀ।’
ਅਸਲ ‘ਚ ਅਮਰੀਕਾ ‘ਚ ਜਿਵੇਂ ਅੱਜਕੱਲ੍ਹ ਗਾਉਣ ਵਾਲਿਆਂ ਦੀ ਰੌਣਕ ਲੱਗੀ ਹੋਈ ਹੈ, ਇਵੇਂ ਕਦੇ ਲੁਧਿਆਣੇ ਦੇ ਦਫਤਰਾਂ ‘ਚ ਮੂੰਹ ਨ੍ਹੇਰੇ ਹੁੰਦੀ ਸੀ ਕਿਉਂਕਿ ਰਾਜਸਥਾਨ ਦੇ ਗੰਗਾਨਗਰ, ਜੈਸਲਮੇਰ ਤੇ ਬੀਕਾਨੇਰ ਹਲਕਿਆਂ ਤੋਂ ਪਾਰਟੀਆਂ ਰਾਤ ਦੀ ਬੱਸੇ ਬਹਿ ਕੇ ਤੜਕੇ ਲੁਧਿਆਣੇ ਪੁੱਜ ਜਾਂਦੀਆਂ ਸਨ, ਉਨ੍ਹਾਂ ਨੇ ਗਾਉਣ ਵਾਲਾ ਹੀ ਬੁੱਕ ਕਰਨਾ ਹੁੰਦਾ ਸੀ, ਇਸ ਲਈ Ḕਨਾਂ’ ਨਾਲ ਕੋਈ ਬਹੁਤਾ ਮਤਲਬ ਨਹੀਂ ਹੁੰਦਾ ਸੀ।
ਲੁਧਿਆਣਾ ਨਾ ਸਿਰਫ ਹੌਜ਼ਰੀ ਤੇ ਸਾਈਕਲ ਸਨਅਤ ਕਰਕੇ ਮਸ਼ਹੂਰ ਰਿਹਾ ਹੈ ਸਗੋਂ ਇਹ ਉਤਰੀ ਭਾਰਤ ਵਿਚ ਗਵੱਈਆਂ ਦੀ ਸਭ ਤੋਂ ਵੱਡੀ ਮੰਡੀ ਕਰਕੇ ਵੀ ਜਾਣਿਆ ਜਾਂਦਾ ਸੀ। ਭਲੇ ਦਿਨਾਂ ਵਿਚ ਇਥੇ ਬੱਸ ਅੱਡੇ ਦੇ ਸਾਹਮਣੇ ਵਾਲੇ ਦਫਤਰਾਂ ਵਿਚ ਪੰਜਾਬ ਭਰ ‘ਚੋਂ ਬੁਕਿੰਗ ਲਈ ਪੁੱਜੀਆਂ ਪਾਰਟੀਆਂ ਨਾਲ ਜਿਵੇਂ ਗਾਹਕੀ ਹੁੰਦੀ ਸੀ, ਇਹ ਉਦਾਹਰਣ ਦੇਣ ਤੋਂ ਪਹਿਲਾਂ ਮੈਂ ਇਕ ਹੋਰ ਹਾਸੇ ਵਾਲੀ ਗੱਲ ਦੱਸਦਾਂ।
ਮੈਂ ਨਿੱਕਾ ਜਿਹਾ ਸਾਂ ਪਿੰਡ ਸਾਡੇ ਇਕ ਬੰਦਾ ਚਾਦਰਾਂ ਵੇਚੇ, ਹੋਕਾ ਦੇਂਦਾ-ਦੇਂਦਾ ਪੰਜਾਹਾਂ ਦੀ ਇਕ ਕਹਿ ਕੇ ਸੌ ਦੀਆਂ ਚਾਰ ਵੀ ਕਹਿ ਦਿਆ ਕਰੇ। ਬੀਬੀਆਂ ਕੱਠੀਆਂ ਹੋ ਗਈਆਂ। ਕਹੀ ਜਾਵੇ ਪੰਜਾਹ ਦੀ ਇਕ ਹੈ ਚਲੋ ਚਾਲੀ ਦੇ ਦਿਓ।
ਆਪਣੇ ਆਪ ਨੂੰ ਬਹੁਤਾ ਚਲਾਕ ਸਮਝਦੀ ਇਕ ਬੋਲੀ Ḕਵੇ ਭਾਈ ਤੇਰੀ ਕੋਈ ਜ਼ੁਬਾਨ ਆ, ਸੌ ਦੀਆਂ ਚਾਰ ਕਹਿ ਕੇ ਚਾਲੀਆਂ ਦੀ ਇਕ ਦੇਨੈਂ?’ ਉਹ ਵਪਾਰੀ ਬੋਲਿਆ Ḕਬੀਬੀ ਇੱਕ ਤੈਥੋਂ ਲੈ ਨ੍ਹੀਂ ਹੁੰਦੀ ਚਾਰ ਤੂੰ ਲੈ ਲਊਂ? ਜਾਹ ਲਿਆ ਕੇ ਦਿਖਾ ਸੌ ਦਾ ਨੋਟ, ਤੇਰੀਆਂ ਚਾਰ ਪੱਕੀਆਂ। ਐਵੇਂ ਗੱਲਾਂ ਮਾਰੀ ਜਾਂਦੀ ਐ।
ਬੀਬੀ ਸਮਝੇ ਭਾਈ ਲੁੱਟ ਲਿਆ। ਉਹ ਆਂਡ ਗੁਆਂਢ ਚੋਂ ਝੱਟ ਦੇਣੀ ਸੌ ‘ਕੱਠਾ ਕਰ ਲਿਆਈ। ਇਹ ਪਤਾ ਹੀ ਨਹੀਂ ਲੱਗਾ ਕਿ ਚਾਕੂ ਖਰਬੂਜੇ ਵਿਚ ਵੱਜਾ ਕਿ ਖਰਬੂਜਾ ਚਾਕੂ ਵਿਚ। ਉਹ ਦਸਾਂ ਦੀ ਚਾਦਰ ਪੱਚੀਆਂ ਵਿਚ ਵੇਚ ਕੇ ਤੁਰਦਾ ਬਣਿਆ।
ਇਹੀ ਹਾਲ ਗਾਇਕ ਬੁੱਕ ਕਰਨ ਵੇਲੇ ਹੁੰਦਾ ਸੀ, ਪੰਜ ਸੱਤ ਇਨ੍ਹਾਂ ਦੇ ਵਿਚੋਲੇ ਦਫਤਰਾਂ ਦੁਆਲੇ ਖਿਲਰੇ ਹੁੰਦੇ ਸਨ। ਪਾਰਟੀ ਇਕ ਦਫਤਰੋਂ ਉਤਰਦੀ ਤਾਂ ਹਾਲਾਤ ਦਿੱਲੀ ਦੇ ਚਾਂਦਨੀ ਚੌਂਕ ਦੀਆਂ ਫੜ੍ਹੀਆਂ ਵਰਗੇ ਦੇਖ ਕੇ ਨਜ਼ਾਰੇ ਵੱਖਰੇ ਹੁੰਦੇ Ḕਇਕ ਆਖਦਾ ਮਾਣਕ ਵਿਹਲਾ ਨ੍ਹੀ, ਦੂਜਾ ਆਖਦਾ ਸਦੀਕ ਕਰਾ ਦੇਨੇ ਆਂ, ਗਾਹਕ ਨੂੰ ਕਰਵਾ ਬੁੱਕ ਕਰਵਾ ਕੇ ਜਾਂ ਤਾਂ ਧੰਨਾ ਰੰਗੀਲਾ ਦੇਣਾ ਹੁੰਦਾ ਸੀ ਜਾਂ ਚੰਨ ਸ਼ਾਹਕੋਟੀ ਜਾਂ ਜਸਵੰਤ ਬਿੱਲਾ। ਕਿਉਂਕਿ ਮੱਝ ਵੇਚਣ ਵਾਂਗ ਪੰਜ ਦੁਪੰਜੀ ਹੁੰਦੀ ਸੀ।
ਉਹ ਗਾਹਕ ਨੂੰ ਪੁੱਛਦੇ Ḕਪੈਸੇ ਕਿੰਨੇ ਕੁ ਖਰਚਣੇ ਆ?’
Ḕਦੋ ਕੁ ਹਜ਼ਾਰ।’
Ḕਚਾਰ ਤਾਂ ਮਾਣਕ ਲੈਂਦਾ, ਤਿੰਨ ‘ਚ ਧੰਨਾ ਹੋ ਜੂ ਨਾਲੇ ਜਸਵੰਤ ਗਾਉਂਦੀ ਵੀ ਚੰਗੈ ਤੇ ਸੁਨੱਖੀ ਵੀ ਐæææ’ ਤੇ ਹਜ਼ਾਰ ਵਾਲਾ ਸਮਾਨ ਪੰਦਰਾਂ ਸੌ-ਦੋ ਹਜ਼ਾਰ ਨੂੰ ਵੇਚ ਦਿੰਦੇ।
ਉਨ੍ਹਾਂ ਦਿਨਾਂ ਵਿਚ ਜਿਹੜਾ ਇੰਗਲੈਂਡ ‘ਚ ਪ੍ਰੋਗਰਾਮ ਕਰਕੇ ਪਰਤਦਾ, ਉਹਦਾ ਰੇਟ ਦੁੱਗਣਾ ਹੋ ਜਾਂਦਾ। ਬੁਕਿੰਗ ਕਲਰਕ ਪਾਰਟੀ ਨੂੰ ਆਖਦੇ, Ḕਵਲੈਤੋਂ ਆਇਆ ਫਲਾਣਾ ਗਾਇਕ ਗੋਰੀਆਂ ਨਚਾ ਕੇ, ਹੁਣ ਉਹ ਪੁਰਾਣੀ ਗੱਲ ਨ੍ਹੀ, ਭਾਈ ਐਨੇ ਈ ਲੱਗਣੇ ਆ।’
ਅਮਰੀਕਾ ਵਿਚ ਹਾਲਾਤ ਏਦਾਂ ਦੇ ਨੇ ਜਿਵੇਂ ਵੇਲ ਥੱਲੇ ਹੈ ਤੇ ਤੋਰੀ ਉਪਰ ਲਮਕਦੀ ਐ। ਕਹਿਣਗੇ ਗਾਉਣ ਵਾਲਾ ਇੰਡੀਆ ਤੋਂ ਆਇਐ। ਗੀਤ ਵੀ ਹਿੱਟ ਨੇ, ਫਿਲਮਾਂ ਵੀ ਹਿੱਟ ਨੇ, ਆਏ ਹੋਏ ਵੀ ਨੇ, ਆਈਆਂ ਹੋਈਆਂ ਵੀ ਨੇ, ਹਾਲੇ ਆਉਣਗੇ, ਹੋਰ ਆ ਰਹੇ ਨੇ। ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਕਿਉਂ? ਇਸ ਦਾ ਉਤਰ ਤਾਂ ਪੰਜਾਬੀਆਂ ‘ਤੇ ਛੱਡਦਾਂ ਪਰ ਪਿਛਲੇ ਤਿੰਨ ਕੁ ਮਹੀਨਿਆਂ ਦੇ ਸ਼ਬਦੀ ਨਜ਼ਾਰੇ ਵੇਖੋ:
ਮਮਤਾ ਜੋਸ਼ੀ ਬਈ ਬਹੁਤ ਅੱਛਾ ਗਾਉਂਦੀ ਆ, ਨਾਲ ਸੱਤੀ ਵੀ ਆਈ ਹੋਈ, ਪੈ ਗਿਆ ਨਾ ਸੋਨੇ ‘ਚ ਨਗ। ਪੂਰਨ ਦਾ ਮੁੰਡਾ ਲਖਵਿੰਦਰ ਵਡਾਲੀ ਆਇਆæææਸੁਰੀਲਾ ਕੰਠ ਕਲੇਰ ਵੀæææਗੁਰਦਾਸ ਮਾਨ ਦੀ ਵਾਰੀ ਅਗਲੇ ਸਾਲ ਆæææਐਤਕੀਂ ਕੈਨੇਡਾ ਆæææਰਣਜੀਤ ਬਾਵਾ ਤਾਂ ਪੂਰੀ ਭੀੜ ਖਿੱਚਦੈæææਕਿਰਨ ਭੁੱਲਰ ਠੀਕ ਈ ਆæææਲਖਵੀਰ ਜੌਹਲ ਤੇ ਸੰਗਤਾਰ ਹੋਰੀਂ ਕਰ ਗਏ ਕਮਾਈਆਂæææ ਜਸਵਿੰਦਰ ਬਰਾੜ ਕਈਆਂ ਸਾਲਾਂ ਬਾਅਦ ਆਈ ਹੋਣ ਕਰਕੇ ਚੰਗੀ ਰਹੀæææਦੀਪ ਢਿੱਲੋਂ ਤੇ ਜੱਸੀ ਦੀ ਜੋੜੀ ਪੂਰੀ ਸੁਨੱਖੀ ਸੀæææਅਮਰਿੰਦਰ ਗਿੱਲ ਦੀ ਫਿਲਮ ਚੱਲ ਗਈ ਪਰ ਸ਼ੋਅ ਨਹੀਂ ਚੱਲੇæææਕੁਲਵਿੰਦਰ ਬਿੱਲਾ ਦੀ ਉਹ ਗੱਲ ਨ੍ਹੀਂ ਬਣੀæææਹੈਪੀ ਰਾਏਕੋਟੀ ਨੇ ਤਾਂ ਇਕ ਥਾਂ ਕੁਪੱਤ ਹੀ ਕਰਾ ਲਈæææਪੈਸੇ ਤਾਂ ਚਲੋ ਜੈ ਸਿੰਘ ਨੇ ਬਣਾ ਲਏ ਹੋਣਗੇ ਪਰ ਡਾਲਰ ਦੇ ਮੁਕਾਬਲੇ ਰੁਪਈਏ ਵਾਂਗ ਭਾਅ ਹੁਣ ਸਰਤਾਜ ਦਾ ਵੀ ਡਿੱਗ ਪਿਐæææਬਾਜਵਾ ਕਹੀ ਜਾਂਦੈ Ḕਚਲੋ ਹਰਭਜਨ ਤੇ ਗੁਰਸੇਵਕ ਮਾਨ ਦਾ ਪ੍ਰੋਗਰਾਮ ਸਨੀਵੇਲ ਮੰਦਿਰ ‘ਚ ਹੀ ਕਰਾ ਲਓ’æææਕੰਵਰ ਗਰੇਵਾਲ ਤਾਂ ਚਲੋ ਚੰਗਾ ਸੀ, ਫਕੀਰਾਂ ਵਾਂਗ ਜੰਮ ਵੀ ਗਿਆ ਪਰ ਇਕ ਲੋਕਲ ਅਨਾੜੀ ਪ੍ਰੋਮੋਟਰ ਨੇ ਆਪ ਵੀ ਘਾਟਾ ਖਾਧਾ, ਸ਼ੋਅ ਵੀ ਨ੍ਹੀਂ ਬੇ ਏਰੀਏ ਚੰਗਾ ਕਰਵਾ ਹੋਇਆæææਨੂਰਾਂ ਭੈਣਾਂ ਆ ਗਈਆਂ ਨੇ ਤੇ ਹੁਣ ਉਨ੍ਹਾਂ ਦੀ ਵਾਰੀ ਹੈ।
ਅੰਦਾਜ਼ਾ ਲਗਾਓ ਪਿਛਲੇ ਸੋਲਾਂ ਹਫਤਿਆਂ ‘ਚ ਸਤਾਰਾਂ ਗਾਇਕ ਆਏ ਨੇ, ਚਤਾਲੀ ਪ੍ਰੋਗਰਾਮ ਹੋਏ ਨੇ, ਕਈਆਂ ‘ਚ ਸਰੋਤਿਆਂ ਦੀ ਗਿਣਤੀ ਸੌ ਤੋਂ ਥੱਲੇ ਰਹੀ, ਜਿਥੇ ਚੰਗੀ ਰਹੀ ਉਹਦੇ ਬਾਰੇ ਲੋਕਲ ਪ੍ਰੋਮੋਟਰ ਦਾਅਵੇ ਕਰੀ ਜਾਂਦੇ ਨੇ Ḕਜਿੱਦਾਂ ਦਾ ਫਲਾਣੇ ਥਾਂ ਭਰਿਆ ਸੀ ਉਦਾਂ ਦਾ ਭਰ ਕੇ ਦਿਖਾਂਵਾਂਗੇ।’ ਇਹਦੇ ਨਾਲ ਗਾਉਣ ਵਾਲਿਆਂ ਨੂੰ ਥੋੜੀ ਜਿਹੀ ਆਕਸੀਜ਼ਨ ਵਾਧੂ ਮਿਲ ਜਾਂਦੀ ਹੈ ਕਿਉਂਕਿ ਇਨ੍ਹਾਂ ਦੇ ਸਲੰਡਰ ਡੀ ਜੇ ਵਾਲਿਆਂ ਨੇ ਚੋਰੀ ਕੀਤੇ ਹੋਏ ਨੇ।
ਦੇਬੀ ਚੰਗਾ ਤਾਂ ਰਹਿ ਜਾਂਦਾ ਹੈ ਕੁAਂਕਿ ਗਾਉਂਦਾ ਵੀ ਚੰਗੈ, ਸ਼ਾਇਰੀ ਵੀ ਮਿਆਰੀ ਐ ਤੇ ਬੰਦਾ ਵੀ ਨਿੱਘਾ ਹੈ, ਪਿਛਲੀ ਵਾਰੀ ਬਾਜਵੇ ਨਾਲ ਆਇਆ ਸੀ ਐਤਕੀਂ ਪਿੰਡ ਪ੍ਰੋਡਕਸ਼ਨ ਵਾਲੇ ਦਵਿੰਦਰ ਗਰੇਵਾਲ ਨਾਲ।
ਸੁਣਦੇ ਆਂ ਅੱਗੇ ਸ਼ੀਰਾ ਜਸਵੀਰ ਵੀ ਆ ਰਿਹੈæææਪ੍ਰੀਤ ਹਰਪਾਲ ਵੀæææਵਡਾਲੀ ਭਰਾਵਾਂ ਦਾ ਵੀ ਅਮਰੀਕਾ ਆਉਣ ਦਾ ਰੌਲਾ ਪੈ ਰਿਹੈæææਆਤਮਾ ਬੁੱਢੇਵਾਲ ਵੀ ਆਵੇਗਾæææਕਈ ਅਮਨ ਰੋਜ਼ੀ ਨੂੰ ਵੇਖਣ ਨੂੰ ਕਾਹਲੇ ਨੇæææ ਕਈ ਟਰੱਕਰ ਵੀਰ ਇਸ ਜੋੜੀ ਨੂੰ ਚਮਕੀਲੇ ਵਰਗਾ ਪਿਆਰ ਦਿੰਦੇ ਨੇæææਤੇ ਹੋਰ ਪਤਾ ਨ੍ਹੀਂ ਰਿੜਕੀ ਹੋਈ ਲੱਸੀ ਚੋਂ ਕਿੰਨਾ ਕੁ ਮੱਖਣ ਕੱਢ ਲੈਣਗੇ।
ਜਦੋਂ ਪਾਇਰੇਸੀ ਵਧੀ, ਗਾਇਕਾਂ ਦੇ ਕਪਾਲ ‘ਚ ਸੱਟ ਪਈæææਡੀ ਜੇ ਵਾਲਿਆਂ ਨੇ ਪੰਜਾਬ ‘ਚ ਬਹੁਤਿਆਂ ਨੂੰ ਵਿਹਲਾ ਕੀਤਾ ਪਰ ਜਿਨ੍ਹਾਂ ਦੇ ਇਹ ਦੌਰ ਵੀ ਰਾਸ ਆਇਆæææਉਹ ਸਨ-ਸੰਗੀਤਕਾਰਾਂ ਨੇ ਨਿੱਕੇ ਸਟੂਡੀਓ ‘ਚ ਵੱਡੀ ਕਮਾਈ ਕੀਤੀ, ਕੈਮਰਿਆਂ ਵਾਲੇ ਸਾਰੇ ਰੁੱਝੇ ਰਹੇ, ਵੀਡੀਓ ਡਾਇਰੈਕਟਰ ਕੋਈ ਵਿਹਲਾ ਨ੍ਹੀਂ ਹੋਇਆæææਰੋਪੜ ਦੇ ਕਈ ਪਿੰਡਾਂ ‘ਚ ਪੱਕੇ ਸੈਟ ਸ਼ੂਟਿੰਗ ਲਈ ਲੱਗੇ ਹੋਏ ਹਨæææਘਾਟਾ ਕੌਣ ਖਾ ਰਿਹੈæææਸੋਚਣ ਦੀ ਲੋੜ ਐ? ਪਰ ਜਿਨ੍ਹਾਂ ਪੁੱਤਾਂ ਨੇ ਬਾਪੂ ਦੀ ਜ਼ਮੀਨ ਵੇਚ ਕੇ ਗਵੱਈਏ ਬਣਨ ਦਾ ਭਰਮ ਪਾਲਿਆ ਸੀ ਉਹ ਗੋਡਿਆਂ ‘ਚ ਮੂੰਹ ਦੇ ਕੇ ਰੋਂਦੇ ਘੱਟ ਨੇ ਤੇ ਦੁਹਾਈਆਂ ਵੱਧ ਪਾਉਂਦੇ ਨੇ ਕਿਉਂਕਿ Ḕਸਿੰਗਲ ਟ੍ਰੈਕ’ ਤੇ ਫਾਸਟ ‘ਤੇ ਦੋਵਾਂ ਪਾਸਿਆਂ ਤੋਂ ਟਰੇਨਾਂ ਨਹੀਂ ਦੌੜਦੀਆਂ।
ਮੈਨੂੰ ਕੁਝ ਫੋਨ ਆਏ, ਛੋਟੀ ਛੋਟੀ ਇਬਾਰਤ ਦੇਖੋæææਭੌਰੇ ਇਕ ਪ੍ਰੋਗਰਾਮ ਤੂੰ ਕਰਵਾ ਲੈ ਪੈਸੇ ਤੂੰ ਪਹਿਲਾਂ ਤਾਂ ਬਣਾਏ ਨ੍ਹੀਂ ਹੁਣ ਬਣ ਜਾਣਗੇ। ਖੱਟੀ ਲੱਸੀ ‘ਚ ਮੈਨੂੰ ਖੰਡ ਦੀ ਥਾਂ ਸ਼ੱਕਰ ਪਾ ਕੇ ਦੇਣ ਲੱਗੇ ਹੋਏ ਨੇ। ਆਂਹਦੇ, ਪੈਸਾ ਸਪਾਂਸਰਸ਼ਿਪ ਨਾਲ ਹੋਜੂ ਪੂਰਾæææਯਾਰ ਬੇਕਰਜ਼ਫੀਲਡ ਬਰਾੜ ਨੂੰ ਕਹਿ ਦੇ ਕਰਾ ਲਵੇ ਸਾਡਾ ਵੀ ਇਕ ਸ਼ੋਅæææਸਿਆਟਲ ‘ਚ ਵੀ ਦੇਖ਼ææਹਿਊਸਟਨ ‘ਚ ਲੱਭæææਭਨੋਟ ਤੇਰੀ ਮੰਨ ਲੈਂਦਾ, ਇਕ ਮੰਦਿਰ ਦੇ ਹਾਲ ‘ਚ ਹੀ ਕਰਾ ਦੇ।
ਅਮਰੀਕੀ ਪੰਜਾਬੀ ਦੁਚਿੱਤੀ ‘ਚ ਹਨ ਕਿ ਸੁਣਨ ਕੀਹਨੂੰ ਜਾਈਏ ਤੇ ਹਰ ਹਫਤੇ ਪੂਰਾ ਪਰਿਵਾਰ ਕਿਵੇਂ ਲੈ ਕੇ ਜਾਈਏ ਕਿਉਂਕਿ ਟੱਬਰ ਟੱਬਰ ਵੰਡ ਹੋਇਐ, ਅੱਧੇ ਸੋਚਦੇ ਪੀਜ਼ਾ ਵੈਜ ਖਾਈਏ, ਅੱਧੇ ਸੋਚਦੇ ਆ ਨਾਨ ਵੈਜ।
ਪੰਜਾਬੀ ਅਖਬਾਰਾਂ ਦੀ ਊਂ ਬੱਲੇ ਬੱਲੇ ਐæææਪ੍ਰੋਮੋਟਰ ਦੱਸੇ ਕਿ ਇਕ ਐਡੀਟਰ ਸਾਹਿਬ ਕਹਿ ਰਹੇ ਸਨ Ḕਪੰਜਾਬ ਟਾਈਮਜ਼ ‘ਚ ਜਿੰਨੇ ਦਾ ਪੇਜ ਲੱਗਦੈ ਅਸੀਂ ਚਾਰ ਲਾ ਦਿੰਨੇ ਆæææਬਲੈਕ ਐਂਡ ਵਾਈਟ ਨੂੰ ਛੱਡ ਕਲਰ ਦੇ ਠੀਕ ਪੰਜ ਡਾਲਰ ਵੱਧ ਦੇ ਦਈਂæææਤੇ ਇਵੇਂ ਚਾਦਰਾਂ 100 ਦੀਆਂ ਚਾਰ ਨਾਂ ਸਹੀ 400 ਦੀਆਂ ਚਾਰ ਜ਼ਰੂਰ ਵਿਕ ਰਹੀਆਂ ਨੇ’। ਚੀਨ ਦੀ ਮੰਦੀ ਨੇ ਸ਼ੇਅਰ ਬਜ਼ਾਰ ਉਖਾੜਿਆ ਪਿਐ ਪਰ ਇਨ੍ਹਾਂ ਦੇ ਝੰਡੇ ਲਗਾਤਾਰ ਗੱਡ ਹੋਈ ਜਾ ਰਹੇ ਨੇ।
ਪੰਜਾਬ ‘ਚ ਮੰਦੀ ਢੋਲਕੀਆਂ, ਵਾਜਿਆਂ ਨਾਲ ਗਾ ਗਾ ਬੋਲ ਰਹੀ ਹੈæææਅਮਰੀਕਾ ਇਨ੍ਹੀਂ ਦਿਨੀ ਪੰਜਾਬੀ ਗਾਇਕਾਂ ਨਾਲ ਭਰਿਆ ਪਿਆ, ਹਾਲੇ ਕਿੰਨਾ ਕੁ ਹੋਰ ਭਰੇਗਾæææ ਕਮਾ ਕੌਣ ਰਿਹੈæææਬਣਾ ਕੌਰ ਰਿਹੈæææਗੁਆ ਕੌਣ ਰਿਹੈæææਇਹ ਵਾਧੂ ਸਿਰਦਰਦੀ ਚਲੋ ਆਪਾਂ ਕਾਹਨੂੰ ਲੈਣੀ ਆ। ਲਗਦਾ ਨੀਂ! ਕਈਆਂ ਨੂੰ ਤਾਂ ਨਾਂ ਦਾ ਈ ਦਾਖਲਾ ਹਾਈ ਸਕੂਲ ‘ਚ ਮਸਾਂ ਮਿਲਿਆ ਹੋਇਐ?
ਗੱਲ ਬਣੀ ਕਿ ਨਹੀਂ?
ਟੁੱਟੀ ਪੀਂਘ ਦੇ ਹੁਲਾਰੇ
ਕਦੇ ਚਿੜੀਆਂ ਦੀ ਬਾਜਾਂ ਨਾਲ ਵੇਖੀ ਨਹੀਂ ਉਡਾਰੀ,
ਕਿੱਥੇ ਕੁੱਲੀਆਂ ਦੀ ਨਿਭਦੀ ਚੁਬਾਰਿਆਂ ਦੇ ਨਾਲ।
ਗੱਲ ਬੁੱਲ੍ਹੀਆਂ ਦੀ ਅੱਖਾਂ ਨਾਲ ਜਵਾਨੀ ਵਿਚ ਹੋਵੇ,
ਕੰਮ ਇਸ਼ਕੇ ਦਾ ਚੱਲਦਾ ਇਸ਼ਾਰਿਆਂ ਦੇ ਨਾਲ।
ਇਹ ਜਗ ਚੰਦਰਾ ਨ੍ਹੀਂ ਚੰਗਾ ਕਿਸੇ ਨੂੰ ਵੀ ਕਹਿੰਦਾ,
ਕਿਥੇ ਸਾਰਿਆਂ ਦੀ ਨਿਭਦੀ ਏ ਸਾਰਿਆਂ ਦੇ ਨਾਲ।
ਨਹੀਓਂ ਯਾਰਾਂ ਉਤੋਂ ਯਾਰ ਹੁਣ ਹੁੰਦੇ ਕੁਰਬਾਨ,
ਅੱਧੇ ਠਗੀ ਜਾਂਦੇ ਐਵੇਂ ਝੂਠੇ ਲਾਰਿਆਂ ਦੇ ਨਾਲ।
ਹੁਣ ਕੁੱਤਿਆਂ ‘ਚ ਦੋਸਤੀ ਤੇ ਬੰਦਿਆਂ ‘ਚ ਖਾਰਾਂ,
ਦੋਵੇਂ ਖਹੀ ਜਾਂਦੇ ਬਲਖ ਬੁਖਾਰਿਆਂ ਦੇ ਨਾਲ।
ਪੁੱਤ ਸੱਪਾਂ ਦੇ ਤਾਂ ਅੱਜਕੱਲ੍ਹ ਹੋਈ ਜਾਣ ਮਿੱਤ,
ਤੁਰੇ ਬੰਦੇ ਕਈ ਸਿਆਣੇ ਹੱਤਿਆਰਿਆਂ ਦੇ ਨਾਲ।
ਸੁਬ੍ਹਾ ਟੁੱਟਦੀ ‘ਤੇ ਆਥਣੇ ਨੂੰ ਨਵੇਂ ਥਾਂ ਜਾ ਲੱਗੇ,
ਗੱਲਾਂ ਕਰਨ ਨਾ ਪ੍ਰੇਮੀ ਚੰਨ ਤਾਰਿਆਂ ਦੇ ਨਾਲ।
ਲੋਕ ਮਰੀ ਜਾਂਦੇ ਖਪੀ ਜਾਂਦੇ ਅੰਦਰੋਂ ਨੇ ḔਭੌਰੇḔ,
ਉਤੋਂ ਲੰਘੀ ਜਾਂਦੀ ਨਕਲੀ ਸਹਾਰਿਆਂ ਦੇ ਨਾਲ।