ਅਮਰੀਕਾ ਅਤੇ ਆਪਾ-ਧਾਪੀ

ਅਫ਼ਸਾਨਾ-ਏ-ਅਫ਼ਗ਼ਾਨਿਸਤਾਨ-7
ਤੁਸੀਂ ਪੜ੍ਹ ਚੁੱਕੋ ਹੋæææ
ਅਫਗਾਨਿਸਤਾਨ ਸਦਾ ਸਿਆਸੀ ਤੂਫਾਨਾਂ ਵਿਚ ਘਿਰਿਆ ਰਿਹਾ ਹੈ। ਅਫਗਾਨ ਮਾਣ ਕਰਦੇ ਹਨ ਕਿ ਉਹ ਕਦੀ ਅੰਗਰੇਜ਼ਾਂ ਦੇ ਅਧੀਨ ਨਹੀਂ ਰਹੇ ਜਿਨ੍ਹਾਂ ਦੇ ਰਾਜ ਵਿਚ ਸੂਰਜ ਨਹੀਂ ਸੀ ਛੁਪਦਾ ਹੁੰਦਾ; ਐਪਰ, ਅੰਗਰੇਜ਼ਾਂ ਦੀ ਖਰੀਦੋ-ਫਰੋਖਤ ਵਾਲੀ ਸਿਆਸਤ ਮੁਲਕ ਦੀਆਂ ਜੜ੍ਹਾਂ ਵਿਚ ਬੈਠ ਗਈ। 20ਵੀਂ ਸਦੀ ਦੇ 7ਵੇਂ ਦਹਾਕੇ ਬਾਅਦ ਤਾਂ ਮੁਲਕ ਵਿਚ ਖਾਨਾਜੰਗੀ ਨੇ ਜੋ ਰੂਪ ਅਖਤਿਆਰ ਕੀਤਾ, ਉਸ ਦੀ ਮਿਸਾਲ ਦੁਨੀਆਂ ਵਿਚ ਕਿਤੇ ਨਹੀਂ ਮਿਲਦੀ। ਰੂਸ ਤੇ ਅਮਰੀਕਾ ਨੇ ਆਪੋ-ਆਪਣੇ ਹਿਤਾਂ ਲਈ ਮੁਲਕ ਨੂੰ ਜੰਗ ਦਾ ਮੈਦਾਨ ਬਣਾਇਆ।

ਫਿਰ ਮੁੱਲਾ ਉਮਰ ਦੀ ਅਗਵਾਈ ਹੇਠ ਸੱਤਾ ਵਿਚ ਆਏ ਤਾਲਿਬਾਨ ਨੇ ਜ਼ੁਲਮ ਦੀ ਹਨ੍ਹੇਰੀ ਝੁਲਾਈ। ਫਿਰ ਉਸਾਮਾ ਬਿਨ-ਲਾਦਿਨ ਨੇ ਜੰਗ ਦਾ ਮੁਹਾਜ਼ ਹੀ ਬਦਲ ਦਿੱਤਾ। ਹੁਣ ਪੜ੍ਹੋ ਇਸ ਤੋਂ ਅੱਗੇæææ

ਹਰਮਹਿੰਦਰ ਚਹਿਲ
ਫੋਨ: 703-362-3239

ਅਮਰੀਕਨ ਸਮੁੰਦਰੀ ਬੇੜੇ ਪਹਿਲਾਂ ਹੀ ਹਿੰਦ ਮਹਾਂਸਾਗਰ ਵੱਲ ਕੂਚ ਕਰ ਚੁੱਕੇ ਸਨ। ਜਦੋਂ ਕੋਈ ਵੀ ਗੱਲ ਸਿਰੇ ਨਾ ਚੜ੍ਹੀ ਤਾਂ ਅਮਰੀਕਾ ਨੇ 7 ਅਕਤੂਬਰ 2001 ਨੂੰ ਪਹਿਲਾ ਬੰਬ ਅਫਗਾਨਿਸਤਾਨ ਉਪਰ ਸੁੱਟ ਕੇ ਲੜਾਈ ਦਾ ਬਿਗਲ ਵਜਾ ਦਿੱਤਾ। ਫਿਰ ਕੀ ਸੀ, ਅਮਰੀਕਨ ਜਹਾਜ਼ਾਂ ਦੇ ਬੰਬ, ਅਫਗਾਨਿਸਤਾਨ ਦੀ ਧਰਤੀ Ḕਤੇ ਗੜਿਆਂ ਵਾਂਗੂੰ ਵਰ੍ਹਨ ਲੱਗੇ। ਗੋਲ਼ੇ ਵਰ੍ਹਾ ਵਰ੍ਹਾ ਕੇ ਤਾਲਿਬਾਨ ਦੇ ਫੌਜੀ ਸਾਜ਼ੋ-ਸਮਾਨ ਦੀ ਤਬਾਹੀ ਪਿਛੋਂ ਅਮਰੀਕਾ ਨੇ ਦੂਜੀ ਨੀਤੀ ਸ਼ੁਰੂ ਕੀਤੀ। ਇਹ ਸੀ ਨਾਰਥ ਅਲਾਇੰਸ ਵੱਲੋਂ ਹਮਲਾ। ਅਮਰੀਕਾ ਦੀ ਦੇਖ-ਰੇਖ ਹੇਠ ਨਾਰਥ ਅਲਾਇੰਸ ਦੀ ਫੌਜ ਨੇ ਤਾਲਿਬਾਨ Ḕਤੇ ਹੱਲਾ ਬੋਲ ਦਿੱਤਾ। ਜਨਰਲ ਰਸ਼ੀਦ ਦੋਸਤਮ ਅਤੇ ਮੁਹੰਮਦ ਅੱਤਾ ਇਸ ਫੌਜ ਦੀ ਕਮਾਂਡ ਸੰਭਾਲ ਰਹੇ ਸਨ। ਇੱਕ ਇੱਕ ਕਰ ਕੇ ਤਾਲਿਬਾਨ ਆਪਣੇ ਗੜ੍ਹ ਹਾਰਦੇ ਗਏ। ਕੁਝ ਹੀ ਦਿਨਾਂ ਵਿਚ ਨਾਰਥ ਅਲਾਇੰਸ ਨੇ ਪੱਛਮ, ਮੱਧ ਅਫਗਾਨਿਸਤਾਨ ਅਤੇ ਨਾਰਥ ਵੱਲ ਦਾ ਸਾਰਾ ਇਲਾਕਾ ਤਾਲਿਬਾਨ ਤੋਂ ਆਜ਼ਾਦ ਕਰਵਾ ਲਿਆ, ਪਰ ਕੁੰਦਜ ਵਿਚ ਤਾਲਿਬਾਨ ਦਾ ਬੜਾ ਤਕੜਾ ਗੜ੍ਹ ਸੀ। ਨਾਰਥ ਅਲਾਇੰਸ ਨੇ ਕੁੰਦਜ ਨੂੰ ਚਾਰਾਂ ਪਾਸਿਆਂ ਤੋਂ ਘੇਰ ਲਿਆ। ਇਸ ਨਾਲ ਉਥੇ ਤਾਲਿਬਾਨ ਦੀ ਮੱਦਦ ਕਰ ਰਹੇ ਪਾਕਿਸਤਾਨੀ ਫੌਜ ਦੇ ਅਫਸਰ ਵੀ ਘਿਰ ਗਏ। ਇਥੇ ਬੜੀ ਦਿਲਚਸਪ ਘਟਨਾ ਵਾਪਰੀ। ਜਨਰਲ ਪਰਵੇਜ਼ ਮੁਸ਼ੱਰਫ ਨੇ ਨੱਕ ਬਚਾਉਣ ਲਈ, ਬੁਸ਼ ਨਾਲ ਰਾਬਤਾ ਕਾਇਮ ਕਰ ਕੇ ਆਪਣੇ ਇਹ ਅਫਸਰ, ਜਹਾਜ਼ ਰਾਹੀਂ ਕੱਢਣ ਲਈ ਲਿਲਕੜੀ ਕੱਢੀ। ਨਾਂਹ ਨੁੱਕਰ ਜਿਹੀ ਕਰਦਾ ਬੁਸ਼, ਆਖਰ ਮੰਨ ਗਿਆ। ਪੂਰੇ ਚਾਰ ਦਿਨ ਪਾਕਿਸਤਾਨੀ ਫੌਜ ਦੇ ਜਹਾਜ਼ ਗੇੜੇ ਲਾਉਂਦਾ ਰਹੇ। ਉਸ ਦੇ ਅਫਸਰ ਤਾਂ ਇੱਕ ਫਲਾਈਟ ਵਿਚ ਹੀ ਚਲੇ ਗਏ ਸਨ, ਇਸ ਪਿਛੋਂ ਲਗਾਤਾਰ ਤਿੰਨ ਦਿਨ ਉਹ ਤਾਲਿਬਾਨ ਲੀਡਰ ਢੋਂਹਦੇ ਰਹੇ। ਅਗਲੇ ਦਿਨੀਂ ਜਦੋਂ ਨਾਰਥ ਅਲਾਇੰਸ ਵਾਲੇ ਉਥੇ ਪੁੱਜੇ ਤਾਂ ਉਥੇ ਕੋਈ ਵੀ ਨਹੀਂ ਸੀ। ਇਹ ਸਾਰੇ ਤਾਲਿਬਾਨ, ਪਾਕਿਸਤਾਨ ਦੇ ਵਜ਼ੀਰਾਬਾਦ ਇਲਾਕੇ Ḕਚ ਜਾ ਲੁਕੇ ਸਨ। ਹਾਰੀ ਹੋਈ ਫੌਜ ਦੇ ਤਾਲਿਬਾਨ ਅਧਿਕਾਰੀ ਜਿਹੜੇ ਬਚ ਗਏ ਸਨ, ਉਹ ਵੀ ਬਾਰਡਰ ਲੰਘ ਕੇ ਪਾਕਿਸਤਾਨ ਜਾ ਪਹੁੰਚੇ। ਆਮ ਸਿਪਾਹੀ ਬਗੈਰਾ, ਸਭ ਕੁਝ ਛੱਡ-ਛਡਾ ਕੇ ਆਪਣੇ ਪਿੰਡਾਂ ਨੂੰ ਭੱਜ ਗਏ। ਮੁੱਲਾ ਉਮਰ ਮੋਟਰਸਾਈਕਲ Ḕਤੇ ਸਵਾਰ ਹੋ ਕੇ ਆਪਣੇ ਤਕੜੇ ਆਧਾਰ ਵਾਲੇ ਸੂਬੇ ਹੈਲਮੰਡ ਵਿਚ ਜਾ ਲੁਕਿਆ।
ਕੰਧਾਰ Ḕਤੇ ਹਮਲਾ ਹੋਇਆ ਤਾਂ ਤਕੜੀ ਲੜਾਈ ਹੋਈ ਪਰ ਆਖਰ ਇਹ ਵੀ ਨਾਰਥ ਅਲਾਇੰਸ ਨੇ ਜਿੱਤ ਲਿਆ। ਮਹੀਨੇ ਕੁ ਭਰ ਦੀ ਲੜਾਈ ਵਿਚ ਹੀ ਸਾਰਾ ਅਫਗਾਨਿਸਤਾਨ ਨਾਰਥ ਅਲਾਇੰਸ ਦੇ ਕਬਜ਼ੇ ਹੇਠ ਆ ਗਿਆ। ਉਧਰ, ਉਸਾਮਾ ਬਿਨ-ਲਾਦਿਨ ਅਤੇ ਉਸ ਦੀ ਜਥੇਬੰਦੀ ਅਲ-ਕਾਇਦਾ ਦੇ ਦੋ ਢਾਈ ਸੌ ਮੈਂਬਰ ਪਿਛੇ ਬਚ ਗਏ ਸਨ। ਇਨ੍ਹਾਂ ਖਾਤਰ ਹੀ ਤਾਂ ਅਮਰੀਕਾ ਨੇ ਲੜਾਈ ਵਿੱਢੀ ਸੀ, ਪਰ ਉਹ ਪਹਿਲੀਆਂ Ḕਚ ਹੀ ਤੋਰਾ ਬੋਰਾ ਪਹਾੜੀਆਂ ਵਿਚ ਬਣਾਈਆਂ ਸੁਰੱਖਿਅਤ ਥਾਂਵਾਂ ਵਿਚ ਜਾ ਲੁਕੇ ਸਨ। ਅਮਰੀਕਾ ਨੇ ਖੁਸ਼ਕ ਪਹਾੜਾਂ ਉਪਰ ਬੜੇ ਬੰਬ ਵਰ੍ਹਾਏ, ਪਰ ਅਲ-ਕਾਇਦਾ ਵਾਲਿਆਂ ਦਾ ਵਾਲ ਵੀ ਵਿੰਗਾ ਨਾ ਹੋਇਆ। ਜੇ ਅਮਰੀਕਾ ਇਨ੍ਹਾਂ ਪਹਾੜੀਆਂ ਦੀ ਘੇਰਾਬੰਦੀ ਕਰ ਲੈਂਦਾ ਤਾਂ ਇਹ ਸਾਰੇ ਫੜੇ ਜਾ ਸਕਦੇ ਸਨ, ਪਰ ਅਮਰੀਕਾ ਨੇ ਨੀਤੀ ਬਣਾਈ ਹੋਈ ਸੀ ਕਿ ਆਪਣੇ ਫੌਜੀ ਅੰਦਰ ਨਹੀਂ ਭੇਜਣੇ। ਤੋਰਾ ਬੋਰਾ ਵਿਚ ਘਿਰੇ ਅਲ-ਕਾਇਦਾ ਵਾਲਿਆਂ ਨੂੰ ਫੜਨ ਲਈ ਅਮਰੀਕਾ ਨੇ ਮੁਕਾਮੀ ਕਮਾਂਡਰ ਜਲਾਲੂਦੀਨ ਹੱਕਾਨੀ ਦੀ ਮੱਦਦ ਲਈ। ਉਸ ਨੂੰ ਕਈ ਮਿਲੀਅਨ ਡਾਲਰ ਇਸ ਕੰਮ ਲਈ ਦਿੱਤੇ ਗਏ। ਉਸ ਨੇ ਪਹਾੜੀਆਂ ਘੇਰ ਲਈਆਂ, ਪਰ ਜਿੰਨੇ ਪੈਸੇ ਅਮਰੀਕਾ ਨੇ ਉਸ ਨੂੰ ਦਿੱਤੇ ਸਨ, ਉਸ ਨਾਲੋਂ ਵੱਧ ਉਸ ਨੇ ਅਲ-ਕਾਇਦਾ ਵਾਲਿਆਂ ਤੋਂ ਲੈ ਕੇ ਉਨ੍ਹਾਂ ਨੂੰ ਠੀਕ-ਠਾਕ, ਆਪਣੀ ਦੇਖ-ਰੇਖ ਹੇਠ, ਪਾਕਿਸਤਾਨ ਪਹੁੰਚਾ ਦਿੱਤਾ। ਇਧਰੋਂ ਪਾਕਿਸਤਾਨ ਵੱਲ ਆ ਰਹੇ ਅਤਿਵਾਦੀਆਂ ਨੂੰ ਆਈæਐਸ਼ਆਈæ ਖਿੜੇ ਮੱਥੇ Ḕਜੀ ਆਇਆਂ ਨੂੰḔ ਕਹਿ ਰਹੀ ਸੀ, ਕਿਉਂਕਿ ਉਸ ਮੁਤਾਬਕ ਇਨ੍ਹਾਂ ਜਹਾਦੀਆਂ ਨੇ ਬਾਅਦ ਵਿਚ ਉਸ ਦੇ ਕੰਮ ਆਉਣਾ ਸੀ। ਖੈਰ, ਜਦੋਂ ਨੂੰ ਅਮਰੀਕਾ ਨੂੰ ਪਤਾ ਲੱਗਿਆ ਕਿ ਬਿਨ-ਲਾਦਿਨ ਨਿਕਲ ਚੁੱਕਿਆ ਹੈ, ਉਦੋਂ ਨੂੰ ਦੇਰ ਹੋ ਚੁੱਕੀ ਸੀ। ਇਸ ਪਿਛੋਂ ਅਮਰੀਕਾ ਦੀ ਦਿਲਚਸਪੀ ਇਸ ਲੜਾਈ ਵਿਚ ਘਟ ਗਈ, ਪਰ ਦੂਜੇ ਮੁਲਕਾਂ ਨੇ ਇਕੱਠੇ ਹੋ ਕੇ ਅਫਗਾਨਿਸਤਾਨ ਦੇ ਮੋਹਰੀ ਲੀਡਰਾਂ ਨੂੰ ਇਕੱਠਿਆਂ ਕੀਤਾ ਤੇ ਆਪਸੀ ਸਮਝੌਤੇ ਦੀ ਗੱਲਬਾਤ ਚਲਾਈ।
ਸਮਝੌਤਾ ਹੋ ਗਿਆ ਤਾਂ ਹਮੀਦ ਕਰਜ਼ਈ ਨੂੰ ਵਕਤੀ ਤੌਰ Ḕਤੇ ਰਾਸ਼ਟਰਪਤੀ ਬਣਾ ਦਿੱਤਾ ਗਿਆ। ਪੱਕੀ ਚੋਣ ਅਗਲੇ ਸਾਲ Ḕਤੇ ਪਾ ਦਿੱਤੀ ਗਈ। ਆਰਜ਼ੀ ਸਰਕਾਰ ਤਾਂ ਬਣ ਗਈ ਪਰ ਇਸ ਵਿਚ ਬਹੁਤਾਤ ਨਾਰਥ ਅਲਾਇੰਸ ਦੇ ਲੋਕਾਂ ਦੀ ਸੀ। ਇਸ ਵੇਲੇ ਸਾਰੇ ਅਫਗਾਨਿਸਤਾਨ Ḕਤੇ ਕਿਉਂਕਿ ਉਨ੍ਹਾਂ ਦਾ ਕਬਜ਼ਾ ਸੀ, ਇਸ ਕਰ ਕੇ ਸਰਕਾਰ ਵਿਚ ਵੀ ਉਨ੍ਹਾਂ ਦਾ ਗਲਬਾ ਹੋ ਗਿਆ। ਅਫਗਾਨ ਮੋਹਤਬਰ ਸਮਝਦੇ ਸਨ ਕਿ ਹੁਣ ਅਫਗਾਨਿਸਤਾਨ ਵਿਚ ਸ਼ਾਂਤੀ ਦੇ ਦਿਨ ਆਉਣਗੇ, ਪਰ ਇਥੇ ਸਾਰਿਆਂ ਨੇ ਇੱਕ ਭੁੱਲ ਕਰ ਦਿੱਤੀ। ਉਹ ਸੀ ਤਾਲਿਬਾਨ ਨੂੰ ਇਸ ਸਮਝੌਤੇ ਤੋਂ ਦੂਰ ਰੱਖਣਾ। ਜੇ ਉਨ੍ਹਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿਚ ਮੁਸ਼ਕਿਲਾਂ ਖੜ੍ਹੀਆਂ ਹੋਣ ਤੋਂ ਬਚਿਆ ਜਾ ਸਕਦਾ ਸੀ। ਇਹ ਗੱਲ ਪਾਕਿਸਤਾਨ ਦੇ ਵੀ ਗਲੇ ਨਾ ਉਤਰੀ। ਉਸ ਦੀ ਖਾਸ ਧਿਰ, ਤਾਲਿਬਾਨ ਤਾਕਤ Ḕਚੋਂ ਬਾਹਰ ਹੋ ਚੁੱਕੇ ਸਨ। ਇਸੇ ਵਜ੍ਹਾ ਕਰ ਕੇ ਪ੍ਰਤੱਖ ਦਿਸ ਰਿਹਾ ਸੀ ਕਿ ਪਾਕਿਸਤਾਨ ਇਥੇ ਸਰਕਾਰ ਦੇ ਰਾਹ ਵਿਚ ਰੋੜੇ ਅਟਕਾਏਗਾ। ਇਸੇ ਲਈ ਉਹ ਇਥੋਂ ਭੱਜੇ ਤਾਲਿਬਾਨ ਅਤੇ ਅਲ-ਕਾਇਦਾ ਵਾਲਿਆਂ ਨੂੰ ਬੜੀ ਚੰਗੀ ਤਰ੍ਹਾਂ ਸੰਭਾਲ ਰਿਹਾ ਸੀ।
ਕੁਝ ਦੇਰ ਬਾਅਦ ਲੋਇਆ ਜਿਰਗਾ ਬੁਲਾਇਆ ਗਿਆ ਜਿਸ ਵਿਚ ਹਮੀਦ ਕਰਜ਼ਈ ਨੂੰ ਆਰਜ਼ੀ ਸਦਰ ਬਣਾ ਦਿੱਤਾ ਗਿਆ। ਅਫਗਾਨਿਸਤਾਨ ਵਿਚ ਆਰਜ਼ੀ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਤਾਲਿਬਾਨ ਵੱਲੋਂ ਆਇਦ ਕੀਤੀਆਂ ਸਖਤੀਆਂ ਵਾਪਸ ਲਈਆਂ ਗਈਆਂ। ਚੌਵੀ ਘੰਟੇ ਡਰ ਦੇ ਸਾਏ ਹੇਠ ਜਿਉਂ ਰਹੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਲੋਕ ਅਜੇ ਵੀ ਡਰਦੇ ਸਨ, ਕਿਉਂਕਿ ਨਾਰਥ ਅਲਾਇੰਸ ਦੇ ਜਿਹੜੇ ਲੀਡਰ ਸਰਕਾਰ ਵਿਚ ਲਏ ਗਏ ਸਨ, ਉਹ ਉਹੀ ਪੁਰਾਣੇ ਕਮਾਂਡਰ ਜਿਹੜੇ ਖਾਨਾਜੰਗੀ ਦੌਰਾਨ ਲੋਕਾਂ ਦਾ ਘਾਣ ਕਰਦੇ ਰਹੇ ਸਨ। ਸਿਰਫ ਹਮੀਦ ਕਰਜ਼ਈ ਹੀ ਅਜਿਹਾ ਪਖਤੂਨ ਲੀਡਰ ਸੀ ਜਿਹੜਾ ਕਦੇ ਵਾਰਲੌਰਡ ਨਹੀਂ ਰਿਹਾ ਸੀ, ਪਰ ਇਸ ਵੇਲੇ ਹੋਰ ਕੋਈ ਚਾਰਾ ਵੀ ਨਹੀਂ ਸੀ। ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਚੋਣਾਂ ਦੌਰਾਨ ਉਹ ਆਪਣੀ ਮਰਜ਼ੀ ਦੇ ਲੀਡਰ ਚੁਣ ਸਕਣਗੇ। ਇਸ ਦੇ ਅਗਲੇ ਸਾਲ, ਭਾਵ 2002 ਵਿਚ ਲੋਇਆ ਜਿਰਗਾ ਦਾ ਇਕੱਠ ਕਰ ਕੇ ਇਸ ਆਰਜ਼ੀ ਸਰਕਾਰ ਦੀ ਮਿਆਦ ਵਧਾਉਣ ਦੀ ਵਿਉਂਤ ਬਣਾਈ ਗਈ। ਇਸ ਪਿਛੋਂ ਇੱਕ ਹੋਰ ਲੋਇਆ ਜਿਰਗਾ ਕਰਵਾਉਣ ਬਾਰੇ ਸੋਚਿਆ ਗਿਆ ਜਿਸ ਨੇ ਮੁਲਕ ਦਾ ਨਵਾਂ ਸੰਵਿਧਾਨ ਬਣਾਉਣ ਦਾ ਕਾਰਜ ਆਰੰਭਣਾ ਸੀ ਅਤੇ ਅਗਲੀਆਂ ਚੋਣਾਂ ਕਰਵਾਉਣ ਦਾ ਫੈਸਲਾ ਕਰਨਾ ਸੀ, ਪਰ ਨਾਰਥ ਅਲਾਇੰਸ ਦੇ ਵਾਰਲੌਰਡ ਆਪਣੀ ਔਕਾਤ ਤੋਂ ਨਹੀਂ ਸਨ ਟਲ ਸਕਦੇ। ਉਨ੍ਹਾਂ ਨੂੰ ਤਾਂ ਸਾਰਾ ਅਫਗਾਨਿਸਤਾਨ ਥਾਲੀ ਵਿਚ ਪਰੋਸ ਕੇ ਮਿਲ ਗਿਆ ਸੀ। ਇੰਨਾ ਹੀ ਨਹੀਂ, ਤਾਲਿਬਾਨ ਨੂੰ ਟੱਕਰ ਦੇਣ ਲਈ ਅਮਰੀਕਾ ਨੇ ਉਨ੍ਹਾਂ ਦੀ ਪੈਸੇ-ਟਕੇ ਪੱਖੋਂ ਵੀ ਖੁੱਲ੍ਹ ਕੇ ਮਦਦ ਕੀਤੀ ਸੀ। ਇਸੇ ਕਰ ਕੇ ਉਹ ਭੂਤਰ ਗਏ ਤੇ ਉਨ੍ਹਾਂ ਆਪਣੇ ਪੁਰਾਣੇ ਪੁੱਠੇ-ਸਿੱਧੇ ਕੰਮ ਫਿਰ ਤੋਂ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿਚ ਸਭ ਤੋਂ ਵੱਡਾ ਬੁਰਾ ਕੰਮ ਸੀ ਨਸ਼ਿਆਂ ਦੀ ਸਮਗਲਿੰਗ। ਉਸ ਵੇਲੇ ਅਫਗਾਨਿਸਤਾਨ ਦੁਨੀਆਂ ਵਿਚ ਸਭ ਤੋਂ ਵੱਧ ਅਫੀਮ ਉਗਾਉਣ ਵਾਲਾ ਮੁਲਕ ਬਣ ਚੁੱਕਿਆ ਸੀ। ਇਹ ਵਾਰਲੌਰਡ, ਖੁੱਲ੍ਹਮ-ਖੁੱਲ੍ਹਾ ਡਰੱਗ ਦਾ ਧੰਦਾ ਕਰ ਰਹੇ ਸਨ। ਫਿਰ ਸਾਰੇ ਬਾਹਰ ਦੇ ਮੁਲਕਾਂ ਨੇ ਇਹ ਕੰਮ ਬੰਦ ਕਰਵਾਉਣ ਦੀ ਸੋਚੀ। ਅਫੀਮ ਦੀ ਖੇਤੀ ਬੰਦ ਕਰ ਕੇ ਲੋਕਾਂ ਨੂੰ ਹੋਰ ਫਸਲਾਂ ਬੀਜਣ ਨੂੰ ਪ੍ਰੇਰਿਆ ਗਿਆ। ਲੋਕ ਤਿਆਰ ਵੀ ਹੋ ਗਏ, ਪਰ ਇਸ ਲਈ ਉਨ੍ਹਾਂ ਨੂੰ ਲੋੜੀਂਦੇ ਵਸੀਲੇ ਮੁਹੱਈਆ ਨਾ ਕਰਵਾਏ ਗਏ। ਲੋਕ ਅੱਕ ਕੇ ਫਿਰ ਅਫੀਮ ਦੀ ਖੇਤੀ ਕਰਨ ਲੱਗ ਪਏ।
ਜਦੋਂ ਉਸਾਮਾ ਬਿਨ-ਲਾਦਿਨ ਆਪਣੀ ਜਥੇਬੰਦੀ ਸਮੇਤ ਭੱਜ ਨਿਕਲਿਆ ਤਾਂ ਅਮਰੀਕਾ ਦਾ ਜੋਸ਼ ਮੱਠਾ ਪੈ ਗਿਆ। ਇਸ ਤੋਂ ਬਿਨਾਂ ਦੂਜੇ ਭਾਈਵਾਲ ਮੁਲਕ ਵੀ ਫਿਕਰਮੰਦ ਹੋ ਗਏ, ਕਿਉਂਕਿ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ ਅਫਗਾਨਿਸਤਾਨ Ḕਚ ਪੱਕੇ ਤੌਰ Ḕਤੇ ਸ਼ਾਂਤੀ ਸਥਾਪਤ ਕਰਨੀ ਅਤੇ ਮੁਲਕ ਨੂੰ ਤਰੱਕੀ ਦੇ ਰਾਹ ਪਾਉਣਾ। ਇਹ ਸਾਰਾ ਕੰਮ ਬਹੁਤ ਵੱਡਾ ਸੀ ਅਤੇ ਕਿਸੇ ਇੱਕ ਮੁਲਕ ਦੇ ਵੱਸ ਦਾ ਨਹੀਂ ਸੀ, ਪਰ ਉਦੋਂ ਨੂੰ ਅਮਰੀਕਾ, ਲੜਾਈ ਦਾ ਮੁਹਾਜ਼ ਇਰਾਕ ਵੱਲ ਮੋੜਨ ਲੱਗ ਪਿਆ ਸੀ। ਥੋੜ੍ਹਾ ਟਿਕ-ਟਿਕਾਅ ਹੋਇਆ ਤਾਂ ਤਾਲਿਬਾਨ ਮੁਖੀ ਮੁੱਲਾ ਉਮਰ ਹੈਲਮੰਡ ਸੂਬੇ Ḕਚੋਂ ਨਿਕਲ ਕੇ ਪਾਕਿਸਤਾਨ ਦੇ ਕੁਇਟਾ ਸ਼ਹਿਰ ਪਹੁੰਚਿਆ। ਉਥੇ ਜਾ ਕੇ ਉਸ ਨੇ ਖਿੰਡੇ-ਪੁੰਡੇ ਤਾਲਿਬਾਨ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇਸ ਕੰਮ ਵਿਚ ਕਾਮਯਾਬੀ ਵੀ ਮਿਲਣ ਲੱਗੀ, ਕਿਉਂਕਿ ਪਾਕਿਸਤਾਨ ਖੁਦ ਉਸ ਦੀ ਮੱਦਦ ਕਰ ਰਿਹਾ ਸੀ। ਮੁੱਲਾ ਉਮਰ ਨੇ ਛੇਤੀ ਹੀ ਕੌਂਸਲ ਬਣਾ ਕੇ ਕਮਾਂਡਰਾਂ ਨੂੰ ਅਫਗਾਨਿਸਤਾਨ ਦੇ ਇਲਾਕੇ ਵੰਡਦਿਆਂ ਉਥੇ ਜਾ ਕੇ ਗੁਪਤ ਢੰਗ ਨਾਲ ਲੜਾਈ ਦੀ ਤਿਆਰੀ ਵਿੱਢਣ ਦੇ ਨਿਰਦੇਸ਼ ਦਿੱਤੇ। ਪਾਕਿਸਤਾਨ ਪਹਿਲਾਂ ਹੀ ḔਫਾਟਾḔ ਇਲਾਕਾ ਅਤੇ ਐਨæਡਬਲਿਊæਐਫ਼ਪੀæ (ਨਾਰਥ ਵੈਸਟਰਨ ਫਰੰਟੀਅਰ ਪਰੋਵਿੰਸ) ਦੁਆਲੇ ਘੱਟ ਸਖਤੀ ਰੱਖਦਾ ਸੀ, ਇਸੇ ਕਰ ਕੇ ਅਫਗਾਨਿਸਤਾਨ Ḕਚੋਂ ਭੱਜੇ ਤਾਲਿਬਾਨ ਅਤੇ ਅਲ-ਕਾਇਦਾ ਵਾਲੇ ਇਥੇ ਧੜਾ-ਧੜ ਪਹੁੰਚ ਰਹੇ ਸਨ। ਉਪਰੋਂ ਪਾਕਿਸਤਾਨੀ ਅਤਿਵਾਦੀਆਂ ਵੱਲੋਂ ਭਾਰਤੀ ਪਾਰਲੀਮੈਂਟ ਅੰਦਰ ਕੀਤੇ ਬੰਬ ਧਮਾਕਿਆਂ ਕਾਰਨ ਦੋਹਾਂ ਮੁਲਕਾਂ ਵਿਚਕਾਰ ਟਕਰਾਅ ਪੈਦਾ ਹੋ ਗਿਆ। ਜਦੋਂ ਭਾਰਤੀ ਫੌਜਾਂ ਨੇ ਸਰਹੱਦ ਵੱਲ ਕੂਚ ਕੀਤਾ ਤਾਂ ਪਾਕਿਸਤਾਨ ਨੂੰ ਵੀ ਆਪਣੀਆਂ ਫੌਜਾਂ ਸਰਹੱਦ Ḕਤੇ ਲਾਉਣੀਆਂ ਪਈਆਂ। ਇਨ੍ਹਾਂ ਹਾਲਾਤ ਕਰ ਕੇ ਵੀ ਉਪਰੋਕਤ ਇਲਾਕਿਆਂ ਅੰਦਰ ਕੋਈ ਸਖਤੀ ਨਾ ਰਹੀ। ਫਿਰ ਤਾਲਿਬਾਨ ਅਤੇ ਅਲ-ਕਾਇਦਾ ਵਾਲੇ ਆਰਾਮ ਨਾਲ ਇਥੇ ਆਪਣੇ ਅੱਡੇ ਬਣਾ ਕੇ ਕੰਮ-ਕਾਜ ਕਰਨ ਲੱਗੇ। ਜਦੋਂ ਅਮਰੀਕਾ ਦੀ ਦਿਲਚਸਪੀ ਘਟ ਗਈ ਤਾਂ ਪਾਕਿਸਤਾਨੀ ਸਰਕਾਰ ਸਮਝ ਗਈ ਕਿ ਅਮਰੀਕਾ ਹੁਣ ਇਥੋਂ ਅੱਡੇ ਪੁੱਟਣ ਵਾਲਾ ਹੀ ਹੈ, ਇਸ ਪਿੱਛੋਂ ਉਨ੍ਹਾਂ ਲਈ ਫਿਰ ਤੋਂ ਖੁੱਲ੍ਹ ਹੋਵੇਗੀ। ਇਸੇ ਕਰ ਕੇ ਉਹ ਤਾਲਿਬਾਨ ਅਤੇ ਅਲ-ਕਾਇਦਾ ਦੀ ਪੁਸ਼ਤ-ਪਨਾਹੀ ਕਰ ਰਹੇ ਸਨ ਤਾਂ ਕਿ ਮੌਕਾ ਮਿਲਦਿਆਂ ਹੀ ਫਿਰ ਤੋਂ ਉਨ੍ਹਾਂ ਦਾ ਅਫਗਾਨਿਸਤਾਨ Ḕਤੇ ਕਬਜ਼ਾ ਕਰਵਾਇਆ ਜਾ ਸਕੇ। ਇਸ ਦੇ ਲਈ ਪਾਕਿਸਤਾਨ, ਤਾਲਿਬਾਨ ਉੱਪਰ ਅਸਿੱਧੀ ਜੰਗ ਚਲਾਉਣ ਦਾ ਦਬਾਅ ਪਾਉਣ ਲੱਗਿਆ। ਜਦੋਂ ਪਾਕਿਸਤਾਨ ਦੀਆਂ ਅਜਿਹੀਆਂ ਹਰਕਤਾਂ ਦਾ ਪਤਾ ਅਮਰੀਕਾ ਨੂੰ ਲੱਗਿਆ ਤਾਂ ਉਸ ਨੇ ਮੁਸ਼ੱਰਫ ਦੀ ਜੁਆਬ ਤਲਬੀ ਕੀਤੀ। ਮੁਸ਼ੱਰਫ ਨੇ ਐਵੇਂ ਹੇਠਲੀਆਂ-ਉੱਪਰਲੀਆਂ ਮਾਰਦਿਆਂ ਕਿਹਾ ਕਿ ਉਹ, ਤਨੋ-ਮਨੋ ਅਮਰੀਕਨ ਨਿਸ਼ਾਨੇ ਪ੍ਰਤੀ ਸਪਰਪਿਤ ਹੈ। ਜਦੋਂ ਅਮਰੀਕਾ ਨੂੰ ਜਾਪਿਆ ਕਿ ਉਹ ਐਵੇਂ ਟਰਪੱਲ ਮਾਰ ਰਿਹਾ ਹੈ ਤਾਂ ਉਸ ਨੂੰ ਕਿਹਾ ਗਿਆ ਕਿ ਜੇ ਉਹ ਸੰਜੀਦਾ ਹੈ ਤਾਂ ਸਾਬਤ ਕਰੇ। ਮੁਸ਼ੱਰਫ ਵਿਚ-ਵਿਚਕਾਰ ਫਸ ਗਿਆ ਤਾਂ ਉਸ ਨੇ ਜ਼ਰਾ ਕੁ ਸੱਚਾ ਹੋਣ ਲਈ ਕੁਝ ਅਲ-ਕਾਇਦਾ ਮੈਂਬਰ ਗ੍ਰਿਫਤਾਰ ਕਰਵਾ ਕੇ ਅਮਰੀਕਾ ਦੇ ਹਵਾਲੇ ਕਰ ਦਿੱਤੇ। ਇਨ੍ਹਾਂ ਵਿਚ 9/11 ਦਾ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਅਤੇ ਅਬੂ ਜ਼ੁਬੇਦ ਸ਼ਾਮਲ ਸਨ। (ਉਂਝ ਇਨ੍ਹਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਕੋਈ ਪਤਾ ਨਹੀਂ ਸੀ ਕਿ ਇਹ ਇੰਨੇ ਵੱਡੇ ਅਤਿਵਾਦੀ ਹਨ। ਇਹ ਭੇਤ ਪਿੱਛੋਂ ਹੀ ਖੁੱਲ੍ਹਿਆ ਕਿ 9/11 ਕਾਰੇ ਦਾ ਅਸਲ ਸੂਤਰਧਾਰ ਖਾਲਿਦ ਸ਼ੇਖ ਮੁਹੰਮਦ ਉਰਫ ਕੇæਐਸ਼ਐਮæ ਹੈ)। ਮੁਸ਼ੱਰਫ ਦੀ ਇਸ ਹਰਕਤ ਤੋਂ ਚਿੜ ਕੇ ਅਲ-ਕਾਇਦਾ ਨੇ ਉਸ Ḕਤੇ ਦੋ ਹਮਲੇ ਕਰਵਾਏ, ਪਰ ਉਸ ਦਾ ਬਚਾਅ ਰਿਹਾ। ਉਂਝ ਉਹ ਸਮਝ ਗਿਆ ਸੀ ਕਿ ਉਹ ਅੱਗ ਨਾਲ ਖੇਡ ਰਿਹਾ ਹੈ। ਜਿਨ੍ਹਾਂ ਅਲ-ਕਾਇਦਾ ਵਾਲਿਆਂ ਦੀ ਉਹ ਪੁਸ਼ਤ-ਪਨਾਹੀ ਕਰ ਰਿਹਾ ਸੀ, ਉਨ੍ਹਾਂ ਨੇ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇੰਨਾ ਹੀ ਨਹੀਂ, ਪਾਕਿਸਤਾਨ ਵਿਚ ਪਨਾਹ ਲੈਣ ਵਾਲਿਆਂ ਨੇ ਇਥੇ ਵੀ ਪਾਕਿਸਤਾਨੀ ਅਲ-ਕਾਇਦਾ ਅਤੇ ਪਾਕਿਸਤਾਨੀ ਤਾਲਿਬਾਨ ਦੇ ਨਾਂ ਹੇਠਾਂ ਨੌਜਵਾਨਾਂ ਦੀ ਭਰਤੀ ਸ਼ੁਰੂ ਕਰ ਦਿੱਤੀ।
ਉਧਰ, ਮੁੱਲਾ ਉਮਰ ਦੁਆਰਾ ਤਾਲਿਬਾਨ ਨੂੰ ਇਕੱਠੇ ਕਰ ਕੇ ਫਿਰ ਤੋਂ ਲੜਾਈ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਛੇਤੀ ਹੀ ਰੰਗ ਦਿਖਾਉਣ ਲੱਗੀਆਂ। ਸਭ ਤੋਂ ਪਹਿਲਾਂ ਉਹ ਸਰਹੱਦੋਂ ਪਾਰ, ਅਫਗਾਨਿਸਤਾਨ ਅੰਦਰ ਲੁਕਾ-ਛੁਪਾ ਕੇ ਹਥਿਆਰ ਭੇਜਣ ਲੱਗੇ। 2002 ਦੇ ਅਖੀਰ ਤੱਕ ਕਾਫੀ ਮਾਤਰਾ ‘ਚ ਹਥਿਆਰਾਂ ਦੇ ਜ਼ਖੀਰੇ ਅਫਗਾਨਿਸਤਾਨ ਵਿਚ ਇਕੱਠੇ ਕਰ ਲਏ ਗਏ ਸਨ। ਪਤਾ ਉਦੋਂ ਹੀ ਲੱਗਿਆ ਜਦੋਂ 2003 ਦੇ ਜਨਵਰੀ ਮਹੀਨੇ ਤਾਲਿਬਾਨ ਨੇ ਪਾਕਿਸਤਾਨ ਨਾਲ ਲੱਗਦੇ ਸੂਬੇ ਜ਼ਾਬਲ ਅਤੇ ਹੈਲਮੰਡ ਵਿਚ ਗੁਰੀਲਾ ਲੜਾਈ ਸ਼ੁਰੂ ਕਰ ਦਿੱਤੀ। ਅਮਰੀਕਾ ਅਤੇ ਉਸ ਦੇ ਸਹਿਯੋਗੀ ਮੁਲਕ ਹੱਕੇ-ਬੱਕੇ ਹੀ ਰਹਿ ਗਏ, ਜਦੋਂ ਤਾਜ਼ਾ ਦਮ ਤਾਲਿਬਾਨਾਂ ਨੇ ਹਾਰ ਦੇ ਸਿਰਫ ਡੇਢ ਕੁ ਸਾਲ ਬਾਅਦ ਹੀ ਸਭ ਦੀਆਂ ਭਾਜੜਾਂ ਪੁਆ ਦਿੱਤੀਆਂ।
ਤਾਲਿਬਾਨ ਨੇ ਇਨ੍ਹਾਂ ਇਲਾਕਿਆਂ ਵਿਚ ਵਿਦੇਸ਼ੀ ਮਦਦ ਕਰਨ ਵਾਲੇ ਲੋਕ ਜਾਂ ਯੂæਐਨæਓæ ਦੇ ਕਾਮੇ-ਕਰਿੰਦੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਵੇਲੇ ਭਾਵੇਂ ਅਮਰੀਕਾ ਦਾ ਸਾਰਾ ਧਿਆਨ ਇਰਾਕ ਵੱਲ ਲੱਗਿਆ ਹੋਇਆ ਸੀ, ਪਰ ਫਿਰ ਵੀ ਉਸ ਨੇ ਜ਼ਾਬਲ ਸੂਬੇ ਵਿਚ ਭਰਵਾਂ ਮੋੜਵਾਂ ਹਮਲਾ ਕੀਤਾ ਜਿਸ ਵਿਚ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਪੂਰੇ ਨੌਂ ਦਿਨ ਤਾਲਿਬਾਨ ਨੇ ਉਨ੍ਹਾਂ ਨੂੰ ਨੇੜੇ ਨਾ ਫਟਕਣ ਦਿੱਤਾ। ਫਿਰ ਨੀਤੀ ਤਹਿਤ ਉਹ ਥੋੜ੍ਹਾ ਪਿੱਛੇ ਹਟ ਗਏ, ਪਰ ਕੁਝ ਦਿਨਾਂ ਪਿੱਛੋਂ ਹੀ ਉਨ੍ਹਾਂ ਨੇ ਫਿਰ ਤੋਂ ਇਨ੍ਹਾਂ ਇਲਾਕਿਆਂ Ḕਤੇ ਪੱਕਾ ਕਬਜ਼ਾ ਕਰ ਲਿਆ।
ਇਥੇ ਤਾਲਿਬਾਨ ਨੂੰ ਵੱਡਾ ਫਾਇਦਾ ਇਹ ਸੀ ਕਿ ਇੱਕ ਤਾਂ ਇਹ ਨੀਮ ਪਹਾੜੀ ਇਲਾਕਾ ਸੀ ਤੇ ਦੂਜਾ, ਦੂਜੇ ਪਾਸੇ ਪਾਕਿਸਤਾਨ ਲੱਗਦਾ ਸੀ। ਜਦੋਂ ਹੀ ਅਮਰੀਕਨ ਫੌਜ ਦਾ ਦਬਾਅ ਵਧਦਾ ਤਾਂ ਉਹ ਬਾਰਡਰ ਲੰਘ ਕੇ ਪਾਕਿਸਤਾਨ ਜਾ ਵੜਦੇ ਜਿੱਥੇ ਉਨ੍ਹਾਂ ਨੂੰ ਡਰ ਹੀ ਕੋਈ ਨਹੀਂ ਸੀ। ਪਾਕਿਸਤਾਨ ਦੀ ਦੂਹਰੀ ਖੇਡ ਕਿਸੇ ਗੱਲ ਨੂੰ ਸਿਰੇ ਨਹੀਂ ਸੀ ਲੱਗਣ ਦੇ ਰਹੀ। ਨਾਲ ਹੀ ਅਮਰੀਕਾ ਦੀ ਵੀ ਕੋਈ ਸਿੱਧੀ ਸਾਫ ਨੀਤੀ ਨਹੀਂ ਸੀ ਜੋ ਅਫਗਾਨਿਸਤਾਨ ਦੀ ਸ਼ਾਂਤੀ ਵਿਚ ਮਦਦ ਕਰਦੀ। ਬੜੀ ਸਾਫ ਜਿਹੀ ਗੱਲ ਸੀ ਕਿ ਜਿਵੇਂ ਇਥੋਂ ਤਾਲਿਬਾਨ ਨੂੰ ਭਜਾਇਆ ਗਿਆ ਸੀ, ਜੇ ਉਸ ਪਿਛੋਂ ਚੰਗੇ ਸਾਫ-ਸੁਥਰੇ ਪ੍ਰਬੰਧ ਕੀਤੇ ਜਾਂਦੇ, ਤਾਂ ਉਹ ਉਸ ਤਾਕਤ ਨਾਲ ਵਾਪਸ ਨਹੀਂ ਸਨ ਮੁੜ ਸਕਦੇ ਸਨ। ਸਿਰਫ ਉਨ੍ਹਾਂ ਤੋਂ ਤਾਕਤ ਖੋਹ ਕੇ ਕਿਸੇ ਦੂਜੇ ਗਰੁੱਪ ਨੂੰ ਦੇਣ ਨਾਲ ਅਫਗਾਨਿਸਤਾਨ ਦਾ ਮਸਲਾ ਹੱਲ ਨਹੀਂ ਸੀ ਹੋ ਜਾਣਾ। ਅਜਿਹਾ ਮੁਲਕ ਜਿਥੇ 20-25 ਸਾਲਾਂ ਤੋਂ ਲੜਾਈ ਚੱਲ ਰਹੀ ਸੀ; ਜਿਥੋਂ ਦਾ ਸਾਰਾ ਸਮਾਜ, ਸਭਿਆਚਾਰ ਤੇ ਕੰਮ-ਕਿੱਤੇ ਬਗੈਰਾ ਤਬਾਹ ਹੋ ਚੁੱਕੇ ਸਨ, ਉਥੇ ਇੱਕ ਅੱਧ ਸਾਲ ‘ਚ ਸਾਰਾ ਕੁਝ ਆਮ ਵਰਗਾ ਨਹੀਂ ਸੀ ਹੋ ਸਕਦਾ। ਲੋਕਾਂ ਕੋਲ ਕੰਮ ਨਹੀਂ ਸੀ, ਕਿਧਰੇ ਕੰਮ ਦਾ ਮਾਹੌਲ ਨਹੀਂ ਸੀ। ਕਿਧਰੇ ਕੋਈ ਸਕੂਲ ਨਹੀਂ ਸੀ, ਹਸਪਤਾਲ ਨਹੀਂ ਸੀ।
ਸਭ ਤੋਂ ਵੱਡੀ ਗੱਲ, ਵਾਰਲੌਰਡਾਂ ਵਰਗੇ ਤਾਕਤ ਦੇ ਭੁੱਖੇ ਲੋਕ, ਜਿਹੜੇ ਪਿਛਲੇ ਕਿੰਨੇ ਹੀ ਸਾਲਾਂ ਤੋਂ ਲੋਕਾਂ Ḕਤੇ ਰਾਜ ਕਰਦੇ ਆ ਰਹੇ ਸਨ, ਉਹ ਇਕਦਮ ਨਹੀਂ ਸਨ ਬਦਲ ਸਕਦੇ। ਲੋੜ ਸੀ ਅਫਗਾਨਿਸਤਾਨ ਵਿਚ ਸਭ ਤੋਂ ਪਹਿਲਾਂ ਮੁਲਕ ਦੀ ਫੌਜ ਬਣਾਈ ਜਾਂਦੀ ਜਿਹੜੀ ਇੱਕ ਕਮਾਂਡ ਹੇਠ ਲੜਦੀ। ਫਿਰ ਲੋਕਲ ਪੁਲਿਸ ਵਿਚ ਸੁਧਾਰ ਕਰਨ ਦੀ ਲੋੜ ਸੀ। ਇਸ ਤੋਂ ਇਲਾਵਾ ਲੋੜ ਸੀ ਮੁਲਕ ਨੂੰ ਤਰੱਕੀ ਦੇ ਰਾਹ ਪਾਉਣ ਦੀ। ਜਦੋਂ ਇਨ੍ਹਾਂ ਵਿਚੋਂ ਕੋਈ ਵੀ ਗੱਲ ਨਾ ਵਾਪਰੀ ਤਾਂ ਲੋਕਾਂ ਵਿਚ ਬੇਭਰੋਸਗੀ ਵਧਣ ਲੱਗੀ। ਉਨ੍ਹਾਂ ਦੇ ਭਾਅ ਦੇ ਤਾਲਿਬਾਨ ਗਏ ਤਾਂ ਕੋਈ ਹੋਰ ਆ ਗਏ। ਤਾਲਿਬਾਨ ਨੇ ਇਨ੍ਹਾਂ ਹਾਲਾਤ ਦਾ ਫਾਇਦਾ ਉਠਾਇਆ। ਉਹ ਜਿਥੇ ਕਿਤੇ ਵੀ ਪੱਕੇ ਪੈਰੀਂ ਹੋਏ, ਉਥੇ ਉਨ੍ਹਾਂ ਸਭ ਤੋਂ ਪਹਿਲਾਂ ਅਫੀਮ ਦੀ ਖੇਤੀ ਨੂੰ ਉਤਸ਼ਾਹਤ ਕੀਤਾ। ਇਸ ਨਾਲ ਇੱਕ ਤਾਂ ਉਨ੍ਹਾਂ ਦੀ ਆਪਣੀ ਆਮਦਨ ਵਧ ਗਈ, ਦੂਜਾ ਲੋਕ ਵੀ ਖੁਸ਼ ਹੋ ਗਏ, ਕਿਉਂਕਿ ਇਹ ਅਜਿਹੀ ਖੇਤੀ ਸੀ ਜਿਸ ਵਿਚ ਮਿਹਨਤ-ਮੁਸ਼ੱਕਤ ਘੱਟ, ਪਰ ਆਮਦਨ ਜ਼ਿਆਦਾ ਹੁੰਦੀ ਸੀ। ਕਿਸਾਨਾਂ ਤੋਂ ਸਸਤੀ ਅਫੀਮ ਖਰੀਦ ਕੇ, ਉਸ ਨੂੰ ਮਸ਼ੀਨਾਂ ਰਾਹੀਂ ਪਰਾਸੈੱਸ ਕਰ ਕੇ ਹੈਰੋਇਨ ਵਿਚ ਤਬਦੀਲ ਕੀਤਾ ਜਾਂਦਾ ਸੀ। ਪਿਛੋਂ ਇਹ ਹੈਰੋਇਨ ਦੁਨੀਆਂ ਭਰ ਅੰਦਰ ਕਰੋੜਾਂ ਡਾਲਰਾਂ ਵਿਚ ਵਿਕਦੀ ਸੀ। ਇਸੇ ਕਰ ਕੇ ਹੀ ਇਹ ਕਿੱਤਾ ਤਾਲਿਬਾਨ ਲਈ ਬੜਾ ਫਾਇਦੇਮੰਦ ਸੀ। ਅਫੀਮ ਦੀ ਖੇਤੀ ਕਰਨ ਵਾਲਿਆਂ ਨੂੰ ਤਾਲਿਬਾਨ ਨੇ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਦੇ ਇਸ ਵਾਅਦੇ ਤੋਂ ਪ੍ਰਭਾਵਿਤ ਹੋ ਕੇ ਹੋਰ ਜ਼ਿਆਦਾ ਲੋਕ ਅਫੀਮ ਦੀ ਖੇਤੀ ਕਰਨ ਲੱਗੇ।
2003 ਵਿਚ ਤਾਲਿਬਾਨ ਫਿਰ ਤੋਂ ਅਫਗਾਨਿਸਤਾਨ ਅੰਦਰ ਘੁਸਣੇ ਸ਼ੁਰੂ ਹੋਏ ਸਨ ਅਤੇ ਇਸ ਦੇ ਅਗਲੇ ਸਾਲ ਹੀ ਅਫਗਾਨਿਸਤਾਨ ਵਿਚ, 4200 ਮੀਟਰਕ ਟਨ ਅਫੀਮ ਦੀ ਪੈਦਾਵਾਰ ਰਿਕਾਰਡ ਕੀਤੀ ਗਈ। ਯੂæਐਨæਓæ ਦੀ ਉਸ ਸਾਲ ਦੀ ਰਿਪੋਰਟ ਮੁਤਾਬਕ ਅਫਗਾਨਿਸਤਾਨ ਦੇ ਸਾਰੇ ਸੂਬਿਆਂ ਵਿਚ ਅਫੀਮ ਦੀ ਖੇਤੀ, ਦੁਬਾਰਾ ਸ਼ੁਰੂ ਹੋ ਗਈ ਸੀ। ਦੁਨੀਆਂ ਹੈਰਾਨ-ਪ੍ਰੇਸ਼ਾਨ ਸੀ ਕਿ ਇੰਨਾ ਕੁਝ ਕਰਨ ਦਾ ਫਾਇਦਾ ਕੀ ਹੋਇਆ ਜੇ ਹਾਲਾਤ ਉਥੇ ਦੇ ਉਥੇ ਹੀ ਖੜ੍ਹੇ ਹਨ। ਇੱਕ ਗੱਲ ਇਹ ਵੀ ਸੀ ਕਿ ਇਕੱਲੇ ਤਾਲਿਬਾਨ ਹੀ ਅਫੀਮ ਦੀ ਖੇਤੀ Ḕਚੋਂ ਫਾਇਦਾ ਨਹੀਂ ਸਨ ਉਠਾ ਰਹੇ, ਸਗੋਂ ਹਮੀਦ ਕਰਜ਼ਈ ਦੀ ਸਰਕਾਰ ਦੇ ਬਹੁਤ ਸਾਰੇ ਮੰਤਰੀ ਤੇ ਅਫਸਰ ਵੀ ਇਸ ਵਪਾਰ ਵਿਚ ਸ਼ਾਮਲ ਸਨ। ਇਥੋਂ ਤੱਕ ਕਿ ਕਰਜ਼ਈ ਦੇ ਸਕੇ ਭਰਾ ਉਤੇ ਅਫੀਮ ਸਮਗਲਿੰਗ ਦਾ ਰਿੰਗ ਚਲਾਉਣ ਦੇ ਇਲਜ਼ਾਮ ਲੱਗ ਰਹੇ ਸਨ।
ਲੋਕਾਂ ਦਾ ਤਾਂ ਸਿੱਧਾ ਹੀ ਜੁਆਬ ਸੀ ਕਿ ਜਦੋਂ ਹੋਰ ਕੋਈ ਕੰਮ ਹੀ ਨਹੀਂ ਹੈ ਕਰਨ ਨੂੰ, ਤਾਂ ਉਹ ਅਫੀਮ ਦੀ ਖੇਤੀ ਕਰਨ ਲਈ ਮਜਬੂਰ ਹਨ। ਹਰ ਪਾਸੇ ਕੁਰੱਪਸ਼ਨ ਦਾ ਬੋਲਬਾਲਾ ਸੀ। ਬਾਹਰਲੇ ਮੁਲਕ ਸੋਚ ਰਹੇ ਸਨ ਕਿ ਅਜਿਹੇ ਹਾਲਾਤ ਵਿਚ ਉਹ ਕੀ ਕਰਨ। ਅਫਗਾਨਿਸਤਾਨ ਫਿਰ ਤੋਂ ਉਲਟੀ ਦਿਸ਼ਾ ਵੱਲ ਜਾ ਰਿਹਾ ਸੀ। ਤਾਲਿਬਾਨ ਵਾਪਸ ਆ ਰਹੇ ਸਨ। ਸਭ ਨੂੰ ਲੱਗਦਾ ਸੀ ਕਿ ਜੇ ਕੰਮ ਇਵੇਂ ਹੀ ਜਾਰੀ ਰਿਹਾ, ਤਾਂ ਹੋਰ ਤਰ੍ਹਾਂ ਦੀ ਲੜਾਈ ਸ਼ੁਰੂ ਹੋ ਜਾਵੇਗੀ ਜਿਸ ਵਿਚ ਬਾਹਰਲੇ ਮੁਲਕ ਤਾਂ ਲਪੇਟੇ ਹੀ ਜਾਣਗੇ, ਅਫਗਾਨਿਸਤਾਨ ਦਾ ਵੀ ਕੱਖ ਨਹੀਂ ਬਚੇਗਾ।
(ਚਲਦਾ)