ਬੇਦੀ ਦੇ ਲਤੀਫ਼ੇ: ਭਾਸ਼ਾ ਦੀ ਜਾਦੂਗਰੀ

ਰਾਜਿੰਦਰ ਸਿੰਘ ਬੇਦੀ-4
ਗੁਰਬਚਨ ਸਿੰਘ ਭੁੱਲਰ
ਬੇਦੀ ਜੀ ਬਾਰੇ ਲਿਖਿਆ ਜਾਵੇ ਤਾਂ ਉਨ੍ਹਾਂ ਦੇ ਲਤੀਫ਼ਿਆਂ ਦਾ ਜ਼ਿਕਰ ਨਾ ਹੋਵੇ, ਇਹ ਸੰਭਵ ਨਹੀਂ। ਜਿੰਨੀਆਂ ਉਨ੍ਹਾਂ ਦੀਆਂ ਕਹਾਣੀਆਂ ਅਤੇ ਫ਼ਿਲਮਾਂ ਮਸ਼ਹੂਰ ਹਨ, ਓਨੇ ਹੀ ਉਨ੍ਹਾਂ ਦੇ ਲਤੀਫ਼ੇ ਅਤੇ ਵਿਅੰਗ ਪ੍ਰਸਿੱਧ ਹਨ। ਉਨ੍ਹਾਂ ਦੇ ਬਹੁਤੇ ਲਤੀਫ਼ਿਆਂ ਵਿਚੋਂ ਤਾਂ ਨਾਲੋ-ਨਾਲ ਉਨ੍ਹਾਂ ਦੀ ਭਾਸ਼ਾ ਸਬੰਧੀ ਜਾਦੂਗਰੀ ਦੇ ਵੀ ਦਰਸ਼ਨ ਹੁੰਦੇ ਹਨ।

ਪਹਿਲਾਂ ਮੈਨੂੰ ਇਕ ਅੱਖੀਂ ਦੇਖੀ ਘਟਨਾ ਚੇਤੇ ਆਉਂਦੀ ਹੈ। ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਵਿਚ ਉਨ੍ਹਾਂ ਦਾ ਇਕ ਭਾਣਜਾ ਟਾਈਪਿਸਟ ਸੀ, ਰਵੀ। ਬੇਦੀ ਆਖਦੇ, “ਅਸਲ ਵਿਚ ਤਾਂ ਇਹਦੇ ਨਾਂ ਦਾ ਵਿਚਕਾਰਲਾ ਅੱਖਰ ‘ਦਾਲ’ ਹੈ, ਗਲਤੀ ਨਾਲ ਉਪਰ ਘੁੰਡੀ ਮੁੜ ਕੇ ‘ਵਾਉ’ ਬਣ ਗਈ।” ਉਰਦੂ ਜਾਣਨ ਵਾਲੇ ਸਮਝ ਸਕਦੇ ਹਨ ਕਿ ਜੇ ‘ਰਵੀ’ ਦੇ ਅੱਖਰ ‘ਵਾਉ’ ਦੀ ਥਾਂ ਅੱਖਰ ‘ਦਾਲ’ ਪਾ ਦਿੱਤਾ ਜਾਵੇ, ਤਾਂ ‘ਰੱਦੀ’ ਬਣ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਜੇ ਗੁਰਮੁਖੀ ਵਿਚ ‘ਰਵੀ’ ਦੇ ‘ਵ’ ਦੀ ਥਾਂ ‘ਦ’ ਪੈ ਜਾਵੇ।
ਚਿਤਰਕਾਰ ਜਸਵੰਤ ਸਿੰਘ ਦਾ ਕੱਦ ਬਹੁਤ ਹੀ ਛੋਟਾ ਸੀ। ਤੰਬੂ ਵਾਲੇ ਕਾਫ਼ੀ ਹਾਊਸ ਵਿਚ ਪਹਿਲਾਂ ਤੋਂ ਸਜੀ ਹੋਈ ਮਹਿਫ਼ਲ ਵਿਚ ਬੇਦੀ ਸਾਹਿਬ ਪਧਾਰੇ ਤਾਂ ਆਉਂਦਿਆਂ ਹੀ ਬੋਲੇ, “ਜਸਵੰਤ, ਸਭ ਕੁਰਸੀਆਂ ਉਤੇ ਬੈਠੇ ਨੇ, ਤੂੰ ਭੁੰਜੇ ਕਿਉਂ ਬੈਠਾ ਹੈਂ?” ਕੱਦ ਦਾ ਹੀ ਮਖੌਲ ਉਨ੍ਹਾਂ ਨੇ ਕਹਾਣੀਕਾਰ ਰਤਨ ਸਿੰਘ ਨਾਲ ਕੀਤਾ। ਜਿਨ੍ਹਾਂ ਨੇ ਰਤਨ ਸਿੰਘ ਨੂੰ ਦੇਖਿਆ ਹੈ, ਉਨ੍ਹਾਂ ਦੀ ਜੀਵਨ-ਸਾਥਣ ਵੀ ਜ਼ਰੂਰ ਦੇਖੀ ਹੋਵੇਗੀ, ਕਿਉਂਕਿ ਉਹ ਜਿਥੇ ਵੀ ਜਾਂਦੇ ਹਨ, ਸੱਚਮੁੱਚ ‘ਸਾਥ-ਸਾਥ’ ਜਾਂਦੇ ਹਨ। ਇਸ ਜੋੜੀ ਨੂੰ ਕੱਦ ਦੇਣ ਸਮੇਂ ਰੱਬ ਤੋਂ ਹਿਸਾਬ ਗਲਤ ਲੱਗ ਗਿਆ। ਭਾਵੇਂ ਦੋਵਾਂ ਦੇ ਕੱਦ ਮਿਲਾ ਕੇ ਤਾਂ ਠੀਕ ਇਕ ਪੁਰਸ਼ ਅਤੇ ਇਕ ਇਸਤਰੀ ਦੇ ਕੱਦਾਂ ਜਿੰਨੇ ਹੀ ਬਣਦੇ ਹਨ, ਪਰ ਰਤਨ ਸਿੰਘ ਜੇ ਕੁਝ ਘੱਟ ਲੰਮੇ ਰਹਿ ਜਾਂਦੇ, ਤਦ ਵੀ ਸਰ ਜਾਂਦਾ ਅਤੇ ਓਨਾ ਕੱਦ ਹੋਰ ਸ੍ਰੀਮਤੀ ਰਤਨ ਕੌਰ ਨੂੰ ਮਿਲ ਜਾਂਦਾ ਤਾਂ ਵਧੇਰੇ ਠੀਕ ਗੱਲ ਹੁੰਦੀ। ਬੇਦੀ ਸਾਹਿਬ ਨੇ ਸ੍ਰੀਮਤੀ ਰਤਨ ਕੌਰ ਨੂੰ ਦੇਖਿਆ ਤਾਂ ਝੱਟ ਬੋਲੇ, “ਅੱਜ ਪਤਾ ਲਗਿਆ ਹੈ, ਤੇਰੀ ਕਹਾਣੀ ਏਨੀ ਛੋਟੀ ਕਿਉਂ ਹੁੰਦੀ ਹੈ!”
ਤੇ ਫੇਰ ਕੁਝ ਪੰਜਾਬੀ ਲੇਖਕਾਂ ਦੇ ਨਹਿਲੇ ਉਤੇ ਉਨ੍ਹਾਂ ਦਾ ਦਹਿਲਾ। ਬੰਬਈ ਵਿਖੇ ਉਨ੍ਹਾਂ ਨਾਲ ਜਾ ਰਹੇ ਕੁਝ ਪੰਜਾਬੀ ਲੇਖਕਾਂ ਵਿਚੋਂ ਇਕ ਨੇ ਜਦੋਂ ਉਨ੍ਹਾਂ ਦੀ ਪੁਰਾਣੀ ਕਾਰ ਨੂੰ ਆਲੂ ਢੋਣ ਲਈ ਵਰਤਣ ਦੀ ਸਲਾਹ ਦਿੱਤੀ ਤਾਂ ਉਹ ਤੁਰਤ ਬੋਲੇ, “ਆਲੂ ਹੀ ਤਾਂ ਢੋ ਰਿਹਾ ਹਾਂ।”
ਇਹ ਪੰਜਾਬੀ ਲੇਖਕ ਤਾਂ ਭਲਾ ਕੀਹਦੇ ਬਿਚਾਰੇ ਸਨ, ਬੇਦੀ ਸਾਹਿਬ ਤਾਂ ਮੰਟੋ, ਜੋ ਆਪ ਭਾਸ਼ਾ ਦਾ ਮੰਨਿਆ ਹੋਇਆ ਕਲਾਕਾਰ ਅਤੇ ਕਲਾਬਾਜ਼ ਸੀ, ਵਰਗਿਆਂ ਦੇ ਕਾਬੂ ਨਹੀਂ ਸਨ ਆਉਂਦੇ। ਬੇਦੀ ਨੂੰ ਮਿਲਣ ਸਮੇਂ ਇਕ ਵਾਰ ਮੰਟੋ ਬੋਲਿਆ, “ਦਾੜ੍ਹੀ-ਕਟੇ ਸਰਦਾਰ, ਕੀ ਹਾਲ ਹੈ?” ਤੁਰਤ ਮਿਲਿਆ ਉਤਰ ਸੀ, “ਮੀਆਂ, ਮੇਰਾ ਹਾਲ ਪੁਛਦਾ ਹੈਂ ਕਿ ਪੂਰੀ ਸਿੱਖ ਕੌਮ ਦੀ ਬੇਇੱਜ਼ਤੀ ਕਰ ਰਿਹਾ ਹੈਂ!”
ਇਹ ਇਕ ਪ੍ਰਮਾਣਿਤ ਮਨੋਵਿਗਿਆਨਕ ਸੱਚ ਹੈ ਕਿ ਜੋ ਆਦਮੀ ਗੱਲ-ਗੱਲ ਵਿਚੋਂ ਹਾਸੇ-ਠੱਠੇ ਦੀ ਸਥਿਤੀ ਪੈਦਾ ਕਰਦਾ ਹੈ, ਉਹ ਇਸ ਹਾਸ-ਵਿਅੰਗ ਨੂੰ ਆਮ ਕਰਕੇ ਆਪਣਾ ਸਦੀਵੀ ਅੰਤਰੀਵ ਦਰਦ ਛੁਪਾਉਣ ਲਈ ਪਰਦੇ ਵਜੋਂ ਵਰਤਦਾ ਹੈ। ਸ਼ਾਇਦ ਉਹ ਸੋਚਦਾ ਹੈ ਕਿ ਜੇ ਗੱਲਬਾਤ ਦਾ ਮੂੰਹ ਟਿੱਚਰਬਾਜ਼ੀ ਵੱਲ ਨਾ ਮੋੜਿਆ ਗਿਆ, ਕਿਤੇ ਉਹ ਜੀਵਨ ਦੀ ਕਠੋਰ ਗੰਭੀਰਤਾ ਵੱਲ ਨਾ ਹੋ ਜਾਵੇ। ਸੰਸਾਰ ਪੱਧਰ ਉਤੇ ਇਹਦੀ ਇਕ ਮਿਸਾਲ ਚਾਰਲੀ ਚੈਪਲਿਨ ਸੀ ਜਿਸ ਨੇ ਪੀੜ-ਪਰੁੱਚਿਆ ਜੀਵਨ ਜੀਵਿਆ ਅਤੇ ਸਭ ਦੀਆਂ ਸਭ ਫ਼ਿਲਮਾਂ ਹਾਸੇ-ਠੱਠੇ ਨਾਲ ਛਲਕਦੀਆਂ ਬਣਾਈਆਂ। ਭਾਰਤ ਦੇ ਇਕ ਵੱਡੇ ਕਲਾਕਾਰ ਰਾਜ ਕਪੂਰ ਨੇ, ਜੋ ਚਾਰਲੀ ਚੈਪਲਿਨ ਤੋਂ ਬਹੁਤ ਪ੍ਰਭਾਵਿਤ ਸੀ, ਆਪਣੀ ਬੇਹੱਦ ਖ਼ੂਬਸੂਰਤ ਅਤੇ ਅਰਥਪੂਰਨ, ਪਰ ਟਿਕਟ-ਖਿੜਕੀ ਉਤੇ ਅਸਫਲ ਫ਼ਿਲਮ ‘ਮੇਰਾ ਨਾਮ ਜੋਕਰ’ ਤਾਂ ਬਣਾਈ ਹੀ ਇਸੇ ਵਿਸ਼ੇ ਨੂੰ ਲੈ ਕੇ ਸੀ। ਨਾਇਕ ਸਰਕਸ ਦਾ ਜੋਕਰ ਬਣਦਾ ਹੀ ਆਪਣੀ ਅੰਦਰਲੀ ਪੀੜ ਨੂੰ ਹਾਸੇ ਵਿਚ ਡੋਬ ਦੇਣ ਲਈ ਹੈ। ਬੇਦੀ ਜੀ ਨੇ ਜਿਸ ਪ੍ਰਕਾਰ ਦਾ ਜੀਵਨ ਜੀਵਿਆ ਜਾਂ ਕਹਿ ਲਵੋ ਕਿ ਜਿਸ ਪ੍ਰਕਾਰ ਦਾ ਜੀਵਨ ਉਨ੍ਹਾਂ ਨੂੰ ਜਿਉਣਾ ਪਿਆ, ਜਿਸ-ਜਿਸ ਕਿਸਮ ਦੇ ਵੇਲਣਿਆਂ ਵਰਗੇ ਕਸ਼ਟਾਂ ਵਿਚੋਂ ਉਨ੍ਹਾਂ ਨੂੰ ਲੰਘਣਾ ਪਿਆ, ਜਿਸ-ਜਿਸ ਪ੍ਰਕਾਰ ਦੇ ਪੱਛ ਉਨ੍ਹਾਂ ਨੂੰ ਦਿਲ ਉਤੇ ਸਹਿਣੇ ਪਏ, ਉਨ੍ਹਾਂ ਦਾ ਹਰ ਗੱਲ ਨੂੰ ਮਖੌਲ ਜਾਂ ਟਿੱਚਰ ਵਿਚ ਉਡਾ ਦੇਣਾ ਸੁਭਾਵਿਕ ਸੀ। ਤੇ ਇਸ ਗੁਣ ਵਿਚ ਉਹ ਏਨੇ ਤਾਕ ਹੋ ਗਏ ਸਨ ਕਿ ਉਨ੍ਹਾਂ ਨੂੰ ਕਿਸੇ ਵੀ ਗੱਲ, ਕਿਸੇ ਵੀ ਸਥਿਤੀ ਵਿਚ ਤਤਫੱਟ ਵਿਅੰਗ ਕਰਨ ਲਈ ਦਿਮਾਗ ਉਤੇ ਬੋਝ ਨਹੀਂ ਸੀ ਪਾਉਣਾ ਪੈਂਦਾ।
ਉਨ੍ਹਾਂ ਦਾ ਇਹ ਕਥਨ ਤਾਂ ਬਹੁਤ ਮਸ਼ਹੂਰ ਹੋਇਆ ਜਿਥੇ ਉਹ ਆਖਦੇ ਹਨ, “ਮੈਨੂੰ ਕੋਈ ਧਾਰਮਿਕ-ਅਧਿਆਤਮਕ ਪੁਸਤਕਾਂ ਪੜ੍ਹਨ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਤੋਂ ਵਧੀਆ ਕਿਤਾਬਾਂ ਤਾਂ ਮੈਂ ਆਪ ਲਿਖ ਸਕਦਾ ਹਾਂ।” ਉਨ੍ਹਾਂ ਦਾ ਮੱਤ ਸੀ ਕਿ ਜੇ ਰੱਬ ਮਨੁੱਖ ਬਣਾਉਣ ਦੀ ਉਜਡਤਾ ਕਰਦਾ ਹੈ ਤਾਂ ਮੈਂ ਮਨੁੱਖ ਹੋ ਕੇ ਰੱਬ ਬਣਾਉਂਦੇ ਰਹਿਣ ਦੀ ਮੂਰਖਤਾ ਕਿਉਂ ਕਰਾਂ? ਇਸੇ ਵਿਚਾਰ-ਪਰਵਾਹ ਵਿਚ ਹੀ ਉਨ੍ਹਾਂ ਦੇ ‘ਆਪਣੇ’ ਧਰਮ, ਸਿੱਖੀ ਬਾਰੇ ਸਰਬ-ਗਿਆਤ ਘਟਨਾ ਆ ਜਾਂਦੀ ਹੈ। ਉਨ੍ਹਾਂ ਦੀਆਂ ਕੁਰਹਿਤਾਂ ਅਤੇ ਲਿਖਤਾਂ ਤੋਂ ਸਤੇ ਹੋਏ ਬੰਬਈ ਦੇ ਕੁਝ ਕਥਿਤ ਪਤਵੰਤੇ ਸਿੱਖਾਂ ਨੇ ਉਨ੍ਹਾਂ ਦੇ ਘਰ ਪੁੱਜ ਕੇ ਜਦੋਂ ਇਹ ਮਸਲਾ ਖੜ੍ਹਾ ਕੀਤਾ, ਉਨ੍ਹਾਂ ਨੇ ਸਹਿਜ ਭਾਵ ਨਾਲ ਪੁੱਛਿਆ, ਸਿੱਖ ਸਾਜੇ ਕੀਹਨੇ ਸਨ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਏ ਜਾਣ ਉਤੇ ਉਨ੍ਹਾਂ ਨੇ ਉਨ੍ਹਾਂ ਦਾ ਜਾਤ-ਗੋਤ ਪੁੱਛਿਆ। ਬੇਦੀ ਦੱਸੇ ਜਾਣ ਉਤੇ ਉਨ੍ਹਾਂ ਨੇ ਮੁਸਕਰਾ ਕੇ ਸਭ ਨੂੰ ਨਿਰੁੱਤਰ ਕਰ ਦਿੱਤਾ, “ਮੇਰੇ ਤਾਂ ਨਾਂ ਨਾਲ ਹੀ ਬੇਦੀ ਲੱਗਿਆ ਹੋਇਆ ਹੈ। ਸਗੋਂ ਮੇਰਾ ਤਾਂ ਨਾਂ ਹੀ ਬੇਦੀ ਰਹਿ ਅਤੇ ਪੈ ਗਿਆ ਹੈ। ਸਿੱਖੀ ਸਾਡਾ ਬੇਦੀਆਂ ਦਾ ਘਰ ਦਾ ਮਾਮਲਾ ਹੈ, ਤੁਸੀਂ ਦਖ਼ਲ ਕਾਹਨੂੰ ਦਿੰਦੇ ਹੋ।”
ਇਸ ਗੱਲ ਦੀ ਤਾਂ ਮੈਨੂੰ ਕੋਈ ਸਿੱਧੀ ਜਾਣਕਾਰੀ ਨਹੀਂ ਕਿ ਖੱਬੀ ਰਾਜਨੀਤੀ ਨਾਲ ਉਨ੍ਹਾਂ ਦਾ ਅਸਲ ਵਿਚ ਕੀ ਰਿਸ਼ਤਾ ਸੀ, ਪਰ ਲਗਦਾ ਹੈ, ਸਮਾਜਵਾਦ ਦੇ ਬੋਲ-ਬਾਲੇ ਦੇ ਉਸ ਦੌਰ ਵਿਚ ਵੀ ਉਹ ਸਮਾਜਵਾਦ ਦੀ ਮਾਇਆ ਨੂੰ ਵੀ ਧਰਮ ਅਤੇ ਰੱਬ ਦੇ ਅਡੰਬਰਾਂ ਬਾਰੇ ਉਪਰੋਕਤ ਕਥਨਾਂ ਵਾਂਗ ਹੀ ਖ਼ੂਬ ਪਛਾਣਦੇ ਸਨ। ਸੋਵੀਅਤ ਦੂਤਾਵਾਸ ਦਾ ਸੂਚਨਾ ਵਿਭਾਗ, ਜਿਥੇ ਮੈਂ ਇਕ-ਚੁਥਾਈ ਸਦੀ ਨੌਕਰੀ ਕੀਤੀ, ਭਾਰਤ ਦੀਆਂ ਸਭ ਭਾਸ਼ਾਵਾਂ ਦੇ ਅੱਗੇ-ਵਧੂ ਲੇਖਕਾਂ ਦਾ ਇਸ਼ਟ-ਸਥਾਨ ਸੀ। ਦਿੱਲੀ ਆਏ ਹੋਏ ਵੱਡੇ ਵੱਡੇ ਲੇਖਕ ਵੀ ਉਥੇ ਹਾਜ਼ਰੀ ਭਰ ਕੇ ਅਤੇ ਰੂਸੀਆਂ ਦੇ ਦਰਸ਼ਨ-ਦੀਦਾਰ ਕਰ ਕੇ ਜ਼ਰੂਰ ਧੰਨ ਹੋਣਾ ਚਾਹੁੰਦੇ ਸਨ। ਪਰ ਮੈਂ ਬੇਦੀ ਨੂੰ ਉਥੇ ਆਏ ਤੇ ਜੇ ਆਏ ਵੀ ਹੋਣ ਤਾਂ ਰੂਸੀਆਂ ਨੂੰ ਮਿਲਣ ਲਈ ਆਏ ਕਦੀ ਨਹੀਂ ਸੀ ਦੇਖਿਆ, ਭਾਵੇਂ ਕਿ ਉਨ੍ਹਾਂ ਦੇ ਭਾਣਜੇ ਦਾ ਉਥੇ ਮੁਲਾਜ਼ਮ ਹੋਣਾ ਉਥੇ ਆਉਣ ਲਈ ਕਾਰਨ ਜਾਂ ਬਹਾਨਾ ਹੈ ਸੀ; ਜਿਵੇਂ ਰੂਸੀਆਂ ਨੂੰ, ਜਿਨ੍ਹਾਂ ਦੀ ਸਮਾਜਵਾਦੀ ਲੋਕ-ਸੇਵਾ ਨੂੰ ਅੱਧੀ ਦੁਨੀਆਂ ਪ੍ਰਸੰਸਾ ਦੀ ਨਜ਼ਰ ਨਾਲ ਦੇਖਦੀ ਸੀ, ਕਹਿ ਰਹੇ ਹੋਣ, “ਮੈਨੂੰ ਤੁਹਾਡੇ ਸਮਾਜਵਾਦ ਦੀ ਲੋੜ ਨਹੀਂ ਕਿਉਂਕਿ ਲੋਕਾਂ ਤੋਂ ਟੁੱਟੀ ਇਸ ਲੋਕ-ਸੇਵਾ ਤੋਂ ਵਧੀਆ ਲੋਕ-ਸੇਵਾ ਤਾਂ ਮੈਂ ਆਪਣੀਆਂ ਕਹਾਣੀਆਂ ਰਾਹੀਂ ਕਰ ਰਿਹਾ ਹਾਂ।” ਤੇ ਗੱਲ ਸੀ ਵੀ ਠੀਕ। ਉਨ੍ਹਾਂ ਦੀ ਸਮੁੱਚੀ ਰਚਨਾ ਸਮਾਜ ਵਲੋਂ ਮਨੁੱਖੀ ਜੀਵਨ ਦੀ ਸੜਕ ਤੋਂ ਵਗਾਹ ਕੇ ਫੁੱਟਪਾਥ ਉਤੇ ਸੁੱਟੇ ਗਏ ਦੱਬੇ-ਕੁਚਲੇ ਲੋਕਾਂ ਦੀ ਦਰਦ-ਕਹਾਣੀ ਹੈ।
ਉਂਜ ਕਹਾਣੀ ‘ਤੇਈਆ ਤਾਪ’ ਦੀ ਇਸ ਸੰਖੇਪ ਟਿੱਪਣੀ ਰਾਹੀਂ ਉਹ ਰਾਜਨੀਤਕ ਪਾਰਟੀਆਂ ਬਾਰੇ ਆਪਣਾ ਨਜ਼ਰੀਆ ਬਿਲਕੁਲ ਸਪੱਸ਼ਟ ਕਰ ਦਿੰਦੇ ਹਨ, “ਜੇ ਕੋਈ ਮੈਨੂੰ ਪੁੱਛੇ ਕਿ ਕਿਹੜੀ ਪਾਰਟੀ ਲੋਕਾਂ ਦੀ ਹਿਤੈਸ਼ੀ ਹੈ, ਤਾਂ ਮੈਂ ਉਸ ਤੋਂ ਪੁੱਛਾਂਗਾ ਕਿ ਸਾਹਮਣੀ ਕੰਧ ਉਤੇ ਬੈਠਾ ਕਾਂ ਨਰ ਹੈ ਕਿ ਮਦੀਨ?”
ਤੇ ਖੱਬੀ ਰਾਜਨੀਤੀ ਦਾ ਜ਼ਿੰਦਗੀ ਨਾਲੋਂ, ਲੋਕਾਂ ਨਾਲੋਂ ਟੁੱਟੀ ਹੋਈ ਹੋਣਾ ਉਹ ਕਹਾਣੀ ‘ਆਲੂ’ ਵਿਚ ਬੜੇ ਵਧੀਆ ਵਿਅੰਗਮਈ ਢੰਗ ਨਾਲ ਉਜਾਗਰ ਕਰਦੇ ਹਨ। ਲੱਖੀ ਸਿੰਘ ਅਤੇ ਉਹਦੇ ਸਾਥੀ ਸਰਕਾਰੀ ਨੌਕਰੀ ਕਰ ਲੈਣ ਵਾਲੇ ਤਿੰਨ ਵਿਆਹੁਣ-ਯੋਗ ਭੈਣਾਂ ਦੇ ਭਾਈ, ਬੁੱਢੇ ਤੇ ਬੀਮਾਰ ਮਾਂ-ਪਿਓ ਦੇ ਪੁੱਤਰ ਅਤੇ ਚਾਰ ਵਿਦਿਆਰਥੀ ਭਰਾਵਾਂ ਦੇ ਭਰਾ, ਕਾਮਰੇਡ ਬਖ਼ਸ਼ੀ ਨੂੰ ਪਿੱਛੇ-ਖਿੱਚੂ ਹੋ ਗਿਆ ਆਖ ਕੇ ਕੁਟਦੇ ਹਨ, ਉਹਦੀ ਕਮੀਜ਼ ਪਾੜ ਦਿੰਦੇ ਹਨ ਅਤੇ ਉਹਨੂੰ ਪਾਰਟੀ ਦੇ ਦਫ਼ਤਰੋਂ ਭਜਾ ਦਿੰਦੇ ਹਨ। ਖੁਦ ਭੁੱਖ ਨੂੰ ਦੂਰ ਰੱਖਣ ਲਈ ਲੱਖੀ ਸਿੰਘ ਆਲੂ ਸੁੱਟ ਕੇ ਆਏ ਰੇੜ੍ਹਿਆਂ ਦੇ ਫੱਟਿਆਂ ਦੀਆਂ ਵਿਰਲਾਂ ਵਿਚ ਫਸੇ ਆਲੂ ਚੁਰਾ ਕੇ ਘਰ ਲੈ ਆਉਂਦਾ ਹੈ। ਪਰ ਇਕ ਦਿਨ ਰੇੜ੍ਹਿਆਂ ਵਾਲੇ ਇਕ ਸਰਕਾਰੀ ਹੁਕਮ ਵਿਰੁਧ ਹੜਤਾਲ ਕਰ ਦਿੰਦੇ ਹਨ। ਉਹ ਖਾਲੀ ਹੱਥ ਘਰ ਪੁਜਦਾ ਹੈ ਤਾਂ ਉਹਦੀ ਪਤਨੀ ਬਸੰਤੋ ਕਰੋਧਿਤ ਹੋ ਕੇ ਪੁਛਦੀ ਹੈ ਕਿ ਉਹਨੇ ਹੜਤਾਲ ਦਾ ਡਟ ਕੇ ਵਿਰੋਧ ਕਿਉਂ ਨਾ ਕੀਤਾ ਅਤੇ ਉਹ ਆਪਣੇ ਭੁੱਖੇ ਬੱਚੇ ਨੂੰ ਵਿਲਕਦਾ ਦੇਖ ਕੇ ਲੱਖੀ ਸਿੰਘ ਸਮੇਤ ਹੜਤਾਲ ਕਰਵਾਉਣ ਵਾਲਿਆਂ ਦਾ ਅੱਗਾ-ਪਿੱਛਾ ਪੁਣਨ ਲਗਦੀ ਹੈ। ਲੱਖੀ ਸਿੰਘ ਸੋਚਾਂ ਵਿਚ ਪੈ ਜਾਂਦਾ ਹੈ ਕਿ ਬਸੰਤੋ ਇਕ ਚੰਗੇ ਕਾਮਰੇਡ ਵਾਂਗ ਸਦਾ ਮੇਰਾ ਸਾਥ ਦਿੰਦੀ ਰਹੀ ਹੈ ਪਰ ਕੀ ਹੁਣ ਇਹ ਵੀ ਪਿੱਛੇ-ਖਿਚੂਆਂ ਦੀ ਢਾਣੀ ਵਿਚ ਜਾ ਰਲੀ ਹੈ? ਜਿਥੇ ਪਾਰਟੀ ਦੇ ਕੁਲਵਕਤੀਆਂ ਵਲੋਂ ਕਿਸੇ ਦੇ ਅੱਗੇ-ਵਧੂ ਜਾਂ ਪਿੱਛੇ-ਖਿਚੂ ਹੋਣ ਦਾ ਨਿਰਣਾ ਅਜਿਹੇ ਪੈਮਾਨਿਆਂ ਨਾਲ ਕੀਤਾ ਜਾਂਦਾ ਹੋਵੇ, ਉਥੇ ਬੇਦੀ ਦਾ ਕਾਂ ਦੇ ਨਰ ਜਾਂ ਮਦੀਨ ਹੋਣ ਦਾ ਸਵਾਲ ਪੂਰੀ ਤਰ੍ਹਾਂ ਪ੍ਰਸੰਗਕ ਹੋ ਜਾਂਦਾ ਹੈ।