ਪੰਜਾਬੀ ਮੂਲ ਦੇ ਬਰਤਾਨਵੀ ਲੇਖਕ ਸੰਜੀਵ ਸਹੋਤਾ ਦਾ ਨਾ ਵੱਕਾਰੀ ਮੈਨਜ਼ ਬੁੱਕਰ ਇਨਾਮ ਲਈ ਵਿਚਾਰਿਆ ਜਾ ਰਿਹਾ ਹੈ। 34 ਸਾਲਾ ਸੰਜੀਵ ਦਾ ਦੂਜਾ ਨਾਵਲ Ḕਦਿ ਯੀਅਰ ਆਫ ਦਿ ਰਨਅਵੇਜ਼Ḕ ਇਸ ਇਨਾਮ ਲਈ ਵਿਚਾਰੀਆਂ ਜਾ ਰਹੀਆਂ ਗਿਣਤੀ ਦੀਆਂ ਕਿਤਾਬਾਂ ਵਿਚ ਸ਼ੁਮਾਰ ਹੋ ਗਿਆ ਹੈ।
ਨਾਵਲ ਮੁੱਖ ਰੂਪ ਵਿਚ ਇੰਗਲੈਂਡ ਵਿਚ ਹਰ ਹੀਲੇ ਪੱਕੇ ਹੋਣ ਲਈ ਸੌ ਹੂਲੇ ਫੱਕ ਕੇ ਇੰਗਲੈਂਡ ਪੁੱਜੇ ਤਿੰਨ ਭਾਰਤੀ ਪੁਰਸ਼ਾਂ ਅਤੇ ਇੱਕ ਔਰਤ ਦੁਆਲੇ ਘੁੰਮਦਾ ਹੈ।
ਇਸ ਵੇਲੇ ਸ਼ੈਫੀਲਡ ਵਿਚ ਵਸੇ ਸੰਜੀਵ ਦਾ ਜਨਮ 1981 ਵਿਚ ਡਰਬੀਸ਼ਾਇਰ ਵਿਚ ਹੋਇਆ। ਉਸ ਦੇ ਦਾਦਾ-ਦਾਦੀ ਜਲੰਧਰ ਜ਼ਿਲ੍ਹੇ ਤੋਂ 1966 ਵਿਚ ਇੰਗਲੈਂਡ ਪੁੱਜੇ ਸਨ। ਲੰਡਨ ਦੇ ਇੰਪੀਰੀਅਲ ਕਾਲਜ ਤੋਂ ਮੈਥੇਮੈਟਿਕਸ Ḕਚ ਡਿਗਰੀ ਕਰਨ ਵਾਲੇ ਸੰਜੀਵ ਨੇ ਪਹਿਲਾ ਨਾਵਲ 18 ਸਾਲ ਦੀ ਉਮਰੇ ਪੜ੍ਹਿਆ ਸੀ, ਜਦੋਂ ਕਾਲਜ ਵਿਚ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਉਹ ਭਾਰਤ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ। ਇਹ ਨਾਵਲ ਸਲਮਾਨ ਰਸ਼ਦੀ ਦਾ ‘ਮਿਡਨਾਈਟਸ ਚਿਲਡਰਨḔ ਸੀ। ਇਸ ਨਾਵਲ ਨੇ ਇਸ ਮੁੰਡੇ ਅੱਗੇ ਸ਼ਬਦਾਂ ਦਾ ਸੰਸਾਰ ਖੋਲ੍ਹ ਦਿੱਤਾ ਅਤੇ ਉਸ ਅੰਦਰ ਕਹਾਣੀ ਬਿਆਨ ਕਰ ਸਕਣ ਦੀ ਭਾਸ਼ਾ ਨਾਲ ਹੋਰ ਬਾਵਸਤਾ ਹੋਣ ਦੀ ਸਿੱਕ ਜਾਗ ਪਈ। ਫਿਰ ਤਾਂ ਉਸ ਦੇ ਪੜ੍ਹਨ ਦਾ ਅੰਦਾਜ਼ ਹੀ ਬਦਲ ਗਿਆ। ਉਸ ਨੇ ਅਰੁੰਧਤੀ ਰਾਏ ਦਾ ‘ਗੌਡ ਆਫ ਸਮਾਲ ਥਿੰਗਜ਼’, ਵਿਕਰਮ ਸੇਠ ਦਾ ‘ਏ ਸੂਟੇਬਲ ਬੁਆਏ’, ਬਰਤਾਨਵੀ ਨਾਵਲਕਾਰ ਕਾਜ਼ੁਓ ਇਸ਼ੀਗੁਰੋ ਦਾ ਨਾਵਲ ‘ਰਿਮੇਨਜ਼ ਆਫ ਦਿ ਡੇਅ’ ਪੜ੍ਹੇ। ਉਹਦੀ ਤ੍ਰੇਹ ਵਧਦੀ ਗਈ ਤੇ ਉਸ ਨੇ ਲੰਘ ਗਏ ਵਰ੍ਹਿਆਂ ਦਾ ਖੱਪਾ ਹੋਰ ਤੇਜ਼ੀ ਨਾਲ ਕਿਤਾਬਾਂ ਪੜ੍ਹ ਕੇ ਪੂਰਨ ਦਾ ਯਤਨ ਕੀਤਾ। 24 ਕੁ ਸਾਲ ਦੀ ਉਮਰੇ ਉਸ ਨੂੰ ਤਾਲਸਤਾਏ ਦਾ ਮਹਾਂ ਨਾਵਲ Ḕਅੱਨਾ ਕਾਰਨਿਨਾḔ ਪੜ੍ਹਨ ਦਾ ਮੌਕਾ ਮਿਲਿਆ ਤੇ ਉਹ ਅੰਦਰ ਰੂਸੀ ਸਾਹਿਤ ਤੇ ਸਮਾਜ ਨੂੰ ਸਮਝਣ ਦੇ ਰਾਹ ਪੈ ਗਿਆ। ਇਸ ਮਗਰੋਂ ਉਸ ਨੇ ਤਾਲਸਤਾਏ, ਦੋਸਤੋਵਸਕੀ, ਗੋਗੋਲ, ਤੁਰਗਨੇਵ, ਚੈਖੋਵ ਤੇ ਪੁਸ਼ਕਿਨ ਦੀਆਂ ਰਚਨਾਵਾਂ ਨੂੰ ਆਤਮਸਾਤ ਕੀਤਾ।
ਸੰਜੀਵ ਬੇਸ਼ੱਕ ਇੰਗਲੈਂਡ ਦਾ ਜੰਮਪਲ ਹੈ, ਪਰ ਆਪਣੀਆਂ ਜੜ੍ਹਾਂ ਤੇ ਇਸ ਦੇ ਸਭਿਆਚਾਰਕ ਵਰਤਾਰਿਆਂ ਨੂੰ ਉਸ ਨੇ ਇੰਗਲੈਂਡ ਪੁੱਜੇ ਪੰਜਾਬੀਆਂ ਵਿਚੋਂ ਵੀ ਸੂਖਮਤਾ ਨਾਲ ਫੜਿਆ ਹੈ। ਇਸੇ ਕਰ ਕੇ ਆਪਣੇ ਨਾਵਲ ‘ਦਿ ਯੀਅਰ ਆਫ ਰਨਅਵੇਜ਼’ ਵਿਚ ਉਹ ਸਾਵੀਂ ਪੱਧਰੀ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ ਪੁੱਜੇ ਅਤੇ ਰਹਿ ਰਹੇ ਭਾਰਤੀਆਂ (ਪੰਜਾਬੀਆਂ) ਵਿਚ ਜਾਤਪਾਤ ਜਿਹੇ ਕਰੂਰ ਵਰਤਾਰਾ ਪੂਰੇ ਠੁੱਕ ਨਾਲ ਪੇਸ਼ ਕਰ ਸਕਿਆ ਹੈ।
ਸਿਰਜਣਸ਼ੀਲ ਮਨੁੱਖ ਹਰ ਵਰਤਾਰੇ ਨੂੰ ਆਪਣੇ ਹੀ ਅੰਦਾਜ਼ ਵਿਚ ਤੱਕਦਾ ਹੈ। ਬਰਤਾਨੀਆ ਵਿਚ 2005 ਵਿਚ ਪਬਲਿਕ ਟਰਾਂਸਪੋਰਟ ਵਿਚ ਹੋਏ ਖੁਦਕੁਸ਼ ਹਮਲਿਆਂ ਵਿਚ 52 ਲੋਕ ਮਾਰੇ ਗਏ ਸਨ। ਹਮਲਾਵਰਾਂ ਦਾ ਖਿਆਲ ਆਉਂਦਿਆਂ ਹੀ ਹੋਰ ਕਿੰਨਾ ਕੁਝ ਸੰਜੀਵ ਦੇ ਜ਼ਿਹਨ Ḕਚ ਖੌਰੂ ਪਾਉਣ ਲੱਗ ਪਿਆ ਸੀ। 2011 ਵਿਚ ਉਸ ਦਾ ਇਸ ਘਟਨਾ ਦੇ ਪਿਛੋਕੜ ਵਿਚ ਪਹਿਲਾ ਨਾਵਲ ‘ਅਵਰਜ਼ ਆਰ ਦਿ ਸਟ੍ਰੀਟਸ’ ਛਪਿਆ। ਇਸ ਨਾਵਲ ਦਾ ਮੁੱਖ ਪਾਤਰ ਪਾਕਿਸਤਾਨੀ ਮੂਲ ਦਾ ਬਰਤਾਨਵੀ ਖੁਦਕੁਸ਼ ਬੰਬਾਰ ਸੀ। ਇਸ ਨਾਵਲ ਨਾਲ ਉਸ ਦੀ ਸਮਰੱਥਾ ਜੱਗ ਜ਼ਾਹਿਰ ਹੋਈ ਤੇ ਉਹ ‘ਗ੍ਰਾਂਟਾ’ ਦੇ ‘ਬਰਤਾਨੀਆ ਦੇ ਸਰਵੋਤਮ ਨੌਜਵਾਨ ਲੇਖਕਾਂ’ ਦੀ ਕਤਾਰ ਵਿਚ ਸ਼ਾਮਲ ਹੋ ਗਿਆ। ਦਿਲਚਸਪ ਗੱਲ ਇਹ ਵੀ ਹੈ ਕਿ ਹੁਣ ਇਨਾਮ ਲਈ ਨਾਵਲ ਛਾਂਟਣ ਵਾਲੇ ਪੈਨਲ ਵਿਚ ਸਲਮਾਨ ਰਸ਼ਦੀ ਵੀ ਸੀ। ਉਸ ਨੇ ਲੇਖਕ ਦੀ ਪ੍ਰਤਿਭਾ ਨੂੰ ‘ਜਾਨਦਾਰ, ਤਾਜ਼ਗੀ ਭਰਪੂਰ ਤੇ ਪ੍ਰਤੱਖ’ ਕਰਾਰ ਦਿੱਤਾ ਹੈ। ਦੱਸਣਾ ਜ਼ਰੂਰੀ ਹੈ ਕਿ ਰਚਨਾਵਾਂ ਦੇ ਮੁਲੰਕਣ ਵੇਲੇ ਲੇਖਕ ਅਤੇ ਪੁਸਤਕ ਦਾ ਨਾਮ ਜੱਜ ਤੋਂ ਲਕੋ ਕੇ ਰੱਖਿਆ ਜਾਂਦਾ ਹੈ।
ਬੁੱਕਰਜ਼ ਨੇ ਇਨਾਮ ਦੇਣ ਲਈ ਲੇਖਕਾਂ ਦੀ ਕੌਮੀਅਤ ਦਾ ਘੇਰਾ ਹੁਣ ਵਸੀਹ ਕਰ ਦਿੱਤਾ ਹੈ। ਪਹਿਲਾਂ ਇਹ ਇਨਾਮ ਕੇਵਲ ਬਰਤਾਨੀਆ, ਰਾਸ਼ਟਰਮੰਡਲ ਮੁਲਕਾਂ, ਆਇਰਲੈਂਡ ਤੇ ਜ਼ਿੰਬਾਬਵੇ ਮੂਲ ਦੇ ਅੰਗਰੇਜ਼ੀ ਲੇਖਕਾਂ ਨੂੰ ਦਿੱਤਾ ਜਾਂਦਾ ਸੀ। ਐਤਕੀਂ ਦੀ ਬੁੱਕਰਜ਼ ਇਨਾਮ ਸੂਚੀ ਵਿਚ ਬਰਤਾਨਵੀ ਲੇਖਕ ਟੌਮ ਮੈਕਾਰਥੀ (ਸੈਟਿਨ ਆਈਲੈਂਡ), ਅਮਰੀਕਾ ਤੋਂ ਐਨੀ ਟੇਲਰ (ਏ ਸਪੂਲ ਆਫ ਬਲੂ ਥ੍ਰੈੱਡ), ਇੱਕ ਹੋਰ ਅਮਰੀਕੀ ਲੇਖਕ ਹਾਨਿਆ ਯਾਨਾਗੀਹਾਰਾ (ਏ ਲਿਟਲ ਲਾਈਫ), ਜਮਾਇਕਾ ਦੇ ਲੇਖਕ ਮਾਰਲੋਨ ਜੇਮਜ਼ (ਏ ਬਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼) ਤੇ ਨਾਇਜੀਰੀਅਨ ਲੇਖਕ ਚਿਗੋਜ਼ੀ ਓਬਿਓਮਾ (ਦਿ ਫਿਸ਼ਰਮੈੱਨ) ਸ਼ਾਮਲ ਹਨ।
-ਦਵੀ ਦਵਿੰਦਰ ਕੌਰ
ਫੋਨ: +91-98760-82982