ਰੰਗ ਨਿਆਰੇ ਉਸ ਕਾਦਰ ਦੇ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮੈਂ ਢਿੱਲੋਂ, ਸੰਧੂ, ਬਾਜਵਾ ਤੇ ਨੱਤ ਕਈ ਸਾਲ ਇਕੋ ਛਾਉਣੀ ਵਿਚ ਰਹਿੰਦੇ ਰਹੇ। ਜਿਸ ਕਿਸੇ ਦੇ ਪੇਪਰਾਂ ਦਾ ਕਾਰਜ ਰਾਸ ਆਉਂਦਾ, ਉਹ ਆਪਣੀ ਵੱਖਰੀ ਛਾਉਣੀ ਵਿਚ ਚਲਾ ਜਾਂਦਾ। ਸੋਲਾਂ ਸਾਲਾਂ ਦੇ ਇਸ ਸਮੇਂ ਦੌਰਾਨ ਮੈਥੋਂ ਬਗੈਰ ਸਾਰੇ ਆਪੋ- ਆਪਣੀਆਂ ਛਾਉਣੀਆਂ ਬਣਾ ਕੇ ਬੈਠ ਗਏ। ਇਨ੍ਹਾਂ ਤੋਂ ਬਾਅਦ ਕਈ ਨਵੇਂ ਮੁੰਡੇ ਮੇਰੇ ਕੋਲ ਆਏ ਤੇ ਗਏ, ਪਰ ਕਿਸੇ ਨਾਲ ਵੀ ਗੂੜ੍ਹਾ ਪਿਆਰ ਨਾ ਪਿਆ। ਮੈਂ ਅੱਜ ਵੀ ਉਥੇ ਹਾਂ ਜਿਥੇ ਇਹ ਮੈਨੂੰ ਛੱਡ ਗਏ ਸਨ। ਸਾਡੀ ਗੱਲਬਾਤ ਫੋਨ ‘ਤੇ ਹੀ ਹੁੰਦੀ। ਮੁਲਾਕਾਤਾਂ ਘਟਦੀਆਂ ਗਈਆਂ।

ਸਭ ਕਬੀਲਦਾਰੀ ਵਿਚ ਰੁਝ ਗਏ। ਮੇਰੇ ਪੇਪਰਾਂ ਦਾ ਕਾਰਜ ਅੱਜ ਵੀ ਅਧੂਰਾ ਹੈ, ਪਰ ਲਗਦਾ ਇਉਂ ਹੈ ਜਿਵੇਂ ਮੈਂ ਇਨ੍ਹਾਂ ਨਾਲੋਂ ਸੌਖਾ ਹਾਂ। ਇਹ ਆਪ ਵੀ ਮੈਨੂੰ ਸੌਖਾ ਦੱਸਦੇ ਹਨ। ਕਿਤੇ ਵਿਆਹ ਦੀ ਪਾਰਟੀ ‘ਤੇ ਅਸੀਂ ਪੰਜੇ ਇਕੱਠੇ ਹੋ ਗਏ। ਬੜੀ ਗਰਮਜੋਸ਼ੀ ਨਾਲ ਮਿਲੇ। ਹਾਸੇ ਦੀਆਂ ਲਹਿਰਾਂ ਨਾਲ ਅਸੀਂ ਭਿੱਜਦੇ ਗਏ।
“ਕੀ ਗੱਲ ਸੰਧੂਆ! ਡੀਜ਼ਲ ਢੋਲ ਵਾਂਗ ਨਿੱਤ ਮੁੱਕਦਾ ਈ ਜਾਂਦਾ ਏਂ।” ਮੈਂ ਸੰਧੂ ਨੂੰ ਮਖੌਲ ਕੀਤਾ।
“ਤੇਰਾ ਕੰਮ ਸੂਤ ਐ। ‘ਕੱਲਾ ਈ ਇੰਜਣ ਭਜਾਈ ਜਾਨਾਂ। ਤੈਨੂੰ ਡੱਬੇ ਨਹੀਂ ਖਿੱਚਣੇ ਪੈਂਦੇ।” ਸੰਧੂ ਨੇ ਜਵਾਬ ਦਿੱਤਾ।
“ਪੱਕੀ ਪਕਾਈ ਵੀ ਤੈਨੂੰ ਮਿਲਦੀ ਆ। ਮੈਨੂੰ ਤਾਂ ਅੱਜ ਵੀ ਆਪਣੇ ਹੱਥ ਫੂਕਣੇ ਪੈਂਦੇ ਨੇ।” ਮੈਂ ਜਵਾਬ ਦਿੱਤਾ।
“ਆਪਣੇ ਹੱਥ ਫੂਕ ਕੇ ਖਾਣ ਦਾ ਸੁਆਦ ਹੀ ਵੱਖਰਾ। ਨਾਲੇ ਮੇਜ਼ ‘ਤੇ ਐਵੇਂ ਨਹੀਂ ਲੱਗ ਜਾਂਦੀ, ਜਿੰਨੇ ਕਮਾਉਂਦੇ ਆਂ, ਸਾਰੇ ਬਿੱਲਾਂ ਵਿਚ ਹੀ ਚਲੇ ਜਾਂਦੇ ਆ।” ਢਿੱਲੋਂ ਨੇ ਕਿਹਾ।
“ਬਈ ਇਕ ਗੱਲ ਦੱਸੋ, ਉਹ ਵਕਤ ਚੰਗਾ ਸੀ, ਜਾਂ ਅੱਜ ਵਾਲਾ?” ਮੈਂ ਸਭ ਦੇ ਦਿਲਾਂ ਦੀ ਜਾਣਨ ਲਈ ਪੁੱਛਿਆ।
“ਕੁਲਾਰ! ਸੱਚ ਤਾਂ ਇਹ ਐæææਪਰਿਵਾਰਾਂ ਬਿਨਾਂ ਸਰਦਾ ਤਾਂ ਨਹੀਂ, ਪਰ ਹਾਸੇ ਮੁੜ ਕੇ ਆਏ ਨਹੀਂ। ਇਕੱਲੇ ਰਹਿੰਦੇ ਸੀ, ਬੱਸ ਕੰਮ ਅਤੇ ਹਾਸਾ-ਠੱਠਾ ਹੁੰਦਾ ਸੀ। ਹੁਣ ਤਾਂ ਕੰਮ ਤੋਂ ਘਰ ਆਉਂਦੇ ਈ ਫਿਕਰ ਮਾਰ ਜਾਂਦੈ। ਕਬੀਲਦਾਰੀ ਦੇ ਕੰਮ ਹੀ ਨਹੀਂ ਮੁੱਕਦੇ!” ਬਾਜਵੇ ਨੇ ਸਭ ਦੀ ਸੁਣਾ ਦਿੱਤੀ।
“ਕਿਵੇਂ ਆ ਢਿੱਲੋਂ, ਮਾਤਾ ਆ ਗਈ? ਦਿਲ ਲਾ ਲਿਆ ਕਿ ਨਹੀਂ?” ਮੈਂ ਢਿੱਲੋਂ ਨੂੰ ਪੁੱਛਿਆ।
“ਬਾਈ! ਮਾਤਾ ਆਈ ਨੂੰ ਸਾਲ ਹੋ ਗਿਆ। ਉਹਨੇ ਤਾਂ ਦਿਲ ਲਾ ਲਿਆ, ਪਰ ਸਾਡੇ ਦਿਲ ਹਿਲਾ’ਤੇ।” ਢਿੱਲੋਂ ਨੇ ਕਿਹਾ।
“ਉਹ ਕਿਵੇਂ ਯਾਰ!” ਮੈਂ ਹੈਰਾਨੀ ਨਾਲ ਪੁੱਛਿਆ।
“ਜੇ ਚੁਗਲੀਆਂ ਦੇ ਮੁਕਾਬਲੇ ਹੋਣ, ਤਾਂ ਮੇਰੀ ਮਾਤਾ ਪਹਿਲੇ ਨੰਬਰ ‘ਤੇ ਆਊ।” ਢਿਲੋਂ ਨੇ ਜਵਾਬ ਦਿੱਤਾ।
“ਯਾਰ ਢਿੱਲੋਂ! ਹਿਸਾਬ ਨਾਲ ਬੋਲ, ਤੇਰੀ ਮਾਤਾ ਐ।” ਨੱਤ ਨੇ ਕਿਹਾ।
“ਮਾਤਾ ਦਾ ਬਹੁਤਾ ਪਿਆਰ ਆਉਂਦਾ, ਤੂੰ ਲੈ ਜਾ। ਪਤਾ ਲੱਗ ਜਾਊ, ਭੂੰਡ ਦੀ ਪੂਛ ਫੜ ਕੇ। ਬਈ ਮਹੀਨਾ ਕੁ ਤਾਂ ਵਧੀਆ ਰਹੀ, ਬੱਸ ਫਿਰ ਕੀæææ ਫੋਨ ਦਾ ਖਹਿੜਾ ਨਹੀਂ ਛੱਡਦੀ। ਇਕ ਦੀ ਸੁਣੀ, ਦੋ ਨੂੰ ਸੁਣਾ ਦਿੱਤੀ। ਅੱਗਿਉਂ ਆਖੂ, ‘ਲੈ ਭੈਣ ਜੀ, ਗੱਲ ਕੀਤੀ ਚੁਗਲੀ ਹੋ ਜਾਂਦੀ ਆæææਮੈਨੂੰ ਤਾਂ ਬੰਤੋ ਨੇ ਦੱਸਿਆ ਸੀ, ਪਈ ਅਗਾਂਹ ਗੱਲ ਨਾ ਕਰੀਂ, ਪਰ ਤੂੰ ਮੇਰੀ ਧਰਮ ਦੀ ਭੈਣ ਐਂ, ਤੈਨੂੰ ਦੱਸ ਦਿੰਨੀ ਆਂ। ਤਾਰੋ ਆਪਣੇ ਜੀਜੇ ਨਾਲ ਮਾੜੀ ਐ ਭੈਣੇ! ਕੱਲਯੁਗ ਆ ਗਿਆ। ਬੁੱਢੀਆਂ ‘ਤੇ ਵੀ ਜਵਾਨੀ ਆ ਗਈ।’ ਬੱਸ, ਆਹ ਗੱਲਾਂ ਕਰੀ ਜਾਂਦੀ ਐ। ਢਿਲੋਂ ਨੇ ਕਿਹਾ।
“ਇਕ ਗੱਲ ਤਾਂ ਮਾਤਾ ਦੀ ਪੱਕੀ ਐ, ਚੁਗਲੀ ਦੱਸ ਕੇ ਕਰਦੀ ਆ। ਗੱਲ ਆਪਣੇ ‘ਤੇ ਨਹੀਂ ਲੈਂਦੀ, ਤੇ ਦੱਸ ਵੀ ਸਭ ਕੁਝ ਜਾਂਦੀ ਆ।” ਮੈਂ ਢਿੱਲੋਂ ਨੂੰ ਕਿਹਾ।
“ਬਾਈ! ਟਰੱਕ ਤੋਂ ਹਫ਼ਤੇ ਬਾਅਦ ਘਰ ਆਈਦਾ। ਦੋ ਦਿਨ ਜਨਾਨੀ ਨਾਲ ਦੁੱਖ-ਸੁੱਖ ਕਰਨਾ ਹੁੰਦੈ, ਤੇ ਮਾਤਾ ਠੀਕਰੀ ਪਹਿਰਾ ਠੋਕ ਦਿੰਦੀ ਆ। ਆਪਣੀ ਜਨਾਨੀ ਨੂੰ ਵੀ ਚੋਰੀ-ਚੋਰੀ ਮਿਲਣਾ ਪੈਂਦਾ। ਸੋਫ਼ੇ ‘ਤੇ ਬੈਠੀ ਹੱਥ ਵਿਚ ਗੁਟਕਾ ਫੜੀ ਪਾਠ ਕਰਦੀ ਹੋਊ, ਤੇ ਨਿਗ੍ਹਾ ਚੌਕ ‘ਚ ਖੜ੍ਹੇ ਸਿਪਾਹੀ ਵਾਂਗ ਚਾਰੇ ਪਾਸੇ ਘੁੰਮਾਈ ਜਾਂਦੀ ਆ। ਜੇ ਕਿਸੇ ਦਾ ਫੋਨ ਆ ਗਿਆ, ਤਾਂ ਇਕ ਹੱਥ ਗੁਟਕਾ ਤੇ ਦੂਜੇ ਹੱਥ ਫੋਨ, ਤੇ ਅਗਲਾ ਪੁੱਛੇ ਭਾਵੇਂ ਕੁਛ ਹੋਰ, ਪਰ ਮਾਤਾ ਸਾਡੀ ਦਾ ਜਵਾਬ ਹੁੰਦਾ, ‘ਨਾ ਨੀ ਭੈਣੇ! ਅੱਜ ਦੀਆਂ ਨਹੀਂ ਦੇਖਦੀਆਂ ਦਿਨ ਰਾਤ, ਖਸਮ ਦੁਆਲੇ ਚੁੰਬੜੀਆਂ ਰਹਿੰਦੀਆਂ। ਸੱਸ ਭਲਾਂ ਭੁੱਖੀ ਬੈਠੀ ਰਹੇ। ਨੀ ਸਾਡੇ ਸਮੇਂ ਤਾਂ ਜੇ ਖਸਮ ਰਾਤ ਨੂੰ ਮਾੜਾ ਜਿਹਾ ਵੀ ਮਿਲ ਪਵੇ ਤਾਂ ਸ਼ਰਮ ਨਾਲ ਮਰ ਜਾਣਾ, ਤੇ ਅੱਜ ਦੀਆਂæææਜੇ ਖਸਮ ਮਾੜਾ ਜਿਹਾ ਪਰੇ ਜਾਵੇ, ਤਾਂ ਅਸਮਾਨ ਸਿਰ ‘ਤੇ ਚੁੱਕ ਲੈਂਦੀਆਂ’। ਫਿਰ ਫੋਨ ਰੱਖ ਕੇ ਅਗਲੀ ਪਉੜੀ ਪੜ੍ਹਨ ਲੱਗ ਜਾਂਦੀ ਆ।” ਢਿੱਲੋਂ ਅੰਦਰੋਂ ਬਾਹਲਾ ਦੁਖੀ ਜਾਪਦਾ ਸੀ।
“ਬਾਈ! ਇਕ ਗੱਲ ਆ, ਮਾਤਾ ਜੀਅ ਲਵਾਈ ਰੱਖਦੀ ਹੋਊ।” ਮੈਂ ਕਿਹਾ।
“ਕੁਲਾਰ ਬਾਈ! ਬੇਬੇ ਬੇਬੇ ਕਰ ਕੇ ਰੋਈ ਜਾਂਦਾ ਰਹਿੰਨਾ। ਮਹੀਨਾ ਕੁ ਮੇਰੀ ਬੇਬੇ ਨੂੰ ਲੈ ਜਾ, ਤੈਨੂੰ ਵੀ ਮਮਤਾ ਮਿਲ ਜਾਊ।” ਢਿੱਲੋਂ ਬੋਲਿਆ।
“ਢਿੱਲੋਂ! ਮਾਤਾ ਤਾਂ ਫਿਰ ਆਪਣੀ ਗੁਆਂਢੀ ਆਂਟੀ ਨਾਲੋਂ ਵੀ ਵੱਧ ਤੂਫਾਨ ਐ।” ਸੰਧੂ ਨੇ ਕਿਹਾ।
“ਸੰਧੂਆ! ਉਹ ਆਂਟੀ ਤਾਂ ਚਲੋ ਰਾਹ ਜਾਂਦਿਆਂ ਨੂੰ ਨਾਕਾ ਲਾ ਕੇ ਮਿਲਦੀ ਸੀ, ਪਰ ਮਾਤਾ ਤਾਂ ਘਰੇ ਹੀ ਤਸੀਹੇ ਦੇਈ ਜਾਂਦੀ ਆ।” ਢਿੱਲੋਂ ਨੇ ਕਿਹਾ।
“ਬਾਈ! ਛੱਡੋ ਇਨ੍ਹਾਂ ਗੱਲਾਂ ਨੂੰ, ਮਾਂਵਾਂ ਤਾਂ ਠੰਢੀਆਂ ਛਾਂਵਾਂ ਹੁੰਦੀਆਂ।” ਨੱਤ ਨੇ ਸੌ ਦੀ ਇਕ ਸੁਣਾ ਕੇ ਗੱਲ ਦਾ ਮੁੱਖ ਮੋੜ ਦਿੱਤਾ।
“ਬਾਜਵੇ! ਕਿਵੇਂ ਭਰਜਾਈ ਕਾਰ ਦਾ ਲਾਇਸੈਂਸ ਲੈ ਆਈ?” ਸੰਧੂ ਨੇ ਪੁੱਛਿਆ।
“ਸੰਧੂਆ! ਉਹ ਤਾਂ ਹੁਣ ਪਾਇਲਟ ਬਣੀ ਫਿਰਦੀ ਐ। ਲਾਇਸੈਂਸ ਲੈ ਕੇ ਦੂਜੇ ਦਿਨ ਹੀ ਕਹਿੰਦੀ, ‘ਦੇਖੋ ਜੀ, ਤੁਹਾਨੂੰ ਤਾਂ ਯੂ-ਟਰਨ ਵੀ ਨਹੀਂ ਮਾਰਨਾ ਆਉਂਦਾ, ਕਦੋਂ ਦੇ ਅਮਰੀਕਾ ਰਹਿੰਦੇ ਹੋ!’ ਯਾਰ ਮੈਂ ਤਿੰਨ ਮਹੀਨੇ ਲਾ ਕੇ ਉਸ ਨੂੰ ਲਾਇਸੈਂਸ ਦਵਾਇਆ, ਤੇ ਸਾਡੀ ਬਿੱਲੀ ਸਾਨੂੰ ਹੀ ਮਿਆਊਂ। ਕੰਮ ਤੋਂ ਹਜ਼ਾਰ ਡਾਲਰ ਲਿਆਉਣ ਲੱਗ ਪਈ। ਬੱਸ ਹੁਣ ਸਮਝਦੀ ਐ, ਮੇਰਾ ਅਮਰੀਕਾ ਵਿਚ ਅੱਧ ਹੋ ਗਿਆ। ਸਾਡੀ ਪੰਦਰਾਂ ਸਾਲ ਦੀ ਕਮਾਈ ਗਿਣਦੀ ਨਹੀਂ, ਤੇ ਆਪਣੀ ਕਮਾਈ ਨਾਲ ਮੂੰਹ ‘ਤੇ ਲਾਉਣ ਵਾਲਾ ਨਿੱਕ-ਸੁੱਕ ਲਿਆ ਛੱਡਦੀ ਐ। ਟੀæਵੀæ ‘ਤੇ ਸੀਰੀਅਲ ਈ ਦੇਖੀ ਜਾਂਦੀ ਐ, ਜਾਂ ਫਿਰ ਬਾਬਾ ਰਾਮਦੇਵ ਨੂੰ ਦੇਖ ਦੇਖ ਯੋਗਾ ਕਰੀ ਜਾਊ। ਬੱਸ ਇਕ ਗੱਲ ਚੰਗੀ ਹੈ ਕਿ ਅੜਬ ਸੁਭਾਅ ਦੀ ਹੋਣ ਕਰ ਕੇ ਉਸ ਦੀ ਬਣਦੀ ਕਿਸੇ ਨਾਲ ਨਹੀਂ। ਬੱਸ ਘਰੇ ਹੀ ਜਿੰਮ ਲਾਈ ਰੱਖਦੀ ਐ।” ਬਾਜਵੇ ਨੇ ਆਪਣੀ ਸੁਣਾ ਦਿੱਤੀ।
“ਹੁਣ ਵੀ ‘ਜਾਨ ਮੇਰੀ ਜਾਨ’ ਕਹਿੰਦੀ ਐ ਕਿ ਨਹੀਂ?” ਢਿੱਲੋਂ ਨੇ ਪੁੱਛਿਆ।
“ਜਦੋਂ ਇੰਡੀਆ ਸੀ, ਉਦੋਂ ਹੀ ਕਹਿੰਦੀ ਸੀ। ਹੁਣ ਤਾਂ ਕਹਿੰਦੀ ਐ, ਘਰ ਆ ਕੇ ਮੇਰੀ ਜਾਨ ਸੂਲੀ ਟੰਗ ਦਿੰਦੇ ਹੋ। ਕੰਮ ‘ਤੇ ਈ ਚੰਗੇ ਹੋ।” ਬਾਜਵੇ ਨੇ ਕਿਹਾ।
“ਜਦੋਂ ਇੰਡੀਆ ਹੁੰਦੀਆਂ ਨੇ ਤਾਂ ਕਹਿਣਗੀਆਂ, ‘ਤੁਸੀਂ ਫਿਕਰ ਨਾ ਕਰਿਓ, ਮੈਨੂੰ ਆ ਜਾਣ ਦਿਓ, ਫਿਰ ਭਲਾਂ ਤੁਸੀਂ ਕੰਮ ਘੱਟ ਕਰ ਦਿਓ’। ਜਦੋਂ ਆ ਜਾਂਦੀਆਂ ਨੇ, ਫਿਰ ਤਾਂ ਮਿਸ ਇੰਡੀਆ ਹੀ ਬਣ ਜਾਂਦੀਆਂ। ਕੰਮ ਘੱਟ ਕੀ, ਦੁੱਗਣਾ ਕਰਨਾ ਪੈਂਦਾ। ਖਰਚੇ ਵਧ ਜਾਂਦੇ ਆ। ਜਿੰਨੀਆਂ ਵੱਧ ਸਹੂਲਤਾਂ, ਉਨੀ ਜਾਨ ਸੂਲੀ ‘ਤੇ ਵੱਧ ਟੰਗ ਹੁੰਦੀ ਆ।” ਸੰਧੂ ਬੋਲਿਆ।
“ਉਏ ਰੱਬ ਦਾ ਸ਼ੁਕਰ ਕਰੋ, ਅਮਰੀਕਾ ਆ ਗਏ। ਪਿੰਡ ਰਹਿੰਦੇ ਤਾਂ ਕਿਸੇ ਨੇ ਮੱਝ ਦਾ ਸੰਗਲ ਨਹੀਂ ਸੀ ਫੜਾਉਣਾ, ਹੁਣ ਸੋਹਣੀਆਂ ਘਰਵਾਲੀਆਂ ਮਿਲੀਆਂ ਨੇ।” ਨੱਤ ਨੇ ਟੋਕਿਆ।
“ਤੂੰ ਤਾਂ ਪਿੰਡ ਡਾਕਟਰ ਲੱਗਿਆ ਹੋਇਆ ਸੀ, ਸਾਡੇ ਨਾਲ ਹੀ ਤੂੰ ਹੋਣਾ ਸੀ।” ਸੰਧੂ ਨੇ ਕਿਹਾ।
“ਕੁਲਾਰ ਬਾਈ! ਉਸ ਆਂਟੀ ਤੋਂ ਬਾਅਦ ਨਹੀਂ ਕੋਈ ਹੋਰ ਆਂਟੀ ਆਈ ਤੇਰੇ ਗੁਆਂਢ ਵਿਚ?” ਢਿੱਲੋਂ ਨੇ ਪੁੱਛਿਆ।
“ਇਕ ਆਂਟੀ ਆਈ ਸੀ, ਪਰ ਉਹ ਸੱਚੀਂ ਬੜੀ ਭਲੀ ਤੇ ਸਿਆਣੀ ਸੀ। ਮੈਂ ਪਹਿਲਾਂ ਤਾਂ ਬਹੁਤ ਸਮਾਂ ਉਹਨੂੰ ਬੁਲਾਇਆ ਹੀ ਨਹੀਂ। ਫਿਰ ਇਕ ਦਿਨ ਉਹਨੇ ਕਾਰ ਵਿਚੋਂ ਸਮਾਨ ਉਤਾਰਦੇ ਨੂੰ ਦੇਖ ਕੇ ਮੈਨੂੰ ਬੁਲਾ ਲਿਆ।”
“ਪੁੱਤ, ਕੀ ਕੁਝ ਖਰੀਦ ਲਿਆਇਆਂ।”
“ਘਰ ਦੀ ਗਰੋਸਰੀ ਲਿਆਇਆਂ ਆਂਟੀ ਜੀ।”
“ਲੈ ਦੁੱਧ ਦੀਆਂ ਗੈਲਨਾਂ ਮੈਨੂੰ ਫੜਾ ਦੇ।” ਕਹਿ ਕੇ ਗੈਲਨਾਂ ਉਹਨੇ ਮੱਲੋ-ਮੱਲੀ ਫੜ ਲਈਆਂ, ਤੇ ਮੇਰੇ ਨਾਲ ਹੀ ਆ ਗਈ। ਮੈਂ ਜੂਸ ਦਾ ਗਲਾਸ ਫੜਾਉਂਦਿਆਂ ਪੁੱਛਿਆ, ਆਂਟੀ ਜੀ! ਪੰਜਾਬ ਤੋਂ ਕਿੱਥੋਂ?”
“ਪੁੱਤ! ਅੰਮ੍ਰਿਤਸਰ ਜ਼ਿਲ੍ਹਾ ਐ।” ਆਂਟੀ ਨੇ ਕਿਹਾ।
ਫਿਰ ਆਂਟੀ ਨੇ ਆਪਣੇ ਦੁੱਖਾਂ ਦੀ ਗੰਢੜੀ ਖੋਲ੍ਹ ਲਈ। ਆਂਟੀ ਦੇ ਚਾਰ ਪੁੱਤ ਖਾੜਕੂ ਸੰਘਰਸ਼ ਵਿਚ ਸ਼ਹੀਦ ਹੋ ਗਏ ਸਨ। ਇਕ ਧੀ ਬਚੀ ਸੀ ਜਿਸ ਨੂੰ ਅਮਰੀਕਾ ਵਿਆਹਿਆ ਸੀ, ਪਰ ਜਵਾਈ ਨਾਲ ਆਂਟੀ ਤੇ ਅੰਕਲ ਦੀ ਬਣਦੀ ਘੱਟ ਸੀ। ਤੇ ਹੁਣ ਇਕੱਲੇ ਇਥੇ ਰਹਿੰਦੇ ਸੀ। ਦੁੱਖਾਂ ਦੀ ਮਾਰੀ ਆਂਟੀ ਕਿਸੇ ਨੂੰ ਘੱਟ ਹੀ ਬੁਲਾਉਂਦੀ।
ਮੈਂ ਨਵੀਂ ਆਂਟੀ ਬਾਰੇ ਦੱਸਿਆ।
ਢਿਲੋਂ ਕਹਿਣ ਲੱਗਾ, “ਬਾਈ! ਪੁਰਾਣੀ ਆਂਟੀ ਬਹੁਤੀ ਚੁਸਤ ਚਲਾਕ ਸੀ। ਇਕ ਵਾਰੀ ਉਹ ਮੈਨੂੰ ਕਹਿੰਦੀ, ‘ਵੇ ਢਿੱਲੋਂ! ਮੈਂ ਆਪਣੀ ਇੰਡੀਆ ਰਹਿੰਦੀ ਭੈਣ ਨੂੰ ਪੈਸੇ ਭੇਜਣੇ ਨੇ, ਤੂੰ ਮੈਨੂੰ ਨਾਲ ਲਿਜਾ ਕੇ ਭੇਜ ਆਈਂ’। ਮੈਂ ਕਿੰਨਾ ਚਿਰ ਤਾਂ ਲਾਰੇ ਲਾਉਂਦਾ ਰਿਹਾ, ਫਿਰ ਇਕ ਦਿਨ ਕਾਬੂ ਆ ਗਿਆ। ਮੈਂ ਆਂਟੀ ਨੂੰ ਮਨੀਗਰਾਮ ਲੈ ਗਿਆ। ਜਦੋਂ ਆਂਟੀ ਨੇ ਪਰਸ ਖੋਲ੍ਹਿਆ, ਡਾਲਰ ਖੁੱਲ੍ਹੇ ਹੀ ਸਿੱਟੇ ਹੋਏ ਸਨ। ਵੀਹਾਂ ਤੇ ਦਸਾਂ ਦੇ ਨੋਟ ਸਨ, ਬਈ ਸਾਨੂੰ ਅੱਧਾ ਘੰਟਾ ਤਾਂ ਡਾਲਰ ਸਿੱਧੇ ਕਰਨ ਨੂੰ ਲੱਗ ਗਿਆ। ਆਂਟੀ ਦੇ ਡਾਲਰ ਪੰਜ ਸੌ ਵੀਹ ਬਣ ਗਏ। ਮਨੀਗਰਾਮ ਵਾਲਾ ਕਹੇ, ਆਪਣੀ ਆਈæਡੀæ ਦੇਵੋæææਆਂਟੀ ਕਹੇ, ਮੈਂ ਆਈæਡੀæ ਨਹੀਂ ਦੇਣੀæææਅਖੇ, ‘ਢਿਲੋਂ ਤੂੰ ਆਪਣੀ ਆਈæਡੀæ ਦੇਹ’। ਮੈਂ ਕਿਹਾ, ‘ਆਂਟੀ ਤੂੰ ਆਈæਡੀæ ਕਿਉਂ ਨਹੀਂ ਦਿੰਦੀ?’ ਕਹਿੰਦੀ, ‘ਜੇ ਮੈਂ ਆਈæਡੀæ ਦਿੱਤੀ ਤਾਂ ਤੇਰੇ ਅੰਕਲ ਨੂੰ ਪਤਾ ਲੱਗ ਜਾਊ’। ਫਿਰ ਮੈਨੂੰ ਸਮਝ ਆ ਗਈ, ਆਂਟੀ ਨੇ ਇਹ ਸਾਰੇ ਡਾਲਰ ਆਪਣੇ ਪਤੀ ਤੇ ਪੁੱਤ ਨੂੰ ਕੁੰਡੀ ਲਾ ਕੇ ਇਕੱਠੇ ਕੀਤੇ ਨੇ। ਮੈਂ ਆਪਣੀ ਆਈæਡੀæ ਦੇ ਦਿੱਤੀ, ਤੇ ਡਾਲਰ ਭੇਜ ਦਿੱਤੇ। ਆਂਟੀ ਨੂੰ ਵੀ ਪਤਾ ਲੱਗ ਗਿਆ ਕਿ ਢਿੱਲੋਂ ਸਭ ਸਮਝ ਗਿਆ। ਆਂਟੀ ਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਮੈਂ ਹੱਸਦੇ ਨੇ ਕਿਹਾ, ‘ਆਂਟੀ, ਜਦੋਂ ਫਿਰ ਭੇਜਣੇ ਹੋਏ, ਦੱਸੀਂ, ਪਰ ਡਾਲਰ ਸਿੱਧੇ ਕਰ ਕੇ ਰੱਖੀਂ।’ ਤੇ ‘ਚੱਲ ਵੇ ਦਾਦੇ ਮਗ੍ਹਾਉਣਾ!’ ਆਂਟੀ ਹੱਸ ਕੇ ਕਾਰ ਵਿਚੋਂ ਉਤਰ ਗਈ।”
“ਢਿੱਲੋਂ, ਸੱਚ ਐ। ਕਈਆਂ ਮਾਈਆਂ ਨੂੰ ਪੁੱਤਾਂ ਤੇ ਨੂੰਹਾਂ ਤੋਂ ਚੋਰੀ ਰੱਖਣ ਦੀ ਬੜੀ ਮਾੜੀ ਆਦਤ ਐ। ਜੇ ਤੁਸੀਂ ਇੰਡੀਆ ਰਹਿੰਦੇ ਰਿਸ਼ਤੇਦਾਰ ਦੀ ਮਦਦ ਕਰਨੀ ਐ, ਤਾਂ ਦੱਸ ਕੇ ਕਰੋ। ਸਭ ਨੂੰ ਪਤਾ ਹੋਵੇ ਕਿ ਕਿਸ ਨੂੰ ਕੀ ਦਿੱਤਾ। ਇੰਡੀਆ ਵਾਲੇ ਸਾਡੀ ਬੇ-ਇਤਫਾਕੀ ਦਾ ਨਾਜਾਇਜ਼ ਫਾਇਦਾ ਉਠਾ ਜਾਂਦੇ ਆ। ਨੂੰਹਾਂ-ਪੁੱਤਾਂ ਨੂੰ ਵੀ ਮਾਂ ਪਿਉ ਦੀਆਂ ਲੋੜਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸਿਆਣੇ ਆਖਦੇ ਨੇ, ਬੰਦਾ ਤੰਗਲੀ ਨਾਲ ਘਰ ਪੁੱਟਣ ਲੱਗ ਜਾਵੇ ਤਾਂ ਕੁਝ ਬਚ ਜਾਂਦਾ ਹੈ। ਜੇ ਜਨਾਨੀ ਸੂਈ ਨਾਲ ਘਰ ਪੁੱਟਣ ਲੱਗ ਜਾਏ, ਤਾਂ ਸਮਝੋ ਘਰ ਗਿਆ। ਬਾਜਵਾ ਬੋਲਿਆ।
“ਆਹ ਨੱਤ ਦੀ ਘਰਵਾਲੀ ਹੁਣੇ ਆਈ ਐ, ਉਹ ਕੀ ਕਹਿੰਦੀ ਐ, ਨੱਤ ਦੀ ਜ਼ੁਬਾਨੀ ਸੁਣੋ।” ਸੰਧੂ ਨੇ ਪੁਛਿਆ।
“ਮੇਰੀ ਘਰਵਾਲੀ ਕਹਿੰਦੀ ਹੁੰਦੀ ਸੀ, ਫੋਨ ‘ਤੇ ਗੱਲਾਂ ਕੀਤੀਆਂ ਤਾਂ ਭੁੱਲ ਜਾਂਦੀਆਂ, ਮੈਨੂੰ ਲੰਮੀ ਚਿੱਠੀ ਲਿਖਿਆ ਕਰੋ। ਚਿੱਠੀ ਆਉਣੀ ਤਾਂ ਪੜ੍ਹ ਕੇ ਜਵਾਬ ਲਿਖ ਦੇਣਾ। ਪੀਤੀ-ਖਾਧੀ ਵਿਚ ਕਦੇ ਬਹੁਤੀ ਵਡਿਆਈ ਮਾਰ ਹੋ ਜਾਂਦੀ, ‘ਡਾਰਲਿੰਗ ਅਮਰੀਕਾ ਤਾਂ ਸਵਰਗਾਂ ਦਾ ਦੂਜਾ ਨਾਂ ਐ। ਵੱਡੇ ਵੱਡੇ ਘਰ। ਸੋਹਣੀਆਂ ਤੇ ਚੌੜੀਆਂ ਸੜਕਾਂ। ਸੋਹਣੀਆਂ ਗੱਡੀਆਂ। ਜਿਹੜੇ ਸਾਬਣ ਨਾਲ ਸ੍ਰੀਦੇਵੀ ਨਹਾਉਂਦੀ ਐ, ਉਸੇ ਨਾਲ ਤੁਸੀਂ ਨਹਾਇਆ ਕਰਨਾ ਐ। ਬਾਕੀ ਡਾਰਲਿੰਗ! ਕੰਮ ਦੀ ਤੂੰ ਫਿਕਰ ਨਾ ਕਰੀਂ, ਮੈਂ ਤੇਰੇ ਕੋਲੋਂ ਕੰਮ ਨਹੀਂ ਕਰਵਾਉਣਾ। ਤੈਨੂੰ ਤਾਂ ਮੈਂ ਰਾਣੀਆਂ ਵਾਂਗ ਰੱਖਿਆ ਕਰੂੰ। ਮੈਂ ਪੰਜ ਦਿਨ ਕੰਮ ਕਰ ਕੇ, ਦੋ ਦਿਨ ਵੀਕ ਐਂਡ ‘ਤੇ ਬਾਹਰ ਘੁੰਮਣ ਜਾਇਆ ਕਰੂੰ। ਬੱਸ ਇਕ ਵਾਰ ਆ ਜਾਹ’।” ਨੱਤ ਨੇ ਆਖ ਚੁੱਪ ਵੱਟ ਲਈ।
“ਫਿਰ ਆਈ ਤੋਂ ਸਾਰੀਆਂ ਗੱਲਾਂ ਸੱਚੀਆਂ ਕੀਤੀਆਂ ਕਿ ਡੰਡੇ ਹੀ ਪਏ?” ਮੈਂ ਗੱਲ ਨੂੰ ਤੜਕਾ ਲਾਉਂਦਿਆਂ ਪੁੱਛਿਆ।
“ਜਦੋਂ ਆਈ ਤਾਂ ਏਅਰਪੋਰਟ ਤੋਂ ਅਪਾਰਟਮੈਂਟ ਆਏ, ਦਰਵਾਜ਼ਾ ਖੋਲ੍ਹਿਆ। ਦੇਖ ਕੇ ਕਹਿੰਦੀ,
ਸੁਣੋ ਜੀ! ਆਹ ਮੈਨੂੰ ਕਿਥੇ ਲੈ ਆਏæææਘਰ ਨਹੀਂ ਜਾਣਾ। ਮੈਂ ਕਿਹਾ, “ਡਾਰਲਿੰਗ! ਇਹ ਗਰੀਬ ਦਾ ਆਲ੍ਹਣਾ ਐ। ਆਪਾਂ ਇਥੇ ਹੀ ਰਹਿ ਕੇ ਬੱਚੇ ਪਾਲਣੇ ਆ।”
ਉਹ ਹੱਥਲਾ ਬੈਗ ਥੱਲੇ ਸੁੱਟਦੀ ਬੋਲੀ, “ਇਸ ਅਪਾਰਟਮੈਂਟ ਨਾਲੋਂ ਤਾਂ ਆਪਣੇ ਪਿੰਡ ਬਾਥਰੂਮ ਵੱਡੇ ਨੇ। ਜਿੰਨੇ ਥਾਂ ਵਿਚ ਉਥੇ ਕਿਚਨ ਹੈ, ਉਨੇ ਥਾਂ ਵਿਚ ਆਹ ਸਾਰੀ ਅਪਾਰਟਮੈਂਟ ਹੈ। ਉਹ ਚਿੱਠੀ ਵਾਲਾ ਵੱਡਾ ਘਰ ਕਿਥੇ ਐ? ਘਰਵਾਲੀ ਮਾਰਖੁੰਡੀ ਮੱਝ ਵਾਂਗ ਦੇਖਣ ਲੱਗੀ।
ਮੈਂ ਕਿਹਾ, “ਵੱਡੇ ਘਰ ਅਮਰੀਕਾ ਵਿਚ ਹੈਗੇ ਨੇ, ਪਰ ਮੈਂ ਕਦੋਂ ਲਿਖਿਆ ਸੀ ਕਿ ਮੇਰੇ ਕੋਲ ਵੱਡਾ ਘਰ ਐ। ਆਪਾਂ ਕਮਾਈ ਕਰਾਂਗੇ ਤੇ ਵੱਡਾ ਘਰ ਖਰੀਦ ਲਵਾਂਗੇ। ਮੈਂ ਬਾਂਹ ਉਹਦੇ ਦੁਆਲੇ ਪਾਉਂਦਿਆਂ ਕਿਹਾ।
‘ਤੁਹਾਡੇ ਕਹਿਣ ਦਾ ਮਤਲਬ, ਤੁਸੀਂ ਮੇਰੇ ਕੋਲੋਂ ਕੰਮ ਵੀ ਕਰਵਾਉਗੇ। ਹਾਏ ਉਏ ਮੇਰੇ ਰੱਬਾ! ਮੈਂ ਉਹ ਚਿੱਠੀਆਂ ਕਿਉਂ ਪਾੜ ਦਿੱਤੀਆਂ ਜਿਨ੍ਹਾਂ ਵਿਚ ਮੈਨੂੰ ਵੱਡੇ ਵੱਡੇ ਸੁਪਨੇ ਦਿਖਾਏ ਸੀ। ਮੈਨੂੰ ਲੱਗਦੈ, ਰਾਣੀ ਬਣਾਉਣ ਵਾਲੀ ਵੀ ਵੱਡੀ ਗੱਪ ਸੀ।’
ਅਪਾਰਟਮੈਂਟ ਦੇ ਪਹਿਲੇ ਪਰਵੇਸ਼ ਤੋਂ ਹੀ ਸਾਡੀ ਤੂੰ ਤੂੰ ਮੈਂ ਮੈਂ ਹੋਣ ਲੱਗੀ। ਜਿੰਨਾ ਚਿਰ ਵੱਡਾ ਘਰ ਨਹੀਂ ਲੈ ਲਿਆ, ਮੈਨੂੰ ਸੌਣ ਨਹੀਂ ਦਿੱਤਾ। ਫਿਰ ਜੌੜੇ ਪੁੱਤ ਜੰਮ ਪਏ। ਕੰਮ ਤਾਂ ਮੈਂ ਇਸ ਤੋਂ ਕਰਵਾਇਆ ਨਹੀਂ, ਪਰ ਰਾਣੀ ਬਣਾਉਣ ਵਾਲਾ ਮਿਹਣਾ ਜ਼ਰੂਰ ਮਾਰਦੀ ਰਹਿੰਦੀ ਐ।” ਨੱਤ ਨੇ ਆਪਣੀ ਸੁਣਾ ਦਿੱਤੀ।
“ਬਈ ਜੋ ਮਰਜ਼ੀ ਐ, ਘਰਵਾਲੀਆਂ ਬਿਨਾਂ ਘਰ ਸੁੰਨੇ ਹੀ ਲੱਗਦੇ ਨੇ। ਪੁੱਛ ਕੇ ਦੇਖ ਲਵੋ ਬਾਈ ਕੁਲਾਰ ਨੂੰ।” ਢਿਲੋਂ ਨੇ ਗੱਲ ਮੇਰੇ ਵੱਲ ਸੁੱਟੀ।
“ਭਰਾਵੋ! ਗੱਲਾਂ ਤੁਹਾਡੀਆਂ ਵੀ ਸੱਚੀਆਂ ਨੇ, ਪਰ ਮਜਬੂਰੀਆਂ ਨੇ ਵੀ ਆਪਣਾ ਰੂਪ ਦਿਖਾਉਣਾ ਹੁੰਦਾ। ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦਾਂ, ਜਿਸ ਨੇ ਇੰਨੇ ਸੋਹਣੇ ਮੁਲਕ ਵਿਚ ਬਿਠਾਇਆ, ਸਾਰੀਆਂ ਦਾਤਾਂ ਦਿੱਤੀਆਂ। ਪਿੰਡ ਹੁੰਦੇ ਤਾਂ ਘਰ ਵੀ ਨਹੀਂ ਸੀ ਬਣਨਾ। ਮੈਂ ਤਾਂ ਸੁਖਮਨੀ ਸਾਹਿਬ ਦੇ ਇਹ ਸ਼ਬਦ ਹਮੇਸ਼ਾ ਯਾਦ ਰੱਖਦਾਂ:
ਦਸ ਬਸਤੂ ਲੇ ਪਾਛੇ ਪਾਵੈ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ॥
ਤਉ ਮੂੜਾ ਕਹੁ ਕਹਾ ਕਰੇਇ॥
ਜਿਥੇ ਪਰਮਾਤਮਾ ਰੱਖਦਾ ਹੈ, ਉਥੇ ਰਹਿਣਾ ਪੈਂਦਾ ਹੈ। ਜਿਥੇ ਤੁਹਾਨੂੰ ਪਰਮਾਤਮਾ ਨੇ ਪਰਿਵਾਰਾਂ ਦੇ ਸੁੱਖ ਬਖਸ਼ੇ ਹਨ, ਉਥੇ ਥੋੜ੍ਹਾ-ਬਹੁਤਾ ਦੁਖ ਦਰਦ ਤਾਂ ਝੱਲਣਾ ਹੀ ਪੈਂਦਾ।”
ਮੇਰੀਆਂ ਗੱਲਾਂ ਸੁਣ ਕੇ ਉਹ ਚੁੱਪ ਹੋ ਗਏ ਤੇ ਡੀæਜੇæ ਵਾਲੇ ਨੇ ਉਨ੍ਹਾਂ ਦੀ ਚੁੱਪ ਤੋੜ ਦਿੱਤੀ। ਉਹ ਭੰਗੜਾ ਪਾਉਣ ਲੱਗ ਪਏ। ਮੈਂ ਇਕੱਲਾ ਬੈਠ ਕੇ ਸੋਚਦਾ ਰਿਹਾ, ਪਰਮਾਤਮਾ! ਤੇਰੇ ਰੰਗ ਨਿਆਰੇ ਹਨ।
ਫਿਰ ਅਸੀਂ ਸਾਰੇ ਜਣੇ ਹੱਸਦੇ ਹੋਏ ਵਿਛੜ ਗਏ।