ਮ੍ਰਿਣਾਲ ਸੇਨ ਦੀਆਂ ਸੈਨਤਾਂ

ਕੁਲਦੀਪ ਕੌਰ
ਮ੍ਰਿਣਾਲ ਸੇਨ ਬੰਗਾਲੀ ਫਿਲਮਸਾਜ਼ ਸੀ, ਪਰ ਹਿੰਦੀ, ਉੜੀਆ ਅਤੇ ਤੈਲਗੂ ਭਾਸ਼ਾਵਾਂ ਉਤੇ ਉਹਦੀ ਪਕੜ ਕਮਾਲ ਸੀ। ਉਹਦੀ ਪਹਿਲੀ ਫਿਲਮ ‘ਰਾਤ ਭੌਰ’ (ਨਾਈਟਜ਼ ਐਂਡ) ਤੋਂ ਲੈ ਕੇ ‘ਕੰਧਾਰ’ ਤੱਕ ਵਿਚ ਉਹਦੀ ਅਣਥੱਕ, ਬੇਚੈਨ ਅਤੇ ਸਦਾ ਜਵਾਨ ਸੋਚ ਦਾ ਭਰਪੂਰ ਜਜ਼ਬਾ ਮਿਲਦਾ ਹੈ। ‘ਰਾਤ ਭੌਰ’ ਉਹਦੇ ਆਪਣੇ ਸ਼ਬਦਾਂ ਵਿਚ ‘ਮਾੜਾ ਤਜਰਬਾ’ ਸੀ। ‘ਨੀਲ ਅਕਸ਼ੇਰ ਨੀਚੇ’ (ਨੀਲੇ ਅਕਾਸ਼ ਥੱਲੇ) ਉਹਦੇ ਮਾਰਕਸਵਾਦ ਤੋਂ ਪ੍ਰਭਾਵਿਤ ਹੋਣ ਦੇ ਮੁੱਢਲੇ ਦੌਰ ਦੀ ਫਿਲਮ ਹੈ। ਇਸ ਤੋਂ ਅਗਲੀ ਫਿਲਮ ‘ਬਾਰਿਸ਼ੇ ਸਰਵਣਾ’ (ਵਿਆਹ ਦਾ ਦਿਨ) ਵਿਚ ਉਹਦੀ ਸਿਆਸੀ ਸਮਝ ਸਪਸ਼ਟ ਹੋਣੀ ਸ਼ੁਰੂ ਹੋ ਜਾਂਦੀ ਹੈ।

ਇਸ ਫਿਲਮ ਬਾਰੇ ਇਕ ਇੰਟਰਵਿਊ ਵਿਚ ਉਹ ਆਖਦਾ ਹੈ ਕਿ ਫਿਲਮ ‘ਦੋ ਬੀਘਾ ਜ਼ਮੀਨ’ ਜਿਸ ਦੇ ਨਿਰਦੇਸ਼ਕ ਬਿਮਲ ਰਾਏ ਸਨ, ਉਹਦੇ ਦਿਲੋ-ਦਿਮਾਗ ਨੂੰ ਕਈ ਦਿਨਾਂ ਤੱਕ ਝੰਜੋੜਦੀ ਰਹੀ ਸੀ। ਇਸ ਤੋਂ ਬਾਅਦ ‘ਬਾਰਿਸ਼ੇ ਸਰਵਣਾ’ ਬਣਨ ਦੀ ਕਹਾਣੀ ਆਰੰਭ ਹੋਈ। ਇਹ ਫਿਲਮ ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਦੇ ਬੰਗਾਲ-ਵੰਡ ਤੋਂ ਪੀੜਤ ਦੋ ਪ੍ਰੇਮੀਆਂ ਦੀ ਕਹਾਣੀ ਹੈ ਜੋ ਹਾਲਾਤ ਦੀ ਕਰੂਰਤਾ ਦੇ ਝੰਬੇ ਹੋਏ ਹਨ। ਮ੍ਰਿਣਾਲ ਸੇਨ ਇਸ ਦਰਦ ਅਤੇ ਤਰਾਸਦੀ ਦੀਆਂ ਬਰੀਕ ਤੰਦਾਂ ਫੜਦਾ ਹੈ।
ਮ੍ਰਿਣਾਲ ਸੇਨ ਦੀਆਂ ਅਗਲੀਆਂ ਤਿੰਨ ਫਿਲਮਾਂ ਐਨ ਵੱਖ ਵੱਖ ਮੁੱਦਿਆਂ ਬਾਰੇ ਸਨ। ਇਕ ਵਿਚ ਔਰਤ ਦੇ ਘਰੇਲੂ ਤੋਂ ਕੰਮ-ਕਾਜੀ ਬਣਨ ਸਮੇਂ ਘਰਾਂ ਵਿਚ ਵਾਪਰਦੀਆਂ ਤਬਦੀਲੀਆਂ ਨੂੰ ਆਧਾਰ ਬਣਾਇਆ ਗਿਆ ਸੀ। 1956 ਵਿਚ ‘ਆਕਾਸ਼ ਕੁਸਮ’ ਨਿਰਦੇਸ਼ਿਤ ਕਰਨ ਤੱਕ ਉਹ ਫਰਾਂਸੀਸੀ ਅਤੇ ਸੋਵੀਅਤ ਯੂਨੀਅਨ ਦੇ ਸਿਨੇਮਾ ਤੋਂ ਆਕਰਸ਼ਿਤ ਹੋ ਚੁੱਕਾ ਸੀ। ਇਸ ਤੋਂ ਬਾਅਦ ਉਹਦੀਆਂ ਫਿਲਮਾਂ ਵਿਚ ਪ੍ਰਯੋਗਵਾਦ ਅਤੇ ਯਥਾਰਥਵਾਦ ਦਾ ਖੂਬਸੂਰਤ ਸੰਗਮ ਸ਼ੁਰੂ ਹੋਇਆ ਅਤੇ ਫਿਲਮਾਂ ਨਿੱਜੀ ਮਸਲਿਆਂ ਦੇ ਸਮਾਜਕ ਹੱਲ ਲੱਭਣ ਵੱਲ ਤੁਰਨ ਲੱਗੀਆਂ। ਜਦੋਂ ਉਸ ਨੇ ‘ਮਿੱਤਰਾ ਮਨੀਸ਼’ (ਦੋ ਭਰਾ) ਬਣਾਈ ਤਾਂ ਭਾਸ਼ਾ ਉੜੀਆ ਰੱਖੀ। ਆਲੋਚਕਾਂ ਦਾ ਜਵਾਬ ਦਿੰਦਿਆਂ ਉਸ ਨੇ ਕਿਹਾ- “ਇਸ ਨਾਲ ਤੁਸੀਂ ਨਵੇਂ ਦਿਸਹੱਦੇ ਤਰਾਸ਼ਦੇ ਹੋ। ਜੇ ਦੁਨੀਆਂ ਵਿਚ ਗੁਰਬਤ ਹਰ ਜਗ੍ਹਾ ਇਕੋ ਤਰੀਕੇ ਨਾਲ ਲੋਕਾਂ ਦਾ ਸ਼ੋਸ਼ਣ ਕਰਦੀ ਹੈ ਤਾਂ ਖਿੱਤਾ ਅਤੇ ਭਾਸ਼ਾ ਕੋਈ ਵੀ ਹੋਵੇ, ਫਿਲਮ ਆਪਣੀ ਗੱਲ ਕਹਿਣ ਵਿਚ ਕਾਮਯਾਬ ਹੋਵੇਗੀ।”
ਮ੍ਰਿਣਾਲ ਸੇਨ ਨੇ ਹਿੰਦੀ ਵਿਚ ਫਿਲਮ ‘ਭੂਵਨ ਸ਼ੋਮ’ ਨਿਰਦੇਸ਼ਿਤ ਕੀਤੀ। ਇਸ ਫਿਲਮ ਦਾ ਖਾਕਾ ਅਜਿਹੇ ਅਧਿਕਾਰੀ ਦੀ ਜ਼ਿੰਦਗੀ ਦੇ ਆਸ-ਪਾਸ ਖਿੱਚਿਆ ਗਿਆ ਹੈ ਜੋ 50 ਸਾਲ ਦੀ ਉਮਰ ਵਿਚ ਆਪਣੀ ਜ਼ਿੰਦਗੀ ਅਤੇ ਹੋਂਦ ਦੇ ਸਵਾਲਾਂ ਨੂੰ ਮੁਖਾਤਿਬ ਹੁੰਦਾ ਹੈ। ਜਦੋਂ ਉਹ ਸ਼ਿਕਾਰੀ ਦੇ ਰੂਪ ਵਿਚ ਪੰਛੀ ਮਾਰਨ ਦੂਰ-ਦੁਰਾਡੇ ਦੇ ਪਿੰਡਾਂ ਵਿਚ ਘੁੰਮਦਾ ਹੈ ਤਾਂ ਉਸ ਦੀ ਮੁਲਾਕਾਤ ਗੌਰੀ ਨਾਂ ਦੀ ਕੁੜੀ ਨਾਲ ਹੁੰਦੀ ਹੈ ਜੋ ਉਸ ਨੂੰ ਜ਼ਿੰਦਗੀ ਦੇ ਅਸਲ ਅਰਥ ਸਮਝਾਉਂਦੀ ਹੈ। ਫਿਲਮ ਦੇ ਇਕ ਦ੍ਰਿਸ਼ ਵਿਚ ਗੌਰੀ ਉਸ ਨੂੰ ਆਖਦੀ ਹੈ ਕਿ ਜੇ ਪੰਛੀਆਂ ਦਾ ਸ਼ਿਕਾਰ ਕਰਨਾ ਹੈ ਤਾਂ ਆਪਣਾ ਕੋਟ ਪੈਂਟ ਵਾਲਾ ਅਫ਼ਸਰੀ ਚੋਗਾ ਉਤਾਰ ਕੇ, ਸਾਧਾਰਨ ਦਿਹਾਤੀ ਕੁੜਤਾ ਪਜਾਮਾ ਬਦਲ ਲੈ, ਨਹੀਂ ਤਾਂ ਪੰਛੀ ਦੇਖ ਕੇ ਹੀ ਡਰ ਜਾਣਗੇ। ਇਹੀ ਇਸ ਫਿਲਮ ਦਾ ਸਾਰ ਹੈ ਜੋ ਭੂਵਨ ਨੂੰ ਅਫਸਰੀ ਦੇ ਰੁੱਖੇ, ਖੁਸ਼ਕ ਤੇ ਫੋਕੀ ਟੋਹਰ ਵਾਲੇ ਬਿੰਬ ਵਿਚੋਂ ਕੱਢ ਕੇ ਆਜ਼ਾਦ ਹੋਣ ਦੀ ਰਾਹ ਤੋਰਦਾ ਹੈ।
ਇਸ ਫਿਲਮ ਨੂੰ ਹਿੰਦੀ ਸਿਨੇਮਾ ਵਿਚ ਆ ਰਹੀਆਂ ਤਬਦੀਲੀਆਂ ਨਾਲ ਜੋੜ ਕੇ ਵੀ ਸਮਝਿਆ ਜਾ ਸਕਦਾ ਹੈ। ਇਸ ਦੌਰ ਤੱਕ ਆਉਂਦੇ ਆਉਂਦੇ ਭਾਰਤੀ ਸਿਨੇਮਾ ਨਾ ਸਿਰਫ ਹਾਲੀਵੁੱਡ ਦੇ ਪ੍ਰਭਾਵ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਸਗੋਂ ਘੜੀਆਂ-ਘੜਾਈਆਂ ਧਾਰਨਾਵਾਂ ਅਤੇ ਫਾਰਮੂਲੇ ਰੱਦ ਕਰਨ ਦਾ ਤਰੱਦਦ ਵੀ ਕਰ ਰਿਹਾ ਸੀ।
‘ਇੰਟਰਵਿਊ’ ਦੀ ਭਾਸ਼ਾ ਬੰਗਾਲੀ ਸੀ। ਇਹ ਫਿਲਮ ਬਿਰਤਾਂਤਕ ਅਤੇ ਸਿਨੇਮਈ ਮੁਹਾਵਰੇ ਦੇ ਪੱਖ ਤੋਂ ਅਨੂਠਾ ਤਜਰਬਾ ਸੀ। ਬਿਲਕੁਲ ਸਾਧਾਰਨ ਘਟਨਾ Ḕਤੇ ਆਧਾਰਿਤ ਇਸ ਫਿਲਮ ਨੇ ਮੱਧ ਵਰਗੀ ਮਾਨਸਕਿਤਾ, ਅੰਗਰੇਜ਼ਾਂ ਦੀ ਭਗਤੀ ਦੀ ਰਹਿੰਦ-ਖੂØਹਿੰਦ ਅਤੇ ਰਾਜਤੰਤਰ ਦੇ ਦੋਗਲੇ ਕਿਰਦਾਰ ਨੂੰ ਨੰਗਿਆਂ ਕੀਤਾ। ਫਿਲਮ ਦਾ ਨਾਇਕ ਆਪਣੇ ਦੋਸਤ ਦੇ ਭਰੋਸੇ ਕਿਸੇ ਅੰਗਰੇਜ਼ੀ ਕੰਪਨੀ ਵਿਚ ਇੰਟਰਵਿਊ ਲਈ ਜਾਣ ਵਾਲਾ ਹੈ। ਉਸੇ ਦਿਨ ਸ਼ਹਿਰ ਦੇ ਧੋਬੀ ਘਾਟਾਂ ਦੀ ਹੜਤਾਲ ਕਾਰਨ ਉਸ ਦਾ ਅੰਗਰੇਜ਼ੀ ਸੂਟ ਮੌਕੇ ‘ਤੇ ਨਹੀਂ ਮਿਲਦਾ। ਪ੍ਰੇਸ਼ਾਨ ਨੌਜਵਾਨ ਕਦੇ ਆਪਣੇ ਬਾਪ ਦਾ ਪੁਰਾਣਾ ਸੂਟ ਪਾ ਕੇ ਦੇਖਦਾ ਹੈ, ਕਦੇ ਦੋਸਤਾਂ ਦੇ ਮਿੰਨਤਾਂ-ਤਰਲੇ ਕਰਦਾ ਹੈ। ਸਵਾਲ ਇਹ ਨਹੀਂ ਕਿ ਫਿਲਮ ਦੇ ਅਖੀਰ ਵਿਚ ਉਸ ਨੂੰ ਨੌਕਰੀ ਮਿਲਦੀ ਹੈ ਜਾਂ ਨਹੀਂ, ਸਵਾਲ ਤਾਂ ਉਸ ਅਣਮਨੁੱਖੀ ਢਾਂਚੇ ਦਾ ਹੈ ਜੋ ਪ੍ਰਤਿਭਾਸ਼ਾਲੀ ਤੇ ਸੰਭਾਵਨਾਵਾਂ ਨਾਲ ਭਰੀਆਂ ਮਨੁੱਖੀ ਜ਼ਿੰਦਗੀਆਂ ਨੂੰ ਕਦਮ-ਦਮ-ਕਦਮ ਜ਼ਲੀਲ ਕਰਦਾ ਹੈ। ‘ਕਲਕੱਤਾ-71’ ਵਰਗੀ ਫਿਲਮ ਗਰੀਬੀ ਅਤੇ ਹਿੰਸਾ ਦੇ ਅੰਤਰ-ਸਬੰਧਾਂ ਨੂੰ ਕਲਕੱਤੇ ਵਿਚ ਵਾਪਰ ਰਹੀਆਂ ਘਟਨਾਵਾਂ ਨਾਲ ਜੋੜ ਕੇ ਦਰਸਾਉਂਦੀ ਹੈ।
ਮ੍ਰਿਣਾਲ ਸੇਨ ‘ਮ੍ਰਿਗਆ’ (ਸ਼ਾਹੀ ਸ਼ਿਕਾਰ) ਨਾਲ ਆਦਿਵਾਸੀ ਪਿੰਡ ਵਾਸੀਆਂ ਨਾਲ ਹੋ ਰਹੀ ਲੁਕਵੀਂ ਹਿੰਸਾ ਵੱਲ ਮੁੜਦਾ ਹੈ। ਇਹ ਫਿਲਮ ਮਿਥੁਨ ਚੱਕਰਵਰਤੀ ਦੀ ਸ਼ਾਨਦਾਰ ਅਦਾਕਾਰੀ ਕਰ ਕੇ ਜਾਣੀ ਜਾਂਦੀ ਹੈ। ਫਿਲਮ ਵਿਚ ਅੰਗਰੇਜ਼ੀ ਸ਼ਾਸਕਾਂ ਦੇ ਪਿੰਡ ਵਾਸੀਆਂ ਨਾਲ ਕੀਤੇ ਵਿਹਾਰ ਦਾ ਵੇਰਵਾ ਹੈ। ਫਿਲਮ ਦਾ ਨਾਇਕ ਗੁਣੀਆ ਨਿਪੁੰਨ ਸ਼ਿਕਾਰੀ ਹੈ ਜਿਸ ਦੀ ਸਾਂਝ ਨਵੇਂ ਨਿਯੁਕਤ ਅੰਗਰੇਜ਼ ਸ਼ਾਸਕ ਨਾਲ ਪੈ ਜਾਂਦੀ ਹੈ। ਪਿੰਡ ਵਿਚ ਅਨੇਕਾਂ ਪੁਲਿਸ ਮੁਖਬਰ ਅਤੇ ਸ਼ਾਹੂਕਾਰ ਹਨ ਜੋ ਆਦਿਵਾਸੀਆਂ ਤੇ ਸ਼ਿਕਾਰੀਆਂ ਵਾਂਗ ਘਾਤ ਲਾਈ ਰੱਖਦੇ ਹਨ। ਪਿੰਡ ਦਾ ਇਨਕਲਾਬੀ ਨੌਜਵਾਨ ਸੋਲਪੂ ਜਦੋਂ ਆਪਣੀ ਮਾਂ ਨੂੰ ਮਿਲਣ ਆਉਂਦਾ ਹੈ ਤਾਂ ਇਕ ਮੁਖਬਰ ਉਸ ਨੇ ਮਾਰ ਕੇ ਅੰਗਰੇਜ਼ਾਂ ਤੋਂ ਇਨਾਮੀ ਰਾਸ਼ੀ ਲੈਣ ਦੇ ਲਾਲਚ ਵਿਚ ਪਿੰਡ ਆ ਪਹੁੰਚਦਾ ਹੈ। ਪਤਾ ਲੱਗਣ Ḕਤੇ ਪਿੰਡ ਵਾਸੀ ਉਸ ਦੀ ਭੁਗਤ ਸੰਵਾਰ ਦਿੰਦੇ ਹਨ। ਉਹ ਬਦਲੇ ਦੀ ਅੱਗ ਵਿਚ ਸਾਜ਼ਿਸ਼ ਰਚਦਾ ਹੈ। ਪਿੰਡ ਵਿਚ ਡਕੈਤੀ ਪੈਂਦੀ ਹੈ ਅਤੇ ਇਕ ਪੁਲਿਸ ਵਾਲੇ ਦੀ ਮੌਤ ਹੋ ਜਾਂਦੀ ਹੈ। ਇਸ ਦੇ ਬਦਲੇ ਸੋਲਪੂ ਨੂੰ ਘੇਰ ਕੇ ਮਾਰ ਦਿੱਤਾ ਜਾਂਦਾ ਹੈ। ਜਦੋਂ ਮੁਖਬਰ ਨੂੰ ਇਸ ਬਦਲੇ ਇਨਾਮ ਮਿਲਦਾ ਹੈ ਤਾਂ ਪਿੰਡ ਵਾਸੀਆਂ ਅਤੇ ਗੈਰ-ਆਦਿਵਾਸੀਆਂ ਵਿਚਕਾਰ ਕੰਧ ਖਿੱਚੀ ਜਾਂਦੀ ਹੈ। ਮਾੜੀ ਨੀਅਤ ਨਾਲ ਪਿੰਡ ਦਾ ਸ਼ਾਹੂਕਾਰ ਗੁਣੀਆ ਦੀ ਪਤਨੀ ਨੂੰ ਅਗਵਾ ਕਰ ਲੈਂਦਾ ਹੈ ਜਿਸ ਨੂੰ ਬਚਾਉਣ ਲਈ ਗੁਣੀਆ ਸ਼ਾਹੂਕਾਰ ਨੂੰ ਮਾਰ ਦਿੰਦਾ ਹੈ। ਉਹ ਜਦੋਂ ਇਸ ਦੀ ਖ਼ਬਰ ਲੈ ਕੇ ਅੰਗਰੇਜ਼ ਸ਼ਾਸਕ ਕੋਲ ਜਾਂਦਾ ਹੈ ਤਾਂ ਉਸ ਨੂੰ ਇਨਾਮ ਦੀ ਥਾਂ ਫਾਂਸੀ ਦੇਣ ਦਾ ਹੁਕਮ ਮਿਲਦਾ ਹੈ। ਗੁਣੀਆ ਨੂੰ ਫਾਂਸੀ ਲੱਗਣ ਤੱਕ ਇਹੀ ਸਮਝ ਵਿਚ ਨਹੀਂ ਆਉਂਦਾ ਕਿ ਇਕੋ ਤਰ੍ਹਾਂ ਦੇ ਜੁਰਮਾਂ ਲਈ ਵੱਖ ਵੱਖ ਮਾਪਦੰਡ ਕਿਉਂ? ਇਉਂ ਨਿਰਦੇਸ਼ਕ ਨਿਆਂ, ਸ਼ਾਸਨ ਅਤੇ ਰਾਜਤੰਤਰ ਦਾ ਲੋਕ ਵਿਰੋਧੀ ਚਿਹਰਾ ਉਘਾੜਦਾ ਹੈ। ਇਹ ਫਿਲਮ ਉੜੀਆ ਲੇਖਕ ਭਗਵਤੀ ਚਰਨ ਦੀ ਕਹਾਣੀ ‘ਸ਼ਿਕਾਰੀ’ ਉਤੇ ਆਧਾਰਿਤ ਸੀ। ਇਸ ਨੂੰ ਆਦਿਵਾਸੀ ਸੰਥਾਲਾਂ ਦੇ ਵਿਦਰੋਹ ਨਾਲ ਜੋੜ ਕੇ ਵੀ ਸਮਝਿਆ ਗਿਆ ਹੈ। ਫਿਲਮ ਬਾਕਸ ਆਫਿਸ Ḕਤੇ ਫਲਾਪ ਹੋ ਗਈ ਸੀ। ਸ਼ਾਇਦ ਦਰਸ਼ਕਾਂ ਲਈ ਕਹਾਣੀ ਵਿਚ ਪਰੋਇਆ ਇਤਿਹਾਸ ਪਚਾਉਣਾ ਔਖਾ ਸੀ!
(ਚਲਦਾ)

‘ਬੀਬਾ ਬੁਆਇਜ਼’ ਦੀ ਬਾਤ
ਰੌਸ਼ਨੀ ਖੇਤਲ
ਫਿਲਮਸਾਜ਼ ਦੀਪਾ ਮਹਿਤਾ ਆਪਣੀ ਨਵੀਂ ਫਿਲਮ ‘ਬੀਬਾ ਬੁਆਇਜ਼’ ਨਾਲ ਫਿਰ ਹਾਜ਼ਰ ਹੋਈ ਹੈ। ਇਹ ਫਿਲਮ ਕੈਨੇਡਾ ਦੇ ਅਪਰਾਧ ਜਗਤ ਦੀ ਬਾਤ ਪਾਉਂਦੀ ਜਿਥੇ ਭਾਰਤੀ, ਖਾਸ ਕਰ ਕੇ ਪੰਜਾਬੀਆਂ ਦੀ ਆਪਸੀ ਲੜਾਈ ਅੱਜ ਕੱਲ੍ਹ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਛਾਈ ਰਹਿੰਦੀ ਹੈ। ਫਿਲਮ ਵਿਚ ਰਣਦੀਪ ਹੁੱਡਾ, ਗੁਲਸ਼ਨ ਗਰੋਵਰ, ਵਾਰਿਸ ਆਹਲੂਵਾਲੀਆ, ਅਲੀ ਕਾਜ਼ਮ ਵਰਗੇ ਕਲਾਕਾਰ ਹਨ। ਇਹ ਸਾਰੇ ਵੈਨਕੂਵਰ ਵਿਚ ਹੋਂਦ ਦੀ ਲੜਾਈ ਲੜ ਰਹੇ ਹਨ। ਗੌਰਤਲਬ ਹੈ ਕਿ ਹੋਂਦ ਦੀ ਇਹ ਲੜਾਈ ਹੁਣ ਕਤਲਾਂ ਤੱਕ ਜਾ ਪੁੱਜੀ ਹੈ ਅਤੇ ਇਸ ਪੱਖੋਂ ਕੈਨੇਡੀਅਨ ਸਮਾਜ ਵਿਚ ਪੰਜਾਬੀ ਭਾਈਚਾਰੇ ਦੀ ਨੁਕਤਾਚੀਨੀ ਵੀ ਬਹੁਤ ਹੋ ਰਹੀ ਹੈ।
‘ਬੀਬਾ ਬੁਆਇਜ਼’ 13 ਸਤੰਬਰ ਨੂੰ ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿਚ ਦਿਖਾਈ ਗਈ ਸੀ ਅਤੇ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਹੁਣ ਇਹ ਫਿਲਮ 16 ਅਕਤੂਬਰ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਦੀਪਾ ਮਹਿਤਾ ਨੇ ਇਹ ਫਿਲਮ ਅੰਗਰੇਜ਼ੀ ਅਤੇ ਪੰਜਾਬੀ ਵਿਚ ਤਿਆਰ ਕੀਤੀ ਹੈ। ਇਸ ਤੋਂ ਪਹਿਲਾਂ ਦੀਪਾ ਮਹਿਤਾ ‘ਫਾਇਰ’, ‘ਅਰਥ’, ‘ਵਾਟਰ’ ਤੇ ‘ਮਿਡਨਾਈਟਸ ਚਿਲਡਰਨ’ ਵਰਗੀਆਂ ਫਿਲਮਾਂ ਬਣਾ ਚੁੱਕੀ ਹੈ।
ਅੰਮ੍ਰਿਤਸਰ ਵਿਚ ਪਹਿਲੀ ਜਨਵਰੀ 1950 ਨੂੰ ਜਨਮੀ ਦੀਪਾ ਮਹਿਤਾ ਨੇ ਆਪਣਾ ਕਰੀਅਰ ਦਸਤਾਵੇਜ਼ੀ ਫਿਲਮਾਂ ਨਾਲ 1991 ਵਿਚ ਸ਼ੁਰੂ ਕੀਤਾ ਸੀ। ਉਦੋਂ ਉਸ ਨੇ ‘ਸੈਮ ਐਂਡ ਮੀ’ ਅਤੇ 1994 ਵਿਚ ‘ਕੈਮਿਲਾ’ ਫਿਲਮਾਂ ਬਣਾਈਆਂ। 1996 ਵਿਚ ‘ਫਾਇਰ’ ਫੀਚਰ ਫਿਲਮ ਨਾਲ ਉਸ ਨੇ ਫਿਲਮ ਜਗਤ ਵਿਚ ਤਰਥੱਲੀ ਪਾਈ। ਇਸ ਫਿਲਮ ਵਿਚ 2 ਔਰਤਾਂ ਦੇ ਆਪਸੀ ਸਬੰਧਾਂ ਦੀ ਬਾਤ ਸੀ। ‘ਫਾਇਰ’ ਵਾਲੀ ਲੜੀ ਵਿਚ ਉਸ ਨੇ ‘ਅਰਥ’ ਅਤੇ ‘ਵਾਟਰ’ ਨਾਂ ਦੀਆਂ ਫਿਲਮਾਂ ਬਣਾਈਆਂ। ਸਲਮਾਨ ਰਸ਼ਦੀ ਦੇ ਨਾਵਲ ‘ਮਿਡਨਾਈਟਸ ਚਿਲਡਰਨ’ ਜੋ 2012 ਵਿਚ ਤਿਆਰ ਹੋ ਗਈ ਸੀ, ਲਈ ਵੀ ਉਸ ਨੂੰ ਖੂਬ ਹੁੰਗਾਰਾ ਮਿਲਿਆ ਸੀ। ਰਸ਼ਦੀ ਦਾ ਇਹ ਨਾਵਲ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੈ। ਦੀਪਾ ਮਹਿਤਾ ਜਨਮੀ ਭਾਵੇਂ ਅੰਮ੍ਰਿਤਸਰ ਵਿਚ ਸੀ ਪਰ ਉਸ ਦਾ ਪਾਲਣ-ਪੋਸ਼ਣ ਨਵੀਂ ਦਿੱਲੀ ਵਿਚ ਹੋਇਆ। ਉਸ ਦਾ ਫਿਲਮ ਡਿਸਟਰੀਬਿਊਟਰ ਪਿਤਾ ਪਰਿਵਾਰ ਸਮੇਤ ਦਿੱਲੀ ਜਾ ਵਸਿਆ ਸੀ। ਦੀਪਾ ਨੇ ਪੜ੍ਹਾਈ ਦੇਹਰਾਦੂਨ ਤੇ ਨਵੀਂ ਦਿੱਲੀ ਤੋਂ ਹਾਸਲ ਕੀਤੀ। ਪੜ੍ਹਾਈ ਦੌਰਾਨ ਹੀ ਉਸ ਦੀ ਦਿਲਚਸਪੀ ਫਿਲਮਾਂ ਵਾਲੇ ਪਾਸੇ ਹੋ ਗਈ ਸੀ।

ਚੁਰਾਸੀ ਦੀ ਚੀਸ-31 ਅਕਤੂਬਰ
ਫਿਲਮ ’31 ਅਕਤੂਬਰ’ ਵਿਚ ਅਦਾਕਾਰ ਵੀਰ ਦਾਸ ਅਤੇ ਅਦਾਕਾਰਾ ਸੋਹਾ ਅਲੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੀਆਂ ਘਟਨਾਵਾਂ ਦੀ ਪੀੜ ਬਿਆਨ ਕਰਦੀ ਹੈ। ਫਿਲਮ ਅਜਿਹੇ ਬਾਪ ਦੀ ਸੱਚੀ ਘਟਨਾ ‘ਤੇ ਆਧਾਰਿਤ ਹੈ ਜੋ ਆਪਣੇ ਦੋ ਬੱਚਿਆਂ ਨੂੰ ਬਚਾਉਣ ਲਈ ਤੜਫ਼ਦਾ ਹੈ। ਇਹ ਫਿਲਮ 18 ਅਤੇ 20 ਜੁਲਾਈ ਲੰਡਨ ਭਾਰਤੀ ਫਿਲਮ ਮੇਲੇ ਵਿਚ ਦਿਖਾਈ ਗਈ ਸੀ। ਲੋਕਾਂ ਨੂੰ ਫਿਲਮ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਦਰਸ਼ਕ ਫਿਲਮ ਦੀ ਪ੍ਰਸ਼ੰਸਾ ਵਿਚ ਹਾਲ ਵਿਚ ਖੜ੍ਹੇ ਹੋ ਗਏ। ਹੁਣ ਇਹ ਫਿਲਮ 30 ਅਕਤੂਬਰ 2015 ਨੂੰ ਰਿਲੀਜ਼ ਹੋ ਰਹੀ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਸ਼ੇ ‘ਤੇ ਬਣਨ ਵਾਲੀ ਇਹ ਪਹਿਲੀ ਬਾਲੀਵੁੱਡ ਫਿਲਮ ਹੈ। ਇਸ ਫਿਲਮ ਲਈ ਵੀਰ ਦਾਸ ਨੇ ਬਹੁਤ ਮਿਹਨਤ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਸਿੱਖਣ ਵਿਚ ਤਾਂ ਦਿੱਕਤ ਨਹੀਂ ਹੋਈ, ਪਰ ਪਿਤਾ ਦਾ ਰੋਲ ਨਿਭਾਉਣਾ ਵੰਗਾਰ ਵਾਲਾ ਕੰਮ ਸੀ। ਫਿਲਮ ਸ਼ਿਵਾਜੀ ਲੋਟਣ ਪਾਟਿਨ ਨੇ ਬਣਾਈ ਹੈ ਜਿਸ ਦੀ ਮਰਾਠੀ ਫਿਲਮ ‘ਧਗ’ ਨੂੰ ਸਰਵੋਤਮ ਨਿਰਦੇਸ਼ਕ ਦਾ ਕੌਮੀ ਪੁਰਸਕਾਰ ਮਿਲ ਚੁੱਕਾ ਹੈ।
-ਸਿਮਰਨ ਕੌਰ