ਉੜ ਗਏ ਮੇਰੇ ਉਡਣੇ ਮਿੱਤਰ

ਗੁਲਜ਼ਾਰ ਸਿੰੰਘ ਸੰਧੂ
ਪਿਛਲੇ ਦਿਨਾਂ ਵਿਚ ਮੇਰੇ ਬਹੁਤ ਪਿਆਰੇ ਦੋ ਮਿੱਤਰ ਅਕਾਲ ਚਲਾਣਾ ਕਰ ਗਏ। ਪੰਜਾਬੀ ਕਵੀ ਤੇ ਮਨੋਵਿਗਿਆਨ ਦਾ ਡਾਕਟਰ ਜਸਵੰਤ ਸਿੰਘ ਨੇਕੀ ਅਤੇ ਇੰਡੀਅਨ ਇੰਸਟੀਚਿਊਟ ਆਫ ਮਾਸ ਕਮੀਊਨਿਕੇਸ਼ਨ ਦਾ ਸੀਨੀਅਰ ਪ੍ਰੋਫੈਸਰ ਸ਼੍ਰੀ ਕੇ ਐਮ ਸ਼੍ਰੀਵਾਸਤਵ। ਮੂੰਹ-ਤੂੰਹ ਲਗਦਾ ਤੇ ਹਰਮਨ ਪਿਆਰਾ ਜਸਵੰਤ ਸਿੰਘ ਨੇਕੀ ਅਪਣੇ ਵਿਦਿਅਕ ਜੀਵਨ ਵਿਚ ਆਲ ਇੰਡੀਆ ਸਿੱਖ ਸਟੂਡੈਂਸ ਫੈਡਰੇਸ਼ਨ ਦਾ ਉਘਾ ਕਾਰਕੁਨ ਰਹਿਣ ਉਪਰੰਤ ਅਪਣੇ ਦੇਸ਼ ਵਿਚ ਪੀ ਜੀ ਆਈ ਚੰਡੀਗੜ੍ਹ ਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਉਚੇ ਅਹੁਦਿਆਂ ਉਤੇ ਰਹਿਣ ਉਪਰੰਤ ਯੂ ਐਨ ਓ ਦੇ ਸੱਦੇ ਉਤੇ ਵਿਦੇਸ਼ਾਂ ਵਿਚ ਵੀ ਅਹਿਮ ਜਿਮੇਂਵਾਰੀਆਂ ਨਿਭਾਉਂਦਾ ਰਿਹਾ। ਉਸ ਨੂੰ ਉਸ ਦੀ ਕਵਿਤਾ ਲਈ ਕੇਂਦਰ ਦੀ ਸਾਹਿਤ ਅਕਾਡਮੀ ਵੱਲੋਂ ਸਨਮਾਨਿਆ ਗਿਆ।

ਉਸ ਦੀ ਹਰਮਨਪਿਆਰਤਾ ਸਦਕਾ ਉਸ ਦੇ ਅਕਾਲ ਚਲਾਣੇ ਦੀ ਖਬਰ ਸੁਣਦੇ ਸਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਪਣੇ ਦਫਤਰ ਰਹਿੰਦੇ ਦਿਨ ਵਾਸਤੇ ਬੰਦ ਕਰ ਦਿੱਤੇ ਅਤੇ ਅਗਲੇ ਦਿਨ ਉਸ ਦੇ ਸਸਕਾਰ ਸਮੇਂ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਹਾਜ਼ਰ ਹੋਏ।
ਵੇਦਾਂ ਤੋਂ ਗਾਂਧੀ ਤਕ ਮੀਡੀਆ ਸਦਾਚਾਰ, ਕਬੂਤਰ ਤੋਂ ਇੰਟਰਨੈਟ ਤਕ ਸਮਾਚਾਰ ਏਜੰਸੀਆਂ ਵਰਗੀਆਂ ਇਕ ਦਰਜਨ ਅੰਗ੍ਰੇਜ਼ੀ ਪੁਸਤਕਾਂ ਦਾ ਰਚੈਤਾ ਕੇ ਐਮ ਸ੍ਰੀਵਾਸਤਵ ਪੰਜਾਬੀ ਯੂਨੀਵਰਸਟੀ ਵਿਚ ਕੁਲਦੀਪ ਨਈਅਰ ਵਲੋਂ ਸਥਾਪਤ ਕੀਤੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦਾ ਮੁਖੀ ਰਿਹਾ। ਕੰਵਾਰਾ ਰਹਿ ਕੇ ਸੰਚਾਰ ਸਾਧਨਾਂ ਦੇ ਧੁਰ ਅੰਦਰ ਦੀ ਥਾਹ ਪਾਉੁਣ ਵਾਲਾ ਮੇਰਾ ਇਹ ਮਿੱਤਰ ਜੈਨੀਵਾ, ਯੂਗੋਸਲਾਵੀਆ, ਤਾਸਕੰਦ, ਦਖਣੀ ਕੋਰੀਆ, ਮੈਕਸੀਕੋ, ਸਿੰਘਾਪੁਰ, ਸਪੇਨ, ਫਿਨਲੈਂਡ, ਬਾਰਸੀਲੋਨਾ ਆਦਿ ਤਿੰਨ ਦਰਜਨ ਤੋਂ ਵਧ ਸਥਾਨਾਂ ਉਤੇ ਮੀਡੀਆ ਸਬੰਧਤ ਸਮਾਗਮਾਂ ਵਿਚ ਅਪਣੀ ਮੋਹਰ ਲਾ ਚੁੱਕਿਆ ਸੀ।
ਮੈਨੂੰ ਦੋਨਾਂ ਮਿੱਤਰਾਂ ਦੇ ਅਕਾਲ ਚਲਾਣੇ ਦਾ ਦੁੱਖ ਹੈ। ਜਸਵੰਤ ਸਿੰਘ ਨੇਕੀ ਦਾ ਖਾਸ ਕਰਕੇ ਜਿਸ ਨੂੰ ਅੰਤਲੇ ਸਮੇਂ ਤਿੰਨ ਮਹੀਨੇ ਗੈਂਗੇਰੀਨ ਦਾ ਕਸ਼ਟ ਭੋਗਣਾ ਪਿਆ। ਨੇਕੀ ਜੀ ਤਾਂ ਨੱਬਿਆਂ ਤੋਂ ਉਤੇ ਸਨ ਪਰ ਸ੍ਰੀਵਾਸਤਵ ਦੀ ਉਮਰ ਕੇਵਲ 65 ਸਾਲ ਸੀ। ਜੇ ਉਹ ਹੋਰ ਜੀਵਤ ਰਹਿੰਦਾ ਤਾਂ ਪਤਾ ਨਹੀਂ ਭਾਰਤ ਦੀ ਕਿੰਨੇ ਹੋਰ ਦੇਸ਼ਾਂ ਵਿਚ ਪ੍ਰਤੀਨਿਧਤਾ ਕਰਦਾ। ਮੇਰੇ ਦੋਵੇਂ ਮਿੱਤਰ ਭਰਵੀਂ ਉਡਾਰੀ ਮਾਰਨ ਵਿਚ ਯਕੀਨ ਰਖਦੇ ਸਨ। ਉਨ੍ਹਾਂ ਦੀਆਂ ਆਤਮਾਵਾਂ ਸੁਖੀ ਰਹਿਣ!
‘ਧਰਮ ਯੁੱਗ’ ਤੇ ‘ਵੀਕਲੀ’ ਦੀ ਯਾਦ: ਸਰਕਾਰੀ ਤੇ ਗੈਰ-ਸਰਕਾਰੀ ਦਫਤਰਾਂ ਵਿਚ ਸੰਪਾਦਕ ਦੀ ਜ਼ਿਮੇਵਾਰੀ ਨਿਭਾਉਣ ਸਦਕਾ ਮੈਂ ਦੇਸ਼ੀ ਤੇ ਵਿਦੇਸ਼ੀ ਛਪਾਈ ਦੀਆਂ ਕਈ ਮਸ਼ੀਨਾ ਨੇੜੇ ਤੋਂ ਵੇਖੀਆਂ ਹਨ। ਸੰਨ 1953 ਵਿਚ ਸਪਤਾਹਿਕ ‘ਫਤਿਹ’ ਤੇ ਮਾਸਕ ‘ਪ੍ਰੀਤਮ’ ਦੀ ਸੰਪਾਦਕੀ ਨਿਭਾਉਂਦਿਆਂ ਹੱਥਾਂ ਤੇ ਪੈਰਾਂ ਨਾਲ ਚਲਦੀਆਂ ਮਸ਼ੀਨਾਂ ਦੇਖਣ ਤੋ ਪਿਛੋਂ ਝੰਡੇਵਾਲਾ ਐਸਟੇਟ, ਨਵੀਂ ਦਿੱਲੀ ਤੋਂ ਛਪਦੇ ‘ਕੈਰਾਵਾਨ'(ਅੰਗ੍ਰੇਜ਼ੀ) ਤੇ ‘ਸਰਿਤਾ'(ਹਿੰਦੀ) ਨੂੰ ਛਾਪਣ ਵਾਲੀਆਂ ਮਸ਼ੀਨਾਂ ਦੇਖ ਕੇ ਹੈਰਾਨ ਹੋਇਆ। ਉਥੇ ਮੇਰਾ ਹਮ ਜਮਾਤੀ ਅਰਵਿੰਦ ਕੁਮਾਰ ਉਨ੍ਹਾਂ ਦੇ ਸੰਪਾਦਕੀ ਮੰਡਲ ਵਿਚ ਕੰਮ ਕਰਦਾ ਸੀ। ਜਦੋਂ ਦਿੱਲੀ ਛਡਕੇ ਅਰਵਿੰਦ ਨੇ ਮੁੰਬਈ ਜਾ ਕੇ ‘ਧਰਮ ਯੁਗ’ ਦਾ ਕੰਮ ਸਾਂਭ ਲਿਆ ਤੇ ਖੁਸ਼ਵੰਤ ਸਿੰਘ ਨੇ ‘ਵੀਕਲੀ’ (ਇਲਸਟ੍ਰੇਟਡ ਵੀਕਲੀ ਆਫ ਇੰਡੀਆ) ਦਾ ਤਾਂ ਮੈਨੂੰ ਮੁੰਬਈ ਵਿਚ ਉਨ੍ਹਾਂ ਦੇ ਛਾਪੇਖਾਨੇ ਦੀਆਂ ਦਿਓ ਕਦ ਮਸ਼ੀਨਾਂ ਵੇਖਣ ਦਾ ਮੌਕਾ ਮਿਲਿਆ। ਰਸਾਲੇ ਦੇ ਕੰਪੋਜ਼ ਹੋਣ ਪਿਛੋਂ ਉਸ ਦੀ ਛਪਾਈ ਤੇ ਜਿਲਦ ਸਾਜ਼ੀ ਤੋਂ ਪਿਛੋਂ ਬਕਸਾ ਬੰਦ ਹੋ ਕੇ ਛਾਪੇਖਾਨੇ ਤੋਂ ਬਾਹਰ ਜਾਣ ਤੱਕ ਸਾਰਾ ਕੰਮ ਮਨੁੱਖੀ ਹੱਥ ਲਗਣ ਤੋਂ ਬਿਨਾ ਹੀ ਹੋ ਰਿਹਾ ਸੀ।
ਮੈਂ ਚੰਡੀਗੜ੍ਹ ਆਇਆ ਤਾਂ ਟ੍ਰਿਬਿਉਨ ਦੀਆਂ ਵੱਡੀਆਂ ਮਸ਼ੀਨਾ ਤੋਂ ਬਿਨਾ ਲੋਕਗੀਤ ਪ੍ਰਕਾਸ਼ਨ ਵਾਲਿਆਂ ਦੀਆਂ ਪੁਸਤਕ ਛਾਪ ਮਸ਼ੀਨਾਂ ਵੀ ਦੇਖੀਆਂ। ਹੁਣ ਜਦੋਂ ਲੋਕਗੀਤ ਪ੍ਰਕਾਸ਼ਨ ਨੇ ਪੁਸਤਕ ਛਾਪਣ ਦਾ ਸਾਰਾ ਕੰਮ ਮੋਹਾਲੀ ਦੇ 9 ਫੇਜ਼ ਦੇ ਇੰਡਸਟਰੀਅਲ ਏਰੀਏ ਵਿਚ ਪੈਂਦੀ 301 ਨੰਬਰ ਇਮਾਰਤ ਵਿਚ ਇਕੱਠਾ ਕਰ ਲਿਆ ਹੈ ਤਾਂ ਦੈਂਤ ਰੂਪੀ ਜਰਮਨ ਮਸ਼ੀਨਾਂ ਵੀ ਦੇਖਣ ਨੂੰ ਮਿਲੀਆਂ।
ਇਹ ਮਸ਼ੀਨਾਂ 1968 ਵਿਚ ਮੁੰਬਈ ਜਾ ਕੇ ਵੇਖੀਆਂ ਟਾਈਮਜ਼ ਆਫ਼ ਇੰਡੀਆ ਦੀਆਂ ਮਸ਼ੀਨਾਂ ਨਾਲੋਂ ਵੱਡੇ ਆਕਾਰ ਦੀਆਂ ਹਨ। ਮੁੰਬਈ ਵਾਲੀਆਂ ਏ 4 ਤੇ 19/26 ਦਾ ਕਾਗਜ਼ ਛਾਪਦੀਆਂ ਸਨ ਪਰ ਲੋਕਗੀਤ ਪ੍ਰਕਾਸ਼ਨ ਦੀਆਂ ਜਰਮਨ ਹਾਈਡਲਬਰਗ ਮਸ਼ੀਨਾਂ ਵਿਚੋ ਇੱਕ 28/40 ਦੇ ਕਾਗਜ਼ ਉਤੇ ਰੰਗ ਛਾਪਦੀ ਹੈ। ਦੂਜੀ ਏਸ ਆਕਾਰ ਦੇ ਕਾਗਜ਼ ਉਤੇ ਇੱਕੋ ਸਾਹ ਦੇ ਰੰਗ ਤੇ ਤੀਜੀ ਚਾਰ ਰੰਗ। ਖੂਬੀ ਇਹ ਕਿ ਵਰਕੇ ਜੋੜਨ, ਪੰਨ ਮਿਲਾਉਣ ਤੇ ਜਿਲਦਾਂ ਬੰਨ੍ਹਣ ਵਾਲੇ ਕਾਮੇ ਮਸ਼ੀਨਾਂ ਦੀ ਤੇਜ਼ੀ ਨਾਲ ਕਦਮ ਮਿਲਾ ਕੇ ਚਲਦੇ ਤੇ ਮੋਢੇ ਨਾਲ ਮੋਢਾ ਡਾਹੁੰਦੇ ਹਨ। ਦੋ ਕਨਾਲ ਦੀ ਛੱਤ ਥੱਲੇ ਬੁੱਕ ਪ੍ਰੋਡਕਸ਼ਨ ਦਾ ਇਹ ਤਾਲ ਮੇਲ ਸੱਚ ਹੀ ਵੇਖਣ ਵਾਲਾ ਹੈ। ਇਹੋ ਜਿਹੇ ਜਲਵੇ ਸਮਾਚਾਰ ਪਤਰਾਂ ਦੇ ਛਾਪਾਖਾਨਿਆਂ ਵਿਚ ਤਾਂ ਹੁੰਦੇ ਸਨ, ਬੁਕ ਪ੍ਰੋਡਕਸ਼ਨ ਵਾਲਿਆਂ ਕੋਲ ਨਹੀਂ।
ਹੁਣ ਜਦੋਂ ਪੁਰਾਣੇ ਰਸਾਲੇ ਬੰਦ ਹੋ ਚੁੱਕੇ ਹਨ ਤਾਂ ਮੈਨੂੰ ਨਹੀਂ ਪਤਾ ਕੈਰਾਵਾਨ ਨਵੀਂ ਦਿੱਲੀ ਤੇ ਟਾਈਮਜ਼ ਆਫ ਇੰਡੀਆ ਮੁੰਬਈ ਕੋਲ ਕਿਸ ਰੂਪ ਤੇ ਆਕਾਰ ਦੀਆਂ ਮਸ਼ੀਨਾਂ ਹਨ ਪਰ ਮੈਂ ਇਹ ਗੱਲ ਨਿਸਚੇ ਨਾਲ ਕਹਿ ਸਕਦਾ ਹਾਂ ਕਿ ਛਾਪੇਖਾਨਿਆਂ ਵਿਚ ਦਿਲਚਸਪੀ ਰਖਣ ਵਾਲੇ ਹਿਮਾਚਲ, ਹਰਿਆਣਾ ਤੇ ਪੰਜਾਬ ਦੇ ਵਸਨੀਕ ਸੁਰ-ਤਾਲ ਮਿਲਾ ਕੇ ਬੁਕ ਪ੍ਰੋਡਕਸ਼ਨ ਵਿਚ ਰੁੱਝੀਆਂ ਇਨ੍ਹਾਂ ਮਸ਼ੀਨਾਂ ਦਾ ਕੰਮ ਦੇਖ ਕੇ ਓਨੇ ਹੀ ਖੁਸ਼ ਹੋਣਗੇ ਜਿੰਨੇ ਦੋ ਕੁ ਸਾਲ ਪਹਿਲਾਂ ਰੋਜ਼ਾਨਾ ਅਜੀਤ ਦੀਆਂ ਵਡ ਆਕਾਰੀ ਮਸ਼ੀਨਾਂ ਵੇਖ ਕੇ ਹੋਏ ਸਨ। ਨਵੇਂ ਪੰਜਾਬ ਦੇ ਛਾਪਾਖਾਨੇ ਜ਼ਿੰਦਾਬਾਦ।
ਵਿਦਿਆ, ਬੇਰੋਜ਼ਗਾਰੀ ਤੇ ਜ਼ੁਰਮ: ਪੰਜਾਬ ਵਿਚ ਵਿਦਿਆ ਦੇ ਵਧਣ ਨਾਲ ਬੇਰੁਜ਼ਗਾਰੀ ਹੀ ਨਹੀਂ ਵਧੀ ਜੁਰਮਾਂ ਵਿਚ ਵੀ ਵਾਧਾ ਹੋਇਆ ਹੈ। ਪਿਛਲੀ ਸ਼ਤਾਬਦੀ ਦੇ ਅੰਤਮ ਵਰ੍ਹੇ ਵਖ ਵਖ ਦੋਸ਼ਾਂ ਅਧੀਨ ਜੇਲ੍ਹ ਗਏ ਪੜ੍ਹੇ ਲਿਖੇ ਗਭਰੂਆਂ ਦੀ ਗਿਣਤੀ 2,295 ਸੀ ਪਰ ਹੁਣ ਪੰਦਰਾਂ ਸਾਲਾਂ ਬਾਅਦ ਇਹ ਗਿਣਤੀ ਨੌ ਗੁਣਾ ਭਾਵ 19,365 ਹੋ ਗਈ ਹੈ। ਜੇ ਮੁਟਿਆਰਾਂ ਦਾ ਖਾਤਾ ਖੋਲ੍ਹੀਏ ਤਾਂ 105 ਤੋਂ 10 ਗੁਣਾਂ ਵਧ ਕੇ 1265 ਹੋ ਗਈ ਹੈ।
ਇਸ ਦਾ ਮੁੱਖ ਕਾਰਨ ਅਜੋਕੀ ਵਿਦਿਆ ਵਿਚ ਕਿੱਤਾ-ਮੁੱਖੀ ਵਿਦਿਆ ਦੀ ਘਾਟ ਹੈ। ਸਾਨੂੰ ਅਪਣੇ ਯੁਵਕਾਂ ਤੇ ਯੁਵਤੀਆਂ ਨੂੰ ਕਿੱਤਾ ਮੁੱਖੀ ਵਿਦਿਆ ਦੇ ਕੇ ਨੌਕਰੀ ਕਰਨ ਜਾਂ ਕੋਈ ਕਿੱਤਾ ਅਪਨਾਉਣ ਦੇ ਯੋਗ ਬਣਾਉਣਾ ਚਾਹੀਦਾ ਹੈ। ਕੀ ਅਸੀਂ ਵੇਖਦੇ ਨਹੀਂ ਕਿ 10/10 ਫੁੱਟ ਦੀ ਦੁਕਾਨ ਵਿਚੋਂ ਦੁਕਾਨਦਾਰ ਲੋਕ ਨੌਕਰੀ ਕਰਨ ਵਾਲਿਆਂ ਨਾਲੋਂ ਕਿਤੇ ਵਧ ਪੈਸਾ ਕਮਾਉਂਦੇ ਤੇ ਸੁਖੀ ਵਸਦੇ ਹਨ। ਜੇ ਸਾਡੀ ਯੁਵਾ ਪੀੜ੍ਹੀ ਏਸ ਪਾਸੇ ਲਗ ਜਾਵੇ ਤਾਂ ਵਿਦੇਸ਼ ਜਾਣ ਦੀ ਹੋੜ ਵੀ ਘਟ ਸਕਦੀ ਹੈ ਤੇ ਜੇਲ੍ਹ ਦੀ ਯਾਤਰਾ ਵੀ।
ਅੰਤਿਕਾ: (ਸੁਰਜੀਤ ਪਾਤਰ)
ਦੂਰ ਜੇਕਰ ਅਜੇ ਸਵੇਰਾ ਹੈ
ਇਸ ਵਿਚ ਕਾਫੀ ਕਸੂਰ ਮੇਰਾ ਹੈ।