ਸਿਆਸਤ: ਬਿਹਾਰ ਤੋਂ ਪੰਜਾਬ ਤੱਕ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਰ ਫੇਰੀ ਅਸਾਧਾਰਨ ਹੁੰਦੀ ਹੈ, ਭਾਵੇਂ ਉਹ ਵਿਦੇਸ਼ ਜਾਵੇ ਤੇ ਭਾਵੇਂ ਮੁਲਕ ਦੇ ਕਿਸੇ ਹਿੱਸੇ ਵਿਚ। ਇਹ ਅਸਲ ਵਿਚ ਉਸ ਦੇ ਪ੍ਰਬੰਧਕਾਂ ਦਾ ਹੀ ਪ੍ਰਤਾਪ ਹੈ। ਹਾਲ ਹੀ ਵਿਚ ਉਸ ਦੀ ਚੰਡੀਗੜ੍ਹ ਫੇਰੀ ਵੀ ਅਸਾਧਾਰਨ ਹੀ ਸੀ। ਇਸ ਫੇਰੀ ਦੇ ਪਹਿਲੂ ਤਾਂ ਬਹੁਤ ਸਾਰੇ ਹਨ, ਪਰ ਚੰਡੀਗੜ੍ਹ ਦੀ ਅਫਸਰਸ਼ਾਹੀ ਦਾ ਜੋ ਵਿਹਾਰ ਸਾਹਮਣੇ ਆਇਆ, ਉਸ ਤੋਂ ਮੋਦੀ-ਮੰਤਰ ਦੇ ਮਾਅਨੇ ਜ਼ਰੂਰ ਸਮਝ ਪੈਣ ਲਗਦੇ ਹਨ। ਉਸ ਦਿਨ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਗਈ।

ਪ੍ਰਸ਼ਾਸਨ ਨੇ ਮੁਰਦਾ ਫੂਕਣ ਲਈ ਲੋਕਾਂ ਨੂੰ ਸ਼ਮਸਾਨਘਾਟ ਤੱਕ ਨਹੀਂ ਜਾਣ ਦਿੱਤਾ ਅਤੇ ਇਹ ਕਾਰਜ ਨਿਭਾਉਣ ਲਈ ਲੋਕਾਂ ਨੂੰ ਮੁਹਾਲੀ ਜਾਂ ਮਨੀਮਾਜਰਾ ਜਾਣਾ ਪਿਆ। ਸਿਆਸੀ ਮਾਹਿਰ ਭਾਵੇਂ ਮੋਦੀ ਦੀ ਇਸ ਰੈਲੀ ਨੂੰ ਅਸਫਲ ਆਖ ਰਹੇ ਹਨ, ਪਰ ਮੋਦੀ ਨੇ ਪੰਜਾਬ ਦੇ ਸ਼ਾਸਕਾਂ- ਬਾਦਲਾਂ, ਨੂੰ ਇਸ ਵਾਰ ਵੀ ਨਹੀਂ ਗੌਲਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਰ ਭਾਸ਼ਣ ਵਿਚ ਕਾਂਗਰਸ ਨੂੰ ਕੋਸਦੇ ਹਨ ਕਿ ਇਸ ਪਾਰਟੀ ਨੇ ਪੰਜਾਬ ਅਤੇ ਸਿੱਖਾਂ ਨਾਲ ਸਦਾ ਅਨਿਆਂ ਕੀਤਾ, ਪਰ ਹੁਣ ਜਦੋਂ ਪੰਜਾਬ ਅਤੇ ਕੇਂਦਰ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ, ਤਾਂ ਵੀ ਪੰਜਾਬ ਨਾਲ ਵਿਤਕਰਾ ਬੰਦ ਨਹੀਂ ਹੋਇਆ ਹੈ। ਦਰਅਸਲ, ਮੁਲਕ ਵਿਚ ਭਾਵੇਂ ਸੰਘੀ ਢਾਂਚੇ ਦੀਆਂ ਅਕਸਰ ਟਾਹਰਾਂ ਲਾਈਆਂ ਜਾਂਦੀਆਂ ਹਨ, ਪਰ ਸੂਬਿਆਂ ਦੇ ਅਖਤਿਆਰਾਂ ਦਾ ਧਿਆਨ ਉਕਾ ਨਹੀਂ ਰੱਖਿਆ ਜਾਂਦਾ। ਕੇਂਦਰ ਵਿਚ ਸੱਤਾ ਉਤੇ ਕਾਬਜ਼ ਧਿਰ ਸਦਾ ਆਪਣੇ ਸੂਤ ਬੈਠਦੀ ਸਿਆਸਤ ਹੀ ਕਰਦੀ ਹੈ। ਇਸ ਮਾਮਲੇ ਵਿਚ ਮੋਦੀ ਜਾਂ ਉਸ ਦੀ ਜਥੇਬੰਦੀ ਭਾਰਤੀ ਜਨਤਾ ਪਾਰਟੀ ਵੀ ਕਾਂਗਰਸ ਜਮਾਤ ਤੋਂ ਕੋਈ ਵੱਖਰੀ ਨਹੀਂ; ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਦੇ ਮੱਦੇਨਜ਼ਰ ਹਾਲਾਤ ਵੱਖਰੇ ਹੋਣੇ ਚਾਹੀਦੇ ਸਨ। ਇਹ ਹਾਲਤ ਉਦੋਂ ਹੈ ਜਦੋਂ ਸ਼ ਬਾਦਲ ਨੇ ਇੰਨੇ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਅੱਗੇ ਪੂਰੀ ਤਰ੍ਹਾਂ ਸਮਰਪਣ ਕੀਤਾ ਹੋਇਆ ਹੈ। ਇਸ ਤੋਂ ਜ਼ਾਹਿਰ ਇਹੀ ਹੁੰਦਾ ਹੈ ਕਿ ਦੋਹਾਂ ਪਾਰਟੀਆਂ ਵਿਚਕਾਰ ਸਿਆਸੀ ਸਾਂਝ ਸਿਰਫ ਸੱਤਾ ਲਈ ਹੀ ਸੀ। ਹੁਣ ਜਦੋਂ ਪਹਿਲਾਂ ਕੇਂਦਰ ਅਤੇ ਫਿਰ ਕੁਝ ਸੂਬਿਆਂ ਵਿਚ ਮਿਸਾਲੀ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਲੱਗਣ ਲੱਗਾ ਹੈ ਕਿ ਪਾਰਟੀ ਪੰਜਾਬ ਵਿਚ ਵੀ ਇਹ ਇਸੇ ਲੀਹ ਉਤੇ ਚੱਲ ਕੇ ਕੁਝ ਵੱਡਾ ਕਾਰਨਾਮਾ ਅੰਜਾਮ ਦੇ ਸਕਦੀ ਹੈ ਤਾਂ ਇਸ ਨੇ ਆਪਣੀ ਡੱਫਲੀ ਵਜਾਉਣੀ ਸ਼ੁਰੂ ਕਰ ਦਿੱਤੀ। ਪੰਜਾਬ ਵਿਚ ਚੋਣਾਂ ਡੇਢ ਸਾਲ ਬਾਅਦ 2017 ਵਿਚ ਹੋਣੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਵਿਚ ਹਰ ਕਦਮ ਬੋਚ ਬੋਚ ਕੇ ਧਰ ਰਹੀ ਹੈ।
ਭਾਰਤੀ ਜਨਤਾ ਪਾਰਟੀ ਦੀ ਅੱਖ ਹੁਣ ਬਿਹਾਰ ਚੋਣਾਂ ਦੇ ਨਤੀਜਿਆਂ ਉਤੇ ਹੈ। ਬਿਹਾਰ ਵਿਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਨਵੰਬਰ ਦੇ ਪਹਿਲੇ ਹਫਤੇ ਨਤੀਜੇ ਆ ਜਾਣੇ ਹਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਬਾਰੇ ਕੋਈ ਵੀ ਅੰਤਿਮ ਫੈਸਲਾ ਇਨ੍ਹਾਂ ਚੋਣ ਨਤੀਜਿਆਂ ਤੱਕ ਰੋਕ ਲਿਆ ਹੈ। ਪਾਰਟੀ ਨੇ ਬਿਹਾਰ ਚੋਣਾਂ ਨੂੰ ਵੱਕਾਰ ਦਾ ਮਸਲਾ ਬਣਾਇਆ ਹੋਇਆ ਹੈ। ਉਥੇ ਮੁਕਾਬਲਾ ਵੀ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਿੱਧਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਚਕਾਰ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਲਈ ਉਥੇ ਨਿਤੀਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਅਤੇ ਕਾਂਗਰਸ ਇਕ ਮੰਚ ਉਤੇ ਆ ਗਏ ਹਨ। ਦੂਜੇ ਬੰਨੇ, ਭਾਰਤੀ ਜਨਤਾ ਪਾਰਟੀ ਨੇ ਰਾਮ ਵਿਲਾਸ ਪਾਸਵਾਨ, ਸਾਬਕਾ ਮੁੱਖ ਮੰਤਰੀ ਜੀਤਨ ਮਾਂਝੀ ਅਤੇ ਉਪੇਂਦਰ ਖੁਸ਼ਵਾਹਾ ਨਾਲ ਤਾਲਮੇਲ ਬਿਠਾ ਲਿਆ ਹੈ। ਤੀਜੀ ਧਿਰ ਕਮਿਊਨਿਸਟ ਪਾਰਟੀਆਂ ਨੇ ਬਣਾ ਲਈ ਹੈ। ਚਾਰ ਰਵਾਇਤੀ ਕਮਿਊਨਿਸਟ ਪਾਰਟੀਆਂ- ਸੀæਪੀæਆਈæ, ਸੀæਪੀæਐਮæ, ਆਰæਐਸ਼ਪੀæ ਤੇ ਫਾਰਵਰਡ ਬਲਾਕ ਤੋਂ ਇਲਾਵਾ ਨਕਸਲੀ ਪਿਛੋਕੜ ਵਾਲੀਆਂ ਦੋ ਜਥੇਬੰਦੀਆਂ- ਸੀæਪੀæਆਈæ(ਐਮæਐਲ਼)-ਲਿਬਰੇਸ਼ਨ ਤੇ ਐਸ਼ਯੂæਸੀæਆਈæ ਵੀ ਖੱਬੇ ਮੋਰਚੇ ਵਿਚ ਸ਼ਾਮਲ ਹੋ ਗਈਆਂ ਹਨ। ਸੀæਪੀæਆਈæ(ਐਮæਐਲ਼)-ਲਿਬਰੇਸ਼ਨ ਅਤੇ ਐਸ਼ਯੂæਸੀæਆਈæ ਪਹਿਲਾਂ ਸੀæਪੀæਐਮæ ਦੀਆਂ ਕੱਟੜ ਵਿਰੋਧੀ ਰਹੀਆਂ ਹਨ। ਚੌਥਾ ਮੋਰਚਾ ਵੀ ਇਨ੍ਹਾਂ ਚੋਣਾਂ ਵਿਚ ਆਪਣੇ ਪਰ ਤੋਲ ਰਿਹਾ ਹੈ। ਇਸ ਵਿਚ ਮੁੱਖ ਰੂਪ ਵਿਚ ਸਮਾਜਵਾਦੀ ਪਾਰਟੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਾਮਲ ਹਨ। ਇਹ ਉਹ ਪਾਰਟੀਆਂ ਹਨ ਜਿਨ੍ਹਾਂ ਨੂੰ ਨਿਤੀਸ਼-ਲਾਲੂ ਗਠਜੋੜ ਵਿਚ ਗੌਲਿਆ ਨਹੀਂ ਗਿਆ ਅਤੇ ਇਨ੍ਹਾਂ ਦੋਹਾਂ ਪਾਰਟੀ ਦੇ ਆਗੂ ਰੁੱਸ ਕੇ ਵੱਖਰੇ ਤੌਰ ‘ਤੇ ਚੋਣ ਮੈਦਾਨ ਵਿਚ ਉਤਰ ਰਹੇ ਹਨ। ਜ਼ਾਹਿਰ ਹੈ ਕਿ ਬਿਹਾਰ ਭਾਰਤ ਦੀ ਰੰਗ-ਬਰੰਗੀ ਸਿਆਸਤ ਦੀ ਇਕ ਵੱਖਰੀ ਹੀ ਝਲਕੀ ਪੇਸ਼ ਕਰ ਰਿਹਾ ਹੈ ਜਿਥੇ ਸਾਰੀਆਂ ਧਿਰਾਂ ਕਿਸੇ ਮਕਸਦ ਲਈ ਨਹੀਂ, ਬਲਕਿ ਨਿਰੋਲ ਸੱਤਾ ਦੀ ਲੜਾਈ ਲੜ ਰਹੀਆਂ ਹਨ। ਸੂਬੇ ਵਿਚ ਜਿੱਤ ਲਈ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਮਾਂ ਪਾਰਟੀ- ਆਰæਐਸ਼ਐਸ਼, ਦਾ ਅੱਡੀ-ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਨਿਤੀਸ਼ ਕੁਮਾਰ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ। ਕੁੱਲ 40 ਸੀਟਾਂ ਵਿਚੋਂ ਭਾਰਤੀ ਜਨਤਾ ਪਾਰਟੀ ਨੇ 21 ਅਤੇ ਇਸ ਦੇ ਭਾਈਵਾਲ ਪਾਸਵਾਨ ਦੀ ਪਾਰਟੀ ਨੇ 6 ਸੀਟਾਂ ਉਤੇ ਕਬਜ਼ਾ ਕਰ ਲਿਆ ਸੀ। ਨਿਤੀਸ਼ ਦੀ ਪਾਰਟੀ ਨੂੰ ਸਿਰਫ 2 ਅਤੇ ਲਾਲੂ ਦੀ ਪਾਰਟੀ ਨੂੰ 5 ਸੀਟਾਂ ‘ਤੇ ਸਬਰ ਕਰਨਾ ਪਿਆ ਸੀ, ਪਰ ਉਸ ਤੋਂ ਬਾਅਦ ਬਿਹਾਰ ਵਿਚ ਹੋਈਆਂ ਉਪ ਚੋਣਾਂ ਦੌਰਾਨ ਨਿਤੀਸ਼-ਲਾਲੂ ਗਠਜੋੜ ਨੇ ਕੁੱਲ 10 ਵਿਚੋਂ 6 ਸੀਟਾਂ ਜਿੱਤ ਕੇ ਇਹ ਸੁਨੇਹਾ ਦਿੱਤਾ ਕਿ ਇਹ ਗਠਜੋੜ ਭਾਰਤੀ ਜਨਤਾ ਪਾਰਟੀ ਨੂੰ ਡੱਕ ਸਕਦਾ ਹੈ। ਇਸੇ ਕਰ ਕੇ ਹੁਣ ਭਾਰਤੀ ਜਨਤਾ ਪਾਰਟੀ ਹੀ ਨਹੀਂ, ਬਾਦਲਾਂ ਦੀ ਅੱਖ ਵੀ ਬਿਹਾਰ ਚੋਣਾਂ ਉਤੇ ਹੈ। ਜੇ ਉਥੇ ਨਿਤੀਸ਼-ਲਾਲੂ-ਕਾਂਗਰਸ ਗਠਜੋੜ ਜਿੱਤ ਜਾਂਦਾ ਹੈ ਤਾਂ ਸੰਭਵ ਤੌਰ ‘ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵੱਖਰੇ ਹੋ ਕੇ ਚੋਣ ਲੜਨ ਬਾਰੇ ਫੈਸਲੇ ‘ਤੇ ਪੁਨਰ-ਵਿਚਾਰ ਕਰ ਸਕਦੀ ਹੈ। ਜੇ ਉਥੇ ਮੋਦੀ ਮੰਤਰ ਚੱਲ ਗਿਆ ਤਾਂ ਭਾਰਤੀ ਜਨਤਾ ਪਾਰਟੀ ਇਹੀ ਇਤਿਹਾਸ ਪੰਜਾਬ ਵਿਚ ਦੁਹਰਾਉਣ ਲਈ ਆਪਣੀ ਸਿਆਸਤ ਕਰੇਗੀ। ਇਹ ਫੈਸਲਾ ਫਿਰ ਪੰਜਾਬ ਦੀ ਸਿਆਸਤ ਉਤੇ ਵੀ ਆਪਣਾ ਅਸਰ ਛੱਡ ਸਕਦਾ ਹੈ।