ਮੋਦੀ ਵੱਲੋਂ ਬਾਦਲ ਦੀਆਂ ਦਲੀਲਾਂ ਤੇ ਅਪੀਲਾਂ ਮੁੜ ਨਜ਼ਰਅੰਦਾਜ਼

ਚੰਡੀਗੜ੍ਹ: ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਪੰਜਾਬ ਨੂੰ ਮਾਲੋ-ਮਾਲ ਕਰਨ ਦੇ ਦਾਅਵੇ ਕਰਨ ਵਾਲੇ ਨਰੇਂਦਰ ਮੋਦੀ ਇਕ ਵਾਰ ਫਿਰ ਪੰਜਾਬ ਨੂੰ ਕੁਝ ਦਿੱਤੇ ਬਿਨਾਂ ਖ਼ਾਲੀ ਹੱਥ ਮੁੜ ਗਏ। ਚੰਡੀਗੜ੍ਹੀਆਂ ਵਾਂਗ ਪੰਜਾਬੀਆਂ ਨੂੰ ਵੀ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਵੱਡੀਆਂ ਉਮੀਦਾਂ ਸਨ। ਸੈਕਟਰ 25 ਵਿਚ ਹੋਈ ਰੈਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਫ਼ੌਜੀ ਜਵਾਨਾਂ ਵਾਂਗ ਕਿਸਾਨਾਂ ਦੀ ਬਾਂਹ ਫੜਨ ਦੀ ਕੀਤੀ ਗਈ ਅਪੀਲ ਵੀ ਕੰਮ ਨਾ ਆਈ। ਹੋਰ ਤਾਂ ਹੋਰ, ਸਟੇਜ ਉਤੇ ਨਾਲੋ-ਨਾਲ ਬੈਠੇ ਸ੍ਰੀ ਮੋਦੀ ਤੇ ਸ਼ ਬਾਦਲ ਨੇ ਇਕ ਦੂਜੇ ਨਾਲ ਅੱਖ ਵੀ ਨਾ ਮਿਲਾਈ।

ਪ੍ਰਧਾਨ ਮੰਤਰੀ ਨੇ ਮੱਕੀ ਤੋਂ ਏਥਾਨੋਲ ਬਣਾਉਣ ਦੀ ਵਿਧੀ ਜਲਦੀ ਈਜਾਦ ਕਰਨ ਬਾਰੇ ਕਹਿ ਕੇ ਹੀ ਮੁੱਖ ਮੰਤਰੀ ਵੱਲੋਂ ਚੁੱਕੇ ਸਾਰੇ ਮੁੱਦਿਆਂ ਤੋਂ ਪੱਲਾ ਝਾੜ ਦਿੱਤਾ ਹਾਲਾਂਕਿ ਮੋਦੀ ਦੀ ਹਾਜ਼ਰੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿਚ ਜਿਥੇ ਸੂਬੇ ਦੀਆਂ ਕੁਝ ਮੰਗਾਂ ਦਾ ਜ਼ਿਕਰ ਕੀਤਾ, ਉਥੇ ਉਨ੍ਹਾਂ ਸ਼ ਬਾਦਲ ਨੂੰ ਵੱਡਾ ਭਰਾ ਦੱਸਦਿਆਂ ਦੋਹਾਂ ਸੂਬਿਆਂ ਦੇ ਸਾਂਝੇ ਮੁੱਦੇ ਹੱਲ ਕਰਨ ਦੀ ਗੱਲ ਕਹੀ। ਸ਼ ਬਾਦਲ ਨੇ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਉਹ ਪੰਜਾਬ ਨਾਲ ਲੰਬਾ ਸਮਾਂ ਜੁੜੇ ਰਹੇ ਹਨ, ਇਥੋਂ ਦੀਆਂ ਸਮਾਜਿਕ, ਆਰਥਿਕ ਤੇ ਸਿਆਸੀ ਮੁਸ਼ਕਿਲਾਂ ਨੂੰ ਸਮਝਦੇ ਹਨ। ਕੇਂਦਰੀ ਟੈਕਸਾਂ ਵਿਚ 10 ਫ਼ੀਸਦੀ ਵਾਧਾ ਕਰਨ, ਯੋਜਨਾ ਕਮਿਸ਼ਨ ਦੀ ਥਾਂ ਨੀਤੀ ਆਯੋਗ ਬਣਾ ਕੇ ਸੂਬਿਆਂ ਦੀ ਵੱਧ ਭਾਗੀਦਾਰੀ ਕਰਨ ਤੇ ਸੰਘਵਾਦ ਲਾਗੂ ਕਰਨ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਨੇ ਪੰਜਾਬ ਨੂੰ ਬਿਨ ਮੰਗੇ ਹੀ ਬਹੁਤ ਕੁਝ ਦੇ ਦਿੱਤਾ ਹੈ ਜਦਕਿ ਪ੍ਰਧਾਨ ਮੰਤਰੀ ਨੇ ਕਿਸੇ ਵੀ ਮੰਗ ਪ੍ਰਤੀ ਹੁੰਗਾਰਾ ਨਾ ਭਰਿਆ। ਕੇਂਦਰ ਸਰਕਾਰ ‘ਤੇ ਹੁਣ ਤੱਕ ਰਾਜ ਨਾਲ ਧੱਕਾ ਕਰਨ ਦੀਆਂ ਤੋਹਮਤਾਂ ਲਾਉਂਦੇ ਆ ਰਹੇ ਸ਼ ਬਾਦਲ ਆਪਣੇ ਪੁਰਾਣੇ ਮੁਹਾਵਰੇ ਨੂੰ ਵੀ ਜਾਰੀ ਨਹੀਂ ਰੱਖ ਪਾ ਰਹੇ ਤੇ ਕੁਝ ਨਾ ਮਿਲਣ ਦੀ ਤਕਲੀਫ਼ ਵੀ ਝੱਲ ਰਹੇ ਹਨ। ਮੁੱਖ ਮੰਤਰੀ ਨੂੰ ਇਕ ਸਾਲ ਬਾਅਦ 31 ਅਗਸਤ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮਿਲਿਆ ਸੀ।
ਇਸ ਦੌਰਾਨ ਉਨ੍ਹਾਂ ਰਾਜ ਦੀਆਂ ਮੰਗਾਂ ਬਾਰੇ ਸ੍ਰੀ ਮੋਦੀ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ ਤੇ ਸੂਬੇ ਨੂੰ ਸੰਕਟ ਵਿਚੋਂ ਕੱਢਣ ਲਈ ਆਖਿਆ ਸੀ। ਸ਼ ਬਾਦਲ ਨੂੰ ਇਸ ਵਾਰ ਕੋਈ ਐਲਾਨ ਹੋਣ ਦੀ ਆਸ ਬੱਝੀ ਸੀ ਪਰ ਸ੍ਰੀ ਮੋਦੀ ਨੇ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਰਾਜ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਲਈ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਤੇ ਨਾਲ ਹੀ ਸ਼ ਬਾਦਲ ਉੱਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।
________________________________
ਮੋਦੀ ਤੋਂ ਬਾਹਲੀਆਂ ਉਮੀਦਾਂ ਨਾ ਰੱਖੇ ਪੰਜਾਬ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੰਡੀਗੜ੍ਹ ਦੌਰੇ ‘ਤੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਆਰਥਕ ਮੰਦੀ ਤੋਂ ਬਾਹਰ ਕੱਢਣ ਲਈ ਕਿਸੇ ਆਰਥਕ ਪੈਕੇਜ ਦੀ ਐਲਾਨ ਨਾ ਕਰਕੇ ਸੂਬੇ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਸ੍ਰੀ ਮੋਦੀ ਨੇ ਕਿਸਾਨਾਂ ਤੇ ਆਮ ਆਦਮੀ ਨਾਲ ਜੁੜੇ ਕਿਸੇ ਵੀ ਮੁੱਦੇ ‘ਤੇ ਕੋਈ ਗੱਲ ਨਹੀਂ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਟੇਜ ਤੋਂ ਕਿਸਾਨਾਂ ਨੂੰ ਰਾਹਤ ਮੁਹੱਈਆ ਕਰਵਾਉਣ ਦੀ ਅਪੀਲ ‘ਤੇ ਧਿਆਨ ਵੀ ਨਹੀਂ ਦਿੱਤਾ।
__________________________________
ਰੈਲੀ ਵਿਚ ਨਾ ਚੱਲਿਆ ਮੋਦੀ ਦਾ ਜਾਦੂ
ਚੰਡੀਗੜ੍ਹ: ਹਵਾਈ ਅੱਡੇ ਦਾ ਉਦਘਾਟਨ ਕਰਨ ਮਗਰੋਂ ਚੰਡੀਗੜ੍ਹ ਵਿਖੇ ਕੀਤੀ ਰੈਲੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਾਦੂ ਨਹੀਂ ਚੱਲ ਸਕਿਆ ਤੇ ਰੈਲੀ ਵਿਚ ਲਾਈਆਂ ਬਹੁਤੀਆਂ ਕੁਰਸੀਆਂ ਖਾਲੀ ਹੀ ਰਹੀਆਂ। ਪੰਜਾਬ ਭਾਜਪਾ ਸਮੇਤ ਚੰਡੀਗੜ੍ਹ ਤੇ ਹਰਿਆਣਾ ਭਾਜਪਾ ਵੱਲੋਂ ਰੈਲੀ ਨੂੰ ਸਫਲ ਬਣਾਉਣ ਲਈ ਹਰ ਹੀਲਾ ਕੀਤਾ ਗਿਆ ਪਰ ਪ੍ਰਬੰਧਕ ਬਹੁਤਾ ਇਕੱਠ ਕਰਨ ਵਿਚ ਸਫਲ ਨਾ ਹੋ ਸਕੇ ਤੇ ਇਹ ਗੱਲ ਮੰਚ ਤੋਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਅਦ ਵੱਲੋਂ ਵੀ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿਚ ਕਿਹਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸ਼ਾਨ ਅਨੁਸਾਰ ਇਥੇ ਬਹੁਤਾ ਇਕੱਠ ਨਾ ਹੋ ਸਕਿਆ ਤੇ ਜੇ ਮੁੜ ਕੋਈ ਮੌਕਾ ਮਿਲਿਆ ਤਾਂ ਬੇਮਿਸਾਲ ਇਕੱਠ ਕਰਕੇ ਦਿਖਾਵਾਂਗੇ।