ਯਾਦਵ ਵੱਲੋਂ ‘ਆਪ’ ਦੇ ਬਾਗੀਆਂ ਨੂੰ ਇਕਜੁੱਟ ਕਰਨ ਦੀ ਮੁਹਿੰਮ

ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਸਮੀਕਰਨ ਛੇਤੀ ਹੀ ਬਦਲਣ ਵਾਲੇ ਹਨ। ਆਮ ਆਦਮੀ ਪਾਰਟੀ ਵਿਚੋਂ ਛੇਕੇ ਗਏ ਸੀਨੀਅਰ ਆਗੂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਡਾæ ਦਲਜੀਤ ਸਿੰਘ, ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੇ ਛੇਤੀ ਹੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਲਈ ਹੈ। ਯਾਦਵ ਧੜੇ ਨੇ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਤੇ ਡਾæ ਦਲਜੀਤ ਸਿੰਘ ਦੀ ਅਗਵਾਈ ਹੇਠ ਸੂਬੇ ਵਿਚ ਨਵਾਂ ਸਿਆਸੀ ਬਦਲ ਉਸਾਰਨ ਦਾ ਫੈਸਲਾ ਲਿਆ ਹੈ।

ਇਸ ਫੈਸਲੇ ਨਾਲ ਪੰਜਾਬ ਵਿਚ ਤੀਸਰੀ ਧਿਰ ਵਜੋਂ ਉਭਰੀ ‘ਆਪ’ ਦੇ ਮੁਕਾਬਲੇ ਇਕ ਹੋਰ ਧਿਰ ਸਾਹਮਣੇ ਆਉਣ ਦੇ ਆਸਾਰ ਬਣ ਗਏ ਹਨ।
‘ਆਪ’ ਦੀ ਲੀਡਰਸ਼ਿਪ ਪਹਿਲਾਂ ਹੀ ਦੋਸ਼ ਲਾਉਂਦੀ ਆ ਰਹੀ ਹੈ ਕਿ ਡਾæ ਗਾਂਧੀ ਤੇ ਡਾæ ਦਲਜੀਤ ਸਿੰਘ ਸ੍ਰੀ ਯਾਦਵ ਦੇ ਇਸ਼ਾਰੇ ‘ਤੇ ਹੀ ਬਾਗੀ ਸੁਰਾਂ ਅਲਾਪ ਰਹੇ ਹਨ। ਭਾਵੇਂ ਸਵਰਾਜ ਲਹਿਰ ਦੀ ਲੀਡਰਸ਼ਿਪ ਸਿੱਧੇ ਰੂਪ ਵਿਚ ਕੁਝ ਕਹਿਣ ਲਈ ਤਿਆਰ ਨਹੀਂ ਪਰ ਇਸ ਫੈਸਲੇ ਨੇ ਸਾਫ ਕਰ ਦਿੱਤਾ ਹੈ ਕਿ ‘ਆਪ’ ਤੋਂ ਟੁੱਟੀ ਲੀਡਰਸ਼ਿਪ ਹੁਣ ਪੰਜਾਬ ਵਿਚ ਸਿਆਸੀ ਪੈਰ ਪਸਾਰਨ ਲਈ ਸਾਹਮਣੇ ਆ ਰਹੀ ਹੈ। ਸਵਰਾਜ ਲਹਿਰ ਪੰਜਾਬ ਦੀ ਇਥੇ ਸੈਕਟਰ-36 ਸਥਿਤ ਪੀਪਲਜ਼ ਕਨਵੈਨਸ਼ਨਜ਼ ਹਾਲ ਵਿਖੇ ਹੋਈ ਸੂਬਾਈ ਮੀਟਿੰਗ ਤੋਂ ਬਾਅਦ ਯਾਦਵ ਨੇ ਡਾæ ਗਾਂਧੀ ਨਾਲ ਮੁਲਾਕਾਤ ਕੀਤੀ। ਸ੍ਰੀ ਯਾਦਵ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸਿਆਸਤ ਵਿਚਲੀਆਂ ਜਿਹੜੀਆਂ ਬਿਮਾਰੀਆਂ ਨੂੰ ਖਤਮ ਕਰਨ ਆਈ ਸੀ ਹੁਣ ਉਹ ਖੁਦ ਹੀ ਉਨ੍ਹਾਂ ਦਾ ਸ਼ਿਕਾਰ ਹੋ ਚੁੱਕੀ ਹੈ। ਆਪ ਵੱਲੋਂ ਡਾæ ਦਲਜੀਤ ਸਿੰਘ ਸਮੇਤ ਸੰਸਦ ਮੈਂਬਰ ਡਾæ ਗਾਂਧੀ ਤੇ ਸ੍ਰੀ ਖਾਲਸਾ ਵਰਗੀਆਂ ਸ਼ਖ਼ਸੀਅਤਾਂ ਨੂੰ ਪਾਰਟੀ ਵਿਚੋਂ ਮੁਅੱਤਲ ਕਰਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੁਹੇਲ ਸਿੰਘ ਆਦਿ ਵਰਗੇ ਆਗੂ ਵੀ ਅਲੱਗ ਕੀਤੇ ਜਾ ਚੁੱਕੇ ਹਨ। ਅੱਜ ਪੰਜਾਬ ਦੇ ਲੋਕ ਇਨ੍ਹਾਂ ਤਿੰਨਾਂ ਸ਼ਖਸੀਅਤਾਂ ਨੂੰ ਲੀਡਰ ਵਜੋਂ ਦੇਖ ਰਹੇ ਹਨ। ਜਿਸ ਕਾਰਨ ਸਵਰਾਜ ਲਹਿਰ ਪੰਜਾਬ ਦੀ ਮੀਟਿੰਗ ਵਿਚ ਫੈਸਲਾ ਕੀਤਾ ਹੈ ਕਿ ਪੰਜਾਬ ਵਿਚ ਨਵਾਂ ਸਿਆਸੀ ਰਸਤਾ ਖੋਜਣ ਲਈ ਇਨ੍ਹਾਂ ਤਿੰਨਾਂ ਆਗੂਆਂ ਦੀ ਲੀਡਰਸ਼ਿਪ ਵਿਚ ਪੰਜਾਬ ਵਿਚ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਨੇ ਸ੍ਰੀ ਖਾਲਸਾ ਤੇ ਡਾæ ਦਲਜੀਤ ਸਿੰਘ ਨੂੰ ਮੁਅੱਤਲ ਕੀਤਾ ਸੀ ਤਾਂ ਉਨ੍ਹਾਂ ਫੋਨ ਰਾਹੀਂ ਇਨ੍ਹਾਂ ਆਗੂਆਂ ਨੂੰ ਅਸੂਲਾਂ ‘ਤੇ ਖੜ੍ਹੇ ਹੋਣ ਲਈ ਵਧਾਈਆਂ ਦਿੱਤੀਆਂ ਸਨ। ਭਾਵੇਂ ਸਵਰਾਜ ਅਭਿਆਨ ਕੋਈ ਸਿਆਸੀ ਪਾਰਟੀ ਨਹੀਂ ਹੈ ਪਰ ਉਨ੍ਹਾਂ ਦਾ ਮਕਸਦ ਦੇਸ਼ ਵਿਚ ਭ੍ਰਿਸ਼ਟ ਸਿਆਸਤ ਨੂੰ ਖਤਮ ਕਰਕੇ ਕੋਈ ਨਵਾਂ ਬਦਲ ਲੱਭਣਾ ਹੈ। ਉਨ੍ਹਾਂ ਕਿਹਾ ਕਿ ਡਾæ ਗਾਂਧੀ ਉਨ੍ਹਾਂ ਦੇ ਮਿੱਤਰ ਹਨ ਤੇ ਉਨ੍ਹਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ।
ਸ੍ਰੀ ਯਾਦਵ ਅਨੁਸਾਰ ਪੰਜਾਬ ਵਿਚ ‘ਆਪ’ ਉਪਰ ਹੋਰ ਪਾਰਟੀਆਂ ਵਾਂਗ ਦਿੱਲੀ ਦਰਬਾਰ ਥੋਪਣ ਕਾਰਨ ਇਸ ਵਿਚਲੇ ਆਗੂਆਂ ਤੇ ਵਲੰਟੀਅਰਾਂ ਵਿਚ ਬੇਚੈਨੀ ਹੈ। ਇਸ ਕਾਰਨ ਉਹ ਪੰਜਾਬ ਵਿਚ ਨਵਾਂ ਬਦਲ ਦੇਣ ਦਾ ਯਤਨ ਕਰਨਗੇ।
________________________________
ਸਵਰਾਜ ਲਹਿਰ ਦੀ ਪੇਸ਼ਕਸ਼ ‘ਤੇ ਫੈਸਲਾ ਛੇਤੀ: ਖਾਲਸਾ
ਫਤਿਹਗੜ੍ਹ ਸਾਹਿਬ: ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਵਰਾਜ ਲਹਿਰ ਦੀ ਪੇਸ਼ਕਸ਼ ਉਪਰ ਉਹ ਡਾæ ਗਾਂਧੀ ਅਤੇ ਡਾæ ਦਲਜੀਤ ਸਿੰਘ ਨਾਲ ਸੰਜੀਦਗੀ ਨਾਲ ਵਿਚਾਰ ਕਰਕੇ ਛੇਤੀ ਹੀ ਕੋਈ ਵੱਡਾ ਫੈਸਲਾ ਕਰਨਗੇ। ਉਹ ਇਸ ਤੋਂ ਇਲਾਵਾ ਉਹ ਲੋਕ ਸਭਾ ਵਿਚੋਂ ਅਸਤੀਫਾ ਦੇਣ ਜਾਂ ਨਾ ਦੇਣ ਉਪਰ ਵੀ ਵਿਚਾਰ ਕਰਨਗੇ। ਉਹ ਆਪਣੀ ਵਿਚਾਰਧਾਰਾ ਵਾਲੇ ਸਾਥੀਆਂ ਨਾਲ ਵੀ ਚਰਚਾ ਕਰਨਗੇ ਤੇ ਛੇਤੀ ਹੀ ਪੰਜਾਬ ਵਿਚ ਨਵਾਂ ਬਦਲ ਲਿਆਉਣ ਦੇ ਰਾਹ ਪਿਆ ਜਾਵੇਗਾ।
______________________________________
‘ਆਪ’ ਵੱਲੋਂ ਮਿਸ਼ਨ 2017 ਫਤਿਹ ਕਰਨ ਦਾ ਦਾਅਵਾ
ਗੁਰੂਹਰਸਹਾਏ: ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲੋਕ ‘ਆਪ’ ਦੇ ਹੱਕ ਵਿਚ ਫਤਵਾ ਦੇਣਗੇ। ਪੰਜਾਬ ਜੋੜੋ ਮੁਹਿੰਮ ਤਹਿਤ ਹਲਕਾ ਗੁਰੂਹਰਸਹਾਏ ਦੀ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸਮੇਂ ਦੀ ਮੌਜੂਦਾ ਸਰਕਾਰ ਤੋਂ ਦੁਖੀ ਲੋਕਾਂ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਰਾਜਨੀਤੀ ਵਿਚ ਪੈਸਾ ਕਮਾਉਣ ਜਾਂ ਮਸ਼ਹੂਰ ਹੋਣ ਲਈ ਨਹੀਂ ਆਇਆ, ਜਦਕਿ ਰਾਜਨੀਤੀ ਕਰਨ ਵਾਲਿਆਂ ਨੂੰ ਰਾਜਨੀਤੀ ਸਿਖਾਉਣ ਆਇਆ ਹੈ। ਅਕਾਲੀ ਦਲ ਦੇ 25 ਸਾਲ ਰਾਜ ਕਰਨ ਦੇ ਸੁਪਨੇ ਨੂੰ ਹੰਕਾਰੀ ਕਹਿੰਦਿਆਂ ਉਨ੍ਹਾਂ ਕਿਹਾ ਕਿ ਕੈਲੰਡਰ ਤਰੀਕ ਬਦਲ ਦਿੰਦਾ ਹੈ, ਪਰ ਸਾਲ ਬਾਅਦ ਇਕ ਦਿਨ ਅਜਿਹਾ ਵੀ ਆਉਂਦਾ ਹੈ, ਜਦ ਕੈਲੰਡਰ ਵੀ ਬਦਲ ਜਾਂਦਾ ਹੈ ਤੇ ਅਗਲੀਆਂ ਵਿਧਾਨ ਸਭਾ ਚੋਣਾਂ 2017 ਵਿਚ ਉਹ ਸਮਾਂ ਆ ਰਿਹਾ ਹੈ, ਜਦੋਂ ਤੁਸੀਂ ਕੈਲੰਡਰ ਹੀ ਬਦਲ ਦੇਣਾ ਹੈ। ਉਨ੍ਹਾਂ ਕਿਹਾ ਕਿ ਲੋਕ ਨਵਾਂ ਤਜਰਬਾ ਕਰਨ ਲਈ ਵੋਟਾਂ ਦੀ ਉਡੀਕ ਵਿਚ ਹਨ।
_________________________________
ਨਵੀਂ ਪਾਰਟੀ ਬਾਰੇ ਕੋਈ ਵਿਚਾਰ ਨਹੀਂ: ਗਾਂਧੀ
ਪਟਿਆਲਾ: ਡਾæ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਉਹ ਕੋਈ ਨਵੀਂ ਪਾਰਟੀ ਨਹੀਂ ਬਣਾਉਣਗੇ ਤੇ ਨਾ ਹੀ ‘ਆਪ’ ਨੂੰ ਛੱਡਣਗੇ। ਸ੍ਰੀ ਗਾਂਧੀ ਨੇ ਦੋਸ਼ ਲਾਏ ਕਿ ‘ਆਪ’ ਦੀ ਲੀਡਰਸ਼ਿਪ ਪੰਜਾਬ ਵਿਚ ਉਹੀ ਕੰਮ ਕਰ ਰਹੀ ਹੈ, ਜੋ ਕੰਮ ਕਰਕੇ ਬਲਵੰਤ ਸਿੰਘ ਰਾਮੂਵਾਲੀਆ ਅਤੇ ਮਨਪ੍ਰੀਤ ਸਿੰਘ ਬਾਦਲ ਜਿਹੇ ਲੀਡਰ ਫੇਲ੍ਹ ਹੋਏ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜੋ ਸੰਗਠਨ ਬਣਾ ਰਹੀ ਹੈ ਉਹ ਅਸਲ ਵਿਚ ਪੀæਪੀæਪੀæ ਵਾਲੀ ਹੀ ਗ਼ਲਤੀ ਕਰ ਰਹੀ ਹੈ। ਇਸ ਨਾਲ ਪੰਜਾਬ ਵਿਚ ‘ਆਪ’ ਫੇਲ੍ਹ ਹੋ ਜਾਵੇਗੀ ਤੇ ਇਹੀ ਅਕਾਲੀ ਦਲ ਦੀ ਲੀਡਰਸ਼ਿਪ ਚਾਹੁੰਦੀ ਹੈ।