ਸ਼੍ਰੋਮਣੀ ਕਮੇਟੀ ਦੀ ਯੂ-ਟਰਨ; ਮੀਡੀਆ ‘ਤੇ ਰੋਕ ਬਾਰੇ ਫੈਸਲਾ ਬਦਲਿਆ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁੱਖ ਦਫ਼ਤਰ ਵਿਚ ਮੀਡੀਆ ਦੇ ਆਉਣ ਉਤੇ ਰੋਕ ਲਗਾਉਣ ਬਾਰੇ ਫੈਸਲਾ ਇਕ ਦਿਨ ਬਾਅਦ ਹੀ ਬਦਲ ਲਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਹੈ ਕਿ ਪੱਤਰਕਾਰ ਭਾਈਚਾਰੇ ਉਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਵਿਚ ਦਾਖ਼ਲੇ ਉਤੇ ਕੋਈ ਰੋਕ ਨਹੀਂ ਹੈ।

ਉਨ੍ਹਾਂ ਨੇ ਅਮਲੇ ਨੂੰ ਸਖ਼ਤ ਆਦੇਸ਼ ਦਿੱਤੇ ਹਨ ਕਿ ਪੱਤਰਕਾਰ ਭਾਈਚਾਰੇ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਵਿਚ ਆਉਣ ਤੋਂ ਨਾ ਰੋਕਿਆ ਜਾਵੇ। ਉਨ੍ਹਾਂ ਨੇ ਅਜਿਹੇ ਆਦੇਸ਼ ਲਾਉਣ ਦਾ ਸਖ਼ਤ ਨੋਟਿਸ ਲਿਆ ਹੈ ਤੇ ਆਖਿਆ ਕਿ ਇਹ ਇਕ ਸੰਗਤੀ ਅਦਾਰਾ ਹੈ, ਜਿਥੇ ਮੀਡੀਆ ਦੇ ਆਉਣ ਉਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਵੇਂ ਆਏ ਮੁੱਖ ਸਕੱਤਰ ਦੇ ਹੁਕਮ ਉਤੇ ਮੀਡੀਆ ਦੀ ਆਮਦ ‘ਤੇ ਰੋਕ ਲਾ ਦਿੱਤੀ ਗਈ ਸੀ।
ਇਸ ਬਾਰੇ ਨੋਟਿਸ ਬੋਰਡ ਉਤੇ ਲਿਖਤੀ ਸੂਚਨਾ ਲਾਈ ਗਈ ਸੀ, ਜਿਸ ਵਿਚ ਆਖਿਆ ਗਿਆ ਸੀ ਕਿ ਬਿਨਾਂ ਅਗਾਉਂ ਪ੍ਰਵਾਨਗੀ ਮੀਡੀਆ ਕਰਮਚਾਰੀ ਸ਼੍ਰੋਮਣੀ ਕਮੇਟੀ ਦੇ ਦਫਤਰ ਵਿਚ ਦਾਖ਼ਲ ਨਹੀਂ ਹੋਣਗੇ। ਉਨ੍ਹਾਂ ਨੂੰ ਅੰਦਰ ਆਉਣ ਵਾਸਤੇ ਐਂਟਰੀ ਰਜਿਸਟਰ ਉਤੇ ਆਪਣੀ ਆਮਦ ਬਾਰੇ ਵੇਰਵੇ ਦਰਜ ਕਰਨੇ ਪੈਣਗੇ ਤੇ ਇਸ ਸਬੰਧੀ ਪ੍ਰਵਾਨਗੀ ਵੀ ਲੈਣੀ ਪਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਨਿਯੁਕਤੀ ਬਾਅਦ ਇਹ ਨਵਾਂ ਨਿਯਮ ਲਾਗੂ ਕੀਤਾ ਗਿਆ ਸੀ। ਸਿਰਫ ਮੀਡੀਆ ਦੇ ਦਾਖਲੇ ਉਤੇ ਹੀ ਰੋਕ ਨਹੀਂ ਲਾਈ ਗਈ ਸੀ ਸਗੋਂ ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਧੁਆਈ ਕਰਨ ਵਾਲੀ ਸੰਗਤ ਨੂੰ ਵੀ ਵਧੇਰੇ ਬਾਲਟੀਆਂ ਦੇਣ ਤੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਹ ਜਲ ਦੀ ਦੁਰਵਰਤੋਂ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਨੋਟਿਸ ਬੋਰਡ ਉਤੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਨਾਂ ਹੇਠ ਲਾਏ ਗਏ ਆਦੇਸ਼ਾਂ ਵਿਚ ਮੀਡੀਆ ਨੂੰ ਸੂਚਿਤ ਕੀਤਾ ਸੀ, ‘ਪ੍ਰੈੱਸ ਨਾਲ ਸਬੰਧਤ ਅਖ਼ਬਾਰਾਂ, ਟੀæਵੀæ ਤੇ ਰੇਡੀਓ ਦਾ ਕੋਈ ਵੀ ਪੱਤਰਕਾਰ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਬੁਲਾਵੇ ਤੋਂ ਬਿਨਾਂ ਅੰਦਰ ਦਾਖ਼ਲ ਨਹੀਂ ਹੋਵੇਗਾ। ਜੇਕਰ ਕਿਸੇ ਵੀ ਪੱਤਰਕਾਰ ਨੇ ਜ਼ਰੂਰੀ ਦਫ਼ਤਰੀ ਕੰਮ ਤਹਿਤ ਮਿਲਣਾ ਹੋਵੇ ਤਾਂ ਉਹ ਪਹਿਲਾਂ ਵਧੀਕ ਸਕੱਤਰ ਦਿਲਜੀਤ ਸਿੰਘ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਦਫਤਰ ਵਿਚ ਹੀ ਮਿਲ ਸਕਣਗੇ। ਅੰਦਰ ਦਾਖ਼ਲ ਹੋਣ ਤੋਂ ਪਹਿਲਾ ਗੇਟ ਉਤੇ ਆਪਣੇ ਬਾਰੇ ਐਂਟਰੀ ਕਰਨੀ ਲਾਜ਼ਮੀ ਹੋਵੇਗੀ।’
_________________________________
ਮੁੱਖ ਸਕੱਤਰ ਦੀ ਨਿਯੁਕਤੀ ਪਿੱਛੋਂ ਨਿੱਤ ਨਵੇਂ ਨਿਯਮ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਨਿਯੁਕਤੀ ਪਿੱਛੋਂ ਕਮੇਟੀ ਵੱਲੋਂ ਨਿੱਤ ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਚ ਮੀਡੀਏ ਦੇ ਦਾਖਲੇ ‘ਤੇ ਰੋਕ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਧੁਆਈ ਕਰਨ ਵਾਲੀ ਸੰਗਤ ਨੂੰ ਵੀ ਵਧੇਰੇ ਬਾਲਟੀਆਂ ਦੇਣ ਤੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਹ ਜਲ ਦੀ ਦੁਰਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਮੁੱਖ ਸਕੱਤਰ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲੇ ਰਾਗੀ ਦਾ ਤਬਾਦਲਾ ਵੀ ਕਰ ਦਿੱਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਅਨੁਸ਼ਾਸਨ ਭੰਗ ਕਰਨ ਤੇ ਸੰਸਥਾ ਖ਼ਿਲਾਫ਼ ਬੋਲਣ ਦੇ ਦੋਸ਼ ਹੇਠ ਹਰਿਆਣਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ, ਜੀਂਦ ਵਿਖੇ ਬਦਲੀ ਕਰ ਦਿੱਤੀ ਗਈ ਹੈ।
_______________________________

ਨਿਯੁਕਤੀ ਖਿਲਾਫ ਕਾਨੂੰਨੀ ਨੋਟਿਸੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸਕੱਤਰ ਦੀ ਕੀਤੀ ਨਿਯੁਕਤੀ ਖ਼ਿਲਾਫ਼ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਅਦਾਲਤ ਵਿਚ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਭੇਜ ਕੇ 60 ਦਿਨਾਂ ਦੇ ਅੰਦਰ ਇਹ ਨਿਯੁਕਤੀ ਰੱਦ ਕਰਨ ਤੇ ਇਸ ਸੇਵਾ ਵਜੋਂ ਦਿੱਤੇ ਗਏ ਸੇਵਾ ਫਲ ਨੂੰ 18 ਫੀਸਦੀ ਵਿਆਜ ਸਮੇਤ ਵਸੂਲ ਕਰਨ ਲਈ ਆਖਿਆ ਹੈ। ਇਹ ਕਾਨੂੰਨੀ ਨੋਟਿਸ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 143 ਹੇਠ ਭੇਜਿਆ ਗਿਆ ਹੈ, ਜਿਸ ਵਿਚ ਮੁੱਖ ਸਕੱਤਰ ਦੀ ਕੀਤੀ ਗਈ ਨਿਯੁਕਤੀ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਗੁਰਦੁਆਰਾ ਐਕਟ ਦੀ ਪ੍ਰਬੰਧ ਸਕੀਮ ਤਹਿਤ ਨੌਕਰੀ ‘ਤੇ ਰੱਖਣ ਲਈ ਯੋਗਤਾਵਾਂ ਨਿਰਧਾਰਤ ਹਨ।