ਬਾਬਾ ਵਡਭਾਗ ਸਿੰਘ ਦੇ ਸਿੱਖ ਹੋਣ ਬਾਰੇ ਮਾਮਲੇ ਦੀ ਹੋਵੇਗੀ ਘੋਖ

ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਉਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਬਾ ਵਡਭਾਗ ਸਿੰਘ ਮਾਮਲੇ ਦੀ ਘੋਖ ਕਰਨ ਲਈ ਕਿਹਾ ਗਿਆ ਹੈ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਭਵਿੱਖ ਵਿਚ ਕੋਈ ਵੀ ਮਾਮਲਾ ਅਕਾਲ ਤਖ਼ਤ ਉਤੇ ਵਿਚਾਰਨ ਲਈ ਸਿੱਧਾ ਨਾ ਭੇਜਿਆ ਜਾਵੇ ਤੇ ਧਰਮ ਪ੍ਰਚਾਰ ਕਮੇਟੀ ਰਾਹੀਂ ਹੀ ਪਹੁੰਚੇ। ਇਸ ਤੋਂ ਇਲਾਵਾ ਮੋਬਾਈਲ ਫੋਨ ਨੈੱਟਵਰਕ ਕੰਪਨੀਆਂ ਨੂੰ ਤਾੜਨਾ ਕੀਤੀ ਗਈ ਕਿ ਗੁਰਬਾਣੀ ਨੂੰ ਗੀਤ ਨਾ ਆਖਿਆ ਜਾਵੇ।

ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਤੇ ਹੋਰ ਧਾਰਮਿਕ ਸ਼ਖਸੀਅਤਾਂ ਨੇ ਬਾਬਾ ਵਡਭਾਗ ਸਿੰਘ ਦੇ ਮਾਮਲੇ ਉਤੇ ਸਿੰਘ ਸਾਹਿਬਾਨ ਨਾਲ ਵਿਚਾਰ ਸਾਂਝੇ ਕੀਤੇ। ਵਧੇਰੇ ਸਿੱਖ ਆਗੂਆਂ ਨੇ ਕਿਹਾ ਕਿ ਇਸ ਬਾਰੇ ਕੋਈ ਠੋਸ ਸਬੂਤ ਨਹੀਂ ਹੈ ਕਿ ਵਡਭਾਗ ਸਿੰਘ ਅੰਮ੍ਰਿਤ ਛਕ ਕੇ ਪੰਥ ਵਿਚ ਸ਼ਾਮਲ ਹੋ ਗਿਆ ਸੀ। ਉਂਜ ਵੀ ਡੇਰਾ ਬਾਬਾ ਵਡਭਾਗ ਸਿੰਘ ਵਿਖੇ ਅੱਜ ਵੀ ਮਨਮਤ ਦੀਆਂ ਕਾਰਵਾਈਆਂ ਚੱਲ ਰਹੀਆਂ ਹਨ। ਇਸ ਲਈ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਚੱਲਿਆ ਜਾਵੇ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਬਾਬਾ ਵਡਭਾਗ ਸਿੰਘ ਦੇ ਅੰਮ੍ਰਿਤ ਛਕਣ ਤੇ ਇਸ ਬਾਰੇ ਹੋਰ ਪੱਖਾਂ ਦੀ ਘੋਖ ਲਈ ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਮੂਹ ਸਿੱਖ ਵਿਦਵਾਨਾਂ ਦੀ ਇਸ ਬਾਰੇ ਇਕ ਰਾਇ ਨਹੀਂ ਬਣਦੀ, ਉਦੋਂ ਤੱਕ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਦਾ। ਬਾਬਾ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣ ਦੀ ਸਹਿਮਤੀ ਦੇਣ ਬਾਰੇ ਉਨ੍ਹਾਂ ਆਖਿਆ ਕਿ ਇਸ ਮਾਮਲੇ ਨੂੰ ਮੀਡੀਆ ਵੱਲੋਂ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਸੀ ਆਖਿਆ।
ਉਨ੍ਹਾਂ ਕਿਹਾ ਕਿ ਦਿਵਯ ਜਯੋਤੀ ਜਾਗਰਣ ਸੰਸਥਾਨ ਵਿਖੇ ਕੀਰਤਨ ਕਰਨ ਵਾਲੇ ਰਾਗੀ ਬਲਬੀਰ ਸਿੰਘ ਦਾ ਮਾਮਲਾ ਵਿਚਾਰ ਅਧੀਨ ਹੈ ਤੇ ਫ਼ੈਸਲਾ ਹੋਣ ਤੱਕ ਬਲਬੀਰ ਸਿੰਘ ਉਤੇ ਕੀਰਤਨ ਕਰਨ ਤੇ ਸਟੇਜਾਂ ਤੋਂ ਬੋਲਣ ਉਤੇ ਰੋਕ ਲਾਈ ਗਈ ਹੈ। ਉਨ੍ਹਾਂ ਨੇ ਮੋਬਾਈਲ ਫੋਨ ਨੈੱਟਵਰਕ ਕੰਪਨੀਆਂ ਨੂੰ ਤਾੜਨਾ ਕੀਤੀ ਕਿ ਮੋਬਾਈਲ ਫੋਨ ਉਤੇ ਕਾਲਰ ਟਿਊਨ ਲਈ ਗੁਰਬਾਣੀ ਦੀ ਵਰਤੋਂ ਕਰਦੇ ਹੋਏ ਇਸ ਨੂੰ ਗੀਤ ਨਾ ਆਖਿਆ ਜਾਵੇ। ਗੱਲ ਨਾ ਮੰਨਣ ਉਤੇ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹੁਣ ਕੋਈ ਵੀ ਮਾਮਲਾ ਸਿੱਧੇ ਤੌਰ ਉਤੇ ਅਕਾਲ ਤਖ਼ਤ ਸਾਹਿਬ ‘ਤੇ ਨਹੀਂ ਆਏਗਾ।
ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਯੋਗ ਹੱਲ ਕੱਢਣ ਲਈ ਹਦਾਇਤ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਕਮੇਟੀ ਕੌਮੀ ਮਾਮਲਿਆਂ ਬਾਰੇ ਆਪਣੀ ਰਾਇ ਦੇ ਕੇ ਅਕਾਲ ਤਖ਼ਤ ‘ਤੇ ਭੇਜੇ ਤੇ ਕਾਨੂੰਨ ਨਾਲ ਸਬੰਧਤ ਕੋਈ ਵੀ ਮਾਮਲਾ ਅਕਾਲ ਤਖ਼ਤ ਉਤੇ ਵਿਚਾਰ ਲਈ ਨਾ ਭੇਜਿਆ ਜਾਵੇ। ਇਸ ਦੌਰਾਨ ਮਰਹੂਮ ਬਾਬਾ ਸੁੱਚਾ ਸਿੰਘ ਨੂੰ ਗੁਰਬਾਣੀ ਕੀਰਤਨ ਦੇ ਖੇਤਰ ਵਿਚ ਪਾਏ ਯੋਗਦਾਨ ਲਈ ‘ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ’ ਦੀ ਉਪਾਧੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਸਬੰਧੀ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਨੂੰ ਨੁਮਾਇੰਦਿਆਂ ਦੇ ਨਾਂ ਭੇਜਣ ਲਈ ਕਿਹਾ ਸੀ ਪਰ ਕੋਈ ਨਾਂ ਨਹੀਂ ਆਇਆ, ਜਿਸ ਕਰਕੇ ਇਸ ਬਾਰੇ ਕਮੇਟੀ ਨਹੀਂ ਬਣੀ। ਦੇਸ ਵਿਦੇਸ ਵਿਚ ਕੋਈ ਵੀ ਨਵਾਂ ਗੁਰਦੁਆਰਾ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਉਸਾਰਿਆ ਜਾਵੇ।
________________________________
ਸ਼੍ਰੋਮਣੀ ਕਮੇਟੀ ਦੇ ਅਹਿਮ ਫੈਸਲੇ
– ਨਵਾਂ ਗੁਰਦੁਆਰਾ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਉਸਾਰਿਆ ਜਾਵੇ
– ਭਵਿੱਖ ਵਿਚ ਕੋਈ ਵੀ ਮਾਮਲਾ ਅਕਾਲ ਤਖ਼ਤ ਉਤੇ ਵਿਚਾਰਨ ਲਈ ਸਿੱਧਾ ਨਾ ਭੇਜਿਆ ਜਾਵੇ
– ਗੁਰਬਾਣੀ ਨੂੰ ਗੀਤ ਕਹਿਣ ਵਾਲੀਆਂ ਮੋਬਾਈਲ ਫੋਨ ਨੈੱਟਵਰਕ ਕੰਪਨੀਆਂ ਨੂੰ ਤਾੜਨਾ
– ਰਾਗੀ ਬਲਬੀਰ ਸਿੰਘ ਉਤੇ ਕੀਰਤਨ ਕਰਨ ਤੇ ਸਟੇਜਾਂ ਤੋਂ ਬੋਲਣ ਉਤੇ ਰੋਕ ਜਾਰੀ ਰਹੇਗੀ
– ਬਾਬਾ ਸੁੱਚਾ ਸਿੰਘ ਨੂੰ ‘ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ’ ਦੀ ਉਪਾਧੀ ਦੇਣ ਦਾ ਫ਼ੈਸਲਾ