ਸੀਰੀਆ ਦਾ ਸ਼ਰਨਾਰਥੀ ਸੰਕਟ: ਕੌਮਾਂਤਰੀ ਹੁੰਗਾਰਾ ਤੇ ਚਿਰਕਾਲੀ ਪੱਖ

ਦਲਜੀਤ ਅਮੀ
ਫੋਨ: +1(253) 455-8932
ਚਾਰ ਸਾਲ ਦੀ ਖ਼ਾਨਾਜੰਗੀ ਪਿਛੋਂ ਸੀਰੀਆ ਦੇ ਸ਼ਰਨਾਰਥੀਆਂ ਦਾ ਮਾਮਲਾ ਯੂਰਪੀ ਅਤੇ ਉਤਰੀ ਅਮਰੀਕਾ ਵਿਚ ਵੱਡਾ ਮਸਲਾ ਬਣ ਗਿਆ ਹੈ। ਰੂਮ ਸਾਗਰ ਵਿਚ ਡੁੱਬਦੀਆਂ ਕਿਸ਼ਤੀਆਂ ਅਤੇ ਕੰਢੇ ਲੱਗਦੀਆਂ ਲਾਸ਼ਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਗਰੀਸ ਦੇ ਸਮੁੰਦਰ ਕੰਢੇ ਸੀਰੀਆ ਦੇ ਭੁਜੰਗੀ ਦੀ ਲਾਸ਼ ਮਿਲਣ ਦੀਆਂ ਤਸਵੀਰਾਂ ਨੇ ਧਿਆਨ ਖਿੱਚਿਆ ਤਾਂ ਉਸ ਦੇ ਪਰਿਵਾਰ ਦੀ ਹੋਣੀ ਦੇ ਹਵਾਲੇ ਨਾਲ ਸ਼ਰਨਾਰਥੀਆਂ ਦਾ ਮਾਮਲਾ ਕੈਨੇਡਾ ਦੀਆਂ ਚੋਣਾਂ ਉਤੇ ਅਸਰਅੰਦਾਜ਼ ਹੋਇਆ। ਯੂਰਪੀ ਮੁਲਕਾਂ ਨੇ ਇਸ ਸੰਕਟ ਦੇ ਹਵਾਲੇ ਨਾਲ ਯੂਰਪੀ ਯੂਨੀਅਨ ਦੇ ਸਮਝੌਤਿਆਂ ‘ਤੇ ਮੁੜ ਵਿਚਾਰ ਸ਼ੁਰੂ ਕੀਤੀ ਹੈ।

ਯੂਰਪੀ ਯੂਨੀਅਨ ਅੰਦਰਲੇ ਜ਼ਿਆਦਾਤਰ ਮੁਲਕ ਆਪਣੀਆਂ ਸਰਹੱਦਾਂ ਉਤੇ ਸ਼ਰਨਾਰਥੀਆਂ ਨੂੰ ਰੋਕਣ ਲਈ ਪੇਸ਼ਕਦਮੀਆਂ ਕਰ ਰਹੇ ਹਨ, ਨਾਲ ਹੀ ਐਲਾਨ ਕੀਤਾ ਹੈ ਕਿ ਉਹ ਕਿੰਨੇ ਸਮੇਂ ਅੰਦਰ ਕਿੰਨੇ ਸ਼ਰਨਾਰਥੀਆਂ ਨੂੰ ਪਨਾਹ ਦੇਣਗੇ। ਬੇਘਰ ਹੋਏ ਲੋਕਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ, ਪਰ ਇਨ੍ਹਾਂ ਲਈ ਘਰ ਦਾ ਇੰਤਜ਼ਾਮ ਕਰਨਾ ਪੇਚੀਦਾ ਸੁਆਲ ਹੈ।
ਇਹ ਲੋਕ ਕਿੱਥੇ ਜਾਣ? ਯੂਰਪੀ ਤੇ ਉਤਰੀ ਅਮਰੀਕੀ ਮੁਲਕ ਇਨ੍ਹਾਂ ਦੇ ਦਾਅਵਿਆਂ ਦੀ ਪੜਤਾਲ ਕਿਵੇਂ ਕਰਨ ਅਤੇ ਪਨਾਹ ਦੇਣ ਦਾ ਕੀ ਤਰੀਕਾ ਹੋਵੇ? ਅਮਰੀਕਾ ਨੇ ਦਸ ਹਜ਼ਾਰ ਤੇ ਕੈਨੇਡਾ ਨੇ ਪੱਚੀ ਹਜ਼ਾਰ ਨੂੰ ਸ਼ਰਨ ਦੇਣ ਦਾ ਵਾਅਦਾ ਕੀਤਾ ਹੈ। ਜਰਮਨ ਨੇ ਪੰਜ ਲੱਖ ਲੋਕਾਂ ਲਈ ਦਰਵਾਜ਼ੇ ਖੋਲ੍ਹੇ ਹਨ। ਰੂਮ ਸਾਗਰ ਨਾਲ ਲੱਗਦੇ ਯੂਰਪੀ ਮੁਲਕਾਂ ਦੀਆਂ ਸਰਕਾਰਾਂ ਇੱਕ ਪਾਸੇ ਮਨੁੱਖੀ ਹਮਦਰਦੀ ਵਾਲੇ ਬਿਆਨ ਦੇ ਰਹੀਆਂ ਹਨ, ਦੂਜੇ ਪਾਸੇ ਸਰਹੱਦਾਂ ਬੰਦ ਕਰਨ ਲਈ ਫ਼ੌਜ ਤੇ ਪੁਲਿਸ ਤਾਇਨਾਤ ਕਰ ਰਹੀਆਂ ਹਨ। ਚਾਰ ਸਾਲਾਂ ਵਿਚ ਸੀਰੀਆ ਤੋਂ ਚਾਲੀ ਲੱਖ ਸ਼ਰਨਾਰਥੀ ਜਾਰਡਨ, ਤੁਰਕੀ, ਲਿਬਨਾਨ, ਮਿਸਰ ਅਤੇ ਇਰਾਕ ਦੀਆਂ ਸਰਹੱਦਾਂ ਪਾਰ ਕੀਤੇ ਹਨ। ਜ਼ਿਆਦਾਤਰ ਅਰਬੀ ਮੁਲਕਾਂ ਨੇ ਇਨ੍ਹਾਂ ਨੂੰ ਆਰਜ਼ੀ ਪਨਾਹ ਦਿੱਤੀ ਹੈ ਪਰ ਪੱਕੇ ਇੰਤਜ਼ਾਮ ਤੋਂ ਇਨਕਾਰ ਕੀਤਾ ਹੈ। ਸ਼ਰਨਾਰਥੀਆਂ ਵਿਚ ਵੀ ਇਹ ਭਾਵਨਾ ਹੈ ਕਿ ਸੀਰੀਆ ਤੋਂ ਉਜੜ ਕੇ ਅਰਬ ਜਾਂ ਅਫ਼ਰੀਕਾ ਵਿਚ ਵਸਣਾ ਔਖਾ ਹੈ। ਸ਼ਰਨਾਰਥੀਆਂ ਵਾਂਗ ਸੀਰੀਆ ਦੀ ਖ਼ਾਨਾਜੰਗੀ ਵਾਲੇ ਸੰਸੇ ਇਨ੍ਹਾਂ ਮੁਲਕਾਂ ਦੀਆਂ ਸਰਹੱਦਾਂ ਕਦੇ ਵੀ ਪਾਰ ਕਰ ਸਕਦੇ ਹਨ। ਇੱਕ ਤੋਂ ਬਾਅਦ ਦੂਜੇ ਉਜਾੜੇ ਦੇ ਖ਼ਦਸ਼ਿਆਂ ਵਿਚ ਜਿਉਣ ਦੀ ਥਾਂ ਉਹ ਹਰ ਖ਼ਤਰਾ ਸਹੇੜ ਕੇ ਯੂਰਪ ਜਾਂ ਉਤਰੀ ਅਮਰੀਕਾ ਪੁੱਜਣਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਸੁਰੱਖਿਅਤ ਲੱਗਦਾ ਹੈ। ਇਹ ਵੀ ਆਪਣੇ ਸ਼ਹਿਰੀਆਂ ਦੀ ਸੁਰੱਖਿਆ ਦਾ ਸਭ ਤੋਂ ਜ਼ਿਆਦਾ ਦਾਅਵਾ ਕਰਦੇ ਹਨ ਅਤੇ ਸੁਰੱਖਿਆ ਦੇ ਨਾਮ ਉਤੇ ਹੀ ਘਰੇਲੂ ਤੇ ਵਿਦੇਸ਼ ਨੀਤੀਆਂ ਅੱਗੇ ਤੋਰਦੇ ਹਨ।
ਸੀਰੀਆ ਦੇ ਹਵਾਲੇ ਨਾਲ ਸੁਰੱਖਿਆ ਅਤੇ ਪਨਾਹਗੀਰੀ ਦੇ ਮਸਲੇ ਵਿਚਾਰਨੇ ਬਣਦੇ ਹਨ। ਇਹ ਸੁਆਲ ਬਣਦੇ ਹਨ ਕਿ ਮੌਜੂਦਾ ਤਰੀਕਿਆਂ ਨਾਲ ਪਨਾਹਗ਼ੀਰੀ ਦੇ ਸੰਕਟ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ? ਸੰਕਟ ਦਾ ਯੂਰਪੀ ਤੇ ਉਤਰੀ ਅਮਰੀਕੀ ਮੁਲਕਾਂ ਦੀ ਵਿਦੇਸ਼ ਨੀਤੀਆਂ ਨਾਲ ਕੀ ਰਿਸ਼ਤਾ ਹੈ? ਅਹਿਮ ਸੁਆਲ ਇਹ ਹੈ ਕਿ ਸੀਰੀਆ ਦੀ ਖ਼ਾਨਾਜੰਗੀ ਦਾ ਯੂਰਪੀ ਤੇ ਉਤਰੀ ਅਮਰੀਕੀ ਮੁਲਕਾਂ ਦੀ ਪਨਾਹਗ਼ੀਰੀ ਵਾਲੀਆਂ ਨੀਤੀਆਂ ਨਾਲ ਕੀ ਰਿਸ਼ਤਾ ਹੈ? ਇਨ੍ਹਾਂ ਸੁਆਲਾਂ ਨੂੰ ਮੁਖ਼ਾਤਬ ਹੋਏ ਬਿਨਾਂ ਫੌਰੀ ਰਾਹਤ ਵਾਲਾ ਪਾਸਾ ਤਾਂ ਸੁਲਝਾਇਆ ਜਾ ਸਕਦਾ ਹੈ, ਚਿਰਕਾਲੀ ਦੌਰ ਵਿਚ ਇਹ ਜਿਉਂ ਦਾ ਤਿਉਂ ਰਹੇਗਾ।
ਜੇ ਸੀਰੀਆ ਦੀ ਖ਼ਾਨਾਜੰਗੀ ਜਾਂ ਖ਼ਾਨਾਜੰਗੀ ਦੇ ਖ਼ਦਸ਼ਿਆਂ ਵਾਲੇ ਹਾਲਾਤ ਬਣੇ ਰਹਿੰਦੇ ਹਨ ਤਾਂ ਪਨਾਹਗ਼ੀਰਾਂ ਦੀ ਕਤਾਰ ਖ਼ਤਮ ਨਹੀਂ ਹੋ ਸਕਦੀ। ਇਹ ਹਾਲਾਤ ਹੋਰ ਮੁਲਕਾਂ ਵਿਚ ਵੀ ਹਨ। ਹਾਲ ਦੀ ਘੜੀ ਚਰਚਾ ਸੀਰੀਆ ‘ਤੇ ਕੇਂਦਰਿਤ ਹੈ। ਇਨ੍ਹਾਂ ਹਾਲਾਤ ਲਈ ਯੂਰਪੀ ਤੇ ਉਤਰੀ ਅਮਰੀਕੀ ਮੁਲਕਾਂ ਦੀਆਂ ਵਿਦੇਸ਼ ਨੀਤੀਆਂ ਦਾ ਹਿੱਸਾ ਹੈ। ਇਨ੍ਹਾਂ ਨੇ ਜਮਹੂਰੀਅਤ ਅਤੇ ਮਨੁੱਖੀ ਹਕੂਕ ਦੇ ਨਾਂ ‘ਤੇ ਦੂਜੇ ਮੁਲਕਾਂ ਵਿਚ ਦਖ਼ਲਅੰਦਾਜ਼ੀ ਕੀਤੀ, ਤੇ ਦਖ਼ਲਅੰਦਾਜ਼ੀ ਵਾਲੇ ਹਰ ਮੁਲਕ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ। ਯੂਰਪੀ ਤੇ ਉਤਰੀ ਅਮਰੀਕੀ ਮੁਲਕਾਂ ਦੀਆਂ ਪਨਾਹਗ਼ੀਰੀ ਵਾਲੀਆਂ ਨੀਤੀਆਂ ਦੇ ਘੇਰੇ ਵਿਚ ਖ਼ਾਨਾਜੰਗੀ ਦਾ ਸ਼ਿਕਾਰ ਜਾਂ ਨਿਜ਼ਾਮ ਨਾਲ ਟਕਰਾਅ ਵਿਚ ਸਭ ਤੋਂ ਯੋਗ ਬੰਦਾ ਆਇਆ ਹੈ। ਇਹ ਪੈਸੇ, ਸਿੱਖਿਆ, ਸਿਆਸੀ ਚੇਤਨਾ ਅਤੇ ਸਮਾਜਕ ਰੁਤਬੇ ਪੱਖੋਂ ਯੋਗ ਬੰਦਾ ਹੈ ਜੋ ਆਪਣੇ ਮੁਲਕ ਵਿਚ ਕੁਝ ਉਸਾਰੂ ਕਰ ਸਕਦਾ ਹੈ। ਇਸੇ ਬੰਦੇ ਨੂੰ ਉਜਾੜ ਕੇ ਯੂਰਪੀ ਅਤੇ ਉਤਰੀ ਅਮਰੀਕੀ ਮੁਲਕਾਂ ਵਿਚ ਪਨਾਹ ਦਿੱਤੀ ਜਾਂਦੀ ਹੈ। ਪਿਛੇ ਬਚ ਗਏ ਹਰ ਤਰ੍ਹਾਂ ਦੇ ਤਸ਼ੱਦਦ, ਦੁਸ਼ਵਾਰੀਆਂ ਅਤੇ ਥੁੜ੍ਹਾਂ ਦਾ ਸ਼ਿਕਾਰ ਹੁੰਦੇ ਹਨ। ਇਹ ਚੱਕਰ ਲਗਾਤਾਰ ਚੱਲਦਾ ਹੈ। ‘ਅਮਨ’ ਦੇ ਹਾਲਾਤ ਵਿਚ ਦੂਜੇ ਮੁਲਕਾਂ ਤੋਂ ਮੁਨਾਫ਼ਾ ਕਮਾਉਣ ਵਾਲਾ ਯੂਰਪ ਤੇ ਉਤਰੀ ਅਮਰੀਕਾ, ਖ਼ਾਨਾਜੰਗੀ ਦੌਰਾਨ ਬਿਹਤਰੀਨ ਮਨੁੱਖੀ ਵਸੀਲਾ ਲੁੱਟਦਾ ਹੈ। ਇਨ੍ਹਾਂ ਮੁਲਕਾਂ ਵਿਚ ਦੁਨੀਆਂ ਭਰ ਦਾ ਯੋਗ ਬੰਦਾ ਪਹੁੰਚ ਰਿਹਾ ਹੈ। ਜੇ ਇਹ ਮੁਲਕ ਪਨਾਹ ਦਿੰਦੇ ਹਨ ਤਾਂ ਆਪਣੇ ਅਰਥਚਾਰੇ ਨੂੰ ਨਵੇਂ ਮਨੁੱਖੀ ਵਸੀਲੇ ਨਾਲ ਹੁਲਾਰਾ ਦਿੰਦੇ ਹਨ। ਦੂਜੇ ਮੁਲਕਾਂ ਵਿਚ ਖ਼ਾਨਾਜੰਗੀ ਦੇ ਹਾਲਾਤ ਕਾਇਮ ਰੱਖਦੇ ਹਨ। ਸੀਰੀਆ ਸਿਰਫ਼ ਇੱਕ ਮਿਸਾਲ ਹੈ। ਇਹ ਹਾਲਾਤ ਨਾਟੋ ਫ਼ੌਜਾਂ ਦੀਆਂ ਕਾਰਵਾਈਆਂ ਦਾ ਸ਼ਿਕਾਰ ਅਤੇ ਨਾਟੋ ਮੁਲਕਾਂ ਨਾਲ ਸਮਝੌਤੇ ਕਰ ਰਹੀਆਂ ਭ੍ਰਿਸ਼ਟ ਸਰਕਾਰਾਂ ਵਾਲੇ ਮੁਲਕਾਂ ਵਿਚ ਹਨ। ਨਾਟੋ ਮੁਲਕਾਂ ਨੇ ਆਪਣੇ ਸ਼ਹਿਰੀਆਂ ਨੂੰ ਜ਼ਿੰਦਗੀ ਦੀ ਕਦਰ ਕਰਨੀ ਸਿਖਾਈ ਹੈ, ਪਰ ਦੂਜੇ ਮੁਲਕਾਂ ਵਿਚ ਆਪਣੀਆਂ ਆਰਥਿਕ-ਫ਼ੌਜੀ ਮੁਹਿੰਮਾਂ ਨਾਲ ਤਬਾਹੀ ਮਚਾਈ ਹੈ।
ਸੀਰੀਆ ਦੀ ਖ਼ਾਨਾਜੰਗੀ ਦਾ ਇੱਕ ਸਿਰਾ ਇਸਲਾਮਿਕ ਸਟੇਟ ਨਾਲ ਜੁੜਦਾ ਹੈ ਜਿਸ ਵਿਚ ਯੂਰਪੀ ਤੇ ਉਤਰੀ ਅਮਰੀਕੀ ਮੁਲਕਾਂ ਵਿਚ ਜੰਮੇ-ਪਲੇ ਪਨਾਹਗੀਰਾਂ ਦੇ ਮੁੰਡੇ ਸ਼ਾਮਿਲ ਹਨ। ਜੇ ਇਹ ਮੁੰਡੇ ਹਥਿਆਰਬੰਦ ਲੜਾਈ ਵਿਚ ਸ਼ਾਮਿਲ ਨਹੀਂ, ਤਾਂ ਇਸ ਦੇ ਹਮਦਰਦ ਹਨ। ਇਸਲਾਮਿਕ ਸਟੇਟ ਦੀ ਭਰਤੀ ਦਾ ਦੂਜਾ ਸਿਰਾ, ਲੜਾਈ ਦਾ ਮੈਦਾਨ ਬਣੇ ਮੁਲਕਾਂ ਵਿਚ ਗ਼ੁਰਬਤ ਤੇ ਥੁੜ੍ਹਾਂ ਦਾ ਸ਼ਿਕਾਰ ਹੋਇਆ ਬੰਦਾ ਹੈ। ਇਨ੍ਹਾਂ ਦੋਵਾਂ ਬੰਦਿਆਂ ਦੀ ਬੇਚੈਨੀ ਦਾ ਹੱਲ ਸਰਕਾਰਾਂ ਕੋਲ ਨਹੀਂ ਅਤੇ ਨਾ ਹੀ ਇਸਲਾਮ ਕੋਲ ਹੈ। ਇਹ ਇਸਲਾਮ ਦੇ ਨਾਂ ‘ਤੇ ਇੱਕ-ਦੂਜੇ ਨੂੰ ਭਰਾ ਮੰਨਦੇ ਹਨ। ਜੇ ਇੱਕ ਪਾਸੇ ਨਾਟੋ ਮੁਲਕਾਂ ‘ਚ ਪੜ੍ਹੇ-ਲਿਖੇ ਪਨਾਹਗੀਰਾਂ ਦੀ ਪਛਾਣ ਦਾ ਸੰਕਟ ਹੈ, ਤਾਂ ਦੂਜੇ ਪਾਸੇ ਗ਼ੁਰਬਤ ਦੀ ਮਾਰ ਹੇਠ ਆਏ ਜੀਆਂ ਦੀ ਬੇਚੈਨੀ ਹੈ। ਇਸਲਾਮਿਕ ਸਟੇਟ ਇਨ੍ਹਾਂ ਦੋ ਬੰਦਿਆਂ ਦੀ ਜੋਟੀ ਦਾ ਖ਼ੂੰਖ਼ਾਰ ਰੂਪ ਹੈ। ਸੋ, ਇਸ ਦੀ ਭਰਤੀ ਦੀ ਤੰਦ ਨਾਟੋ ਮੁਲਕਾਂ ਦੀਆਂ ਵਿਦੇਸ਼ ਨੀਤੀ ਅਤੇ ਪਨਾਹਗ਼ੀਰੀ ਦੀ ਸਿਆਸਤ ਨਾਲ ਜੁੜਦੀ ਹੈ।
ਦੂਜੀ ਆਲਮੀ ਜੰਗ ਤੋਂ ਬਾਅਦ ਨਾਟੋ ਮੁਲਕਾਂ ਦੀ ਨੀਤੀ ਰਹੀ ਹੈ ਕਿ ਜੰਗ ਆਪਣੀ ਧਰਤੀ ਉਤੇ ਨਹੀਂ, ਦੂਜੇ ਮੁਲਕਾਂ ਦੀ ਧਰਤੀ ਉਤੇ ਲੜਨੀ ਹੈ। ਇਹ ਮੁਲਕ ਇਸ ਨੀਤੀ ਵਿਚ ਕਾਮਯਾਬ ਹਨ। ਇਸਲਾਮਿਕ ਸਟੇਟ ਵਿਚ ਸ਼ਾਮਿਲ, ਨਾਟੋ ਮੁਲਕਾਂ ਤੋਂ ਆਈ ਪਨਾਹਗ਼ੀਰਾਂ ਦੀ ਦੂਜੀ ਪੀੜ੍ਹੀ ‘ਪਛਾਣ’ ਜਾਂ ‘ਮਜ਼ਹਬ’ ਦੀ ਹਥਿਆਰਬੰਦ ਲੜਾਈ ਦੂਜੇ ਮੁਲਕਾਂ ਵਿਚ ਲੜ ਰਹੇ ਹਨ। ਨਾਟੋ ਮੁਲਕਾਂ ਲਈ ਆਪਣੇ ਸ਼ਹਿਰੀਆਂ ਨੂੰ ਇਸ ਲੜਾਈ ਵਿਚੋਂ ਬਾਹਰ ਕੱਢਣਾ ਅਹਿਮ ਹੈ। ਪਨਾਹਗ਼ੀਰੀ ਦੀਆਂ ਪਹਿਲਕਦਮੀਆਂ ਦਾ ਪਰਉਪਕਾਰ ਦਿਖਾ ਕੇ ਫ਼ੌਜੀ ਮੁਹਿੰਮਾਂ ਤੇਜ਼ ਕੀਤੀਆਂ ਜਾਂਦੀਆਂ ਰਹੀਆਂ ਹਨ, ਤੇ ਇਸ ਰੁਝਾਨ ਦੇ ਕਾਇਮ ਰਹਿਣ ਦੀ ਪੂਰੀ ਸੰਭਾਵਨਾ ਹੈ। ਇਨ੍ਹਾਂ ਮੁਲਕਾਂ ਨੇ ਫ਼ੌਜੀ ਮੁਹਿੰਮਾਂ ਨੂੰ ਡਰੋਨਾਂ ਤੇ ਸੈਟੇਲਾਇਟ ਦੇ ਹਵਾਲੇ ਕਰ ਕੇ ਆਪਣਾ ਜਾਨੀ ਨੁਕਸਾਨ ਘਟਾ ਲਿਆ ਹੈ। ਇਨ੍ਹਾਂ ਨੇ ਆਪਣੇ ਫ਼ੌਜੀਆਂ ਦੀ ਥਾਂ ਗ਼ਰੀਬ ਮੁਲਕਾਂ ਦੇ ਮੁੰਡਿਆਂ ਨੂੰ ਭਾੜੇ ਦੇ ਕਾਤਲ ਬਣਾ ਲਿਆ ਹੈ ਅਤੇ ਕਿਸੇ ਲਾਸ਼ ਲਈ ਨਾਟੋ ਦੀ ਜੁਆਬਦੇਹੀ ਨਹੀਂ ਹੁੰਦੀ। ਪਨਾਹਗ਼ੀਰੀ ਦੀਆਂ ਨੀਤੀਆਂ ਰਾਹੀਂ ਨਾਟੋ ਮੁਲਕਾਂ ਵਿਚ ਇਨ੍ਹਾਂ ਦੀਆਂ ਹਮਲਾਵਰ ਨੀਤੀਆਂ ਦਾ ਅਲੰਬਰਦਾਰ ਪੈਦਾ ਹੋਇਆ ਹੈ ਜੋ ਆਪਣੀ ਪਨਾਹ ਦੇ ਸ਼ੁਕਰਾਨੇ ਵਜੋਂ ਵਫ਼ਾਦਾਰੀ ਦਾ ਸਬੂਤ ਦੇ ਰਿਹਾ ਹੈ। ਪਹਿਲੀ ਪੀੜ੍ਹੀ ਤਾਂ ਸ਼ੁਕਰਾਨੇ ਵਜੋਂ ਅੱਖਾਂ ਮੀਚ ਕੇ ਵਫ਼ਾਦਾਰੀ ਨਿਭਾਅ ਸਕਦੀ ਹੈ, ਪਰ ਦੂਜੀ ਪੀੜ੍ਹੀ ਆਪਣੀ ‘ਪਛਾਣ’ ਦੇ ਸੰਕਟ ਅਤੇ ਬੇਚੈਨੀ ਜਾਂ ਬਿਗਾਨਗੀ ਨੂੰ ਕਿਵੇਂ ਮੁਖ਼ਾਤਬ ਹੋਵੇਗੀ? ਕੀ ਉਸ ਵੇਲੇ ਤੱਕ ਪਨਾਹਗ਼ੀਰਾਂ ਦੇ ਅਗਲੇ ਪੂਰ ਨਾਟੋ ਮੁਲਕਾਂ ਦੇ ਦਰਵਾਜ਼ੇ ਨਹੀਂ ਖੜਕਾ ਰਹੇ ਹੋਣਗੇ?
ਹਿਜਰਤ ਲਈ ਮਜਬੂਰ ਹੋਏ ਅਵਾਮ ਨੂੰ ਰਾਹਤ ਤਾਂ ਹਰ ਹਾਲਤ ਵਿਚ ਮਿਲਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੀ ਰਾਹਤ ਨਾਟੋ ਮੁਲਕਾਂ ਦਾ ਅਹਿਸਾਨ ਨਹੀਂ ਹੈ। ਇਹ ਸੰਕਟ ਇਨ੍ਹਾਂ ਨੇ ਪੈਦਾ ਕੀਤਾ ਹੈ ਅਤੇ ਪਨਾਹਗ਼ੀਰੀ ਦੀਆਂ ਨੀਤੀਆਂ ਇਨ੍ਹਾਂ ਦੀ ਗ਼ੈਰ-ਮਨੁੱਖੀ ਮੁਹਿੰਮਾਂ ਉਤੇ ਪਰਉਪਕਾਰ ਦਾ ਪਰਦਾ ਪਾਉਂਦੀਆਂ ਹਨ। ਇਸ ਪਰਦੇ ਹੇਠ ਗ਼ਰੀਬ ਮੁਲਕ ਹੋਰ ਗ਼ਰੀਬ ਹੁੰਦੇ ਹਨ ਅਤੇ ਅਮੀਰ ਮੁਲਕ ਹੋਰ ਅਮੀਰ। ਉਜਾੜੇ ਦਾ ਸ਼ਿਕਾਰ ਯੋਗ ਬੰਦਾ ਤਾਂ ਨਾਟੋ ਮੁਲਕਾਂ ਵਿਚ ਜਾ ਵਸੇਗਾ ਪਰ ਨਾਟੋ ਮੁਲਕਾਂ ਲਈ ‘ਅਯੋਗ ਬੰਦਾ’ ਕੀ ਕਰੇਗਾ? ਕੀ ਜਿਉਣ ਯੋਗ ਥਾਂ ਸਿਰਫ਼ ਨਾਟੋ ਮੁਲਕਾਂ ਤੱਕ ਮਹਿਦੂਦ ਹੋ ਜਾਵੇਗੀ ਅਤੇ ਬਾਕੀ ਮੁਲਕ ਕਤਲਗ਼ਾਹ ਬਣ ਕੇ ਰਹਿ ਜਾਣਗੇ? ਕੀ ਨਾਟੋ ਮੁਲਕਾਂ ਤੋਂ ਬਾਹਰਲੀ ਥਾਂ ਸਿਰਫ਼ ਇਨ੍ਹਾਂ ਦੇ ਹਥਿਆਰਾਂ, ਰਸਾਇਣਾਂ ਅਤੇ ਬੇਚੈਨ ਬੰਦੇ ਦਾ ਤਜਰਬਾ ਖੇਤਰ ਹੈ? ਮੌਜੂਦਾ ਦੌਰ ਵਿਚ ਲੜਾਈ ਇੱਕਪਾਸੜ ਚੱਲ ਰਹੀ ਹੈ ਅਤੇ ‘ਮਰਨ ਯੋਗਿਆਂ’ ਨੂੰ ‘ਜਿਉਣ ਯੋਗੇ’ ਹੋਣ ਲਈ ਆਪਣੇ ਬੇਕਸੂਰ ਹੋਣ ਦੀ ਕੀਮਤ ਤਾਰਨੀ ਪੈ ਰਹੀ ਹੈ।
______________________________
ਕੌਣ ਹੈ ਇਸ ਸੰਕਟ ਲਈ ਜ਼ਿੰਮੇਵਾਰ?
ਬੂਟਾ ਸਿੰਘ
ਫੋਨ: +91-94634-74342
ਤੁਰਕੀ ਦੇ ਸਮੁੰਦਰੀ ਕੰਢੇ ਤੈਰਦੀਆਂ ਸੀਰੀਆ ਦੇ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਦੇ ਮੰਜ਼ਰ ਨੇ ਦੁਨੀਆਂ ਨੂੰ ਉਸ ਸੰਕਟ ਨੂੰ ਗੰਭੀਰਤਾ ਨਾਲ ਲੈਣ ਲਈ ਮਜਬੂਰ ਕਰ ਦਿੱਤਾ ਜਿਸ ਦਾ ਸੰਤਾਪ ਕਈ ਸਾਲਾਂ ਤੋਂ ਸੀਰੀਆ ਦੇ ਲੋਕ ਝੱਲ ਰਹੇ ਸਨ। ਜਿਹੜੇ ਪੱਛਮੀ ਲੋਕਾਂ ਦੇ ਦਿਲ ਯਮਨ, ਸੋਮਾਲੀਆ ਅਤੇ ਪਾਕਿਸਤਾਨ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਬੇਕਸੂਰ ਲੋਕਾਂ ਦੇ ਅਮਰੀਕੀ ਡਰੋਨ ਹਮਲਿਆਂ ਵਿਚ ਮਾਰੇ ਜਾਣ ਅਤੇ ਇਰਾਕ ਤੇ ਅਫ਼ਗਾਨਿਸਤਾਨ ਉਪਰ ਥੋਪੀ ਜੰਗ ਵਿਚ ਲੱਖਾਂ ਬੱਚਿਆਂ ਦੇ ਮਾਰੇ ਜਾਣ ਨਾਲ ਨਹੀਂ ਸਨ ਪਸੀਜੇ, ਉਹ ਇਨ੍ਹਾਂ ਸ਼ਰਨਾਰਥੀਆਂ ਦੀ ਹਾਲਤ ਨਾਲ ਝੰਜੋੜੇ ਗਏ। 2014 ‘ਚ ਰੂਮ ਸਾਗਰ ਪਾਰ ਕਰ ਕੇ ਯੂਰਪ ਅਤੇ ਕੈਨੇਡਾ ਜਾਣ ਦੇ ਯਤਨਾਂ ‘ਚ 3000 ਲੋਕ ਮਾਰੇ ਗਏ ਸਨ ਅਤੇ 2015 ਦੇ ਪਹਿਲੇ ਛੇ ਮਹੀਨਿਆਂ ਵਿਚ ਹੀ ਹੋਰ 2500 ਲੋਕ ਮਾਰੇ ਜਾ ਚੁੱਕੇ ਹਨ। ਸੀਰੀਆ ਦੀ ਖ਼ਾਨਾਜੰਗੀ ਦੇ ਸਿੱਟੇ ਵਜੋਂ 25000 ਤੋਂ ਵੱਧ ਸੀਰੀਆਈ ਲੋਕ ਜਾਨਾਂ ਗੁਆ ਚੁੱਕੇ ਹਨ, 76 ਲੱਖ ਬੇਘਰ ਹੋ ਚੁੱਕੇ ਹਨ ਅਤੇ 40 ਲੱਖ ਜਾਨ ਬਚਾ ਕੇ ਜਾਰਡਨ, ਲਿਬਨਾਨ ਤੇ ਤੁਰਕੀ ਚਲੇ ਗਏ ਹਨ। ਸਿਰਫ਼ ਇਸ ਸਾਲ ਹੀ ਅੰਦਾਜ਼ਨ ਦੋ ਲੱਖ ਸ਼ਰਨਾਰਥੀ (ਮੁੱਖ ਤੌਰ ‘ਤੇ ਸੀਰੀਆ, ਇਰਾਕ ਅਤੇ ਅਫ਼ਗਾਨਿਸਤਾਨ ਤੋਂ) ਗਰੀਸ ਦੇ ਕੋਸ ਵਰਗੇ ਸਮੁੰਦਰੀ ਕੰਢਿਆਂ ‘ਤੇ ਪਹੁੰਚੇ ਹਨ। ਪਨਾਹ ਲੈਣ ਵਾਲੇ ਇਕੱਲੇ ਸੀਰੀਆ ਦੇ ਹੀ ਲੋਕ ਨਹੀਂ, ਸਗੋਂ ਲਿਬੀਆ, ਅਫ਼ਗਾਨਿਸਤਾਨ, ਇਰਾਕ ਆਦਿ ਮੁਲਕਾਂ ਦੇ ਲੋਕ ਵੀ ਵੱਡੀ ਤਾਦਾਦ ‘ਚ ਹਨ। ਸੀਰੀਆ ਦੇ ਸ਼ਰਨਾਰਥੀਆਂ ਦੇ ਗੁਆਂਢੀ ਮੁਲਕਾਂ ਵਿਚ ਪਰਵਾਸ ਦੀ ਤਾਦਾਦ ਤੋਂ ਸੰਕਟ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਲਿਬਨਾਨ ਜਿਸ ਦੀ ਆਪਣੀ ਵਸੋਂ ਸਿਰਫ਼ 50 ਲੱਖ ਹੈ, ਉਥੇ 18 ਲੱਖ ਸੀਰੀਆਈ ਸ਼ਰਨਾਰਥੀ ਹਨ। ਜਾਰਡਨ ਵਿਚ ਪੰਜ ਲੱਖ ਤੋਂ ਵੱਧ ਅਤੇ ਇਰਾਕ ਵਿਚ ਢਾਈ ਲੱਖ ਦੇ ਕਰੀਬ ਸੀਰੀਆਈ ਸ਼ਰਨਾਰਥੀ ਹਨ। ਗਰੀਸ, ਇਟਲੀ, ਤੁਰਕੀ ਆਦਿ ਮੁਲਕਾਂ ਵਿਚ ਸ਼ਰਨਾਰਥੀ ਇਨ੍ਹਾਂ ਤੋਂ ਵੱਖਰੇ ਹਨ।
ਇਹ ਬੇਵੱਸ ਲੋਕ ਪ੍ਰਤੀ ਜੀਅ ਹਜ਼ਾਰਾਂ ਯੂਰੋ ਦੇ ਹਿਸਾਬ ਆਰਜ਼ੀ ਕਿਸ਼ਤੀਆਂ ਦਾ ਕਿਰਾਇਆ ਭਰ ਕੇ ਅਤੇ ਆਪਣੀਆਂ ਜਾਨਾਂ ਜੋਖ਼ਮ ‘ਚ ਪਾ ਕੇ ਸਮੁੰਦਰ ਪਾਰ ਕਰ ਰਹੇ ਹਨ। ਦੂਜੇ ਪਾਸੇ, ਯੂਰਪੀ ਮੁਲਕਾਂ ਦੀ ਪੁਲਿਸ ਸ਼ਰਨਾਰਥੀਆਂ ਦੀ ਆਮਦ ਰੋਕਣ ਲਈ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਗਰੀਸ ਦੇ ਕੋਸ ਟਾਪੂ ਤੇ ਹੋਰ ਥਾਂਈਂ ਸ਼ਰਨਾਰਥੀਆਂ ਦੀ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਤੋਂ ਵਾਂਝੀ ਮੰਦੀ ਹਾਲਤ ਦੇ ਵੇਰਵੇ ਦਿਲ ਦਹਿਲਾਉਣ ਵਾਲੇ ਹਨ।
ਪੱਛਮੀ ਮੁਲਕਾਂ ਦੇ ਆਮ ਲੋਕ ਹੁਣ ਸੰਕਟ ਦੀ ਇਸ ਘੜੀ ਵਿਚ ਸ਼ਰਨਾਰਥੀਆਂ ਦੀ ਸਹਾਇਤਾ ਲਈ ਨਾ ਸਿਰਫ਼ ਅੱਗੇ ਆ ਰਹੇ ਹਨ, ਸਗੋਂ ਹਕੂਮਤਾਂ ਉਪਰ ਸ਼ਰਨਾਰਥੀਆਂ ਲਈ ਦਰਵਾਜ਼ੇ ਖੋਲ੍ਹਣ ਲਈ ਵੀ ਦਬਾਅ ਪਾ ਰਹੇ ਹਨ। ਜਿਥੇ ਅਵਾਮ ਦਾ ਭਾਵੁਕ ਪ੍ਰਤੀਕਰਮ ਦਿਲੋਂ ਹੈ, ਉਥੇ ਅਮਰੀਕਾ ਅਤੇ ਉਸ ਦੇ ਜੋਟੀਦਾਰ ਪੱਛਮੀ ਹੁਕਮਰਾਨ ਸ਼ਰਨਾਰਥੀਆਂ ਨਾਲ ਲਗਾਓ ਦਾ ਵਿਖਾਵਾ ਕਰ ਰਹੇ ਹਨ; ਕਿਉਂਕਿ ਇਹ ਹਕੂਮਤਾਂ ਹੀ ਤਾਂ ਉਸ ਸੰਕਟ ਦੀਆਂ ਮੁੱਖ ਜ਼ਿੰਮੇਵਾਰ ਹਨ ਜੋ ਸੀਰੀਆ ਵਿਚ ਹੀ ਨਹੀਂ, ਸਗੋਂ ਅਫ਼ਗਾਨਿਸਤਾਨ, ਇਰਾਕ, ਲਿਬੀਆ, ਸੋਮਾਲੀਆ ਸਮੇਤ ਬਹੁਤ ਸਾਰੇ ਮੁਲਕਾਂ ਦੀ ਤ੍ਰਾਸਦਿਕ ਤਕਦੀਰ ਬਣ ਚੁੱਕਾ ਹੈ।
ਯੂਰਪ, ਕੈਨੇਡਾ ਅਤੇ ਅਮਰੀਕਾ ਦੀਆਂ ਹਕੂਮਤਾਂ ਅਤੇ ਜ਼ਿਆਦਾਤਰ ਮੀਡੀਆ ਵਲੋਂ ਇਹ ਹਊਆ ਖੜ੍ਹਾ ਕੀਤਾ ਗਿਆ ਕਿ ਸੀਰੀਆ ਅਤੇ ਹੋਰ ਮੁਲਕਾਂ ਦੇ ਮੁਸਲਿਮ ਸ਼ਰਨਾਰਥੀਆਂ ਦੇ ਵਹੀਰ ਉਨ੍ਹਾਂ ਲਈ ਖ਼ਤਰਾ ਬਣ ਗਏ ਹਨ। ਇਸ ਰਵੱਈਏ ਵਿਚ ਮੁਸਲਿਮ ਵਿਰੋਧੀ ਨਫ਼ਰਤ ਅਤੇ ਨਸਲਵਾਦ ਵੀ ਨਜ਼ਰ ਆਉਂਦਾ ਹੈ। ਕੈਨੇਡਾ ਦੇ ਅਖ਼ਬਾਰ ‘ਗਲੋਬ ਐਂਡ ਮੇਲ’ ਨੇ ਖ਼ੁਲਾਸਾ ਕੀਤਾ ਕਿ ਇਹ ਪ੍ਰਚਾਰ ਕਿੰਨਾ ਗ਼ਲਤ ਅਤੇ ਗੁੰਮਰਾਹਕੁਨ ਹੈ। 2015 ਦੇ ਪਹਿਲੇ ਛੇ ਮਹੀਨਿਆਂ ਵਿਚ ਯੂਰਪ ਵਿਚ ਤਿੰਨ ਲੱਖ ਤੋਂ ਥੋੜ੍ਹਾ ਵੱਧ ਪਰਵਾਸੀ ਆਏ ਜੋ ਯੂਰਪ ਦੀ ਵਸੋਂ ਦਾ ਮਹਿਜ਼ 0æ1 ਫ਼ੀਸਦੀ ਹਨ। ਕੈਨੇਡਾ ਸਰਕਾਰ ਹਰ ਸਾਲ ਆਪਣੀ ਵਸੋਂ ਦੇ ਇਕ % ਦੇ ਬਰਾਬਰ ਪਰਵਾਸੀ ਅਤੇ ਸ਼ਰਨਾਰਥੀ ਲੈਂਦੀ ਹੈ। ਸੋ, ਸੰਕਟ ਵਾਲੀ ਕੋਈ ਗੱਲ ਹੀ ਨਹੀਂ ਹੈ।
ਪਹਿਲੀ ਨਜ਼ਰੇ ਜਾਪਦਾ ਹੈ ਕਿ ਅਮਰੀਕਾ ਅਤੇ ਯੂਰਪ ਦੀਆਂ ਹਕੂਮਤਾਂ ਨੂੰ ਸੀਰੀਆ ਦੇ ਸੰਕਟ ਦਾ ਅੰਦਾਜ਼ਾ ਨਹੀਂ ਸੀ। ਹੁਣ ਜਦੋਂ ਉਨ੍ਹਾਂ ਨੂੰ ਹਾਲਾਤ ਦੀ ਨਜ਼ਾਕਤ ਮਾਲੂਮ ਹੋਈ ਤਾਂ ਉਹ ਸ਼ਰਨਾਰਥੀਆਂ ਦੀ ਵਧੇਰੇ ਤਾਦਾਦ ਨੂੰ ਸਵੀਕਾਰ ਕਰਨ ਲਈ ਸਹਿਮਤੀ ਦੇ ਰਹੇ ਹਨ। ਹਕੀਕਤ ਇਸ ਤੋਂ ਐਨ ਉਲਟ ਹੈ। ਜਰਮਨੀ ਸਾਲ ਵਿਚ ਸਿਰਫ਼ ਪੰਜ ਤੋਂ ਲੈ ਕੇ ਅੱਠ ਲੱਖ ਪਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਦੇਣਾ ਮੰਨਿਆ ਹੈ (ਦਿਲਚਸਪ ਗੱਲ ਇਹ ਹੈ ਕਿ ਇਹ ਗਿਣਤੀ ਉਸ ਗਿਣਤੀ ਦੇ ਬਰਾਬਰ ਹੈ ਜਿੰਨੇ ਕਾਮੇ ਜਰਮਨੀ ਨੂੰ ਆਪਣੀ ਸੁੰਗੜ ਰਹੀ ਕਾਮਾ-ਸ਼ਕਤੀ ਨੂੰ ਪੂਰੀ ਕਰਨ ਲਈ ਉਂਜ ਹੀ ਲੋੜੀਂਦੇ ਹਨ)। ਬਰਤਾਨੀਆ ਨੇ 2014 ਤੋਂ ਮਹਿਜ਼ 300 ਸੀਰੀਆਈ ਟੱਬਰਾਂ ਨੂੰ ਪਨਾਹ ਦਿੱਤੀ ਤੇ ਹੁਣ ਅਗਲੇ ਚਾਰ ਸਾਲਾਂ ਵਿਚ ਮਹਿਜ਼ ਵੀਹ ਹਜ਼ਾਰ ਸ਼ਰਨਾਰਥੀ ਲੈਣਾ ਮੰਨਿਆ ਹੈ। ਫਰਾਂਸ 24000 ਨਵੇਂ ਪਰਵਾਸੀ ਲਵੇਗਾ।
ਸੌੜੇ ਸਵਾਰਥਾਂ ਲਈ ਸੀਰੀਆ ਵਿਚ ਖ਼ਾਨਾਜੰਗੀ ਭੜਕਾ ਕੇ ਤਬਾਹੀ ਅਤੇ ਬਰਬਾਦੀ ਦਾ ਮੁੱਢ ਬੰਨ੍ਹਣ ਵਾਲੀਆਂ ਵੀ ਇਹੀ ਹਕਮੂਤਾਂ ਹਨ। ਜਿਹੜਾ ਵੀ ਹੁਕਮਰਾਨ ਅਮਰੀਕਾ ਅਤੇ ਇਸ ਦੇ ਜੋਟੀਦਾਰ ਮੁਲਕਾਂ ਨੂੰ ਨਾਪਸੰਦ ਹੁੰਦਾ ਹੈ, ਉਸ ਨੂੰ ਸੱਤਾ ਤੋਂ ਲਾਹੁਣ ਲਈ ਇਹ ਕੁਝ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਹਿਲਾਂ ਹਥਿਆਰ ਤੇ ਧਨ ਦੇ ਕੇ ਗਰੁੱਪ ਖੜ੍ਹੇ ਕੀਤੇ ਜਾਂਦੇ ਹਨ, ਫਿਰ ਉਨ੍ਹਾਂ ਨਾਲ ਲੜਨ ਦੇ ਬਹਾਨੇ ਹਿੱਟ ਲਿਸਟ ਵਿਚ ਸ਼ਾਮਲ ਮੁਲਕਾਂ ‘ਤੇ ਹਮਲਾ ਕੀਤਾ ਜਾਂਦਾ ਹੈ। ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਵਿਰੁੱਧ 2011 ਦੀ ਤਹਿਰੀਕ ਵਿਚ ਸ਼ਾਮਲ ਅਸਦ-ਵਿਰੋਧੀ ਧੜਿਆਂ ਵਿਚ ਘੁਸਪੈਠ ਕਰ ਕੇ ਅਮਰੀਕਾ ਅਤੇ ਬਰਤਾਨੀਆ ਨੇ ਇਨ੍ਹਾਂ ਨੂੰ ਫੰਡ ਅਤੇ ਹਥਿਆਰ ਦਿੱਤੇ। ਮੂਲ ਰੂਪ ‘ਚ ਖ਼ੁਦ ਅਮਰੀਕਾ ਦਾ ਪੈਦਾ ਕੀਤਾ ਆਈæਐਸ਼ਆਈæਐਸ਼ ਦੈਂਤ ਹੁਣ ਸੀਰੀਆ ਅਤੇ ਇਰਾਕ ਦੇ ਲੋਕਾਂ ਦੀ ਵਸੀਹ ਪੈਮਾਨੇ ‘ਤੇ ਨਸਲਕੁਸ਼ੀ ਕਰ ਰਿਹਾ ਹੈ।
ਦਰਅਸਲ, ਅਸਦ ਨੇ 2009 ‘ਚ ਕਤਰ ਨਾਲ ਇਕ ਤਜਵੀਜ਼ਸ਼ੁਦਾ ਸਮਝੌਤੇ ‘ਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ ਸੀ ਜਿਸ ਤਹਿਤ ਕਤਰ ਦੇ ਉਤਰੀ ਤੇਲ ਖੇਤਰ ਤੋਂ ਪਾਈਪ ਲਾਈਨ ਸਾਊਦੀ ਅਰਬ, ਜਾਰਡਨ, ਸੀਰੀਆ ‘ਚੋਂ ਹੁੰਦੀ ਹੋਈ ਤੁਰਕੀ ਤਕ ਜਾਣੀ ਸੀ, ਇਸ ਜ਼ਰੀਏ ਰੂਸ ਨਾਲ ਸਿੱਧੇ ਮੁਕਾਬਲੇ ਵਿਚ ਯੂਰਪੀ ਮੁਲਕਾਂ ਨੂੰ ਤੇਲ/ਗੈਸ ਸਪਲਾਈ ਹੋਣੇ ਸਨ। ਰੂਸ ਦੇ ਜੋਟੀਦਾਰ ਅਸਦ ਨੇ ਸਮਝੌਤੇ ‘ਤੇ ਸਹੀ ਪਾਉਣ ਦੀ ਥਾਂ ਇਰਾਨ ਨਾਲ 10 ਅਰਬ ਡਾਲਰ ਦੀ ਪਾਈਪ ਲਾਈਨ ਯੋਜਨਾ ਦੀ ਗੱਲਬਾਤ ਜਾਰੀ ਰੱਖੀ ਜੋ ਇਰਾਕ ਵਿਚੋਂ ਲੰਘ ਕੇ ਸੀਰੀਆ ਜਾਣੀ ਸੀ ਜਿਸ ਨਾਲ ਇਰਾਨ ਵੀ ਯੂਰਪ ਨੂੰ ਗੈਸ ਸਪਲਾਈ ਕਰ ਸਕਦਾ ਸੀ। ਇਹ ਯੋਜਨਾ ਅਮਰੀਕਾ ਅਤੇ ਜੋਟੀਦਾਰਾਂ ਦੇ ਹਿੱਤਾਂ ਦੇ ਉਲਟ ਸੀ। ਫਿਰ ਅਸਦ ਭਲਾ ਕਿਵੇਂ ਬਚ ਸਕਦਾ ਸੀ!
ਜਦੋਂ ਸੀਰੀਆਈ ਬੱਚਿਆਂ ਦੀ ਮੌਤ ਦੇ ਪ੍ਰਸੰਗ ‘ਚ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਵਲੋਂ ‘ਇਖ਼ਲਾਕੀ ਜ਼ਿੰਮੇਵਾਰੀਆਂ’ ਨਿਭਾਉਣ ਦੇ ਐਲਾਨ ਕੀਤੇ ਜਾ ਰਹੇ ਸਨ, ਤਾਂ ਫਰਾਂਸ ਦੇ ਸਾਬਕਾ ਵਿਦੇਸ਼ ਮੰਤਰੀ ਰੋਨਾਲਡ ਡੁਮਾ ਨੇ ਖ਼ੁਲਾਸਾ ਕੀਤਾ ਕਿ 2009 ਵਿਚ ਸੀਰੀਆ ‘ਚ ਕੀਤੀ ਜਾਣ ਵਾਲੀ ਗੁਪਤ ਕਾਰਵਾਈ ਦੀ ਯੋਜਨਾ ਬਣ ਚੁੱਕੀ ਸੀ: “ਸੀਰੀਆ ਵਿਚ ਹਿੰਸਾ ਸ਼ੁਰੂ ਹੋਣ ਤੋਂ ਦੋ ਵਰ੍ਹੇ ਪਹਿਲਾਂ ਮੈਂ ਕਿਸੇ ਕੰਮ ਸਬੰਧੀ ਇੰਗਲੈਂਡ ਸੀ। ਮੈਂ ਜਿਨ੍ਹਾਂ ਬਰਤਾਨਵੀ ਅਫਸਰਾਂ ਨੂੰ ਮਿਲਿਆ, ਉਨ੍ਹਾਂ ਕੋਲ ਮੰਨਿਆ ਕਿ ਉਹ ਸੀਰੀਆ ‘ਚ ਕੁਝ ਕਰਨ ਦੀ ਤਿਆਰੀ ਕਰ ਰਹੇ ਹਨ।” ਇਸੇ ਤਰ੍ਹਾਂ 2013 ਵਿਚ ‘ਦਿ ਗਾਰਡੀਅਨ’ ਨੇ ਲੇਖ ਛਾਪਿਆ। ਇਸ ਵਿਚ ਪੈਂਟਾਗਾਨ ਅਧਿਕਾਰੀਆਂ ਨਾਲ ਮੀਟਿੰਗ ਦੇ ਵੇਰਵਿਆਂ ਅਤੇ ਪ੍ਰਾਈਵੇਟ ਇੰਟੈਲੀਜੈਂਸ ਫਰਮ ‘ਸਟ੍ਰੈਟਫੋਰ’ ਦੀਆਂ ਲੀਕ ਹੋਈਆਂ ਈ-ਮੇਲ ਦੇ ਆਧਾਰ ‘ਤੇ ਦੱਸਿਆ ਗਿਆ ਕਿ 2011 ਤੋਂ ਹੀ ਸੀਰੀਆ ਦੇ ਸਰਕਾਰ ਵਿਰੋਧੀ ਗਰੁੱਪਾਂ ਨੂੰ ਅਮਰੀਕਾ-ਬਰਤਾਨੀਆ ਵਲੋਂ ਸਿਖਲਾਈ ਦੇਣ ਦਾ ਸਿਲਸਿਲਾ ਚੱਲ ਰਿਹਾ ਸੀ। ਨਾਟੋ ਦੇ ਸਾਬਕਾ ਜਨਰਲ ਸਕੱਤਰ ਵੈਸਲੇ ਕਲਾਰਕ ਅਨੁਸਾਰ, ਅਮਰੀਕਾ ਦੇ ਰੱਖਿਆ ਮੰਤਰੀ ਦੇ ਦਫ਼ਤਰ ਦੇ ਇਕ ਮੈਮੋ ਵਿਚ 9/11 ਦੇ ਕੁਝ ਹਫ਼ਤੇ ਬਾਅਦ ਹੀ ‘ਪੰਜ ਸਾਲਾਂ ਵਿਚ ਸੱਤ ਮੁਲਕਾਂ ਉਪਰ ਹਮਲੇ ਅਤੇ ਸਰਕਾਰਾਂ ਖ਼ਤਮ ਕਰਨ’ ਦੀਆਂ ਯੋਜਨਾਵਾਂ ਦਾ ਵੇਰਵਾ ਸੀ। ਇਨ੍ਹਾਂ ਵਿਚ ਇਰਾਕ ਤੋਂ ਸ਼ੁਰੂ ਕਰ ਕੇ ਸੀਰੀਆ, ਲਿਬਨਾਨ, ਲਿਬੀਆ, ਸੋਮਾਲੀਆ, ਸੂਡਾਨ ਤੇ ਇਰਾਨ ਨੂੰ ਨਿਸ਼ਾਨਾ ਬਣਾਉਣਾ ਸੀ। ਇਹ ਯੁੱਧਨੀਤੀ ਖਿੱਤੇ ਦੇ ਤੇਲ ਤੇ ਗੈਸ ਦੇ ਵਸੀਹ ਵਸੀਲਿਆਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਸੀ।
ਅਫ਼ਗਾਨਿਸਤਾਨ, ਇਰਾਕ, ਲਿਬੀਆ ਜਾਂ ਸੀਰੀਆ, ਇਹ ਮੁਲਕ ਅਮਰੀਕਾ ਅਤੇ ਜੋਟੀਦਾਰਾਂ ਦੇ ਸਿੱਧੇ ਹਮਲਿਆਂ ਤੇ ਸਾਜ਼ਿਸ਼ਾਂ ਨਾਲ ਅੱਜ ਵਾਲੀ ਨੌਬਤ ਤਕ ਪਹੁੰਚੇ ਹਨ। ਅਮਰੀਕਾ ਅਤੇ ਪੱਛਮ ਦੀ ਪੈਦਾ ਕੀਤੀ ਇਸ ਵਿਆਪਕ ਸਿਆਸੀ ਅਸਥਿਰਤਾ ਤੇ ਖ਼ਾਨਾਜੰਗੀ ਦੇ ਆਲਮ ਵਿਚ ਮੁਕਾਮੀ ਹਥਿਆਰਬੰਦ ਧੜੇ ਇਕ-ਦੂਜੇ ਨੂੰ ਦਬਾ ਕੇ ਹਾਵੀ ਹੋਣਾ ਚਾਹੁੰਦੇ ਹਨ। ਇਹ ਮੁਲਕ ਇਸ ਕਦਰ ਤਬਾਹ ਹੋ ਗਏ ਹਨ ਕਿ ਲੋਕ ਜਾਨਾਂ ਬਚਾਉਣ ਤੇ ਮਹਿਫੂਜ਼ ਭਵਿੱਖ ਲਈ ਘਰ-ਬਾਰ ਛੱਡ ਕੇ ਵਹੀਰਾਂ ਘੱਤੀ ਹੋਰ ਮੁਲਕਾਂ ਵਿਚ ਪਨਾਹ ਲੈ ਰਹੇ ਹਨ।