ਮੌਤ ਦੇ ਮੂੰਹ ਪਾ ਰਹੀ ਹੈ ਸ਼ਰਨਾਰਥੀਆਂ ਨੂੰ ਚੰਗੇ ਭਵਿੱਖ ਦੀ ਆਸ

ਏਥਨਜ਼: ਸੀਰੀਆ ਸੰਕਟ ਕਾਰਨ ਲੋਕਾਂ ਦੀ ਯੂਰਪੀ ਦੇਸ਼ਾਂ ਵੱਲ ਭੱਜ-ਨੱਠ ਜਾਰੀ ਹੈ। ਸੈਂਕੜੇ ਲੋਕ ਸਮੁੰਦਰ ਵਿਚ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਹਾਦਸੇ ਵਿਚ ਕਿਸ਼ਤੀ ਪਲਟਣ ਕਾਰਨ 28 ਵਿਅਕਤੀਆਂ ਦੀ ਮੌਤ ਹੋ ਗਈ। ਇਹ ਸਾਰੇ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਤੁਰਕੀ ਤੋਂ ਗਰੀਸ ਵੱਲ ਜਾ ਰਹੇ ਸਨ।

ਤੁਰਕੀ ਤੋਂ ਲੱਕੜੀ ਦੀ ਕਿਸ਼ਤੀ ਵਿਚ ਸਵਾਰ ਹੋ ਕੇ 125 ਵਿਅਕਤੀ ਗਰੀਸ ਲਈ ਰਵਾਨਾ ਹੋਏ ਸਨ ਪਰ ਇਹ ਕਿਸ਼ਤੀ ਫਾਰਮਾਕੋਨਿਸੀ ਨੇੜੇ ਸਮੁੰਦਰ ਵਿਚ ਪਲਟ ਗਈ ਤੇ ਇਸ ਵਿਚ ਸਵਾਰ ਲੋਕਾਂ ਵਿਚੋਂ 28 ਡੁੱਬ ਗਏ, ਇਨ੍ਹਾਂ ਵਿਚ ਚਾਰ ਨਵਜਨਮੇ ਬੱਚੇ ਤੇ 10 ਛੋਟੇ ਬੱਚੇ ਸ਼ਾਮਲ ਹਨ। ਅਜੇ ਪਿਛਲੇ ਹਫਤੇ ਕਿਸ਼ਤੀ ਪਲਟਣ ਕਾਰਨ ਚਾਰ ਬੱਚਿਆਂ ਤੇ 20 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਤੁਰਕੀ ਦੇ ਸਮੁੰਦਰ ਤੱਟ ਉਤੇ ਮ੍ਰਿਤਕ ਤਿੰਨ ਸਾਲਾ ਬੱਚੇ ਆਲਿਅਨ ਕੁਰਦੀ ਦੀਆਂ ਤਸਵੀਰਾਂ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਤਸਵੀਰਾਂ ਨੇ ਯੂਰਪ ਨੂੰ ਸ਼ਰਨਾਰਥੀਆਂ ਬਾਰੇ ਨੀਤੀ ‘ਤੇ ਨਜ਼ਰਸਾਨੀ ਕਰਨ ਲਈ ਮਜਬੂਰ ਕਰ ਦਿੱਤਾ। ਸੀਰੀਆ ਵਿਚ ਹਾਲਾਤ ਖਰਾਬ ਹੋਣ ਕਾਰਨ 20 ਲੱਖ ਦੇ ਕਰੀਬ ਸ਼ਰਨਾਰਥੀ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਪਨਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਕੈਨੇਡਾ ਹੁਣ ਤੱਕ 22,000 ਇਰਾਕੀ ਤੇ 2,300 ਸੀਰੀਆ ਦੇ ਲੋਕਾਂ ਨੂੰ ਸ਼ਰਨ ਦੇ ਚੁੱਕਾ ਹੈ। ਉਧਰ, ਆਸਟਰੇਲੀਆ ਨੇ ਸੀਰੀਆ ਦੇ 12 ਹਜ਼ਾਰ ਸ਼ਰਨਾਰਥੀਆਂ ਨੂੰ ਪੱਕੇ ਤੌਰ ਉਤੇ ਪਨਾਹ ਦੇਣ ਦਾ ਫ਼ੈਸਲਾ ਕੀਤਾ ਹੈ। ਸੰਘੀ ਸਰਕਾਰ ਦੇ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਕਿਹਾ ਹੈ ਕਿ ਮਨੁੱਖਤਾ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਆਸਟਰੇਲੀਆ ਪੀੜਤ ਲੋਕਾਂ ਨਾਲ ਖੜ੍ਹਾ ਹੈ। ਸਰਕਾਰ ਮਨੁੱਖਤਾ ਦੇ ਆਧਾਰ ‘ਤੇ ਪੀੜਤ ਲੋਕਾਂ ਨੂੰ ਪੱਕੇ ਤੌਰ ‘ਤੇ ਪਨਾਹ ਦਿੰਦੀ ਹੈ। ਇਸ ਸਾਲ ਆਸਟਰੇਲੀਆ 13 ਹਜ਼ਾਰ 750 ਸ਼ਰਨਾਰਥੀਆਂ ਨੂੰ ਪਨਾਹ ਦੇਵੇਗਾ। ਮਨੁੱਖੀ ਆਧਾਰ ‘ਤੇ ਤਿੰਨ ਸਾਲਾਂ ਦੌਰਾਨ ਇਸ ਵਿਚ ਵਾਧਾ ਕਰਕੇ 18 ਹਜ਼ਾਰ 750 ਕੀਤਾ ਜਾ ਰਿਹਾ ਹੈ, ਪਰ ਸੀਰੀਆ ਤੇ ਇਰਾਕ ਦੇ ਪ੍ਰਭਾਵਿਤ ਲੋਕਾਂ ਦਾ 12 ਹਜ਼ਾਰ ਦਾ ਅੰਕੜਾ ਵੱਖਰਾ ਹੈ। ਆਸਟਰੇਲੀਆਈ ਸਰਕਾਰ ਪ੍ਰਭਾਵਿਤ ਔਰਤਾਂ, ਬੱਚਿਆਂ ਤੇ ਪਰਿਵਾਰਾਂ ਦਾ ਮੁੜ ਵਸੇਬਾ ਕਰੇਗੀ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਬਕਾਇਦਾ ਇਸ ਬਾਰੇ ਫ਼ੈਸਲਾ ਲਿਆ ਗਿਆ ਹੈ। ਇਰਾਕ ਤੇ ਸੀਰੀਆ ਦੇ ਨੇੜਲੇ ਦੇਸ਼ਾਂ ਦੇ ਦੋ ਲੱਖ 40 ਹਜ਼ਾਰ ਬੇਘਰੇ ਲੋਕਾਂ ਦੇ ਸਹਿਯੋਗ ਲਈ 4æ40 ਕਰੋੜ ਡਾਲਰ ਮੁਹੱਈਆ ਕਰੇਗਾ। ਇਹ ਰਾਸ਼ੀ ਆਸਟਰੇਲੀਆ ਵੱਲੋਂ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਦਿੱਤੀ ਜਾਵੇਗੀ।
ਸੁਰੱਖਿਆ ਬਲਾਂ ਦੇ ਮੁਖੀ ਮਾਰਕ ਬਿੰਸਕਿਨ ਨੇ ਕਿਹਾ ਕਿ ਇਸੇ ਹਫ਼ਤੇ ਮੁਲਕ ਦੇ ਲੜਾਕੂ ਜਹਾਜ਼ ਇਰਾਕ ਸਮੇਤ ਸੀਰੀਆ ਵਿਚ ਇਸਲਾਮਿਕ ਸਟੇਟ ਦੇ ਠਿਕਾਣੇ ਨੂੰ ਮੁੱਖ ਨਿਸ਼ਾਨਾ ਬਣਾਉਣਗੇ। ਰਫ਼ਿਊਜੀ ਕੌਸਲ ਆਫ਼ ਆਸਟਰੇਲੀਆ ਦੇ ਪ੍ਰਧਾਨ ਫ਼ਿਲ ਗਲਿਨਡੈਨਿੰਗ ਨੇ ਕਿਹਾ ਕਿ ਇਹ ਪਹਿਲਾ ਮਹੱਤਵਪੂਰਨ ਕਦਮ ਹੈ ਅਤੇ ਸੰਸਾਰ ਵਿਚ ਆਸਟਰੇਲੀਆ ਉਨ੍ਹਾਂ ਦੀ ਸਹਾਇਤਾ ਕਰਨ ਜਾ ਰਿਹਾ ਜਿਨ੍ਹਾਂ ਨੂੰ ਇਸ ਦੀ ਬਹੁਤ ਲੋੜ ਹੈ।
________________
ਯੂਰਪੀ ਮੁਲਕਾਂ ਨੇ ਮੁੜ ਪਾਸਾ ਵੱਟਿਆ
ਬਰਲਿਨ: ਸੀਰੀਆ ਤੇ ਹੋਰ ਦੇਸ਼ਾਂ ਵੱਲੋਂ ਆ ਰਹੇ ਸ਼ਰਨਾਰਥੀਆਂ ਨੂੰ ਰਾਹਤ ਦੇਣ ਦੇ ਮਾਮਲੇ ਵਿਚ ਯੂਰਪੀ ਦੇਸ਼ਾਂ ਨੇ ਮੁੜ ਹੱਥ ਘੁੱਟ ਗਿਆ ਹੈ। ਡੈਨਮਾਰਕ ਨੇ ਜਰਮਨੀ ਵੱਲ ਆਉਣ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਡੈਨਮਾਰਕ ਨੇ ਸੈਂਕੜੇ ਸ਼ਰਨਾਰਥੀਆਂ ਨੂੰ ਸਰਹੱਦ ‘ਤੇ ਰੋਕਣ ਤੋਂ ਬਾਅਦ ਜਰਮਨੀ ਨਾਲ ਸਾਰੇ ਰੇਲ ਸੰਪਰਕ ਮੁਅੱਤਲ ਕਰ ਦਿੱਤੇ। ਡੈਨਮਾਰਕ ਪੁਲਿਸ ਨੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਹਾਈਵੇਅ ਨੂੰ ਵੀ ਉਸ ਵੇਲੇ ਬੰਦ ਕਰ ਦਿੱਤਾ ਜਦੋਂ ਸ਼ਰਨਾਰਥੀਆਂ ਨੇ ਟਰੇਨ ਵਿਚ ਸਵਾਰ ਹੋਣ ਤੋਂ ਰੋਕੇ ਜਾਣ ‘ਤੇ ਪੈਦਲ ਹੀ ਚੱਲਣਾ ਸ਼ੁਰੂ ਕਰ ਦਿੱਤਾ। ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਉਹ ਸਵੀਡਨ ਜਾਣਾ ਚਾਹੁੰਦੇ ਹਨ। ਜਦੋਂ ਤੋਂ ਸਵੀਡਨ ਨੇ ਸੀਰੀਆ ਤੋਂ ਆ ਰਹੇ ਸ਼ਰਨਾਰਥੀਆਂ ਨੂੰ ਸਵੀਕਾਰ ਕਰ ਦਸਤਾਵੇਜ਼ ਦੇਣ ਦਾ ਵਾਅਦਾ ਕੀਤਾ ਹੈ, ਉਦੋਂ ਤੋਂ ਸ਼ਰਨਾਰਥੀਆਂ ਦੀ ਪਹਿਲੀ ਪਸੰਦ ਸਵੀਡਨ ਬਣ ਗਿਆ ਹੈ।