ਗਰਮੀ ਦੇ ਬਾਵਜੂਦ ਚੰਗਾ ਰਿਹਾ ਸ਼ੇਰੇ ਪੰਜਾਬ ਕਲੱਬ ਦਾ ਖੇਡ ਮੇਲਾ

ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ, ਬਿਊਰੋ): ਸਥਾਨਕ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਆਪਣਾ ਸਾਲਾਨਾ ਕਬੱਡੀ ਕੱਪ ਟੂਰਨਾਮੈਂਟ ਅਤੇ ਸਭਿਆਚਾਰਕ ਮੇਲਾ ਹਮੇਸ਼ਾਂ ਵਾਂਗ ਲੇਬਰ ਡੇਅ ਵੀਕ ਐਂਡ ‘ਤੇ ਲੰਘੀ 6 ਸਤੰਬਰ ਨੂੰ ਇਥੇ ਐਲਕ ਗਰੂਵ ਦੇ ਫਾਰੈਸਟ ਪ੍ਰਿਜ਼ਰਵ ਵਿਚ ਕਰਵਾਇਆ ਗਿਆ। ਗਰਮੀ ਦੇ ਬਾਵਜੂਦ ਸ਼ਿਕਾਗੋ ਤੋਂ ਇਲਾਵਾ ਮਿਡਵੈਸਟ ਦੀਆਂ ਸਟੇਟਾਂ ਵਿਸਕਾਨਸਿਨ, ਮਿਸ਼ੀਗਨ, ਇੰਡੀਆਨਾ ਅਤੇ ਓਹਾਇਓ ਤੋਂ ਦਰਸ਼ਕ ਮੇਲਾ ਵੇਖਣ ਲਈ ਪਹੁੰਚੇ।

ਖੇਡ ਮੇਲੇ ਦਾ ਅਰੰਭ ਗੁਰਦੁਆਰਾ ਪੈਲਾਟਾਈਨ ਦੇ ਰਾਗੀ ਜਥੇ ਦੇ ਭਾਈ ਅਮਰੀਕ ਸਿੰਘ ਵਲੋਂ ਚੜ੍ਹਦੀ ਕਲਾ ਦੀ ਅਰਦਾਸ ਨਾਲ ਹੋਇਆ। ਕਬੱਡੀ ਕੱਪ ਮੁਕਾਬਲੇ ਵਿਚ ਕੁਲ ਚਾਰ ਟੀਮਾਂ-ਸਿਆਟਲ, ਮਿਲਵਾਕੀ, ਸ਼ਿਕਾਗੋ ਤੇ ਇੰਡੀਆਨਾ ਨਿਤਰੀਆਂ, ਜਿਨ੍ਹਾਂ ਵਿਚ ਕਈ ਕੌਮਾਂਤਰੀ ਪੱਧਰ ਦੇ ਨਾਮੀ ਖਿਡਾਰੀ ਸ਼ਾਮਲ ਸਨ। ਇੰਡੀਆਨਾ ਦੀ ਟੀਮ ਕੁਝ ਮਹੀਨੇ ਪਹਿਲਾਂ ਇਸ ਜਹਾਨੋਂ ਕੂਚ ਕਰ ਗਏ ਕਬੱਡੀ ਪ੍ਰੇਮੀ ਤੀਰਥ ਅਟਵਾਲ (ਮਿੱਤਰਾਂ ਦਾ ਢਾਬਾ) ਦੇ ਨਾਂ ‘ਤੇ ਕੁਲਵਿੰਦਰ ਮਾਨ, ਸੁੱਖੀ ਮਾਨ ਅਤੇ ਜੇ ਪੀ ਖਹਿਰਾ ਵਲੋਂ ਤਿਆਰ ਕਰਕੇ ਖਿਡਾਈ ਗਈ।
ਮੈਚ ਬਹੁਤ ਫਸਵੇਂ ਰਹੇ ਅਤੇ ਕਈ ਮੈਚਾਂ ਦਾ ਫੈਸਲਾ ਤਾਂ ਸਿਰਫ਼ ਅੱਧੇ ਅੰਕ ਨਾਲ ਹੀ ਹੋਇਆ। ਹਰ ਕਬੱਡੀ ਮੁਕਾਬਲੇ ਵਾਂਗ ਦਰਸ਼ਕ ਜਦੋਂ ਵੀ ਕਦੇ ਕੋਈ ਜਾਫੀ ਵਧੀਆ ਜੱਫਾ ਲਾਉਂਦਾ ਜਾਂ ਰੇਡਰ ਵਧੀਆ ਪੁਆਇੰਟ ਲੈਂਦਾ ਤਾਂ ਡਾਲਰਾਂ ਦਾ ਮੀਂਹ ਵਰ੍ਹਾ ਕੇ ਉਸ ਦੀ ਹੌਸਲਾ ਅਫਜਾਈ ਕਰਦੇ। ਕਈ ਕਬੱਡੀ ਪ੍ਰੇਮੀ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਪਹਿਲਾਂ ਹੀ ਐਲਾਨ ਕਰ ਦੇਂਦੇ ਕਿ ਜੇ ਫਲਾਣੇ ਰੇਡਰ ਨੂੰ ਕਿਸੇ ਜਾਫੀ ਨੇ ਜੱਫਾ ਲਾ ਲਿਆ ਤਾਂ ਐਨੇ ਡਾਲਰ ਇਨਾਮ ਦਿਤੇ ਜਾਣਗੇ।
ਪਹਿਲਾ ਮੈਚ ਇੰਡੀਆਨਾ ਤੇ ਸਿਆਟਲ ਵਿਚਾਲੇ ਹੋਇਆ ਜਿਸ ਵਿਚ ਸਿਆਟਲ ਦੀ ਟੀਮ ਜੇਤੂ ਰਹੀ। ਇੰਡੀਆਨਾ ਦੀ ਟੀਮ ਨੇ 24½ ਅੰਕ ਬਣਾਏ ਜਦੋਂਕਿ ਜੇਤੂ ਸਿਆਟਲ ਦੀ ਟੀਮ ਦੇ 34 ਅੰਕ ਸਨ। ਦੂਜਾ ਮੈਚ ਸ਼ਿਕਾਗੋ ਤੇ ਮਿਲਵਾਕੀ ਦੀਆਂ ਟੀਮਾਂ ਦਰਮਿਆਨ ਸੀ ਜੋ ਬਹੁਤ ਹੀ ਫਸਵਾਂ ਰਿਹਾ ਅਤੇ ਮਿਲਵਾਕੀ ਨੇ ਸ਼ਿਕਾਗੋ ਦੇ 34½ ਦੇ ਮੁਕਾਬਲੇ 35 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ। ਤੀਜਾ ਮੈਚ ਇੰਡੀਆਨਾ ਤੇ ਮਿਲਵਾਕੀ ਦੀਆਂ ਟੀਮਾਂ ਵਿਚਾਲੇ ਵੀ ਬਹੁਤ ਫਸਵਾਂ ਰਿਹਾ, ਜੋ ਮਿਲਵਾਕੀ ਨੇ ਇੰਡੀਆਨਾ ਨੂੰ ਅੱਧੇ ਅੰਕ ਦੇ ਫਰਕ ਨਾਲ ਹਰਾ ਕੇ ਜਿੱਤ ਲਿਆ। ਮਿਲਵਾਕੀ ਦੇ 19½ ਤੇ ਇੰਡੀਆਨਾ ਦੇ 19 ਅੰਕ ਸਨ।
ਅਗਲਾ ਚੌਥਾ ਮੈਚ ਸਿਆਟਲ ਤੇ ਸ਼ਿਕਾਗੋ ਵਿਚਾਲੇ ਸੀ। ਇਹ ਮੈਚ ਸ਼ਿਕਾਗੋ ਸਿਆਟਲ ਨੂੰ 31 ਦੇ ਮੁਕਾਬਲੇ 34 ਅੰਕ ਬਣਾ ਕੇ ਜਿੱਤਣ ਵਿਚ ਕਾਮਯਾਬ ਰਿਹਾ ਅਤੇ ਇੰਜ ਫਾਈਨਲ ਵਿਚ ਦਾਖਲ ਹੋ ਗਿਆ ਤੇ ਮਿਲਵਾਕੀ ਨਾਲ ਜਾ ਲੋਹਾ ਲਿਆ।
ਮਿਲਵਾਕੀ ਦੀ ਟੀਮ ਨੇ ਸ਼ਿਕਾਗੋ ਦੀ ਟੀਮ ਨੂੰ 15½ ਦੇ ਮੁਕਾਬਲੇ 24 ਅੰਕਾਂ ਨਾਲ ਹਰਾ ਕੇ ਕਬੱਡੀ ਕੱਪ ਆਪਣੇ ਨਾਂ ਕਰ ਲਿਆ। ਪਹਿਲੇ ਇਨਾਮ ਅਤੇ ਕਬੱਡੀ ਕੱਪ ਦੇ ਸਪਾਂਸਰ ਅੰਮ੍ਰਿਤਪਾਲ ਗਿੱਲ ਸਨ ਜਦੋਂਕਿ ਦੂਜੇ ਇਨਾਮ ਦੇ ਸਪਾਂਸਰ ਗੁਰਦੇਵ ਸਿੰਘ ਜੌੜਾ ਸਨ।
ਮਿਲਵਾਕੀ ਵਲੋਂ ਜਾਫੀਆਂ ਇਕਬਾਲ ਰੂਬੀ ਤੇ ਮੰਗੀ, ਅਤੇ ਧਾਵੀਆਂ ਹੈਪੀ ਤੇ ਭੁਪਿੰਦਰ ਸੇਠੀ ਨੇ ਵਧੀਆ ਖੇਡ ਦਿਖਾਈ। ਪੰਜਾਬ ਸਪੋਰਟਸ ਕੱਲਬ ਮਿਲਵਾਕੀ ਦੇ ਭੁਪਿੰਦਰ ਸੇਠੀ ਬੈਸਟ ਰੇਡਰ ਤੇ ਇਸੇ ਕਲੱਬ ਦੇ ਇਕਬਾਲ ਰੂਬੀ ਬੈਸਟ ਸਟਾਪਰ ਚੁਣੇ ਗਏ। ਵਰਣਨਯੋਗ ਹੈ ਕਿ ਭੁਪਿੰਦਰ ਸੇਠੀ ਤੇ ਇਕਬਾਲ ਰੂਬੀ ਦੋਵੇਂ ਸਕੇ ਭਰਾ ਹਨ।
ਕਬੱਡੀ ਅੰਡਰ-21 ਦਾ ਇਕ ਸ਼ੋਅ ਮੈਚ ਕੈਨੇਡਾ ਤੇ ਯੂæਐਸ਼ਏæ ਦੀਆਂ ਟੀਮਾਂ ਵਿਚਾਲੇ ਹੋਇਆ ਅਤੇ ਯੂæਐਸ਼ਏæ ਦੀ ਟੀਮ ਕੈਨੇਡਾ ਨੂੰ 19 ਦੇ ਮੁਕਾਬਲੇ 25 ਅੰਕ ਬਣਾ ਕੇ ਹਰਾਉਣ ਵਿਚ ਕਾਮਯਾਬ ਰਹੀ।
ਕਈ ਮੈਚਾਂ ਦੀ ਜਿੱਤ ਹਾਰ ਦਾ ਫੈਸਲਾ ਅੱਧੇ ਪੁਆਇੰਟ ਨਾਲ ਹੋਇਆ ਜਿਸ ਕਰਕੇ ਖਿਡਾਰੀਆਂ ਵਿਚ ਬਹਿਸਬਾਜੀ ਤੇ ਬੋਲ ਬੁਲਾਰਾ ਵੀ ਹੋਇਆ।
ਕਬੱਡੀ ਮੁਕਾਬਲਿਆਂ ਦੀ ਕੁਮੈਂਟਰੀ ਸਰੀ (ਕੈਨੇਡਾ) ਤੋਂ ਆਏ ਕੁਮੈਂਟੇਟਰ ਇਕਬਾਲ ਗਾਲਿਬ ਨੇ ਕਬੱਡੀ ਖਿਡਾਰੀਆਂ ਬਾਰੇ ਦਿਲਚਸਪ ਜਾਣਕਾਰੀ ਅਤੇ ਸ਼ੇਅਰਾਂ ਤੇ ਹਾਸਰਸੀ ਜੁਮਲਿਆਂ ਨਾਲ ਓਤ-ਪੋਤ ਕਰਕੇ ਆਪਣੇ ਨਿਵੇਕਲੇ ਅੰਦਾਜ਼ ਵਿਚ ਕੀਤੀ। ਮੈਚ ਦੇ ਰੈਫਰੀ ਰਾਣਾ ਭੰਡਾਲ ਤੇ ਰਾਜਾ ਤੱਲ੍ਹਣ ਸਨ। ਅੰਕ ਲਿਖਣ ਦੀ ਸੇਵਾ ਰਘਵਿੰਦਰ ਸਿੰਘ ਮਾਹਲ ਨੇ ਨਿਭਾਈ। ਗਲੋਬਲ ਟੀ ਵੀ ਵਾਲਿਆਂ ਨੇ ਮੇਲੇ ਦਾ ਪ੍ਰਸਾਰਣ ਨਾਲੋ ਨਾਲ ਕੀਤਾ।
ਵਾਲੀਬਾਲ ਮੁਕਾਬਲਿਆਂ ਵਿਚ ਕੁਲ 6 ਟੀਮਾਂ ਭਿੜੀਆਂ। ਫਾਈਨਲ ਮੈਚ ਮੈਡੀਸਨ ਵਾਲੀਬਾਲ ਕਲੱਬ ਅਤੇ ਸ਼ਿਕਾਗੋ ਵਾਲੀਬਾਲ ਕਲੱਬ ਵਿਚਾਲੇ ਹੋਇਆ ਜਿਸ ਵਿਚ ਮੈਡੀਸਨ ਕਲੱਬ ਜੇਤੂ ਰਿਹਾ। ਇਨ੍ਹਾਂ ਮੁਕਾਬਲਿਆਂ ਦੇ ਇਨਾਮ ਅਮਰਜੀਤ ਸਿੰਘ ਢੀਂਡਸਾ ਨੇ ਆਪਣੇ ਪਿਤਾ ਮੇਹਰ ਸਿੰਘ ਢੀਂਡਸਾ ਦੀ ਯਾਦ ਵਿਚ ਸਪਾਂਸਰ ਕੀਤੇ।
ਹਾਕੀ ਓਲੰਪੀਅਨ 92 ਸਾਲਾ ਸ਼ ਬਲਬੀਰ ਸਿੰਘ ਮੇਲੇ ਦੇ ਵਿਸ਼ੇਸ਼ ਮਹਿਮਾਨ ਸਨ, ਜਿਨ੍ਹਾਂ ਦਾ ਕਲੱਬ ਵਲੋਂ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਮਾਪਿਆਂ ਨੂੰ ਤਾਕੀਦ ਕੀਤੀ ਕਿ ਆਪਣੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਤਾਂ ਜੋ ਉਨ੍ਹਾਂ ਵਿਚ ਉਸਾਰੂ ਰੂਚੀਆਂ ਪੈਦਾ ਹੋਣ ਅਤੇ ਉਹ ਸਿਹਤਮੰਦ ਵੀ ਹੋਣ। ਸਨਮਾਨ ਉਪਰੰਤ ਜਦੋਂ ਉਹ ਦਰਸ਼ਕਾਂ ਦੇ ਖੇਮੇ ਵਿਚ ਗਏ ਤਾਂ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਫੋਟੋ ਖਿਚਾਉਣ ਦਾ ਦਰਸ਼ਕਾਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਕੁਝ ਬੱਚੇ ਬੜੇ ਉਤਸ਼ਾਹ ਨਾਲ ਬਲਬੀਰ ਸਿੰਘ ਕੋਲੋਂ ਆਟੋਗ੍ਰਾਫ ਲੈ ਰਹੇ ਸਨ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ਼ ਬਲਬੀਰ ਸਿੰਘ ਨੇ ਅਤੇ ਮੇਲੇ ਦੇ ਮੁਖ ਮਹਿਮਾਨ ਕੁਲਵਿੰਦਰ ਸਿੰਘ ਗਿੱਲ ਨੇ ਕੀਤੀ। ਮਾਈਕ ਉਤੇ ਬਹੁਤਾ ਚਿਰ ਕਲੱਬ ਦਾ ਸਾਬਕਾ ਪ੍ਰਧਾਨ ਪਰਮਿੰਦਰ ਵਾਲੀਆ ਰਿਹਾ। ਉਂਜ ਜਿੰਦਰ ਬੈਣੀਵਾਲ ਅਤੇ ਦੀਪਾ ਬੰਦੇਸ਼ਾ ਨੇ ਵੀ ਉਸ ਨਾਲ ਹੱਥ ਵਟਾਇਆ। ਵਿਚ ਦੀ ਖੇਡ ਲੇਖਕ ਪ੍ਰਿੰæ ਸਰਵਣ ਸਿੰਘ ਨੇ ਮਾਈਕ ਲੈ ਕੇ ਸ਼ ਬਲਬੀਰ ਸਿੰਘ ਦੀਆਂ ਹਾਕੀ ਦੀ ਖੇਡ ਵਿਚ ਪ੍ਰਾਪਤੀਆਂ ਬਾਰੇ ਦਰਸ਼ਕਾਂ ਨੂੰ ਦੱਸਿਆ।
ਸ਼ ਬਲਬੀਰ ਸਿੰਘ ਨਾਲ ਆਪਣੇ ਜ਼ਮਾਨੇ ਦੇ ਉਘੇ ਕਬੱਡੀ ਖਿਡਾਰੀ ਟੋਰਾਂਟੋ ਤੋਂ ਅਬਨਾਸ਼ ਸਿੰਘ ਨਿੱਜਰ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਮੇਲੇ ਦੇ ਅਖੀਰ ‘ਤੇ ਲੋਕ ਗਾਇਕਾਂ ਜਸਪਿੰਦਰ ਰੈਣਾ ਅਤੇ ਤੇਜੀ ਰਣਜੀਤ ਨੇ ਗਾਇਕੀ ਦਾ ਅਖਾੜਾ ਬੰਨਿਆ। ਸ਼ੁਰੂਆਤ ਜਸਪਿੰਦਰ ਰੈਣਾ ਨੇ ‘ਹੋਰ ਕੀ ਮੰਗਣਾ ਰੱਬ ਕੋਲੋਂ’ ਗੀਤ ਨਾਲ ਕੀਤੀ। ਫਿਰ ‘ਅੱਲਾ ਕਰੇ ਦਿਨ ਨਾ ਚੜ੍ਹੇ’ ਤੇ ‘ਜੁਗਨੀ’ ਗਾ ਕੇ ਦਰਸਕਾਂ ਦਾ ਮਨੋਰੰਜਨ ਕੀਤਾ। ਉਪਰੰਤ ਤੇਜੀ ਰਣਜੀਤ ਨੇ ਗੀਤ ‘ਪਿਆਰ ਨੂੰ ਤੂੰ ਸਮਝੇ ਕੰਨਾਂ ਦੀਆਂ ਵਾਲੀਆਂ’ ਪੇਸ਼ ਕੀਤਾ। ਤੇਜੀ ਤੇ ਜਸਪਿੰਦਰ ਨੇ ਕੁਝ ਡਿਊਟ ਗੀਤ ਵੀ ਪੇਸ਼ ਕੀਤੇ। ਉਨ੍ਹਾਂ ਉਂਜ ਉਚੀ ਹੇਕ ਵਾਲੇ ਲੋਕ ਗੀਤਾਂ ‘ਤੇ ਜ਼ੋਰ ਦਿੱਤਾ। ਰਹਿੰਦੀ ਕਸਰ ਉਨ੍ਹਾਂ ਮਲਕੀਅਤ ਸਿੰਘ ਦੇ ਗੀਤ ‘ਤੂਤਕ ਤੂਤਕ ਤੂਤੀਆਂ’ ਤੇ ਦਲੇਰ ਮਹਿੰਦੀ ਦੇ ਗੀਤਾਂ ‘ਤਾਰਾ ਰੂ ਤਾਰਾ ਰੂ’ ਤੇ ‘ਰੱਬ ਰੱਬ ਕਰਦੀ’ ਅਤੇ ਕੁਝ ਬੋਲੀਆਂ ਪਾ ਕੇ ਪੂਰੀ ਕਰ ਦਿੱਤੀ।
ਮੇਲੇ ਨੂੰ ਕਾਮਯਾਬ ਬਣਾਉਣ ਲਈ ਸੰਸਥਾ ਦੇ ਪੁਰਾਣੇ-ਨਵੇਂ ਅਹੁਦੇਦਾਰਾਂ ਨੇ ਪ੍ਰਧਾਨ ਜਸਵਿੰਦਰ (ਜੱਸੀ) ਗਿੱਲ ਦੀ ਅਗਵਾਈ ਵਿਚ ਪੂਰੇ ਤਾਲ-ਮੇਲ ਨਾਲ ਕੰਮ ਕੀਤਾ। ਬੋਰਡ ਮੈਂਬਰਾਂ ਖਾਸ ਕਰ ਅਮਰਦੇਵ ਸਿੰਘ ਬੰਦੇਸ਼ਾ, ਦੀਪਾ ਬੰਦੇਸ਼ਾ, ਜਿੰਦੀ ਖੰਗੂੜਾ, ਜਿੰਦਰ ਬੈਣੀਪਾਲ, ਪਰਮਿੰਦਰ ਵਾਲੀਆ, ਬਿੱਲੂ ਗਿੱਲ, ਬਲਜੀਤ ਮੰਗੀ ਅਤੇ ਬਲਵਿੰਦਰ ਚੱਠਾ ਨੇ ਮੇਲੇ ਨੂੰ ਕਾਮਯਾਬ ਕਰਨ ਲਈ ਸਖਤ ਮਿਹਨਤ ਕੀਤੀ।
________________________________
ਕੁਝ ਖੱਟੀਆਂ-ਮਿਠੀਆਂ
ਗਰਮੀ ਕੜਾਕੇ ਦੀ ਪੈ ਰਹੀ ਸੀ, ਜਿਵੇਂ ਮੇਲੀਆਂ ਦਾ ਇਮਤਿਹਾਨ ਲੈ ਰਹੀ ਹੋਵੇ। ਫਿਰ ਵੀ ਖਿਡਾਰੀ ਮੁੜਕੋ-ਮੁੜਕੀ ਹੋਏ ਇਕ-ਦੂਜੇ ਤੋਂ ਵਧ ਕੇ ਰੇਡ ਪਾਉਣ ਅਤੇ ਜੱਫੇ ਲਾਉਣ ਲਈ ਕਾਹਲੇ ਸਨ। ਕੁਝ ਹਫਤੇ ਪਹਿਲਾਂ ਇਸੇ ਜੰਗਲਾਤੀ ਰੱਖ ਵਿਚ ਪੰਜਾਬੀ ਹੈਰੀਟੇਜ਼ ਆਰਗੇਨਾਈਜੇਸ਼ਨ ਵਲੋਂ ਕਰਵਾਏ ਗਏ ਮੇਲੇ ਵਾਲੇ ਦਿਨ ਗਰਮੀ ਬੇਹੱਦ ਸੀ ਪਰ ਉਸ ਦਿਨ ਦੁਪਹਿਰ ਬਾਅਦ ਇੰਦਰ ਦੇਵਤਾ ਬਹੁੜ ਪਿਆ ਸੀ ਪਰ ਇਸ ਮੇਲੇ ਵਾਲੇ ਦਿਨ ਤਾਂ ਉਹ ਵੀ ਕਿਤੇ ਦੁਬਕ ਕੇ ਹੀ ਬੈਠਾ ਰਿਹਾ। ਸ਼ਾਇਦ ਬਲਬੀਰ ਸਿੰਘ ਦੀ ਹਾਕੀ ਤੋਂ ਡਰ ਗਿਆ ਹੋਵੇ ਕਿ ਕਿਤੇ ਮੋਛੇ ਹੀ ਨਾ ਪਾ ਛਡੇ।

ਦਰਸ਼ਕ ਕਨਾਤਾਂ ਜਾਂ ਦਰੱਖਤਾਂ ਹੇਠ ਦੜੇ ਬੈਠੇ ਸਨ। ਹਲਕੀ ਹਲਕੀ ਪੌਣ ਰੁਮਕ ਰਹੀ ਸੀ ਪਰ 92 ਡਿਗਰੀ ਟੈਂਪਰੇਚਰ ਵਿਚ ਇਸ ਦੀ ਕੋਈ ਵਾਹ ਨਹੀਂ ਸੀ ਚਲ ਰਹੀ। ਜਦੋਂ ਕਦੀ ਹਵਾ ਦਾ ਭਰਵਾਂ ਬੁੱਲਾ ਆਉਂਦਾ ਤਾਂ ਜ਼ਰਾ ਸਰੀਰ ਨੂੰ ਠਾਰ ਜਿਹੀ ਪੈਂਦੀ। ਗਰਮੀ ਨੂੰ ਭਾਂਪਦਿਆਂ ਪ੍ਰਬੰਧਕਾਂ ਨੇ ਤੰਬੂ-ਕਨਾਤਾਂ ਦਾ ਚੰਗਾ ਪ੍ਰਬੰਧ ਕੀਤਾ ਹੋਇਆ ਸੀ। ਪੀਣ ਲਈ ਠੰਡੇ ਪਾਣੀ ਦੀਆਂ ਬੋਤਲਾਂ ਦਾ ਵੀ ਚੋਖਾ ਪ੍ਰਬੰਧ ਸੀ।

ਮੇਲੀਆਂ ਦੇ ਖਾਣ ਲਈ ਬਹੁਤ ਵਧੀਆ ਪ੍ਰਬੰਧ ਸੀ। ਮੇਲੀ ਪੂਰੀ-ਛੋਲਿਆਂ, ਮਟਰ-ਪਨੀਰ, ਚੌਲ-ਛੋਲੇ, ਨਾਨ ਅਤੇ ਤੰਦੂਰੀ ਚਿਕਨ ਦਾ ਪੂਰਾ ਅਨੰਦ ਮਾਣਦੇ ਰਹੇ। ਗਰਮਾ-ਗਰਮ ਚਾਹ, ਰੜੇ ਹੋਏ ਪਕੌੜੇ, ਸ਼ਕਰਪਾਰੇ ਅਤੇ ਕੜਕ ਜਲੇਬੀਆਂ ਸਾਰਾ ਦਿਨ ਚਲਦੇ ਰਹੇ। ਖਾਣੇ ਦਾ ਪ੍ਰਬੰਧ ਕੇæਕੇæ ਪੰਮਾ ਦਾ ਸੀ। ਠੰਡੇ ਪਾਣੀ ਦੀ ਸੇਵਾ ਦਰਸ਼ਨ ਸਿੰਘ ਪੰਮਾ ਨਾਨਕ ਪ੍ਰਾਡਕਟਸ ਦੀ ਸੀ।

ਜੇ ਕੋਈ ਮਾੜੀ ਗੱਲ ਸੀ ਤਾਂ ਇਹ ਸੀ ਕਿ ਲੋਕ ਖਾ-ਪੀ ਕੇ ਕੱਪ, ਪਲੇਟਾਂ ਤੇ ਪਾਣੀ ਦੀਆਂ ਖਾਲੀ ਬੋਤਲਾਂ ਗਾਰਬੇਜ ਕੈਨ ਵਿਚ ਸੁਟਣ ਦੀ ਥਾਂ ਉਥੇ ਹੀ ਪੈਰਾਂ ਵਿਚ ਸੁਟੀ ਜਾ ਰਹੇ ਸਨ। ਕਈਆਂ ਨੇ ਤਾਂ ਕਿੰਨਾ-ਕਿੰਨਾ ਖਾਣਾ ਵੀ ਪਲੇਟਾਂ ਵਿਚ ਉਦਾਂ ਹੀ ਛੱਡਿਆ। ਉਂਜ ਤਾਂ ਪ੍ਰਬੰਧਕਾਂ ਨੇ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਸਫਾਈ ਵਾਲੇ ਸ਼ਾਮ ਪੈਂਦਿਆਂ ਹੀ ਸਭ ਪਾਸਿਓਂ ਕੂੜਾ ਸਾਂਭਣ ਵੀ ਲਗ ਪਏ ਸਨ। ਪਰ ਸਵਾਲ ਤਾਂ ਇਹ ਹੈ ਕਿ ਸਾਡੇ ਲੋਕ ਸਫਾਈ ਦਾ ਖਿਆਲ ਕਦੋਂ ਕਰਨਗੇ? ਫਿਰ ਵੀ ਆਸ ਦੀ ਕਿਰਨ ਓਦੋਂ ਨਜ਼ਰ ਆਈ ਜਦੋਂ ਇਕ ਪੰਜਾਬਣ ਬੀਬੀ ਗਾਰਬੇਜ਼ ਬੈਗ ਲੈ ਕੇ ਖਿਲਰਿਆ ਕੂੜਾ ਇਕੱਠਾ ਕਰਦੀ ਵੇਖੀ ਗਈ, ਅਤੇ ਹੋਰ ਵੀ ਖੂਬਸੂਰਤ ਗੱਲ ਇਹ ਸੀ ਕਿ ਕੁਝ ਨਿੱਕੇ ਨਿੱਕੇ ਬੱਚੇ ਵੀ ਉਸ ਨਾਲ ਹੱਥ ਵਟਾਉਣ ਲਗੇ।

ਮੇਲੀਆਂ ਵਿਚ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਦੀ ਵੀ ਕਾਫੀ ਗਿਣਤੀ ਸੀ। ਕਈ ਲੋਕ ਪਿਕਨਿਕ ਦੇ ਮੂਡ ਵਿਚ ਅਨੰਦ ਮਾਣ ਰਹੇ ਸਨ ਅਤੇ ਬੀਬੀਆਂ ਆਪਣੇ ਦੁਖ-ਸੁਖ ਫੋਲ ਰਹੀਆਂ ਸਨ। ਬੱਚਿਆਂ ਦੀ ਵੀ ਪੂਰੀ ਮੌਜ ਬਣੀ ਹੋਈ ਸੀ। ਉਨ੍ਹਾਂ ਲਈ ਭੁਕਾਨਿਆਂ ਵਾਲੇ ਖਿਡੌਣੇ ਬਥੇਰੇ ਸਨ। ਕਈ ਬੱਚੇ ਬੁਲਬੁਲੇ ਬਣਾਉਣ ਵਾਲੀਆਂ ਗੰਨਾਂ ਨਾਲ ਬੁਲਬੁਲੇ ਛਡਣ ਵਿਚ ਮਸਤ ਸਨ ਅਤੇ ਕਦੇ ਕਦੇ ਤਾਂ ਹਵਾ ਵਿਚ ਇਨੇ ਬੁਲਬੁਲੇ ਨਜ਼ਰ ਆਉਂਦੇ ਕਿ ਮਾਹੌਲ ਕੁਝ ਹੋਰ ਹੀ ਜਾਪਦਾ।

ਅਕਾਲੀ ਆਗੂ ਬਲਦੇਵ ਸਿੰਘ ਸੱਲ੍ਹਾਂ ਜਦੋਂ ਮਾਈਕ ਲੈ ਕੇ ਮੇਲੀਆਂ ਨੂੰ ਸੰਬੋਧਨ ਕਰਨ ਲਗੇ ਤਾਂ ਪੂਰੇ ਜੋਸ਼ ਵਿਚ ਆ ਗਏ ਤੇ ਬਾਹਾਂ ਖੜੀਆਂ ਕਰਕੇ ਬਹੁਤ ਉਚੀ ਆਵਾਜ਼ ਵਿਚ ਮਿਡਵੈਸਟ ਦੇ ਪੰਜਾਬੀਆਂ, ਪੰਜਾਬ ਅਤੇ ਅਕਾਲੀ ਦਲ ਦੀਆਂ ਗੱਲਾਂ ਕਰਨ ਲਗੇ। ਦਰਸ਼ਕਾਂ ਵਿਚੋਂ ਕਿਸੇ ਨੇ ਟਿਪਣੀ ਕੀਤੀ, ਸੱਲ੍ਹਾਂ ਸਾਹਿਬ, ਇਹ ਸ਼ਿਕਾਗੋ ਦਾ ਖੇਡ ਮੇਲਾ ਹੈ, ਪੰਜਾਬ ਵਿਚ ਅਕਾਲੀਆਂ ਦਾ ਕੋਈ ਜਲਸਾ ਨਹੀਂ।

ਸ਼ੇਰੇ ਪੰਜਾਬ ਸਪੋਰਟਸ ਕਲੱਬ ਵਲੋਂ ਕਬੱਡੀ ਕੁਮੈਂਟੇਟਰ ਇਕਬਾਲ ਗਾਲਿਬ ਦਾ 2100 ਡਾਲਰ, ਸੋਨੇ ਦੀ ਚੇਨੀ ਅਤੇ ਪਲੈਕ ਨਾਲ ਸਨਮਾਨ ਕੀਤਾ ਗਿਆ। ਉਸ ਸਮੇਂ ਮਾਈਕ ਸੰਭਾਲ ਰਹੇ ਅਨਾਉਂਸਰ ਨੇ ਪਹਿਲੀ ਵਾਰ ਤਾਂ ਠੀਕ ‘ਚੇਨੀ’ ਕਿਹਾ ਪਰ ਜਦੋਂ ਅਗਲੀ ਵਾਰ ਇਹੋ ਗੱਲ ਕੀਤੀ ਤਾਂ ਉਸ ਦੇ ਸ਼ਬਦ ਸਨ, ਪ੍ਰਬੰਧਕਾਂ ਵਲੋਂ ਗਾਲਿਬ ਸਾਹਿਬ ਦੇ ਗੱਲ ਸੰਗਲੀ ਪਾ ਕੇ ਉਨ੍ਹਾਂ ਦਾ ਮਾਣ ਕੀਤਾ ਗਿਆ ਹੈ।

ਕਈ ਕਬੱਡੀ ਕਲੱਬਾਂ ਦੇ ਨਾਂ ਏਨੇ ਮਿਲਦੇ-ਜੁਲਦੇ ਸਨ ਕਿ ਇਕਬਾਲ ਗਾਲਿਬ ਨੂੰ ਵੀ ਕਹਿਣਾ ਪਿਆ ਕਿ ਹੁਣੇ ਤੁਸੀਂ ਇੰਡੀਆਨਾ ਤੇ ਮਿਲਵਾਕੀ ਕਹਿ ਰਹੇ ਸੀ, ਹੁਣ ਜੇਤੂ ਸ਼ਿਕਾਗੋ ਦਸ ਰਹੇ ਹੋ। ਜ਼ਿਕਰਯੋਗ ਹੈ ਮੇਲੇ ਵਿਚ 3 ਖਿਡਾਰੀ ਇਕੋ ਪਿੰਡ ਘਨੌਰ, ਪਟਿਆਲਾ ਦੇ ਸਨ, ਜਿਹੜੇ ਵੱਖ ਵੱਖ ਟੀਮਾਂ ਵਲੋਂ ਖੇਡ ਰਹੇ ਸਨ। ਇੱਕ ਖਿਡਾਰੀ ਗੁਲੇ ਦੇ ਗੋਲ ਮਟੋਲ ਤੇ ਛੋਟੇ ਕੱਦ ਦਾ ਦੇਖ ਹਰ ਜਾਫੀ ਅਸਾਨ ਸਮਝ ਕੇ ਹੱਥ ਪਾ ਲੈਂਦਾ ਪਰ ਉਸ ਨੂੰ ਹੀ ਡੱਕਣਾ ਏਡਾ ਸੌਖਾ ਨਹੀਂ ਸੀ ਤੇ ਉਸ ਨੇ ਹੀ ਆਪਣੀ ਟੀਮ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਲਈ ਸਭ ਨਾਲੋਂ ਵੱਧ ਅੰਕ ਬਟੋਰੇ।

ਕਬੱਡੀ ਮੇਲੇ ਵਿਚ ਮੈਕਸੀਕੋ ਮੂਲ ਦੇ ਖਿਡਾਰੀ ਸ਼ਾਵੇਜ ਭਰਾ ਇਕਠੇ ਇਕ ਟੀਮ ਵਿਚ ਖੇਲਣ ਦੀ ਬਜਾਏ ਇਕ ਦੂਜੇ ਦੇ ਖਿਲਾਫ ਖੇਲੇ। ਹੈਰੋ ਸ਼ਾਵੇਜ ਪੰਜਾਬ ਸਪੋਰਟਸ ਕਲੱਬ ਮਿਲਵਾਕੀ ਵਲੋਂ ਖੇਲਿਆ ਜਦ ਕਿ ਹਸੂਸ ਸ਼ਾਵੇਜ ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਟੀਮ ਵਲ ਸੀ। ਉਂਜ ਦੋਵੇਂ ਇਕ ਦੂਜੇ ਨਾਲ ਦਸਤਪੰਜਾ ਨਹੀਂ ਹੋਏ ਕਿਉਂਕਿ ਉਹ ਦੋਵੇਂ ਜਾਫੀ ਦੇ ਤੌਰ ‘ਤੇ ਖੇਡ ਰਹੇ ਸਨ, ਹਾਲਾਂਕਿ ਦਰਸ਼ਕ ਉਨ੍ਹਾਂ ਨੂੰ ਰੇਡਰ ਦੇ ਤੌਰ ‘ਤੇ ਖੇਡਦੇ ਦੇਖਣ ਦੇ ਚਾਹਵਾਨ ਸਨ। ਫਾਈਨਲ ਮੈਚ ਜਿੱਤ ਕੇ ਹੈਰੋ ਸ਼ਾਵੇਜ ਦੀ ਟੀਮ ਪੰਜਾਬ ਸਪੋਰਟਸ ਕਲੱਬ ਮਿਲਵਾਕੀ ਨੇ ਕੱਪ ‘ਤੇ ਕਬਜਾ ਕੀਤਾ। ਹੈਰੋ ਆਪਣੇ ਸਟਾਈਲ ਵਿਚ ਅੰਕ ਲੈਣ ਪਿਛੋਂ ਤੇ ਪੁਠੀਆਂ ਛਾਲਾਂ ਮਾਰਦਾ ਰਿਹਾ।

ਕਾਲੇ ਮੂਲ ਦਾ ਡਾਂਟੇ ਜਿਸ ਨੂੰ ਉਡਣਾ ਨਾਗ ਵੀ ਕਿਹਾ ਜਾਂਦਾ ਹੈ, ਨੇ ਪਿਛਲੇ ਕੁਝ ਸਾਲਾਂ ਵਿਚ ਤਗੜੇ ਜੱਫੇ ਲਾ ਕੇ ਰੇਡਰਾਂ ਵਿਚ ਖਾਸ ਧਾਂਕ ਜਮਾਈ ਹੋਈ ਸੀ। ਇਸ ਵਾਰ ਉਸ ਦੀ ਉਹ ਚਮਕ ਗਾਇਬ ਸੀ। ਸਾਰੇ ਮੈਚਾਂ ਵਿਚ ਉਹ ਮਸਾ 2-3 ਪੁਆਇੰਟ ਹੀ ਹਾਸਿਲ ਕਰ ਸਕਿਆ।

ਸ਼ ਬਲਬੀਰ ਸਿੰਘ ਦੇ ਬੈਠਣ ਲਈ ਕਾਫੀ ਉਚੀ ਇਕ ਵਖਰੀ ਸਟੇਜ ਬਣਾਈ ਗਈ ਜਿਸ ‘ਤੇ ਚੜ੍ਹਨ ਲਈ 5-7 ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਸੀ। 92 ਸਾਲਾ ਬਲਬੀਰ ਸਿੰਘ ਨੇ ਬਿਨਾ ਕਿਸੇ ਸਹਾਰੇ ਬੜੀ ਫੁਰਤੀ ਨਾਲ ਪੌੜੀਆਂ ਚੜ੍ਹ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਕੁਮੈਂਟਰੀ ਦੇ ਨਾਲ ਨਾਲ ਮਾਨ-ਸਨਮਾਨ ਦਾ ਰਿਵਾਜ ਉਹੀ ਪੁਰਾਣਾ ਹੀ ਸੀ, ਕੱਬਡੀ ਦੇ ਚਲਦੇ ਮੈਚ ਵਿਚ ਹੀ ਦਲਬਾਰਾ ਸਿੰਘ ਮਾਂਗਟ ਨੇ ਗਲੋਬਲ ਪੰਜਾਬ ਟੀæ ਵੀæ ਲਈ ਸ਼ ਬਲਬੀਰ ਸਿੰਘ ਦਾ ਇੰਟਰਵਿਊ ਸ਼ੁਰੂ ਕਰ ਦਿੱਤਾ। ਇਸ ਨਾਲ ਕਬੱਡੀ ਦੇ ਅਨੰਦ ਵਿਚ ਚੋਖਾ ਖਲਲ ਪਿਆ।

ਮੇਲੇ ਦੀ ਇਕ ਹੋਰ ਦਿਲਚਸਪ ਗੱਲ ਇਹ ਰਹੀ ਕਿ ‘ਰਾਈਡ ਛਾਏ’ ਨਾਂ ਦੇ ਇਕ ਮੋਟਰ ਬਾਈਕ ਦਾ ਵੱਡਾ ਕਾਫਲਾ ਕਬੱਡੀ ਦੇਖਣ ਲਈ ਦਵਿੰਦਰ ਸਿੰਘ ਡੈਨੀ ਦੀ ਅਗਵਾਈ ਵਿਚ ਪਹੁੰਚਿਆ ਹੋਇਆ ਸੀ, ਜਿਸ ਵਿਚ ਅਮਰੀਕਨ, ਮੈਕਸੀਕਨ ਤੇ ਪੌਲਿਸ਼ ਮੂਲ ਦੇ ਲੋਕ ਵੀ ਸਨ।