ਬਿਹਾਰ ਵਿਚ ਚੋਣ ਬਿਗਲ ਪਿੱਛੋਂ ਸਿਆਸੀ ਧਿਰਾਂ ਵੱਲੋਂ ਕਮਰਕੱਸੇ

ਪਟਨਾ: ਚੋਣ ਕਮਿਸ਼ਨ ਵੱਲੋਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕਰਨ ਨਾਲ ਸਿਆਸੀ ਸਰਗਰਮੀਆਂ ਵਿਚ ਤੇਜ਼ੀ ਆ ਗਈ ਹੈ। ਅਗਲੇ ਮਹੀਨੇ ਦੀ 12 ਤਰੀਕ ਤੋਂ ਸ਼ੁਰੂ ਹੋ ਕੇ ਅੱਠ ਨਵੰਬਰ ਨੂੰ ਖ਼ਤਮ ਹੋਣ ਵਾਲੀ ਬਿਹਾਰ ਦੀ ਪੰਜ ਪੜਾਵੀ ਚੋਣ ਵਿਚ ਸਾਰੀਆਂ ਸਿਆਸੀ ਧਿਰਾਂ ਨੇ ਪੂਰੀ ਵਾਹ ਲਾਈ ਹੋਈ ਹੈ। ਕੁੱਲ 6æ68 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਬਿਹਾਰ ਵਿਧਾਨ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਮਕਬੂਲੀਅਤ ਦਾਅ ਉਤੇ ਲੱਗੀ ਹੋਈ ਹੈ।

ਚੋਣ ਪ੍ਰੋਗਰਾਮ ਦੇ ਐਲਾਨ ਬਾਅਦ ਤਿੰਨ ਪ੍ਰਮੁੱਖ ਗੁੱਟਾਂ ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਰਣਨੀਤੀ ਤੈਅ ਕਰਨ ਤੇ ਸੀਟਾਂ ਦੇ ਬਟਵਾਰੇ ਲਈ ਆਪੋ-ਆਪਣੇ ਭਾਈਵਾਲਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਨਿਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲਾ ਗੱਠਬੰਧਨ ਭਾਜਪਾ ਵੱਲੋਂ ਸਿਆਸਤ ਤੇ ਸੱਤਾ ਦੇ ਭਗਵੇਂਕਰਨ, ਮਹਿੰਗਾਈ ਤੇ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਦੀ ਨੀਤੀ ਤੇ ਆਪਣੇ ਵਿਕਾਸ ਕਾਰਜਾਂ ਦੇ ਸਹਾਰੇ ਚੋਣ ਦੰਗਲ ਜਿੱਤਣ ਦੀ ਕੋਸ਼ਿਸ਼ ਵਿਚ ਹੈ ਜਦੋਂਕਿ ਭਾਜਪਾ ਲੋਕ ਸਭਾ ਚੋਣਾਂ ਦੀ ਤਰਜ਼ ‘ਤੇ ਮੋਦੀ ਦੇ ਸਹਾਰੇ ਇਹ ਚੋਣਾਂ ਜਿੱਤਣ ਦੀ ਆਸ ਵਿਚ ਹੈ। ਹਾਲ ਹੀ ਵਿਚ ਮੋਦੀ ਵੱਲੋਂ ਬਿਹਾਰ ਨੂੰ ਸਵਾ ਲੱਖ ਕਰੋੜ ਦਾ ਵਿਸ਼ੇਸ਼ ਪੈਕੇਜ ਦੇ ਕੇ ਨਿਤੀਸ਼ ਕੁਮਾਰ ਦੇ ਵਿਕਾਸ ਦੇ ਨਾਅਰੇ ਨੂੰ ਮਾਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੇਂਦਰ ਵਿਚ ਮੋਦੀ ਸਰਕਾਰ ਦੇ ਆਉਣ ਤੋਂ ਇਕ ਸਾਲ ਬਾਅਦ ਵੀ ਚੰਗੇ ਦਿਨ ਨਾ ਆਉਣ ਦੀ ਅਸਲੀਅਤ ਇਸ ਪੈਕੇਜ ‘ਤੇ ਭਾਰੂ ਪੈਂਦੀ ਵਿਖਾਈ ਦੇ ਰਹੀ ਹੈ। ਬਿਹਾਰ ਦਾ ਦੰਗਲ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਪਿਛਲੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਫ਼ਾਏ ਤੋਂ ਬਾਅਦ ਐਨæਡੀæਏ ਵੱਲੋਂ ਸ੍ਰੀ ਮੋਦੀ ਹੁਣ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਰਹੇ ਹਨ।
ਭਾਜਪਾ ਤੇ ਇਸ ਦੀ ਮੁੱਖ ਵਿਰੋਧੀ ਧਿਰ ਜੇæਡੀæ(ਯੂ), ਆਰæਜੇæਡੀæ, ਕਾਂਗਰਸ ਤੇ ਐਨæਸੀæਪੀæ ਦੇ ਮਹਾਂਗੱਠਬੰਧਨ ਨੇ ਬਿਹਾਰ ਵਿਧਾਨ ਸਭਾ ਦਾ ਚੋਣ ਦੰਗਲ ਜਿੱਤਣ ਲਈ ਕਈ ਮਹੀਨਿਆਂ ਤੋਂ ਤਿਆਰੀਆਂ ਆਰੰਭੀਆਂ ਹੋਈਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਨਿਤੀਸ਼ ਤੇ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਪਿਛਲੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਨਾ ਸਿਰਫ ਆਪਸ ਵਿਚ ਗਲਵੱਕੜੀ ਪਾਈ ਬਲਕਿ ਹੋਰਨਾਂ ਵਿਰੋਧੀ ਪਾਰਟੀਆਂ- ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਅਤੇ ਐੱਸ਼ਪੀæ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮਹਾਂਗੱਠਬੰਧਨ ਬਣਾਉਣ ਦਾ ਐਲਾਨ ਕੀਤਾ। ਰਾਸ਼ਟਰਵਾਦੀ ਕਾਂਗਰਸ ਤੇ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਭਾਵੇਂ ਸੀਟਾਂ ਦੀ ਵੰਡ ਤੋਂ ਨਾਰਾਜ਼ ਹੋ ਕੇ ਇਸ ਗੱਠਬੰਧਨ ਵਿਚੋਂ ਬਾਹਰ ਆ ਚੁੱਕੀਆਂ ਹਨ, ਪਰ ਨਿਤੀਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਤੇ ਕਾਂਗਰਸ ਵੱਲੋਂ ਇਕੱਠੇ ਹੋ ਕੇ ਇਹ ਚੋਣਾਂ ਲੜਨਾ ਤੈਅ ਹੈ।
__________________________________
ਸਾਰਿਆਂ ਵੱਲੋਂ ਜਿੱਤ ਦੇ ਦਮਗਜੇ
ਨਵੀਂ ਦਿੱਲੀ: ਜਨਤਾ ਦਲ (ਯੂ), ਰਾਜਦ, ਕਾਂਗਰਸ ਗਠਜੋੜ ਤੇ ਭਾਜਪਾ ਨੇ ਦਾਅਵੇ ਕੀਤੇ ਹਨ ਕਿ ਉਹ ਚੋਣਾਂ ਤੋਂ ਬਾਅਦ ਸਰਕਾਰ ਬਣਾਉਣਗੇ। ਭਾਜਪਾ ਤਰਜਮਾਨ ਸ਼ਾਹਨਵਾਜ਼ ਹੁਸੈਨ ਦਾ ਕਹਿਣਾ ਹੈ ਕਿ ਇਹ ਨਿਤੀਸ਼ ਕੁਮਾਰ ਦੀ ਵਿਦਾਇਗੀ ਦੀਆਂ ਤਰੀਕਾਂ ਹਨ। ਤੀਜੀ ਵਾਰ ਮੁੱਖ ਮੰਤਰੀ ਬਣਨ ਲਈ ਜ਼ੋਰ ਲਾ ਰਹੇ ਨਿਤੀਸ਼ ਕੁਮਾਰ ਨੇ ਉਮੀਦ ਜ਼ਾਹਰ ਕੀਤੀ ਕਿ ਲੋਕ ਪਿਛਲੇ 10 ਸਾਲਾਂ ਵਿਚ ਕੀਤੇ ਗਏ ਕੰਮਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਜਿਤਾਉਣਗੇ। ਜਨਤਾ ਦਲ (ਯੂ) ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਬਿਹਾਰ ਦੇ ਨਤੀਜੇ ਦੇਸ਼ ਦੇ ਭਵਿੱਖ ਦੀ ਦਿਸ਼ਾ ਤੈਅ ਕਰਨਗੇ।
______________________________________
ਓਵਾਇਸੀ ਦੀ ਪਾਰਟੀ ਬਿਹਾਰ ਚੋਣਾਂ ਲੜੇਗੀ
ਹੈਦਰਾਬਾਦ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏæ ਆਈæ ਐਮæ ਆਈæ ਐਮæ) ਨੇ ਐਲਾਨ ਕੀਤਾ ਹੈ ਕਿ ਉਹ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਸੀਮਾਂਚਲ ਖੇਤਰ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰਨਗੇ। ਏæਐਮæਆਈæਐਮæ ਦੇ ਮੁਖੀ ਅਸਾਦੁਦੀਨ ਓਵਾਇਸੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚਾਰ ਜ਼ਿਲ੍ਹਿਆਂ ਆਰਰੀਆ, ਪੂਰਨੀਆ, ਕਿਸ਼ਨਗੰਜ ਤੇ ਕਟਿਹਾਰ ਦੀਆਂ ਸੀਟਾਂ ‘ਤੇ ਚੋਣਾਂ ਲੜੇਗੀ। ਉਹ ਸੀਮਾਂਚਲ ਇਲਾਕੇ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਚੋਣਾਂ ਲੜ ਰਹੇ ਹਨ। ਹੋਰ ਪਾਰਟੀਆਂ ਨਾਲ ਗਠਜੋੜ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਚੋਣ ਲੜਨ ਵਾਲੀਆਂ ਸੀਟਾਂ ਦੀ ਗਿਣਤੀ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ।