ਮੋਦੀ-ਨਿਤੀਸ਼ ਭੇੜ: ਖੱਬੇ ਪੱਖੀ ਧਿਰਾਂ ਦੇ ਉਭਾਰ ਦੀ ਆਸ ਬੱਝੀ

-ਜਤਿੰਦਰ ਪਨੂੰ
ਭਾਰਤ ਇਸ ਵਕਤ ਇਕ ਬਹੁਤ ਅਹਿਮ ਚੋਣ ਜੰਗ ਦੇ ਅਖਾੜੇ ਨੂੰ ਭਖਦਾ ਵੇਖ ਰਿਹਾ ਹੈ। ਬਿਹਾਰ ਦੀ ਇਹ ਲੋਕਤੰਤਰੀ ਜੰਗ ਉਸ ਪ੍ਰਧਾਨ ਮੰਤਰੀ ਦੇ ਲਈ ਵੱਕਾਰ ਦਾ ਮੁੱਦਾ ਹੈ, ਜਿਹੜਾ ਹਿੱਕ ਥਾਪੜ ਕੇ ਇਹ ਕਹਿੰਦਾ ਹੈ ਕਿ ਸੰਸਾਰ ਭਰ ਵਿਚ ਮੇਰਾ ਡੰਕਾ ਵੱਜ ਰਿਹਾ ਹੈ। ਜਿਸ ਵੀ ਦੇਸ਼ ਵਿਚ ਭਾਰਤ ਦਾ ਪ੍ਰਧਾਨ ਮੰਤਰੀ ਜਾਵੇ, ਓਥੇ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਹਰ ਪ੍ਰਧਾਨ ਮੰਤਰੀ ਦਾ ਸਵਾਗਤ ਕਰ ਕੇ ਖੁਸ਼ੀ ਹੁੰਦੀ ਹੈ ਤੇ ਇਹ ਹੁਣ ਵੀ ਹੁੰਦੀ ਹੈ। ਇਹ ਪ੍ਰਧਾਨ ਮੰਤਰੀ ਇਸ ਖੁਸ਼ੀ ਨੂੰ ਵਰਤ ਕੇ ਭਾਰਤੀ ਲੋਕਾਂ ਦੇ ਵੱਡੇ ਇਕੱਠ ਕਰ ਕੇ, ਇੱਕ ਤਰ੍ਹਾਂ ਮਜਮੇਬਾਜ਼ੀ ਕਰਨ ਲੱਗ ਜਾਂਦਾ ਹੈ। ਉਨ੍ਹਾਂ ਇਕੱਠਾਂ ਵਿਚ ਉਨ੍ਹਾਂ ਦੇਸ਼ਾਂ ਦੇ ਆਮ ਲੋਕ ਨਹੀਂ ਹੁੰਦੇ, ਸਿਰਫ ਭਾਰਤੀਆਂ ਦੇ ਇਕੱਠ ਹੀ ਡੰਕੇ ਵੱਜਦੇ ਦੱਸਣ ਲਈ ਵਰਤੇ ਜਾਂਦੇ ਹਨ।

ਚੁਣ-ਚੁਣ ਕੇ ਉਹ ਇਹੋ ਜਿਹੇ ਦੇਸ਼ਾਂ ਵਿਚ ਜਾਂਦਾ ਹੈ, ਜਿੱਥੇ ਪਿਛਲੇ ਕਾਫੀ ਸਮੇਂ ਤੋਂ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਗਿਆ ਨਾ ਹੋਵੇ। ਹੁਣ ਆਇਰਲੈਂਡ ਜਾਣ ਵਾਸਤੇ ਤਿਆਰ ਹੈ, ਜਿੱਥੇ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਕੋਈ ਨਹੀਂ ਸੀ ਗਿਆ। ਇਹ ਵੀ ਇੱਕ ਕਲਾ ਹੈ। ਹਰ ਵਾਰੀ ਇਸ ਤਰ੍ਹਾਂ ਦਾ ਦੇਸ਼ ਚੁਣੋ, ਜਿੱਥੇ ਜਾਣ ਦੇ ਬਾਅਦ ਇਹ ਖਬਰ ਬਣਾਈ ਜਾ ਸਕੇ ਕਿ ਐਨੇ ਸਾਲਾਂ ਤੱਕ ਜਿਥੇ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਨਹੀਂ ਸੀ ਗਿਆ, ਨਰਿੰਦਰ ਮੋਦੀ ਓਥੇ ਜਾ ਆਇਆ ਹੈ। ਕਿਸੇ ਦਿਨ ਅੰਟਾਰਕਟਿਕਾ ਵੀ ਗੇੜਾ ਲਾ ਸਕਦਾ ਹੈ।
ਖਾਲੀ ਪੀਪੇ ਖੜਕਾਉਣ ਵਾਂਗ ਡੰਕੇ ਵਜਾਊ ਪ੍ਰਧਾਨ ਮੰਤਰੀ ਨਾਲ ਭਿੜਨ ਲਈ ਬਿਹਾਰ ਵਿਚ ਇਕ ਰਾਜਸੀ ਗੱਠਜੋੜ ਜਦੋਂ ਬਣਨ ਲੱਗਾ, ਬਹੁਤੇ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਸੀ। ਹੁਣ ਵੀ ਉਸ ਗੱਠਜੋੜ ਦਾ ਸਵਾਗਤ ਹੈ। ਮੁਲਾਇਮ ਸਿੰਘ ਤੇ ਕੁਝ ਹੋਰ ਧਿਰਾਂ ਮੂੰਹੋਂ ਮੰਗੀਆਂ ਸੀਟਾਂ ਨਾ ਮਿਲਣ ਕਾਰਨ ਵੱਖ ਹੋ ਗਈਆਂ। ਨਾਲ ਰਹੀ ਜਾਂਦੇ ਤਾਂ ਚੰਗਾ ਹੋਣਾ ਸੀ, ਪਰ ਇਸ ਗੱਠਜੋੜ ਦੇ ਅਗਵਾਨੂੰ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਆਪਣੀ ਪੁਰਾਣੀ ਆਦਤ ਨਹੀਂ ਛੱਡ ਸਕਦੇ। ਇਸੇ ਦਾ ਇੱਕ ਸਬੂਤ ਇਹ ਹੈ ਕਿ ਜਦੋਂ ਜਤਿਨ ਰਾਮ ਮਾਂਝੀ ਨੂੰ ਭਾਜਪਾ ਨੇ ਆਪਣੇ ਵੱਲ ਆਉਣ ਲਈ ਰਾਜ਼ੀ ਕਰ ਲਿਆ ਸੀ, ਉਸ ਵੇਲੇ ਵਿਧਾਨ ਸਭਾ ਵਿਚ ਨਿਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਨੂੰ ਇਕੱਠੇ ਹੋਣ ਪਿੱਛੋਂ ਵੀ ਇੱਕ-ਇੱਕ ਵੋਟ ਲਈ ਦੂਸਰਿਆਂ ਦਲਾਂ ਦਾ ਤਰਲਾ ਮਾਰਨਾ ਪੈ ਰਿਹਾ ਸੀ। ਆਪਣੀ ਤਾਕਤ ਵਿਖਾਉਣ ਲਈ ਹਰ ਪ੍ਰੈਸ ਨੋਟ ਵਿਚ ਉਹ ਸੀ ਪੀ ਆਈ ਦੇ ਇੱਕ ਵਿਧਾਇਕ ਦਾ ਨਾਂ ਉਚੇਚ ਨਾਲ ਲਿਖਦੇ ਸਨ ਤੇ ਲੋਕਾਂ ਮੂਹਰੇ ਵੀ ਉਸ ਨੂੰ ਨਾਲ ਲੈ ਕੇ ਪੇਸ਼ ਹੁੰਦੇ ਰਹੇ ਸਨ।
ਅਗਲੀ ਚੋਣ ਲਈ ਸੀਟਾਂ ਦੀ ਵੰਡ ਵੇਲੇ ਇਕ ਵਾਰ ਫਿਰ ਉਨ੍ਹਾਂ ਨੇ ਕਿਸੇ ਵੀ ਕਮਿਊਨਿਸਟ ਧਿਰ ਨੂੰ ਨੇੜੇ ਲਾਉਣ ਦੀ ਲੋੜ ਨਹੀਂ ਸਮਝੀ ਤੇ ਇਸ ਦਾ ਕਾਰਨ ਇਹ ਨਹੀਂ ਕਿ ਓਥੇ ਕਮਿਊਨਿਸਟਾਂ ਦੇ ਪੱਲੇ ਵੋਟਾਂ ਬਹੁਤੀਆਂ ਨਹੀਂ, ਸਗੋਂ ਇਹ ਹੈ ਕਿ ਜਿਹੜੀ ਰਣਬੀਰ ਸੈਨਾ ਤੇ ਹੋਰ ਲੱਠ-ਮਾਰ ਫੌਜਾਂ ਦਾ ਆਸਰਾ ਇਹ ਲੋਕ ਲੈਂਦੇ ਹਨ, ਕਮਿਊਨਿਸਟਾਂ ਨੂੰ ਨਾਲ ਲੈਣ ਨਾਲ ਉਨ੍ਹਾਂ ਰੁੱਸ ਜਾਣਾ ਸੀ। ਕਦੇ ਇਕ ਉਘੇ ਕਮਿਊਨਿਸਟ ਆਗੂ ਦਾ ਕਤਲ ਕਰਨ ਦੇ ਦੋਸ਼ ਵਿਚ ਅਦਾਲਤ ਵਲੋਂ ਦੋਸ਼ੀ ਕਰਾਰ ਦਿਤਾ ਜਾ ਚੁੱਕਾ ਇਕ ਬਦਮਾਸ਼ ਲੀਡਰ ਵੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਵੱਲੋਂ ਪਾਰਲੀਮੈਂਟ ਮੈਂਬਰ ਬਣ ਗਿਆ ਸੀ। ਕਮਿਊਨਿਸਟਾਂ ਨੂੰ ਉਦੋਂ ਸੋਚਣਾ ਬਣਦਾ ਸੀ ਕਿ ਉਨ੍ਹਾਂ ਦੀ ਜਗ੍ਹਾ ਲੋਕਾਂ ਵਿਚ ਹੋਣੀ ਚਾਹੀਦੀ ਹੈ, ਸਿਰਫ ਰਾਜਸੀ ਜੋੜ-ਤੋੜਾਂ ਦੇ ਆਸਰੇ ਉਨ੍ਹਾਂ ਦੀ ਲਹਿਰ ਅੱਗੇ ਨੂੰ ਨਹੀਂ ਵਧ ਸਕਦੀ।
ਅੱਜ ਦੇ ਬਿਹਾਰ ਵਿਚ ਕੋਈ ਵੀ ਇਹ ਸੁਣ ਕੇ ਹੱਸ ਸਕਦਾ ਹੈ ਕਿ 243 ਮੈਂਬਰਾਂ ਦੀ ਵਿਧਾਨ ਸਭਾ ਅੰਦਰ ਸੀ ਪੀ ਆਈ ਦਾ ਪਿਛਲੇ ਪੰਜ ਸਾਲ ਸਿਰਫ ਇਕ ਵਿਧਾਇਕ ਰਿਹਾ ਹੈ। ਕਦੇ ਏਸੇ ਵਿਧਾਨ ਸਭਾ ਵਿਚ, ਝਾਰਖੰਡ ਦੇ ਬਣਨ ਤੋਂ ਪਹਿਲਾਂ, ਜਦੋਂ ਅਸੈਂਬਲੀ 324 ਮੈਂਬਰਾਂ ਦੀ ਹੁੰਦੀ ਸੀ, ਉਦੋਂ ਸੀ ਪੀ ਆਈ ਦੇ ਛੱਬੀ ਤੇ ਦੂਸਰੀ ਕਮਿਊਨਿਸਟ ਧਿਰ ਸੀ ਪੀ ਆਈ (ਐਮ) ਦੇ ਛੇ ਵਿਧਾਇਕ ਸਨ, ਹੁਣ ਸੀ ਪੀ ਆਈ ਦਾ ਇਕ ਅਤੇ ਸੀ ਪੀ ਆਈ ਐਮ ਦਾ ਕੋਈ ਵੀ ਨਹੀਂ ਹੈ। ਖੋਰਾ ਇਸ ਕਾਰਨ ਲੱਗ ਗਿਆ ਕਿ ਕਮਿਊਨਿਸਟਾਂ ਨੇ ਲੋਕਾਂ ਵਿਚ ਜਾਣਾ ਛੱਡ ਦਿੱਤਾ ਤੇ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਬਣਾਏ ਜਾਂਦੇ ਗੱਠਜੋੜਾਂ ਵਿਚ ਰੁਚੀ ਲੈਣ ਵੱਲ ਵੱਧ ਸਮਾਂ ਦੇਣ ਲੱਗ ਪਏ। ਪੰਜਾਬ ਵਿਚ ਵੀ ਇਹੋ ਹੋਇਆ ਸੀ। ਹੁਣ ਪੰਜਾਬ ਵਿਧਾਨ ਸਭਾ ਵਿਚ ਇਕ ਵੀ ਕਮਿਊਨਿਸਟ ਮੈਂਬਰ ਨਹੀਂ, ਪਰ ਕਦੇ ਉਹ ਵਿਧਾਨ ਸਭਾ ਦੀ ਮੁੱਖ ਵਿਰੋਧੀ ਧਿਰ ਹੋਇਆ ਕਰਦੇ ਸਨ ਅਤੇ ਅਕਾਲੀ ਤੇ ਕਾਂਗਰਸੀ ਦੋਵੇਂ ਮਿਲ ਕੇ ਇਨ੍ਹਾਂ ਨਾਲ ਆਢਾ ਲੈਂਦੇ। ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਚੋਣ ਉਸ ਦੌਰ ਵਿਚ ਕਾਂਗਰਸ ਦੀ ਮਦਦ ਨਾਲ ਕਮਿਊਨਿਸਟ ਉਮੀਦਵਾਰ ਦੇ ਮੁਕਾਬਲੇ ਮਸਾਂ ਜਿੱਤੇ ਸਨ ਅਤੇ ਜੇ ਕਾਂਗਰਸ ਨੇ ਉਨ੍ਹਾਂ ਦੀ ਮਦਦ ਨਾ ਕੀਤੀ ਹੁੰਦੀ ਤਾਂ ਜਿੱਤਣੇ ਨਹੀਂ ਸਨ। ਅਕਾਲੀਆਂ ਨੇ ਉਦੋਂ ਆਪਣਾ ਚੋਣ ਨਿਸ਼ਾਨ ‘ਪੰਜਾ’ ਛੱਡ ਕੇ ਕਾਂਗਰਸ ਦੇ ਚੋਣ ਨਿਸ਼ਾਨ ‘ਦੋ ਬਲਦਾਂ ਦੀ ਜੋੜੀ’ ਉਤੇ ਚੋਣ ਲੜੀ ਸੀ ਇਹ ਰਿਕਾਰਡ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਚੋਣ ਕਾਂਗਰਸ ਦੇ ਨਿਸ਼ਾਨ ਉਤੇ ਜਿੱਤੀ ਸੀ।
ਬਾਅਦ ਦੇ ਦੌਰ ਵਿਚ ਚੀਨ ਨਾਲ ਜੰਗ ਦਾ ਇੱਕ ਬਹਾਨਾ ਬਣ ਗਿਆ। ਅਸਲ ਵਿਚ ਕਮਿਊਨਿਸਟਾਂ ਅੰਦਰ ਆਪੋ ਵਿਚ ਮੱਤਭੇਦ ਸਿਧਾਂਤਕ ਤੋਂ ਜਥੇਬੰਦਕ ਵੱਧ ਹੋ ਗਏ ਸਨ। ਸਿਧਾਂਤਕ ਪੱਖ ਹੀ ਲਿਆ ਜਾਂਦਾ ਤਾਂ ਪੰਜਾਬ ਦੇ ਸੱਤਪਾਲ ਡਾਂਗ ਤੋਂ ਪੱਛਮੀ ਬੰਗਾਲ ਵਿਚ ਬੈਠੇ ਭੁਪੇਸ਼ ਗੁਪਤਾ ਤੱਕ ਕਈ ਆਗੂ ਓਸੇ ਸੋਚ ਵਾਲੇ ਸਨ, ਜਿਹੜੀ ਸੋਚ ਵਾਲੇ ਲੋਕਾਂ ਨੇ ਵੱਖਰੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਬਣਾਈ ਸੀ। ਇਹ ਸਾਰੇ ਲੋਕ ਓਸੇ ਸੋਚ ਵਾਲੇ ਹੋਣ ਦੇ ਬਾਵਜੂਦ ਪਾਰਟੀ ਅਤੇ ਲਹਿਰ ਨੂੰ ਪਾੜਨ ਲਈ ਰਾਜ਼ੀ ਨਹੀਂ ਸਨ। ਜਦੋਂ ਪਾਰਟੀਆਂ ਦੋ ਹੋ ਗਈਆਂ, ਫਿਰ ਇਹ ਰਾਏ ਬਣੀ ਕਿ ਮਜ਼ਦੂਰ ਜਥੇਬੰਦੀ ਏਟਕ ਨੂੰ ਸਾਂਝੀ ਰੱਖ ਲਿਆ ਜਾਵੇ ਤੇ ਇਸ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਵਿਚੋਂ ਦੋਵੇਂ ਧਿਰਾਂ ਇਕ-ਇਕ ਵੰਡ ਲੈਣ। ਬਦਕਿਸਮਤੀ ਨਾਲ ਇਹ ਸੋਚ ਵੀ ਸਿਰੇ ਨਾ ਚੜ੍ਹ ਸਕੀ। ਜਦੋਂ ਸੀ ਪੀ ਐਮ ਨੇ ਵੱਖਰੀ ਜਥੇਬੰਦੀ ਸੀਟੂ ਖੜੀ ਕਰ ਲਈ ਤਾਂ ਸਾਂਝੀ ਜਥੇਬੰਦੀ ਏਟਕ ਦੇ ਸਾਂਝੇ ਪ੍ਰਧਾਨ ਕਾਮਰੇਡ ਮਿਰਾਜ਼ਕਰ ਨੇ ਵੱਖਰੀ ਜਥੇਬੰਦੀ ਦੀ ਥਾਂ ਏਟਕ ਨਾਲ ਰਹਿਣ ਦਾ ਐਲਾਨ ਕਰ ਦਿੱਤਾ ਸੀ। ਇਸ ਗੱਲੋਂ ਸੀ ਪੀ ਆਈ (ਐਮ) ਵਿਚੋਂ ਉਸ ਨੂੰ ਕੱਢ ਦਿੱਤਾ ਗਿਆ, ਪਰ ਬਾਕੀ ਸਮਾਂ ਉਹ ਕਦੇ ਸੀ ਪੀ ਆਈ ਮੈਂਬਰ ਨਹੀਂ ਸੀ ਬਣਿਆ, ਏਟਕ ਨਾਲ ਸਾਰੀ ਉਮਰ ਜੁੜਿਆ ਰਿਹਾ ਸੀ। ਏਦਾਂ ਦੀਆਂ ਕਈ ਹੋਰ ਮਿਸਾਲਾਂ ਵੀ ਮੌਜੂਦ ਹਨ।
ਮੁਹਾਵਰਾ ਤਾਂ ਇਹ ਹੈ ਕਿ ਜਿੰਨਾ ਪਾਣੀ ਪੁਲਾਂ ਹੇਠੋਂ ਲੰਘ ਚੁੱਕਾ ਹੈ, ਉਹ ਹੁਣ ਮੁੜ ਨਹੀਂ ਆਉਣਾ, ਪਰ ਅਸੀਂ ਬਦਲ ਕੇ ਇਹ ਕਹਿ ਸਕਦੇ ਹਾਂ ਕਿ ਜਿੰਨਾ ਨੁਕਸਾਨ ਹੋ ਚੁੱਕਾ ਹੈ, ਉਹ ਹੁਣ ਪੂਰਾ ਨਹੀਂ ਹੋਣਾ। ਇਸ ਲਈ ਹੁਣ ਉਸ ਵੇਲੇ ਹੋਈ ਕਿਸੇ ਭੁੱਲ ਦੀ ਨਵੇਂ ਸਿਰੇ ਤੋਂ ਚਰਚਾ ਨਹੀਂ ਛੇੜ ਸਕਦੇ ਕਿ ਇਸ ਵਿਚ ਫਲਾਣੇ ਦੀ ਗਲਤੀ ਵੱਧ ਤੇ ਫਲਾਣੇ ਦੀ ਘੱਟ ਸੀ। ਗਲਤੀ ਹੋਈ ਤੇ ਉਸ ਦਾ ਖਮਿਆਜ਼ਾ ਇਸ ਦੇਸ਼ ਦੀ ਮਿਹਨਤਕਸ਼ ਜਮਾਤ ਨੂੰ ਭੁਗਤਣਾ ਪਿਆ। ਕਿਸਾਨ ਤੇ ਮਜ਼ਦੂਰ ਉਸ ਤੋਂ ਬਾਅਦ ਵੀ ਖੱਬੇ ਪੱਖੀਆਂ ਦੀ ਕਦਰ ਕਰਨ ਤੋਂ ਨਹੀਂ ਹਟੇ। ਅੱਜ ਤੱਕ ਜਦੋਂ ਕਦੇ ਕਿਸੇ ਥਾਂ ਲੋਕਾਂ ਦੇ ਦੁੱਖਾਂ ਤੇ ਭੁੱਖਾਂ ਦੀ ਚਰਚਾ ਚਲਦੀ ਹੈ, ਜਦੋਂ ਉਹ ਚਰਚਾ ਅੱਗੋਂ ਸੰਘਰਸ਼ ਤੱਕ ਜਾਂਦੀ ਹੈ ਤਾਂ ਜਿਹੜਾ ਵੀ ਆਗੂ ਅੱਗੇ ਲੱਗਦਾ ਹੈ, ਭਾਵੇਂ ਉਹ ਕਦੇ ਕਿਸੇ ਕਮਿਊਨਿਸਟ ਪਾਰਟੀ ਦੇ ਦਫਤਰ ਵੀ ਨਾ ਗਿਆ ਹੋਵੇ, ਲੋਕ-ਬੋਲੀ ਵਿਚ ਉਸ ਨੂੰ ਕਾਮਰੇਡ ਕਿਹਾ ਜਾਣ ਲੱਗਦਾ ਹੈ। ਅਸੀਂ ਇਹੋ ਜਿਹੇ ਕਈ ਕਾਂਗਰਸੀ ਤੇ ਇਥੋਂ ਤੱਕ ਕਿ ਮਜ਼ਦੂਰ ਜਥੇਬੰਦੀ ਵਾਲੇ ਭਾਜਪਾ ਆਗੂਆਂ ਨੂੰ ਜਾਣਦੇ ਹਾਂ, ਜਿਨ੍ਹਾਂ ਦਾ ਖੱਬੇ ਪੱਖ ਨਾਲ ਕੋਈ ਰਿਸ਼ਤਾ ਨਹੀਂ, ਪਰ ਆਪਣੇ ਦਫਤਰਾਂ ਤੇ ਰੈਲੀਆਂ ਵਿਚ ਉਨ੍ਹਾਂ ਨੂੰ ਕਾਮਰੇਡ ਕਿਹਾ ਜਾਂਦਾ ਹੈ। ਭੁੱਖ ਦੇ ਖਿਲਾਫ ਹਰ ਲੜਾਈ ਦਾ ਆਗੂ ਆਖਰ ਅਜੇ ਤੱਕ ਕਾਮਰੇਡ ਕਿਉਂ ਸਮਝਿਆ ਜਾਣ ਲੱਗਦਾ ਹੈ? ਇਹ ਸੋਚਣ ਦੀ ਗੱਲ ਹੈ। ਸਾਫ ਹੈ ਕਿ ਜਦੋਂ ਕਮਿਊਨਿਸਟ ਆਗੂ ਜਨਤਕ ਸੰਘਰਸ਼ਾਂ ਦੀ ਸਰਗਰਮੀ ਲਗਭਗ ਛੱਡੀ ਬੈਠੇ ਜਾਪਦੇ ਸਨ, ਉਦੋਂ ਵੀ ਆਮ ਲੋਕਾਂ ਨੂੰ ਹਰ ਜਨਤਕ ਸੰਘਰਸ਼ ਦੇ ਮੌਕੇ ਉਨ੍ਹਾਂ ਦੀ ਘਾਟ ਰੜਕਦੀ ਸੀ ਅਤੇ ਆਸ ਦੀ ਕਿਰਨ ਅਜੇ ਵੀ ਉਨ੍ਹਾਂ ਤੋਂ ਜਾਪਦੀ ਸੀ।
ਪਿਛਲੇ ਦਿਨਾਂ ਵਿਚ ਹਾਲਾਤ ਨੇ ਇੱਕ ਵਾਰੀ ਫਿਰ ਮੋੜਾ ਕੱਟਿਆ ਹੈ। ਉਹ ਕਈ ਮੌਕਿਆਂ ਉਤੇ ਆਪੋ ਵਿਚ ਇੱਕ-ਦੂਜੇ ਦੀ ਬਾਂਹ ਫੜ ਕੇ ਲੋਕਾਂ ਸਾਹਮਣੇ ਪੇਸ਼ ਹੋਣ ਲਈ ਰਾਜ਼ੀ ਹੋਏ ਹਨ। ਇਹ ਪ੍ਰਭਾਵ ਸਿਰਫ ਸਾਡੇ ਖਿੱਤੇ ਵਿਚ ਨਹੀਂ, ਸਾਰੇ ਦੇਸ਼ ਦੇ ਰਾਜਾਂ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ। ਹੁਣ ਜਦੋਂ ਇੱਕ ਪਾਸੇ ਬਿਹਾਰ ਵਿਚ ਡੰਕੇ ਵੱਜਦੇ ਦੱਸਣ ਵਾਲਾ ਪ੍ਰਧਾਨ ਮੰਤਰੀ ਮੋਦੀ ਆਪਣੇ ਨਿੱਜੀ ਵੱਕਾਰ ਦੀ ਲੜਾਈ ਲੜ ਰਿਹਾ ਹੈ ਤੇ ਦੂਸਰੇ ਪਾਸੇ ਨਿਤੀਸ਼ ਕੁਮਾਰ ਭਾਜਪਾ ਵਿਰੁਧ ਸਾਰਾ ਤਾਣ ਲਾਈ ਜਾਂਦਾ ਹੈ, ਉਦੋਂ ਵੀ ਇੱਕ ਵਿਧਾਇਕ ਵਾਲੀ ਜਿਸ ਕਮਿਊਨਿਸਟ ਪਾਰਟੀ ਦੇ ਆਗੂਆਂ ਨੂੰ ਫੜ-ਫੜ ਅੱਗੇ ਕਰਦਾ ਰਿਹਾ ਸੀ, ਉਨ੍ਹਾਂ ਦੇ ਨਾਲ ਚੋਣਾਂ ਵਿਚ ਸਾਂਝ ਇਸ ਲਈ ਪਾਉਣ ਨੂੰ ਤਿਆਰ ਨਹੀਂ ਕਿ ਰਣਬੀਰ ਸੈਨਾ ਰੁੱਸ ਜਾਵੇਗੀ। ਕਮਿਊਨਿਸਟਾਂ ਲਈ ਇਹ ਇਕ ਹੋਰ ਝਟਕਾ ਹੈ, ਪਰ ਇਸ ਨਾਲ ਖਾਸ ਫਰਕ ਨਹੀਂ ਪੈਣਾ। ਇੱਕ ਗੱਲ ਇਸ ਝਟਕੇ ਨਾਲ ਚੰਗੀ ਹੋਈ ਕਿ ਹੁਣ ਭੱਜੀਆਂ ਬਾਂਹੀਂ ਗਲ਼ ਨੂੰ ਆ ਗਈਆਂ ਹਨ। ਬਿਹਾਰ ਵਿਚ ਖੱਬੇ ਪੱਖੀ ਧਿਰਾਂ ਦਾ ਚਿਰਾਂ ਪਿੱਛੋਂ ਆਪਣਾ ਗੱਠਜੋੜ ਬਣਿਆ ਹੈ। ਇਸ ਮੋਰਚੇ ਵੱਲੋਂ 91 ਸੀਟਾਂ ਸੀ ਪੀ ਆਈ ਲੜੇਗੀ, 78 ਸੀਟਾਂ ਸੀ ਪੀ ਆਈ ਐਮ ਐਲ ਅਤੇ 38 ਸੀਟਾਂ ਸੀ ਪੀ ਐਮ ਦੇ ਜ਼ਿੰਮੇ ਪਾਈਆਂ ਗਈਆਂ ਹਨ। ਫਾਰਵਰਡ ਬਲਾਕ ਪੰਜ ਸੀਟਾਂ ਅਤੇ ਆਰ ਐਸ ਪੀ ਤਿੰਨ ਸੀਟਾਂ ਉਤੇ ਚੋਣ ਲੜੇਗੀ।
ਸਾਨੂੰ ਪਤਾ ਹੈ ਕਿ ਉਸ ਰਾਜ ਵਿਚ ਜਦੋਂ ਕਦੇ ਖੱਬੇ ਪੱਖੀ ਇਕੱਲੇ ਚੋਣ ਲੜਨ ਨਿਕਲੇ ਹਨ, ਝੋਲੀ ਖਾਲੀ ਕਦੀ ਨਹੀਂ ਰਹੀ। ਫਿਰ ਵੀ ਕਾਮਰੇਡ ਦਾਅਵੇ ਕੀ ਕਰਦੇ ਹਨ, ਇਸ ਵਿਚ ਅਸੀਂ ਇਸ ਮੌਕੇ ਨਹੀਂ ਜਾਣਾ ਚਾਹੁੰਦੇ। ਸਾਡੇ ਲਈ ਬਹੁਤੀ ਵੱਡੀ ਖਬਰ ਇਹੋ ਹੈ ਕਿ ਭੱਜੀਆਂ ਬਾਹੀਂ ਗਲ਼ ਨੂੰ ਆਈਆਂ ਹਨ। ਬਾਕੀ ਪਾਰਟੀਆਂ ਸਿਰਫ ਸੱਤਾ ਦੀ ਰਾਜਨੀਤੀ ਕਰਦੀਆਂ ਹਨ ਤੇ ਇਹ ਧਿਰ ਇਹੋ ਜਿਹੀ ਹੈ, ਜਿਸ ਦੇ ਸਾਹਮਣੇ ਸੱਤਾ ਤੋਂ ਵੱਧ ਮੁੜ੍ਹਕਾ ਵਗਾਉਣ ਵਾਲੀ ਜਮਾਤ ਦੇ ਹੱਕਾਂ ਦੀ ਰਾਖੀ ਦਾ ਜ਼ਿੰਮਾ ਹੈ। ਪ੍ਰੋਫੈਸਰ ਮੋਹਣ ਸਿੰਘ ਦੇ ‘ਪਾਟੀ ਕਿਰਤ ਗੁਲਾਮੀ ਕਰਦੀ’ ਵਾਲੇ ਲਫਜ਼ ਸਾਨੂੰ ਵਾਰ-ਵਾਰ ਯਾਦ ਆਉਂਦੇ ਹਨ। ਪਾਟਕ ਪੈਣ ਦੇ ਬਾਅਦ ਕਿਰਤੀਆਂ ਨੇ ਹੀ ਗੁਲਾਮੀ ਨਹੀਂ ਭੁਗਤੀ, ਕਿਰਤ ਦੀ ਬੰਦ-ਖਲਾਸੀ ਦਾ ਨਾਅਰਾ ਲਾਉਣ ਵਾਲੇ ਵੀ ਇੱਕ ਜਾਂ ਦੂਸਰੀ ਰਾਜਸੀ ਧਿਰ ਦੇ ਪਿੱਛਲੱਗ ਬਣ ਜਾਂਦੇ ਰਹੇ ਸਨ। ਇਹ ਰਾਜਨੀਤੀ ਬੇਅਣਖੀ ਜਿਹੀ ਜਾਪਦੀ ਸੀ। ਹੁਣ ਸੀਟ ਕੋਈ ਆਵੇ ਜਾਂ ਨਾ, ਇੱਕ ਵਾਰ ਲੋਕਾਂ ਵਿਚ ਆਪਣੇ ਸਿਰ ਜਾਣ ਨਾਲ ਸਿਰ ਉਚਾ ਰੱਖਣ ਜੋਗੇ ਹੋ ਜਾਣਗੇ। ਇਹ ਭਵਿੱਖ ਵਿਚ ਅੱਗੇ ਵੱਲ ਜਾਂਦੀ ਸੜਕ ਦਾ ਪਹਿਲਾ ਪੜਾਅ ਹੋ ਸਕਦਾ ਹੈ। ਆਗਾਜ਼ ਦੇ ਅੱਛਾ ਹੋਣ ਨਾਲ ਅੱਗੇ ਦਾ ਪੈਂਡਾ ਆਸ ਵਾਲਾ ਹੋ ਸਕਦਾ ਹੈ। ਨਰਿੰਦਰ ਮੋਦੀ ਤੇ ਨਿਤੀਸ਼ ਕੁਮਾਰ ਦੀ ਬਿਹਾਰ ਦੀ ਲੜਾਈ ਵਿਚੋਂ ਏਨਾ ਵੀ ਹਾਸਲ ਹੋ ਜਾਵੇ ਤਾਂ ਸੌਦਾ ਘਾਟੇ ਦਾ ਨਹੀਂ।