ਫੂਕ ਕੱਢੀਏ

ਬਲਜੀਤ ਬਾਸੀ
‘ਫੂਕ ਕੱਢਣਾ’ ਦਾ ਸਿਧਾ ਮਤਲਬ ਹਵਾ ਭਰੀ ਚੀਜ਼ ਵਿਚੋਂ ਹਵਾ ਖਾਰਜ ਕਰਨਾ ਹੁੰਦਾ ਹੈ। ਜੇ ਕਿਸੇ ਦੇ ਸਾਈਕਲ ਦੇ ਪਹੀਏ ਵਿਚੋਂ ਕੋਈ ਸ਼ਰਾਰਤੀ ਫੂਕ ਕੱਢ ਦੇਵੇ ਤਾਂ ਸਾਈਕਲ ਨਿਹਚੱਲ ਹੋ ਜਾਂਦਾ ਹੈ। ਇਸ ਹਾਲਤ ਵਿਚ ਮਾਲਕ ਨਾਲ ਜੋ ਬੀਤਦੀ ਹੈ, ਉਹੀ ਜਾਣਦਾ ਹੈ। ਜ਼ਰਾ ਮੂੰਹ ਨਾਲ ਫੂਕ ਭਰ ਕੇ ਦੇਖੋ, ਜੇ ਤੁਹਾਡੀ ਫੂਕ ਨਾ ਨਿਕਲ ਜਾਵੇ। ਫੁਟਬਾਲ ਜਾਂ ਭੁਕਾਨੇ ਦੀ ਫੂਕ ਸਰਕਣ ਨਾਲ ਵੀ ਸਾਰੀ ਖੇਡ ਵਿਗੜ ਜਾਂਦੀ ਹੈ। ਅਜਿਹੇ ਉਪਕਰਣਾਂ ਵਿਚਲੀ ਫੂਕ ਇਕ ਤਰ੍ਹਾਂ ਉਨ੍ਹਾਂ ਦੀ ਜਿੰਦ ਜਾਨ ਹੁੰਦੀ ਹੈ, ਐਨ ਮਨੁੱਖ ਦੀ ਤਰ੍ਹਾਂ, ਹਾਲਾਂਕਿ ਮਨੁੱਖ ਵਿਚ ਫੂਕ ਨਹੀਂ ਭਰੀ ਹੁੰਦੀ।

ਉਂਜ ਫੂਕ ਨਿਕਲਣ ਨਾਲ ਬੰਦਾ ਮਰ ਜਾਂਦਾ ਹੈ। ਗੁਰੂ ਅਰਜਨ ਦੇਵ ਨੇ ਫਰਮਾਇਆ ਹੈ, “ਨਿਕਸਿਆ ਫੂਕ ਤ ਹੋਇ ਗਇਓ ਸੁਆਹਾ।” ਸਪਸ਼ਟ ਹੈ ਕਿ ਮਨੁੱਖ ਦੇ ਪ੍ਰਸੰਗ ਵਿਚ ਫੂਕ ਦਾ ਲਾਖਣਿਕ ਅਰਥ ਉਸ ਦੀ ਜਾਨ, ਰੂਹ, ਆਤਮਾ ਹੈ।
ਮੁਢਲੇ ਤੌਰ ‘ਤੇ ਸਾਹ ਜਾਂ ਪ੍ਰਾਣ ਦੀ ਤਰ੍ਹਾਂ ਫੂਕ ਵੀ ਮਨੁੱਖ ਦੇ ਮੂੰਹ ਰਾਹੀਂ ਨਿਕਲਣ ਵਾਲੀ ਹਵਾ ਹੈ ਤੇ ਵਿਸਤ੍ਰਿਤ ਤੌਰ ‘ਤੇ ਪੰਪ ਰਾਹੀਂ ਕਾਸੇ ਵਿਚ ਭਰੀ ਹਵਾ। ਸਾਹ ਜਾਂ ਪ੍ਰਾਣ ਨਾਲੋਂ ਇਸ ਦਾ ਫਰਕ ਇਸ ਗੱਲ ਵਿਚ ਹੈ ਕਿ ਫੂਕ ਦੀ ਦਿਸ਼ਾ ਸਿਰਫ ਮੂੰਹ ਤੋਂ ਬਾਹਰ ਵੱਲ ਹੈ; ਇਹ ਅਕਸਰ ਸੁਚੇਤ ਤੌਰ ‘ਤੇ ਕਿਸੇ ਬਾਹਰਮੁਖੀ ਮੰਤਵ ਅਧੀਨ ਮਾਰੀ ਜਾਂਦੀ ਹੈ ਜਿਵੇਂ ਦੀਵਾ ਆਦਿ ਬੁਝਾਉਣਾ ਜਾਂ ਚੁੱਲ੍ਹੇ ਵਿਚ ਅੱਗ ਬਾਲਣਾ, ਤੱਤੀ ਚੀਜ਼ ਨੂੰ ਠੰਡੀ ਕਰਨਾ, ਗਲਤੀ ਨਾਲ ਦੁਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ; ਜ਼ਖਮ ਦੀ ਚੀਸ ਘਟਾਉਣਾ, “ਹੈ ਅੱਖ ਚੁਭੀ ਅਮਨ ਦੀ, ਆਇਓ ਵੇ ਫੂਕਾਂ ਮਾਰਿਓ” -ਸ਼ਿਵ ਕੁਮਾਰ ਬਟਾਲਵੀ। ਫੂਕ ਨਿਸ਼ਾਨਾ-ਸੇਧਿਤ ਹੁੰਦੀ ਹੈ, ਇਸ ਨੂੰ ਹੋਰ ਪ੍ਰਭਾਵਕ ਬਣਾਉਣ ਲਈ ਇਸ ਨੂੰ ਭੂਕਨੇ ਵਿਚੋਂ ਗੁਜ਼ਾਰਿਆ ਜਾਂਦਾ ਹੈ। ਮੰਤਰ ਵਾਲੀ ਪੁੜੀ ਨੂੰ ਸ਼ਕਤੀਵਰ ਬਣਾਉਣ ਲਈ ਮਾਂਦਰੀ ਇਸ ‘ਤੇ ਫੂਕ ਮਾਰਦਾ ਹੈ, ਝਾੜ-ਫੂਕ ਸ਼ਬਦ ਇਥੋਂ ਹੀ ਬਣਿਆ। ਕਿਸੇ ਨਿਰਜਿੰਦ ਵਰਤਾਰੇ ਨੂੰ ਮੁੜ ਸੁਰਜੀਤ ਕਰਨ ਦਾ ਅਰਥਾਵਾਂ ਮੁਹਾਵਰਾ ‘ਰੂਹ ਫੂਕਣਾ’ ਇਸੇ ਦਾ ਵਿਸਤਾਰ ਹੈ। ਦੂਜੇ ਪਾਸੇ ਸਾਹ ਜਾਂ ਪ੍ਰਾਣ ਦੀ ਦਿਸ਼ਾ ਦੁਵੱਲੀ ਤੇ ਸਹਿਜ ਹੁੰਦੀ ਹੈ- ਨੱਕ ਜਾਂ ਮੂੰਹ ਤੋਂ ਅਤੇ ਨੱਕ ਜਾਂ ਮੂੰਹ ਵੱਲ। ਕੁਝ ਵੀ ਹੋਵੇ, ਦੋਨੋਂ ਹਵਾ ਹੀ ਹਨ। ਫੂਕ ਸ਼ਬਦ ਕਈ ਪੱਧਰਾਂ ਤੇ ਕਈ ਲਾਖਣਿਕ ਅਰਥਾਂ ਦਾ ਧਾਰਨੀ ਹੈ। ਧੰਨ, ਸੰਪਤੀ, ਸਿਹਤ ਜਾਂ ਕਿਸੇ ਗੁਣ ਦੀ ਅਧਿਕਤਾ ਦਾ ਸੁਆਮੀ ਅਕਸਰ ਅਭਿਮਾਨੀ ਜਾਂ ਹੰਕਾਰੀ ਬਣ ਜਾਂਦਾ ਹੈ, ਜਾਣੋਂ ਉਹ ਫੂਕ ਵਿਚ ਆ ਜਾਂਦਾ ਹੈ। ਅਧਿਆਤਮਕ ਸੰਦਰਭ ਵਿਚ ਅਜਿਹੀ ਫੂਕ ਵਿਚ ਆਇਆ ਵਿਅਕਤੀ ਜੇ ਇਨ੍ਹਾਂ ਦੇ ਦਾਤਾ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਤਾਂ ਉਹ ਵੀ ਅੱਗੋਂ ਉਸ ਦੀ ਫੂਕ ਕੱਢ ਦਿੰਦਾ ਹੈ, “ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ॥” -ਗੁਰੂ ਨਾਨਕ ਦੇਵ। ਇਸ ਤਰ੍ਹਾਂ ‘ਫੂਕ ਕੱਢਣਾ’ ਮੁਹਾਵਰੇ ਦਾ ਇਕ ਅਰਥ ਹੈ, ਕਿਸੇ ਦੇ ਅਭਿਮਾਨ ਨੂੰ ਵਿਅਰਥ ਕਰ ਦੇਣਾ।
ਉਂਜ ਦੂਸਰੇ ਦੀ ਫੂਕ ਕੱਢਣ ਵਾਲੇ ਕੁਝ ਲੋਕ ਖੁਦ ਅਭਿਮਾਨੀ ਹੁੰਦੇ ਹਨ। ਅਜਿਹੇ ਲੋਕਾਂ ‘ਤੇ ਕਿੰਤੂ ਕਰੀਏ ਤਾਂ ਉਹ ਪਹਿਲਾਂ ਤੁਹਾਡੀ ਫੂਕ ਕੱਢਦੇ ਹਨ। ਸਾਡਾ ਇਕ ਅਧਿਆਪਕ ਅਜਿਹਾ ਸੀ। ਜੇ ਉਸ ਨੂੰ ਕੋਈ ਪੁੱਠਾ-ਸਿੱਧਾ ਸਵਾਲ ਕਰ ਦੇਣਾ ਤਾਂ ਪਹਿਲਾਂ ਉਸ ਨੇ ਪੁੱਛਣ ਵਾਲੇ ਵਿਦਿਆਰਥੀ ਦੀ ਉਹ ਜਹੀ ਦੀ ਤਹੀ ਫੇਰਨੀ ਕਿ ਉਹ ਅੱਗੇ ਤੋਂ ਸਵਾਲ ਪੁਛਣ ਤੋਂ ਹੀ ਤੌਬਾ ਕਰ ਲੈਂਦਾ। ਕਈ ਰਾਜਸੀ ਨੇਤਾ ਅਜਿਹੇ ਹੁੰਦੇ ਹਨ। ਫੋਕਾ ਅਭਿਮਾਨ ਕਰਨ ਵਾਲੇ ਨੂੰ ਫੂਕੀ ਆਖਿਆ ਜਾਂਦਾ ਹੈ ਜੋ ਹੋਰ ਅੱਗੇ ਤਰੱਕੀ ਕਰਦਾ ਫੁਕਰਾ ਬਣ ਜਾਂਦਾ ਹੈ। ਯਥਾਰਥ ਨਾਲ ਟਕਰਾ ਕੇ ਅਜਿਹੇ ਲੋਕਾਂ ਦੀ ਫੂਕ ਫਿਰ ਛੇਤੀ ਹੀ ਨਿਕਲ ਜਾਂਦੀ ਹੈ।
ਕੁਝ ਅਜਿਹੇ ਹੁੰਦੇ ਹਨ ਕਿ ਕੋਈ ਉਨ੍ਹਾਂ ਨੂੰ ਕੋਈ ਫੂਕ ਦੇਣ ਵਾਲਾ ਹੋਵੇ ਸਹੀ, ਉਹ ਬਹੁਤ ਛੇਤੀ ਫੂਕ ਛਕਦੇ ਹਨ ਤੇ ਅਕਸਰ ਆਪਣਾ ਜਲੂਸ ਕੱਢ ਲੈਂਦੇ ਹਨ। ਕਈ ਲਾਈਲੱਗਾਂ ਦੇ ਕੰਨਾਂ ਵਿਚ ਹੀ ਫੂਕ ਮਾਰਨ ਦੀ ਲੋੜ ਹੁੰਦੀ ਹੈ, ਫਿਰ ਉਨ੍ਹਾਂ ਤੋਂ ਜੋ ਮਰਜ਼ੀ ਕੰਮ ਕਰਵਾ ਲਵੋ। ਹਵਾ ਦਾ ਗੁਣ ਹੈ ਕਿ ਇਹ ਥਾਂ ਬਹੁਤ ਘੇਰਦੀ ਹੈ ਪਰ ਇਸ ਦਾ ਵਜ਼ਨ ਨਾਂਮਾਤਰ ਹੁੰਦਾ ਹੈ। ਇਸ ਲਈ ਇਸ ਤੋਂ ਬਣੇ ਕਈ ਮੁਹਾਵਰੇ ਆਪਾ-ਵਿਰੋਧੀ ਅਰਥ ਦਿੰਦੇ ਹਨ। ਇਕ ਪਾਸੇ ਇਹ ਸ਼ਬਦ ਜਿੰਦ ਜਾਨ, ਰੂਹ, ਆਤਮਾ ਦੇ ਅਰਥ ਦਿੰਦਾ ਹੈ ਪਰ ਦੂਜੇ ਪਾਸੇ ਇਹ ਸਾਰਹੀਣਤਾ, ਰਸਹੀਣਤਾ, ਥੋਥੇਪਣ ਦਾ ਧਾਰਨੀ ਬਣ ਜਾਂਦਾ ਹੈ। ਇਸ ਜ਼ਮਾਨੇ ਵਿਚ ਦੂਜੇ ਤੋਂ ਅੱਗੇ ਵਧਣ ਦੀ ਏਨੀ ਹੋੜ ਲੱਗੀ ਹੋਈ ਹੈ ਕਿ ਜਿਸ ਦੀ ਫੂਕ ਪਹਿਲਾਂ ਵੱਜ ਜਾਵੇ ਜਿੱਤ ਉਸੇ ਦੀ ਹੁੰਦੀ ਹੈ।
‘ਜਾਨਵਰਾਂ ਦੇ ਹਸਪਤਾਲ ਇਕ ਬੁਧੂ ਖੋਤਾ ਲਿਆਇਆ’ ਤੁਕ ਨਾਲ ਸ਼ੁਰੂ ਹੁੰਦੀ ਚਰਨ ਸਿੰਘ ਸ਼ਹੀਦ ਦੀ ਇਕ ਹਾਸਰਸੀ ਕਵਿਤਾ ਇਹੀ ਸੰਦੇਸ਼ ਦਿੰਦੀ ਹੈ। ਜੇ ਇਸ ਦੁਨੀਆਂ ਵਿਚ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੇ, ਫੂਕ ਮਾਰ ਕੇ ਪੈਸਾ ਉਡਾਉਣ ਵਾਲੇ ਅਤੇ ਫੂਕ ਫੂਕ ਕੇ ਪੈਰ ਰੱਖਣ ਵਾਲੇ ਮਹਾਨਭਾਵੀ ਨਾ ਹੋਣ ਤਾਂ ਫੂਕੀ ਕਦੋਂ ਦੀ ਜੱਗ ਵਾਲੀ ਬਾਜ਼ੀ ਜਿੱਤ ਲੈਂਦੇ। ਫੂਕ ਆਪਣੀ ਮਾਰ ਨਾਲ ਇਕ ਦੂਜੇ ਤੋਂ ਵਿਰੋਧੀ ਦੋ ਤਰ੍ਹਾਂ ਦੇ ਕਰਮ ਕਰ ਸਕਦੀ ਹੈ। ਇਸ ਨਾਲ ਅਸੀਂ ਚੀਜ਼ਾਂ ਨੂੰ ਉਡਾ ਸਕਦੇ ਜਾਂ ਅਲੋਪ ਕਰ ਸਕਦੇ ਹਾਂ। ਇਸ ਲਈ ਫੂਕਣਾ ਜਾਂ ਫੂਕ ਦੇਣਾ ਤੋਂ ਭਾਵ ਸਰਵਨਾਸ਼ ਕਰਨਾ (ਫੂਕ ਮੁਸੱਲਾ ਭੰਨ ਸਿਟ ਲੋਟਾ-ਬੁੱਲ੍ਹਾ), ਖਾਸ ਤੌਰ ‘ਤੇ ਮੁਰਦੇ ਨੂੰ ਅੱਗ ਲਾ ਕੇ ਬਿਲੇ ਲਾਉਣ ਦਾ ਭਾਵ ਬਣਿਆ। ਜ਼ਰਾ ਸੋਚੋ, ਮਰੇ ਬੰਦੇ ਦੀ ਫੂਕ ਤਾਂ ਪਹਿਲਾਂ ਹੀ ਨਿਕਲੀ ਹੁੰਦੀ ਹੈ, ਉਪਰੋਂ ਉਸ ਨੂੰ ਫੂਕਿਆ ਜਾਂਦਾ ਹੈ। ਜ਼ਬਰਦਸਤ ਰੋਸ ਵਜੋਂ ਅੱਜ ਕਲ੍ਹ ਸਾੜ-ਫੂਕ ਅਰਥੀ ਕੱਢਣ ਦਾ ਵੀ ਰੁਝਾਨ ਚੱਲ ਪਿਆ ਹੈ। ਦੂਜੇ ਪਾਸੇ ਧੁਖਦੀ ਅੱਗ ‘ਤੇ ਫੂਕ ਮਾਰਨ ਨਾਲ ਭਾਂਬੜ ਮੱਚ ਸਕਦੇ ਹਨ। ਅੱਗ ਮਚਾਉਣ ਲਈ ਵਰਤਿਆ ਜਾਂਦਾ ਫੂਕਨਾ, ਫੂਕਨੀ ਜਾਂ ਭੂਕਨਾ ਫੂਕ ਤੋਂ ਹੀ ਬਣੇ ਹਨ।
ਆਓ ਜ਼ਰਾ ਫੂਕ ਦੀ ਹੀ ਫੂਕ ਕੱਢ ਲਈਏ। ਧਿਆਨ ਦਿਓ ਜਦ ਅਸੀਂ ਫੂਕ ਮਾਰਦੇ ਹਾਂ ਤਾਂ ਗੋਲ ਹੁੰਦੇ ਬੁੱਲ੍ਹਾਂ ਵਿਚੋਂ ḔਫੂḔ ਦੀ ਆਵਾਜ਼ ਆਉਂਦੀ ਹੈ। ਇਹ ਧੁਨੀ ਹੀ ਇਸ ਸ਼ਬਦ ਦੇ ḔਫੁḔ ਜਾ ḔਫੂḔ ਧਾਤੂ ਦੀ ਸਿਰਜਕ ਬਣੀ। ਬਹੁਤ ਸਾਰੇ ਧਾਤੂ ਧੁਨੀ-ਅਨੁਕਰਣਕ ਹੁੰਦੇ ਹਨ। ḔਫੂḔ ਦੇ ਨਾਲ ḔਤḔ ਲੱਗ ਕੇ ਫੁਤ ਬਣਿਆ ਤੇ ਇਸ ਤੋਂ ਅੱਗੇ ਇਸ ਦਾ ਕਿਰਿਆ ਰੂਪ ਬਣਾਉਣ ਲਈ ਕ੍ਰਤ (ਜਿਸ ਦਾ ਅਰਥ ਕਰਨਾ ਹੁੰਦਾ ਹੈ) ਲੱਗਾ ਤੇ ਸੰਸਕ੍ਰਿਤ ਸ਼ਬਦ ਬਣਿਆ ḔਫੁਤਕਰḔ ਜਿਸ ਦਾ ਅਰਥ ਫੂਕ ਮਾਰਨ ਹੈ। ਇਹੀ ਸ਼ਬਦ ਸੁੰਗੜਦਾ ਸੁੰਗੜਦਾ ਫੁੰਕਾਰ ਤੇ ਫਿਰ ਫੂਕ ਬਣਿਆ। ਅਸਲ ਵਿਚ ਤਾਂ ਫੋਕਾ ਰੁਹਬ ਦਿਖਾਉਣ ਦੇ ਅਰਥਾਵੀਂ ਉਕਤੀ ‘ਫੂੰ ਫੂੰ ਕਰਨਾ/ਭੂੰ ਭੂੰ ਕਰਨਾ’ ਇਥੋਂ ਹੀ ਵਿਕਸਿਤ ਹੋਈ ਹੈ। ਹਵਾ ਸ਼ਬਦ ਵਿਚ ਵੀ ਅਜਿਹਾ ਭਾਵ ਹੈ ਜਿਵੇਂ ਅਸੀਂ ਕਹਿੰਦੇ ਹਾਂ ਕਿ ਫਲਾਨਾ ਅੱਜ ਕਲ੍ਹ ਬਹੁਤੀਆਂ ਹਵਾਵਾਂ ਵਿਚ ਹੈ। ਇਥੋਂ ਹੀ ਫੋਕੇ ਦਿਖਾਵੇ ਦੇ ਅਰਥਾਂ ਵਾਲੀ ਉਕਤੀ ‘ਫੂੰ ਫਾਂ’ ਦੇ ਮੁਢ ਦੀ ਸਮਝ ਪੈਂਦੀ ਹੈ। ਅੰਗਰੇਜ਼ੀ Aਰਿਸ ਵਿਚ ਵੀ ਅਜਿਹੇ ਭਾਵ ਹਨ। ਇਸੇ ਤੋਂ ਫੁੰਕਾਰਾ ਸ਼ਬਦ ਬਣਿਆ ਜੋ ਆਮ ਤੌਰ ‘ਤੇ ਤਾਂ ਸੱਪਾਂ ਦੀ ਸਾਹ ਕੱਢਣ ਦੀ ਕਿਰਿਆ ਹੀ ਹੈ ਜੋ ਬੰਦੇ ਦਾ ਸਾਹ ਸੂਤ ਦਿੰਦੀ ਹੈ ਪਰ ਇਸ ਤੋਂ ਸੱਪ ਦੇ ਅਭਿਮਾਨੀ ਹੋਣ ਦਾ ਝਾਉਲਾ ਪੈਂਦਾ ਹੈ। ਇਸ ਲਈ ਅਜਿਹੇ ਗੁਣ ਵਾਲੇ ਵਿਅਕਤੀ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ। ਫੂਕਰਾਂ ਮਾਰਨ ਵਾਲੇ ਆਮ ਹੀ ਦਿਸ ਪੈਂਦੇ ਹਨ। ਅੰਗਰੇਜ਼ੀ ਦਾ ਇਕ ਸ਼ਬਦ ਹੈ ਫਾ ਜੋ ਫੂਕ ਦਾ ਸੁਜਾਤੀ ਤਾਂ ਨਹੀਂ ਹੈ ਪਰ ਇਹ ਵੀ ਫੂਕ ਦੀ ਤਰ੍ਹਾਂ ਧੁਨੀ-ਅਨੁਕਰਣਕ ਹੈ। ਇਸ ਲਈ ਇਸ ਦੇ ਕਈ ਅਰਥ ਫੂਕ ਨਾਲ ਮਿਲਦੇ-ਜੁਲਦੇ ਹਨ। ਇਸ ਦੇ ਮੁਖ ਅਰਥ ਹਨ, ਹਵਾ ਦਾ ਬੁੱਲਾ, ਰੁਮਕਾ, ਸਿਗਰਟ ਦਾ ਕਸ਼, ਇੰਜਣ ਦੇ ਫਰਾਟੇ, ਫੁੱਲੀ ਚੀਜ਼ ਜਿਵੇਂ ਜਿਵੇਂ ਵਾਲਾਂ ਦਾ ਫੁਲਾਇਆ ਜੂੜਾ ਆਦਿ। ਕਿਰਿਆ ਰੂਪ ਵਿਚ ਇਸ ਦੇ ਅਰਥ ਔਖੇ ਸਾਹ ਲੈਣਾ, ਕਿਸੇ ਦੀ ਫੋਕੀ ਵਡਿਆਈ ਕਰਨਾ ਆਦਿ ਹਨ। ਫਾeਦ ੁਪ ਦਾ ਅਰਥ ਫੂੰ ਫੂੰ ਕਰਨ ਵਾਲਾ ਹੁੰਦਾ ਹੈ। ਇਸ ਸ਼ਬਦ ਦੇ ਪੁਰਾਣੇ ਰੂਪ ਫਾਅਨ ਦਾ ਅਰਥ ਸੀ ਫੂਕ ਮਾਰ ਕੇ ਉਡਾ ਦੇਣਾ।
ḔਫੁḔ ਧਾਤੂ ਵਿਚ ਸਾਰਹੀਣਤਾ, ਖੋਖਲੇਪਣ ਦੇ ਭਾਵ ਨਿਹਿਤ ਹਨ ਇਸ ਲਈ ਅਜਿਹੇ ਆਸ਼ਿਆਂ ਵਾਲੇ ਹੋਰ ਕਈ ਸ਼ਬਦ ਬਣੇ ਹਨ। ਫੋਕਾ ਸ਼ਬਦ ਦਾ ਅਰਥ ਹੁੰਦਾ ਹੈ ਮਿੱਠੇ, ਲੂਣ, ਮਸਾਲਿਆਂ ਆਦਿ ਦੀ ਕਮੀ ਕਾਰਨ ਘਟ ਸੁਆਦੀ। ਫੋਕਾ ਪਾਣੀ ਕੀਤੇ ਹੋਏ ਮਿੱਠੇ ਪਾਣੀ ਦੇ ਮੁਕਾਬਲੇ ਸੁਆਦਹੀਣ ਹੁੰਦਾ ਹੈ। ਇਸ ਨੂੰ ਕੋਕਾ ਕੋਲਾ ਦੀ ਤਰਜ਼ ਤੇ ਫੋਕਾ ਕੋਲਾ ਕਿਹਾ ਜਾ ਸਕਦਾ ਹੈ। ਲਾਖਣਿਕ ਤੌਰ ‘ਤੇ ਇਸ ਦਾ ਅਰਥ ਪ੍ਰਭਾਵਹੀਣ ਜਾਂ ਦਿਖਾਵਟੀ ਵੀ ਹੋ ਜਾਂਦਾ ਹੈ। ਫੋਕੇ ਫਾਇਰ ਹਵਾਈ ਫਾਇਰ ਹੁੰਦੇ ਹਨ ਜਾਂ ਜਿਨ੍ਹਾਂ ਗੋਲੀਆਂ ਵਿਚ ਬਾਰੂਦ ਨਹੀਂ ਹੁੰਦੇ। ਇੱਕ ਹੋਰ ਤਰ੍ਹਾਂ ਦੇ ਫੋਕੇ ਫਾਇਰ ਹੁੰਦੇ ਹਨ ਜੋ ਨੱਕ ਨਹੀਂ ਸਾੜਦੇ। ਫੁਕਲਾ ਪਦਾਰਥ ਤਾਂ ਫੋਕੇ ਨੂੰ ਵੀ ਮਾਤ ਪਾਉਂਦਾ ਹੈ। ਰਸਾ ਕੱਢਣ ਤੋਂ ਬਾਅਦ ਜੋ ਬਚਦਾ ਹੈ, ਉਸ ਨੂੰ ਫੋਕ ਜਾਂ ਫੋਕਟ ਕਿਹਾ ਜਾਂਦਾ ਹੈ।
ਗੁਰੂ ਸਾਹਿਬ ਅਨੁਸਾਰ, Ḕਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰ ਭਲੈ॥Ḕ ਫੋਕ ਦਾ ਇਕ ਰੁਪਾਂਤਰ ਫੋਗ ਵੀ ਹੈ, Ḕਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ॥Ḕ (ਗੁਰੂ ਨਾਨਕ ਦੇਵ); ਰੰਗਹੀਣ, ਸੁਆਦਹੀਣ ਆਦਿ ਦੇ ਅਰਥਾਂ ਵਾਲਾ ਇਕ ਹੋਰ ਸ਼ਬਦ ਹੈ, ਫਿੱਕਾ, Ḕਇਕੁ ਫਿਕਾ ਨ ਗਾਲਾਇ ਸਭਨਾ ਮੈ ਸਚੀ ਧਣੀ॥Ḕ (ਬਾਬਾ ਫਰੀਦ); Ḕਫਲ ਫਿਕੇ ਫੁਲ ਬਕਬਕੇḔ (ਗੁਰੂ ਨਾਨਕ ਦੇਵ); Ḕਮਾਇਆ ਕਾ ਰੰਗ ਸਭੁ ਫਿਕਾḔ (ਗੁਰੂ ਅਰਜਨ ਦੇਵ) Ḕਫਿਕ ਪੈਣਾ’ ਦਾ ਮਤਲਬ ਹੈ ਦੋ ਧਿਰਾਂ ਵਿਚਕਾਰ ਰਿਸ਼ਤਿਆਂ ਦਾ ਪਤਲੇ ਪੈ ਜਾਣਾ। ਤੂੜੀ ਆਦਿ ਦੇ ਨੀਰੇ ਨੂੰ ਫੱਕ ਕਿਹਾ ਜਾਂਦਾ ਹੈ, ਭਾਵ ਜਿਸ ਵਿਚੋਂ ਦਾਣਿਆਂ ਜਿਹੀ ਬਹੁਮੁੱਲੀ ਸਾਰ ਵਾਲੀ ਚੀਜ਼ ਕੱਢ ਲਈ ਗਈ ਹੈ। ਹਾਲਾਂਕਿ ਈਸਬਗੋਲ ਦੀ ਫੱਕ ਬੜੀ ਗੁਣਕਾਰੀ ਦੱਸੀ ਗਈ ਹੈ। ‘ਦਾਣਾ ਫੱਕਾ’ ਸ਼ਬਦ ਜੁੱਟ ਵਿਚ ਇਹ ਸ਼ਬਦ ਆਉਂਦਾ ਹੈ। ਫੱਕ ਜਿਹੀ ਹਲਕੀ ਚੀਜ਼ ਨਿਗਲਣ ਦੇ ਆਸ਼ੇ ਲਈ ਹੀ ਫੱਕਾ ਮਾਰਨਾ ਉਕਤੀ ਰੂੜ ਹੋ ਗਈ। ਕਿਸੇ ਦਾ ਰੰਗ ਫੱਕ ਹੋ ਜਾਂਦਾ ਹੈ ਭਾਵ ਉਸ ਵਿਚ ਡਰ ਦੇ ਮਾਰੇ ਸਾਹ-ਸਤ ਨਹੀਂ ਰਿਹਾ।