ਜੁਝਾਰੂ ਲੇਖਕਾ ਅਰੁੰਧਤੀ ਰਾਏ ਨਾਲ ਗੱਲਾਂ-ਬਾਤਾਂ
ਜੁਝਾਰੂ ਲੇਖਕਾ ਅਰੁੰਧਤੀ ਰਾਏ ਜਿਸ ਬ੍ਰਹਿਮੰਡ ਨੂੰ ਕਲਾਵੇ ਵਿਚ ਲੈਂਦੀ ਹੈ, ਉਹ ਪ੍ਰੀਭਾਸ਼ਾ ਪੱਖੋਂ ਜ਼ਿਆਦਾਤਰ ਲੇਖਕਾਂ ਤੋਂ ਕਿਤੇ ਵਿਸ਼ਾਲ ਹੈ। ਪੱਤਰਕਾਰ ਸਬਾ ਨਕਵੀ ਨਾਲ ਗੱਲਬਾਤ ਵਿਚ ਉਹ ਦੱਸਦੀ ਹੈ ਕਿ ਕਿਸ ਮਾਹੌਲ ਨੇ ਉਸ ਦੀ ਸ਼ਖਸੀਅਤ ਦੇ ਨੈਣ-ਨਕਸ਼ ਘੜੇ, ਕਿਹੜੀ ਚੀਜ਼ ਉਸ ਨੂੰ ਹਰਕਤ ਵਿਚ ਰੱਖਦੀ ਹੈ ਅਤੇ ਉਹ ਕਿਸ ਕਾਰਨ ਲਿਖਣਾ ਸ਼ੁਰੂ ਕਰਦੀ ਹੈ। ਅੰਗਰੇਜ਼ੀ ਪਰਚੇ ‘ਆਊਟਲੁਕ’ ਵਿਚ ਛਪੀ ਇਸ ਇੰਟਰਵਿਊ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਇਸ ਇੰਟਰਵਿਊ ਵਿਚ ਅਰੁੰਧਤੀ ਰਾਏ ਨੇ ਆਪਣੀ ਜ਼ਿੰਦਗੀ ਅਤੇ ਲਿਖਣ ਕਾਰਜ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਇਨ੍ਹਾਂ ਗੱਲਾਂ ਵਿਚ ਉਹ ਸਾਰੇ ਫਿਕਰ ਸਾਂਝੇ ਕੀਤੇ ਗਏ ਹਨ ਜਿਨ੍ਹਾਂ ਬਾਬਤ ਅੱਜ ਕੱਲ੍ਹ ਹਰ ਸੰਜੀਦਾ ਸ਼ਖਸ ਸੋਚ-ਵਿਚਾਰ ਰਿਹਾ ਹੈ।
ਸੱਤਾ ਧਿਰ ਕਿਸ ਤਰ੍ਹਾਂ ਆਵਾਮ ਉਤੇ ਅਸਰ-ਅੰਦਾਜ਼ ਹੁੰਦੀ, ਬਾਰੇ ਉਹਨੇ ਆਪਣੇ ਹੀ ਅੰਦਾਜ਼ ਵਿਚ ਗੱਲਾਂ ਛੋਹੀਆਂ ਹਨ। ਅਸੀਂ ਇਹ ਇੰਟਰਵਿਊ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। -ਸੰਪਾਦਕ
ਤੁਸੀਂ ਲੇਖਕ ਹੋ, ਪਰ ਹੱਕਾਂ ਦੇ ਮੁੱਦਿਆਂ ਅਤੇ ਲਹਿਰਾਂ ਬਾਰੇ ਤੁਸੀਂ ਬਹੁਤ ਜ਼ਬਰਦਸਤ ਦਲੀਲਾਂ ਅਤੇ ਦਖ਼ਲ ਦਿੱਤਾ ਹੈ। ਜੈਂਡਰ (ਔਰਤ-ਮਰਦ) ਦੇ ਭਵਿੱਖ-ਨਕਸ਼ੇ ਤੋਂ ਤੁਸੀਂ ਆਪਣੇ ਵਿਕਾਸ ਨੂੰ ਕਿਵੇਂ ਦੇਖਦੇ ਹੋ?
ਮੇਰਾ ਇਹ ਵਿਸ਼ਵਾਸ ਹੀ ਨਹੀਂ ਕਿ ਜੈਂਡਰ ਸਿਰਫ਼ ਦੋ ਹੀ ਹਨ। ਮੈਂ ਜੈਂਡਰ ਨੂੰ ਸਿਲਸਿਲੇ ਦੇ ਤੌਰ ‘ਤੇ ਲੈਂਦੀ ਹਾਂ ਅਤੇ ਉਸੇ ਸਿਲਸਿਲੇ ਉਪਰ ਕਿਤੇ ਮੇਰੀ ਜਗ੍ਹਾ ਹੈ। ਇਕ ਸਮਲਿੰਗੀ ਦੋਸਤ ਅਨੁਸਾਰ ਜੈਂਡਰ ਸਿਲਸਿਲੇ ਉਪਰ ਮੇਰਾ ਵਿਕਾਸ ‘ਵਿਪਰੀਤ-ਲਿੰਗੀ’ ਤੋਂ ਸ਼ੁਰੂ ਹੋ ਕੇ ‘ਸਮਲਿੰਗੀ ਚੇਤਨਾ’ ਤਕ ਪਹੁੰਚਿਆ ਹੈ। ਦੂਜੀ ਗੱਲ, ਮੇਰਾ ਆਪਣੇ ਬਾਰੇ ਕਹਿਣਾ ਹੈ ਕਿ ਮੈਂ ਦੁਨੀਆਂ ਨੂੰ ‘ਹੱਕਾਂ’ ਅਤੇ ‘ਮੁੱਦਿਆਂ’ ਦੀਆਂ ਐਨਕਾਂ ਰਾਹੀਂ ਨਹੀਂ ਦੇਖਦੀ। ਇਹ ਲੇਖਕ ਦਾ ਦੁਨੀਆਂ ਨੂੰ ਦੇਖਣ ਦਾ ਬਹੁਤ ਤੰਗ ਤੇ ਖੋਖਲਾ ਤਰੀਕਾ ਹੈ। ਜੇ ਤੁਸੀਂ ਪੁੱਛੋ ਕਿ ਮੈਂ ਜੋ ਕੁਝ ਲਿਖਦੀ ਹਾਂ, ਉਸ ਦਾ ਤੱਤ ਕੀ ਹੈ, ਤਾਂ ਇਹ ‘ਹੱਕਾਂ’ ਨਹੀਂ, ਨਿਆਂ ਬਾਰੇ ਹੈ। ਨਿਆਂ ਬੜਾ ਮਹਾਨ, ਖ਼ੂਬਸੂਰਤ, ਇਨਕਲਾਬੀ ਖ਼ਿਆਲ ਹੈ। ਨਿਆਂ ਕਿਵੇਂ ਨਜ਼ਰ ਆਵੇਗਾ? ਜੇ ਅਸੀਂ ਚੀਜ਼ਾਂ ਨੂੰ ‘ਮੁੱਦਿਆਂ’ ਵਿਚ ਤੋੜ ਲੈਂਦੇ ਹਾਂ, ਫਿਰ ਉਹ ਮਹਿਜ਼ ‘ਮੁੱਦੇ’ ਰਹਿ ਜਾਂਦੇ ਹਨ, ਇਕ ਐਸੇ ਦ੍ਰਿਸ਼ ਦੇ ਸਮੱਸਿਆ ਵਾਲੇ ਖੇਤਰ ਜੋ ਸਾਨੂੰ ਕਬੂਲ ਹੈ। ਨਿਸ਼ਚੇ ਹੀ, ਦੁਨੀਆਂ ਵਿਚ ਐਸਾ ਕੋਈ ਸਮਾਜ ਨਹੀਂ ਜੋ ਹੱਕ-ਬਜਾਨਬ ਜਾਂ ਮੁਕੰਮਲ ਹੋਵੇ, ਪਰ ਇਸ ਕਾਰਨ ਅਸੀਂ ਨਿਆਂ ਲਈ ਤਰੱਦਦ ਬੰਦ ਨਹੀਂ ਕਰ ਸਕਦੇ। ਲਗਦੈ, ਅੱਜ ਅਸੀਂ ਉਲਟੀ ਦਿਸ਼ਾ ‘ਚ ਦੌੜ ਰਹੇ ਹਾਂ, ਅਸੀਂ ਅਨਿਆਂ ਲਈ ਜ਼ੋਰ ਮਾਰ ਰਹੇ ਹਾਂ, ਇਸ ਦੀ ਇਉਂ ਬੱਲੇ ਬੱਲੇ ਕਰ ਰਹੇ ਹਾਂ ਜਿਵੇਂ ਇਹ ਬਹੁਤ ਅਹਿਮ ਸੁਪਨਾ ਹੋਵੇ; ਕੋਈ ਟੀਚਾ, ਕੋਈ ਤਮੰਨਾ ਹੋਵੇ। ਹਿੰਦੁਸਤਾਨ ਦੀ ਭਿਆਨਕ ਤ੍ਰਾਸਦੀ ਇਹ ਹੈ ਕਿ ਜਾਤ ਵਿਵਸਥਾ ਨੇ ਅਨਿਆਂ ਦਾ ਸੰਸਥਾਕਰਨ ਕਰਕੇ ਇਸ ਨੂੰ ਮਰਯਾਦਾ ਬਣਾ ਦਿੱਤਾ ਹੈ, ਇਸ ਨੂੰ ਪਵਿੱਤਰ ਚੀਜ਼ ਬਣਾ ਦਿੱਤਾ ਹੈ। ਲਿਹਾਜ਼ਾ ਸਾਡੇ ਦਿਮਾਗਾਂ ਦੀ ਢਲਾਈ ਦਰਜੇਬੰਦੀਆਂ ਅਤੇ ਅਨਿਆਂ ਨੂੰ ਸਵੀਕਾਰ ਕਰਨ ਦੇ ਮਨੋਰਥ ਨਾਲ ਕੀਤੀ ਜਾਂਦੀ ਹੈ। ਇਹ ਨਹੀਂ ਕਿ ਬਾਕੀ ਸਮਾਜ ਨਿਆਂਕਾਰੀ ਹਨ। ਹੋਰ ਸਮਾਜ ਵੀ ਇਸ ਪੱਧਰ ਦੀਆਂ ਜੰਗਾਂ ਅਤੇ ਨਸਲਕੁਸ਼ੀ ਵਿਚੋਂ ਗੁਜ਼ਰ ਰਹੇ ਹਨ ਕਿ ਯਕੀਨ ਨਹੀਂ ਆਉਂਦਾ। ਮੈਂ ਤਾਂ ਬਸ ਆਪਣੇ ਸਮਾਜ ਦੀ ਕਲਪਨਾ ਦੀ ਗੱਲ ਕਰ ਰਹੀ ਹਾਂ। ਕੀ ਕੀਤਾ ਜਾ ਸਕਦਾ ਹੈ, ਅਸੀਂ ਇਸ ਨੂੰ ਕਿਵੇਂ ਰੋਕ ਸਕਦੇ ਹਾਂ? ਸਾਡੇ ਵਿਚੋਂ ਜ਼ਿਆਦਾਤਰ ਉਹੀ ਕਰਦੇ ਹਨ ਜੋ ਉਨ੍ਹਾਂ ਨੇ ਕਰਨਾ ਹੁੰਦਾ ਹੈ, ਇਹ ਜਾਣਦੇ ਹੋਏ ਕਿ ਜੇ ਕੋਈ ਵੀ ਸਾਡੀ ਨਹੀਂ ਸੁਣ ਰਿਹਾ, ਫਿਰ ਵੀ। ਇਥੋਂ ਤਕ ਕਿ ਜੇ ਸਾਡੀ ਕਦੇ ਜਿੱਤ ਨਹੀਂ ਵੀ ਹੁੰਦੀ, ਫਿਰ ਵੀ; ਹਾਲਾਂਕਿ ਅਸੀਂ ਜਿੱਤਣ ਦੀ ਜ਼ਬਰਦਸਤ ਖ਼ਾਹਸ਼ ਰੱਖਦੇ ਹਾਂ, ਫਿਰ ਵੀ ਅਸੀਂ ਇਸ ਜਿੱਤ ਦੇ ਜਲੂਸ ਦਾ ਹਿੱਸਾ ਬਣਨ ਦੀ ਥਾਂ ਦੂਜੇ ਪਾਸੇ ਖੜ੍ਹਨਾ ਪਸੰਦ ਕਰਾਂਗੇ, ਕਿਉਂਕਿ ਇਹ ਦਰਅਸਲ ਮੌਤ ਦਾ ਜਲੂਸ ਹੈ।
ਜਦੋਂ ਤੁਸੀਂ ਇਸ ਬਾਰੇ ਸੋਚਦੇ ਹੋ, ਕੀ ਇਸ ਨੂੰ ਸਮਝਣਾ ਅਸੰਭਵ ਹੈ ਕਿ ਔਰਤਾਂ ਇਤਨੇ ਸਮਕਾਲੀ ਸੰਘਰਸ਼ਾਂ ਦੀ ਮੋਹਰਲੀ ਕਤਾਰ ਵਿਚ ਕਿਉਂ ਹਨ?
ਔਰਤਾਂ ਸੰਘਰਸ਼ਾਂ ‘ਚ ਕਿਉਂ ਜੁਟੀਆਂ ਹੋਈਆਂ ਹਨ? ਕਿਉਂਕਿ ਉਹ ਦੋਵੇਂ ਪਾਸਿਓਂ ਹਮਲਿਆਂ ਦੀ ਮਾਰ ਹੇਠ ਹਨ, ਰਵਾਇਤ ਵਲੋਂ ਵੀ ਤੇ ਨਵੀਂ ਮੰਡੀ-ਸੰਚਾਲਤ ‘ਆਧੁਨਿਕਤਾ’ ਵਲੋਂ ਵੀ। ਮੈਂ ਖ਼ੁਦ ‘ਰਵਾਇਤ’ ਦੀ ਜ਼ਿੰਦਗੀ ਤੋਂ ਖਹਿੜਾ ਛੁਡਾਉਣ ਦੇ ਸੁਪਨੇ ਲੈਂਦਿਆਂ ਕੇਰਲਾ ਵਿਚ ਵੱਡੀ ਹੋਈ, ਫਿਰ ਜਿਸ ਤਰ੍ਹਾਂ ਦੀ ਆਧੁਨਿਕਤਾ ਨਾਲ ਵਾਹ ਪਿਆ, ਮੈਂ ਉਸ ਤੋਂ ਵੀ ਖਹਿੜਾ ਛੁਡਾ ਕੇ ਭੱਜਣ ਦਾ ਯਤਨ ਕੀਤਾ। ਲਿਹਾਜ਼ਾ ਤੁਹਾਨੂੰ ਇਸ ਸਭ ਕਾਸੇ ਵਿਚੋਂ ਚੁਣਨਾ ਪੈਂਦਾ ਹੈ ਅਤੇ ਆਪਣਾ ਰਾਹ ਤਲਾਸ਼ਣਾ ਪੈਂਦਾ ਹੈ। ਇਸ ਮੁਲਕ ਵਿਚ ਲੋਕ ਕੁੜੀਆਂ ਨੂੰ ਕੁੱਖਾਂ ਵਿਚ ਅਤੇ ਉਂਜ ਵੀ ਮਾਰ ਰਹੇ ਹਨ। ਇਹ ਸਿਰਫ਼ ਰਵਾਇਤੀ ਪੇਂਡੂ ਭਾਈਚਾਰਿਆਂ ਵਿਚ ਹੀ ਨਹੀਂ ਹੈ। ਜਾਤ ਦੇ ਆਧਾਰ ‘ਤੇ ਅਣਖ ਖ਼ਾਤਰ ਕਤਲ ਹੁੰਦੇ ਹਨ, ਤੇ ਨਾਲ ਹੀ ਦੁਨੀਆਂ ਦੀਆਂ ਸਭ ਤੋਂ ਆਜ਼ਾਦ, ਮਜ਼ਬੂਤ, ਸਭ ਤੋਂ ਜੋਸ਼ੀਲੀਆਂ ਔਰਤਾਂ ਵੀ ਹਨ। ਇਹ ਆਜ਼ਾਦ, ਜੁਝਾਰੂ ਤੇ ਚਿੰਤਕ ਔਰਤਾਂ ਸੰਘਰਸ਼ਾਂ ਦੀਆਂ ਮੋਹਰਲੀਆਂ ਕਤਾਰਾਂ ਵਿਚ ਹਨ। ਇਉਂ ਹਿੰਦੁਸਤਾਨ ਵਿਚ ਅਸੀਂ ਇਕੋ ਸਮੇਂ ਕਈ ਸਦੀਆਂ ਵਿਚ ਰਹਿ ਰਹੇ ਹਾਂ।
ਗੁਜ਼ਾਰੇ ਦੇ ਹਰ ਸਾਧਨ ਉਪਰ ਹਮਲਾ ਹੋ ਰਿਹਾ ਹੈ, ਜ਼ਮੀਨ ਹਮਲੇ ਹੇਠ ਹੈ। ਇਹ ਸਾਰਾ ਕੁਝ ਔਰਤਾਂ ਨੂੰ ਮੂਲ ਰੂਪ ‘ਚ ਪ੍ਰਭਾਵਿਤ ਕਰਦਾ ਹੈ। ਜੇ ਤੁਸੀਂ ਨਰਮਦਾ ਅੰਦੋਲਨ ਨੂੰ ਦੇਖੋ, ਜਿਥੇ ਅਸੀਂ ਪੂਰੀ ਦਰਿਆਈ ਘਾਟੀ ਦੀ ਤਹਿਜ਼ੀਬ ਦੇ ਉਜਾੜੇ ਅਤੇ ਤਬਾਹੀ ਦੀ ਗੱਲ ਕਰ ਰਹੇ ਹਾਂ; ਉਥੇ ਹਜ਼ਾਰਾਂ ਲੋਕ, ਆਦਿਵਾਸੀ ਔਰਤਾਂ ਜਿਨ੍ਹਾਂ ਨੇ ਮਿਲ ਕੇ ਮਿਹਨਤ ਕੀਤੀ ਸੀ, ਤੇ ਜ਼ਮੀਨਾਂ ਦੀਆਂ ਮਾਲਕ ਸਨ, ਉਜੜ ਰਹੀਆਂ ਹਨ। ਮੈਂ ਇਹ ਨਹੀਂ ਕਹਿ ਰਹੀ ਕਿ ਆਦਿਵਾਸੀ ਸਮਾਜ ਨਾਰੀਵਾਦੀ ਸਦਗੁਣਾਂ ਦਾ ਨਮੂਨਾ ਹੈ, ਪਰ ਉਥੇ ਇਹ ਸਮਝਦਾਰੀ ਜ਼ਰੂਰ ਸੀ, ਉਥੇ ਔਰਤਾਂ ਮਾਲਕੀ ਵਿਚ ਹਿੱਸੇਦਾਰ ਸਨ, ਜ਼ਮੀਨ ਉਨ੍ਹਾਂ ਦੀ ਵੀ ਸੀ; ਪਰ ਔਰਤਾਂ ਦੀ ਸਮੁੱਚੀ ਵਸੋਂ ਨੂੰ ਉਜਾੜ ਦੇਣਾ ਤੇ ਸਿਰਫ਼ ਮਰਦਾਂ ਨੂੰ ਨਗ਼ਦ ਮੁਆਵਜ਼ਾ ਦੇਣਾ, ਜੋ ਹਫ਼ਤਿਆਂ ‘ਚ ਹੀ ਇਸ ਨੂੰ ਦਾਰੂ ਅਤੇ ਮੋਟਰਸਾਈਕਲਾਂ ਉਪਰ ਉਡਾ ਦਿੰਦੇ ਹਨ, ਔਰਤਾਂ ਨੂੰ ਇਸ ਭਿਆਨਕ ਆਧੁਨਿਕਤਾ ਦੇ ਸਮੁੰਦਰ ਹਵਾਲੇ ਕਰ ਦੇਣਾ ਹੈ ਜਿਥੇ ਉਹ ਸਾਰੀਆਂ ਮੰਡੀ ਵਿਚ ਆਰਜ਼ੀ ਮਜ਼ਦੂਰ ਹਨ ਜਾਂ ਹੋਰ ਢੰਗਾਂ ਨਾਲ ਲੁੱਟੀਆਂ ਜਾਂਦੀਆਂ ਹਨ। ਇਸ ਨੂੰ ਕਦੇ ਵੀ ਨਾਰੀਵਾਦੀ ਮੁੱਦੇ ਵਜੋਂ ਨਹੀਂ ਦੇਖਿਆ ਜਾਂਦਾ, ਹਾਲਾਂਕਿ ਇਹ ਐਸਾ ਹੀ ਮੁੱਦਾ ਹੈ। ਬਸਤਰ ਵਿਚ ਉਜਾੜੇ ਨਾਲ ਲੜ ਰਹੇ ਨੱਬੇ ਹਜ਼ਾਰ ਮੈਂਬਰਸ਼ਿਪ ਵਾਲੇ ਕ੍ਰਾਂਤੀਕਾਰੀ ਆਦਿਵਾਸੀ ਮਹਿਲਾ ਸੰਗਠਨ ਨੂੰ ਨਾਰੀਵਾਦੀ ਜਥੇਬੰਦੀ ਨਹੀਂ ਸਮਝਿਆ ਜਾਂਦਾ, ਪਰ ਉਹ ਲੜ ਰਹੀਆਂ ਹਨ। ਨਰਮਦਾ ਘਾਟੀ ਵਿਚ ਇਹ ਔਰਤਾਂ ਹੀ ਹਨ ਜਿਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ ਹੈ। ਲੜਾਈ ਦੇ ਅਮਲ ਵਿਚ ਉਹ ਖ਼ੁਦ ਨੂੰ ਬਦਲ ਰਹੀਆਂ ਹਨ, ਖ਼ੁਦ ਨੂੰ ਮਜ਼ਬੂਤ ਕਰਦੀਆਂ ਹਨ। ਜਦੋਂ ਮੈਂ ਬਸਤਰ ਗਈ, ਜਦੋਂ ਮੈਂ ‘ਵਾਕਿੰਗ ਵਿਦ ਕਾਮਰੇਡਜ਼’ (ਸਾਥੀਆਂ ਨਾਲ ਵਿਚਰਦਿਆਂ, 29 ਮਾਰਚ 2010) ਲੇਖ ਲਿਖਿਆ, ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਹਥਿਆਰਬੰਦ ਗੁਰੀਲਾ ਲੜਾਕਿਆਂ ਦੀ ਅੱਧੀ ਗਿਣਤੀ ਔਰਤਾਂ ਦੀ ਸੀ। ਮੈਂ ਕਈ ਦਿਨ ਅਤੇ ਰਾਤਾਂ ਉਨ੍ਹਾਂ ਨਾਲ ਗੁਜ਼ਾਰ ਕੇ ਵਿਸਥਾਰ ‘ਚ ਗੱਲਬਾਤ ਕੀਤੀ ਕਿ ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਲਿਆ। ਨਿਸ਼ਚੇ ਹੀ, ਉਨ੍ਹਾਂ ‘ਚੋਂ ਕਈਆਂ ਨੇ ਸਲਵਾ ਜੁਡਮ ਅਤੇ ਨੀਮ-ਫ਼ੌਜੀ ਬਲਾਂ ਦੀ ਭਿਆਨਕਤਾ ਅੱਖੀਂ ਡਿੱਠੀ ਸੀ, ਜਬਰ ਜਨਾਹ ਅਤੇ ਪਿੰਡਾਂ ਦੀ ਸਾੜਫੂਕ ਵਗੈਰਾ, ਪਰ ਉਨ੍ਹਾਂ ਵਿਚੋਂ ਕਈਆਂ ਨੇ ਇਹ ਆਪਣੇ ਸਮਾਜ ਵਿਚਲੇ ਮਰਦ ਹੰਕਾਰਵਾਦ ਅਤੇ ਹਿੰਸਾ ਤੋਂ ਬਚਣ ਲਈ ਅਜਿਹਾ ਕੀਤਾ। ਨਿਸ਼ਚੇ ਹੀ ‘ਪਾਰਟੀ’ ਵਿਚ ਵੀ ਉਨ੍ਹਾਂ ਦਾ ਵਾਹ ਮਰਦ ਹੰਕਾਰਵਾਦ ਅਤੇ ਹਿੰਸਾ ਨਾਲ ਪਿਆ। ਉਥੇ ਇਕ ਵਾਰ ਅਸੀਂ ਸਾਰੀਆਂ ਨਦੀ ਵਿਚ ਨਹਾਉਣ ਗਈਆਂ। ਉਨ੍ਹਾਂ ‘ਚੋਂ ਕੁਝ ਪਹਿਰਾ ਦਿੰਦੀਆਂ ਰਹੀਆਂ, ਬਾਕੀ ਅਸੀਂ ਪਾਣੀ ਵਿਚ ਤੈਰਦੀਆਂ ਤੇ ਨਹਾਉਂਦੀਆਂ ਰਹੀਆਂ। ਜਿਧਰੋਂ ਪਾਣੀ ਆ ਰਿਹਾ ਸੀ, ਉਥੇ ਕੁਝ ਕਿਸਾਨ ਔਰਤਾਂ ਵੀ ਨਹਾ ਰਹੀਆਂ ਸਨ। ਮੈਂ ਸੋਚ ਰਹੀ ਸੀ, “ਜ਼ਰਾ ਦੇਖੋ, ਪਾਣੀ ਵਿਚ ਇਹ ਸਭ ਕੌਣ ਹਨ! ਇਸ ਵਗਦੇ ਹੋਏ ਪਾਣੀ ਵਿਚ ਇਨ੍ਹਾਂ ਔਰਤਾਂ ਨੂੰ ਦੇਖੋ।” ਕਿਆ ਕਮਾਲ ਨੇ ਉਹ। ਲਿਹਾਜ਼ਾ, ਤੁਹਾਡੇ ਸਵਾਲ ਦਾ ਜਵਾਬ ਦਿੰਦਿਆਂ ਮੈਂ ਸੋਚਦੀ ਹਾਂ ਕਿ ਇਹ ਇਸ ਦੀ ਵਧੀਆ ਤਰਕਸੰਗਤ ਵਿਆਖਿਆ ਹੈ ਕਿ ਔਰਤਾਂ ਲਹਿਰਾਂ ਦੀ ਮੋਹਰਲੀ ਕਤਾਰ ਵਿਚ ਕਿਉਂ ਹਨ। ਉਥੇ ਔਰਤਾਂ ਬਾਰੇ ਖ਼ਾਸ ਗੱਲ ਇਹ ਹੈ ਕਿ ਉਹ ਅਜਿਹੇ ਸਮਾਜ ਵਿਚ ਇਹ ਸਭ ਕਰ ਸਕਦੀਆਂ ਹਨ ਜੋ ਉਨ੍ਹਾਂ ਖ਼ਿਲਾਫ਼ ਹਿੰਸਾ ਨਾਲ ਇਤਨਾ ਭਰਿਆ ਪਿਆ ਹੈ। ਇਹ ਮਹਿਜ਼ ਕੁਝ ਖ਼ਾਸ ਔਰਤਾਂ ਨਹੀਂ, ਜਿਨ੍ਹਾਂ ਦੇ ਨਾਂ ਅਸੀਂ ਸਾਰੇ ਜਾਣਦੇ ਹਾਂ, ਉਹ ਬੇਸ਼ੁਮਾਰ ਔਰਤਾਂ ਹਨ। ਉਹ ਮਹਿਜ਼ ਸ਼ਹਿਰੀ ਨਫ਼ੀਸ ਔਰਤਾਂ ਨਹੀਂ ਹਨ, ਤੇ ਉਥੇ ਉਹ ਕਿਸੇ ਦੀ ਪਤਨੀ ਜਾਂ ਮਾਂ ਜਾਂ ਵਿਧਵਾ ਜਾਂ ਭੈਣ ਵਜੋਂ ਨਹੀਂ ਹਨ। ਉਥੇ ਉਹ ਆਪ ਹਨ। ਉਹ ਬੇਮਿਸਾਲ ਹਨ।
ਤੁਸੀਂ ਜੋ ਹੋ, ਤੁਹਾਡੀ ਜ਼ਿੰਦਗੀ ਦੇ ਕਿਹੜੇ ਪ੍ਰਭਾਵਾਂ ਨੇ ਤੁਹਾਨੂੰ ਇਸ ਤਰ੍ਹਾਂ ਦਾ ਬਣਾਇਆ?
ਮੇਰੇ ਖ਼ਿਆਲ ‘ਚ ਸਭ ਤੋਂ ਪਹਿਲਾਂ ਤਾਂ ਮੇਰੀ ਅਦਭੁਤ ਅਤੇ ਅਸਾਧਾਰਨ ਮਾਂ ਨੇ, ਅਨੋਖੇ ਅਤੇ ਅਵੱਲੇ ਢੰਗਾਂ ਨਾਲ ਪ੍ਰਭਾਵ ਛੱਡਿਆ। ਉਹ ਅੱਖ ਦੇ ਫੋਰ ‘ਚ ਹੀ ਮੇਰਾ ਸਾਹ ਫੁਲਾ ਸਕਦੀ ਹੈ। ਸ਼ਾਇਦ ਤੁਸੀਂ ਮੇਰੀ ਬਜਾਏ ਉਸ ਨਾਲ ਗੱਲਬਾਤ ਕਰਨਾ ਚਾਹੋਗੇ। ਉਹ ਸੀਰੀਆਈ ਈਸਾਈ ਪਰਿਵਾਰ ਵਿਚੋਂ ਹੈ ਜੋ ਕਿਸੇ ਪੱਖੋਂ ਵੀ ਸਰਦੀ-ਪੁੱਜਦੀ ਨਹੀਂ ਸੀ। ਫਿਰ ਉਸ ਨੇ ਭਾਈਚਾਰੇ ਤੋਂ ਬਾਹਰਲੇ ਬੰਗਾਲੀ ਨਾਲ ਵਿਆਹ ਕਰਵਾ ਲਿਆ, ਕੁਝ ਸਾਲਾਂ ‘ਚ ਉਨ੍ਹਾਂ ਦਾ ਤਲਾਕ ਹੋ ਗਿਆ ਅਤੇ ਉਹ ਆਪਣੀ ਮਾਂ ਕੋਲ ਕੇਰਲਾ ਦੇ ਪਿੰਡ ਵਿਚ ਆ ਗਈ। ਉਹਨੂੰ, ਮਤਲਬ ਸਾਨੂੰ ਜਾਤਵਾਦੀ ਤੇ ਮਾਲਕੀ ਹੱਕ ਵਾਲੇ, ਅਮੀਰ, ਭੋਂਇ ਮਾਲਕ ਭਾਈਚਾਰੇ ਵਲੋਂ ਛੇਕ ਦਿੱਤਾ ਗਿਆ। ਹੁਣ ਬੇਸ਼ੱਕ ਉਸ ਦਾ ਨਾਂ ਹੈ, ਪਰ ਉਦੋਂ ਉਹ ਮੇਰੇ ਭਰਾ ਅਤੇ ਮੇਰੇ ਉਪਰ ਅਕਸਰ ਆਪਣਾ ਗੁੱਸਾ ਕੱਢਦੀ ਸੀ। ਅਸੀਂ ਇਹ ਸਭ ਸਮਝਦੇ ਸੀ, ਪਰ ਇਸ ਨਾਲ ਹਾਲਤ ਹੋਰ ਮੁਸ਼ਕਿਲ ਹੋ ਜਾਂਦੀ ਸੀ। ਮੇਰੇ ਆਪਣੀ ਮਾਂ ਨਾਲ ਰਿਸ਼ਤੇ ਬਹੁਤ ਪੇਚੀਦਾ ਹਨ, ਮੈਂ 17 ਸਾਲ ਦੀ ਸੀ ਜਦੋਂ ਘਰ ਛੱਡ ਦਿੱਤਾ ਤੇ ਬਹੁਤ ਸਾਲਾਂ ਬਾਅਦ ਵਾਪਸ ਗਈ। ਬਹੁਤੇ ਲੋਕਾਂ ਲਈ ਪਰਿਵਾਰ ਵਾਜਬ ਸੁਰੱਖਿਅਤ ਥਾਂ ਹੈ ਪਰ ਜਿਸ ਨੇ ਵੀ ‘ਦਿ ਗੌਡ ਆਫ ਸਮਾਲ ਥਿੰਗਜ਼’ ਪੜ੍ਹਿਆ ਹੈ, ਉਹ ਮੇਰੇ ਬਾਰੇ ਜਾਣਦੇ ਹਨ ਕਿ ਪਰਿਵਾਰ ਮੇਰੇ ਲਈ ਕਿੰਨੀ ਖ਼ਤਰਨਾਕ ਜਗ੍ਹਾ ਸੀ। ਉਸ ਜਗ੍ਹਾ ਮੈਂ ਜ਼ਲਾਲਤ ਮਹਿਸੂਸ ਕਰਦੀ ਸੀ। ਜਿੰਨੀ ਛੇਤੀ ਹੋ ਸਕੇ, ਮੈਂ ਉਸ ਤੋਂ ਮੁਕਤ ਹੋਣਾ ਚਾਹੁੰਦੀ ਸੀ। ਮੈਂ ਐਸੇ ਪਿੰਡ ਵਿਚ ਵੱਡੀ ਹੋਈ ਜਿਥੇ ਸਭ ਕੁਝ ਚੱਲਦਾ ਸੀ। ਜਿਥੇ ਮਹਾਨ ਧਰਮ ਨਾਲੋ-ਨਾਲ ਮੌਜੂਦ ਸਨ-ਹਿੰਦੂਵਾਦ, ਈਸਾਈਅਤ, ਇਸਲਾਮ, ਮਾਰਕਸਵਾਦ। ਅਸੀਂ ਵਿਸ਼ਵਾਸ ਕਰਦੇ ਸੀ ਕਿ ਇਨਕਲਾਬ ਆ ਰਿਹਾ ਸੀ। ਹਰ ਪਾਸੇ ਲਾਲ ਝੰਡੇ ਅਤੇ ਇਨਕਲਾਬ ਜ਼ਿੰਦਾਬਾਦ ਸੀ! ਇਸ ਦੇ ਬਾਵਜੂਦ ਇਹ ਅਜੇ ਵੀ ਬਹੁਤ ਸੰਕੀਰਨ ਤੇ ਸੀਮਿਤ ਜਿਹਾ ਸੀ ਅਤੇ ਉਥੇ ਹਮੇਸ਼ਾ ਜਾਤਪਾਤ ਚੱਲਦੀ ਸੀ। ਜਦੋਂ ਮੈਂ ਬਹੁਤ ਛੋਟੀ ਸੀ, ਉਦੋਂ ਤੋਂ ਹੀ ਮੈਂ ਇਸ ਨੂੰ ਸਮਝਣ ਦਾ ਯਤਨ ਕਰਨ ਲੱਗੀ। ਮੈਨੂੰ ਸਾਫ਼ ਹੋ ਗਿਆ ਕਿ ਇਹ ‘ਖ਼ਰਾ’ ਸੀਰੀਆਈ ਈਸਾਈ ਸਮਾਜ ਨਹੀਂ ਸੀ ਅਤੇ ਮੈਂ ਕਦੇ ਵੀ ਉਸ ਮਹਾਨ ਸਮਾਜ ਦਾ ਹਿੱਸਾ ਨਹੀਂ ਬਣਨ ਜਾ ਰਹੀ। ਸੋ ਮੈਂ ਉਥੋਂ ਛੁੱਟ ਕੇ ਭੱਜਣ ਲਈ ਬੇਕਰਾਰ ਸੀ। ਇਨ੍ਹਾਂ ਹਾਲਾਤ ਵਿਚ ਮੈਂ ਵੱਡੀ ਹੋਈ। ਮੇਰੇ ਲਈ ਪਿੰਡ ਦਾ ਕੁਝ ਵੀ ਬਹੁਤਾ ਰੋਮਾਂਚਕ ਨਹੀਂ ਸੀ। ਨਾ ਮੇਰੇ ਅੰਦਰ ਭਾਈਚਾਰੇ ਜਾਂ ਪਰਿਵਾਰ ਵਿਚ ਸ਼ਾਮਲ ਹੋਣ ਦੀ ਕੋਈ ਇੱਛਾ ਸੀ, ਨਾ ਹੀ ਭਾਈਚਾਰੇ ਅਤੇ ਸਮਾਜ ਦੀ ਮੈਨੂੰ ਆਪਣੇ ਵਿਚ ਸ਼ਾਮਲ ਕਰਨ ਦੀ। ਆਪਣੇ ਬਾਪ ਬਾਰੇ ਮੈਂ ਕੁਝ ਨਹੀਂ ਸੀ ਜਾਣਦੀ, ਮੈਂ ਦੋ ਕੁ ਤਸਵੀਰਾਂ ਹੀ ਦੇਖੀਆਂ ਸਨ, ਬਸ ਇੰਨੀ ਕੁ ਜਾਣਕਾਰੀ ਸੀ। ਉਸ ਨੂੰ ਮੈਂ ਬਹੁਤ ਮਗਰੋਂ, ਜਦੋਂ ਵੀਹ ਕੁ ਸਾਲ ਦੀ ਹੋਈ, ਉਦੋਂ ਦੇਖਿਆ। ਲਿਹਾਜ਼ਾ, ਮੇਰੀ ਜ਼ਿੰਦਗੀ ਵਿਚ ਕੋਈ ਮਰਦ ਨਹੀਂ ਸੀ ਜੋ ਮੇਰੀ ਦੇਖਭਾਲ ਕਰਦਾ ਅਤੇ ਮੈਨੂੰ ਸੁਰੱਖਿਆ ਦਿੰਦਾ। ਭਾਵੁਕ ਤੌਰ ‘ਤੇ ਇਹ ਮੇਰੇ ਪਾਲਣ-ਪੋਸ਼ਣ ਲਈ ਬੜੀ ਅਜੀਬ ਅਤੇ ਅਸੁਰੱਖਿਅਤ ਥਾਂ ਸੀ। ਦੁਨੀਆਂ ਦੀਆਂ ਕੁਲ ਦੁੱਖ-ਤਕਲੀਫ਼ਾਂ ਅਤੇ ਜਿਸ ਹਾਲਾਤ ਵਿਚੋਂ ਬੱਚਿਆਂ ਨੂੰ ਗੁਜ਼ਰਨਾ ਪੈਂਦਾ ਹੈ, ਉਸ ਨੂੰ ਦੇਖਦਿਆਂ, ਮੈਂ ਦਾਅਵਾ ਨਹੀਂ ਕਰ ਸਕਦੀ ਕਿ ਇਕੱਲਾ ਮੇਰਾ ਹੀ ਬਚਪਨ ਤ੍ਰਾਸਦਿਕ ਸੀ, ਪਰ ਇਹ ਗੰਭੀਰ ਬਚਪਨ ਸੀ, ਜਿਥੇ ਹਰ ਚੀਜ਼ ਬਾਰੇ ਇਕੱਲੀ ਨੂੰ ਸੋਚਣਾ ਪੈਂਦਾ ਸੀ। ਮੈਂ ਕਾਫ਼ੀ ਵਕਤ ਦਰਿਆ ਵਿਚ ਮੱਛੀਆਂ ਫੜਦਿਆਂ ਗੁਜ਼ਾਰਦੀ ਸੀ। ਲੇਖਕ ਵਜੋਂ ਮੈਂ ਆਪਣੀ ਆਵਾਜ਼ ਨੂੰ ਦਾਬੇ ਦੇ ‘ਸ਼ੁੱਧ’ ਪੀੜਤ ਵਾਲੀ ਸਾਫ਼ ਅਤੇ ਭੱਦੀ ਆਵਾਜ਼ ਨਹੀਂ ਬਣਾ ਸਕਦੀ, ਜੇ ਸੱਚਮੁੱਚ ਐਸੀ ਕੋਈ ਚੀਜ਼ ਹੈ। ਮੈਂ ਇਕ ਤਰਾਂ੍ਹ ਦੀ ਅਸੁਖਾਵੀਂ ਹਾਲਤ ‘ਚ ਹਾਂ ਜਿਥੋਂ ਇਕ ਕੋਣ ਤੋਂ ਚੀਜ਼ਾਂ ਨੂੰ ਦੇਖਦੀ ਹਾਂ ਅਤੇ ਲਿਖਦੀ ਹਾਂ।
ਤੁਸੀਂ ਨਰਮਦਾ ਅੰਦੋਲਨ, ਕਸ਼ਮੀਰ, ਮਾਓਵਾਦੀਆਂ ਅਤੇ ਸਰਮਾਏਦਾਰੀ ਬਾਰੇ ਬਹੁਤ ਕੁਝ ਲਿਖਿਆ ਹੈ। ਇਥੇ ਹਿੰਦੁਸਤਾਨ ਵਿਚ ਹੁਣੇ ਇਕ ਸ਼ਖ਼ਸ ਨੂੰ ਫਾਂਸੀ ਦਿੱਤੀ ਗਈ ਹੈ, ਤੇ ਤੁਸੀਂ ਅਫ਼ਜ਼ਲ ਗੁਰੂ ਦੇ ਬੇਕਸੂਰ ਹੋਣ ਦੀ ਦਲੀਲ ਦਿੰਦਿਆਂ ਬੜਾ ਕਮਾਲ ਦਾ ਲੇਖ ਲਿਖਿਆ ਸੀ, ਤੁਸੀਂ ਕੀ ਕਹੋਗੇ?
ਜਦੋਂ ‘ਦਿ ਗੌਡ ਆਫ ਸਮਾਲ ਥਿੰਗਜ਼’ ਨੂੰ ਬੁੱਕਰ ਇਨਾਮ ਮਿਲਿਆ, ਉਦੋਂ ਇਹ ਦਿਖਾਉਣ ਲਈ ਵਿਸ਼ਵ ਸੁੰਦਰੀਆਂ ਦੇ ਨਾਲ ਨਾਲ ਮੇਰੇ ਨਾਂ ਦੀ ਰਟ ਲਗਾਈ ਜਾਣ ਲੱਗੀ ਕਿ ਇਹ ਜੇਤੂ, ਨਵੇਂ ਨਵੇਂ ਗਲੋਬਲੀ ਹੋਏ, ਖੁੱਲ੍ਹੀ ਮੰਡੀ ਵਾਲੇ ਹਿੰਦੁਸਤਾਨ ਦਾ ਚਿਹਰਾ ਹੈ ਜੋ ਪੂਰੇ ਭਰੋਸੇ ਨਾਲ ਸੰਸਾਰ ਮੰਚ ‘ਤੇ ਕਦਮ ਰੱਖ ਰਿਹਾ ਹੈ। ਇਕ ਤਰ੍ਹਾਂ ਨਾਲ ਮੈਨੂੰ ਇਸਤੇਮਾਲ ਕੀਤਾ ਜਾ ਰਿਹਾ ਸੀ, ਇਹ ਸਹੀ ਹੈ; ਪਰ ਇਸ ਤੋਂ ਛੇਤੀ ਬਾਅਦ, ਭਾਜਪਾ ਸੱਤਾ ‘ਚ ਆ ਗਈ ਅਤੇ ਪਰਮਾਣੂ ਤਜਰਬੇ ਕੀਤੇ ਗਏ ਜਿਸ ਦੀ ਉਨ੍ਹਾਂ ਹਲਕਿਆਂ ਨੇ ਵੱਡੀ ਪੱਧਰ ‘ਤੇ ਅਸ਼ਲੀਲ ਢੰਗ ਨਾਲ ਵਾਹ ਵਾਹ ਕੀਤੀ ਜਿਨ੍ਹਾਂ ਤੋਂ ਉਮੀਦ ਨਹੀਂ ਸੀ।
ਮੈਂ ਭੈਭੀਤ ਹੋ ਗਈ। ਉਸ ਵਕਤ ਮੈਂ ਜਿੰਨੀ ਕੁ ਜਾਣੀ-ਪਛਾਣੀ ਸ਼ਖਸੀਅਤ ਸੀ, ਉਦੋਂ ਖ਼ਾਮੋਸ਼ ਰਹਿਣਾ ਇਕ ਤਰ੍ਹਾਂ ਨਾਲ ਉਨ੍ਹਾਂ ਤਜਰਬਿਆਂ ਨੂੰ ਸਹਿਮਤੀ ਦੇਣਾ ਸੀ। ਬੋਲਣ ਵਾਂਗ ਖ਼ਾਮੋਸ਼ ਰਹਿਣਾ ਵੀ ਸਿਆਸੀ ਕਦਮ ਸੀ। ਲਿਹਾਜ਼ਾ, ਮੈਂ ‘ਕਲਪਨਾ ਦਾ ਅੰਤ’ (ਐਂਡ ਆਫ ਅਮੈਜਿਨੇਸ਼ਨ, 3 ਅਗਸਤ 1998) ਲੇਖ ਲਿਖਿਆ। ਤੁਰੰਤ ਮੇਰੇ ਹੇਠੋਂ ਸਿੰਘਾਸਣ ਖਿੱਚ ਲਿਆ ਗਿਆ, ਜਿਸ ਉਪਰ ਮੈਨੂੰ ਪਰੀਆਂ ਦੀ ਰਾਣੀ ‘ਮਿਸ ਇੰਡੀਆ ਇਨਾਮ’ ਜੇਤੂ ਲੇਖਕਾ ਦਾ ਬੁੱਤ ਬਣਾ ਕੇ ਬਿਠਾਇਆ ਗਿਆ ਸੀ। ਨਫ਼ਰਤ ਅਤੇ ਗਾਲ੍ਹ-ਮੰਦੇ ਦਾ ਕੰਨ ਪਾੜਵਾਂ ਸ਼ੋਰ ਸ਼ੁਰੂ ਹੋ ਗਿਆ। ਮੇਰਾ ਵਿਸ਼ਵਾਸ ਹੈ ਕਿ ਉਨ੍ਹਾਂ ਪਰਮਾਣੂ ਧਮਾਕਿਆਂ ਨੇ ਜਨਤਕ ਬਹਿਸ ਦੀ ਸੁਰ ਬਦਲ ਦਿੱਤੀ ਸੀ। ਇਹ ਹੋਰ ਵੀ ਭੱਦੀ, ਵਧੇਰੇ ਕੜਕਵੀਂ ਰਾਸ਼ਟਰਵਾਦੀ ਸੁਰ ਬਣ ਗਈ ਅਤੇ ਉਸੇ ਤਰ੍ਹਾਂ ਦੀ ਬਣੀ ਹੋਈ ਹੈ, ਪਰ ਜਦੋਂ ਇਕ ਵੰਨਗੀ ਦੇ ਲੋਕ ਮੈਨੂੰ ਭੰਡ ਰਹੇ ਸਨ, ਉਦੋਂ ਦੂਜਿਆਂ ਨੇ ਮੈਨੂੰ ਗਲ ਨਾਲ ਲਾਇਆ। ਉਥੋਂ ਮੇਰਾ ਸਫ਼ਰ ਸ਼ੁਰੂ ਹੋ ਗਿਆ ਜੋ ਅੱਜ ਵੀ ਜਾਰੀ ਹੈ। ਧਮਾਕਿਆਂ ਤੋਂ ਛੇਤੀ ਬਾਅਦ, ਸੁਪਰੀਮ ਕੋਰਟ ਨੇ ਸਰਦਾਰ ਸਰੋਵਰ ਡੈਮ ਦੀ ਉਸਾਰੀ ਉਪਰ ਲੰਮੇ ਸਮੇਂ ਤੋਂ ਦਿੱਤੀ ਸਟੇਅ ਹਟਾ ਦਿੱਤੀ। ਮੈਂ ਨਰਮਦਾ ਘਾਟੀ ਗਈ ਅਤੇ ‘ਦ ਗਰੇਟਰ ਕਾਮਨ ਗੁੱਡ’ (24 ਮਈ 1999) ਲੇਖ ਲਿਖਿਆ।
ਹਰ ਸਫ਼ਰ, ਹਰ ਲੇਖ ਨੇ ਮੇਰੀ ਸਮਝ ਨੂੰ ਗਹਿਰਾਈ ਦਿੱਤੀ। ਜਦੋਂ ਪਾਰਲੀਮੈਂਟ ‘ਤੇ ਹਮਲਾ ਹੋਇਆ, ਉਦੋਂ ਹੀ ਮੈਨੂੰ ਜਾਪਿਆ, ਇਹ ਕੋਈ ਚਾਲ ਹੈ। ਵਕੀਲ ਨੰਦਿਤਾ ਹਕਸਰ ਨੇ ਇਸ ਦੀ ਪੋਲ ਖੋਲ੍ਹਣ ਦਾ ਸ਼ਾਨਦਾਰ ਕੰਮ ਕੀਤਾ। ਉਦੋਂ ਹੀ ਮੈਨੂੰ ਅਦਾਲਤ ਦੀ ਹੱਤਕ ਕਰਨ ਦੇ ਜੁਰਮ ‘ਚ ਜੇਲ੍ਹ ਭੇਜਿਆ ਗਿਆ। ਹਮਲੇ ਦੇ ਇਕ ਮੁਲਜ਼ਮ ਸ਼ੌਕਤ ਗੁਰੂ ਦੀ ਪਤਨੀ ਅਫਸਾਂ ਗੁਰੂ ਵੀ ਉਥੇ ਕੈਦ ਸੀ। ਉਹ ਗਰਭਵਤੀ ਸੀ, ਬਸ ਖਾਲੀ ਨਜ਼ਰਾਂ ਨਾਲ ਝਾਕਦੀ ਰੋਂਦੀ ਰਹਿੰਦੀ ਸੀ। ਉਹ ਕੁਝ ਨਹੀਂ ਸੀ ਜਾਣਦੀ ਕਿ ਉਹਨੂੰ ਜੇਲ੍ਹ ਵਿਚ ਕਿਉਂ ਡੱਕਿਆ ਗਿਆ ਸੀ। ਬਾਕੀ ਕੈਦੀ ਉਸ ਨਾਲ ਕਿਸੇ ਮਹਾਂ ਗ਼ੱਦਾਰ ਵਾਂਗ ਸਲੂਕ ਕਰਦੇ। ਮੈਂ ਉਸ ਨਾਲ ਗੱਲ ਕਰਨ ਦਾ ਯਤਨ ਕੀਤਾ। ਮੈਂ ਕਿਹਾ, “ਛੇਤੀ ਹੀ ਮੈਂ ਰਿਹਾ ਹੋ ਜਾਵਾਂਗੀ, ਮੈਂ ਤੇਰੇ ਲਈ ਕੁਝ ਕਰ ਸਕਦੀ ਹਾਂ?” ਉਹ ਬਸ ਮੇਰੇ ਵੱਲ ਝਾਕੀ ਅਤੇ ਬੋਲੀ, “ਮੇਰੇ ਲਈ ਤੌਲੀਏ ਦਾ ਇੰਤਜ਼ਾਮ ਕਰ ਸਕਦੀ ਏਂ? ਮੇਰੇ ਕੋਲ ਤੌਲੀਆ ਨਹੀਂ ਹੈ।” ਕੁਝ ਸਾਲ ਬਾਅਦ ਉਹ ਬਰੀ ਹੋ ਗਈ, ਪਰ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਗਈ ਸੀ।
ਹੁਣ ਕੋਈ ਵੀ ਉਸ ਦੀ ਗੱਲ ਨਹੀਂ ਕਰਦਾ। ਉਸ ਪਿਛੋਂ ਮੈਂ ਇਸ ਕੇਸ ਨੂੰ ਗ਼ੌਰ ਨਾਲ ਵਾਚਿਆ। ਜਦੋਂ ਐਸ਼ਏæਆਰæ ਗਿਲਾਨੀ ਨੂੰ ਬਰੀ ਕੀਤਾ ਗਿਆ ਅਤੇ ਅਫ਼ਜ਼ਲ ਨੂੰ ਸਜ਼ਾ-ਏ-ਮੌਤ ਦਿੱਤੀ ਗਈ, ਮੈਂ ਉਸ ਮੁਕੱਦਮੇ ਦੇ ਸਾਰੇ ਅਦਾਲਤੀ ਕਾਗਜ਼ਾਤ ਇਕੱਠੇ ਕੀਤੇ ਅਤੇ ਪੂਰਾ ਸੂਟਕੇਸ ਭਰ ਕੇ ਗੋਆ ਚਲੀ ਗਈ। ਬਾਰਿਸ਼ ਦੀ ਰੁੱਤ ਸੀ, ਉਥੇ ਉਦੋਂ ਬਹੁਤ ਥੋੜ੍ਹੇ ਲੋਕ ਸਨ, ਤੇ ਮੈਂ ਝੁੱਗੀ ਜਿਹੀ ‘ਚ ਬੈਠ ਕੇ ਉਹ ਸਾਰਾ ਕੁਝ ਪੜ੍ਹਿਆ। ਮੈਂ ਹੈਰਾਨ ਰਹਿ ਗਈ। ਲਿਹਾਜ਼ਾ, ਮੈਂ ‘ਤੇ ਉਸ ਦੀ ਜ਼ਿੰਦਗੀ ਦਾ ਚਿਰਾਗ਼ ਬੁਝਣਾ ਹੀ ਚਾਹੀਦੈ’ ਲੇਖ ਲਿਖਿਆ (30 ਅਕਤੂਬਰ 2006) ਕਿ ਕਿਵੇਂ ਸਬੂਤ ਘੜੇ ਗਏ, ਕਿਸੇ ਅਦਾਲਤੀ ਅਮਲ ਦੀ ਪਾਲਣਾ ਨਹੀਂ ਕੀਤੀ ਗਈ, ਕਿਵੇਂ ਅਫ਼ਜ਼ਲ ਨੂੰ ਕਦੇ ਆਪਣਾ ਪੱਖ ਰੱਖਣ ਲਈ ਕੋਈ ਵਕੀਲ ਵੀ ਨਹੀਂ ਦਿੱਤਾ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਹਿਰਾਸਤ ਵਿਚ ਲਏ ਇਕਬਾਲੀਆ ਬਿਆਨਾਂ ਨੂੰ ਸਬੂਤ ਨਹੀਂ ਮੰਨਿਆ ਜਾ ਸਕਦਾ, ਪਰ ਮੀਡੀਆ ਨੇ ਵੱਖੋ-ਵੱਖਰੇ ‘ਇਕਬਾਲੀਆ ਬਿਆਨਾਂ’ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਟੇਪਾਂ ਉਸ ਦੇ ਖ਼ਿਲਾਫ਼ ਵਰਤੀਆਂ ਜੋ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਹਿਰਾਸਤ ਵਿਚ ਉਸ ਤੋਂ ਕਬੂਲ ਕਰਵਾਏ ਸਨ। ਪੁਲਿਸ ਨੇ ਇਥੇ ਲੋਧੀ ਐਸਟੇਟ ਵਿਚ ਉਹ ਫਿਲਮਾਏ ਸਨ। ਇਕ ਇਕਬਾਲੀਆ ਬਿਆਨ ਰਾਹੀਂ ਗਿਲਾਨੀ ਨੂੰ ਫਸਾਇਆ ਗਿਆ, ਦੂਜੇ ਰਾਹੀਂ ਕਿਸੇ ਹੋਰ ਨੂੰ।
ਉਹ ਮਰਜ਼ੀ ਨਾਲ ਚੁਣ ਸਕਦੇ ਸਨ ਕਿ ਕਿਹੜਾ ਇਕਬਾਲੀਆ ਬਿਆਨ ਦਿਖਾਉਣਾ ਹੈ। ਉਨ੍ਹਾਂ ਨੇ ਉਹ ਚੁਣਿਆ ਜੋ ਉਨ੍ਹਾਂ ਨੂੰ ਰਾਸ ਆਉਂਦਾ ਸੀ। ਮੀਡੀਆ ਨੇ ਇਹ ਸੱਤ ਸਾਲ ਬਾਅਦ ਦਿਖਾਇਆ ਜਦੋਂ ਉਹ ਅਜੇ ਜਿਉਂਦਾ ਸੀ, ਤੇ ਜਦੋਂ ਵੀਡੀਓ ਦਿਖਾਇਆ ਗਿਆ ਤਾਂ ਟੀæਵੀæ ਸਕਰੀਨ ਦੇ ਹੇਠਲੇ ਪਾਸੇ ਦਰਸ਼ਕਾਂ ਦੇ ਧੜਾਧੜ ਐਸ਼ਐਮæਐਸ਼ ਫਲੈਸ਼ ਹੋਣੇ ਸ਼ੁਰੂ ਹੋ ਗਏੇ। ਇਨ੍ਹਾਂ ਵਿਚ ਮੰਗ ਕੀਤੀ ਜਾ ਰਹੀ ਸੀ, “ਉਸ ਨੂੰ ਲਾਲ ਚੌਕ ਵਿਚ ਪਤਾਲੂਆਂ ਨੂੰ ਰੱਸਾ ਬੰਨ੍ਹ ਕੇ ਫਾਂਸੀ ਦਿਓ” ਵਗੈਰਾ। ਇੰਨੀ ਦਰਿੰਦਗੀ ਸੀ। ਜੇ ਕੋਈ ਪਾਗਲ ਹੋਏ ਮੁਲਕ ਦਾ ਬਾਸ਼ਿੰਦਾ ਹੋਵੇ, ਤਾਂ ਇਸ ਨੂੰ ਸਵੀਕਾਰ ਕਰ ਸਕਦਾ ਹੈ, ਪਰ ਇਥੇ ਅਸੀਂ ਕੁਝ ਹੋਰ ਹੀ ਦਿਖਾਵਾ ਕਰ ਰਹੇ ਹਾਂ। ਜਦੋਂ ਇਹ ਲੇਖ ਛਪਿਆ, ਤਾਂ ਚਿੱਠੀਆਂ ਛਪੀਆਂ: ‘ਅਫ਼ਜ਼ਲ ਗੁਰੂ ਨੂੰ ਬਖ਼ਸ਼ ਦਿਓ, ਪਰ ਅਰੁੰਧਤੀ ਰਾਏ ਨੂੰ ਫਾਹੇ ਲਾਓ’। ਸਭ ਕਾਸੇ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਉਸ ਨੂੰ ਫਾਹੇ ਲਾ ਦਿੱਤਾ, ਭਲੀਭਾਂਤ ਜਾਣਦੇ ਹੋਏ ਵੀ ਕਿ ਉਹ ਬੇਕਸੂਰ ਸੀ। ਇਹ ਸਿਆਸੀ ਚਾਲ ਸੀ, ਉਹ ਉਸ ਦੇ ਖ਼ੂਨ ਦੇ ਤਿਹਾਏ ਹਜੂਮ ਨੂੰ ਵੋਟਾਂ ‘ਚ ਬਦਲਣ ਦਾ ਲਾਹਾ ਲੈ ਰਹੇ ਸਨ; ਜੋ ਭਿਆਨਕ ਸੀ, ਬੁਜ਼ਦਿਲੀ ਸੀ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ। ਉਨ੍ਹਾਂ ਨੇ ਤਾਂ ਉਸ ਦੀ ਲਾਸ਼ ਵੀ ਉਸ ਦੇ ਪਰਿਵਾਰ ਨੂੰ ਨਹੀਂ ਦਿੱਤੀ। (ਫਾਂਸੀ ਤੋਂ ਪਹਿਲਾਂ ਸੂਚਨਾ ਦੇਣ ਵਾਲਾ) ਜਿਹੜਾ ਖ਼ਤ ਪਰਿਵਾਰ ਨੂੰ ਭੇਜਿਆ ਗਿਆ, ਉਹ ਜਾਣ-ਬੁਝ ਕੇ ਲੇਟ ਕੀਤਾ ਗਿਆ ਤਾਂ ਜੋ ਫਾਂਸੀ ਦੇਣ ਤੋਂ ਬਾਅਦ ਹੀ ਮਿਲ ਸਕੇ। ਇਹ ‘ਮੁੱਦੇ’ ਹੀ ਨਹੀਂ ਹਨ। ਕਸ਼ਮੀਰ ਵਿਚ ਹਿੰਦੁਸਤਾਨ ਦੀ ਹਕੂਮਤ ਵਲੋਂ ਢਾਹੀ ਜਾ ਰਹੀ ਵਹਿਸ਼ਤ ਮੁੱਦਾ ਹੀ ਨਹੀਂ ਹੈ। ਜੇ ਅਸੀਂ ਅਜਿਹਾ ਸਭ ਹਜ਼ਮ ਕਰਨ ਲਈ ਤਿਆਰ ਹਾਂ, ਤਾਂ ਅਸੀਂ ਖ਼ੁਦ ਨੂੰ ਨਸ਼ਟ ਕਰ ਰਹੇ ਹਾਂ, ਆਪਣੇ ਲਈ ਆਫ਼ਤ ਨੂੰ ਸੱਦਾ ਦੇ ਰਹੇ ਹਾਂ।
ਮੈਂ ਦੋ ਘਾਟੀਆਂ ਬਾਰੇ ਲਿਖਿਆ ਹੈ, ਨਰਮਦਾ ਘਾਟੀ ਅਤੇ ਕਸ਼ਮੀਰ ਘਾਟੀ। ਹੈਰਾਨੀ ਹੁੰਦੀ ਹੈ ਕਿ ਇਕ ਘਾਟੀ ਵਿਚ ਨਿਆਂ ਦੀ ਜ਼ੋਰਦਾਰ ਲਾਲਸਾ ਨੇ ਦੂਜੀ ਨੂੰ ਕਿਉਂ ਨਹੀਂ ਸਮਝਿਆ, ਜਾਂ ਉਸ ਉਪਰ ਕੋਈ ਪ੍ਰਭਾਵ ਕਿਉਂ ਨਹੀਂ ਪਾਇਆ; ਭਾਵ ਨਰਮਦਾ ਘਾਟੀ ਵਿਚ ਵਾਤਾਵਰਨ ਦੇ ਮੁੱਦਿਆਂ, ਜਿਵੇਂ ਡੈਮ ਕੀ ਹੈ, ਇਸ ਦਾ ਕੀ ਅਸਰ ਪੈਂਦਾ ਹੈ, ਸਥਾਨਕ ਆਰਥਿਕਤਾ ਬਾਰੇ, ਸੰਸਾਰ ਬੈਂਕ ਬਾਰੇ ਘੋਰ ਗ਼ਰੀਬੀ ਬਾਰੇ ਐਨੀ ਵਧੀਆ ਸਮਝਦਾਰੀ ਹੈ, ਪਰ ਕਸ਼ਮੀਰ ਦੇ ਲੋਕਾਂ ਨੂੰ ਕੀ ਝੱਲਣਾ ਪੈ ਰਿਹਾ ਹੈ, ਉਥੇ ਉਸ ਬਾਰੇ ਕੋਈ ਸਮਝਦਾਰੀ ਨਹੀਂ ਹੈ। ਉਧਰ, ਕਸ਼ਮੀਰ ਵਿਚ ਫ਼ੌਜ ਦੇ ਕਬਜ਼ੇ ਹੇਠ ਜਿਉਣਾ ਕੀ ਹੁੰਦਾ ਹੈ, ਇਸ ਬਾਰੇ ਤਾਂ ਖ਼ੂਬ ਸਮਝਦਾਰੀ ਹੈ, ਪਰ ਵੱਡਾ ਡੈਮ ਕੀ ਹੈ ਤੇ ਉਸ ਦੇ ਅਸਰ ਕੀ ਪੈਂਦੇ ਹਨ, ਜਿਸ ਢੰਗ ਨਾਲ ਨਵ-ਉਦਾਰਵਾਦੀ ਨੀਤੀਆਂ ਲੋਕਾਂ ਨੂੰ ਦਰੜਦੀਆਂ ਹਨ, ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ। ਮੈਂ ਤਾਂ ਉਸ ਤੰਦ ਦੀ ਗੱਲ ਕਰ ਰਹੀ ਹਾਂ ਜੋ ਮੈਂ ਫੜੀ ਹੈæææਇਹ ਹਰ ਕਿਸੇ ਲਈ ਤੰਦ ਨਹੀਂ ਹੋ ਸਕਦੀ, ਪਰ ਨਿਸ਼ਚੇ ਹੀ ਇਹ ਮੇਰੀ ਤੰਦ ਤਾਂ ਹੈ। ਇਸ ਸਭ ਕਾਸੇ ਨਾਲ ਉਹ ਜੁੜ ਜਾਂਦਾ ਹੈ ਜਿਸ ਨੂੰ ਜੌਹਨ ਬਰਜਰ ‘ਦੇਖਣ ਦਾ ਨਜ਼ਰੀਆ’ ਕਹਿੰਦਾ ਹੈ। ਇਹੀ ਹੈ ਜੋ ਸਾਹਿਤ ਹੈ, ਜੋ ਕਵਿਤਾ ਹੈ। ਇਹੀ ਹੈ ਜੋ ਇਸ ਨੂੰ ਹੋਣਾ ਚਾਹੀਦਾ ਹੈ।
ਅੱਜ ਦੇ ਹਿੰਦੁਸਤਾਨ ਵਿਚ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਪ੍ਰੇਸ਼ਾਨ ਕਰਦੀ ਹੈ?
ਅੱਜ ਅਸੀਂ ਜਿਸ ਦੌਰ ਵਿਚੋਂ ਗੁਜ਼ਰ ਰਹੇ ਹਾਂ, ਆਰæਐਸ਼ਐਸ਼ ਦੇ ਇਤਿਹਾਸ ਨੂੰ ਦੇਖਦੇ ਹੋਏ ਇਹ ਕਿਸੇ ਵਕਤ ਹੋ ਕੇ ਹੀ ਰਹਿਣਾ ਸੀ। ਅਸੀਂ ਇਹ ਇਮਤਿਹਾਨ ਕਿਵੇਂ ਪਾਸ ਕਰਦੇ ਹਾਂ, ਇਸ ਤੋਂ ਹੀ ਪਤਾ ਲੱਗੇਗਾ ਕਿ ਅਸੀਂ ਅਸਲ ਵਿਚ ਕਿਸ ਮਿੱਟੀ ਦੇ ਬਣੇ ਹੋਏ ਹਾਂ। ਅੱਜ ਹਰ ਸੰਸਥਾ, ਜੁਡੀਸ਼ਰੀ, ਵਿਦਿਅਕ ਸੰਸਥਾਵਾਂ ਉਪਰ ਜ਼ਹਿਰੀਲਾ, ਫਿਰਕੂ ਹਮਲਾ ਹੋ ਰਿਹਾ ਹੈ। ਤਾਲੀਮ ਦੇ ਕੇਂਦਰਾਂ ਵਜੋਂ ਯੂਨੀਵਰਸਿਟੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਫਿਰਕੂ ਮੂੜ੍ਹ-ਮਤੀਆਂ ਨੂੰ ਅਧਿਆਪਕ ਲਗਾਇਆ ਜਾ ਰਿਹਾ ਹੈ, ਸਿਲੇਬਸ ਨੂੰ ਵਿਦਵਤਾ ਤੋਂ ਵਾਂਝਾ ਕਰ ਕੇ ਗੰਵਾਰਾਂ ਦਾ ਮਨਪਸੰਦ ਮਸਾਲਾ ਭਰਿਆ ਜਾ ਰਿਹਾ ਹੈ। ਹਰ ਚੀਜ਼ ਦਾ ਫਾਸ਼ੀਵਾਦੀ ਨਜ਼ਰੀਏ ਤੋਂ ਭੰਨ-ਘੜ ਕੀਤਾ ਜਾ ਰਿਹਾ ਹੈ। ਇਹ ਸਿੱਧਾ ਢੰਗ ਹੈ। ਇਹ ਸਿਰਫ਼ ਸਿਆਸੀ ਪਾਰਟੀਆਂ ਅਤੇ ਸੱਤਾ ਦਾ ਸਵਾਲ ਨਹੀਂ ਹੈ। ਢਾਂਚੇ ਨੂੰ ਹੀ ਬਦਲਿਆ ਜਾ ਰਿਹਾ ਹੈ। ਇਹ ਇਸ ਮੁਲਕ ਦੀ ਰੂਹ, ਇਸ ਦੀ ਕਲਪਨਾ ਉਪਰ ਹਮਲਾ ਹੈ। ਇਹ ਗੰਭੀਰ ਮਾਮਲਾ ਹੈ। ਮੈਂ ਤਾਂ ਕਹਾਂਗੀ, ਕੁਝ ਪ੍ਰਤੀਕਰਮ ਹੌਸਲਾ ਦੇਣ ਵਾਲੇ ਹਨ। ਹਰ ਥਾਂ ਲੋਕ ਉਠ ਰਹੇ ਹਨ। ਐਫ਼ਟੀæਆਈæਆਈæ ਦੇ ਵਿਦਿਆਰਥੀਆਂ ਨੂੰ ਦੇਖੋ, ਉਨ੍ਹਾਂ ਨੇ ਕਮਾਲ ਕਰ ਦਿੱਤੀ ਹੈ। ਜਿਸ ਹਮਲੇ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਵਿਆਪਕ, ਡੂੰਘਾ ਅਤੇ ਖ਼ਤਰਨਾਕ ਹੈ, ਪਰ ਮੋਦੀ ਹਕੂਮਤ ਦੁਆਲੇ ਬੁਣਿਆ ਚੜ੍ਹਤ ਦਾ ਜਾਦੂ ਅਣਕਿਆਸੀ ਤੇਜ਼ੀ ਨਾਲ ਕਾਫ਼ੂਰ ਹੋ ਰਿਹਾ ਹੈ। ਯਾਕੂਬ ਮੈਮਨ ਨੂੰ ਫਾਂਸੀ ਇਸੇ ਦਿਸ਼ਾ ਵੱਲ ਕਦਮ ਹੈ। ਅਗਲੀਆਂ ਚੋਣਾਂ ਤੋਂ ਪਹਿਲਾਂ ਉਹ ਵੱਡੇ ਪੈਮਾਨੇ ‘ਤੇ ਫਿਰਕੂ ਦੰਗੇ ਭੜਕਾਉਣਗੇ। ਮੈਂ ਝੂਠੇ ‘ਦਹਿਸ਼ਤਪਸੰਦ’ ਹਮਲਿਆਂ ਅਤੇ ਪਾਕਿਸਤਾਨ ਨਾਲ ਜੰਗ, ਪਰਮਾਣੂ ਜੰਗ ਤੋਂ ਫ਼ਿਕਰਮੰਦ ਹਾਂ। ਇਸ ਤਰ੍ਹਾਂ ਦੀ ਆਤਮਘਾਤੀ ਬੇਵਕੂਫ਼ੀ ਸਰਹੱਦ ਦੇ ਦੋਵੇਂ ਪਾਸੇ ਦੀਆਂ ਹਕੂਮਤਾਂ ਅਤੇ ਮੀਡੀਆ ਕਰ ਸਕਦੇ ਹਨ।
ਤੁਸੀਂ ਕੌਮਾਂਤਰੀ ਪ੍ਰਸਿੱਧੀ ਵਾਲੀ ਲੇਖਕਾ ਹੋ ਪਰ ਤੁਸੀਂ ਲੇਖਕਾਂ ਦੇ ਭਾਈਚਾਰੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਤੁਸੀਂ ਸਾਹਿਤਕ ਮੇਲਿਆਂ ‘ਚ ਨਹੀਂ ਜਾਂਦੇ, ਹਾਲਾਂਕਿ ਤੁਸੀਂ ਇਕ ਭਾਈਚਾਰੇ ਦਾ ਹਿੱਸਾ ਹੋ ਜਿਸ ਨੂੰ ਕਾਰਕੁਨ ਕਿਹਾ ਜਾ ਸਕਦਾ ਹੈ?
ਮੈਂ ਯਕੀਨ ਨਾਲ ਨਹੀਂ ਕਹਿ ਸਕਦੀ ਕਿ ਲੇਖਕਾਂ ਦਾ ਕੋਈ ਭਾਈਚਾਰਾ ਹੈ। ਮੈਂ ਸ਼ੁੱਧਤਾਵਾਦੀ ਨਹੀਂ। ਮੈਂ ਤਾਂ ਸਿਰਫ਼ ਇਹੀ ਕਰ ਸਕਦੀ ਹਾਂ ਕਿ ਜੋ ਮੈਂ ਸੋਚਦੀ ਹਾਂ, ਉਹ ਕਹਿ ਦਿਆਂ। ਲੋਕ ਮੇਲਿਆਂ ਉਤੇ ਜਾਂਦੇ ਹਨ, ਅਕਸਰ ਉਨ੍ਹਾਂ ਦੀ ਸਰਪ੍ਰਸਤੀ ਕਾਰਪੋਰੇਸ਼ਨਾਂ ਅਤੇ ਫਾਊਂਡੇਸ਼ਨਾਂ ਕਰਦੀਆਂ ਹਨ ਜਿਨ੍ਹਾਂ ਦੇ ਮੈਂ ਖ਼ਿਲਾਫ਼ ਲਿਖਦੀ ਹਾਂ, ਪਰ ਮੇਰਾ ਕਹਿਣਾ ਇਹ ਨਹੀਂ ਕਿ ਮੈਂ ਉਨ੍ਹਾਂ ਤੋਂ ਵੱਧ ਖ਼ਰੀ ਹਾਂ। ਮੈਂ ਇੱਦਾਂ ਦੀ ਨਹੀਂ ਹਾਂ। ਉਹ ਚੀਜ਼ਾਂ ਮੈਨੂੰ ਪ੍ਰੇਸ਼ਾਨ ਕਰਦੀਆਂ ਹਨ, ਲਿਹਾਜ਼ਾ ਮੈਂ ਉਹ ਨਹੀਂ ਕਰਦੀ; ਪਰ ਜਿਉਣ ਲਈ ਦੁਨੀਆਂ ਬੜੀ ਜ਼ਾਲਮ ਥਾਂ ਹੈ, ਲੋਕਾਂ ਨੂੰ ਉਹ ਕੁਝ ਕਰਨਾ ਪੈਂਦਾ ਹੈ ਜੋ ਉਹ ਕਰਨਾ ਨਹੀਂ ਚਾਹੁੰਦੇ। ਮੇਰੇ ਕੋਲ ਚੋਣ ਦੀ ਖੁੱਲ੍ਹ ਹੈ। ਲਿਹਾਜ਼ਾ, ਮੈਂ ਚੋਣ ਕਰਦੀ ਹਾਂ। ਹਰ ਕਿਸੇ ਕੋਲ ਇਹ ਸਹੂਲਤ ਨਹੀਂ ਹੁੰਦੀ।
ਜਿਥੋਂ ਤਕ ‘ਕਾਰਕੁਨ’ ਲਫ਼ਜ਼ ਦਾ ਸਵਾਲ ਹੈ, ਮੈਂ ਯਕੀਨ ਨਾਲ ਨਹੀਂ ਕਹਿ ਸਕਦੀ, ਇਹ ਕਦੋਂ ਘੜਿਆ ਗਿਆ। ਮੇਰੇ ਵਰਗਿਆਂ ਨੂੰ ਲੇਖਕ-ਕਾਰਕੁਨ ਕਹਿਣ ਤੋਂ ਤਾਂ ਇਹੀ ਪਤਾ ਲਗਦਾ ਹੈ ਕਿ ਜਿਸ ਦੁਨੀਆਂ ਵਿਚ ਉਹ ਰਹਿੰਦੇ ਹਨ, ਉਸ ਬਾਰੇ ਲਿਖਣਾ ਲੇਖਕ ਦਾ ਕੰਮ ਨਹੀਂ, ਪਰ ਇਹੀ ਤਾਂ ਸਾਡਾ ਕੰਮ ਸੀ। ਇਹ ਬੜੀ ਅਜੀਬ ਗੱਲ ਹੈ, ਜਦੋਂ ਤਕ ਮੰਡੀ ਨੇ ਲੇਖਕਾਂ ਨੂੰ ਕਾਬੂ ਨਹੀਂ ਸੀ ਕੀਤਾ, ਲੇਖਕ ਇਹੀ ਤਾਂ ਕਰਦੇ ਸਨ। ਉਨ੍ਹਾਂ ਨੇ ਵਹਿਣ ਦੇ ਉਲਟ ਲਿਖਿਆ, ਉਹ ਸਰਹੱਦਾਂ ਦੇ ਪਹਿਰੇਦਾਰ ਬਣੇ, ਉਨ੍ਹਾਂ ਨੇ ਬਹਿਸਾਂ ਦੇ ਚੌਖਟੇ ਬਣਾਏ ਕਿ ਸਮਾਜ ਨੂੰ ਕਿਵੇਂ ਸੋਚਣਾ ਚਾਹੀਦਾ ਹੈ? ਉਹ ਖ਼ਤਰਨਾਕ ਲੋਕ ਹੁੰਦੇ ਸਨ। ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਮੇਲਿਆਂ ‘ਤੇ ਜਾਣਾ ਚਾਹੀਦਾ ਹੈ; ਕਿ ਤੁਸੀਂ ਸਭ ਤੋਂ ਵੱਧ ਵਿਕਣ ਵਾਲੇ ਲੇਖਕਾਂ ਦੀ ਸੂਚੀ ਵਿਚ ਹੋਣੇ ਚਾਹੀਦੇ ਹੋ; ਤੇ ਜੇ ਸੰਭਵ ਹੋਵੇ, ਤਾਂ ਬਣਦੇ-ਫੱਬਦੇ ਹੋਣੇ ਚਾਹੀਦੇ ਹੋ।