ਜਿਹੜੇ ਬੰਦੇ ਕਲਰਕ ਭਰਤੀ ਹੋ ਕੇ ਕਲਰਕ ਹੀ ਸੇਵਾ ਮੁਕਤ ਹੋ ਜਾਣ ਉਨ੍ਹਾਂ ਦੀਆਂ ਪਤਨੀਆਂ ਜੀਵਨ-ਜਾਚ ਤੋਂ ਉਖੜੇ ਅਜਿਹੇ ਮਨੁੱਖ ਨੂੰ ਦੰਦੀਆਂ ਚਿੰਘਾ ਕੇ ਕਹਿੰਦੀਆਂ ਹਨ, Ḕਦੱਸ ਤੈਂ ਕੀ ਪਿਆਰ ਵਿਚੋਂ ਖੱਟਿਆ?Ḕ ਅਸਲ ਵਿਚ ਇਨ੍ਹਾਂ ਦਾ ਪਰਿਵਾਰ ਨਹੀਂ, ਸਿਰਫ ਬੱਚੇ ਹੀ ਹੁੰਦੇ ਹਨ। ਇਹ ਸੋਚਦੇ ਨੇ ਤਬਦੀਲੀਆਂ ਨਹੀਂ ਆਉਣੀਆਂ ਚਾਹੀਦੀਆਂ। ਜਿਹੜੇ ਖਾਣ ਦਾ ਪ੍ਰਹੇਜ਼ ਨਹੀਂ ਰੱਖਦੇ, ਉਹ ਕਬਰ ਜੀਭ ਨਾਲ ਵਾਹੋ ਦਾਹੀ ਪੁੱਟਣ ਲੱਗੇ ਹੁੰਦੇ ਹਨ ਅਤੇ ਜਿਹੜੇ ਪੀਣ ‘ਤੇ ਕਾਬੂ ਨਾ ਰੱਖਣ ਉਨ੍ਹਾਂ ਨੂੰ ਧਰਤੀ ਨੇ ਆਪਣੇ ਆਪ ਵਿਹਲ ਦੇ ਦੇਣਾ ਹੁੰਦਾ ਹੈ।
ਜਿਨ੍ਹਾਂ ਕਤਲਾਂ ਦਾ ਕੋਈ ਕਾਰਨ ਨਾ ਹੋਵੇ ਉਹ ਧਰਮ ਜਾਂ ਮਜਹਬਾਂ ਦੇ ਖਾਤੇ Ḕਚੋਂ ਹੀ ਹੋਏ ਹੁੰਦੇ ਹਨ। ਕੁਦਰਤੀ ਮੌਤਾਂ ਨੇ ਛੇਤੀਂ ਭੁੱਲ ਜਾਣਾ ਹੁੰਦਾ ਹੈ ਤੇ ਸੰਤਾਲੀ ਅਤੇ ਚੁਰਾਸੀ ਵਾਂਗ ਕਈ ਜ਼ਖਮ ਏਨੇ ਅੱਲ੍ਹੇ ਰਹਿੰਦੇ ਹਨ ਕਿ ਧਰਮ ਰਾਜ ਤੋਂ ਵੀ ਇਨ੍ਹਾਂ ਦਾ ਕੋਈ ਇਲਾਜ ਨਹੀਂ ਹੋ ਸਕਣਾ ਹੁੰਦਾ। ਲਗਦਾ ਨਹੀਂ ਮਨੁੱਖ ਸੁਣ ਕੁਝ ਹੋਰ ਰਿਹਾ ਹੈ, ਕਹਿ ਕੁਝ ਹੋਰ ਰਿਹਾ ਹੈ? ਇਕ ਵਾਰ ਇਕ ਫਕੀਰ ਨੂੰ ਭੁੱਖ ਨੇ ਰੱਜ ਕੇ ਸਤਾਇਆ ਹੋਇਆ ਸੀ, ਚਾਹੁੰਦਾ ਉਹ ਗਰੀਬ ਘਰ ਤੋਂ ਕੁਝ ਖਾਣਾ ਸੀ ਪਰ ਚਲੇ ਮਹਿਲਾਂ ਵੱਲ ਗਿਆ। ਇਕ ਉਚੇ ਘਰ ਦਾ ਬੂਹਾ ਖੜਕਾ ਕੇ ਰੋਟੀ ਦੇ ਟੁੱਕ ਲਈ ਕਾਸਾ ਅੱਗੇ ਕੀਤਾ, ਅੰਦਰੋਂ ਖਫਾ ਹੋਏ ਮਾਲਕ ਨੇ ਦਰਵਾਜ਼ਾ ਚੀਂ ਦੇਣੀ ਖੋਲ੍ਹਿਆ ਅਤੇ ਇਕ ਦਮ ਇਹ ਕਹਿ ਕੇ ਬੰਦ ਕਰ ਦਿੱਤਾ, Ḕਸਾਡੀ ਮੱਝ ਨੇ ਤਾਂ ਕੱਟਾ ਦਿੱਤਾ ਹੈ।Ḕ ਫਕੀਰ ਨੂੰ ਮਰਨ ਤੱਕ ਵੀ ਸਮਝ ਨਾ ਲੱਗੀ ਕਿ ਗਲਤੀ ਅਸਲ Ḕਚ ਕਿਸ ਤੋਂ ਹੋਈ ਸੀ। ਟੈਲੀਫੋਨ ਨੰਬਰ ਗਲਤ ਮਿਲ ਜਾਣ ਤਾਂ ਕੋਈ ਗੱਲ ਨਹੀਂ, ਅੱਜ ਕੱਲ੍ਹ ਬੰਦੇ ਸਹੀ ਨਹੀਂ ਮਿਲਦੇ, ਫਿਰ ਕੀ ਕਰ ਸਕਦੇ ਹਾਂ? ਰੱਬ Ḕਤੇ ਵਿਸ਼ਵਾਸ ਕਰਨ ਵਾਲਾ ਧਰਮੀ ਬੰਦਾ ਵਿਲ੍ਹਕ ਰਿਹਾ ਹੈ ਤੇ ਵਧੀਕੀਆਂ ਕਰਨ ਵਾਲੇ ਦੀ ਜਾਨ ਸੁਖਾਲੀ ਨਿਕਲ ਰਹੀ ਹੈ। ਕਈ ਬੰਦਿਆਂ ਦਾ ਨਾਂ ਰਾਸ਼ਨ ਕਾਰਡ ਵਿਚ ਤਾਂ ਸਭ ਤੋਂ ਉਪਰ ਸੀ, ਵਿਹਲੜ ਤੇ ਨਿਖੱਟੂ ਹੋਣ ਕਰਕੇ ਪਛੜ ਜਾਂਦੇ ਤਾਂ ਚਲੋ ਠੀਕ ਸੀ ਪਰ ਇਹ ਸਾਰੀ ਉਮਰ ਮੁਖੀ ਹੋ ਕੇ ਵੀ ਪਰਿਵਾਰ ਲਈ ਸਮੱਸਿਆ ਬਣੇ ਰਹੇ। ḔਮਜਹਬḔ ਕਹਿੰਦੇ ਨੇ ਵੈਰ ਨਹੀਂ ਸਿਖਾਉਂਦਾ ਪਰ ਸੋਚ ਕੇ ਤਾਂ ਵੇਖਿਓ ਇਥੇ ਵਿਚਾਰੇ ਫੱਤੂ ਦਾ ਫਿਰ ਦੁਸ਼ਮਣ ਕੌਣ ਸੀ?
ਐਸ਼ ਅਸ਼ੋਕ ਭੌਰਾ
ਚੰਨ ਦੁਨੀਆਂ ਵਿਚ ਕਿਸੇ ਨੇ ਵੀ ਨਹੀਂ ਕਿਹਾ ਕਿ ਇਹ ਚੰਗਾ ਨਹੀਂ ਲਗਦਾ। ਮਾਂ ਪੁੱਤ ਨੂੰ ਤੇ ਪਤਨੀ ਪਤੀ ਨੂੰ ਚੰਨ ਆਖਦੀ ਰਹੀ ਹੈ। ਕਿਉਂਕਿ ਕਰਵਾ ਚੌਥ ਵਾਲੇ ਦਿਨ ਕੁਝ ਔਰਤਾਂ ਦਾ ਦੋ ਦੋ ਚੰਨਾਂ ਨਾਲ ਵਾਹ ਪੈਣਾ ਹੁੰਦਾ ਹੈ, ਇਸ ਲਈ ਉਹ ਕਈ ਵਾਰ ਪਤੀ ਨੂੰ ਚੰਨ ਵਰਗਾ ਨਹੀਂ, ਚੰਨ ਨੂੰ ਪਤੀ ਵਰਗਾ ਕਹਿਣ ਲੱਗ ਪੈਂਦੀਆਂ ਹਨ। ਕਿਤੇ ਉਨ੍ਹਾਂ ਔਰਤਾਂ ਦੀ ਪੀੜ ‘ਤੇ ਫੈਹਾ ਰੱਖ ਕੇ ਵੇਖਿਓ ਜਿਨ੍ਹਾਂ ਦੇ ਪਤੀ ਤਾਂ ਪਤਾ ਨਹੀਂ ਚੰਨ ਵਰਗੇ ਸਨ ਕਿ ਨਹੀਂ ਪਰ ਉਨ੍ਹਾਂ ਨੂੰ ਚਾਨਣੀਆਂ ਰਾਤਾਂ ਨੇ ਸਾਰੀ ਉਮਰ ਵਖਤ ਪਾਈ ਰੱਖਿਆ।
ਇਤਿਹਾਸ ਭਾਵੇਂ ਇਹ ਕਹਿੰਦਾ ਰਹੇ ਕਿ ਲੜਾਈ ਜਾਂ ਯੁੱਧ ਦੇ ਅੰਤਲੇ ਹਿੱਸੇ ਨੇ ਹੀ ਜਿੱਤ ਦਾ ਨਿਰਣਾ ਕਰਨਾ ਹੁੰਦਾ ਹੈ ਪਰ ਕਾਲੀਆਂ ਨੇਰ੍ਹੀਆਂ ਉਨ੍ਹਾਂ ਪਰਿਵਾਰਾਂ Ḕਤੇ ਚੜ੍ਹਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਪੁੱਤ ਜੰਗ ਨੇ ਖਾ ਲਏ ਹੁੰਦੇ ਨੇ। ਧੀਆਂ ਵੀ ਤੇ ਨੂੰਹਾਂ ਵੀ ਚਿੱਟੀ ਚੁੰਨੀ ਲੈਣ ਲੱਗ ਪਈਆਂ ਹੁੰਦੀਆਂ ਹਨ। ਉਨ੍ਹਾਂ ਲਈ ਚੰਨ ਨੂੰ ਗ੍ਰਹਿਣ ਲੱਗੇ ਜਾਂ ਨਾ ਲੱਗੇ ਕੁਝ ਵੀ ਫਰਕ ਨਹੀਂ ਪੈਣਾ ਹੁੰਦਾ।
ਸਿਆਣੇ ਕਹਿੰਦੇ ਹਨ ਕਿ ਵਰਤਮਾਨ, ਅਤੀਤ ਨਾਲ ਪਿੱਠ ਜੋੜ ਕੇ ਨਹੀਂ, ਹੱਥ ਜੋੜ ਕੇ ਖੜ੍ਹਾ ਹੁੰਦਾ ਹੈ ਤਾਂ ਕਿ ਭਵਿੱਖ ਵੱਲ ਸੰਭਲ ਕੇ ਖਿਸਕਿਆ ਜਾਵੇ ਪਰ ਕੌਣ ਦਾਅਵਾ ਕਰ ਸਕਦਾ ਹੈ ਕਿ ਧਰਮ ਦੇ ਨਾਂ ‘ਤੇ ਚਲਦੀਆਂ ਮੀਂਹ ਵਾਂਗ ਗੋਲੀਆਂ ਦੀ ਵਾਛੜ ਨਿੱਤ ਧਰਮ ਦੇ ਠੇਕੇਦਾਰ ਕਹਾਉਣ ਵਾਲੇ ਮਨੁੱਖ ਨੇ ਕਿਤੇ ਧਰਮੀ ਹੋਣ ਦਾ ਸੰਕੇਤ ਵੀ ਦਿੱਤਾ ਹੋਵੇ? ਧਰਮ ਸ਼ਾਂਤੀ ਲਈ ਹੱਥ ਜੋੜ ਰਿਹਾ ਹੈ ਪਰ ਠੇਕੇਦਾਰ ਖੂਨ ਦੀ ਹੋਲੀ ਦੇ ਤਿਓਹਾਰ ਦੀ ਉਡੀਕ ਵਿਚ ਹਨ। ਇਕ ਸਟੇਜ ‘ਤੇ ਪਹਿਲਾਂ ਤਰਕ ਦਿੱਤਾ ਜਾ ਰਿਹਾ ਸੀ, ਫਿਰ ਦਲੀਲਾਂ ਦੀ ਗੱਲ ਤੁਰ ਪਈ, ਫਿਰ ਤਲਖੀ ਆ ਗਈ ਤੇ ਫਿਰ ਧਰਮ ਦਾ ਝੰਡਾ ਉਪਰ ਉਠਿਆ, ਚਿੰਨ੍ਹ ਚਮਕਿਆ, ਜੈਕਾਰੇ ਨਾਅਰਿਆਂ ਵਿਚ ਬਦਲੇ ਤੇ ਇਕੱਠ ਹਜ਼ੂਮ ਵਿਚ ਬਦਲ ਗਿਆ। ਪਹਿਲਾਂ ਸਾਈਕਲ, ਫਿਰ ਸਕੂਟਰ, ਫਿਰ ਕਾਰ ਤੇ ਬੱਸ ਜਲਣ ਦੇ ਨਾਲ ਹੀ ਅੱਗ ਦੀਆਂ ਲਪਟਾਂ ਘਰਾਂ Ḕਚੋਂ ਨਿਕਲਣ ਲੱਗ ਪਈਆਂ। ਧਰਮੀ ਬੰਦਿਆਂ ਹੱਥੋਂ ਬੇਪੱਤ ਇਨਸਾਨੀਅਤ ਨੂੰ ਫਿਰ ਨਫਰਤ ਤੇ ਬੋਅ ਮਾਰਦੇ ਕਫਨ ਵਿਚ ਲਪੇਟ ਦਿੱਤਾ ਗਿਆ।
ਗੱਲਾਂ ਸੰਤਾਲੀ ਦੀਆਂ ਰੋ ਰੋ ਕੇ ਸੁਣਦੇ ਤੇ ਸੁਣਾਉਂਦੇ ਆਏ ਸਾਂ ਫਿਰ ਸੈਂਤੀ ਸਾਲਾਂ ਬਾਅਦ ਚੁਰਾਸੀ ਵਿਲਕਣ ਲੱਗ ਪਿਆ। ਅੱਖਾਂ ਦੇਖਣ ਦਾ ਕੰਮ ਕਰਨ ਤੋਂ ਮਨ੍ਹਾਂ ਕਰ ਦੇਂਦੀਆਂ ਨੇ ਜਦੋਂ ਦਿਲ ਵਿਲਕਦਾ ਹੋਵੇ।
ਸੁਨਹਿਰੀ ਯੁੱਗ ਅਸੀਂ ਆਪਣੀ ਉਮਰ ਵਿਚ ਨਹੀਂ ਦੇਖਿਆ। ਦੇਖਣ ਦੀ ਆਸ ਵੀ ਨਹੀਂ ਪਰ ਚੇਤੇ ਦੀ ਪੀੜ੍ਹਾ ਕਿਸੇ ਦੀ ਫਿਰ ਵਿੰਨ੍ਹੀ ਜਾਵੇ ਤਾਂ ਮੁਆਫੀ ਹੀ ਚਾਹਾਂਗਾ। ਸੱਥਾਂ ਊਂ ਏਦਾਂ ਜੁੜਦੀਆਂ ਤਾਂ ਬਹੁਤ ਥਾਂਵਾਂ ‘ਤੇ ਹੋਣਗੀਆਂ।
Ḕਨਛੱਤਰਾ ਵੇਖ ਲਾ ਦੀਪੇ ਸਾਲੇ ਨੇ ਬੁੜੀ ਮਾਰ Ḕਤੀ। ਇਨ੍ਹਾਂ ਕੰਜਰਾਂ ਦਾ ਭਰ ਕੇ ਬੇੜਾ ਡੁੱਬਣਾ,Ḕ ਬੰਤਾ ਸਿਹੁੰ ਨੇ ਬੋਹੜ ਦੇ ਥੜੇ ਨਾਲ ਸਾਈਕਲ ਖੜਾ ਕਰਦਿਆਂ ਅੰਦਰੋਂ ਫੂਕ ਮਾਰੀ।
Ḕਬੰਤਾ ਸਿੰਹਾਂ ਗੱਲ ਇਹ ਆ ਬਈ ਇਨ੍ਹਾਂ ਦਾ ਬੇੜਾ ਬਚਿਆ ਕਿਥੇ ਆ ਜਿਹੜਾ ਡੁੱਬ ਜੂ? ਇਨ੍ਹਾਂ ਸਾਲਿਆਂ ਦੇ ਤਾਂ ਕੀੜੇ ਵੀ ਨਹੀਂ ਪੈਣੇ।Ḕ ਨਛੱਤਰ ਸਿਹੁੰ ਨੇ ਵੀ ਬਰਾਬਰ ਦੀ ਹੀ ਕਰ ਦਿੱਤੀ।
Ḕਕੀੜੇ ਤਾਂ ਖੈਰ ਸਾਲਿਆਂ ਦੇ ਪੈਣੇ ਚਾਹੀਦੇ ਈ ਆ।Ḕ
Ḕਕੀੜੇ ਤਾਂ ਇਨ੍ਹਾਂ ਦੇ ਤਾਂ ਨ੍ਹੀਂ ਪੈਣੇ, ਕੀੜਿਆਂ ਨੇ ਵੀ ਸੋਚਣਾ ਬਈ ਐਨੇ ਗੰਦੇ ਬੰਦਿਆਂ ਦੇ ਕਾਹਨੂੰ ਪੈਣੈ।Ḕ
Ḕਸੰਤਾਂ ਸਿਹੁੰ ਤਾਂ ਸਾਲਾ ਭਰਾ ਦਾ ਟੱਬਰ ਮਾਰ ਕੇ ਜੇਲ੍ਹ Ḕਚ ਅੱਠੀਂ ਨੌਈਂ ਸਾਲੀਂ ਮਰਿਆ ਸੀ, ਇਹ ਸਾਲੇ ਕੰਜਰ ਦੇ ਦੀਪੇ ਨੇ ਤਾਂ ਛੇ ਮਹੀਨੇ ਨ੍ਹੀਂ ਕੱਟਣੇ। ਉਹ ਤਾਂ ਭੁੱਕੀ ਦਾ ਭੰਨ੍ਹਿਆ ਮਾੜਾ ਮੋਟਾ ਜੀ ਗਿਆ ਸੀ, ਸਮੈਕੀਏ ਸਾਲੇ ਤਾਂ ਚੌਵੀ ਘੰਟੇ ਬਾਅਦ ਮਰਨ ਨੂੰ ਫਿਰਦੇ ਆ।Ḕ ਹਜ਼ੂਰਾ ਸਿਹੁੰ ਨੇ ਵੀ ਸਾਫੇ ਨਾਲ ਮੂੰਹ ਪੂੰਝਦਿਆਂ ਥੜ੍ਹੇ ‘ਤੇ ਚੂਲਾ ਟਿਕਾ ਲਿਆ।
Ḕਬਈ ਨਛੱਤਰਾ ਮੈਨੂੰ ਤਾਂ ਲੱਗਦਾ ਬਈ ਧਰਮ ਰਾਜ ਨੇ ਨਰਕ ਦੇ ਨਕਸ਼ੇ ਦੀ ਨਕਲ ਇਨ੍ਹਾਂ ਨੂੰ ਭੇਜੀ ਹੋਣੀ ਆ, ਧੰਨੋ ਤਾਂ ਰੱਜ ਕੇ ਚੰਗੀ ਸੀ ਪਰ ਰੱਬ ਨੇ ਲੇਖ ਏਨੇ ਮਾੜੇ ਲਿਖੇ ਜਿਵੇਂ ਉਥੇ ਵੀ ਬੱਤੀ ਚਲੀ ਗਈ ਹੋਵੇ ਤੇ ਰੱਬ ਹਨੇਰੇ ਵਿਚ ਕਲਮ ਦਵਾਤ ਚੱਕੀ ਫਿਰਦਾ ਹੋਵੇ।Ḕ
Ḕਬਈ ਬੰਤਿਆ ਇਹ ਨਜ਼ਰ ਕਿਹਦੀ ਲੱਗੀ ਏ ਏਸ ਟੱਬਰ ਨੂੰ? ਇਹ ਘਰ ਵਿਚ ਹੀ ਇਕ ਦੂਜੇ ਨੂੰ ਮਾਰ ਕੇ ਮਰੀ ਜਾਂਦੇ ਆ।Ḕ
Ḕਬਈ ਮੈਨੂੰ ਤਾਂ ਬਹੁਤਾ ਪਤਾ ਨਹੀਂ। ਆਹ, ਬੁੜ੍ਹਾ ਫੱਗਣ ਸਿਹੁੰ ਆਉਂਦਾ ਇਹਨੂੰ ਪੁੱਛ ਲੈ ਸਾਰੀ ਗੱਲ।Ḕ
ਬੁੜ੍ਹੇ ਫੱਗਣ ਸਿਹੁੰ ਨੇ ਵੀ ਆਉਂਦੇ ਨੇ ਜਿਵੇਂ ਗੱਲ ਬੋਚ ਲਈ ਹੋਵੇ, Ḕਸੱਚੀਂ ਅਨਰਥ ਹੋਇਆ। ਕੁੱਤੇ ਦੀਪੇ ਨੇ ਦੋ ਕਨਾਲਾਂ ਦੀ ਖਾਤਰ ਮਾਂ ਮਾਰ’ਤੀ। ਕੱਲ ਦੀਪਾ ਸਾਲਾ ਸ਼ਾਹੂਕਾਰ ਦਿਆਲੇ ਨੂੰ ਗੰਢ-ਸੰਡ ਕਰਕੇ ਲਿਆਇਆ ਸੀ। ਉਹ ਧੰਨੋ ਨੂੰ ਕਹੇ, ਲਾ ਵਹੀ ‘ਤੇ ਗੂਠਾ ਪਰ ਉਹ ਕਹਿੰਦੀ, Ḕਮੈਂ ਨਹੀਂ ਸੂਤ ਭਰ ਵੀ ਵੇਚਣੀ, ਬਾਕੀ ਤਾਂ ਸਾਰੀ ਵੇਚ ਲਈ ਇਹ ਮੇਰੇ ਸਾਹਾਂ ਨਾਲ ਹੀ ਜਾਊ।Ḕ
‘ਸਾਲੇ ਦੀਪੇ ਨੇ ਨਸ਼ਾ ਪੱਤਾ ਖਰੀਦਣਾ ਸੀ, ਅੱਜ ਵਿਚਾਰੀ ਦੇ ਕੱਢḔਤੇ ਸਾਹ। ਲੈਗੀ ਹੁਣ ਪੁਲਸ। ਬਣਾਉਣਗੇ ਬੰਦਾ।Ḕ
Ḕਉਹ ਜ਼ਮਾਨਾ ਗਿਆ, ਬਾਂਦਰਾਂ ਤੋਂ ਹੁਣ ਨਹੀਂ ਬੰਦੇ ਬਣਨੇ, ਚੱਲ ਤਾਇਆ ਤੂੰ ਗੱਲ ਤਾਂ ਦੱਸ, ਏਨੀਂ ਵਿਰਾਨੀ ਇਨ੍ਹਾਂ ‘ਤੇ ਪਈ ਕਿਉਂ?Ḕ
Ḕਜ਼ਰਾ ਸੁਆਰ ਹੋ ਕੇ ਬਹਿ ਲਓ, ਕਹਾਣੀ ਬੜੀ ਲੰਬੀ ਐ ਤੇ ਹੈ ਵੀ ਬੜੀ ਧਾਂਹੀਂ ਰੁਆਉਣ ਵਾਲੀ। ਇਹ ਜਿਹੜਾ ਦੀਪੇ ਦਾ ਪਿਓ ਸੀ ਨੱਥੂ, ਇਹ ਨਾਨਕੀਂ ਆਇਆ ਸੀ। ਨਾਨੇ ਕਰਤਾਰ ਸਿਹੁੰ ਦੇ ਕੋਈ ਮੁੰਡਾ ਨਹੀਂ ਸੀ। ਇਹ ਸਾਰਾ ਪਿੰਡ ਤਾਂ ਸਮਝਦਾ ਸੀ ਕਿ ਫੱਤੂ ਤੇ ਨੱਥੂ ਦੋਵੇਂ ਸਕੇ ਭਰਾ ਆ। ਤੀਹ ਚਾਲੀ ਸਾਲ ਕਿਸੇ ਨੂੰ ਪਤਾ ਵੀ ਨਹੀਂ ਲੱਗਾ। ਜਦੋਂ ਕਰਤਾਰ ਸਿੰਘ ਮਰਿਆ ਤਾਂ ਦੋਹਤਿਆਂ ਨੂੰ ਜ਼ਮੀਨ ਵੰਡ ਕੇ ਦੇ ਗਿਆ, ਤਿੰਨ-ਤਿੰਨ ਕੀਲੇ। ਨੱਥੂ ਭੁੱਕੀ ਛਕਦਾ ਸੀ, ਉਹਨੇ ਕੰਜਰ ਨੇ ਦੋ ਢਾਈ ਕੀਲੇ ਵੇਚ ਵੱਟ ਕੇ ਖਾ ਲਏ।Ḕ
Ḕਤਾਇਆ ਦੋਹਾਂ ਭਰਾਵਾਂ ਦਾ ਇਤਫਾਕ ਤਾਂ ਬੜਾ ਸੀ ਫੇਰ ਬਰਬਾਦੀ ਦਾ ਸੇਕ ਕਿੱਥੋਂ ਪੈ ਗਿਆ?Ḕ
Ḕਉਹ ਨਛੱਤਰਾ ਜਾਂ ਤਾਂ ਮੇਰੀ ਗੱਲ ਧਿਆਨ ਨਾਲ ਸੁਣੀ ਜਾ, ਜਾਂ ਏਥੋਂ ਉਠ ਕੇ ਚਲਿਆ ਜਾ। ਮੈਨੂੰ ਪਤਾ ਤੇਰੀ ਕਤੂਰੇ ਵਾਂਗੂ ਜੀਭ ਅੰਦਰ ਨ੍ਹੀਂ ਵੜ੍ਹਨੀ। ਕਿੱਡੇ ਕਿੱਡੇ ਮੋਟੇ ਬੁੱਲ ਆ, ਊਠ ਅਰਗੇ ਸਾਲੇ ਦੇ।Ḕ
Ḕਮੈਂ ਭਲਾ ਤੀਵੀਂ ਜਿਹੜੀ ਸੁਰਖੀ ਲਾਉਣੀ ਆ ਬੁੱਲਾਂ ਨੂੰ, ਤੂੰ ਅੱਗੇ ਸੁਣਾ, ਹੁਣ ਨੀ ਬੋਲਦਾ।Ḕ
Ḕਨੱਥੂ ਤੇ ਫੱਤੂ ਹਰ ਗੱਲ ਸਾਂਝੀ ਕਰਦੇ ਸਨ। ਜਿਥੇ ਜਾਣਾ Ḕਕੱਠਿਆਂ ਨੇ ਜਾਣਾ, ਕੱਠਿਆਂ ਨੇ ਖਾਣਾ-ਪੀਣਾ। ਫੱਤੂ ਵਰਜਦਾ ਵੀ ਬਹੁਤ ਸੀ ਕਿ ਨਾ ਕਰ ਨਸ਼ੇ ਪੱਤੇ। ਚਲੋ ਖੈਰ! ਭਰਾਵਾਂ Ḕਚ ਮਨ ਮੁਟਾਵ ਤਾਂ ਮਾੜਾ-ਮੋਟਾ ਹੋ ਹੀ ਜਾਂਦਾ ਹੈ। ਨੱਥੂ ਨੇ ਕਹਿਣਾ ਮੇਰੇ ਤਾਂ ਕੱਲਾ ਦੀਪਾ ਈ ਆ, ਤੇਰੇ ਦੋ ਕੁੜੀਆਂ, ਤੂੰ ਰੱਖ ਸਾਂਭ ਕੇ, ਲੈਜੀਂ ਹਿੱਕ ਨਾਲ ਲਾ ਕੇ।Ḕ
Ḕਇਨ੍ਹਾਂ ਦਾ ਪਿੰਡ ਕਿਹੜਾ ਸੀ ਭਲਾ?Ḕ ਫਿਰ ਬੰਤਾ ਸਿਹੁੰ ਬੋਲ ਪਿਆ।
Ḕਤੈਂ ਵਿੰਗਿਆ ਜਿਹਾ ਅੰਬ ਲੈਣੇ ਆ ਪਿੰਡ ਤੋਂ, ਮੈਨੂੰ ਗੱਲ ਕਰਨ ਦੇ। ਅਸਲ ਵਿਚ ਇਹ ਪੁਆੜਾ ਤਾਂ ਸਾਲਾ ਊਂ ਪਿੰਡ ਜਾਣ ਕਰਕੇ ਹੀ ਪਿਆ। ਕਿਤੇ ਇਨ੍ਹਾਂ ਦੇ ਪਿੰਡ ਦਾ ਇਕ ਬਜ਼ੁਰਗ ਮਰ ਗਿਆ ਸੀ, ਠਾਕੁਰ ਸਿੰਘ, ਉਹ ਹੁੰਦਾ ਸੀ ਇਨ੍ਹਾਂ ਦੇ ਪਿਓ ਬੇਲਾ ਸਿੰਘ ਦਾ ਆੜੀ ਪੱਕਾ, ਰੌਲਿਆਂ ਵੇਲੇ ਦਾ। ਸਾਰਾ ਪਿੰਡ ਉਹਦਾ ਸਤਿਕਾਰ ਬੜਾ ਕਰਦਾ ਸੀ। ਇਹ ਨੱਥੂ ਕਿਤੇ ਉਹਦੇ ਅਫਸੋਸ ਨੂੰ ਪਿੰਡ ਗਿਆ। ਉਥੇ ਸੱਥ Ḕਚ ਬੈਠਿਆਂ ਦੀ ਗੱਲ ਤੁਰ ਪਈ ਕਿ ਬੇਲਾ ਸਿਹੁੰ ਏਨਾ ਚੰਗਾ ਬੰਦਾ ਸੀ ਕਿ ਜਿੱਦਣ ਰੌਲੇ ਪਏ, ਉਹਨੇ ਪਿੰਡ ਦੇ ਭਰਾਈ ਫਜ਼ਲ ਦੀਨ ਨੂੰ ਆਪਣੇ ਘਰ ਲੁਕੋ ਲਿਆ ਸੀ। ਸੱਤ ਅੱਠ ਮਹੀਨੇ ਦਾ ਉਹਦੇ ਕੋਲ ਮੁੰਡਾ ਸੀ। ਉਹਦੀ ਘਰ ਵਾਲੀ ਫਾਤਿਮਾ ਤੇ ਦੋ ਧੀਆਂ ਜ਼ਾਲਮਾਂ ਨੇ ਫਿਰਕੂ ਨਫਰਤ ਦੀ ਅੱਗ ਵਿਚ ਫੂਕ ਦਿੱਤੀਆਂ ਸਨ। ਬੇਲਾ ਸਿਹੁੰ ਨੇ ਦਾਣੇ ਪਾਉਣ ਵਾਲੀ ਕੋਠੀ Ḕਚ ਫਜ਼ਲਦੀਨ ਅਤੇ ਉਹਦੇ ਸੱਤ-ਅੱਠ ਮਹੀਨੇ ਦੇ ਪੁੱਤਰ ਮੁਹੰਮਦ ਅਸਲਮ ਦੀ ਜਾਨ ਬਚਾਉਣ ਲਈ ਲੁਕੋਇਆ ਹੋਇਆ ਸੀ। ਪੰਦਰਾਂ-ਵੀਹ ਦਿਨ ਏਦਾਂ ਹੀ ਲੰਘ ਗਏ। ਨਾ ਬੇਲਾ ਸਿਹੁੰ ਨੇ ਉਘ-ਸੁੱਘ ਨਿਕਲਣ ਦਿੱਤੀ ਅਤੇ ਨਾ ਉਹਦੀ ਘਰ ਵਾਲੀ ਸੰਤ ਕੌਰ ਨੇ ਹਮਦਰਦੀ ਦੀ ਭਾਫ ਬਾਹਰ ਨਿਕਲਣ ਦਿੱਤੀ।Ḕ
Ḕਤਾਇਆ ਗੱਲ ਤਾਂ ਦੀਪੇ ਦੀ ਕਰਦੇ ਸੀ ਤੂੰ ਕਿੱਥੇ ਫਜ਼ਲਦੀਨ ਵੱਲ ਨੂੰ ਚਲਾ ਗਿਐਂ।Ḕ
Ḕਕੰਜਰ ਦਿਆ ਬੁਲੀ ਕੁੱਤੇ ਵਰਗਾ ਮੂੰਹ ਐ ਤੇਰਾ, ਪਾਟਿਆ ਵੀ ਕੰਨਾ ਤੱਕ ਐ, ਭੌਂਕੀ ਜਾਨੈਂ, ਜੇ ਬਹਿਣਾ ਤਾਂ ਚੁੱਪ ਕਰਕੇ ਬਹਿ ਜਾਹ, ਨਹੀਂ ਤਾਂ ਮੈਂ ਤੇਰੇ ਖੂੰਡੀ ਮਾਰਨੀ ਐ ਮੌਰਾਂ Ḕਚ।Ḕ
ਬੰਤਾ ਸਿਹੁੰ ਕਹਿਣ ਲੱਗਾ, Ḕਤਾਇਆ ਤੂੰ ਆਪਣੀ ਗੱਲ ਕਰੀ ਜਾ, ਇਹਨੂੰ ਠੇਲੇ ਜਿਹੇ ਨੂੰ ਰੁੜ੍ਹੀ ਜਾਣ ਦੇਹ, ਐਡਾ ਭੈੜਾ ਕਿ ਇਹਦੇ ਮੂੰਹ ਵਿਚ ਜੁੱਤੀ ਦੇਈ ਜਾਓ, ਇਹਨੇ ਫਿਰ ਵੀ ਨਹੀਂ ਹਟਣਾ।Ḕ
ਕਿਤੇ ਪਿੰਡ ਦੇ ਲੰਬੜਦਾਰ ਨੇ ਬੇਲਾ ਸਿੰਘ ਦੇ ਘਰ ਕੋਲ ਦੀ ਲੰਘਦਿਆਂ ਜੁਆਕ ਦੇ ਰੋਣ ਦੀ Ḕਵਾਜ ਸੁਣ ਲਈ। ਪਾ Ḕਤਾ ਪਿੰਡ Ḕਚ ਰੌਲਾ ਲੁੱਚੇ ਨੇ ਬਈ ਬੇਲਾ ਸਿਓਂ ਨੇ ਮੁਸਲਮਾਨ ਲੁਕੋਏ ਆ। ਭੂਤਰੀ ਮੁੰਡੀਰ ਲਹੂ ਨਾਲ ਲਿੱਬੜੀਆਂ ਉਹੀ ਤਲਵਾਰਾਂ ਲੈ ਕੇ ਫਿਰ ਹਰਲ ਹਰਲ ਕਰਦੀ ਆ ਵੜੀ। ਕੱਢ ਲਿਆ ਫਜ਼ਲਦੀਨ ਕੋਠੀ ਵਿਚੋਂ। ਧਾਹਾਂ ਮਾਰੇ, ਕੁੱਛੜ ਚੁੱਕਿਆ ਜੁਆਕ ਉਚੀ ਉਚੀ ਰੋਵੇ। ਬਥੇਰੇ ਤਰਲੇ ਕਰੇ ਕਿ ਮੈਨੂੰ ਮਾਰੋ ਨਾ ਮੈਂ ਪਿੰਡ ਦਾ ਵੱਗ ਚਾਰਿਆ ਕਰੂੰ, ਮੇਰਾ ਪੁੱਤ ਤੁਹਾਨੂੰ ਪਾਣੀ ਪਿਆਇਆ ਕਰੂ, ਗੰਦ ਢੋ ਦਿਆ ਕਰੂ ਸਾਰੇ ਪਿੰਡ ਦਾ। ਪਰ ਭੂਤਰੇ ਕਹਿਣ, ਤੂੰ ਚਲਾਕੀ ਕੀਤੀ ਐ, ਲੁਕ ਗਿਆ ਸੀ, ਤੈਨੂੰ ਦੱਸਦੇ ਆਂ, ਤੇਰੇ ਤਾਂ ਟੁਕੜੇ ਕਰਨੇ ਆ।
ਬੇਲਾ ਸਿਹੁੰ ਤੇ ਸੰਤ ਕੌਰ ਨੇ ਵੀ ਉਨ੍ਹਾਂ ਦੇ ਪੈਰਾਂ Ḕਚ ਪੱਗ ਤੇ ਚੁੰਨੀ ਧਰੀ, ਵੇ ਜ਼ਾਲਮੋਂ ਨਾ ਮਾਰੋ। ਪਰ ਕਿੱਥੇ? ਧੂਹ ਕੇ ਉਸੇ ਪੁਰਾਣੇ ਬੋਹੜ ਥੱਲੇ ਲੈ ਗਏ ਜਿਥੇ ਕਈ ਦਿਨ ਬੇਕਸੂਰੇ ਤੇ ਮਸੂਮਾਂ ਦੀ ਰੱਤ ਡੁੱਲਦੀ ਰਹੀ ਸੀ। ਫਜ਼ਲਦੀਨ ਨੂੰ ਕਹਿੰਦੇ Ḕਇਹਦਾ ਨੰਬਰ ਬਾਅਦ ਵਿਚ ਆਊਗਾ, ਇਹਨੂੰ ਪਰ੍ਹੇ ਰੱਖ ਹਾਲੇ, ਨਿੱਕੀ ਸੂਲ ਅਸਲਮ ਨੂੰḔ ਤੇ ਚੀਕ ਮਾਰ ਕੇ ਫਜ਼ਲਦੀਨ ਨੇ ਆਪਣੀਆਂ ਆਂਦਰਾਂ ਦਾ ਗੁੱਛਾ ਹੇਠਾਂ ਬਿਠਾ ਦਿੱਤਾ।
ਕਹਿੰਦੇ ਨੇ, ਬੱਚਾ ਸਹਿਮ ਗਿਆ, ਰੋਣਾ ਚੁੱਪ, ਜਿਵੇਂ ਉਹਦਾ ਉਪਰ ਵਾਲੇ ਨੇ ਮਰਨ ਤੋਂ ਪਹਿਲਾਂ ਹੀ ਸਾਹ ਸੂਤ ਲਿਆ ਹੋਵੇ। ਲੁੱਡੀਆਂ ਪਾਉਂਦੀ, ਲਲਕਾਰੇ ਮਾਰਦੀ ਭੀੜ ਨੇ ਲੰਘਾḔਤੀ ਢਿੱਡ ਵਿਚ ਦੀ ਫਿਰ ਪਹਿਲੀ ਖੂਨੀ ਤਲਵਾਰ। ਫਜ਼ਲਦੀਨ ਦਾ ਸਰੀਰ ਪਲਾਂ ਵਿਚ ਹੀ ਟੁਕੜੇ ਟੁਕੜੇ ਕਰ ਦਿੱਤਾ, ਖੂਨ ਦਾ ਛੱਪੜ ਲੱਗ ਗਿਆ। ਢਲਦੇ ਸੂਰਜ ਦੀਆਂ ਜਿਵੇਂ ਲੇਰਾਂ ਨਿੱਕਲ ਗਈਆਂ ਤੇ ਪਤਾ ਨਹੀਂ ਇਹ ਜ਼ਾਲਮ ਰਾਖਸ਼ ਫਿਰ ਕਿਥੇ ਨੂੰ ਭੰਗੜੇ ਪਾਉਂਦੇ ਚਲੇ ਗਏ।
Ḕਤਾਇਆ, ਉਸ ਮਸੂਮ ਦਾ ਕੀ ਬਣਿਆ?Ḕ
Ḕਆਹ ਤਾਂ ਨਛੱਤਰਾ ਤੇਰੀ ਗੱਲ ਪੁੱਛਣ ਵਾਲੀ ਐ। ਕਿਤੇ ਅੱਧੀ ਰਾਤ ਨੂੰ ਬੇਲਾ ਸਿਉਂ ਨੂੰ ਵੀ ਚੇਤਾ ਆਇਆ ਕਿ ਜੁਆਕ ਦਾ ਕੀ ਬਣਿਆ? ਉਹ ਬਿਸਤਰੇ ਵਿਚੋਂ ਉਠਿਆ ਤੇ ਉਸੇ ਬੋਹੜ ਹੇਠ ਜਾ ਪਹੁੰਚਿਆ। ਉਹਨੇ ਆਲਾ-ਦੁਆਲਾ ਵੇਖਿਆ, ਮੁਹੰਮਦ ਅਸਲਮ ਕਿਤੇ ਵੀ ਨਜ਼ਰੀਂ ਨਹੀਂ ਸੀ ਪੈਂਦਾ। ਫਿਰ ਉਹਨੇ ਲਾਲਟੈਨ ਦੀ ਪੂਰੀ ਬੱਤੀ ਚੱਕ ਕੇ ਵੀ ਲੱਭਣ ਲਈ ਨਿਗ੍ਹਾ ਮਾਰੀ ਪਰ ਬਾਲੜੀ ਜਿੰਦ ਕਿਤੇ ਵੀ ਦਿਖ ਨਹੀਂ ਰਹੀ ਸੀ। ਫਜ਼ਲਦੀਨ ਦੇ ਲੋਥੜਿਆਂ ਤੋਂ ਧੌੜੀ ਦੀ ਜੁੱਤੀ ਦਾ ਪੈਰ ਜਦੋਂ ਤਿਲਕ ਕੇ ਬੇਲਾ ਸਿਹੁੰ ਡਿਗਿਆ ਤਾਂ ਲਾਲਟੈਨ ਤਾਂ ਦੂਰ ਕਿਤੇ ਜਾ ਡਿਗੀ ਪਰ ਉਹਦਾ ਇਕ ਹੱਥ ਬੋਹੜ ਦੀ ਖੁੱਡ ਵਿਚ ਜਾ ਪਿਆ। ਉਹੀ ਕੱਚੀ ਗੰਦਲ ਅਸਲਮ ਜਿਵੇਂ ਰੁੜ੍ਹ ਕੇ ਉਥੇ ਲੁਕ ਕੇ ਬੈਠ ਗਿਆ ਹੋਵੇ। ਉਹਨੇ ਕੱਢਿਆ, ਚੁੰਮ ਕੇ ਮੱਥੇ ਨਾਲ ਲਾਇਆ, ਜੁੱਤੀ ਦਾ ਦੂਆ ਪੈਰ ਵੀ ਉਥੇ ਲਾਹ ਕੇ ਸੁੱਟਿਆ ਤੇ ਭੱਜਾ ਸੰਤ ਕੌਰ ਦੇ ਗਲ ਜਾ ਲੱਗਿਆ। Ḕਧਾਹ ਤਾਂ ਨਹੀਂ ਮਾਰੀ ਪਰ ਅੰਦਰ ਵਿਲ੍ਹਕਿਆ, ਸੰਤ ਕੌਰੇ ਫਜ਼ਲਦੀਨ ਦੀ ਨਿਸ਼ਾਨੀ ਬਚਾ ਲਿਆਇਆਂ, ਇਹਦੇ ਮੂੰਹ Ḕਚ ਪਾਣੀ ਦਾ ਚਮਚਾ ਪਾ, ਮੈਂ ਸੈਕਲ ਕੱਢਦਾਂ, ਆਪਾਂ ਇਹ ਪਿੰਡ ਹੁਣੇ ਹੀ ਛੱਡ ਦੇਣੈ ਤੇ ਬੇਲਾ ਸਿਹੁੰ ਦਿਨ ਚੜ੍ਹਦੇ ਨੂੰ ਪੁੱਜ ਗਿਆ ਏਸ ਪਿੰਡ ਵਿਚ ਆਪਣੇ ਸਹੁਰੀਂ।Ḕ
Ḕਇਹ ਜਿਹੜਾ ਫੱਤੂ ਆ, ਇਹ ਉਹੀ ਫੱਤੂ ਆ ਜਿਹੜਾ ਫਜ਼ਲਦੀਨ ਸੀ।Ḕ ਮਸੋਸ (ਅਫਸੋਸ) ਲਈ ਜੁੜੇ ਲੋਕਾਂ ਵਿਚ ਨੱਥਾ ਸਿਹੁੰ ਉਠ ਕੇ ਖੜਾ ਹੋ ਗਿਆ। ਚੀਕ ਕੇ ਬੋਲਿਆ ਫਿਰ ਫੱਤੂ ਮੇਰਾ ਭਰਾ ਨਹੀਂ ਸੀ ਸਕਾ?
ਲੋਕਾਂ ਨੇ ਕਿਹਾ Ḕਉਹ ਬਹਿ ਜਾ ਬਹਿ ਜਾ ਉਹ ਤਾਂ ਤੇਰਾ ਸਕਿਆਂ ਤੋਂ ਵੀ ਵੱਧ ਐ।Ḕ
ਗੁੱਸੇ ਅਤੇ ਨਫਰਤ Ḕਚ ਮੱਚਦਾ ਨੱਥਾ ਸਿਹੁੰ ਰੌਲਿਆਂ ਨੂੰ ਭੁੱਲ ਗਿਆ ਤੇ ਸਿੱਧੇ ਆਉਂਦੇ ਨੇ ਫੱਤੂ ਨਾਲ ਰੌਲਾ ਪਾ ਲਿਆ। ਧੂਹ ਲਈ ਤਲਵਾਰ ਮਿਆਨ ‘ਚੋਂ, ਦੋਏਂ ਧੀਆਂ ਬਚਨੀ ਅਤੇ ਪਾਲੋ ਮਾਰ ਮੁਕਾਈਆਂ, ਫਿਰ ਆਪਣੀ ਭਰਜਾਈ ਬੰਤੀ। ਤੇ ਜਦੋਂ ਫੱਤੂ ਦੇ ਢਿੱਡ ਚੀਂ ਲੰਘਾਉਣ ਲੱਗਾ ਤਾਂ ਤਰਲਾ ਇਕ ਵੇਰ ਫੇਰ ਉਠਿਆ। ਫੱਤੂ ਕਹਿਣ ਲੱਗਾ, Ḕਮੇਰੀ ਗੱਲ ਤਾਂ ਸੁਣ ਲੈ।’ ਪਰ ਕਿਥੇ? ਗੁੱਸੇ Ḕਚ ਉਬਲਦਾ ਨੱਥੂ ਕਹੇ, ਤੂੰ ਤਾਂ ਵਾਘਿਓਂ ਪਾਰ ਹੋਣਾ ਚਾਹੀਦਾ ਸੀ ਇਥੇ ਕਿੱਦਾਂ? ਤੂੰ ਤਾਂ ਭਰਾਈਆਂ ਦਾ ਮੁੰਡਾ ਸੀ ਤੇ ਮੈਂ ਸਰਦਾਰਾਂ ਦਾ। ਤੇ ਢਿੱਡ ਵਿਚੋਂ ਦੀ ਜਦੋਂ ਦੋ ਪਾਸੀ ਤਲਵਾਰ ਲੰਘੀ ਤਾਂ ਫੱਤੂ ਚੀਕਿਆ, Ḕਉਹ ਮੇਰਿਆ ਡਾਢਿਆ! ਤੂੰ ਮੈਨੂੰ ਉਦੋਂ ਕਿਉਂ ਨਾ ਮਾਰਿਆ ਜਦੋਂ ਮੈਂ ਕੱਲ੍ਹਾ ਸੀ, ਉਦਣ ਮਰ ਜਾਂਦਾ ਤਾਂ ਚੰਗਾ ਹੁੰਦਾ, ਇਹ ਤਿੰਨ ਜਿੰਦੜੀਆਂ ਮੇਰੇ ਨਾਲ ਮਜਹਬ ਦੀ ਬਲੀ ਨਾ ਚੜ੍ਹਦੀਆਂ, ਉਹ ਨੀਲੀ ਛੱਤ ਵਾਲਿਆ ਕਾਹਨੂੰ ਖੋਲ੍ਹਣਾ ਸੀ ਇਹ ਭੇਤ?Ḕ ਕਿਥੇ ਆ ਤੇਰਾ ਧਰਮ, ਤੇ ਕਿਹੜੇ ਤੇਰੇ ਮਜਹਬ? ਬਚਨੀ ਤਾਂ ਨੱਥੂ ਦੇ ਬੱਚਿਆਂ ਦੀ ਮਾਸੀ ਵੀ ਲੱਗਦੀ ਸੀ ਤੇ ਤੂੰ ਦੱਸ ਤਾਂ ਸਹੀਂ ਫਿਰ ਇਨ੍ਹਾਂ ਦੀਆਂ ਰਗਾਂ ਵਿਚ ਕਿਹੜੇ ਮਜਹਬ ਦਾ ਖੂਨ ਦੌੜਦਾ ਹੈ, ਤੇ ਨਿਕਲ ਗਿਆ ਘੰਡ ਵਿਚੋਂ ਆਖਰੀ ਸਾਹ।Ḕ
ਪਾਗਲ ਹੋਇਆ ਨੱਥੂ ਤਿੰਨ ਕਿੱਲਿਆਂ ‘ਤੇ ਕਬਜ਼ਾ ਹੋਣ Ḕਤੇ ਤਾਂ ਖੁਸ਼ ਸੀ ਪਰ ਧੂਹ ਕੇ ਪੁਲਿਸ ਨੇ ਜਦੋਂ ਜੀਪ ਵਿਚ ਸੁੱਟਿਆ ਤਾਂ ਉਹਨੂੰ ਨਹੀਂ ਪਤਾ ਸੀ ਕਿ ਜਿੱਦਣ ਮੇਰੀ ਲਾਸ਼ ਜੇਲ੍ਹ ‘ਚੋਂ ਪਰਤੇਗੀ ਉਦਣ ਇਨ੍ਹਾਂ ਤਿੰਨਾਂ ਵਿਚੋਂ ਪੌਣੇ ਤਿੰਨ ਕੀਲੇ ਦੀਪੇ ਨੇ ਵੇਚ ਵੱਟ ਕੇ ਖਾ ਚੁੱਕਾ ਹੋਣਾ ਸੀ।
ਤੇ ਇਹ ਉਹ ਕੰਜਰ, ਲੁੱਚਾ ਤੇ ਕੁੱਤਾ ਦੀਪਾ ਆ ਜਿਹੜਾ ਨੱਥੂ ਦੀ ਔਲਾਦ ਐ, ਗੱਦਾਰ ਮੱਕਾਰ ਨੱਥੂ ਦੀ ਤੇ ਇਨ੍ਹਾਂ ਸਾਲਿਆਂ ਨੂੰ ਦੋਹੀਂ ਜਹਾਨੀ ਢੋਈ ਵੀ ਨਹੀਂ ਮਿਲਣੀ।Ḕ
Ḕਖੁੱਲ੍ਹ ਗਿਆ ਕਪਾਲ, ਅੱਛਾ ਇਹ ਨੱਥੂ ਤੇ ਫੱਤੂ, ਐਡੇ ਧਰਮੀ ਬਾਬਲ ਬੇਲਾ ਸਿਹੁੰ ਦੀ ਔਲਾਦ ਸੀ।’
Ḕਅੱਜ ਤਾਂ ਦਿਨ ਹੀ ਮਾੜਾ ਚੜ੍ਹਿਆæææਅੱਜ ਤਾਂ ਮਨ ਹੀ ਖਰਾਬ ਹੋ ਗਿਆæææਅੱਜ ਨ੍ਹੀਂ ਰੋਟੀ ਦਾ ਟੁੱਕ ਮੂੰਹ ਨੂੰ ਲਾਉਣਾæææਕਦੇ ਕਿਸੇ ਮਜਹਬੀ ਅਸਥਾਨ ‘ਤੇ ਸਿਰ ਨ੍ਹੀਂ ਨੀਵਾਂ ਕਰਨਾ ਤੇ ਨਾ ਮਜਹਬਾਂ ਦੇ ਨਾਂ ‘ਤੇ ਨਫਰਤ ਫੈਲਾਉਣ ਵਾਲਿਆਂ ਦੇ ਹੱਕ Ḕਚ ਕਦੇ ਮਜਹਬੀ ਜੈਕਾਰੇ ਛੱਡਣੇ ਨੇ।Ḕ
ਇਹ ਕਹਿੰਦਿਆਂ ਨਛੱਤਰ, ਬੰਤਾ ਤੇ ਹਜ਼ੂਰਾ ਸਿਹੁੰ ਉਠ ਕੇ ਤੁਰ ਪਏ। ਜਿਵੇਂ ਪਾਣੀਆਂ ਨੂੰ ਸੰਤਾਲੀ ਵਾਂਗ ਫਿਰ ਅੱਗ ਲੱਗ ਗਈ ਹੋਵੇ। ਲੱਗਦਾ ਨਹੀਂ ਧਰਮ ਤੇ ḔਮਜਹਬḔ ਜਨੂੰਨੀ ਮਨੁੱਖ ਨੂੰ ਕੁਰਾਹੇ ਪਾਉਂਦੇ ਹੀ ਰਹਿਣਗੇ?
ਕਿਉਂਕਿ ਕਈ ਇੰਤਕਾਲ ਰੱਬ ਦੇ ਨਾਮ Ḕਤੇ ਵੀ ਗਲਤ ਚੜ੍ਹੇ ਹੋਏ ਹਨ।
ਗੱਲ ਬਣੀ ਕਿ ਨਹੀਂ?
ਐਸ ਅਸ਼ੋਕ ਭੌਰਾ
ਕਾਂ! ਹੁਣ ਉਹ ਨਾæææ
ਗਾਲ੍ਹੜ ਨੇ ਪਟਵਾਰੀ ਬਣ ਗਏ, ਕੀਤਾ ਬਾਗ ਵੀਰਾਨ,
ਹੁਣ ਵੇ ਕਾਲਿਆ ਕਾਂਵਾਂ, ਤੈਥੋਂ ਬੰਦੇ ਵੱਧ ਸ਼ੈਤਾਨ।
ਫੋਨਾਂ ਉਤੇ ਮੈਸੇਜ ਹੋ ਗਏ, ਚਿੱਠੀ ਨਾ ਕੋਈ ਪਾਵੇ,
ਚੂਰੀ ਦਾ ਹੁਣ ਲਾਲਚ ਦੇ ਕੇ, ਤੈਨੂੰ ਕੌਣ ਉਡਾਵੇ।
ਚਿੜੀਆਂ ਦੇ ਅਰਮਾਨ ਵੀ ਹੋ ਗਏ, ਸਾਰੇ ਚਕਨਾਚੂਰ,
ਜਿਸਮ ਦੀ ਮੰਡੀ ਵਿਕ ਰਹੀ, ਹੁਣ ਫਿਰ ਬਸਰੇ ਦੀ ਹੂਰ।
ਬੇਸੁਰੇ ਹੁਣ ਹੋ ਰਹੇ ਨੇ, ਨਿੱਤ ਕੋਇਲਾਂ ਦੇ ਬੋਲ,
ਘੁੱਗੀਆਂ ਕਰਦੀਆਂ ਫਾਇਰ, ਤੇ ਇਥੇ ਇੱਲਾਂ ਚੁਗਦੀਆਂ ਖੋਲ਼।
ਮਿਹਣਾ ਕਾਲੇ ਰੰਗ ਦਾ, ਤੂੰ ਦਿੱਤਾ ਏ ਲਾਹ,
ਬੰਦਾ ਸਿਰ ਪੁਆ ਰਿਹੈ ਤੈਥੋਂ ਵੱਧ ਸੁਆਹ।
ਬੀਵੀ ਨੇ ਹੈ ਰੱਖਿਆ ਬੰਦਾ, ਤੱਕਲੇ ਵਾਗੂੰ ਚੰਡ,
ਵੇਖੀਂ ਆਥਣੇ ਸੁਬ੍ਹਾ ਨੂੰ, ਹੁੰਦੀ ਕਿੱਦਾਂ ਝੰਡ?
ਪੀ ਕੇ ਟਾਹਰਾਂ ਮਾਰਦੇ, ਸਿਰ ਤੋਂ ਲਾਹ ਕੇ ਛੱਤ,
ਬੱਤੀਆਂ ਬੁਝਣ Ḕਤੇ ਹੋਂਵਦੀ, ਨ੍ਹੇਰੇ ਵਿਚ ਕੁਪੱਤ।
ਬਗਲਿਆਂ ਵਾਗੂੰ ਚਿੱਟੇ ਪਾ ਕੇ, ਘੁੰਮਦੇ ਵੇਖੀਂ ਚੋਰ,
ਠੇਕੇ ਮੂਹਰੇ ਪਾਏਗਾ, ਪੀ ਕੇ ਪੈਲ੍ਹਾਂ ਮੋਰ।
ḔਭੌਰੇḔ ਲੋਕ ਹਸਾ ਕੇ, ਵੇਖੀਂ ਬੈਠਾ ਰੋਵੇ ਭੰਡ,
ਰੱਸਾ ਛੋਟਾ ਹੋ ਗਿਆ, ਦੇਈਏ ਕਿੱਦਾਂ ਗੰਢ।