ਮਾਜਿਦ ਮਜੀਦੀ ਦਾ ਮੁਹੰਮਦ

ਰਸੂਲ ਅਲ-ਹਮਜ਼ਾ
ਮਾਜਿਦ ਮਜੀਦੀ ਇਰਾਨ ਦਾ ਮਸ਼ਹੂਰ ਫਿਲਮਸਾਜ਼ ਹੈ। 1998 ਵਿਚ ਬਣਾਈ ਫਿਲਮ Ḕਚਿਲਡਰਨ ਆਫ ਹੈਵਨḔ ਨਾਲ ਉਸ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਸੀ। ਇਹ ਫਿਲਮ ਆਸਕਰ ਇਨਾਮ ਦੇ ਵਿਦੇਸ਼ੀ ਭਾਸ਼ਾ ਵਾਲੇ ਵਰਗ ਲਈ ਨਾਮਜ਼ਦ ਹੋਈ ਸੀ। ਫਿਲਮ ਨੂੰ ਇਨਾਮ ਤਾਂ ਭਾਵੇਂ ਨਹੀਂ ਮਿਲ ਸਕਿਆ, ਪਰ ਇਸ ਫਿਲਮ ਨੇ ਮਾਜਿਦ ਮਜੀਦੀ ਅਤੇ ਇਰਾਨੀ ਸਿਨਮਾ ਦੀ Ḕਬਹਿ ਜਾ ਬਹਿ ਜਾḔ ਕਰਵਾ ਦਿੱਤੀ।

Ḕਚਿਲਡਰਨ ਆਫ ਹੈਵਨḔ ਤੋਂ ਇਲਾਵਾ ਮਜੀਦੀ ਨੇ Ḕਰੰਗ-ਏ-ਖੁਦਾḔ (ਕਲਰਜ਼ ਆਫ ਪੈਰਾਡਾਈਸ), ḔਮੀਂਹḔ, ਦਿ ਵਿਲੋਅ ਟ੍ਰੀḔ, Ḕਦਿ ਸੌਂਗ ਆਫ ਸਪੇਰੋḔ ਵਰਗੀਆਂ ਫਿਲਮਾਂ ਨਾਲ ਸੰਸਾਰ ਸਿਨਮਾ ਵਿਚ ਆਪਣੀ ਪੈਂਠ ਬਣਾਈ। ਉਸ ਨੂੰ ਇਨ੍ਹਾਂ ਕਿਰਤਾਂ ਬਦਲੇ ਕਈ ਇਨਾਮ ਵੀ ਮਿਲੇ। ਫਿਲਮਾਂ ਦੀ ਸ਼ੁਰੂਆਤ ਉਹਨੇ 1981 ਵਿਚ Ḕਐਕਸਪਲੋਜ਼ਨḔ ਨਾਲ ਕੀਤੀ ਸੀ ਅਤੇ ਅੱਜ ਕੱਲ੍ਹ ਉਹ Ḕਕਸ਼ਮੀਰ ਅਫਲੋਟḔ ਨਾਂ ਦੀ ਫਿਲਮ ਬਣਾਉਣ ਵਿਚ ਰੁੱਝਾ ਹੋਇਆ ਹੈ।
ਸਾਲ 1959 ਦੇ ਅਪਰੈਲ ਮਹੀਨੇ ਦੀ 17 ਤਰੀਕ ਨੂੰ ਜਨਮੇ ਮਾਜਿਦ ਮਜੀਦੀ ਦਾ ਪਾਲਣ-ਪੋਸ਼ਣ ਮੱਧ ਵਰਗੀ ਪਰਿਵਾਰ ਵਿਚ ਹੋਇਆ। ਉਹਦਾ ਪਰਿਵਾਰ ਤਹਿਰਾਨ ਵਿਚ ਰਹਿੰਦਾ ਸੀ ਅਤੇ ਇਸ ਨੇ ਉਸ ਦੀ ਜ਼ਿੰਦਗੀ ਦੇ ਕਈ ਪੱਖਾਂ ਉਤੇ ਬੜਾ ਡੂੰਘਾ ਅਸਰ ਪਾਇਆ। ਉਹ ਛੇਤੀ ਹੀ ਉਡਾਰ ਹੋ ਗਿਆ। 14 ਸਾਲ ਦੀ ਉਮਰ ਵਿਚ ਉਹ ਵੱਡੇ ਨਾਟਕ ਗਰੁੱਪਾਂ ਵਿਚ ਕੰਮ ਕਰਨ ਲੱਗ ਪਿਆ ਸੀ। 1979 ਵਾਲੇ ਇਨਕਲਾਬ ਵੇਲੇ ਉਸ ਦੀ ਉਮਰ 20 ਸਾਲਾਂ ਦੀ ਸੀ ਅਤੇ ਉਦੋਂ ਹੀ ਉਸ ਨੇ ਸਿਨਮਾ ਵਿਚ ਵਧੇਰੇ ਦਿਲਚਸਪੀ ਲੈਣੀ ਸ਼ੁਰੂ ਕੀਤੀ।
ਫਿਲਮ Ḕਮੁਹੰਮਦ: ਇ ਮੈਸੰਜਰ ਆਫ ਗੌਡḔ ਮਾਜਿਦ ਮਜੀਦੀ ਨੇ ਸੱਤ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਫਿਲਮ ਹਜ਼ਰਤ ਮੁਹੰਮਦ ਦੇ ਜਨਮ ਵੇਲੇ ਛੇਵੀਂ ਸਦੀ ਦਾ ਨਕਸ਼ਾ ਖਿੱਚਦੀ ਹੈ। ਫਿਲਮ ਬਣਾਉਣ ਲਈ ਇਰਾਨ ਦੀ ਰਾਜਧਾਨੀ ਤਹਿਰਾਨ ਨੇੜਲੇ ਸ਼ਹਿਰ ਕੋਮ ਵਿਖੇ ਵਿਸ਼ਾਲ ਸੈੱਟ ਲਾਏ ਗਏ। ਤਕਰੀਬਨ ਸਾਰੀ ਫਿਲਮ ਇਸੇ ਥਾਂ ਸ਼ੂਟ ਕੀਤੀ ਗਈ। ਇਸ ਦਾ ਕੁਝ ਹਿੱਸਾ ਹੀ ਦੱਖਣੀ ਅਫਰੀਕਾ ਵਿਚ ਬੇਲਾ-ਬੇਲਾ ਵਿਖੇ ਫਿਲਮਾਇਆ ਗਿਆ। ਫਿਲਮ 2014 ਦੇ ਅਖੀਰ ਤੱਕ ਬਣ ਕੇ ਤਿਆਰ ਹੋ ਗਈ ਸੀ ਅਤੇ ਪਹਿਲੀ ਫਰਵਰੀ ਨੂੰ Ḕਫਜਰ ਕੌਮਾਤਰੀ ਫਿਲਮ ਮੇਲੇḔ ਵਿਚ ਦਿਖਾਈ ਜਾਣੀ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰ ਕੇ ਦਿਖਾਈ ਨਹੀਂ ਜਾ ਸਕੀ। ਮਗਰੋਂ 12 ਫਰਵਰੀ 2015 ਨੂੰ ਇਹ ਫਿਲਮ ਆਲੋਚਕਾਂ, ਪੱਤਰਕਾਰਾਂ ਅਤੇ ਅਹਿਮ ਸ਼ਖਸੀਅਤਾਂ ਨੂੰ ਦਿਖਾ ਦਿੱਤੀ ਗਈ। ਇਰਾਨ ਵਿਚ ਇਹ ਫਿਲਮ 27 ਅਗਸਤ 2015 ਨੂੰ ਰਿਲੀਜ਼ ਕੀਤੀ ਗਈ। ਇਸੇ ਦਿਨ ਇਹ ਫਿਲਮ Ḕਮਾਂਟਰੀਅਲ ਸੰਸਾਰ ਫਿਲਮ ਮੇਲੇḔ ਵਿਚ ਦਿਖਾਈ ਗਈ। ਸਭ ਨੇ ਇਸ ਫਿਲਮ ਦੀ ਪ੍ਰਸੰਸਾ ਕੀਤੀ, ਪਰ ਸੁੰਨੀ ਅਰਬ ਮੁਲਕਾਂ ਨੇ ਫਿਲਮ ਦੀ ਬੜੀ ਤਿੱਖੀ ਨੁਕਤਾਚੀਨੀ ਕੀਤੀ ਅਤੇ ਸ਼ੀਆ ਮੁਲਕ ਇਰਾਨ ਨੂੰ ਇਸ ਉਤੇ ਪਾਬੰਦੀ ਲਾਉਣ ਲਈ ਕਿਹਾ।
ਇਸ ਫਿਲਮ ਦਾ ਸੰਗੀਤ ਏæਆਰæ ਰਹਿਮਾਨ ਨੇ ਤਿਆਰ ਕੀਤਾ ਹੈ। ਸੰਗੀਤ ਉਤੇ ਕੀਤੀ ਮਿਹਨਤ ਦਾ ਅੰਦਾਜ਼ਾ ਇਸ ਤੱਥ ਤੋਂ ਲੱਗ ਜਾਂਦਾ ਹੈ ਕਿ ਮਾਜਿਦ ਮਜੀਦੀ ਨਾਲ ਛੇ ਮਹੀਨੇ ਕੰਮ ਕਰਨ ਤੋਂ ਬਾਅਦ ਹੀ ਰਹਿਮਾਨ ਨੂੰ ਪੂਰੀ ਸਮਝ ਪਈ ਕਿ ਮਾਜਿਦ ਉਸ ਤੋਂ ਕਿਸ ਤਰ੍ਹਾਂ ਦੀ ਕੰਪੋਜ਼ੀਸ਼ਨ ਦੀ ਮੰਗ ਕਰ ਰਿਹਾ ਸੀ। ਇਨ੍ਹਾਂ ਛੇ ਮਹੀਨਿਆਂ ਤੋਂ ਬਾਅਦ ਉਸ ਨੇ ਫਿਲਮ ਦੇ ਸੰਗੀਤ ਉਤੇ ਪੂਰਾ ਡੇਢ ਸਾਲ ਹੋਰ ਲਾਇਆ, ਤਾਂ ਕਿਤੇ ਜਾ ਕੇ ਉਹ ਗਾਇਕ ਸਾਮੀ ਯੂਸਫ ਦੀ ਆਵਾਜ਼ ਵਿਚ ਗੀਤ ਰਿਕਾਰਡ ਕਰਨ ਜੋਗੇ ਹੋਏ। ਰਹਿਮਾਨ ਅਤੇ ਉਸ ਨਾਲ ਜੁੜੇ 200 ਸੰਗੀਤਕਾਰਾਂ ਨੇ ਪੰਜ ਮੁਲਕਾਂ- ਭਾਰਤ, ਇਰਾਨ, ਜਰਮਨੀ, ਫਰਾਂਸ ਤੇ ਮਿਸਰ, ਵਿਚ ਸੰਗੀਤ ਦੀ ਰਿਕਾਰਡਿੰਗ ਕੀਤੀ।
ਫਿਲਮ Ḕਮੁਹੰਮਦ: ਦਿ ਮੈਸੰਜਰ ਆਫ ਗੌਡḔ ਦੇ ਦੋ ਹੋਰ ਸੀਕੁਇਲ ਤਿਆਰ ਕੀਤੇ ਜਾਣੇ ਹਨ। ਇਸ ਪਹਿਲੇ ਭਾਗ Ḕਮੁਹੰਮਦ: ਦਿ ਮੈਸੰਜਰ ਆਫ ਗੌਡḔ ਵਿਚ ਮੁਹੰਮਦ ਦਾ ਬਾਲ ਜੀਵਨ ਦਰਸਾਇਆ ਗਿਆ ਹੈ। ਦੂਜੇ ਭਾਗ ਵਿਚ ਅੱਲੜ ਉਮਰ ਤੋਂ 40 ਸਾਲ ਤੱਕ ਦੀ ਉਮਰ ਵਾਲ ਸਮਾਂ ਦਿਖਾਇਆ ਜਾਵੇਗਾ। ਤੀਜੇ ਭਾਗ ਵਿਚ 40 ਸਾਲ ਤੋਂ ਲੈ ਕੇ ਹਜ਼ਰਤ ਮੁਹੰਮਦ ਬਣਨ ਤੱਕ ਦਾ ਸਫਰ ਪੇਸ਼ ਕੀਤਾ ਜਾਣਾ ਹੈ।
________________________________
ਕੱਟੜਪੰਥੀਆਂ ਦਾ ਫ਼ਤਵਾ
ਭਾਰਤੀ ਮੁਲਾਣਿਆਂ ਨਾਲ ਸਬੰਧਤ ਰਜ਼ਾ ਅਕਾਦਮੀ ਵੱਲੋਂ ਫਿਲਮਸਾਜ਼ ਮਾਜਿਦ ਮਜੀਦੀ ਅਤੇ ਸੰਗੀਤਕਾਰ ਏæਆਰæ ਰਹਿਮਾਨ ਖਿਲਾਫ ਜਾਰੀ ਕੀਤੇ ਫਤਵੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਕਾਦਮੀ ਦਾ ਇਤਰਾਜ਼ ਸੀ ਕਿ ਫਿਲਮ ਵਿਚ ਹਜ਼ਰਤ ਮੁਹੰਮਦ ਬਾਰੇ ਤੱਥਾਂ ਵਿਚ ਤੋੜ-ਮਰੋੜ ਕੀਤੀ ਗਈ ਹੈ। ਹੋਰ ਤਾਂ ਹੋਰ ਸਬੰਧਤ ਅਦਾਕਾਰ ਉਤੇ ਪੈਸੇ ਲੈ ਕੇ ਫਿਲਮ ਵਿਚ ਕੰਮ ਕਰਨ ਦਾ ਇਤਰਾਜ਼ ਵੀ ਲਾਇਆ ਗਿਆ ਹੈ। ਅਕਾਦਮੀ ਨੇ ਇਸ ਫਿਲਮ ਉਤੇ ਭਾਰਤ ਵਿਚ ਪਾਬੰਦੀ ਦੀ ਮੰਗ ਵੀ ਕੀਤੀ ਹੈ।