ਬਿਨ-ਲਾਦਿਨ ਤੇ ਅਮਰੀਕਾ

ਅਫ਼ਸਾਨਾ-ਏ-ਅਫ਼ਗ਼ਾਨਿਸਤਾਨ-6
ਅਫਗਾਨਿਸਤਾਨ ਸਦਾ ਸਿਆਸੀ ਤੂਫਾਨਾਂ ਵਿਚ ਘਿਰਿਆ ਰਿਹਾ ਹੈ। ਅਫਗਾਨ ਮਾਣ ਕਰਦੇ ਹਨ ਕਿ ਉਹ ਕਦੀ ਅੰਗਰੇਜ਼ਾਂ ਦੇ ਅਧੀਨ ਨਹੀਂ ਰਹੇ ਜਿਨ੍ਹਾਂ ਦੇ ਰਾਜ ਵਿਚ ਸੂਰਜ ਨਹੀਂ ਸੀ ਛੁਪਦਾ ਹੁੰਦਾ; ਐਪਰ, ਅੰਗਰੇਜ਼ਾਂ ਦੀ ਖਰੀਦੋ-ਫਰੋਖਤ ਵਾਲੀ ਸਿਆਸਤ ਮੁਲਕ ਦੀਆਂ ਜੜ੍ਹਾਂ ਵਿਚ ਬੈਠ ਗਈ। 20ਵੀਂ ਸਦੀ ਦੇ 7ਵੇਂ ਦਹਾਕੇ ਬਾਅਦ ਤਾਂ ਮੁਲਕ ਵਿਚ ਖਾਨਾਜੰਗੀ ਨੇ ਜੋ ਰੂਪ ਅਖਤਿਆਰ ਕੀਤਾ, ਉਸ ਦੀ ਮਿਸਾਲ ਦੁਨੀਆਂ ਭਰ ਵਿਚ ਕਿਤੇ ਨਹੀਂ ਮਿਲਦੀ। ਰੂਸ ਅਤੇ ਅਮਰੀਕਾ ਨੇ ਆਪੋ-ਆਪਣੇ ਹਿਤਾਂ ਲਈ ਮੁਲਕ ਨੂੰ ਜੰਗ ਦਾ ਮੈਦਾਨ ਬਣਾਇਆ।

ਫਿਰ ਜਦੋਂ ਮੁੱਲਾ ਉਮਰ ਦੀ ਅਗਵਾਈ ਹੇਠ ਤਾਲਿਬਾਨ ਸੱਤਾ ਵਿਚ ਆਏ, ਮੁਲਕ ਦੇ ਲੋਕਾਂ ਉਤੇ ਜ਼ੁਲਮ ਦੀ ਹਨ੍ਹੇਰੀ ਫਿਰ ਝੁੱਲ ਗਈ। ਹੁਣ ਪੜ੍ਹੋ ਇਸ ਤੋਂ ਅੱਗੇæææ

ਹਰਮਹਿੰਦਰ ਚਹਿਲ
ਫੋਨ: 703-362-3239
ਅਫਗਾਨਿਸਤਾਨ ਦੀ ਬਰਬਾਦੀ ਲਈ ਕਸੂਰਵਾਰ, ਤਕਰੀਬਨ ਬਾਹਰਲੇ ਹੀ ਹਨ। ਸ਼ੁਰੂਆਤ ਸੋਵੀਅਤ ਯੂਨੀਅਨ ਨੇ ਕੀਤੀ। ਉਸ ਨੂੰ ਭਾਵੇਂ ਮੂੰਹ ਦੀ ਖਾਣੀ ਪਈ ਅਤੇ ਅਫਗਾਨਿਸਤਾਨ ਵੀ ਬਰਬਾਦ ਹੋ ਗਿਆ। ਇਸ ਤੋਂ ਬਾਅਦ ਪਾਕਿਸਤਾਨ ਵਰਗੇ ਗੁਆਂਢੀ ਅਤੇ ਅਮਰੀਕਾ ਤੱਕ ਦੂਰ ਦੇ ਮੁਲਕ ਆਉਂਦੇ ਹਨ, ਪਰ ਇਹ ਗੱਲ ਵੀ ਸੱਚ ਹੋ ਨਿੱਬੜੀ ਕਿ ਜਿਸ ਕਿਸੇ ਨੇ ਵੀ ਅਫਗਾਨਿਸਤਾਨ ਅੰਦਰ ਮੱਚ ਰਹੀ ਅੱਗ ‘ਤੇ ਰੋਟੀਆਂ ਸੇਕਣੀਆਂ ਚਾਹੀਆਂ, ਬਚਿਆ ਉਹ ਖੁਦ ਵੀ ਨਹੀਂ। ਅਮਰੀਕਾ ਦੀ ਜੋ ਬਰਬਾਦੀ ਅਲ-ਕਾਇਦਾ ਹੱਥੋਂ ਹੋਈ, ਉਹ ਸਭ ਦੇ ਸਾਹਮਣੇ ਹੈ। ਪਾਕਿਸਤਾਨ ਨੇ ਇਹੀ ਏਜੰਡਾ ਰੱਖਿਆ ਕਿ ਅਫਗਾਨਿਸਤਾਨ ਹਮੇਸ਼ਾ ਉਸ ਦੇ ਥੱਲੇ ਲੱਗ ਕੇ ਚੱਲੇ। ਇਸੇ ਕਰ ਕੇ ਉਹ ਹਰ ਵਕਤ ਇਸ ਕੋਸ਼ਿਸ਼ ਵਿਚ ਰਿਹਾ ਕਿ ਉਥੇ ਜੋ ਵੀ ਸਰਕਾਰ ਬਣੇ, ਉਸ ਦੀ ਪਸੰਦ ਦੀ ਬਣੇ। ਇਸ ਤੋਂ ਇਲਾਵਾ ਪਾਕਿਸਤਾਨ ਦਾ ਵੱਡਾ ਕੰਮ ਸੀ ਇੰਡੀਆ ਲਈ ਸਿੱਧੀ ਜੰਗ ਚਲਾਉਣ ਲਈ ਲੋੜੀਂਦੇ ਜਹਾਦੀ ਪੈਦਾ ਕਰਨੇ। ਇਸ ਕੰਮ ਲਈ ਉਸ ਨੇ ਅਫਗਾਨਿਸਤਾਨ ਵਿਚ ਆਪਣੀ ਨਿਗਰਾਨੀ ਹੇਠ ਟਰੇਨਿੰਗ ਕੈਂਪ ਬਣਾਏ ਹੋਏ ਸਨ। ਇੰਡੀਆ ਨੂੰ ਜ਼ਖ਼ਮ ਦੇਣ ਲਈ ਉਹ ਗੁਰੀਲੇ ਉਥੇ ਹੀ ਪੈਦਾ ਕਰਦਾ ਸੀ। ਵੱਡੇ ਵੱਡੇ ਅਤਿਵਾਦੀ ਗਰੁੱਪ ਪੈਦਾ ਕਰਨ ਵਿਚ ਪਾਕਿਸਤਾਨ ਦਾ ਖਾਸ ਹੱਥ ਰਿਹਾ। ਉਸ ਦੀਆਂ ਅੱਖਾਂ ਵੀ ਉਦੋਂ ਖੁੱਲ੍ਹੀਆਂ ਜਦੋਂ ਇਹੀ ਅਤਿਵਾਦੀ ਗਰੁੱਪ ਉਸ ਦੀ ਆਪਣੀ ਧਰਤੀ ‘ਤੇ ਮਾਸੂਮਾਂ ਦੇ ਖੂਨ ਦੀਆਂ ਨਦੀਆਂ ਵਹਾਉਣ ਲੱਗੇ। ਜੇ ਪਾਕਿਸਤਾਨ ਸਿਆਣਪ ਵਰਤਦਾ ਤਾਂ ਹਰ ਹੀਲੇ ਅਫਗਾਨਿਸਤਾਨ ਵਿਚ ਅਜਿਹੀ ਸਰਕਾਰ ਬਣਾਉਂਦਾ ਜਿਹੜੀ ਮੁਲਕ ਦੀ ਬਿਹਤਰੀ ਲਈ ਕੰਮ ਕਰਦੀ। ਇਹ ਗੱਲ ਯਕੀਨੀ ਬਣਾਈ ਜਾਂਦੀ ਕਿ ਸਰਕਾਰ ਬਣਨ ਪਿਛੋਂ ਉਥੇ ਸੜਕਾਂ, ਸਕੂਲ, ਹਸਪਤਾਲ ਅਤੇ ਫੈਕਟਰੀਆਂ ਵਗੈਰਾ ਉਸਾਰੀਆਂ ਜਾਣ। ਇਸ ਸਭ ਦਾ ਉਸ ਨੂੰ ਸਿੱਧਾ ਲਾਭ ਹੋਣਾ ਸੀ, ਕਿਉਂਕਿ ਅਫਗਾਨਿਸਤਾਨ ਕੋਲ ਸਮੁੰਦਰੀ ਰਸਤਾ ਨਹੀਂ। ਉਸ ਨੇ ਜੋ ਵੀ ਸਮਾਨ ਬਾਹਰੋਂ ਲਿਆਉਣਾ ਜਾਂ ਭੇਜਣਾ ਹੁੰਦਾ, ਪਾਕਿਸਤਾਨ ਰਾਹੀਂ ਹੀ ਜਾਂਦਾ-ਆਉਂਦਾ। ਇਸ ਨਾਲ ਪਾਕਿਸਤਾਨ ਦੇ ਲੋਕਾਂ ਨੂੰ ਕੰਮ ਮਿਲਣਾ ਸੀ ਅਤੇ ਮੁਲਕ ਦੀ ਆਮਦਨ ਵਾਧਣੀ ਸੀ, ਪਰ ਪਾਕਿਸਤਾਨ ਦਾ ਉਹ ਗਰੁੱਪ ਜੋ ਮੁਲਕ ਵਿਚ ਰਾਜ ਕਰਦਾ ਹੈ (ਸਿੱਧੇ ਜਾਂ ਅਸਿੱਧੇ ਤੌਰ ‘ਤੇ ਫੌਜ) ਉਹ ਸ਼ਾਂਤੀ ਤਾਂ ਚਾਹੁੰਦਾ ਹੀ ਨਹੀਂ। ਉਸ ਦਾ ਇੱਕੋ ਇੱਕ ਨਿਸ਼ਾਨਾ ਲੜਾਈ ਹੈ। ਚਲਦੀ ਲੜਾਈ ਹੀ ਪਾਕਿਸਤਾਨੀ ਫੌਜ ਦੀ ਖੁਰਾਕ ਹੈ। ਅਫਗਾਨਿਸਤਾਨ ਦੀ ਧਰਤੀ ਨੂੰ ਅਤਿਵਾਦੀ ਅੱਡਿਆਂ ਵਿਚ ਤਬਦੀਲ ਕਰਨ ਦਾ ਪਾਕਿਸਤਾਨ ਦਾ ਆਪਣਾ ਏਜੰਡਾ ਹੈ। ਇਵੇਂ ਹੀ ਸਾਊਦੀ ਅਰਬ ਦਾ ਆਪਣਾ ਏਜੰਡਾ ਸੀ। ਉਸ ਨੂੰ ਨਾ ਤਾਂ ਸੁੰਨੀ ਪ੍ਰਭਾਵ ਵਾਲਾ ਅਫਗਾਨਿਸਤਾਨ ਭਾਉਂਦਾ ਸੀ ਤੇ ਨਾ ਹੀ ਸ਼ੀਆ ਬਹੁਤਾਤ ਵਾਲਾ। ਉਹ ਹਰ ਪਾਸੇ ਵਹਾਬੀ ਮਜਹਬ ਫੈਲਾਉਣਾ ਚਾਹੁੰਦਾ ਸੀ; ਇਥੋਂ ਤੱਕ ਕਿ ਉਸ ਨੇ ਇਸ ਲਈ ਅਰਬ ਸੰਸਾਰ ਦੀ ਬਦਨਾਮ ਅਤਿਵਾਦੀ ਜਥੇਬੰਦੀ ‘ਮੁਸਲਿਮ ਬ੍ਰਦਰਹੁੱਡ’ ਦੀ ਵੀ ਪੁਸ਼ਤਪਨਾਹੀ ਕੀਤੀ।
1980ਵਿਆਂ ‘ਚ ਅਫਗਾਨਿਸਤਾਨ ਅੰਦਰ ਸੋਵੀਅਤ ਰੂਸ ਖਿਲਾਫ ਲੜੇ ਜਾ ਰਹੇ ਜਹਾਦ ਵਿਚ ਵਿਦੇਸ਼ੀ, ਖਾਸ ਕਰ ਕੇ ਅਰਬ ਲੜਾਕੇ ਸ਼ਾਮਲ ਕਰਨ ਦਾ ਫੈਸਲਾ ਪਾਕਿਸਤਾਨੀ ਖੁਫੀਆ ਏਜੰਸੀ ਆਈæਐਸ਼ਆਈæ ਦਾ ਸੀ, ਪਰ ਇਸ ਨੂੰ ਅਮਰੀਕਨ ਖੁਫੀਆ ਏਜੰਸੀ ਸੀæਆਈæਏæ ਦੀ ਪੂਰੀ ਹਮਾਇਤ ਹਾਸਲ ਸੀ। ਉਸ ਵੇਲੇ ਪਾਕਿਸਤਾਨ ਨੇ ਦੁਨੀਆਂ ਭਰ ਦੀਆਂ ਆਪਣੀਆਂ ਅੰਬੈਸੀਆਂ ਨੂੰ ਹਦਾਇਤ ਕੀਤੀ ਹੋਈ ਸੀ ਕਿ ਅਫਗਾਨਿਸਤਾਨ ਅੰਦਰਲੇ ਜਹਾਦ ਵਿਚ ਸ਼ਾਮਲ ਹੋਣ ਲਈ ਆ ਰਹੇ ਲੜਾਕਿਆਂ ਨੂੰ ਬੇਰੋਕ ਪਾਕਿਸਤਾਨ ਵਿਚ ਦਾਖਲਾ ਦਿੱਤਾ ਜਾਵੇ, ਜਿਥੇ ਆ ਕੇ ਉਨ੍ਹਾਂ ਟਰੇਨਿੰਗ ਲੈਣੀ ਹੁੰਦੀ ਸੀ ਤੇ ਫਿਰ ਅੱਗੇ ਅਫਗਾਨਿਸਤਾਨ ਵਿਚ ਲੜਨ ਜਾਣਾ ਹੁੰਦਾ ਸੀ। ਮਿਡਲ ਈਸਟ ‘ਚੋਂ ਮੁਸਲਿਮ ਬ੍ਰਦਰਹੁੱਡ, ਫਲਸਤੀਨੀ ਲੜਾਕੇ ਅਤੇ ਸਾਊਦੀ ਅਰਬ ਦੇ ਵਰਲਡ ਮੁਸਲਿਮ ਲੀਗੀ ਜਹਾਦੀ, ਧੜਾ-ਧੜਾ ਪਾਕਿਸਤਾਨ ਪਹੁੰਚ ਰਹੇ ਸਨ। 1982 ਤੋਂ 1992 ਦਰਮਿਆਨ ਤਕਰੀਬਨ ਚਾਲੀ ਮੁਲਕਾਂ ਵਿਚੋਂ 50 ਹਜ਼ਾਰ ਦੇ ਕਰੀਬ ਲੜਾਕੇ ਪਾਕਿਸਤਾਨ ਪਹੁੰਚੇ। ਆਈæਐਸ਼ਆਈæ ਦੀ ਦੇਖ-ਰੇਖ ਹੇਠ ਪਿਸ਼ਾਵਰ ਵਿਚਲੇ ਕੈਂਪਾਂ ‘ਚ ਉਨ੍ਹਾਂ ਨੂੰ ਟਰੇਨਿੰਗ ਦਿੱਤੀ ਗਈ। ਵੱਖੋ-ਵੱਖਰੇ ਮੁਲਕਾਂ ਦੇ ਇਨ੍ਹਾਂ ਕੱਟੜਪੰਥੀਆਂ ਨੇ ਜਹਾਦ ਦੇ ਨਾਂ ਹੇਠ ਟਰੇਨਿੰਗ ਲਈ ਅਤੇ ਪਿੱਛੋਂ ਇਕੱਠੇ ਲੜੇ। ਇਥੇ ਹੀ ਇਨ੍ਹਾਂ ਵਿਚ ਇਸਲਾਮ ਲਈ ਮਰ-ਮਿਟਣ ਦਾ ਜਜ਼ਬਾ ਪੈਦਾ ਹੋਇਆ।
ਇਕ ਤਰ੍ਹਾਂ ਨਾਲ ਇਹ ਕੈਂਪ ਜਹਾਦ ਦੇ ਨਾਂ ਹੇਠ ਲੜਨ ਵਾਲਿਆਂ ਦੀ ਯੂਨੀਵਰਸਿਟੀ ਬਣ ਗਏ। ਇਥੇ ਇੱਕੋ ਇੱਕ ਸਾਂਝਾ ਕਾਰਜ ਸੀ ਇਸਲਾਮ ਲਈ ਲੜਨਾ, ਫਿਰ ਭਾਵੇਂ ਉਹ ਕਿਸੇ ਵੀ ਮੁਲਕ ਵਿਚ ਹੋਵੇ। ਉਸ ਵੇਲੇ ਵੱਡੇ ਮੁਲਕਾਂ ਦੀਆਂ ਖੁਫੀਆ ਏਜੰਸੀਆਂ ਨੇ ਇਹ ਗੱਲ ਸੋਚੀ ਤੱਕ ਨਾ ਕਿ ਦੁਨੀਆਂ ਭਰ ਦੇ ਇਸਲਾਮੀ ਕੱਟੜਪੰਥੀਆਂ ਨੂੰ ਇੱਕ ਥਾਂ ਇਕੱਠੇ ਕਰ ਕੇ ਅਤੇ ਸਾਂਝਾ ਮੁਹਾਜ਼ ਬਣਾ ਕੇ ਉਹ ਕਿੰਨੀ ਵੱਡੀ ਭੁੱਲ ਕਰ ਰਹੇ ਹਨ, ਪਰ ਉਦੋਂ ਅਫਗਾਨਿਸਤਾਨ ਅੰਦਰ ਚੱਲ ਰਹੀ ਜੰਗ ਵਿਚ ਹਿੱਸਾ ਲੈ ਰਹੇ ਅਮਰੀਕਾ, ਸਾਊਦੀ ਅਰਬ ਜਾਂ ਪਾਕਿਸਤਾਨ ਦਾ ਇੱਕ ਹੀ ਏਜੰਡਾ ਸੀ, ਸੋਵੀਅਤ ਯੂਨੀਅਨ ਨੂੰ ਹਰਾਉਣਾ। ਇਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਬਾਕੀ ਪਾਸਿਆਂ ਤੋਂ ਅੱਖਾਂ ਮੀਚੀ ਰੱਖੀਆਂ।
ਸਾਊਦੀ ਅਰਬ ਅਫਗਾਨਿਸਤਾਨ ਵਿਚ ਚੱਲ ਰਹੀ ਜੰਗ ਦਾ ਵੱਡਾ ਸਹਿਯੋਗੀ ਸੀ। ਉਥੋਂ ਦੇ ਆਮ ਲੜਾਕੇ ਜਿਨ੍ਹਾਂ ਵਿਚ ਵਿਦਿਆਰਥੀ, ਟੈਕਸੀ ਡਰਾਈਵਰ, ਨਿੱਤ ਦਾ ਕੰਮ-ਕਾਜ ਕਰਨ ਵਾਲੇ ਜਾਂ ਛੋਟੇ ਕਬੀਲਿਆਂ ਦੇ ਨੌਜਵਾਨ ਆਪਣੇ ਤੌਰ ‘ਤੇ ਤਾਂ ਬੜੇ ਪਹੁੰਚ ਰਹੇ ਸਨ ਪਰ ਪਾਕਿਸਤਾਨ ਚਾਹੁੰਦਾ ਸੀ ਕਿ ਸਾਊਦੀ ਅਰਬ ਆਪਣੇ ਵੱਲੋਂ ਇਨ੍ਹਾਂ ਲੜਾਕਿਆਂ ਦੀ ਸਰਪ੍ਰਸਤੀ ਕਰੇ। ਇਸ ਦੇ ਲਈ ਆਈæਐਸ਼ਆਈæ ਦਾ ਮੌਕੇ ਦਾ ਮੁਖੀ ਜਨਰਲ ਹਮੀਦ ਗੁਲ, ਸਾਊਦੀ ਅਰਬ ਦੀ ਖੁਫੀਆ ਏਜੰਸੀ ਦੇ ਮੁਖੀ ਸ਼ਹਿਜ਼ਾਦਾ ਟਰਕੀ ‘ਤੇ ਜ਼ੋਰ ਪਾ ਰਿਹਾ ਸੀ। ਸ਼ਹਿਜ਼ਾਦੇ ਦੀ ਨਜ਼ਰ ਸ਼ਾਹੀ ਪਰਿਵਾਰ ਦੇ ਨਜ਼ਦੀਕੀ ਅਤੇ ਅਮੀਰ ਇਨਸਾਨ ‘ਤੇ ਪਈ। ਉਹ ਸੀ ਸਾਊਦੀ ਕਿੰਗ ਦਾ ਦੋਸਤ ਮੁਹੰਮਦ ਬਿਨ-ਲਾਦਿਨ ਜੋ ਯਮਨੀ ਸੀ ਤੇ ਹੁਣ ਸਾਊਦੀ ਅਰਬ ਵਿਚ ਰਹਿ ਰਿਹਾ ਸੀ। ਮੁਹੰਮਦ ਬਿਨ-ਲਾਦਿਨ ਦਾ ਕਨਸਟਰੱਕਸ਼ਨ ਦਾ ਬਹੁਤ ਵੱਡਾ ਕੰਮ ਸੀ ਤੇ ਉਹ ਬਹੁਤ ਅਮੀਰ ਸੀ। ਕਿੰਗ ਨੇ ਮੁਹੰਮਦ ਬਿਨ-ਲਾਦਿਨ ਨਾਲ ਗੱਲ ਕੀਤੀ ਤਾਂ ਉਸ ਨੇ ਹਾਮੀ ਭਰ ਦਿੱਤੀ। ਉਸ ਨੇ ਸਾਊਦੀ ਅਰਬ ਤੋਂ ਅਫਗਾਨਿਸਤਾਨ ਵਿਚ ਜਾ ਰਹੇ ਜਹਾਦੀਆਂ ਦੀ ਵਾਗਡੋਰ ਆਪਣੇ ਨੌਜਵਾਨ ਪੁੱਤਰ ਉਸਾਮਾ ਬਿਨ-ਲਾਦਿਨ ਨੂੰ ਸੌਂਪ ਦਿੱਤੀ। ਸ਼ੁਰੂ ‘ਚ ਉਸਾਮਾ ਬਿਨ-ਲਾਦਿਨ ਦਾ ਕੰਮ ਸਰਕਾਰ ਜਾਂ ਲੋਕਾਂ ਦੁਆਰਾ ਅਫਗਾਨਿਸਤਾਨ ਜੰਗ ਲਈ ਕੀਤੇ ਇਕੱਠੇ ਫੰਡ ਸਹੀ ਢੰਗ ਨਾਲ ਇਸਤੇਮਾਲ ਕਰਨ ਤੱਕ ਸੀਮਤ ਸੀ। ਉਦੋਂ ਪਿਸ਼ਾਵਰ ਵਿਚਲੇ ਕੈਂਪ ਜਿਸ ਵਿਚ ਸਾਊਦੀ ਅਰਬ ਦੇ ਲੜਾਕੇ ਠਹਿਰਦੇ ਸਨ (ਜਿਸ ਨੂੰ ਮੁਖਾਤਬ ਅਲ-ਖਿਦਾਮਤ ਕਿਹਾ ਜਾਂਦਾ ਸੀ), ਸਾਊਦੀ ਅਰਬ ਦਾ ਬਾਸ਼ਿੰਦਾ ਅਬਦੁੱਲਾ ਆਜ਼ਮ ਚਲਾ ਰਿਹਾ ਸੀ। ਉਸਾਮਾ ਬਿਨ-ਲਾਦਿਨ, ਅਬਦੁੱਲਾ ਆਜ਼ਮ ਨੂੰ ਸਾਊਦੀ ਅਰਬ ਦੀ ਜਦਾਹ ਯੂਨੀਵਰਸਿਟੀ ਵਿਚ ਮਿਲ ਚੁੱਕਿਆ ਸੀ। ਇਸ ਲਈ ਬਿਨ-ਲਾਦਿਨ ਦਾ ਕੰਮ ਹੋਰ ਵੀ ਸੌਖਾ ਹੋ ਗਿਆ। ਸਾਊਦੀ ਅਰਬ ਸਰਕਾਰ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਕੇ ਬਿਨ-ਲਾਦਿਨ ਪਿਸ਼ਾਵਰ ਸਥਿਤ ਮੁਖਾਤਬ ਅਲ-ਖਿਦਾਮਤ ਦੇ ਦਫਤਰ ਪਹੁੰਚ ਗਿਆ। ਉਸ ਨੇ ਹੁਣ ਤੱਕ ਦੀ ਜ਼ਿੰਦਗੀ ਸ਼ਹਿਜ਼ਾਦੇ ਵਾਂਗ ਗੁਜ਼ਾਰੀ ਸੀ ਤੇ ਉਸ ਨੇ ਬਿਜ਼ਨਸ ਐਡਮਨਿਸਟਰੇਸ਼ਨ ਵਿਚ ਪੜ੍ਹਾਈ ਕੀਤੀ ਹੋਈ ਸੀ। ਸ਼ੁਰੂ ਵਿਚ ਉਹ ਜਹਾਦੀਆਂ ਲਈ ਫੰਡ ਦੇ ਸਿਲਸਿਲੇ ਵਿਚ ਆਮ ਹੀ ਸਾਊਦੀ ਅਰਬ ਦੇ ਫੇਰੇ ਮਾਰਦਾ ਰਹਿੰਦਾ ਸੀ। ਫਿਰ ਹੌਲੀ ਹੌਲੀ ਉਹ ਖੁਦ ਵੀ ਜਹਾਦ ਵੱਲ ਪ੍ਰੇਰਿਤ ਹੋਣ ਲੱਗਿਆ ਤੇ ਪੱਕੇ ਤੌਰ ‘ਤੇ ਪਿਸ਼ਾਵਰ ਹੀ ਰਹਿਣ ਲੱਗ ਪਿਆ। ਇਸੇ ਸਮੇਂ ਦਰਮਿਆਨ ਉਸ ਨੇ ਆਪਣੀ ਹੀ ਕੰਪਨੀ ਦੇ ਇੰਜੀਨੀਅਰਾਂ ਦੁਆਰਾ ਆਪਣੀ ਰਿਹਾਇਸ਼ ਵਾਲੇ ਇਲਾਕੇ ਵਿਚ ਸੜਕਾਂ, ਮੁਜਾਹਿਦੀਨ ਲਈ ਹਸਪਤਾਲ, ਟਰੇਨਿੰਗ ਕੈਂਪ ਅਤੇ ਅਸਲੇ ਦੇ ਡਿਪੋ ਵਗੈਰਾ ਬਣਵਾਏ। ਕੁਝ ਸਮੇਂ ਬਾਅਦ ਉਸ ਨੇ ਆਪਣੇ ਮੁਲਕ ਦੇ ਲੜਾਕਿਆਂ ਲਈ ਵੱਖਰਾ ਟਰੇਨਿੰਗ ਕੈਂਪ ਬਣਾ ਲਿਆ। ਹੁਣ ਤੱਕ ਉਹ ਜੋ ਵੀ ਕਰ ਰਿਹਾ ਸੀ, ਸਾਊਦੀ ਅਰਬ ਸਰਕਾਰ ਲਈ ਕਰ ਰਿਹਾ ਸੀ ਜੋ ਉਸ ਨੂੰ ਸਾਰਾ ਪੈਸਾ ਦੇ ਰਹੀ ਸੀ। ਚੰਗੀਆਂ ਸੁੱਖ-ਸਹੂਲਤਾਂ ਕਰ ਕੇ ਹੌਲੀ ਹੌਲੀ ਬਾਹਰਲੇ ਲੜਾਕੇ ਬਿਨ-ਲਾਦਿਨ ਦੇ ਕੈਂਪ ਵਿਚ ਪਹੁੰਚਣ ਲੱਗੇ ਜਿੱਥੇ ਉਨ੍ਹਾਂ ਨੂੰ ਅਮਰੀਕਨ ਅਤੇ ਪਾਕਿਸਤਾਨੀ ਫੌਜੀ ਅਫਸਰਾਂ ਵਲੋਂ ਅੱਵਲ ਦਰਜੇ ਦੀ ਟਰੇਨਿੰਗ ਦਿੱਤੀ ਜਾਂਦੀ। ਉਦੋਂ ਅਮਰੀਕਾ ਅਤੇ ਪਾਕਿਸਤਾਨ ਲਈ ਬਿਨ-ਲਾਦਿਨ ਹੀਰੋ ਸੀ।
ਇਨ੍ਹੀਂ ਦਿਨੀਂ, ਨਵੰਬਰ 1989 ਵਿਚ, ਅਬਦੁੱਲਾ ਆਜ਼ਮ ਦਾ ਕਤਲ ਹੋ ਗਿਆ। ਇਸ ਉਪਰੰਤ ਉਸ ਦੀ ਜਥੇਬੰਦੀ ਦਾ ਚਾਰਜ ਵੀ ਬਿਨ-ਲਾਦਿਨ ਨੇ ਸੰਭਾਲ ਲਿਆ। ਉਦੋਂ ਹੀ ਉਸ ਨੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੀਆਂ ਕਰ ਕੇ ‘ਅਲ-ਕਾਇਦਾ’ ਦੇ ਝੰਡੇ ਹੇਠ ਇਕੱਠੇ ਕਰ ਦਿੱਤਾ। ਹੁਣ ਤੱਕ ਇਹ ਕੈਂਪ ਅਤੇ ਰਿਹਾਇਸ਼ੀ ਇਲਾਕੇ ਬਹੁਤ ਵਧਾ ਦਿੱਤੇ ਗਏ ਸਨ ਤੇ ਜਹਾਦੀਆਂ ਦੇ ਪਰਿਵਾਰ ਵੀ ਆ ਕੇ ਰਹਿਣ ਲੱਗੇ ਸਨ। ਰੂਸ, ਅਫਗਾਨਿਸਤਾਨ ਵਿਚੋਂ ਨਿਕਲ ਗਿਆ ਤਾਂ ਲੜਾਈ ਵੀ ਤਕਰੀਬਨ ਖਤਮ ਹੋ ਗਈ। ਫਿਰ ਉਸਾਮਾ ਬਿਨ-ਲਾਦਿਨ ਵੀ ਸਾਊਦੀ ਅਰਬ ਪਰਤ ਗਿਆ। ਉਥੇ ਜਾ ਕੇ ਉਸ ਨੇ ‘ਅਰਬ-ਅਫਗਾਨ ਵੈਟਰਨ’ ਸੰਸਥਾ ਬਣਾ ਲਈ ਅਤੇ ਅਫਗਾਨ ਜੰਗ ਵਿਚ ਮਾਰੇ ਗਏ ਜਹਾਦੀਆਂ ਦੇ ਪਰਿਵਾਰਾਂ ਦੀ ਮੱਦਦ ਕਰਨ ਲੱਗਿਆ। ਚਾਰ ਹਜ਼ਾਰ ਦੇ ਲਗਭਗ ਲੜਾਕੇ ਜੋ ਉਸ ਨਾਲ ਮੁੜ ਆਏ ਸਨ, ਵੀ ਉਸ ਦੀ ਦੇਖ-ਰੇਖ ਹੇਠ ਰਹਿਣ ਲੱਗੇ।
1990 ਵਿਚ ਇਰਾਕ ਨੇ ਕੁਵੈਤ ‘ਤੇ ਹਮਲਾ ਕਰ ਦਿੱਤਾ। ਇੱਥੇ ਕਬਜ਼ਾ ਕਰਨ ਪਿਛੋਂ ਇਰਾਕ ਨੇ ਸਾਊਦੀ ਅਰਬ ਵੱਲ ਵਧਣ ਦੀ ਧਮਕੀ ਦਿੱਤੀ। ਸਾਊਦੀ ਅਰਬ ਖਤਰੇ ਹੇਠ ਆ ਗਿਆ ਤਾਂ ਉਸਾਮਾ ਬਿਨ-ਲਾਦਿਨ ਸਾਊਦੀ ਅਰਬ ਦੇ ਬਾਦਸ਼ਾਹ ਨੂੰ ਮਿਲਿਆ। ਉਦੋਂ ਸਾਰੇ ਪਾਸੇ ਇਹ ਗੱਲ ਉਡ ਰਹੀ ਸੀ ਕਿ ਅਮਰੀਕਾ ਸਾਊਦੀ ਅਰਬ ਦੀ ਮੱਦਦ ‘ਤੇ ਆਵੇਗਾ, ਪਰ ਬਿਨ-ਲਾਦਿਨ ਦਾ ਸੋਚਣਾ ਸੀ ਕਿ ਸਾਊਦੀ ਅਰਬ ਦੀ ਪਵਿੱਤਰ ਧਰਤੀ ‘ਤੇ ਅਮਰੀਕਾ ਜਾਂ ਕਿਸੇ ਵੀ ਪੱਛਮੀ ਮੁਲਕ ਦੇ ਕਾਫਰਾਂ ਨੂੰ ਨਹੀਂ ਆਉਣ ਦੇਣਾ ਚਾਹੀਦਾ। ਉਸ ਨੇ ਬਾਦਸ਼ਾਹ ਫਾਹਦ ਨੂੰ ਅਫਗਾਨ ਜੰਗ ਵਾਂਗ ਹੀ ਇਰਾਕ ਨਾਲ ਨਜਿੱਠਣ ਦੀ ਸਲਾਹ ਦਿੱਤੀ ਤੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਸ ਦਾ ਕਹਿਣਾ ਸੀ ਕਿ ਇਹ ਜ਼ਿੰਮੇਵਾਰੀ ਉਸ ਨੂੰ ਸੌਂਪੀ ਜਾਵੇ ਤਾਂ ਉਹ ਆਪਣੇ ਲੜਾਕਿਆਂ ਨਾਲ ਸਾਊਦੀ ਅਰਬ ਦੀ ਰੱਖਿਆ ਕਰੇਗਾ, ਪਰ ਬਾਦਸ਼ਾਹ ਨੂੰ ਬਿਨ-ਲਾਦਿਨ ਦੀ ਇਹ ਗੱਲ ਬਚਗਾਨਾ ਜਿਹੀ ਲੱਗੀ ਤੇ ਉਸ ਨੇ ਖਾਸ ਧਿਆਨ ਨਾ ਦਿੱਤਾ। ਥੋੜ੍ਹੀ ਦੇਰ ਬਾਅਦ ਹੀ ਸਾਊਦੀ ਸਰਕਾਰ ਨੇ ਅਮਰੀਕਨਾਂ ਨੂੰ ਬੁਲਾ ਲਿਆ। ਇਸ ਨਾਲ ਬਿਨ-ਲਾਦਿਨ ਗੁੱਸੇ ਵਿਚ ਆ ਗਿਆ ਤੇ ਉਸ ਨੇ ਸ਼ਰੇਆਮ ਸਾਊਦੀ ਰਾਜ ਘਰਾਣੇ ਵਿਰੁੱਧ ਪ੍ਰਚਾਰ ਅਰੰਭ ਦਿੱਤਾ। ਇਰਾਕ ਨਾਲ ਲੜਾਈ ਪਿੱਛੋਂ ਵੀ ਜਦੋਂ ਕੁਝ ਕੁ ਅਮਰੀਕੀ ਫੌਜ ਸਾਊਦੀ ਅਰਬ ਵਿਚ ਡੇਰਾ ਲਾ ਕੇ ਬੈਠੀ ਰਹੀ, ਤਾਂ ਬਿਨ-ਲਾਦਿਨ ਦਾ ਗੁੱਸਾ ਹੋਰ ਵਧ ਗਿਆ। ਉਸ ਨੇ ਸਰਕਾਰ ਖਿਲਾਫ ਜਲਸੇ ਜਲੂਸ ਕੱਢਣ ਦੀ ਧਮਕੀ ਦੇ ਦਿੱਤੀ। ਇਸ ਤੋਂ ਚਿੜ੍ਹ ਕੇ ਸਰਕਾਰ ਨੇ ਉਸ ਦੀ ਨਾਗਰਿਕਤਾ ਖਤਮ ਕਰ ਦਿੱਤੀ ਤੇ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ।
ਉਸਾਮਾ ਬਿਨ-ਲਾਦਿਨ ਆਪਣੇ ਸਾਥੀਆਂ ਸਮੇਤ ਸੁਡਾਨ ਚਲਿਆ ਗਿਆ। ਉਹ ਚਲਿਆ ਤਾਂ ਗਿਆ, ਪਰ ਉਸ ਦੇ ਦਿਲ ਵਿਚ ਆਪਣੇ ਮੁਲਕ ਦੇ ਨਾਲ ਨਾਲ ਅਮਰੀਕਾ ਖਿਲਾਫ ਵੀ ਅੰਤਾਂ ਦੀ ਨਫਰਤ ਭਰ ਗਈ। ਉਹ ਸ਼ਰੇਆਮ ਗੈਰ-ਮੁਸਲਮਾਨਾਂ ਦੇ ਖਿਲਾਫ ਹੋ ਚੁੱਕਿਆ ਸੀ। ਸੁਡਾਨ ਵਿਚ ਉਸ ਵੇਲੇ ਘਰੇਲੂ ਜੰਗ ਚੱਲ ਰਹੀ ਸੀ ਤੇ ਉਸਾਮਾ ਬਿਨ-ਲਾਦਿਨ ਨੇ ਮੌਕੇ ਦੇ ਲੀਡਰ ਹਸਨ ਤਰਾਬੀ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਉਸ ਨੇ ਸੁਡਾਨ ਵਿਚ ਵੀ ਜਹਾਦੀਆਂ ਲਈ ਵੱਖਰੇ ਕੈਂਪ ਸ਼ੁਰੂ ਕੀਤੇ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਇੱਥੇ ਪਹੁੰਚਣੇ ਸ਼ੁਰੂ ਹੋ ਗਏ। ਇੱਕ ਤਰ੍ਹਾਂ ਬਿਨ-ਲਾਦਿਨ ਦੀ ਆਪਣੀ ਫੌਜ ਤਿਆਰ ਹੋ ਗਈ ਸੀ। ਸਾਊਦੀ ਸਰਕਾਰ ਨੇ ਹਸਨ ਤਾਰਾਬੀ ‘ਤੇ ਜ਼ੋਰ ਪਾ ਕੇ ਬਿਨ-ਲਾਦਿਨ ਨੂੰ ਸੁਡਾਨ ਵਿਚੋਂ ਕੱਢਣ ਨੂੰ ਕਿਹਾ। ਉਦੋਂ ਤੱਕ ਅਫਗਾਨਿਸਤਾਨ ‘ਚ ਤਾਲਿਬਾਨ ਪੈਰ ਜਮਾ ਚੁੱਕੇ ਸਨ ਅਤੇ ਬਿਨ-ਲਾਦਿਨ ਨੇ ਉਨ੍ਹਾਂ ਨਾਲ ਅੰਦਰਖਾਤੇ ਗੱਲਬਾਤ ਚਲਾਈ ਹੋਈ ਸੀ। ਆਖਰ ਉਸ ਨੂੰ ਤਾਲਿਬਾਨ ਦੁਆਰਾ ਉਥੇ ਪਹੁੰਚਣ ਦਾ ਸੱਦਾ ਮਿਲ ਗਿਆ ਤੇ 1996 ਦੇ ਮਈ ਮਹੀਨੇ, ਉਹ ਆਪਣੇ ਲਾਮ-ਲਸ਼ਕਰ ਸਮੇਤ ਅਫਗਾਨਿਸਤਾਨ ਦੇ ਜਲਾਲਬਾਦ ਸ਼ਹਿਰ ਵਿਚ ਜਾ ਉਤਰਿਆ। ਉਂਜ ਤਾਂ 1993 ਵਾਲੇ ਵਰਲਡ ਟਰੇਡ ਸੈਂਟਰ ਦੇ ਬੰਬ ਧਮਾਕੇ ਵਿਚ ਵੀ ਬਿਨ-ਲਾਦਿਨ ਦੀ ਭੂਮਿਕਾ ਸਮਝੀ ਜਾਂਦੀ ਸੀ, ਪਰ ਹੁਣ ਤਾਂ ਉਹ ਖੁੱਲ੍ਹ ਕੇ ਅਮਰੀਕਾ ਅਤੇ ਪੱਛਮ ਖਿਲਾਫ ਬੋਲ ਰਿਹਾ ਸੀ। ਅਗਸਤ 1996 ਵਿਚ ਪਹਿਲੀ ਵਾਰ ਉਸ ਨੇ ਇਹ ਕਹਿੰਦਿਆਂ ਅਮਰੀਕਾ ਖਿਲਾਫ ਜਹਾਦ ਦਾ ਐਲਾਨ ਕਰ ਦਿੱਤਾ ਕਿ ਅਮਰੀਕਨ ਸਾਊਦੀ ਅਰਬ ਦੀ ਪਵਿੱਤਰ ਧਰਤੀ ‘ਤੇ ਕਬਜ਼ਾ ਕਰੀ ਬੈਠੇ ਹਨ।
ਅਫਗਾਨਿਸਤਾਨ ਪਹੁੰਚ ਕੇ ਬਿਨ-ਲਾਦਿਨ ਹੌਲੀ ਹੌਲੀ ਮੁੱਲਾ ਉਮਰ ਨਾਲ ਸੰਪਰਕ ਵਧਾਉਣ ਲੱਗਿਆ। ਆਖਰ 1997 ਤੱਕ ਉਹ ਉਸ ਦੇ ਇੰਨਾ ਕੁ ਨੇੜੇ ਹੋ ਗਿਆ ਕਿ ਮੁੱਲਾ ਉਮਰ ਨੇ ਉਸ ਨੂੰ ਕੰਧਾਰ, ਜਿਥੇ ਮੁੱਲਾ ਉਮਰ ਦਾ ਆਧਾਰ ਅਤੇ ਰਿਹਾਇਸ਼ ਸੀ, ਰਹਿਣ ਦਾ ਸੱਦਾ ਦਿੱਤਾ। ਉਸਾਮਾ ਬਿਨ-ਲਾਦਿਨ ਆਪਣੇ ਲੜਾਕਿਆਂ ਨਾਲ ਕੰਧਾਰ ਚਲਾ ਗਿਆ ਤੇ ਉਥੇ ਹੀ ਆਪਣੇ ਟਰੇਨਿੰਗ ਕੈਂਪ ਵਗੈਰਾ ਬਣਾ ਲਏ।
ਹੁਣ ਤੱਕ ਉਹ ਅਮਰੀਕਨਾਂ ਦਾ ਕਾਫੀ ਨੁਕਸਾਨ ਕਰ ਚੁੱਕਿਆ ਸੀ ਤੇ ਆਉਣ ਵਾਲੇ ਸਮੇਂ ਲਈ ਵੱਡਾ ਖਤਰਾ ਬਣ ਰਿਹਾ ਸੀ। 1996 ਵਿਚ ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਨੇ ਅਤਿਵਾਦ-ਵਿਰੋਧੀ ਐਕਟ ‘ਤੇ ਦਸਤਖਤ ਕੀਤੇ ਜਿਸ ਦੀ ਵੱਡੀ ਮੱਦ ਸੀ, ਅਤਿਵਾਦੀ ਜਥੇਬੰਦੀਆਂ ਨੂੰ ਪੈਸਾ-ਟਕਾ ਮੁਹੱਈਆ ਕਰਨ ‘ਤੇ ਰੋਕ ਲਾਉਣੀ। ਇਹ ਐਕਟ ਬਣਦਿਆਂ ਹੀ ਬਿਨ-ਲਾਦਿਨ ਦਾ ਤਕਰਬੀਨ ਤਿੰਨ ਸੌ ਮਿਲੀਅਨ ਡਾਲਰ ਬੈਂਕਾਂ ਨੇ ਬਲਾਕ ਕਰ ਦਿੱਤਾ। ਇਸ ਨਾਲ ਬਿਨ-ਲਾਦਿਨ ਹੋਰ ਭੜਕ ਉਠਿਆ ਤੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਸੋਚਣ ਲੱਗ ਪਿਆ।
ਓਧਰ, ਅਮਰੀਕਾ ਵੀ ਚੁੱਪ ਨਹੀਂ ਸੀ ਬੈਠਾ। ਉਸ ਨੇ ਬਿਨ-ਲਾਦਿਨ ਨੂੰ ਫੜਨ ਜਾਂ ਮਾਰਨ ਲਈ ਖਾਸ ਦਸਤਾ ਤਿਆਰ ਕੀਤਾ ਜਿਸ ਨੇ ਪਾਕਿਸਤਾਨ ਵਾਲੇ ਪਾਸਿਉਂ ਐਕਸ਼ਨ ਕਰਨਾ ਸੀ। ਇਸ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਏਜੰਟ ਸ਼ਾਮਲ ਸਨ, ਪਰ ਇਹ ਮਿਸ਼ਨ ਕਾਮਯਾਬ ਨਾ ਹੋਇਆ। ਪਤਾ ਲੱਗਣ ‘ਤੇ ਬਿਨ-ਲਾਦਿਨ ਹੋਰ ਭੜਕ ਉਠਿਆ। ਉਸ ਨੇ ਸਾਰੇ ਜਹਾਦੀ ਗਰੁੱਪਾਂ ਦੀ ਮੀਟਿੰਗ ਬੁਲਾ ਕੇ ਇੱਕ ਹੋਰ ਫਤਵਾ ਜਾਰੀ ਕਰਵਾ ਦਿੱਤਾ, “ਅਮਰੀਕਾ ਅਤੇ ਉਸ ਦੀ ਧਿਰ ਦੇ ਮੁਲਕਾਂ ਦੇ ਫੌਜੀਆਂ ਅਤੇ ਆਮ ਨਾਗਿਰਕਾਂ ਨੂੰ ਮਾਰਨਾ ਹਰ ਮੁਸਲਮਾਨ ਦਾ ਮਜ਼ਹਬੀ ਫਰਜ਼ ਹੈ। ਇਨ੍ਹਾਂ ਨੂੰ ਦੁਨੀਆਂ ਦੇ ਕਿਸੇ ਵੀ ਖਿੱਤੇ ਵਿਚ ਜਾਂ ਉਨ੍ਹਾਂ ਦੇ ਆਪਣੇ ਮੁਲਕ ਵਿਚ ਜਾ ਕੇ ਮਾਰੋ। ਜਿਥੇ ਕਿਤੇ ਵੀ ਸੰਭਵ ਹੈ, ਇਨ੍ਹਾਂ ਦਾ ਖਾਤਮਾ ਕਰੋ।”
ਉਸ ਨੇ ਆਪਣੇ ਇਸ ਐਲਾਨ ਨੂੰ ਅਫਰੀਕਨ ਅੰਬੈਸੀਆਂ ਵਿਚ ਬੰਬ ਧਮਾਕੇ ਕਰ ਕੇ ਅਮਲੀ ਜਾਮਾ ਪਹਿਨਾਇਆ। ਅਗਸਤ 1998 ਵਿਚ ਅਲ-ਕਾਇਦਾ ਨੇ ਕੀਨੀਆ ਅਤੇ ਤਨਜ਼ਾਨੀਆ ਵਿਚਲੀਆਂ ਅਮਰੀਕਨ ਅੰਬੈਸੀਆਂ ਵਿਚ ਧਮਾਕੇ ਕਰ ਕੇ 220 ਜਾਨਾਂ ਲੈ ਲਈਆਂ ਤੇ ਹਜ਼ਾਰਾਂ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਬਹੁ-ਗਿਣਤੀ ਅਮਰੀਕਨ ਸਟਾਫ ਮੈਂਬਰ ਸਨ। ਅਲ-ਕਾਇਦਾ ਦੀ ਇਸ ਕਾਰਵਾਈ ਪਿੱਛੋਂ ਉਸਾਮਾ ਬਿਨ-ਲਾਦਿਨ ਅਰਬ ਸੰਸਾਰ ਦਾ ਮਹਾਂ ਨਾਇਕ ਬਣ ਗਿਆ। ਉਸ ਦਾ ਨਾਂ ਘਰ ਘਰ ਪਹੁੰਚ ਗਿਆ। ਇਨ੍ਹਾਂ ਬੰਬ ਧਮਾਕਿਆਂ ਪਿੱਛੋਂ ਅਮਰੀਕਾ ਨੇ ਬਿਨ-ਲਾਦਿਨ ਦੇ ਸਿਰ ਦਾ ਇਨਾਮ ਪੰਜ ਮਿਲੀਅਨ ਰੱਖ ਦਿੱਤਾ। ਇਸ ਦੇ ਨਾਲ ਹੀ ਅਮਰੀਕਾ ਨੇ ਉਸ ਦੇ ਅਫਗਾਨਿਸਤਾਨ ਵਿਚਲੇ ਕੈਂਪਾਂ ‘ਤੇ ਕਰੂਜ਼ ਮਿਜ਼ਾਈਲਾਂ ਵੀ ਚਲਾਈਆਂ, ਪਰ ਉਹ ਬਚ ਨਿਕਲਿਆ। ਬਿਨ-ਲਾਦਿਨ ਦੇ ਜੁਰਮਾਂ ਦੀ ਲਿਸਟ ਲੰਮੀ ਹੋ ਰਹੀ ਸੀ। ਹੁਣ ਤੱਕ ਉਸ ਦੇ ਖਾਤੇ ਵਿਚ 1993 ਦਾ ਵਰਲਡ ਟਰੇਡ ਸੈਂਟਰ ਹਮਲਾ, ਮਗੋਦੀਸ਼ਾ ਵਿਚ ਅਠਾਰਾਂ ਅਮਰਕੀਨਾਂ ਨੂੰ ਮਾਰਨਾ, ਰਿਆਧ ਵਿਚ 1995 ਦੌਰਾਨ ਅਮਰੀਕੀ ਫੌਜੀਆਂ ਦਾ ਕਤਲ ਅਤੇ ਪਿਛੋਂ ਇੱਥੇ ਹੀ ਦਹਰਾਨ ਵਿਚ 19 ਅਮਰੀਕਨ ਫੌਜੀਆਂ ਨੂੰ ਮਾਰਨਾ, 1994 ਦੌਰਾਨ ਪੈਸੇਫਿਕ ਸਮੁੰਦਰ ਉਪਰ ਦਰਜਨਾਂ ਅਮਰੀਕਨ ਏਅਰਲਾਈਨਰਾਂ ਤਬਾਹ ਕਰਨ ਦੀ ਸਾਜ਼ਿਸ਼, ਅਫੀਰਕਨ ਅੰਬੈਸੀਆਂ ਦੇ ਬੰਬ ਧਮਾਕੇ ਅਤੇ ਸਮੁੰਦਰੀ ਬੇੜੇ ਯੂæਐਸ਼ਐਸ਼ ਉਪਰ ਆਤਮਘਾਤੀ ਹਮਲਾ ਸ਼ਾਮਿਲ ਸਨ। ਕਈਆਂ ਦਾ ਖਿਆਲ ਸੀ ਕਿ ਇਨ੍ਹਾਂ ਅਤਿਵਾਦੀ ਕਾਰਵਾਈਆਂ ਦਾ ਮੁੱਢ ਉਦੋਂ ਹੀ ਬੱਝ ਗਿਆ ਸੀ ਜਦੋਂ ਅਮਰੀਕਾ ਇਨ੍ਹਾਂ ਜਹਾਦੀਆਂ ਨੂੰ ਪਿਸ਼ਾਵਰ ਦੇ ਟਰੇਨਿੰਗ ਸੈਂਟਰਾਂ ਵਿਚ ਸਿੱਖਲਾਈ ਦੇ ਕੇ ਰੂਸ ਖਿਲਾਫ ਲੜਨ ਲਈ ਤਿਆਰ ਕਰ ਰਿਹਾ ਸੀ। ਜਦੋਂ ਅਫਗਾਨਿਸਤਾਨ ‘ਚੋਂ ਰੂਸ ਹਾਰ ਕੇ ਨਿਕਲ ਗਿਆ ਤਾਂ ਇਹ ਜਹਾਦੀ ਵਿਹਲੇ ਹੋ ਗਏ। ਉਦੋਂ ਹੀ ਇਨ੍ਹਾਂ ਜਹਾਦੀਆਂ ਨੂੰ ਖਿਆਲ ਆਇਆ ਕਿ ਜੇ ਇੰਨੇ ਵੱਡੇ ਰੂਸ ਨੂੰ ਹਰਾਇਆ ਜਾ ਸਕਦਾ ਹੈ ਤਾਂ
ਅਮਰੀਕਾ ਨੂੰ ਕਿਉਂ ਨਹੀਂ!
ਅਮਰੀਕਾ ਨੇ ਬਿਨ-ਲਾਦਿਨ ਨੂੰ ਫੜਨ ਦੀ ਜੋ ਵੀ ਕੋਸ਼ਿਸ਼ ਕੀਤੀ, ਉਹ ਅਜਾਈਂ ਗਈ। ਵੱਡਾ ਕਾਰਨ ਇਹ ਵੀ ਸੀ ਕਿ ਅਮਰੀਕਾ ਪਾਕਿਸਤਾਨ ਦੀ ਮੱਦਦ ਬਿਨਾਂ ਅਫਗਾਨਿਸਤਾਨ ਅੰਦਰ ਕੁਝ ਕਰ ਨਹੀਂ ਸਕਦਾ ਸੀ ਤੇ ਪਾਕਿਸਤਾਨ ਦਿਲੋਂ ਸਾਫ ਨਹੀਂ ਸੀ। ਜਦੋਂ ਹੀ ਅਮਰੀਕਾ ਅੰਦਰਖਾਤੇ ਕੋਈ ਕੋਸ਼ਿਸ਼ ਕਰਦਾ, ਤਾਂ ਪਾਕਿਸਤਾਨ ਕੋਈ ਨਾ ਕੋਈ ਅੜਿੱਕਾ ਡਾਹ ਦਿੰਦਾ। ਅਮਰੀਕਾ ਨੇ ਸਾਊਦੀ ਅਰਬ ‘ਤੇ ਜ਼ੋਰ ਪਾਇਆ ਤੇ ਉਨ੍ਹਾਂ ਅੱਗੇ ਤਾਲਿਬਾਨ ਨਾਲ ਰਾਬਤਾ ਕਾਇਮ ਕੀਤਾ। ਹੁਣ ਤੱਕ ਸਾਊਦੀ ਅਰਬ ਨੇ ਭਾਵੇਂ ਤਾਲਿਬਾਨ ਦੀ ਬਹੁਤ ਮੱਦਦ ਕੀਤੀ ਸੀ ਪਰ ਬਿਨ-ਲਾਦਿਨ ਦੇ ਮੁੱਦੇ ‘ਤੇ ਤਾਲਿਬਾਨ ਸਿਰ ਮਾਰ ਗਏ। ਇਸ ਤੋਂ ਚਿੜ੍ਹ ਕੇ ਸਾਊਦੀ ਅਰਬ ਨੇ ਤਾਲਿਬਾਨ ਨਾਲੋਂ ਨਾਤਾ ਤੋੜ ਲਿਆ। ਹੁਣ ਤੱਕ ਤਾਲਿਬਾਨ ਦਾ ਬਾਹਰਲਿਆਂ ਨਾਲ ਜ਼ਿਆਦਾ ਵਾਹ-ਵਾਸਤਾ ਨਹੀਂ ਸੀ, ਪਰ ਬਿਨ-ਲਾਦਿਨ ਦੇ ਮਸਲੇ ਨੇ ਉਨ੍ਹਾਂ ਨੂੰ ਵੀ ਅਮਰੀਕਾ ਅਤੇ ਪੱਛਮ ਦੇ ਖਿਲਾਫ ਜ਼ਹਿਰ ਉਗਲਣ ਲਾ ਦਿੱਤਾ। ਆਖਰ ਅਮਰੀਕਨ ਸਰਕਾਰ ਨੇ ਤਾਲਿਬਾਨ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਉਸਾਮਾ ਬਿਨ-ਲਾਦਿਨ ਦੀ ਹਵਾਲਗੀ ਮੰਗੀ, ਪਰ ਤਾਲਿਬਾਨ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਹ ਉਨ੍ਹਾਂ ਦਾ ਮਹਿਮਾਨ ਹੈ ਤੇ ਅਫਗਾਨ ਰਸਮੋ-ਰਿਵਾਜ ਮੁਤਾਬਕ ਮਹਿਮਾਨ ਦੀ ਰਾਖੀ ਕੀਤੀ ਜਾਂਦੀ ਹੈ।
ਜਦੋਂ ਅਮਰੀਕਾ ਨੇ ਬਿਨ-ਲਾਦਿਨ ਕਰ ਕੇ ਅਫਗਾਨਿਸਤਾਨ ‘ਤੇ ਮਿਜ਼ਾਇਲੀ ਹਮਲਾ ਕਰਨ ਦੀ ਧਮਕੀ ਦਿੱਤੀ ਤਾਂ ਪਹਿਲੀ ਵਾਰ ਤਾਲਿਬਾਨ ਨੇ ਸਿਆਸਤ ਕਰਨ ਦੀ ਸੋਚੀ। ਉਨ੍ਹਾਂ ਅਮਰੀਕਾ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਤਾਲਿਬਾਨ ਸਰਕਾਰ ਨੂੰ ਮਾਨਤਾ ਦੇ ਦੇਵੇ ਤਾਂ ਉਹ ਬਿਨ-ਲਾਦਿਨ ਨੂੰ ਅਫਗਾਨਿਸਤਾਨ ਛੱਡ ਕੇ ਜਾਣ ਲਈ ਕਹਿ ਦੇਣਗੇ। ਇਸ ਗੁਪਤ ਗੱਲਬਾਤ ਦਾ ਬਿਨ-ਲਾਦਿਨ ਨੂੰ ਪਤਾ ਲੱਗ ਗਿਆ। ਉਹ ਹੁਣ ਤੱਕ ਤਾਲਿਬਾਨ ਦੇ ਵਿਚਕਾਰ ਰਹਿੰਦਾ ਆਪਣਾ ਗਲਬਾ ਕਾਇਮ ਕਰ ਚੁੱਕਿਆ ਸੀ। ਉਸ ਨੇ ਚਲਦੀ ਗੱਲ ਵਿਚ ਰੋੜੇ ਅਟਕਾ ਦਿੱਤੇ। ਜਦੋਂ ਅਮਰੀਕਾ ਨੇ ਮਹਿਸੂਸ ਕੀਤਾ ਕਿ ਤਾਲਿਬਾਨ, ਬਿਨ-ਲਾਦਿਨ ਨੂੰ ਸੌਦੇ ਲਈ ਵਰਤ ਰਹੇ ਹਨ ਤਾਂ ਉਸ ਨੇ ਆਪਣਾ ਕੰਮ ਹੋਰ ਵਧਾ ਦਿੱਤਾ। ਇਥੋਂ ਤੱਕ ਕਿ ਇੱਕ ਮੌਕੇ ਅਮਰੀਕਾ ਦਾ ਵਿਦੇਸ਼ ਵਿਭਾਗ ਸਿੱਧਾ ਮੁੱਲਾ ਉਮਰ ਨਾਲ ਵੀ ਗੱਲ ਕਰ ਰਿਹਾ ਸੀ। ਕਾਫੀ ਚਿਰ ਗੱਲ ਚੱਲਦੀ ਰਹੀ, ਪਰ ਮੁੱਲਾ ਉਮਰ ਦੇ ਅੜਬਪੁਣੇ ਕਰ ਕੇ ਕਿਸੇ ਸਿਰੇ ਨਾ ਲੱਗ ਸਕੀ। ਆਖਰ ਅਮਰੀਕਾ ਨੇ ਤਾਰੀਖ ਮਿੱਥ ਦਿੱਤੀ, ਜਾਂ ਤਾਂ ਇਸ ਤਾਰੀਖ ਤੋਂ ਪਹਿਲਾਂ ਬਿਨ-ਲਾਦਿਨ ਨੂੰ ਸਾਡੇ ਹਵਾਲੇ ਕਰੋ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੋ।
ਤਾਲਿਬਾਨ ਵੀ ਸਮਝ ਗਏ ਕਿ ਹੁਣ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ। ਉਨ੍ਹਾਂ ਉਸਾਮਾ ਬਿਨ-ਲਾਦਿਨ ਨੂੰ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ। ਬਿਨ-ਲਾਦਿਨ ਵੀ ਉਦੋਂ ਤੱਕ ਜ਼ੋਰ ਫੜ ਚੁੱਕਿਆ ਸੀ। ਤਾਲਿਬਾਨ ਸਰਕਾਰ ਵਿਚ ਉਸ ਦੀ ਪੂਰੀ ਪੁੱਛ-ਪ੍ਰਤੀਤ ਸੀ। ਸਿਆਣੇ ਲੋਕ ਸਮਝ ਰਹੇ ਸਨ ਕਿ ਰੂਸ ਦੇ ਨਿਕਲ ਜਾਣ ਪਿੱਛੋਂ ਅਮਰੀਕਾ ਅਫਗਾਨਿਸਤਾਨ ਨੂੰ ਜੋ ਸੰਕਟ ਵਿਚਕਾਰ ਛੱਡ ਕੇ ਭੱਜ ਗਿਆ ਸੀ, ਅੱਜ ਉਹ ਉਸੇ ਗਲਤੀ ਦੀ ਸਜ਼ਾ ਭੁਗਤ ਰਿਹਾ ਹੈ।
ਘਰੇਲੂ ਲੜਾਈ ਤੋਂ ਉਠ ਕੇ ਤਾਲਿਬਾਨ, ਸੰਸਾਰਕ ਮਸਲਾ ਬਣ ਗਏ। ਉਨ੍ਹਾਂ ਦਾ ਇਕੱਲੇ ਅਮਰੀਕਾ ਨਾਲ ਹੀ ਝਗੜਾ ਨਹੀਂ ਸੀ, ਸਗੋਂ ਉਨ੍ਹਾਂ ਦੀਆਂ ਨੀਤੀਆਂ ਕਾਰਨ ਹੋਰ ਬਹੁਤ ਸਾਰੇ ਮੁਲਕ ਉਨ੍ਹਾਂ ਤੋਂ ਅੱਕੇ ਪਏ ਸਨ। ਬਿਨ-ਲਾਦਿਨ ਅਤੇ ਤਾਲਿਬਾਨ ਦੀ ਸ਼ਹਿ ‘ਤੇ ਹੋਰ ਮੁਲਕਾਂ ਵਿਚ ਵੀ ਇਸਲਾਮੀ ਮੂਲਵਾਦੀ ਮੁਸ਼ਕਿਲਾਂ ਖੜ੍ਹੀਆਂ ਕਰਨ ਲੱਗੇ। ਮਸਲਨ, ਨਵੇਂ ਨਵੇਂ ਹੋਂਦ ਵਿਚ ਆਏ ਮੱਧ ਪੂਰਬ ਦੇ ਮੁਲਕ ਇਸ ਸਮੱਸਿਆ ਦਾ ਸੰਤਾਪ ਝੱਲ ਰਹੇ ਸਨ। ਇਸ ਤੋਂ ਇਲਾਵਾ ਚੀਨ, ਉਜ਼ਬੇਕਿਸਤਾਨ, ਚੇਚਨੀਆ, ਫਿਲਪੀਨਜ਼ ਅਤੇ ਇੰਡੀਆ ਦੇ ਕਸ਼ਮੀਰ ਸੂਬੇ ਵਿਚ ਅਤਿਵਾਦ ਦੀ ਨਵੀਂ ਹਨ੍ਹੇਰੀ ਪਹੁੰਚ ਚੁੱਕੀ ਸੀ। ਪਾਕਿਸਤਾਨ ਵਿਚ ਸੱਤਾ ਤਬਦੀਲੀ ਹੋ ਚੁੱਕੀ ਸੀ। ਅਕਤੂਬਰ 1999 ਵਿਚ ਜਨਰਲ ਪਰਵੇਜ਼ ਮੁਸ਼ੱਰਫ ਨੇ ਰਾਜ ਪਲਟਾ ਲਿਆ ਕੇ ਸੱਤਾ ਆਪਣੇ ਹੱਥ ਕਰ ਲਈ ਸੀ। ਉਸ ਨੇ ਤਾਲਿਬਾਨ ਦੀ ਪਹਿਲਾਂ ਨਾਲੋਂ ਵੀ ਜ਼ੋਰ-ਸ਼ੋਰ ਨਾਲ ਮਦਦ ਸ਼ੁਰੂ ਕਰ ਦਿੱਤੀ। ਨਾਲ ਹੀ ਉਸ ਨੇ ਅਫਗਾਨਿਸਤਾਨ ਅੰਦਰ ਚੱਲ ਰਹੇ ਉਹ ਕੈਂਪ ਜਿਥੇ ਕਸ਼ਮੀਰੀ ਜਹਾਦੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਸੀ, ਦੀ ਮਾਲੀ ਅਤੇ ਹਰ ਤਰ੍ਹਾਂ ਦੀ ਮਦਦ ਤੇਜ਼ ਕਰ ਦਿੱਤੀ। ਇਸ ਵੇਲੇ ਤਾਲਿਬਾਨ ਦੀ ਮਦਦ ਇਕੱਲਾ ਪਾਕਿਸਤਾਨ ਹੀ ਕਰ ਰਿਹਾ ਸੀ।
ਯੂæਐਨæਓæ ਨੇ ਤਾਲਿਬਾਨ ‘ਤੇ ਪਾਬੰਦੀਆਂ ਆਇਦ ਕਰ ਦਿੱਤੀਆਂ ਜਿਨ੍ਹਾਂ ਵਿਚੋਂ ਇੱਕ ਇਹ ਵੀ ਸੀ ਕਿ ਜੇ ਕੋਈ ਮੁਲਕ ਉਨ੍ਹਾਂ ਦੀ ਮਦਦ ਕਰੇਗਾ, ਉਸ ‘ਤੇ ਵੀ ਐਕਸ਼ਨ ਲਿਆ ਜਾਵੇਗਾ। ਤਾਲਿਬਾਨ ਨੇ ਤਾਂ ਇਹ ਗੱਲ ਗੌਲਣੀ ਹੀ ਕੀ ਸੀ, ਸਗੋਂ ਪਾਕਿਸਤਾਨ ਨੇ ਵੀ ਇਸ ਦੀ ਕੋਈ ਪ੍ਰਵਾਹ ਨਾ ਕੀਤੀ। ਉਹ ਤਾਲਿਬਾਨ ਨੂੰ ਹਥਿਆਰ ਸਪਲਾਈ ਕਰਦਾ ਰਿਹਾ। ਇਨ੍ਹਾਂ ਪਾਬੰਦੀਆਂ ਦੇ ਖਿਲਾਫ ਜਨਰਲ ਪਰਵੇਜ਼ ਮੁਸ਼ੱਰਫ ਨੇ ਆਪਣੇ ਮੁਲਕ ਅੰਦਰ ਅਮਰੀਕਾ ਅਤੇ ਯੂæਐਨæਓæਖਿਲਾਫ ਵੱਡੇ ਰੋਸ ਮੁਜ਼ਾਹਰੇ ਕਰਵਾਏ। ਇਹ ਨਹੀਂ ਕਿ ਤਾਲਿਬਾਨ ਅੰਦਰ ਸਭ ਅੱਛਾ ਸੀ। ਮੁੱਲਾ ਉਮਰ ਤੋਂ ਅਗਲਾ, ਦੋ ਨੰਬਰ ਦਾ ਲੀਡਰ ਮੁੱਲਾ ਮੁਹੰਮਦ ਰੱਬਾਨੀ ਸੁਧਾਰਵਾਦੀ ਰੁਚੀਆਂ ਦੀ ਸੋਚ ਵਾਲਾ ਸੀ। ਸਰਕਾਰ ਵਿਚ ਉਸ ਦਾ ਆਪਣਾ ਧੜਾ ਸੀ। ਉਸ ਦਾ ਮੰਨਣਾ ਸੀ, ਅਸੀਂ ਲੜ ਲੜ ਕੇ ਅੱਕੇ-ਥੱਕੇ ਪਏ ਹਾਂ, ਇਸ ਵੇਲੇ ਲੜਾਈ ਬੰਦ ਕਰ ਕੇ ਮੁਲਕ ਬਾਰੇ ਸੋਚਣਾ ਚਾਹੀਦਾ ਹੈ। ਉਹ ਉਸਾਮਾ ਬਿਨ-ਲਾਦਿਨ ਅਤੇ ਉਸ ਦੇ ਅਰਬ ਲੜਾਕਿਆਂ ਨੂੰ ਵੀ ਚੰਗਾ ਨਹੀਂ ਸੀ ਸਮਝਦਾ। ਉਸ ਦੀ ਸੋਚ ਸੀ ਕਿ ਬਾਹਰਲਿਆਂ ਨੂੰ ਅਫਗਾਨਿਸਤਾਨ ਦੇ ਘਰੇਲੂ ਮਸਲਿਆਂ ਵਿਚ ਦਖਲ ਨਹੀਂ ਦੇਣਾ ਚਾਹੀਦਾ। ਦੂਜਾ, ਉਹ ਉਨ੍ਹਾਂ ਦੇ ਸੰਸਾਰਕ ਜਹਾਦ ਦੇ ਹੱਕ ਵਿਚ ਵੀ ਨਹੀਂ ਸੀ। ਉਹ ਤਾਂ ਇਸ ਵੇਲੇ ਅਮਰੀਕਾ ਅਤੇ ਯੂæਐਨæਓæ ਨਾਲ ਵੀ ਕਿਸੇ ਸਮਝੌਤੇ ‘ਤੇ ਪਹੁੰਚਣਾ ਚਾਹੁੰਦਾ ਸੀ, ਪਰ ਕੈਂਸਰ ਨਾਲ ਉਸ ਦੀ ਮੌਤ ਹੋ ਗਈ। ਇਸ ਪਿਛੋਂ ਉਸ ਦਾ ਧੜਾ ਚੁੱਪ ਕਰ ਕੇ ਬੈਠ ਗਿਆ ਅਤੇ ਬਿਨ-ਲਾਦਿਨ ਦੇ ਰਾਹ ਦਾ ਰੋੜਾ ਸਾਫ ਹੋ ਗਿਆ। ਉਸ ਨੇ ਮੁੱਲਾ ਉਮਰ ਨੂੰ ਖੁਸ਼ ਕਰਨ ਲਈ ਵੱਡਾ ਤੋਹਫਾ ਦੇਣ ਦੀ ਸਕੀਮ ਬਣਾਈ। ਇਹ ਤੋਹਫਾ ਸੀ ਨਾਰਥ ਅਲਾਇੰਸ ਦੇ ਸੁਪਰੀਮ ਕਮਾਂਡਰ ਅਹਿਮਦ ਸ਼ਾਹ ਮਸੂਦ ਦਾ ਕਤਲ। ਬਿਨ-ਲਾਦਿਨ ਨੇ ਆਪਣੇ ਆਤਮਘਾਤੀ ਹਮਲਵਰਾਂ ਦੁਆਰਾ 9 ਸਤੰਬਰ 2001 ਨੂੰ ਮਸੂਦ ਦਾ ਕਤਲ ਕਰਵਾ ਕੇ ਨਾਰਥ ਅਲਾਇੰਸ ਨੂੰ ਲੀਡਰ ਰਹਿਤ ਕਰ ਦਿੱਤਾ। ਹੁਣ ਤਾਲਿਬਾਨ ਨੂੰ ਨਾਰਥ ਉਤੇ ਕਬਜ਼ਾ ਕਰਨ ਤੋਂ ਕੋਈ ਵੀ ਨਹੀਂ ਸੀ ਰੋਕ ਸਕਦਾ। ਕੁੰਦਜ ਸੂਬੇ ਵਿਚ ਕਬਜ਼ਾ ਜਮਾਈ ਬੈਠੇ ਤਾਲਿਬਾਨ ਨੇ ਹਵਾਈ ਰਸਤੇ ਫੌਜੀ ਸਪਲਾਈ ਵਧਾ ਦਿੱਤੀ ਤੇ ਸਾਲ ਦੇ ਅਖੀਰ ਤੋਂ ਪਹਿਲਾਂ ਪਹਿਲਾਂ ਨਾਰਥ ਜਿੱਤ ਲੈਣ ਦਾ ਟੀਚਾ ਮਿੱਥ ਲਿਆ। ਇਸ ਮੁਹਿੰਮ ਵਿਚ ਪਾਕਿਸਤਾਨ ਮਦਦ ਕਰ ਰਿਹਾ ਸੀ। ਪਾਕਿਸਤਾਨੀ ਫੌਜ ਅਤੇ ਆਈæਐਸ਼ਆਈæ ਦੇ ਬਹੁਤ ਸਾਰੇ ਅਧਿਕਾਰੀ ਤਾਲਿਬਾਨ ਨਾਲ ਕੁੰਦਜ ਸੂਬੇ ਵਿਚ ਡੇਰੇ ਲਾਈ ਬੈਠੇ ਸਨ। ਉਨ੍ਹਾਂ ਨਾਰਥ ਵਾਲੇ ਹਮਲੇ ਵੇਲੇ ਤਾਲਿਬਾਨ ਨੂੰ ਸੇਧ ਦੇਣੀ ਸੀ, ਪਰ ਅੱਗੇ ਭਵਿੱਖ ਵਿਚ ਜੋ ਹੋਣਾ ਸੀ, ਉਸ ਤੋਂ ਤਾਲਿਬਾਨ ਅਣਭਿੱਜ ਸਨ।
ਬਿਨ-ਲਾਦਿਨ ਨੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਵਾਲਾ ਹਮਲਾ ਗੁਪਤ ਰੱਖਿਆ ਹੋਇਆ ਸੀ। ਦੁਨੀਆਂ ਦੇ ਨਾਲ ਨਾਲ ਤਾਲਿਬਾਨ ਨੂੰ ਵੀ ਉਸੇ ਦਿਨ ਹੀ ਪਤਾ ਲੱਗਿਆ ਕਿ ਉਸਾਮਾ ਬਿਨ-ਲਾਦਿਨ ਨੇ ਅਮਰੀਕਾ ਦੇ ਧੁਰ ਅੰਦਰ ਜਾ ਕੇ ਇੰਨਾ ਵੱਡਾ ਕਾਰਾ ਕਰ ਦਿੱਤਾ ਹੈ। 9/11 ਦੇ ਤੀਜੇ ਦਿਨ ਹੀ ਅਮਰੀਕਾ ਨੇ ਤਾਲਿਬਾਨ ਨੂੰ ਚਿਤਾਵਨੀ ਦੇ ਦਿੱਤੀ, ਜਾਂ ਤਾਂ ਬਿਨ-ਲਾਦਿਨ ਨੂੰ ਫੜ ਕੇ ਸਾਡੇ ਹਵਾਲੇ ਕਰੋ, ਤੇ ਜਾਂ ਫਿਰ ਅਮਰੀਕੀ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਤਾਲਿਬਾਨ ਨੇ ਬਿਨ-ਲਾਦਿਨ ਦੇ ਮਸਲੇ ਵਿਚ ਪਹਿਲਾਂ ਵਾਲਾ ਹੀ ਜੁਆਬ ਦੇ ਦਿੱਤਾ। ਅਮਰੀਕਾ ਨੇ ਦੁਨੀਆਂ ਨੂੰ ਅਤਿਵਾਦ ਖਿਲਾਫ ਲੜਾਈ ਵਿਚ ਹਿੱਸਾ ਲੈਣ ਦੀ ਅਪੀਲ ਕਰ ਦਿੱਤੀ। ਅਫਗਾਨਿਸਤਾਨ ਉਪਰ ਅਮਰੀਕਾ ਵੱਲੋਂ ਹਮਲੇ ਦਾ ਸੁਣ ਕੇ ਪਾਕਿਸਤਾਨ ਝਾੜ ਵਿਚ ਫਸੇ ਬਿੱਲੇ ਵਾਂਗ ਝਾਕਣ ਲੱਗਿਆ। ਉਸ ਦੇ ਇੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਤੇ ਵਾਲੀ ਗੱਲ ਬਣ ਗਈ। ਇੰਨੇ ਨੂੰ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਨੇ ਜਨਰਲ ਪਰਵੇਜ਼ ਮੁਸ਼ਰਫ ਨੂੰ ਫੋਨ ਕਰ ਕੇ ਸਾਥ ਮੰਗਿਆ। ਮੁਸ਼ਰਫ ਨੇ ਆਨਾ-ਕਾਨੀ ਕੀਤੀ ਤਾਂ ਵਿਦੇਸ਼ ਮੰਤਰੀ ਨੇ ਸਿੱਧਾ ਕਿਹਾ, ਮਾਰ ਮਾਰ ਬੰਬ ਪਾਕਿਸਤਾਨ ਨੂੰ ਵੀ ਪੱਥਰ ਯੁੱਗ ‘ਚ ਬਦਲ ਦਿਆਂਗੇ। ਅਗਲੇ ਦਿਨ ਮੁਸ਼ਰਫ ਨੂੰ ਪੈਸੇ ਦਾ ਲਾਲਚ ਦਿੱਤਾ ਗਿਆ ਤਾਂ ਉਹ ਝੱਟ ਮੰਨ ਗਿਆ ਤੇ ਤਾਲਿਬਾਨ ਨਾਲ ਸਾਲਾਂ ਦੀ ਯਾਰੀ ਛੱਡ ਕੇ ਬੁਸ਼ ਮੂਹਰੇ ਹੱਥ ਜੋੜ ਕੇ ਖੜ੍ਹੋ ਗਿਆ।
ਤਾਲਿਬਾਨ ਵੱਲੋਂ ਜੁਆਬ ਮਿਲਣਸਾਰ ਹੀ ਅਮਰੀਕਾ ਨੇ ਅਫਗਾਨਿਸਤਾਨ ਦੇ ਉਤਰ ਵੱਲ ਦੇ ਛੋਟੇ ਮੁਲਕ ਉਜ਼ਬੇਕਿਸਤਾਨ ਅਤੇ ਤਾਜਿਕਸਤਾਨ ਵਗੈਰਾ ਵਿਚ ਫੌਜੀ ਸਾਜ਼ੋ-ਸਮਾਨ ਉਤਾਰਨਾ ਸ਼ੁਰੂ ਕਰ ਦਿੱਤਾ। ਨਾਲ ਹੀ ਐਲਾਨ ਕਰ ਦਿੱਤਾ ਕਿ ਇਹ ਲੜਾਈ ਅਤਿਵਾਦ ਦੇ ਖਿਲਾਫ ਹੈ, ਉਹ ਇਸ ਲੜਾਈ ਦੌਰਾਨ ਅਫਗਾਨਿਸਤਾਨ ਅੰਦਰ ਆਪਣੀ ਫੌਜ ਨਹੀਂ ਲੜਾਏਗਾ, ਸਗੋਂ ਉਹ ਨਾਰਥ ਅਲਾਇੰਸ ਦੀ ਮਦਦ ਨਾਲ ਅਤਿਵਾਦੀਆਂ ਨੂੰ ਕਾਬੂ ਕਰੇਗਾ। ਅਮਰੀਕਾ ਨੇ ਅਫਗਾਨਾਂ ਨੂੰ ਅਪੀਲ ਕੀਤੀ ਕਿ ਉਹ ਤਾਲਿਬਾਨ ਖਿਲਾਫ ਇੱਕਮੁੱਠ ਹੋ ਜਾਣ, ਪਰ ਅਫਗਾਨਾਂ ਨੇ ਅਮਰੀਕਾ ਉਤੇ ਰੱਤੀ ਭਰ ਵੀ ਭਰੋਸਾ ਨਾ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਮਰੀਕਾ ਦੀ ਅਸਲੀਅਤ ਉਦੋਂ ਦੇ ਜਾਣਦੇ ਹਨ ਜਦੋਂ ਉਹ ਰੂਸ ਨੂੰ ਹਰਾਉਣ ਪਿੱਛੋਂ ਅਫਗਾਨਿਸਤਾਨ ਨੂੰ ਮੱਚਦੀ ਅੱਗ ਵਿਚਕਾਰ ਛੱਡ ਕੇ ਆਪਣੇ ਰਾਹ ਪੈ ਗਿਆ ਸੀ, ਅਤੇ ਹੁਣ ਤੱਕ ਲੋਕ ਅਮਰੀਕਾ ਦੀ ਇਸੇ ਕਰਨੀ ਦਾ ਖਮਿਆਜ਼ਾ ਭੁਗਤ ਰਹੇ ਹਨ। ਅਫਗਾਨ ਸੋਚ ਰਹੇ ਸਨ ਕਿ ਅਮਰੀਕਾ ਦਾ ਅਫਗਾਨਿਸਤਾਨ ਦੀਆਂ ਸਮੱਸਿਆਵਾਂ ਸੁਲਝਾਉਣ ਦਾ ਕੋਈ ਇਰਾਦਾ ਨਹੀਂ। ਉਹ ਤਾਂ ਬੱਸ ਤਾਲਿਬਾਨ ਤੋਂ ਤਾਕਤ ਖੋਹ ਕੇ ਨਾਰਥ ਅਲਾਇੰਸ ਦੇ ਹਵਾਲੇ ਕਰ ਦੇਵੇਗਾ। ਇਸ ਵੇਲੇ ਪਾਕਿਸਤਾਨ ਨੇ ਮੁੱਲਾ ਉਮਰ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਕਿ ਉਹ ਬਿਨ-ਲਾਦਿਨ ਨੂੰ ਅਮਰੀਕਾ ਹਵਾਲੇ ਕਰ ਦੇਵੇ। ਅਸਲ ਵਿਚ ਤਾਲਿਬਾਨ ਸਰਕਾਰ ਪਾਕਿਸਤਾਨ ਨੂੰ ਫਿੱਟ ਬੈਠਦੀ ਸੀ। ਅਮਰੀਕਾ ਦੀ ਮਦਦ ਕਰਨ ਕਰ ਕੇ ਉਸ ਦੇ ਆਪਣੇ ਲੋਕ ਵੀ ਉਸ ਖਿਲਾਫ ਰੋਹ ਵਿਚ ਸਨ, ਪਰ ਇਹ ਗੱਲਬਾਤ ਕਾਮਯਾਬ ਨਾ ਹੋਈ।
(ਚਲਦਾ)