ਆਪਣਿਆਂ ਵਿਚ ਅਜਨਬੀ

ਅਸੀਂ ਕੀ ਬਣ ਗਏ-2
ਪੰਜਾਬੀ ਕਹਾਣੀ ਨੂੰ ਉਂਗਲ ਫੜਾ ਕੇ ਸਾਹਿਤ ਜਗਤ ਦੇ ਮੋਕਲੇ ਵਿਹੜੇ ਲਿਜਾਣ ਵਾਲੇ ਵਰਿਆਮ ਸਿੰਘ ਸੰਧੂ ਨੇ ਆਪਣੀ ਲੇਖ ਲੜੀ ‘ਅਸੀਂ ਕੀ ਬਣ ਗਏ’ ਵਿਚ ਸਾਹਿਤ ਅਤੇ ਜੀਵਨ ਦੀ ਜੁਗਲਬੰਦੀ ਦਾ ਤਰਾਨਾ ਛੇੜਿਆ ਹੈ। ਰੋਜ਼-ਮੱਰਾ ਦੀਆਂ ਯਾਦਾਂ ਅਤੇ ਘਟਨਾਵਾਂ ਕਿਸ ਤਰ੍ਹਾਂ ਅਨੁਵਾਦ ਹੋ ਕੇ ਕਾਗਜ਼ ਉਤੇ ਸਾਹਿਤ ਬਣ ਬਣ ਜੰਮਦੀਆਂ ਹਨ, ਇਹ ਖੁਲਾਸਾ ਉਹਨੇ ਇਸ ਲੰਮੇ ਲੇਖ ਵਿਚ ਕੀਤਾ ਹੈ। ਹੋਈਆਂ-ਬੀਤੀਆਂ ਘਟਨਾਵਾਂ ਦਾ ਇਹ ਅਨੁਵਾਦ ਦਿਲਚਸਪ ਤਾਂ ਹੈ ਹੀ, ਨਿਵੇਕਲਾ ਵੀ ਹੈ; ਐਨ ਵਰਿਆਮ ਦੀ ਕਹਾਣੀ ਕਲਾ ਵਾਂਗ।

ਉਸ ਕੋਲ ਘਟਨਾ ਨੂੰ ਚਿੱਤਰ ਵਾਂਗ ਪੇਸ਼ ਕਰਨ ਦੀ ਸਮਰੱਥਾ ਹੈ। ਇਸੇ ਸਮਰੱਥਾ ਕਰ ਕੇ ਹੀ ਤਾਂ ਉਹ ਪੰਜਾਬੀ ਸਾਹਿਤ ਜਗਤ ਨੂੰ ਯਾਦਗਾਰੀ ਰਚਨਾਵਾਂ ਦੇ ਸਕਿਆ ਹੈ। ਇਹ ਰਚਨਾਵਾਂ ਸਿਰਫ ਕਹਾਣੀ ਕਹਿਣ ਤੱਕ ਹੀ ਸੀਮਤ ਨਹੀਂ ਰਹਿੰਦੀਆਂ, ਸਗੋਂ ਇਸ ਵਿਚ ਜੀਵਨੀ ਅਤੇ ਸਫਰ ਵਾਲੇ ਸਾਹਿਤ ਤੋਂ ਇਲਾਵਾ ਨਸਰ ਦੀਆਂ ਹੋਰ ਵੰਨਗੀਆਂ ਵੀ ਸ਼ਾਮਲ ਹੋਈ ਜਾਂਦੀਆਂ ਹਨ। ਉਹ ਰੌਂ ਵਿਚ ਹੋਵੇ ਤਾਂ ਤੁਹਾਡੇ ਲਈ ਨਜ਼ਮ ਵਾਲਾ ਪੀੜ੍ਹਾ ਵੀ ਡਾਹ ਸਕਦਾ ਹੈ। ਅਸਲ ਵਿਚ ਸਭ ਤੋਂ ਪਹਿਲਾਂ ਉਹਨੇ ਸਾਹਿਤ ਦੇ ਵਿਹੜੇ ਵਿਚ ਨਜ਼ਮਾਂ ਵਾਲਾ ਪੀੜ੍ਹਾ ਹੀ ਡਾਹਿਆ ਸੀ ਜਦੋਂ ਲੈਨਿਨ ਦੀ ਉਠਦੀ ਉਂਗਲ ਵਾਂਗ ਉਹਦੀ ਕਵਿਤਾ ਦੀ ਉਂਗਲ ਖਲੋ ਗਈ ਸੀ। ਵੱਖ ਵੱਖ ਸਮਿਆਂ ਦੌਰਾਨ ਉਹ ਕਵਿਤਾ ਅਤੇ ਜੁਝਾਰੂਪਣ ਦੀ ਖੜ੍ਹੀ ਹੋਈ ਇਸ ਉਂਗਲ ਨੂੰ ਸਾਹਿਤ ਦੇ ਵੱਖ ਵੱਖ ਰੂਪਾਂ ‘ਚ ਆਪਣੇ ਪਾਠਕਾਂ ਨਾਲ ਸਾਂਝੀ ਕਰਦਾ ਰਿਹਾ ਹੈ। ਇਹ ਸਾਂਝ ਬਣਾਉਂਦਿਆਂ ਉਹ ਸਰੋਕਾਰਾਂ ਵਾਲਾ ਹੱਥ ਉਚਾ ਕਰਨਾ ਕਦੀ ਨਹੀਂ ਭੁੱਲਦਾ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 416-918-5212

ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ। ਜ਼ਖ਼ਮੀਆਂ ਨਾਲ ਆਏ ਹੋਰ ਬਹੁਤ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਗਏ। ਮੈਂ ਵੀ ਘਰ ਜਾਣ ਦੀ ਸੋਚੀ। ਲਾਲ ਦਾ ਪਰਿਵਾਰ ਮੇਰੇ ਘਰ ਬੈਠਾ ‘ਸੁੱਖ-ਸਾਂਦ’ ਦੀ ਉਡੀਕ ਕਰ ਰਿਹਾ ਸੀ। ਮੈਨੂੰ ਜਾ ਕੇ ਉਨ੍ਹਾਂ ਨੂੰ ਝੂਠਾ-ਸੱਚਾ ਹੌਸਲਾ ਦੇਣਾ ਹੋਵੇਗਾ।
ਕਿਸੇ ਕਿਹਾ, “ਐਸ਼ਐਸ਼ਪੀæ ਮੌਕਾ ਵੇਖਣ ਆ ਰਿਹਾ ਏ।”
ਦੂਜੇ ਆਖਣ ਲੱਗੇ, “ਚੱਲੋ, ਜਾ ਕੇ ਪੁਲਿਸ ਦੀ ਖ਼ਬਰ ਲਈਏ। ਥਾਣੇਦਾਰ ਤਾਂ ਆਪ ਮੂਤਦਾ ਲੁਕਦਾ ਫਿਰਦਾ ਸੀ। ਇਨ੍ਹਾਂ ਸਾਡੀ ਰਾਖੀ ਕੀ ਕਰਨੀ ਏਂ!”
ਮੈਂ ਸੋਚਿਆ: ਪੁਲਿਸ ਨੂੰ ਮਿਲ ਕੇ ਮੈਂ ਹੁਣ ਕੀ ਲੈਣਾ! ਪੁਲਿਸ ਨਾਲ ‘ਲੜ’ ਕੇ ਹੁਣ ਹੋਣਾ ਵੀ ਕੀ ਸੀ! ਪਹਿਲ ਤਾਂ ਜ਼ਖ਼ਮੀਆਂ ਨੂੰ ‘ਟਿਕਾਣੇ’ ‘ਤੇ ਪਹੁੰਚਾਉਣਾ ਸੀ ਅਤੇ ਉਹ ਕੰਮ ਹੋ ਗਿਆ ਸੀ।
ਦੂਜੇ ਲੋਕਾਂ ਨੇ ‘ਕਮਾਂਡ’ ਆਪਣੇ ਹੱਥ ਸਾਂਭ ਲਈ ਸੀ! ਉਹ ਅੱਗੇ ਲੱਗ ਕੇ ਪੁਲਿਸ ਚੌਕੀ ਵੱਲ ਤੁਰ ਪਏ। ਮੈਂ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਚੱਲ ਪਿਆ। ਉਹ ਸਾਰੇ ਜਣੇ ‘ਗੋਲੀ ਚਲਾਉਣ ਵਾਲਿਆਂ’ ਬਾਰੇ ਅਨੁਮਾਨ ਲਾ ਰਹੇ ਸਨ।
‘ਕੌਣ ਹੋ ਸਕਦੇ ਨੇ ਇਹ?’
ਬਲੂ ਸਟਾਰ ਆਪ੍ਰੇਸ਼ਨ ਦੇ ਦਿਨੀਂ ਵੀ ਪਿੰਡ ਦਾ ਭਾਈਚਾਰਾ ਪਹਿਲਾਂ ਵਾਂਗ ਬਣਿਆ ਰਿਹਾ ਸੀ। ਲੱਗੇ ਕਰਫ਼ਿਊ ਵਿਚ ਵੀ ਪਿੰਡ ਦੇ ਦੁਕਾਨਦਾਰ, ਸੀæਆਰæਪੀæ ਵਾਲਿਆਂ ਦੀ ਅੱਖ ਬਚਾ ਕੇ, ਲੋੜਵੰਦ ਲੋਕਾਂ ਨੂੰ ਪਿਛਲੇ ਦਰਵਾਜ਼ਿਓਂ ‘ਸੌਦਾ-ਪੱਤਾ’ ਦਿੰਦੇ ਰਹੇ ਸਨ। ਪਿਛਲੇ ਦਿਨਾਂ ਵਿਚ, ਦੋਵਾਂ ਭਾਈਚਾਰਿਆਂ ਦਰਮਿਆਨ ਬਰੀਕ ਜਿਹੇ ਵਖਰੇਵੇਂ ਦੇ ਭਾਵ ਪੈਦਾ ਹੋ ਜਾਣ ਦੇ ਬਾਵਜੂਦ ਪਿੰਡ ਵਿਚ ‘ਹਿੰਦੂ-ਸਿੱਖ’ ਦੇ ਹਵਾਲੇ ਨਾਲ ਦੁਸ਼ਮਣੀ ਕਮਾਉਣ ਦੀ ਕਦੀ ਕੋਈ ਦੱਸ-ਧੁੱਖ ਸੁਣੀ ਨਹੀਂ ਸੀ। ਹੰਸ ਰਾਜ ਪ੍ਰਭਾਕਰ ਜੋ ਪਿੰਡ ਵਿਚ ਤੀਹ ਸਾਲਾਂ ਤੋਂ ਪੜ੍ਹਾ ਰਿਹਾ ਸੀ, ਕਰਫ਼ਿਊ ਦੇ ਇਨ੍ਹਾਂ ਦਿਨਾਂ ਵਿਚ ਵੀ ਹਰ ਸ਼ਾਮ ਪਿੰਡ ਦੀ, ਆਮ ਦਿਨਾਂ ਵਾਂਗ ਪਰਿਕਰਮਾ ਕਰਦਾ ਅਤੇ ਜਿੱਥੇ ਵੀ ਕੋਈ ਪੁਰਾਣਾ ਵਿਦਿਆਰਥੀ ‘ਜਲ-ਪਾਣੀ’ ਦੀ ਸੁਲਾਹ ਮਾਰਦਾ, ਉਸ ਨੂੰ ਬਾ-ਖ਼ੁਸ਼ੀ ਆਪਣੀ ‘ਸੇਵਾ ਕਰਨ ਦਾ’ ਮਾਣ ਬਖ਼ਸ਼ਦਾ ਰਹਿੰਦਾ। ਜੇ ਕੋਈ ਹਮਦਰਦ ਉਹਨੂੰ ਅਜਿਹੇ ਹਾਲਾਤ ਵਿਚ ਘਰੋਂ ਬਾਹਰ ਨਿਕਲਣ ਤੋਂ ਵਰਜਦਾ ਤਾਂ ਉਹ ਹੱਸ ਕੇ ਆਖਦਾ, “ਕੀ ਕਰਾਂ! ਅੱਜ ਕਿਸੇ ਕੋਲੋਂ ਪੀਂਦਾਂ ਤਾਂ ਦੂਸਰਾ ਕੋਈ ਹੋਰ ਅਗਲੇ ਦਿਨ ਲਈ ਪਹਿਲਾਂ ਈ ‘ਬੁੱਕ’ ਕਰ ਲੈਂਦਾ; ਅਖੇ, ‘ਮਾਸਟਰ ਜੀ ਕੱਲ੍ਹ ਮੇਰੇ ਵੱਲ ਆਇਓ, ਪਹਿਲੇ ਤੋੜ ਦੀ ਪਈ ਏ ਮੇਰੇ ਕੋਲ! ਉਂਜ ਵੀ ਪਿੰਡ ਦੇ ਹਰ ਘਰ ਵਿਚ ਮੇਰਾ ਕੋਈ ਨਾ ਕੋਈ ਵਿਦਿਆਰਥੀ ਹੈ। ਕਿਸੇ ਦੀ ਮਾਂ ਸੂਈ ਹੈ ਜੋ ਮੇਰੇ ਵੱਲ ਕੈਰੀ ਨਜ਼ਰ ਨਾਲ ਵੀ ਝਾਕ ਜਾਏ!’
ਪ੍ਰਭਾਕਰ ਇੱਕ ਦਿਨ ਮੈਨੂੰ ਕਹਿੰਦਾ, “ਰਾਤੀਂ ਮੈਨੂੰæææਮਿਲ ਪਿਆ। ਗਲੀ ‘ਚੋਂ ਲੰਘਦਾ, ਦੋ ਤਿੰਨ ਮੁੰਡੇ ਨਾਲ।” ਉਸ ਨੇ ਪਿੰਡ ਦੇ ‘ਖਾੜਕੂਆਂ’ ਨਾਲ ਤੁਰੇ ਇੱਕ ਪੁਰਾਣੇ ਵਿਦਿਆਰਥੀ ਦਾ ਨਾਮ ਲਿਆ, “ਦੋ ਸਟੇਨਾਂ ਵਾਲੇ ਹੋਰ ਵੀ ਨਾਲ ਸਨ। ਮੇਰੇ ਗੋਡਿਆਂ ਨੂੰ ਹੱਥ ਲਾ ਕੇ ਕਹਿੰਦਾ, ‘ਮਾਸਟਰ ਜੀ, ਐਸ ਵੇਲੇ ਘਰ ਬਿਹਾ ਕਰੋ। ‘ਮਾਲ ਅਸਬਾਬ’ ਆਖੋ ਤਾਂ ਅਸੀਂ ਘਰੇ ਅਪੜਾ ਦਿਆ ਕਰਾਂਗੇ।’ ਮੇਰੇ ਪੈਰ ਉਖੜਦੇ ਵੇਖ ਕੇ ਕਹਿੰਦਾ, ‘ਚੱਲੋ, ਤੁਹਾਨੂੰ ਘਰ ਛੱਡ ਆਵਾਂ।’ ਮੈਨੂੰ ਮੇਰੇ ਘਰ ਦੇ ਬੂਹੇ ਤਕ ਛੱਡ ਕੇ ਗਏ ਉਹ। ਸਾਡੇ ਇਹ ਮੁੰਡੇ ਸਾਨੂੰ ਮਾਰਨਗੇ? ਸਾਨੂੰ ਤਾਂ ਰੱਤੀ ਭਰ ਵੀ ਡਰ ਨਹੀਂ ਲੱਗਦਾ।”
ਸਾਰੇ ਲੋਕਾਂ ਵਿਚ ਭਾਵੇਂ ਹੰਸ ਰਾਜ ਪ੍ਰਭਾਕਰ ਵਰਗਾ ਸਵੈ-ਵਿਸ਼ਵਾਸ ਨਾ ਵੀ ਹੋਵੇ, ਤਦ ਵੀ ਕਿਸੇ ਇਹ ਨਹੀਂ ਸੀ ਸੋਚਿਆ ਕਿ ਸਾਡੇ ਪਿੰਡ ਇਹੋ ਜਿਹੀ ਵਾਰਦਾਤ ਹੋ ਜਾਵੇਗੀ। ਫਿਰ ਇਹ ਕੌਣ ਸਨ ਜਿਨ੍ਹਾਂ ਜਾਣ ਬੁੱਝ ਕੇ ਪਿੰਡ ਦੇ ਸਦ-ਭਾਵੀ ਭਾਈਚਾਰੇ ਨੂੰ ਜ਼ਖਮੀ ਕੀਤਾ ਸੀ! ਇੱਕ ਨੂੰ ਮਾਰ ਕੇ, ਹੋਰ ਕਈਆਂ ਨੂੰ ਮਰਨੇ ਪਾ ਦਿੱਤਾ ਸੀ!
“ਪਿੰਡ ਦਾ ਬੰਦਾ ਹੋਊ ਕੋਈ ਵਿਚ ਜੀ, ਜ਼ਰੂਰ ਬਰ ਜ਼ਰੂਰ। ਪਿੰਡ ਦੇ ਬੰਦਿਆਂ ਦੀ ਸੂਹ ਤੇ ਸਾਥ ਤੋਂ ਬਿਨਾਂ ਕੋਈ ਏਨੇ ਹੌਸਲੇ ਨਾਲ ਇਹ ਕੰਮ ਨਹੀਂ ਕਰ ਸਕਦਾ। ਅਗਲਿਆਂ ਨੂੰ ਪਿੰਡ ਦੇ ਸਾਰੇ ਰਾਹਾਂ ਦਾ ਪਤਾ ਸੀ। ਪਰਲੇ ਪਾਸਿਓਂ ਆਏ। ਸਾਰੇ ਬਾਜ਼ਾਰ ‘ਚ ਗੋਲੀਆਂ ਚਲਾ ਕੇ ਆਰਾਮ ਨਾਲ ਸਕੂਲ ਕੋਲੋਂ ਦੀ ਹੋ ਕੇ ਲਹੀਆਂ ਦੀ ਪੱਤੀ ਵੱਲ ਬਾਹਰ ਨਿਕਲ ਗਏ। ਪਿੰਡ ਦੇ ਬੰਦੇ ਜ਼ਰੂਰ ਹੋਣਗੇ ਵਿਚ। ਮੈਂ ਆਪ ਵੇਖਿਆ, ਉਨ੍ਹਾਂ ਨੇ ਪਛਾਣੇ ਜਾਣ ਦੇ ਡਰੋਂ ਮੂੰਹ ਸਿਰ ਵਲ੍ਹੇਟੇ ਹੋਏ ਸਨ। ਪਿੰਡ ਦੇ ਬੰਦੇ ਸਨ ਜੀ ਵਿਚ। ਬਿਲਕੁਲ ਪੱਕ ਐ। ਕਿਸੇ ਹੋਰ ਨੂੰ ਮੂੰਹ ਲੁਕਾਉਣ ਦੀ ਭਲਾ ਕੀ ਲੋੜ ਸੀ!” ਕੋਈ ਮੋਹਤਬਰ ਸੱਜਣ ਪੂਰੇ ਭਰੋਸੇ ਨਾਲ ਕਹਿ ਰਿਹਾ ਸੀ।
“ਕੌਣ ਹੋਵੇਗਾ ਭਲਾ ਪਿੰਡ ਦਾ ਬੰਦਾ ਵਿਚ?” ਆਪਣੀ ਜਗਿਆਸਾ ਸ਼ਾਂਤ ਕਰਨ ਲਈ ਕਿਸੇ ਵੱਲੋਂ ਪੁੱਛਿਆ ਗਿਆ ਇਹ ਵਾਜਬ ਸਵਾਲ ਸੀ।
“ਸਭ ਐਥੇ ਸਾਹਮਣੇ ਆ ਜਾਣਾ ਏਂ। ਤੂੰ ਵੇਖੀਂ ਸਹੀ। ਸਬਰ ਰੱਖ ਜ਼ਰਾ। ਅਜੇ ਹੁਣੇ ਦੱਸਣ ਵਾਲੀ ਗੱਲ ਨਹੀਂ” ਇਸ ਦਾ ਭਾਵ ਸੀ ਕਿ ਉਸ ਕੋਲ ਕੋਈ ‘ਪੱਕੀ ਸੂਚਨਾ’ ਸੀ ਪਰ ਅਜੇ, ਹਾਲ ਦੀ ਘੜੀ, ਉਹ ਸਾਂਝੀ ਨਹੀਂ ਸੀ ਕਰਨੀ ਚਾਹੁੰਦਾ!
ਮੈਂ ਉਨ੍ਹਾਂ ਦੇ ਨਾਲ ਨਾਲ ਹੀ ਤੁਰ ਰਿਹਾ ਸਾਂ। ਇਹ ਸਵਾਲ ਤਾਂ ਮੇਰੇ ਅੰਦਰ ਵੀ ਚੱਕਰ ਲਾ ਰਹੇ ਸਨ। ਮੇਰੇ ਮਨ ਵਿਚ ਇੱਕਦਮ ਇਹ ਖ਼ਿਆਲ ਆਇਆ: ‘ਇਸ ਭੇਤ ਵਾਲੀ ਗੱਲ ਨੂੰ ਉਹ, ਕਿਤੇ ਮੇਰੇ ਹਾਜ਼ਰ ਹੋਣ ਕਰ ਕੇ ਤਾਂ ਨਹੀਂ ਸੀ ਲੁਕਾ ਰਿਹਾ!’
ਅਚਨਚੇਤ ਮੈਨੂੰ ਵੱਖਰੀ ਸੋਚ ਨੇ ਘੇਰ ਲਿਆ। ਅੱਜ, ਹੁਣ ਤੀਕ ਕੀਤਾ ਮੇਰਾ ਸਾਰਾ ਉਦਮ ਅਤੇ ਉਤਸ਼ਾਹ ਕਿਰਨਾ ਸ਼ੁਰੂ ਹੋ ਗਿਆ। ਮੈਂ ਵੇਖਿਆ; ਏਨੇ ਲੋਕਾਂ ਦੀ ਭੀੜ ਵਿਚ ਪੱਗ ਵਾਲਾ ਤਾਂ ਮੈਂ ਇਕੱਲਾ ਹੀ ਸਾਂ! ਘੜੀ ਪਹਿਲਾਂ ਮੈਂ ਉਨ੍ਹਾਂ ਸਭਨਾਂ ਦਾ ਹਿੱਸਾ ਸਾਂ। ਉਨ੍ਹਾਂ ਦੇ ਗ਼ਮ ਅਤੇ ਪੀੜ ਵਿਚ ਪੂਰੀ ਤਰ੍ਹਾਂ ਸ਼ਰੀਕ। ਉਨ੍ਹਾਂ ਦਾ ਆਪਣਾ ਹੀ ਭਰਾ-ਭਾਈ! ਪਰ ਇੱਕ ਪਲ ਵਿਚ ਹੀ ਮੈਂ ਉਨ੍ਹਾਂ ਵਿਚ ਆਪਣੇ ਆਪ ਨੂੰ ਓਪਰਾ ਅਤੇ ਅਜਨਬੀ ਸਮਝਣ ਲੱਗ ਪਿਆ ਸਾਂ! ਇਹ ਵੀ ਸੋਚਣ ਲੱਗਾ ਕਿ ਇਨ੍ਹਾਂ ਵਿਚੋਂ ਕੋਈ ਇਹ ਵੀ ਸੋਚਦਾ ਹੋ ਸਕਦਾ ਹੈ ਕਿ ਮੈਂ ਇਕੱਲਾ ਇਨ੍ਹਾਂ ਵਿਚ ਕੀ ਕਰਦਾ ਪਿਆਂ! ਮੇਰੇ ਕੀਤੇ ‘ਤਥਾ-ਕਥਿਤ’ ‘ਪਰਉਪਕਾਰ’ ਦਾ ਜੋਸ਼ ਮੱਠਾ ਪੈਣ ਲੱਗਾ।
ਉਨ੍ਹਾਂ ਨਾਲ ਹੋ ਕੇ ਵੀ ਮੈਂ ਉਸ ਭੀੜ ਦਾ ਹਿੱਸਾ ਨਹੀਂ ਸਾਂ ਰਹਿ ਗਿਆ। ਇਕੱਲਾ ਰਹਿ ਗਿਆ ਸਾਂ ਮੈਂ।
ਪਹਿਰੇ ਉਤੇ ਖਲੋਤੇ ਪੁਲਿਸ ਕਰਮਚਾਰੀਆਂ ਨੇ, “ਸਾਹਬ ਆਉਣ ਵਾਲੇ ਨੇ ਮੌਕਾ ਵੇਖਣ ਲਈ” ਆਖ ਕੇ ਸਭ ਨੂੰ ਪੁਲਿਸ ਚੌਕੀ ਦੇ ਬਾਹਰ ਹੀ ਰੋਕ ਲਿਆ।
ਦਸ ਕੁ ਮਿੰਟ ਬਾਅਦ ਹੀ ਘੂਕਦੀਆਂ ਕਾਰਾਂ ਅਤੇ ਜੀਪਾਂ ਦਾ ਕਾਫ਼ਲਾ ਚੌਕੀ ਅੱਗੇ ਆਣ ਰੁਕਿਆ। ਕਾਰ ਅੰਦਰ ਬੈਠਿਆਂ ਹੀ ਐਸ਼ਐਸ਼ਪੀæ ਨੇ ਖਲੋਤੇ ਬੰਦਿਆਂ ਨੂੰ ਹੋਈ ਵਾਰਦਾਤ ਬਾਰੇ ਪੁੱਛਿਆ। ਮੇਰੇ ਵਿਚੋਂ ‘ਅੱਗੇ ਹੋਣ ਦਾ’ ਉਤਸ਼ਾਹ ਮਰ ਚੁੱਕਾ ਸੀ। ਮੈਂ ਕੋਈ ‘ਸਿੱਧੇ ਤੌਰ ‘ਤੇ ਪੀੜਤ ਧਿਰ’ ਨਹੀਂ ਸਾਂ! ਅਸਲੀ ‘ਪੀੜਤ ਧਿਰ’ ਦੇ ਲੋਕ ਇੱਕ ਦੂਜੇ ਤੋਂ ਪਹਿਲ ਕਰਦੇ, ਇੱਕ ਦੂਜੇ ਦੀ ਗੱਲ ਕੱਟਦੇ ਹੋਏ ਆਪੋ ਆਪਣਾ ਬਿਆਨ ਦੇ ਰਹੇ ਸਨ।
“ਪਿੰਡ ਦੇ ਬੰਦਿਆਂ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦਾ ਜੀ ਇਹ ਕੰਮ।” ਕਿਸੇ ਨੇ ਕਿਹਾ।
“ਤੁਸੀਂ ਦੱਸੋ ਕੌਣ ਐ? ਫਿਰ ਮੇਰੀ ਕਾਰਵਾਈ ਵੇਖਿਓ। ਦੱਸੋ, ਦੱਸੋ ਸਗੋਂ ਕੌਣ ਏਂ? ਬਿਨਾਂ ਕਿਸੇ ਡਰ, ਝਿਜਕ ਤੋਂ ਨਾਂ ਲਓ ਤੁਸੀਂ। ਦੱਸੋ ਤਾਂ ਸਹੀ ਇੱਕ ਵਾਰ।” ਐਸ਼ਐਸ਼ਪੀæ ਨੇ ਉਚੀ ਅਤੇ ਤਿੱਖੀ ਆਵਾਜ਼ ਵਿਚ ਆਖਿਆ।
ਭੀੜ ਵਿਚੋਂ ਕੋਈ ਨਹੀਂ ਬੋਲਿਆ। ਮੈਨੂੰ ਮਹਿਸੂਸ ਹੋਇਆ; ਦੱਸਣ ਵਾਲਾ ਜਿਵੇਂ ਮੇਰੇ ਕਰ ਕੇ ਹੀ ਚੁੱਪ ਰਿਹਾ ਹੋਵੇ!
ਥੋੜ੍ਹੇ ਚਿਰ ਪਿੱਛੋਂ ਸਮੁੱਚੀ ਗਾਰਦ ਮੌਕਾ ਵੇਖਣ ਬਾਜ਼ਾਰ ਵੱਲ ਚੱਲ ਪਈ। ਕਿਸੇ ਨੂੰ ਵੀ ‘ਉਧਰ’ ਆਉਣ ਤੋਂ ਵਰਜ ਦਿੱਤਾ ਗਿਆ। ਮੇਰਾ ਘਰ ਤਾਂ ਐਨ ਬਾਜ਼ਾਰ ਦੇ ਵਿਚਕਾਰ ਸੀ ਅਤੇ ਉਥੇ ਬਾਜ਼ਾਰ ਵਿਚੋਂ ਲੰਘ ਕੇ ਹੀ ਜਾਇਆ ਜਾ ਸਕਦਾ ਸੀ। ਹੋਰਨਾਂ ਦੇ ਘਰਾਂ ਨੂੰ ਰਾਹ ਹੋਰ ਗਲੀਆਂ ਵਿਚੋਂ ਦੀ ਹੋ ਕੇ ਵੀ ਜਾਂਦੇ ਸਨ। ਉਹ ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਗਏ। ਪਿੱਛੇ ਰਹਿ ਗਏ ਮੇਰੇ ਸਮੇਤ ਤਿੰਨ ਜਣੇ। ਅਸੀਂ ਪੁਲਿਸ ਦੀ ਵਾਪਸੀ ਦੀ ਉਡੀਕ ਕਰਨ ਲੱਗੇ।
ਅੱਧੇ ਪੌਣੇ ਘੰਟੇ ਪਿੱਛੋਂ ਪੁਲਿਸ ਪਰਤੀ ਤਾਂ ਅਸੀਂ ਹੌਸਲਾ ਕਰ ਕੇ ਪਿੰਡ ਵੱਲ ਤੁਰ ਪਏ। ਅਸੀਂ ਤਿੰਨੇ ਡਰੇ ਹੋਏ ਸਾਂ। ਰਾਹ ਵਿਚ ਮੋੜਾਂ, ਚੌਰਾਹਿਆਂ ਉਪਰ ਥਾਂ ਥਾਂ ਸਟੇਨਾਂ ਸੰਭਾਲੀ ਸੀæਆਰæਪੀæ ਵਾਲੇ ਖਲੋਤੇ ਸਨ। ਦੂਜੇ ਦੋਂਹ ਜਣਿਆਂ ਦੇ ਘਰ ਬਾਜ਼ਾਰ ਦੇ ਮੁੱਢ ਵਿਚਲੀਆਂ ਗਲੀਆਂ ਵਿਚ ਸਨ। ਉਹ ਆਪੋ ਆਪਣੇ ਘਰਾਂ ਨੂੰ ਮੁੜ ਗਏ। ਸਾਹਮਣੇ ਖਲੋਤੇ ਦੋ ਸੀæਆਰæਪੀæ ਵਾਲਿਆਂ ਨੇ ਮੈਨੂੰ ਉਨ੍ਹਾਂ ਦੋ ‘ਹਿੰਦੂ ਭਰਾਵਾਂ’ ਨਾਲ ਆਉਂਦੇ ਵੇਖ ਲਿਆ ਸੀ। ਉਨ੍ਹਾਂ ਮੈਨੂੰ ਕੋਈ ‘ਸ਼ੱਕੀ ਬੰਦਾ’ ਨਾ ਜਾਣ ਕੇ ਅੱਗੇ ਜਾਣ ਦਿੱਤਾ। ਮੈਂ ਹੌਸਲਾ ਕਰ ਕੇ ਤੁਰਿਆ ਗਿਆ। ਕਿਸੇ ਨੇ ਮੈਨੂੰ ਕੁਝ ਨਾ ਆਖਿਆ। ਜਿਉਂ ਹੀ ਮੈਂ ਆਪਣੇ ਘਰ ਵੱਲ ਮੁੜਦਾ ਬਾਜ਼ਾਰ ਦਾ ਮੋੜ ਮੁੜਿਆ ਤਾਂ ਚੀਕਦੀ ਆਵਾਜ਼ ਉਭਰੀ, “ਰੁਕ ਜਾ! ਹੈਂਡਜ਼ ਅੱਪ!” ਮੋੜ ਉਤੇ ਖਲੋਤੇ ਸੀæਆਰæਪੀæ ਵਾਲਿਆਂ ਨੇ ਮੇਰੀ ਹਿੱਕ ਵੱਲ ਸਟੇਨਾਂ ਸਿੱਧੀਆਂ ਕੀਤੀਆਂ ਹੋਈਆਂ ਸਨ।
“ਕੌਨ ਹੋ ਤੁਮ?”
ਜਿਹੜੀ ਗੱਲ ਦਾ ਡਰ ਸੀ, ਉਹੋ ਹੋ ਗਈ ਸੀ। ਮੈਨੂੰ ਪਹਿਲਾਂ ਹੀ ਡਰ ਸੀ ਕਿ ਮੈਨੂੰ ‘ਸਿੱਖ’ ਸਮਝ ਕੇ ਕਿਤੇ ਸੀæਆਰæਪੀæ ਵਾਲੇ ਰਾਹ ‘ਚ ਘੇਰ ਨਾ ਲੈਂਦੇ ਹੋਣ! ਹੁਣੇ ਵਾਪਰੀ ਘਟਨਾ ਕਰ ਕੇ ਕਿਸੇ ‘ਸਿੱਖ’ ਨੂੰ ਵੇਖ ਕੇ, ਉਹਨੂੰ ‘ਸ਼ੱਕੀ ਅਤਿਵਾਦੀ’ ਸਮਝ ਕੇ ਉਹ ਗੋਲੀ ਵੀ ਮਾਰ ਸਕਦੇ ਸਨ! ਮੇਰੀ ਇਸ ਮਾਨਸਿਕਤਾ ਦਾ ਜ਼ਿਕਰ ਮੇਰੀ ਕਹਾਣੀ ‘ਚੌਥੀ ਕੂਟ’ ਦੇ ਅੰਤ ਉਤੇ ਰਾਤ ਸਮੇਂ ਗੱਡੀਓਂ ਉਤਰਨ ਵਾਲੇ ਅਤੇ ਪੁਲਿਸ ਤੋਂ ਡਰਨ ਵਾਲੇ ‘ਸਿੱਖ’ ਕਿਰਦਾਰਾਂ ਦੇ ਭੈਅ ਵਿਚੋਂ ਵੀ ਪੜ੍ਹਿਆ ਜਾ ਸਕਦਾ ਹੈ।
ਵੀਹਾਂ ਕਰਮਾਂ ਦੀ ਵਿੱਥ ਉਤੇ ਆਪਣੇ ਘਰ ਵੱਲ ਤੁਰਤ ਇਸ਼ਾਰਾ ਕਰ ਕੇ ਜਿੰਨੀ ਕਾਹਲੀ ਨਾਲ ਦੱਸਿਆ ਜਾ ਸਕਦਾ ਸੀ, ਮੈਂ ਆਪਣੇ ਇਸ ਵੇਲੇ ਇੱਥੇ ਹੋਣ ਦਾ ਕਾਰਨ ਦੱਸਿਆ। ਉਹ ਮੇਰੇ ਬੋਲਾਂ ਵਿਚਲੀ ਸਦਾਕਤ ਦਾ ਅਨੁਮਾਨ ਲਾ ਹੀ ਰਹੇ ਸਨ ਕਿ ਪਰ੍ਹੇ ਖਲੋਤਾ ਸਿਪਾਹੀ ਸਾਡੇ ਕੋਲ ਆਇਆ ਅਤੇ ਆਪਣੇ ਸਾਥੀਆਂ ਨੂੰ ਕਹਿਣ ਲੱਗਾ, “ਜਾਨੇ ਦੋ।”
ਉਹ ਸਵੇਰ ਵੇਲੇ ਬਾਜ਼ਾਰ ਵਿਚ ਪਹਿਰੇ ‘ਤੇ ਖਲੋਤਾ ਮੈਂ ਕਈ ਵਾਰ ਵੇਖਿਆ ਸੀ। ਉਸ ਨੇ ਵੀ ਮੈਨੂੰ ਵੇਖਿਆ ਹੀ ਹੋਵੇਗਾ! ਸਟੇਨਾਂ ਨੀਵੀਆਂ ਹੋ ਗਈਆਂ। ਮੈਂ ਲੰਮਾ ਸਾਹ ਲੈ ਕੇ ਘਰ ਵੱਲ ਵਧਿਆ। ਪਰ੍ਹੇ ਬਾਜ਼ਾਰ ਦੇ ਵਿਚਕਾਰ ਮੰਗੇ ਦੀ ਲਾਵਾਰਿਸ ਲਾਸ਼ ਪਈ ਸੀ। ਥੋੜ੍ਹੀ ਵਿੱਥ ‘ਤੇ ਇੱਕ ਕਾਲਾ ਕੁੱਤਾ ਉਹਦੇ ਸਿਰਹਾਣੇਂ ਬੈਠਾ ਸੀ! ਉਸ ਦੇ ਦੋਹੀਂ ਪਾਸੀਂ ਦਸ-ਪੰਦਰਾਂ ਗਜ਼ਾਂ ਦੀ ਵਿੱਥ ਉਤੇ ਵਰਦੀ ਵਾਲੇ ਸਟੇਨਧਾਰੀ ‘ਰੱਖਿਅਕ’ ਉਸ ਦੀ ‘ਲਾਸ਼ ਦੀ ਰਾਖੀ’ ਖਲੋਤੇ ਸਨ, ਪਰ ਇਸ ‘ਸੁਰੱਖਿਆ’ ਦਾ ਉਹਨੂੰ ਹੁਣ ਕੋਈ ਆਸਰਾ ਨਹੀਂ ਸੀ!
ਘਰ ਦਾ ਦਰਵਾਜ਼ਾ ਬੰਦ ਕਰਦਿਆਂ ਮੈਂ ਸਾਹਮਣੇ ਗੁਰਲਾਲ ਚੰਦ ਅਤੇ ਗੋਪਾਲ ਚੰਦ ਦੇ ਚੁਬਾਰਿਆਂ ਵੱਲ ਝਾਤ ਮਾਰੀ। ਇਸ ਘਰ ‘ਚੋਂ ਮੰਗਾ ਗ਼ੁਜ਼ਰ ਗਿਆ ਸੀ ਅਤੇ ਪਰਿਵਾਰ ਦੇ ਮੁਖੀ ਗੋਪਾਲ ਚੰਦ ਨੂੰ ਗੋਲੀ ਵੱਜੀ ਸੀ। ਘਰ ਵਿਚੋਂ ਉਚੀ ਰੋਣ ਦੀ ਤਾਂ ਕੀ ਸਿਸਕਣ ਦੀ ਆਵਾਜ਼ ਵੀ ਨਹੀਂ ਸੀ ਆ ਰਹੀ। ਇਹ ਕੈਸੀ ਦਹਿਸ਼ਤ ਸੀ ਕਿ ਆਪਣਿਆਂ ਦੀ ਮੌਤ ਉਤੇ ਖੁੱਲ੍ਹ ਕੇ ਰੋਣ ਦਾ ਹੌਸਲਾ ਵੀ ਗਵਾਚ ਗਿਆ ਸੀ! ਉਨ੍ਹਾਂ ਦੇ ਘਰ ਦੇ ਜੀਆਂ ਵੱਲੋਂ ਬੁੱਲ੍ਹ ਚਿੱਥ ਕੇ, ਅੰਦਰੇ ਅੰਦਰ ਰੋਣ ਦੇ ਦਰਦ ਦਾ ਅਨੁਮਾਨ ਲਾ ਸਕਣਾ ਮੇਰੇ ਲਈ ਅਸੰਭਵ ਸੀ।
ਤੜਕਾ ਪਹਿਰ ਹੋ ਚੱਲਿਆ ਸੀ। ਬੱਚੇ ਲੇਟੇ ਹੋਏ ਸਨ। ਮੇਰੀ ਪਤਨੀ ਤੇ ਲਾਲ ਦੀ ਪਤਨੀ ਸਹਿਮੀਆਂ ਅਤੇ ਜਗਿਆਸੂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀਆਂ ਸਨ। ਮੈਂ ਉਨ੍ਹਾਂ ਲਈ ਕੀ ਖ਼ਬਰ ਲੈ ਕੇ ਆਇਆ ਸਾਂ!
ਮੈਂ ਸਭ ਨੂੰ ਅੰਿਮ੍ਰਤਸਰ ਭੇਜਣ ਦੀ ਗੱਲ ਸੁਣਾ ਕੇ ਲਾਲ ਦੀ ਪਤਨੀ ਨੂੰ ਕਿਹਾ, “ਭੈਣ ਜੀ! ਮੈਨੂੰ ਆਪ ਡਾਕਟਰ ਗਿੱਲ ਨੇ ਕਿਹਾ ਹੈ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ। ਲਾਲ ਨੂੰ ਕੁਝ ਨਹੀਂ ਹੋਣ ਲੱਗਾ। ਤੁਸੀਂ ਹੌਸਲਾ ਰੱਖੋ। ਹੋਰ ਘੜੀ ਨੂੰ ਦਿਨ ਚੜ੍ਹ ਜਾਣਾ ਏਂ ਅਤੇ ਆਪਾਂ ਆਪ ਹੀ ਪਹੁੰਚ ਜਾਣਾ ਉਥੇ, ਉਹਦੇ ਕੋਲ। ਤੁਸੀਂ ਆਪਣੀ ਅੱਖੀਂ ਵੇਖ ਲੈਣਾ ਹੈ ਉਹਨੂੰ ਠੀਕ-ਠਾਕ ਹੋਇਆ, ਨੌ ਬਰ ਨੌ।”
ਬੱਚੇ ਵੀ ਉਠ ਕੇ ਬਹਿ ਗਏ ਸਨ। ਮੈਂ ਸਭ ਨੂੰ ਆਪੋ ਆਪਣੀ ਥਾਂ ਲੇਟ ਜਾਣ ਲਈ ਕਹਿ ਕੇ ਮੰਜੇ ‘ਤੇ ਪੈ ਗਿਆ। ਪਿਛਲੇ ਕੁਝ ਘੰਟਿਆਂ ਵਿਚ ਵਾਪਰੀ ਹੋਣੀ ਨੇ ਮੇਰੇ ਸਿਰ ਨੂੰ ਸੁੰਨ ਕਰ ਦਿੱਤਾ ਸੀ। ਹੁਣੇ ਹੀ ‘ਮੌਤ ਦੇ ਮੂੰਹੋਂ’ ਬਚ ਕੇ ਆਇਆ ਹੋਣ ਕਰ ਕੇ ਮੈਂ ਮੌਤ ਨੂੰ ਆਪਣੇ ਨੇੜੇ ਨੇੜੇ ਮਹਿਸੂਸ ਕਰਨ ਲੱਗਾ। ਮੈਨੂੰ ਲੱਗਾ, ਗੋਲੀਆਂ ਚਲਾਉਣ ਵਾਲੇ ਹੁਣੇ ਮੇਰੇ ਘਰ ਦੀਆਂ ਕੰਧਾਂ ਟੱਪ ਕੇ, ‘ਦਗੜ ਦਗੜ’ ਕਰਦੇ ਮੇਰੇ ਘਰ ਆਣ ਵੜੇ ਹਨ ਅਤੇ ਗੋਲੀਆਂ ਦਾ ਛਾਣਾ ਮਾਰਨ ਤੋਂ ਪਹਿਲਾਂ ਵਿਅੰਗ ਨਾਲ ਚੰਘਿਆੜੇ ਹਨ, “ਤੈਥੋਂ ਕਰਾਉਂਦੇ ਆਂ ‘ਇਨ੍ਹਾਂ ਦੀ ਮਦਦ!’ ‘ਪੰਥ’ ਦਿਆ ਗ਼ਦਾਰਾ!”
ਦੂਜੇ ਪਾਸਿਓਂ ਦੂਜੀ ਧਿਰ ਦੀਆਂ ਤਣੀਆਂ ਸਟੇਨਾਂ ਦਾ ਖੜਕਾ ਸੁਣਿਆ, “ਰੁਕ ਜਾ, ਹੈਂਡਜ਼ ਅੱਪ!”
ਮੈਂ ਉਨ੍ਹਾਂ ਵੇਲਿਆਂ ਦੇ ਸਾਰੇ ਪੰਜਾਬੀਆਂ ਵਾਂਗ ਬੇਵਸ ਅਤੇ ਬੇਹਿੱਸ ਹੋਇਆ ਪਿਆ ਸਾਂ!
ਮੇਰੇ ਸਾਹਮਣੇ ਕੰਧ ‘ਤੇ ਲਟਕੇ ਗੁਰੂ ਨਾਨਕ ਦੇ ਚਿਤਰ ਵਿਚਲਾ ‘ਆਸ਼ੀਰਵਾਦ’ ਵਿਚ ਉਠਿਆ ਹੱਥ ਮੈਨੂੰ ਦਿਲ ਧਰਨ ਲਈ ਕਹਿ ਰਿਹਾ ਸੀ।
***
ਅਗਲੇ ਦਿਨ ਸਵੇਰੇ ਹੀ ਲਾਲ ਦਾ ਪਰਿਵਾਰ ਚਾਹ-ਪਾਣੀ ਪੀ ਕੇ ਆਪਣੇ ਘਰ ਚਲਾ ਗਿਆ ਤਾਂ ਕਿ ਛੇਤੀ ਤੋਂ ਛੇਤੀ ਤਿਆਰ ਹੋ ਕੇ ਲਾਲ ਦਾ ਪਤਾ ਕਰਨ ਲਈ ਅੰਮ੍ਰਿਤਸਰ ਜਾਇਆ ਜਾ ਸਕੇ।
ਜਦੋਂ ਅਸੀਂ ਦੋਵੇਂ ਜੀਅ ਜ਼ਖ਼ਮੀਆਂ ਦਾ ਪਤਾ ਕਰਨ ਲਈ ਅੰਿਮ੍ਰਤਸਰ ਪਹੁੰਚੇ ਤਾਂ ਹਸਪਤਾਲ ਵਿਚ ਮਿਜ਼ਾਜ-ਪੁਰਸੀ ਲਈ ਆਉਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਇਨ੍ਹਾਂ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਸਨ ਅਤੇ ਪਿੰਡ ਦੇ ਸਾਂਝਾਂ ਵਾਲੇ ‘ਹੋਰ’ ਆਦਮੀ ਵੀ। ‘ਹਿੰਦੂ ਸਿੱਖ’ ਸਾਰੇ ਹੀ। ਸਾਰੇ ਜ਼ਖ਼ਮੀ ਇੱਕੋ ਹੀ ਵਾਰਡ ਵਿਚ ਪੱਟੀਆਂ ਵਿਚ ਲਿਪਟੇ ਮੰਜੀਆਂ ਉਤੇ ਲੇਟੇ ਹੋਏ ਸਨ। ਉਨ੍ਹਾਂ ਦੇ ਸਿਰਹਾਣੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਉਨ੍ਹਾਂ ਦੇ ਵਾਰਿਸ ਬੈਠੇ ਸਨ। ਅਸੀਂ ਹਰ ਇਕ ਦੇ ਬੈਡ ਕੋਲ ਜਾਂਦੇ, ਵਾਪਰ ਚੁੱਕੀ ਹੋਣੀ ‘ਤੇ ਅਫ਼ਸੋਸ ਕਰਦੇ, ਹੌਸਲਾ ਰੱਖਣ ਲਈ ਕਹਿੰਦੇ।
ਸਾਰੇ ਜਣੇ ਰੋਹ-ਰੰਜ ਅਤੇ ਸਹਿਮ ਦੇ ਪੁਤਲੇ ਬਣੇ ਹੋਏ ਸਨ। ਜਿਹੜੇ ਜ਼ਖ਼ਮੀ ਬੋਲ ਸਕਦੇ ਸਨ; ਉਹ ਆਪਣੇ ਉਪਰ ਹੋਏ ਹਮਲੇ ਦਾ ਬਿਰਤਾਂਤ ਸੁਣਾ ਰਹੇ ਸਨ। ਇੱਕ ਗੱਲ ਵਾਰ ਵਾਰ ਦੁਹਰਾਈ ਜਾ ਰਹੀ ਸੀ ਕਿ ‘ਪਿੰਡ ਦੇ ਬੰਦਿਆਂ ਦੀ ਸੂਹ ਅਤੇ ਸ਼ਹਿ ਤੋਂ ਬਿਨਾਂ ਇਹ ਘਟਨਾ ਨਹੀਂ ਵਾਪਰ ਸਕਦੀ!’ ਸਾਰੇ ਜਣੇ ਇਸ ਗੱਲ ‘ਤੇ ਸਹਿਮਤ ਵੀ ਲੱਗਦੇ ਸਨ। ਉਨ੍ਹਾਂ ਦੇ ਕਹਿਣ ਦਾ ਭਾਵ ਸਾਫ਼ ਸੀ ਕਿ ਪਿੰਡ ਦੇ ਕਿਸੇ ਨਾ ਕਿਸੇ ‘ਸਿੱਖ’ ਦਾ ਹੱਥ ਸੀ ਇਸ ਘਟਨਾ ਪਿੱਛੇ!
ਉਹ ਠੀਕ ਵੀ ਹੋ ਸਕਦੇ ਸਨ, ਸ਼ਾਇਦ ਠੀਕ ਵੀ ਹੋਣ। ਮੈਂ ਕਿਹੜਾ ਕਿਸੇ ਦੇ ਅੰਦਰ ਵੜ ਕੇ ਵੇਖਿਆ ਸੀ। ਜਿਹੋ ਜਿਹੇ ਹਾਲਾਤ ਬਣ ਗਏ ਸਨ ਜਾਂ ਬਣਾ ਦਿੱਤੇ ਗਏ ਸਨ, ਕੋਈ ਕੁਝ ਵੀ ਸੋਚ ਸਕਦਾ ਸੀ। ਕੁਝ ਵੀ ਕਰ/ਕਰਵਾ ਸਕਦਾ ਸੀ, ਪਰ ਪਤਾ ਨਹੀਂ ਕਿਉਂ, ਇਹ ਲੱਗਣ ਲੱਗਾ ਸੀ ਕਿ ਮੈਨੂੰ ਇਹ ਗੱਲ ਉਚੇਚ ਨਾਲ ਸੁਣਾਈ ਜਾ ਰਹੀ ਸੀ। ਚਮਨ ਲਾਲ ਕੋਲ ਪੁੱਜੇ ਤਾਂ ਉਹ ਦੱਸ ਰਿਹਾ ਸੀ, “ਦੋ ਜਣੇ ਹੀ ਦੁਕਾਨ ‘ਚ ਵੜੇ। ਬਾਕੀ ਬਾਹਰ ਖਲੋਤੇ ਰਹੇ। ਮੂੰਹ ਉਨ੍ਹਾਂ ਦੇ ਬੰਨ੍ਹੇ ਹੋਏ ਸਨ। ਇੱਕ ਤਾਂ ਛੇ ਫੁੱਟਾ ਜਵਾਨ ਸੀ ਪੂਰਾ। ਲੰਮਾ ਤੇ ਪਤਲਾ। ਐਨ ਆਪਣੇ ਮਾਸਟਰ ਹੁਰਾਂ ਵਰਗਾ।” ਉਸ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਮੇਰੇ ਕਲੇਜੇ ਨੂੰ ਧੱਕਾ ਲੱਗਾ। ਕੰਨ ‘ਸ਼ਾਂ ਸ਼ਾਂ’ ਕਰਨ ਲੱਗੇ। ਪੈਰਾਂ ਹੇਠੋਂ ਜ਼ਮੀਨ ਹਿੱਲਣ ਲੱਗੀ। ਉਂਜ ਇਹ ਜ਼ਰੂਰੀ ਵੀ ਨਹੀਂ ਸੀ ਕਿ ਉਹ ਮੈਨੂੰ, ਗੋਲੀਆਂ ਮਾਰਨ/ਮਰਵਾਉਣ ਵਾਲਿਆਂ ਵਿਚੋਂ ਹੀ ਇੱਕ ਸਮਝਦਾ ਹੋਵੇ! ਇਹ ਤਾਂ ਮੇਰੀ ‘ਦਿੱਖ’ ਹੀ ਮੇਰੇ ਮਨ ਦਾ ਚੋਰ ਬਣ ਗਈ ਸੀ!
ਮੇਰੇ ਮਨ ਵਿਚ ਆਇਆ ਕਿ ਲਾਗੇ ਖਲੋਤੇ ਉਨ੍ਹਾਂ ਬੰਦਿਆਂ ਵਿਚੋਂ, ਜੋ ਰਾਤੀਂ ਮੇਰੇ ਨਾਲ ਹੀ ਜ਼ਖ਼ਮੀਆਂ ਦੀ ਸਾਂਭ-ਸੰਭਾਲ ਕਰਦੇ ਪਏ ਸਨ, ਕਿਸੇ ਨੂੰ ਤਾਂ ਆਖਣਾ ਚਾਹੀਦਾ ਹੈ, “ਮਾਸਟਰ ਹੁਰੀਂ ਤਾਂ ਰਾਤੀਂ ਸਾਡੇ ਨਾਲ ਮਰਦੇ ਖਪਦੇ ਰਹੇ; ਸਗੋਂ ਜੇ ਇਹ ਸੀæਆਰæਪੀæ ਵਾਲਿਆਂ ਨਾਲ ਲੜ ਕੇ ਉਨ੍ਹਾਂ ਨੂੰ ਗੱਡੀਆਂ ਦੇਣ ਲਈ ਮਜਬੂਰ ਨਾ ਕਰਦੇ ਤਾਂ ਫਿਰ ਪਤਾ ਨਹੀਂ ਕੀ ਹੁੰਦਾ!”
ਮੈਂ ਇੱਕ ਦੋ ਜਣਿਆਂ ਦੇ ਮੂੰਹ ਵੱਲ ਵੀ ਵੇਖਿਆ, ਪਰ ਕਿਸੇ ਨੇ ਕੁਝ ਨਾ ਕਿਹਾ।
ਚਮਨ ਲਾਲ ਦੱਸ ਰਿਹਾ ਸੀ, “ਉਹਨੇ ਰਿਵਾਲਵਰ ਮੇਰੇ ਵੱਲ ਸਿੱਧਾ ਕਰ ਕੇ ਫ਼ਾਇਰ ਕੀਤਾ; ਪਰ ਬਚਾਅ ਹੋ ਗਿਆ। ਮੈਂ ਹਰਫ਼ਲੇ ਨੇ ਪੀਪਾ ਚੁੱਕ ਕੇ ਆਪਣੇ ਅੱਗੇ ਕਰ ਲਿਆ। ਪੀਪੇ ਨੇ ਭਲਾ ਕੀ ਬਚਾਅ ਕਰਨਾ ਸੀ! ਇੱਕ ਗੋਲੀ ਆਹ ਮੇਰੀ ਲੱਤ ‘ਚ ਲੱਗੀ ਤੇ ਇੱਕ ਮੋਢੇ ‘ਤੇ। ਡਿੱਗ ਪਿਆ ਮੈਂ ਤਾਂ। ਫਿਰ ਨਹੀਂ ਪਤਾ ਲੱਗਾ ਕੁਛ।”
ਹੁਣ ਮੈਂ ਦੂਜੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਦਾ, ਬਿਗ਼ਾਨੇ ਵੱਗ ਵਿਚ ਗਵਾਚੀ ਵੱਛੀ ਵਾਂਗ ਫਿਰ ਰਿਹਾ ਸਾਂ। ਮੈਨੂੰ ਲੱਗਦਾ ਸੀ ਕਿ ਮੇਰੀ ਪਿੱਠ ਪਿੱਛੇ ਸਾਰੇ ਆਂਢੀ-ਗਵਾਂਢੀ ਕਹਿ ਰਹੇ ਹੋਣ, “ਹੁਣ ਵੇਖੋ ਕਿੱਡਾ ਹੇਜਲਾ ਬਣਿਆ ਫਿਰਦਾ! ਆਪੇ ਗੋਲੀਆਂ ਮਾਰਨੀਆਂ, ਆਪੇ ਹਾਲ-ਚਾਲ ਪੁੱਛਣਾ! ਹਾਅ ਥੂਹ!”
ਮੈਂ ਇੱਥੇ ‘ਸ਼ੱਕੀ’, ‘ਦੁਰਕਾਰੇ’ ਅਤੇ ‘ਨਾਪਸੰਦ’ ਬੰਦੇ ਵਾਂਗ ਵਿਚਰ ਰਿਹਾ ਸਾਂ।
ਮੈਨੂੰ ਵੇਖ ਕੇ ਲਾਲ ਦੇ ਚਿਹਰੇ ਉਤੇ ਆਈ ਮੁਸਕਰਾਹਟ ਅਤੇ ਉਸ ਵੱਲੋਂ ਪੋਲੇ ਜਿਹੇ ਘੁੱਟਿਆ ਮੇਰਾ ਹੱਥ ਵੀ ਮੈਨੂੰ ਬਹੁਤੀ ਧਰਵਾਸ ਨਾ ਦੇ ਸਕੇ। ਲਾਲ ਦੀ ਪਤਨੀ ਆਖ ਰਹੀ ਸੀ, “ਸਾਨੂੰ ਤਾਂ ਰਾਤੀਂ ਭੈਣ ਜੀ ਹੁਣਾਂ ਆਪਣੇ ਘਰੋਂ ਜਾਣ ਹੀ ਨਹੀਂ ਸੀ ਦਿੱਤਾ। ਸਾਰੀ ਰਾਤ ਸਾਰਾ ਟੱਬਰ ਸਾਡੇ ਨਾਲ ਜਾਗਦੇ ਰਹੇ। ਵਿਚਾਰੇ! ਭਾ ਜੀ ਹੁਰਾਂ ਵਿਚਾਰਿਆਂ ਏਨਾ ਕੀਤਾ! ਭਗਵਾਨ ਸਭ ਦੀ ਲੰਮੀ ਉਮਰ ਕਰੇ!” ਉਸ ਨੇ ਮੇਰੀ ਪਤਨੀ ਨੂੰ ਵੱਖੀ ਨਾਲ ਘੁੱਟ ਲਿਆ।
ਘਰ ਨੂੰ ਵਾਪਸ ਮੁੜਦਿਆਂ ਅਸੀਂ ਸਾਰੇ ਰਾਹ ਚਮਨ ਲਾਲ ਦੇ ਬੋਲਾਂ ਵਿਚਲਾ ਰਹੱਸ ਸਮਝਣ ਦੀ ਕੋਸ਼ਿਸ਼ ਕਰਦੇ, ਇਸੇ ਨੁਕਤੇ ਬਾਰੇ ਹੀ ਸੋਚਦੇ ਆਏ। ਮੇਰੀ ਪਤਨੀ ਨੇ ਆਪਣੇ ਸੁਭਾਅ ਮੁਤਾਬਕ ਕਿਹਾ, “ਕੋਈ ਗੱਲ ਨਹੀਂ। ਉਤੇ ਪਰਮਾਤਮਾ ਤਾਂ ਵਿੰਹਦਾ ਏ ਸਭ ਕੁਝ। ਅਸੀਂ ਤਾਂ ਆਪਣੇ ਵਿਤ ਮੁਤਾਬਕ ਭਲਾ ਈ ਕੀਤਾ ਸਾਰਿਆਂ ਦਾ। ਸਾਡੇ ਲਈ ਤਾਂ ਸਾਡੇ ਗਵਾਂਢੀ ਸਾਡੇ ਮਾਂ-ਪਿਉ ਜਾਇਆਂ ਵਰਗੇ ਨੇ। ਐਵੇਂ ਆਖੀਏ; ਸਾਨੂੰ ਪਿਆਰ ਵੀ ਬੜਾ ਕਰਦੇ ਨੇ। ਤਾਇਆ ਲਾਭ ਚੰਦ, ਚਾਚਾ ਵੇਦ, ਤਾਇਆ ਗੁਰਲਾਲ ਚੰਦ ਸਭ ਦਾ ਮੈਨੂੰ ‘ਧੀਏ! ਧੀਏ!’ ਆਖਦਿਆਂ ਮੂੰਹ ਨਹੀਂ ਸੁੱਕਦਾ। ਤੁਹਾਡੀ ਏਨੀ ਇੱਜ਼ਤ ਕਰਦੇ ਨੇ ਸਭ! ਤੁਸੀਂ ਐਵੇਂ ਮਨ ਖ਼ਰਾਬ ਨਾ ਕਰੋ। ਲਾਲ ਤੁਹਾਨੂੰ ਭਰਾਵਾਂ ਵਾਂਗ ਸਮਝਦਾ ਹੈ। ਜੇ ਕੋਈ ਇੱਕ ਅੱਧ ਬੰਦਾ ਇਹੋ ਜਿਹੀ ਵਾਧੀ ਘਾਟੀ ਗੱਲ ਕਰਦਾ ਵੀ ਹੋਊ ਤਾਂ ਚਿੰਤਾ ਕਾਹਦੀ! ਜਦੋਂ ਸਾਡਾ ਅੰਦਰ ਸੁੱਚਾ-ਸੱਚਾ! ਉਹ ਸੱਚਾ ਪਾਤਸ਼ਾਹ ਆਪੇ ਜਾਣੀ-ਜਾਣ ਆਂ।”
“ਰਜਵੰਤ ਕੌਰੇ! ਆਪਣੀ ਜਾਨ ਖ਼ਤਰੇ ਵਿਚ ਪਾ ਕੇ ਖਾੜਕੂਆਂ ਦੀ ਨਾਰਾਜ਼ਗੀ ਸਹੇੜੀ। ਅਜੇ ਉਨ੍ਹਾਂ ਵੱਲੋਂ ਪਤਾ ਨਹੀਂ ਕੀ ਭਾਣਾ ਵਾਪਰਨਾ ਏਂ ਅਤੇ ਏਧਰ ਜਿਨ੍ਹਾਂ ਲਈ ਕੀਤਾ, ਇਹ ਇਹੋ ਜਿਹੀਆਂ ਗੱਲਾਂ ਕਰਦੇ ਨੇ!” ਮੇਰਾ ਮਨ ਡਾਢਾ ਅਵਾਜ਼ਾਰ ਸੀ।
“ਤੁਸੀਂ ਵੀ ਐਵੇਂ ਈ ਕਰੀ ਜਾਂਦੇ ਓ। ਉਹਨੇ ਕਿਤੇ ਤੁਹਾਨੂੰ ਥੋੜ੍ਹਾ ਕਿਹਾ। ਉਹ ਤਾਂ ਸਰਸਰੀ ਅਗਲੇ ਦਾ ਹੁਲੀਆ ਦੱਸ ਰਿਹਾ ਸੀ। ਤੁਸੀਂ ਆਪਣੇ ਆਪ ਨਾਲ ਜੋੜੀ ਜਾਂਦੇ ਓ!”
ਮੈਨੂੰ ਉਹਦੀ ਗੱਲ ਦਰੁਸਤ ਲੱਗੀ।
ਫਿਰ ਵੀ ਮੈਂ ਸੋਚਦਾ ਰਹਿੰਦਾ, ਪੰਜਾਬ ਉਤੇ ਇਹ ਕਿਹੋ ਜਿਹੇ ਕਾਲੇ ਦਿਨ ਆ ਗਏ ਸਨ ਕਿ ਹਰ ਕੋਈ ਦੂਜੇ ਨੂੰ ਤਾਂ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੀ ਸੀ, ਆਪਣੇ ਆਪ ਨੂੰ ਵੀ ਮੇਰੇ ਵਾਂਗ ‘ਸ਼ੱਕੀ’ ਸਮਝਣ ਲੱਗ ਪਿਆ ਸੀ!
ਇਹ ਕੀ ਬਣ ਗਏ ਸਾਂ ਅਸੀਂ?
(ਚਲਦਾ)