ਘਾਟੇ ਵਾਲਾ ਸੌਦਾ

‘ਘਾਟੇ ਵਾਲਾ ਸੌਦਾ’ ਦੀ ਕਹਾਣੀ ਡਾਲਰ ਕਮਾਉਣ ਪਰਦੇਸਾਂ ਵਿਚ ਚਿਣੀਆਂ ਗਈਆਂ ਜ਼ਿੰਦੜੀਆਂ ਦਾ ਸੱਚ ਹੈ। ਇਹ ਘਾਟਾ ਆਮ ਨਾਲੋਂ ਰਤਾ ਵੱਧ ਹੀ ਰੜਕਦਾ ਹੈ, ਕਿਉਂਕਿ ਗਿਣਤੀਆਂ-ਮਿਣਤੀਆਂ ਹੀ ਬੰਦੇ ਨੂੰ ਸਾਹ ਨਹੀਂ ਲੈਣ ਦਿੰਦੀਆਂ। ਕੈਨੇਡਾ ਵੱਸਦਾ ਹਰਪ੍ਰੀਤ ਸੇਖਾ ਬੁਨਿਆਦੀ ਤੌਰ ‘ਤੇ ਕਹਾਣੀਕਾਰ ਹੈ। ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ਇਨ੍ਹਾਂ ਕਹਾਣੀਆਂ ਵਿਚ ਕੈਨੇਡੀਅਨ ਸਮਾਜ ਅੰਦਰ ਜੂਝ ਰਹੇ ਜਿਉੜਿਆਂ ਦਾ ਜ਼ਿਕਰ ਹੈ।

ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਨੂੰ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਭਰਵੀਂ ਝਾਤੀ ਮਾਰੀ ਹੈ। -ਸੰਪਾਦਕ

ਹਰਪ੍ਰੀਤ ਸੇਖਾ
ਹੈ ਕੋਈ ਕਿੱਤਾ ਇਹੋ ਜਿਹਾ ਜਿਸ ਵਿਚ ਪੱਲਿਓਂ ਪੈਸੇ ਦੇ ਕੇ ਮੁੜਨਾ ਪਵੇ?
ਟੈਕਸੀ ਚਲਾਉਂਦਿਆਂ ਹੁੰਦਾ ਹੈ ਇੱਦਾਂ ਕਦੇ ਕਦੇ। ਮੇਰੇ ਨਾਲ ਵੀ ਹੋਇਆ ਸੀ ਇਸ ਤਰ੍ਹਾਂ।
ਪਹਿਲੀ ਵਾਰ ਤਾਂ ਟੈਕਸੀ ਚਲਾਉਣ ਦੇ ਪਹਿਲੇ ਦਿਨ ਹੀ ਹੋਇਆ। ਪਹਿਲੇ ਦਿਨ ਤਾਂ ਕਈਆਂ ਨਾਲ ਹੁੰਦਾ ਹੋਵੇਗਾ। ਉਨ੍ਹਾਂ ਵੇਲਿਆਂ ‘ਚ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ। ਡਿਸਪੈਚਰ ਬਹੁਤ ਤੇਜ਼ੀ ਨਾਲ ਬੋਲਦਾ। ਨਵੇਂ ਬੰਦੇ ਨੂੰ ਘੱਟ ਸਮਝ ਲੱਗਦੀ। ਨਵਾਂ ਬੰਦਾ ਵਾਰ ਵਾਰ ਕੋਡ ਆਰ (ਰਪੀਟ) ਪੁੱਛਦਾ। ਡਿਸਪੈਚਰ ਇਕ ਵਾਰ ਤਾਂ ਦੁਬਾਰਾ ਦੱਸ ਦਿੰਦਾ, ਦੂਜੀ ਵਾਰ ਪੁੱਛਣ ‘ਤੇ ਟ੍ਰਿੱਪ ਅਗਾਂਹ ਵਾਲੀ ਟੈਕਸੀ ਨੂੰ ਡਿਸਪੈਚ ਕਰ ਦਿੰਦਾ। ਨਵੇਂ ਡਰਾਈਵਰ ਨੂੰ ਵਾਰ ਵਾਰ ਇਸ ਤਰ੍ਹਾਂ ਪੁੱਛਦਿਆਂ ਸੁਣ ਕੇ ਪੁਰਾਣੇ ਪਾਪੀ ਸਮਝ ਜਾਂਦੇ ਕਿ ‘ਪੰਛੀ’ ਨਵਾਂ ਹੈ। ਉਹ ਨਵੇਂ ਡਰਾਈਵਰ ਦੇ ਲੱਭਦਿਆਂ-ਕਰਦਿਆਂ ਪਹਿਲਾਂ ਹੀ ਟ੍ਰਿੱਪ ਚੁੱਕ ਕੇ ਹਵਾ ਨੂੰ ਗੰਢਾਂ ਦੇ ਜਾਂਦੇ।
ਡਿਸਪੈਚਰ ਮੈਨੂੰ ਬਾਰਕਰ ਸਟਰੀਟ ਦਾ ਪਤਾ ਦੱਸਦਾ ਤੇ ਮੈਂ ਪਾਰਕਰ ਸਟਰੀਟ ‘ਤੇ ਲੱਭਦਾ ਫਿਰਦਾ। ਜਦੋਂ ਪਤਾ ਨਾ ਲੱਭਦਾ ਤਾਂ ਖੱਜਲ-ਖੁਆਰ ਹੋ ਕੇ ਡਿਸਪੈਚਰ ਨੂੰ ਟ੍ਰਿੱਪ ਅਗਾਂਹ ਪਾਸ ਕਰਨ ਨੂੰ ਆਖ ਦਿੰਦਾ। ਅੱਗਿਉਂ ਡਰਾਈਵਰ ਆਖਦਾ ਕਿ ਉਹ ਤਾਂ ਕਦੋਂ ਦਾ ਕਿਸੇ ਨੇ ਪਾਸ ਕਰ ਦਿੱਤਾ ਹੋਊ। ਖਿੱਚ-ਧੂਹ ਕੇ ਬਾਰਾਂ ਘੰਟਿਆਂ ਵਿਚ ਪੰਜਾਹ ਡਾਲਰ ਬਣਾਏ। ਪੰਜਾਹ ਡਾਲਰ ਟੈਕਸੀ ਦੀ ਲੀਜ਼ ਸੀ। ਟੈਕਸੀ ਵਿਚ ਮੈਂ ਗੈਸ ਆਪਣੇ ਪੱਲਿਓਂ ਪੁਆ ਕੇ ਆਇਆ। ਹਰ ਵਾਰ ਤਾਂ ਇਸ ਤਰ੍ਹਾਂ ਨਹੀਂ ਨਾ ਕਰ ਸਕਦਾ ਸੀ। ਮੈਂ ਛੋਟੀ ਜਿਹੀ ਟੇਪ ਰਿਕਾਰਡਰ ਲੈ ਲਈ। ਜਦੋਂ ਡਿਸਪੈਚਰ ਪਤਾ ਬੋਲਦਾ, ਮੈਂ ਰਿਕਾਰਡ ਕਰ ਲੈਂਦਾ। ਫਿਰ ਵਾਰ ਵਾਰ ਸੁਣ ਕੇ ਪਤਾ ਲਿਖ ਲੈਂਦਾ ਤੇ ਨਕਸ਼ਾ ਦੇਖ ਕੇ ਪਹੁੰਚ ਜਾਂਦਾ।
ਟੇਪ ਲੈਣ ਨਾਲ ਕਿਤੇ ਮੈਂ ਪੱਲਿਓਂ ਨਾ ਦੇ ਕੇ ਮੁੜਨ ਲਈ ਥੋੜ੍ਹਾ ਸੁਰੱਖਿਅਤ ਹੋ ਗਿਆ ਸੀ। ਉਸ ਦਿਨ ਮੈਂ ਆਖਰੀ ਟ੍ਰਿੱਪ ਲਾ ਕੇ ਟੈਕਸੀ ਲਾਟ (ਟੈਕਸੀ ਕੰਪਨੀ ਦੀ ਟੈਕਸੀ ਪਾਰਕਿੰਗ ਵਾਲੀ ਥਾਂ) ਵੱਲ ਮੁੜ ਰਿਹਾ ਸੀ। ਮੇਰੇ ਹਿਸਾਬ ਨਾਲ ਉਸ ਦਿਨ ਦਿਹਾੜੀ ਠੀਕ ਬਣ ਗਈ ਸੀ। ਟੈਕਸੀ ਵਿਚ ਗੈਸ ਪਵਾ ਕੇ (ਉਨ੍ਹਾਂ ਦਿਨਾਂ ਵਿਚ ਬਾਰਾਂ ਘੰਟਿਆਂ ਦੀ ਸ਼ਿਫ਼ਟ ਤੋਂ ਬਾਅਦ ਦਸ-ਬਾਰਾਂ ਡਾਲਰ ਦੀ ਪਰੋਪੇਨ ਗੈਸ ਪੈਂਦੀ ਸੀ) ਅਤੇ ਲੀਜ਼ ਦੇ ਪੰਜਾਹ ਡਾਲਰ ਦੇ ਕੇ ਮੈਨੂੰ ਸੌ ਕੁ ਡਾਲਰ ਬਚਣ ਦੀ ਉਮੀਦ ਸੀ ਜਿਹੜੀ ਉਨ੍ਹਾਂ ਦਿਨਾਂ ਵਿਚ ਔਸਤ ਸੀ। ਮੈਂ ਟੈਕਸੀ ਰਾਤ ਦੀ ਸ਼ਿਫਟ ਵਾਲੇ ਦੇ ਹਵਾਲੇ ਚਾਰ ਵਜੇ ਕਰਨੀ ਸੀ। ਹਾਲੇ ਗੈਸ ਪਵਾਉਣੀ ਸੀ। ਮੈਨੂੰ ਲਗਦਾ ਸੀ ਕਿ ਮੈਂ ਪੰਜ-ਦਸ ਮਿੰਟ ਲੇਟ ਹੋ ਜਾਵਾਂਗਾ। ਟੈਕਸੀ ਲੇਟ ਦੇਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ। ਜੇ ਲੇਟ ਹੋ ਜਾਵਾਂ ਤਾਂ ਰਾਤ ਵਾਲੇ ਡਰਾਈਵਰ ਨੂੰ ਲੇਟ ਦੇ ਹਿਸਾਬ ਨਾਲ ਪੰਜ-ਦਸ ਡਾਲਰ ਦੇਣੇ ਪੈਂਦੇ ਸਨ। ਬਹੁਤੀ ਵਾਰ ਅਗਲਾ ਲੈਂਦਾ ਨਹੀਂ ਸੀ। ਕਦੇ ਬੰਦਾ ਆਪ ਵੀ ਤਾਂ ਲੇਟ ਹੋ ਹੀ ਸਕਦਾ ਸੀ। ਖਾਸ ਕਰ ਕੇ ਪੰਜਾਬੀ ਬੰਦੇ ਮੂੰਹ-ਮੁਲਾਹਜੇ ਕਰ ਕੇ ਇਹ ਲੇਟ ਚਾਰਜ ਘੱਟ ਹੀ ਕਰਦੇ। ਸ਼ਰਮਿੰਦੇ ਹੋਣ ਨਾਲੋਂ ਵੇਲੇ ਸਿਰ ਪਹੁੰਚਣ ਨੂੰ ਮੈਂ ਤਰਜੀਹ ਦਿੰਦਾ। ਉਸ ਦਿਨ ਲੇਟ ਹੁੰਦਾ ਦੇਖ ਮੈਂ ਸਪੀਡ ਵਧਾ ਦਿੱਤੀ। ਅੱਗਿਉਂ ਪੁਲਿਸ ਵਾਲਾ ਸਪੀਡ ਚੈਕ ਕਰਨ ਵਾਲਾ ਰੇਡਾਰ ਫਿੱਟ ਕਰੀ ਬੈਠਾ ਸੀ। ਉਸ ਨੇ ਮੈਨੂੰ ਇਕ ਸੌ ਵੀਹ ਡਾਲਰ ਜੁਰਮਾਨਾ ਕਰ ਦਿੱਤਾ। ਤੇ ਮੇਰੀ ਦਿਹਾੜੀ ਘਾਟੇ ਵਿਚ ਚਲੀ ਗਈ।
***
ਇਸੇ ਤਰ੍ਹਾਂ ਘਾਟੇ ਵਾਲਾ ਇਕ ਹੋਰ ਦਿਨ ਚੇਤੇ ਆਉਂਦਾ ਹੈ। ਉਦੋਂ ਵੀ ਮੈਂ ਬਰਨਬੀ ਵਿਚ ਪੰਜਾਹ ਡਾਲਰ ਦਿਹਾੜੀ ਦੀ ਲੀਜ਼ ‘ਤੇ ਟੈਕਸੀ ਚਲਾਉਂਦਾ ਸੀ। ਸਵੇਰ ਦੇ ਚਾਰ ਵਜੇ ਕੰਮ ਸ਼ੁਰੂ ਕੀਤਾ ਸੀ ਤੇ ਛੇਤੀ ਹੀ ਟ੍ਰਿੱਪ ਮਿਲ ਗਿਆ। ਟ੍ਰਿੱਪ ਵੀ ਲੰਮਾ ਸੀ। ਸਵਾਰੀ ਨੇ ਸਰੀ ਜਾਣਾ ਸੀ। ਉਸ ਨੇ ਪਤਾ ਦੱਸ ਕੇ ਪਿੱਛੇ ਵੱਲ ਸਿਰ ਸੁੱਟ ਲਿਆ ਅਤੇ ਅੱਖਾਂ ਮੀਚ ਲਈਆਂ। ‘ਸੌਣਾ ਚਾਹੁੰਦਾ ਹੋਵੇਗਾ’, ਸੋਚ ਕੇ ਮੈਂ ਕੋਈ ਗੱਲ ਨਾ ਕੀਤੀ। ਟੈਕਸੀ ਪਟੱਲੋ ਬਰਿੱਜ ਦੇ ਅੱਧ-ਵਿਚਕਾਰ ਸੀ ਜਦੋਂ ਮੈਨੂੰ ਉਵੱਤਣ ਦੀ ਆਵਾਜ਼ ਸੁਣੀ। ਉਹ ਪਿਛਲੇ ਦਰਵਾਜ਼ੇ ਦਾ ਸ਼ੀਸ਼ਾ ਹੇਠ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ। “ਕੁਝ ਸਕਿੰਟ ਰੋਕ ਲਾ ਆਪਣੇ ਆਪ ਨੂੰ ਪਲੀਅਅਅਅਜ਼”, ਮੈਂ ਕਿਹਾ; ਪਰ ਉਹ ਆਪਣੇ-ਆਪ ਨੂੰ ਨਹੀਂ ਰੋਕ ਸਕਿਆ ਹੋਵੇਗਾ। ਤੇ ਨਾ ਹੀ ਉਸ ਕੋਲੋਂ ਪੂਰੀ ਤਰ੍ਹਾਂ ਸ਼ੀਸ਼ਾ ਥੱਲੇ ਹੋਇਆ। ਉਸ ਨੇ ਉਥੇ ਹੀ ਉਲਟੀ ਕਰ ਦਿੱਤੀ। ਟੈਕਸੀ ਸੜ੍ਹਿਆਂਧ ਨਾਲ ਭਰ ਗਈ। ਟੈਕਸੀ ਪੁਲ ਦੇ ਵਿਚਕਾਰ ਮੈਂ ਕਿੱਥੇ ਰੋਕਦਾ। ਜਦੋਂ ਪੁਲ ਪਾਰ ਕਰ ਕੇ ਟੈਕਸੀ ਰੋਕੀ ਉਹ ਕਹਿੰਦਾ ਕਿ ਉਹ ਠੀਕ ਸੀ। ‘ਸੌਰੀ ਮੈਨ, ਸੌਰੀ ਮੈਨ’ ਆਖਦੇ ਨੇ ਉਸ ਫਿਰ ਅੱਖਾਂ ਮੀਚ ਲਈਆਂ। ਮੈਂ ਘੁੱਟ-ਵੱਟ ਕੇ ਟੈਕਸੀ ਚਲਾਈ ਗਿਆ।
ਇੱਕ ਵਾਰ ਉਹ ਫਿਰ ਉਵੱਤਿਆ ਤੇ ਉਸ ਨੇ ਸੀਟ ਵਾਲੇ ਪਾਸੇ ਢੇਰੀ ਲਾ ਦਿੱਤੀ। ਉਸ ਦਾ ਟਿਕਾਣਾ ਬਿਲਕੁਲ ਨੇੜੇ ਹੀ ਸੀ। ਮੈਂ ਸਪੀਡ ਵਧਾ ਕੇ ਟੈਕਸੀ ਉਥੇ ਲਾ ਦਿੱਤੀ। ਉਸ ਨੇ ਵੀਹ ਡਾਲਰ ਦਾ ਨੋਟ ਫੜਾਉਂਦਿਆਂ ਫਿਰ ‘ਸੌਰੀ’ ਕਿਹਾ। ਮੈਂ ਉਸ ਨੂੰ ਕਿਹਾ ਵੀ ਕਿ ਟੈਕਸੀ ਸੈਂਪੂ ਕਰਵਾਉਣੀ ਪਵੇਗੀ, ਇਸ ਲਈ ਹੋਰ ਪੈਸੇ ਦੇਵੇ, ਪਰ ਉਹ “ਸੌਰੀ ਹੋਰ ਨਹੀਂ ਹਨ”, ਆਖ ਕੇ ਤੁਰਦਾ ਬਣਿਆ। ਮੈਂ ਨੇੜੇ ਦੇ ਗੈਸ ਸਟੇਸ਼ਨ ‘ਤੇ ਜਾ ਕੇ ਖਿਝਦੇ-ਕ੍ਰਿਝਦੇ ਨੇ ਟਾਵਲ ਪੇਪਰਾਂ ਨਾਲ ਪਿਛਲੀ ਸੀਟ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਪੇਪਰ ਨਾਲ ਗੰਦ ਤਾਂ ਚੁੱਕਿਆ ਗਿਆ ਸੀ ਪਰ ਸੀਟ ਸਾਫ਼ ਨਹੀਂ ਸੀ ਹੋਈ। ਕਾਰ ਦੇ ਟਰੰਕ ਵਿਚ ਰੈਗ ਪਿਆ ਸੀ। ਉਸ ਨੂੰ ਭਿਓਂ ਕੇ ਮੈਂ ਸੀਟ ‘ਤੇ ਰਗੜਦਾ ਤੇ ਫਿਰ ਪੇਪਰ ਨਾਲ ਪਾਣੀ ਸੋਖਦਾ। ਪਿਛਲੀ ਸੀਟ ਭਿੱਜੀ ਪਈ ਸੀ। ਇਸ ਨੇ ਛੇਤੀ ਸੁੱਕਣਾ ਵੀ ਨਹੀਂ ਸੀ। ਇੱਕ ਵਿਚਾਰ ਇਹ ਵੀ ਆਇਆ ਕਿ ਘਰੋਂ ਹੇਅਰ ਡਰਾਇਰ ਲਿਆ ਕੇ ਸੀਟ ਸੁਕਾ ਕੇ ਇਸੇ ਤਰ੍ਹਾਂ ਦਿਹਾੜੀ ਲਾ ਦੇਵਾਂ, ਪਰ ਟੈਕਸੀ ਵਿਚੋਂ ਮੁਸ਼ਕ ਆ ਰਿਹਾ ਸੀ। ਜੇ ਗਰਮੀਆਂ ਦੀ ਰੁੱਤ ਹੁੰਦੀ ਤਾਂ ਸ਼ਾਇਦ ਸ਼ੀਸ਼ੇ ਥੱਲੇ ਲਾਹ ਕੇ ਸਰ ਜਾਂਦਾ, ਪਰ ਰੁੱਤ ਵੀ ਸਰਦੀਆਂ ਦੀ ਸੀ। ‘ਹੋ’ਗੀ ਦਿਹਾੜੀ ਗੁੱਲ ਸੋਚ ਕੇ’, ਮੈਂ ਟੈਕਸੀ ਮਾਲਕ ਦੇ ਘਰ ਵਲ ਟੈਕਸੀ ਦਾ ਰੁਖ ਕਰ ਦਿੱਤਾ। ਹਾਲੇ ਬਹੁਤ ਸਵੱਖਤਾ ਸੀ।
ਮਾਲਕ ਨੂੰ ਜਗਾਉਣਾ ਮੁਨਾਸਿਬ ਨਹੀਂ ਸੀ। ਵੀਹਾਂ ਦਾ ਨੋਟ ਜਿਹੜਾ ਅੱਜ ਕਮਾਇਆ ਸੀ, ਉਹ ਮੈਂ ਮਾਲਕ ਦੇ ਘਰ ਮੂਹਰੇ ਲੱਗੇ ਚਿੱਠੀਆਂ ਵਾਲੇ ਡੱਬੇ ਵਿਚ ਰੱਖ ਆਇਆ। ਸੋਚਿਆ ਕਿ ਥੋੜ੍ਹਾ ਦਿਨ ਚੜ੍ਹੇ ਤੋਂ ਟੈਕਸੀ ਮਾਲਕ ਨੂੰ ਫੋਨ ਕਰ ਕੇ ਦੱਸ ਦੇਵਾਂਗਾ, ਪਰ ਉਸ ਦਾ ਆਪਣਾ ਹੀ ਅੱਠ ਕੁ ਵਜੇ ਫੋਨ ਆ ਗਿਆ। ਮੈਂ ਉਸ ਨੂੰ ਸਾਰੀ ਹੋਈ-ਬੀਤੀ ਦੱਸ ਦਿੱਤੀ। ਸੁਣ ਕੇ ਉਹ ਬੋਲਿਆ, “ਵੀਰਿਆ, ਇਹਦੇ ‘ਚ ਮੇਰਾ ਤਾਂ ਕਸੂਰ ਨ੍ਹੀਂ ਨਾ। ਮੇਰਾ ਤਾਂ ਸਗੋਂ ਖਰਚਾ ਵਧ ਗਿਆ। ਹੁਣ ਸ਼ੈਂਪੂ ਕਰਾਏ ਬਿਨਾਂ ਮੁਸ਼ਕ ਨ੍ਹੀਂ ਜਾਣਾ। ਲੀਜ਼ ਤਾਂ ਪੂਰੀ ਪਾ ਜਾਂਦਾ।” ਇਹ ਮੈਂ ਸੋਚਿਆ ਵੀ ਨਹੀਂ ਸੀ ਕਿ ਮਾਲਕ ਪੂਰੀ ਲੀਜ਼ ਦੀ ਮੰਗ ਕਰੇਗਾ। ਮੈਨੂੰ ਲਗਦਾ ਸੀ ਕਿ ਉਹ ਹਾਲਾਤ ਨੂੰ ਸਮਝ ਲਵੇਗਾ। ਮੈਂ ਉਸ ਨੂੰ ਆਖਣਾ ਚਾਹੁੰਦਾ ਸੀ, ‘ਵੀਰਿਆ, ਮੇਰਾ ਦੱਸ ਫਿਰ ਕੀ ਕਸੂਰ ਸੀ?’ ਪਰ ਆਖ ਨਾ ਸਕਿਆ। ਉਸ ਵੱਲੋਂ ਕੀਤੀ ਮੰਗ ਸੁਣ ਕੇ ਮੈਂ ਨਮੋਸ਼ੀ ਮੰਨ ਗਿਆ ਤੇ ਉਸ ਨੂੰ ਆਖ ਦਿੱਤਾ ਕਿ ਬਾਕੀ ਤੀਹ ਡਾਲਰ ਫਿਰ ਦੇ ਦਿਆਂਗਾ।
(ਚਲਦਾ)