ਪ੍ਰਿੰæ ਸਰਵਣ ਸਿੰਘ
ਸ਼ਿਕਾਗੋ: ਹਾਕੀ ਦੇ ਯੁਗ ਪੁਰਸ਼ ਬਲਬੀਰ ਸਿੰਘ ਸੀਨੀਅਰ ਦਾ ਇਥੇ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਕਰਵਾਏ ਗਏ ਕਬੱਡੀ ਕੱਪ ਮੁਕਾਬਲੇ ਵਿਚ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਉਹ ਇਸ ਕਬੱਡੀ ਮੇਲੇ ਵਿਚ ਵਿਸ਼ੇਸ਼ ਮਹਿਮਾਨ ਵਜੋਂ ਇਥੇ ਪਹੁੰਚੇ ਸਨ। ਇੰਜ ਸ਼ਿਕਾਗੋ ਦੇ ਪੰਜਾਬੀਆਂ ਨੂੰ ਲੀਜੈਂਡਰੀ ਖਿਡਾਰੀ ਨਾਲ ਮਿਲਣ ਦਾ ਤੇ ਯਾਦਗਾਰੀ ਫੋਟੋ ਖਿਚਾਉਣ ਦਾ ਮੌਕਾ ਮਿਲ ਗਿਆ।
ਓਲੰਪਿਕ ਹਾਕੀ ਵਿਚ ਤਿੰਨ ਗੋਲਡ ਮੈਡਲ ਹਾਸਲ ਕਰਨ ਵਾਲਾ ਓਲੰਪਿਕ ਰਤਨ ਬਲਬੀਰ ਸਿੰਘ 92 ਸਾਲਾਂ ਦਾ ਹੋਣ ਦੇ ਬਾਵਜੂਦ ਖੇਡਾਂ ਨਾਲ ਜੁੜਿਆ ਹੋਇਐ। ਉਸ ਨੂੰ ਸ਼ਿਕਾਗੋ ਲਿਆਉਣ ਵਿਚ ਹਾਕੀ ਦੇ ਵੈਟਰਨ ਖਿਡਾਰੀ ਅਬਨਾਸ਼ ਸਿੰਘ ਨਿੱਜਰ ਤੇ ਪਗੜੀਧਾਰੀ ਸਿੱਖ ਪਛਾਣ ਦੇ ਅਲੰਬਰਦਾਰ ਸ਼ਿਕਾਗੋ ਦੇ ਸਰਵਣ ਸਿੰਘ ਰਾਜੂ ਸਹਿਯੋਗੀ ਬਣੇ। ਮੈਂ ਤੇ ਅਬਨਾਸ਼ ਸਿੰਘ ਟੋਰਾਂਟੋ ਤੋਂ ਅਤੇ ਬਲਬੀਰ ਸਿੰਘ ਤੇ ਉਹਦਾ ਦੋਹਤਾ ਕਬੀਰ ਸਿੰਘ ਚੰਡੀਗੜ੍ਹ ਤੋਂ ਸ਼ਿਕਾਗੋ ਪੁੱਜੇ।
ਇਸ ਮੌਕੇ ਮੇਰੀ ਲਿਖੀ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਲੋਕ ਅਰਪਨ ਕੀਤੀ ਗਈ। ਸ਼ਿਕਾਗੋ ਦਾ ਕਬੱਡੀ ਕੱਪ ਬਲਬੀਰ ਸਿੰਘ ਨੂੰ ਤੇ ਸਾਨੂੰ ਸਦਾ ਯਾਦ ਰਹੇਗਾ।
ਕਦੇ ਸ਼ਿਕਾਗੋ ਵਿਚ ਕਿਰਤੀਆਂ ਦੀ ਪਹਿਲੀ ਹੜਤਾਲ ਹੋਈ ਸੀ ਤੇ ਗੋਲੀਆਂ ਨਾਲ ਵਿੰਨ੍ਹੇ ਮਜ਼ਦੂਰ ਦੇ ਲਹੂ ਨਾਲ ਲਾਲ ਝੰਡੇ ਦਾ ਜਨਮ ਹੋਇਆ ਸੀ। ਸੰਤੋਖ ਸਿੰਘ ਧੀਰ ਦੀ ਕਵਿਤਾ ‘ਮਈ ਦਿਵਸ’ ਮੈਨੂੰ ਮੁੜ ਮੁੜ ਯਾਦ ਆ ਜਾਂਦੀ ਹੈ।
ਮੈਂ ਪਾਰਕ ਵਿਚ ਗੇੜਾ ਕੱਢ ਕੇ ਵੇਖਿਆ ਤਾਂ ਸਾਰੇ ਪਾਸੀਂ ਪਿਕਨਿਕ ਵਰਗਾ ਮਾਹੌਲ ਸੀ। ਬੱਚੇ ਅਤੇ ਔਰਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ। ਮੈਂ ਕਈਆਂ ਮੁਲਕਾਂ ਵਿਚ ਕਬੱਡੀ ਦੇ ਮੇਲੇ ਵੇਖੇ ਹਨ ਜਿਥੇ ਕੇਵਲ ਮਰਦ ਹੀ ਕਬੱਡੀ ਵੇਖਣ ਆਉਂਦੇ ਹਨ। ਸ਼ਿਕਾਗੋ ਵਿਚ ਪੂਰੇ ਦੇ ਪੂਰੇ ਪਰਿਵਾਰ ਕਬੱਡੀ ਵੇਖਣ ਆਏ ਸਨ। ਖਾਣ ਪੀਣ ਦੀ ਕੋਈ ਪਾਬੰਦੀ ਨਾ ਹੋਣ ਦੇ ਬਾਵਜੂਦ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਬਦਮਜ਼ਗੀ ਵਾਲੀ ਗੱਲ ਨਹੀਂ ਹੋਈ। ਟੋਰਾਂਟੋ, ਵੈਨਕੂਵਰ ਤੇ ਇੰਗਲੈਂਡ ਦੇ ਦਰਸ਼ਕਾਂ ਨੂੰ ਵੀ ਸ਼ਿਕਾਗੋ ਦੇ ਦਰਸ਼ਕਾਂ ਵਰਗਾ ਜ਼ਾਬਤਾ ਰੱਖਣਾ ਬਣਦਾ ਹੈ। ਜਿਥੇ ਸਮੁੱਚੇ ਪਰਿਵਾਰ ਹਾਜ਼ਰ ਹੋਣ, ਉਥੇ ਆਪਣੇ ਆਪ ਹੀ ਅਨੁਸਾਸ਼ਨ ਦਾ ਵਾਤਾਵਰਨ ਬਣ ਜਾਂਦਾ ਹੈ।
ਬਲਬੀਰ ਸਿੰਘ ਤੇ ਉਹਦਾ ਦੋਹਤਾ ਕਬੀਰ ਚੰਡੀਗੜ੍ਹ ਤੋਂ ਜਹਾਜ਼ ਚੜ੍ਹੇ ਸਨ ਅਤੇ ਮੈਂ ਤੇ ਅਬਨਾਸ਼ ਨਿੱਜਰ ਟੋਰਾਂਟੋ ਤੋਂ। ਅਸੀਂ ਇਕੋ ਸਮੇਂ ਸ਼ਿਕਾਗੋ ਦੇ ਹਵਾਈ ਅੱਡੇ ‘ਤੇ ਉਤਰੇ।
ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਸਾਬਕਾ ਪ੍ਰਧਾਨ ਪ੍ਰਮਿੰਦਰ ਸਿੰਘ ਵਾਲੀਆ, ਅਮਰਦੇਵ ਸਿੰਘ ਬਦੇਸ਼ਾ, ਸਰਵਣ ਸਿੰਘ ਰਾਜੂ ਤੇ ਕੁਝ ਹੋਰ ਸੱਜਣ ਲਿਮੋਜੀਨ ਲੈ ਕੇ ਪਹਿਲਾਂ ਹੀ ਆਏ ਖੜ੍ਹੇ ਸਨ। ਉਥੋਂ ਅਸੀਂ ਸਰਵਣ ਸਿੰਘ ਦੇ ਘਰ ਆ ਗਏ ਜਿਥੇ ਚਾਰ ਦਿਨ ਰਹੇ। ਚਾਰੇ ਦਿਨ ਸਾਨੂੰ ਸ਼ਿਕਾਗੋ ਦੀਆਂ ਵੇਖਣਯੋਗ ਥਾਂਵਾਂ ਵਿਖਾਉਂਦੇ ਰਹੇ। ਇਸ ਦੌਰਾਨ ਡਾæ ਰਛਪਾਲ ਸਿੰਘ, ਡਾæ ਮੁਖਤਿਆਰ ਸਿੰਘ ਨੰਦੜਾ ਤੇ ਡਾæ ਗਿੱਲ ਹੋਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸਰਵਣ ਸਿੰਘ ਰਾਜੂ ਵਿਸ਼ਵ ਜੰਗਾਂ ਵਿਚ ਪਗੜੀਧਾਰੀ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਦੇ ਨਾਯਾਬ ਫੋਟੋ ਪੋਸਟਰ ਬਣਾ ਕੇ ਵੰਡ ਰਹੇ ਹਨ। ਬਲਬੀਰ ਸਿੰਘ ਦੀ ਉਮਰ ਤੇ ਸਿਹਤ ਦਾ ਖਿਆਲ ਰੱਖਦਿਆਂ ਰਾਜੂ ਪਰਿਵਾਰ ਨੇ ਸਾਡੀ ਬੜੀ ਸੇਵਾ ਕੀਤੀ। ਇੰਜ ਲੱਗਾ ਜਿਵੇਂ ਅਸੀਂ ਆਪਣੇ ਹੀ ਘਰ ਵਿਚ ਹੋਈਏ।
ਇਕ ਦਿਨ ਅਸੀਂ ਪੰਜਾਬ ਟਾਈਮਜ਼ ਦੇ ਸਿਰੜੀ ਸੰਪਾਦਕ ਅਮੋਲਕ ਸਿੰਘ ਜੰਮੂ ਦਾ ਹਾਲ-ਚਾਲ ਪੁੱਛਣ ਗਏ। ਉਹ ਪਰਿਵਾਰ ਸਮੇਤ ਘਰ ਦੇ ਵਿਹੜੇ ਵਿਚ ਰੁੱਖਾਂ ਦੀ ਛਾਵੇਂ ਬੈਠੇ ਸਨ। ਉਹ ਚੜ੍ਹਦੀ ਕਲਾ ਵਿਚ ਮਿਲੇ ਜਿਸ ਨਾਲ ਤਸੱਲੀ ਹੋਈ ਕਿ ਪੰਜਾਬ ਟਾਈਮਜ਼ ਚੜ੍ਹਦੀਆਂ ਕਲਾਂ ਵਿਚ ਹੀ ਰਹੇਗਾ। ਇਸ ਅਖ਼ਬਾਰ ਨੇ ਪੰਜਾਬੀ ਜਗਤ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ। ਪੰਜਾਬੀ ਦੇ ਮੰਨੇ-ਦੰਨੇ ਲੇਖਕ ਇਸ ਵਿਚ ਛਪਣਾ ਆਪਣਾ ਮਾਣ ਸਮਝਦੇ ਹਨ। ਬਲਬੀਰ ਸਿੰਘ ਨੇ ਆਪਣੀ ਜੀਵਨੀ ‘ਗੋਲਡਨ ਗੋਲ’ ਦੀ ਇਕ ਕਾਪੀ ਦਸਤਖ਼ਤ ਕਰ ਕੇ ਅਮੋਲਕ ਸਿੰਘ ਨੂੰ ਭੇਟ ਕੀਤੀ।
ਸਵੇਰੇ ਅਸੀਂ ਗੁਰਦੁਆਰਾ ਪੈਲਾਟਾਈਨ ਸ਼ਿਕਾਗੋ ਵਿਚ ਮੱਥਾ ਟੇਕਿਆ ਜਿਥੇ ਬਲਬੀਰ ਸਿੰਘ ਤੇ ਮੈਨੂੰ ਸਿਰੋਪੇ ਦੀ ਬਖਸ਼ਿਸ਼ ਹੋਈ। ਉਥੋਂ ਅਸੀਂ ਐਲਕ ਗਰੂਵ ਵਿਲੇਜ ਵਿਚ ਹੋ ਰਹੇ ਖੇਡ ਮੇਲੇ ਵੱਲ ਆਏ। ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਬਲਬੀਰ ਸਿੰਘ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ। ਮੈਂ ਮਾਈਕ ‘ਤੇ ਬਲਬੀਰ ਸਿੰਘ ਦੀ ਖੇਡ ਭੂਮਿਕਾ ਬਾਰੇ ਦੱਸਿਆ ਕਿ ਬਲਬੀਰ ਸਿੰਘ ਦਾ ਨਾਂ ਵਿਸ਼ਵ ਦੇ 16 ਆਈਕੋਨਿਕ ਓਲੰਪੀਅਨਾਂ ਵਿਚ ਬੋਲਦੈ। ਇਹ ਮਾਣ ਸਾਰੇ ਹਿੰਦ ਮਹਾਂਦੀਪ ਵਿਚ ਕੇਵਲ ਬਲਬੀਰ ਸਿੰਘ ਨੂੰ ਹੀ ਮਿਲਿਆ ਹੈ।
ਪਾਰਕ ਵਿਚ ਮੇਲੀਆਂ ਦੀਆਂ ਲਹਿਰਾਂ ਬਹਿਰਾਂ ਲੱਗ ਗਈਆਂ। ਕਈਆਂ ਦੇ ਸਿਰ ਘਰੜ ਮੁੰਨੇ ਹੋਏ ਸਨ ਤੇ ਗੰਜੇ ਸਿਰਾਂ ਉਤੇ ਲਿਸ਼ਕਾਂ ਮਾਰਦਾ ਸੂਰਜ ਜਗਦੇ ਬੱਲਬਾਂ ਦਾ ਭੁਲੇਖਾ ਪਾਉਂਦਾ ਸੀ। ਵਿਚੇ ਰੰਗ ਬਰੰਗੀਆਂ ਪੱਗਾਂ ਤੇ ਝੂਲਦੀਆਂ ਦਾੜ੍ਹੀਆਂ ਵਾਲੇ ਬਾਬੇ ਸਨ, ਵਿਚੇ ਜੂੜਿਆਂ ਤੇ ਘੋਨੇ ਸਿਰਾਂ ਵਾਲੇ ਨਿਆਣੇ ਤੇ ਵਿਚੇ ਚੁੰਨੀਆਂ ਦੁਪੱਟਿਆਂ ਵਾਲੀਆਂ ਮਾਈਆਂ ਬੀਬੀਆਂ।
ਕਬੱਡੀ ਦੇ ਫਾਈਨਲ ਮੈਚ ਤੋਂ ਪਹਿਲਾਂ ਕਬੱਡੀ ਦੇ ਦਾਇਰੇ ਅੰਦਰ ਮੇਰੀ ਲਿਖੀ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਰਿਲੀਜ਼ ਕੀਤੀ ਗਈ। ਕਿਤਾਬਾਂ ਦਾ ਇਕ ਬੰਡਲ ਮੋਹਤਬਰ ਸੱਜਣਾਂ ਵਿਚ ਵੰਡਿਆ ਗਿਆ। ਇਸ ਪੁਸਤਕ ਦੇ ਤਸਵੀਰਾਂ ਸਮੇਤ 272 ਸਫ਼ੇ ਹਨ ਤੇ 44 ਕਾਂਡ। ਇਸ ਵਿਚ ਬਲਬੀਰ ਸਿੰਘ ਦੇ ਵੱਡ ਵਡੇਰਿਆਂ ਤੋਂ ਲੈ ਕੇ ਉਸ ਦੇ ਬਚਪਨ, ਹਾਕੀ ਦੀ ਜਾਗ ਲੱਗਣ, ਜੁਆਨੀ ਚੜ੍ਹਨ, ਕਾਲਜਾਂ ਵਿਚ ਪੜ੍ਹਨ ਤੇ ਖੇਡਣ, ਮੰਗਣੀਆਂ ਕਿਤੇ ਤੇ ਵਿਆਹ ਕਿਤੇ ਹੋਰ ਹੋਣ, ਹੱਥਕੜੀ ਲਾ ਕੇ ਠਾਣੇਦਾਰ ਭਰਤੀ ਕਰਨ, ਓਲੰਪਿਕ ਖੇਡਾਂ ਦਾ ਗੋਲਡਨ ਹੈਟ ਟ੍ਰਿਕ ਮਾਰਨ, ਗੋਲਾਂ ਦਾ ਓਲੰਪਿਕ ਰਿਕਾਰਡ ਰੱਖਣ ਤੇ ਬੁਢਾਪੇ ਵਿਚ ਜੁਆਨ ਬਲਬੀਰ ਸਿੰਘ ਦੇ ਜੀਵਨ ਦਾ ਰੌਚਕ ਵੇਰਵਾ ਹੈ। ਨਵੀਂ ਪੀੜ੍ਹੀ ਬਲਬੀਰ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਦੀ ਹੈ। ਬਲਬੀਰ ਸਿੰਘ ਦਾ ਕਹਿਣਾ ਹੈ, ਜੇ ਮੈਂ ਸਾਧਾਰਨ ਪਰਿਵਾਰ ਤੇ ਛੋਟੇ ਜਿਹੇ ਪਿੰਡ ਵਿਚ ਜੰਮ-ਪਲ ਕੇ ਹਾਕੀ ਦੀ ਬੁਲੰਦੀ ਉਤੇ ਪੁੱਜ ਸਕਿਆ ਹਾਂ ਤਾਂ ਹੋਰ ਬੱਚੇ ਕਿਉਂ ਨਹੀਂ ਪੁੱਜ ਸਕਦੇ?
ਕੀ ਪਤਾ ਹੁਣ ਭਾਰਤ ਸਰਕਾਰ ਨੂੰ ਵੀ ਚੇਤਾ ਆ ਜਾਵੇ ਕਿ ਕੌਮਾਂਤਰੀ ਜਿੱਤ-ਮੰਚਾਂ ਉਤੇ ਅਨੇਕਾਂ ਵਾਰ ਤਿਰੰਗਾ ਲਹਿਰਾਉਣ ਵਾਲੇ ਬਲਬੀਰ ਸਿੰਘ ਦਾ ਕਿਵੇਂ ਸਨਮਾਨ ਕਰਨਾ ਹੈ?