ਗੁਲਜ਼ਾਰ ਸਿੰਘ ਸੰਧੂ
ਸਿਆਣਿਆਂ ਦੀ ਕਹਾਵਤ ਹੈ ਕਿ ਜੇ ਸੁਰਮਾ ਪਾਈਏ ਤਾਂ ਮਟਕਾਉਣ ਦੀ ਜਾਚ ਵੀ ਆਉਣੀ ਚਾਹੀਦੀ ਹੈ। ਕੇਂਦਰ ਵਿਚ ਮੋਦੀ ਸਰਕਾਰ ਦੇ ਆਉਣ ਨਾਲ ਇਹ ਸਭ ਨਿਫਾਸਤਾਂ ਖਤਮ ਹੋ ਗਈਆਂ ਹਨ। ਇਕ ਨਾਲ ਦੇ ਅੰਦਰ ਅੰਦਰ ਕ੍ਰਾਂਤੀ ਲਿਆਉਣ ਵਾਲਾ ਕੋਈ ਵੀ ਕੰਮ ਕੀਤੇ ਬਿਨਾ ਮਨਮੋਹਨ ਸਿੰਘ ਵਾਲੀ ਯੂ ਪੀ ਏ ਸਰਕਾਰ ਦੀਆਂ ਦਸ ਵਰ੍ਹੇ ਦੀਆਂ ਪ੍ਰਾਪਤੀਆਂ ਨੂੰ ਫਲ ਲੱਗਣ ਵਾਲੇ ਪੜਾਅ ਉਤੇ ਸਾਂਭ ਕੇ ਏਸ ਤਰ੍ਹਾਂ ਦੇ ਮਖੌਟੇ ਚੜ੍ਹਾਏ ਜਾ ਰਹੇ ਹਨ ਜਿਵੇਂ ਸਭ ਕੁਝ ਨਵੀਂ ਸਰਕਾਰ ਦੀ ਦੇਣ ਹੈ।
ਯੂ ਪੀ ਏ ਨੇ ਬਠਿੰਡਾ ਦੇ ਨੇੜੇ ਘੁੱਦਾ ਪਿੰਡ ਵਿਚ ਜਿਹੜੀ ਕੇਂਦਰੀ ਯੂਨੀਵਰਸਿਟੀ ਸਥਾਪਤ ਕੀਤੀ ਸੀ ਅੱਜ ਦੀ ਸਰਕਾਰ ਉਸ ਦਾ ਸਿਹਰਾ ਅਪਣੇ ਸਿਰ ਬੰਨ੍ਹਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਯੂਨੀਵਰਸਿਟੀ ਲਈ ਜ਼ਮੀਨ ਪ੍ਰਾਪਤ ਕਰਕੇ ਕਰੋੜਾਂ ਰੁਪਏ ਖਰਚੇ ਜਾਣ ਨਾਲ ਇਹ ਯੂਨੀਵਰਸਿਟੀ ਚਾਰ ਸਾਲ ਤੋਂ ਚੱਲ ਰਹੀ ਹੈ। ਜਿਵੇਂ ਕਿ ਆਮ ਹੀ ਹੁੰਦਾ ਹੈ ਇਸ ਦੀਆਂ ਕਲਾਸਾਂ ਲਾਉਣ ਲਈ ਨੇੜਲੇ ਕਈ ਕੈਂਪਸਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਪਹਿਲੇ ਉਪ ਕੁਲਪਤੀ ਡਾæ ਜੈ ਰੂਪ ਸਿੰਘ ਦੀ ਮਿਆਦ ਮੁੱਕਣ ਉਤੇ ਦੂਜਾ ਉਪ ਕੁਲਪਤੀ ਡਾæ ਆਰæ ਕੇ ਕੋਹਲੀ ਵੀ ਨਿਯੁਕਤ ਹੋ ਚੁਕਾ ਹੈ। ਹੁਣ ਜਦੋਂ ਘੁੱਦਾ ਕੈਂਪਸ ਵਿਚ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਤਾਂ ਉਪਰੋਂ ਮਿਲੇ ਕਿਸੇ ਆਦੇਸ਼ ਕਾਰਨ ਘੁੱਦਾ ਵਿਖੇ ਨਵੀਂ ਬਿਲਡਿੰਗ ਦੀ ਉਸਾਰੀ ਦਾ ਨੀਂਹ ਪੱਥਰ ਵਿੱਦਿਆ ਮੰਤਰੀ ਸਿਮਰਤੀ ਈਰਾਨੀ ਵਲੋਂ ਰੱਖਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੀ ਬਹੂ ਬੀਬੀ ਹਰਸਿਮਰਤ ਕੌਰ ਬਾਦਲ ਏਨੇ ਹੁਮ ਹੁਮਾ ਕੇ ਪੁੱਜੇ ਕਿ ਵਾਈਸ ਚਾਂਸਲਰ ਆਰ ਕੇæ ਕੋਹਲੀ ਤਾਂ ਸੁਆਗਤੀ ਸ਼ਬਦਾਂ ਤੋਂ ਬਿਨਾਂ ਬਣਨ ਵਾਲੀ ਇਮਾਰਤ ਦਾ ਵੀਡੀਓ ਕਲਿੱਪ ਦਿਖਾਉਣ ਯੋਗ ਹੀ ਰਹਿ ਗਿਆ। ਮੰਚ ਉਤੇ ਬਿਰਾਜਮਾਨ ਸਿਮਰਤੀ ਈਰਾਨੀ ਅਤੇ ਬਾਦਲਾਂ ਦੇ ਚਿਹਰਿਆਂ ਦੀ ਰੌਣਕ ਤੋਂ ਇਹ ਪ੍ਰਭਾਵ ਪੈ ਰਿਹਾ ਸੀ, ਜਿਵੇਂ ਇਹ ਯੂਨੀਵਰਸਿਟੀ ਕਲ ਹੀ ਸਥਾਪਤ ਹੋਈ ਹੈ ਚਾਰ ਸਾਲ ਪਹਿਲਾਂ ਨਹੀਂ। ਹੋਇਆ ਇਹ ਕਿ ਸੁਰਮਾ ਪਾਉਣ ਵਾਲੀ ਤਾਂ ਯੂ ਪੀ ਏ ਸਰਕਾਰ ਸੀ, ਮਟਕਾਉਣ ਦਾ ਲਾਹਾ ਮੋਦੀ ਸਰਕਾਰ ਲੈ ਗਈ।
ਮੋਦੀ ਸਰਕਾਰ ਦੇ ਮਟਕਾਉਣ ਕਾਰਜਾਂ ਵਿਚ ਹੋਰ ਝਾਤ ਮਾਰਨੀ ਹੋਵੇ ਤਾਂ ਫਿਲਮ ਇੰਸਟੀਚੀਊਟ ਆਫ ਇੰਡੀਆ, ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ, ਇੰਡੀਅਨ ਕੌਂਸਲ ਆਫ ਕਲਚਰਲ ਅਫੇਅਰਜ਼ ਅਤੇ ਇੰਡੀਅਨ ਕੌਂਸਲ ਆਫ ਹਿਸਟੌਰੀਕ ਸੱਟਡੀਜ਼ ਵਿਚ ਭਗਵੇਂ ਪਿਛੋਕੜ ਵਾਲੇ ਬੰਦੇ ਥੋਪ ਕੇ ਪੂਰੇ ਸਿੱਖਿਆ ਸੱਭਿਆਚਾਰ ਤੇ ਕਲਾ ਜਗਤ ‘ਤੇ ਕਬਜ਼ਾ ਕਰਨ ਲਈ ਪੂਰੀ ਦੀ ਪੂਰੀ ਜਰਨੈਲੀ ਸੜਕ ਸਾਂਭ ਲਈ ਗਈ ਹੈ। ਇੰਜ ਨਹੀਂ ਕਿ ਕਾਂਗਰਸ ਸਰਕਾਰ ਅਪਣੀ ਧਰਮ ਨਿਰਪੇਖ ਨੀਤੀ ਉਤੇ ਪਹਿਰਾ ਦਿੰਦੀ ਅਪਣੇ ਬੰਦੇ ਨਹੀਂ ਸੀ ਲਾਉਂਦੀ, ਪਰ ਉਹ ਲਾਏ ਜਾਣ ਵਾਲੇ ਬੰਦਿਆਂ ਦਾ ਕੱਦ-ਕਾਠ ਜ਼ਰੂਰ ਦੇਖਦੀ ਸੀ। ਅਜੋਕੀ ਸਰਕਾਰ ਨੇ ਤਾਂ ਇਹ ਸਭ ਕੁਝ ਹੀ ਛਿੱਕੇ ਟੰਗ ਦਿੱਤਾ। ਸੁਰਮਾ ਪਾਉਣ ਜਾਂ ਨਾ ਪਾਉਣ, ਮਟਕਾਉਣਾ ਨਹੀਂ ਭੁਲਦੇ!
ਪੰਜਾਬੀ ਸਾਹਿਤਕ ਰਸਾਲੇ ‘ਹੁਣ’ ਦੇ ਦਸ ਸਾਲ: ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਪਰਣਾਇਆ ਚੰਡੀਗੜ੍ਹ ਤੋਂ ਛਪਦਾ ‘ਹੁਣ’ ਨਾਂ ਦਾ ਪੰਜਾਬੀ ਰਸਾਲਾ ਅਪਣੇ ਸਫ਼ਰ ਦੇ 10 ਸਾਲ ਪੂਰੇ ਕਰ ਚੁੱਕਾ ਹੈ। ਇਸ ਵਿਚ ਛਪਣ ਵਾਲੀ ਸਮਗਰੀ ਕਿੰਨੀ ਵਿਲੱਖਣ ਹੁੰਦੀ ਹੈ, ਵੇਖਣ ਲਈ ਇਸ ਦੇ ਹੱਥਲੇ ਅੰਕ ਉਤੇ ਝਾਤੀ ਮਾਰਨ ਦੀ ਲੋੜ ਹੈ। ਇਸ ਵਿਚ ਫਾਂਸੀ ਲਾਉਣ ਦੇ ਮੁਸ਼ਕਲ ਕਾਰਜ ਨੂੰ ਕਲਾ ਮਈ ਢੰਗ ਨਾਲ ਨੇਪਰੇ ਚਾੜ੍ਹਨ ਦੇ ਗੁਣ ਅਤੇ ਫਾਂਸੀ ਲਾਉਣ ਦਾ ਕੰਮ ਕਰਨ ਵਾਲੇ ਉਨ੍ਹਾਂ ਕੈਦੀਆਂ ਦੇ ਬਿਆਨ ਵੀ ਹਨ ਜਿਨ੍ਹਾਂ ਨੂੰ ਜੱਲਾਦ ਕਹਿੰਦੇ ਹਨ।
ਜੱਲਾਦ ਸਾਬਰ ਮਸੀਹ ਨੇ ਫਾਂਸੀ ਲਾਉਣ ਵਾਲੇ ਨੂੰ ਮਿਲਣ ਵਾਲੇ ਵੀਹ ਰੁਪਏ ਕਦੀ ਨਹੀਂ ਸਨ ਲਏ ਭਾਵੇਂ ਹਰ ਫਾਂਸੀ ਬਦਲੇ ਮਿਲਦੀ ਦੋ ਮਹੀਨੇ ਦੀ ਕੈਦ ਘਟਣ ਦਾ ਲਾਭ ਜ਼ਰੂਰ ਲੈਂਦਾ ਰਿਹਾ ਸੀ। ਮੇਰਠ ਵਾਸੀ ਮਮੂੰ ਦੇ ਦਾਦੇ ਲਕਸ਼ਮਣ ਮੰਜੂਰਾ ਨੂੰ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲਾਉਣ ਦਾ ਏਨਾ ਦੁਖ ਸੀ ਕਿ ਉਹ ਅਪਣੇ ਇਸ ਕਲੰਕ ਨੂੰ ਧੋਣ ਲਈ ਦਹਿਸ਼ਤਗਰਦ ਅਜਮਲ ਕਸਬ ਨੂੰ ਫਾਂਸੀ ਲਾਉਣ ਤੱਕ ਜੀਵਤ ਰਹਿਣ ਦੀ ਇੱਛਾ ਰੱਖਦਾ ਸੀ ਜੋ ਪੂਰੀ ਨਹੀਂ ਹੋਈ। ਉਂਜ ਉਹ ਕਸਬ ਨੂੰ ਪੇਸ਼ੇ ਤੋਂ ਵੱਧ ਮਹਤੱਤਾ ਦਿੰਦਾ ਸੀ। ਉਹ ਰੱਸੀ ਬਣਾਉਣ ਸਮੇਂ ਰੇਸ਼ਮ ਤੇ ਪਟਸਨ ਦੇ ਰੇਸ਼ਿਆਂ ਦੀ ਵਰਤੋਂ ਕਰਕੇ ਤੇ ਫਾਂਸੀ ਲਈ ਵਰਤਣ ਸਮੇਂ ਇਸ ਨੂੰ ਸੁਗੰਧਤ ਤੇਲ ਤੇ ਅਤਰ ਵੀ ਲਾਉਂਦਾ ਹੁੰਦਾ ਸੀ। ਇਸ ਅੰਕ ਵਿਚ 1959 ਵਿਚ ਕੇਰਲ ਰਾਜ ਦੇ ਜਨਮੇ ਜਾਏ ਸ਼ਸ਼ੀ ਵਾਰੀਅਰ ਦੇ ਲਿਖੇ ਨਾਵਲ ‘ਜੱਲਾਦ ਦੀ ਡਾਇਰੀ’ ਦੇ ਰੌਚਕ ਅੰਸ਼ ਵੀ ਹਨ। ਇੱਕ ਵਿਚ ਦੋਸ਼ੀ ਨੂੰ ਫਾਹੇ ਲਾਉਣ ਵਾਲੀ ਰੱਸੀ ਨੂੰ ਏਨੀ ਕੀਮਤੀ ਦਰਸਾਇਆ ਹੈ ਕਿ ਇਸ ਦੀ ਵਰਤੋਂ ਤੋਂ ਪਿਛੋਂ ਇਸ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਤੇ ਉਨ੍ਹਾਂ ਦੇ ਰੇਸ਼ੇ ਸੰਭਾਲ ਕੇ ਜੇਲ੍ਹ ਕਰਮਚਾਰੀ ਤੇ ਆਉਣ ਜਾਣ ਵਾਲੇ ਲੋਕ ਦੇਖ ਕੇ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ। ਇੱਕ ਮੱਤ ਇਹ ਵੀ ਹੈ ਕਿ ਇਸ ਨੂੰ ਘਰ ਰੱਖੋ ਤਾਂ ਕਿਸੇ ਮੁਸੀਬਤ ਦਾ ਮੂੰਹ ਨਹੀਂ ਵੇਖਣਾ ਪੈਂਦਾ। ਨਿੱਕੇ ਬੱਚੇ ਦੇ ਪੰਘੂੜੇ ਨੂੰ ਬੰਨ੍ਹ ਦਿਓ ਤਾਂ ਬੱਚੇ ਨੂੰ ਚੰਦਰਾ ਸੁਪਨਾ ਨਹੀਂ ਆਉਂਦਾ। ਜੇ ਇਸ ਨੂੰ ਜਲਾ ਕੇ ਇਸ ਦੀ ਰਾਖ ਨੂੰ ਸ਼ਹਿਦ ਵਿਚ ਪਾ ਕੇ ਕਾੜ੍ਹੀਏ ਤਾਂ ਇਹ ਕਾੜ੍ਹਾ ਬੱਚੇ ਦੇ ਪੇਟ ਵਾਲੇ ਸਭ ਰੋਗ ਖਤਮ ਕਰ ਦਿੰਦਾ ਹੈ। ਜੇ ਇਸ ਦੀ ਕਾਲਖ ਨੂੰ ਸਾਦੇ ਪਾਣੀ ਵਿਚ ਘੋਲ ਕੇ ਪੀਵੀਏ ਤਾਂ ਮਿਰਗੀ ਠੀਕ ਹੋ ਜਾਂਦੀ ਹੈ। ਉਂਜ ਨਾਵਲ ਦਾ ਨਾਇਕ ਅਪਣੇ ਬੱਚਿਆਂ ਦੇ ਭੰਗੂੜਿਆਂ ਨੂੰ ਬੰਨ੍ਹ ਕੇ ਅਜ਼ਮਾਉਂਦਾ ਹੈ ਤਾਂ ਉਸ ਨਾਲ ਉਕਾ ਹੀ ਕੋਈ ਫਰਕ ਨਹੀਂ ਪੈਂਦਾ। ਉਸ ਦਾ ਯਕੀਨ ਹੈ ਕਿ ਇਹ ਅਨੋਖੀ ਧਾਰਨਾ ਜੱਲਾਦਾਂ ਨੇ ਅਪਣੇ ਮਨ ਦੇ ਕਲੰਕ ਧੋਣ ਲਈ ਪੈਦਾ ਕੀਤੀ ਹੋਈ ਹੈ।
ਇਸ ਅੰਕ ਦੀ ਸਮਗਰੀ ਇਸ ਮਿੱਥ ਨੂੰ ਵੀ ਨਕਾਰਦੀ ਹੈ ਕਿ ਰੱਸੀ ਰਾਹੀਂ ਸਾਹ ਘੁਟਣ ਨਾਲ ਮਨੁੱਖ ਮਰ ਜਾਂਦਾ ਹੈ। ਅਸਲ ਵਿਚ ਰੱਸੀ ਜਾਂ ਸਟਰਿੰਗ ਖੂਨ ਦੀ ਨਾਲੀ ਪਹਿਲਾਂ ਬੰਦ ਕਰਦੀ ਹੈ, ਫਿਰ ਤੜਫਾਉਂਦੀ ਹੈ, ਤੇ ਕਈ ਵਾਰੀ ਮਨੁੱਖ ਦੇ ਅਪਣੇ ਭਾਰ ਨਾਲ ਉਸ ਦੀ ਗਰਦਨ ਟੁੱਟ ਜਾਂਦੀ ਹੈ ਤੇ ਫੇਰ ਹੀ ਬੰਦਾ ਮਰਦਾ ਹੈ। ਇਹ ਸਮਾਂ ਏਨਾਂ ਦੁਖਦਾਈ ਹੁੰਦਾ ਹੈ ਕਿ ਡਾਕਟਰ ਵੀ ਮੌਤ ਦੀ ਪੁਸ਼ਟੀ ਕਰਨ ਲਈ ਅੱਧਾ ਘੰਟਾ ਲਾ ਦਿੰਦਾ ਹੈ ਤਾਂ ਕਿ ਉਸ ਨੂੰ ਮਰਨ ਵਾਲੇ ਦੀ ਤੜਪਦੀ ਲਾਸ਼ ਨਾ ਵੇਖਣੀ ਪਵੇ। ਸਾਡੇ ਵਲੋਂ ‘ਹੁਣ’ ਪੁਸਤਕ ਲੜੀ ਨੂੰ 31 ਵਾਂ ਅੰਕ ਮੁਬਾਰਕ।
ਅੰਤਿਕਾ: (ਰਾਜਿੰਦਰ ਪਰਦੇਸੀ ਦੀ ‘ਅਗ ਤੇ ਪਾਣੀ’ ਵਿਚ ਲਖਵਿੰਦਰ ਜੌਹਲ)
ਸਮਿਆਂ ਨੇ ਹੀ ਸੂਤ ਲਈ ਬਾਹਾਂ ਵਿਚੋਂ ਜਾਨ
ਕਿੱਲੀ ਉਤੇ ਟੰਗਿਆ ਰੋਵੇ ਤੀਰ ਕਮਾਨ।
ਜੁਗਨੂੰ ਆਇਆ ਚੀਰ ਕੇ ਕਾਲੀ ਬੋਲੀ ਰਾਤ
ਸੁੱਤਾ ਸੂਰਜ ਸੋਚਦਾ ਕੀ ਮੇਰੀ ਔਕਾਤ।