ਕਹਾਣੀਕਾਰ ਖੱਲ ਉਤਰਵਾ ਕੇ ਲੂਣ ਵਿਚੋਂ ਲੰਘਦਾ ਹੈ!

ਰਾਜਿੰਦਰ ਸਿੰਘ ਬੇਦੀ-3
ਗੁਰਬਚਨ ਸਿੰਘ ਭੁੱਲਰ
ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਪੜ੍ਹ ਕੇ ਪਾਠਕੀ ਸੂਝ ਦੇ ਮਾਲਕ ਨਵੇਂ ਕਹਾਣੀਕਾਰ ਨੂੰ ਜੋ ਸਿੱਖਿਆ ਮਿਲਦੀ ਹੈ, ਉਹ ਤਾਂ ਮਿਲਦੀ ਹੀ ਹੈ, ਉਹ ਸਿੱਧਿਆਂ ਵੀ ਬੜੀਆਂ ਕੰਮ ਦੀਆਂ ਰਾਹ-ਦਿਖਾਵੀਆਂ ਜੁਗਤਾਂ ਦਸਦੇ ਹਨ। ਉਹ ਕਹਿੰਦੇ ਹਨ ਕਿ ਰਚਨਾ ਕਰਦਿਆਂ ਲੇਖਕ ਵਿਚ ਹਉਮੈ ਵਰਗਾ ਆਤਮ-ਵਿਸ਼ਵਾਸ ਹੋਣਾ ਚਾਹੀਦਾ ਹੈ, ਪਰ ਜੋ ਨਿਮਰਤਾ ਤੋਂ ਦੁਰੇਡਾ ਨਾ ਹੋਵੇ। ਉਸ ਵਿਚ ਹਰ ਗੱਲ ਨੂੰ ਹੋਰਾਂ ਨਾਲੋਂ ਤਿਖੇਰੀ ਤਰ੍ਹਾਂ ਮਹਿਸੂਸ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਇਕ ਹੋਰ ਕਮਾਲ ਦੀ ਜੁਗਤ ਉਹ ਇਹ ਸੁਝਾਉਂਦੇ ਹਨ ਕਿ ਲੇਖਕ ਦਾ ਤਾਲੂ ਤੇ ਮੂੰਹ ਜਾਨਵਰ ਵਰਗੇ ਹੋਣੇ ਚਾਹੀਦੇ ਹਨ ਜੋ ਚਾਰੇ ਨੂੰ ਰੇਤੇ-ਮਿੱਟੀ ਨਾਲੋਂ ਵੱਖ ਕਰ ਲੈਂਦਾ ਹੈ।

ਸਾਹਿਤ ਦੇ ਨਾਲ ਹੀ ਉਹਨੂੰ ਹੋਰ ਕਲਾਵਾਂ ਦਾ, ਖਾਸ ਕਰ ਸੰਗੀਤ ਦੀ, ਚਿਤਰਕਾਰੀ ਦੀ ਕੋਮਲਤਾ ਦਾ ਪਤਾ ਹੋਣਾ ਚਾਹੀਦਾ ਹੈ।
ਸ਼ਿਅਰ ਅਤੇ ਕਹਾਣੀ ਵਿਚ ਕੋਈ ਫ਼ਰਕ ਨਾ ਮੰਨਦਿਆਂ ਉਹ ਕਹਿੰਦੇ ਹਨ ਕਿ ਆਦਿ ਤੋਂ ਅੰਤ ਤੱਕ ਕਹਾਣੀ ਵਿਚ ਚੱਲਣ ਵਾਲਾ ਇਕੋ ਲੰਮਾ ਛੰਦ ਸ਼ਿਅਰ ਦੇ ਛੋਟੇ ਛੰਦ ਜਿੰਨੀ ਹੀ ਮੁਹਾਰਤ ਨਾਲ ਨਿਭਾਇਆ ਜਾਣਾ ਚਾਹੀਦਾ ਹੈ। ਭਾਵੇਂ ਵਿਧਾਵਾਂ ਵਜੋਂ ਕਹਾਣੀ ਅਤੇ ਨਾਵਲ ਨੂੰ ਇਕ ਦੂਜੀ ਦੇ ਨੇੜੇ ਸਮਝਿਆ ਜਾਂਦਾ ਹੈ, ਪਰ ਬੇਦੀ ਜੀ ਕਹਾਣੀ ਅਤੇ ਕਵਿਤਾ ਵਿਚ ਵਧੀਕ ਸਾਂਝ ਦੇਖਦੇ ਹਨ। ਮੈਨੂੰ ਚੇਤੇ ਆਇਆ, ਟੌਬੀਅਸ ਵੁਲਫ਼ ਦਾ ਇਕ ਕਥਨ ਵੀ ਬੇਦੀ ਜੀ ਦੇ ਇਸ ਮੱਤ ਦੀ ਪੁਸ਼ਟੀ ਕਰਦਾ ਹੈ। ਉਹਨੇ ਕਿਹਾ ਸੀ, “ਮੇਰਾ ਯਕੀਨ ਹੈ, ਕਹਾਣੀ, ਵਿਧਾ ਵਜੋਂ, ਨਾਵਲ ਤੋਂ ਓਨੀ ਹੀ ਵੱਖਰੀ ਹੈ ਜਿੰਨੀ ਕਵਿਤਾ। ਸਗੋਂ ਮੈਨੂੰ ਤਾਂ ਲਗਦਾ ਹੈ, ਵਧੀਆ ਕਹਾਣੀਆਂ ਰੂਹ ਦੇ ਪੱਖੋਂ ਨਾਵਲ ਨਾਲੋਂ ਸ਼ਾਇਦ ਕਵਿਤਾ ਦੇ ਵਧੀਕ ਨੇੜੇ ਹੁੰਦੀਆਂ ਹਨ।”
ਕਹਾਣੀ-ਕਲਾ ਵਿਚ ਨਿਪੁੰਨਤਾ ਹਾਸਲ ਕਰਨ ਲਈ ਕਰੜੀ ਤਪੱਸਿਆ ਅਤੇ ਸਾਧਨਾ ਉਤੇ ਜ਼ੋਰ ਦਿੰਦਿਆਂ ਉਹ ਦੂਜੀ ਪੜ੍ਹਤ ਸਮੇਂ ਘੱਟ ਸ਼ਬਦ ਪਾਉਣ ਅਤੇ ਬਹੁਤੇ ਵਾਕ ਕੱਟਣ ਉਤੇ ਜ਼ੋਰ ਦਿੰਦੇ ਹਨ, “ਆਪਣੇ ਆਪ ਵਿਚ ਉਹ ਭਾਵੇਂ ਕਿੰਨੀ ਹੀ ਖ਼ੂਬਸੂਰਤ ਹੋਵੇ, ਜੋ ਗੱਲ ਕਹਾਣੀ ਦੇ ਸਮੁੱਚੇ ਪ੍ਰæਭਾਵ ਲਈ ਘਾਤਕ ਹੈ ਜਾਂ ਕੇਂਦਰੀ ਵਿਚਾਰ ਤੋਂ ਲਾਂਭੇ ਲਿਜਾਂਦੀ ਹੈ, ਉਸ ਉਤੇ ਕਲਮ ਫੇਰਨੀ ਹੀ ਠੀਕ ਹੈ।” ਇਸ ਗੱਲ ਨੂੰ ਉਹ ਕਹਾਣੀ ਲਿਖਣ ਸਮੇਂ ਭੁੱਲਣ ਅਤੇ ਚੇਤੇ ਰੱਖਣ ਦੇ ਅਮਲਾਂ ਦੀ ਸਮਾਨੰਤਰਤਾ ਜਿੰਨੀ ਹੀ ਜ਼ਰੂਰੀ ਸਮਝਦੇ ਹਨ ਅਤੇ ਕੁਝ ਵੀ ਨਾ ਭੁੱਲ ਸਕਣ ਦੀ ਬੀਮਾਰੀ ਨੂੰ ਲੇਖਕ ਲਈ ਘਾਤਕ ਕਹਿੰਦੇ ਹਨ। ਉਹ ਯਕੀਨ ਦੁਆਉਂਦੇ ਹਨ ਕਿ ਜਦੋਂ ਇਹ ਸਭ ਗੱਲਾਂ ਸਾਧ ਲਈਆਂ ਜਾਣ, ਹਰ ਮੋੜ, ਹਰ ਨੁੱਕਰ ਉਤੇ ਕਹਾਣੀਆਂ ਖਿੰਡੀਆਂ ਹੋਈਆਂ ਦਿੱਸਣ ਲੱਗ ਪੈਂਦੀਆਂ ਹਨ ਅਤੇ ਉਨ੍ਹਾਂ ਦੀ ਗਿਣਤੀ ਏਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਸਮੇਟ ਸਕਣਾ ਕਿਸੇ ਵੀ ਕਹਾਣੀਕਾਰ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਹਾਣੀਕਾਰ ਯੂਨਾਨੀ ਪੌਰਾਣਿਕ ਪਾਤਰ ਮੀਡਾਸ ਵਾਂਗ ਅਜਿਹੀ ਛੋਹ ਦਾ ਸੁਆਮੀ ਬਣ ਜਾਂਦਾ ਹੈ ਕਿ ਜਿਸ ਵਸਤ ਨੂੰ ਵੀ ਹੱਥ ਲਾਉਂਦਾ ਹੈ, ਉਹੋ ਸੋਨਾ ਬਣ ਜਾਂਦੀ ਹੈ।
ਬੇਦੀ ਜੀ ਦੀ ਭਾਸ਼ਾਈ ਕਲਾਕਾਰੀ ਦਾ ਕਮਾਲ ਤਾਂ ਹਰ ਪੰਨੇ ਉਤੇ ਦੇਖਿਆ ਜਾ ਸਕਦਾ ਹੈ। ਪਾਤਰ ਦੀ ਸਰੀਰਕ ਬੀਮਾਰੀ ਅਤੇ ਮਾਨਸਿਕ ਦੁਰਬਲਤਾ ਦੀ ਥਾਹ ਪੁਆਉਣ ਲਈ ਉਹ ਆਖਦੇ ਹਨ, “ਉਸ ਵਿਚ ਹੁਣ ਮਾੜੀ ਜਿਹੀ ਮਿਹਰਬਾਨੀ ਝੱਲਣ ਦੀ ਵੀ ਸੱਤਿਆ ਨਹੀਂ ਸੀ ਰਹਿ ਗਈ।” ਉਹ ਉਸ ਨੂੰ “ਲਿੰਗਹੀਨ ਅੱਖਾਂ ਨਾਲ ਦੇਖਦਾ” ਦਸਦੇ ਹਨ ਜੋ ਆਪਣੀ ਪ੍ਰੇਮਿਕਾ ਨੂੰ ਵੀ ਕਹਿੰਦਾ ਹੈ, “ਕਿਤੇ ਰੋਗੀ ਦਾ ਵੀ ਕੋਈ ਲਿੰਗ ਹੁੰਦਾ ਐ ਭਲਾ!” ਨਾਇਕਾ ਦੇ ਤੁਰਨ ਸਮੇਂ ਥਿਰਕਦੇ ਅਤੇ ਨ੍ਰਿਤ ਕਰਦੇ ਪਿਠੇ ਦਾ ਸਿੱਧਾ ਸਰੀਰਕ ਵਰਣਨ ਕਰਨ ਦੀ ਥਾਂ ਉਹ ਕਹਿੰਦੇ ਹਨ, “ਤਿੱਖਾ ਤੁਰਨ ਵੇਲੇ ਉਸ ਦਾ ਪਿਠਾ ਉਸ ਬਤੱਖ ਜਿਹਾ ਲੱਗਣ ਲੱਗ ਪੈਂਦਾ ਸੀ ਜੋ ਕਿਸੇ ਬਿੱਲੀ-ਕੁੱਤੇ ਤੋਂ ਡਰਦੀ ਛੱਪੜ ਵੱਲ ਭਜਦੀ-ਉਡਦੀ ਜਾਂਦੀ ਹੋਵੇ।” ਔਰਤ ਤੋਂ ਦੇਵੀ ਬਣ ਗਈ ਜਾਂ ਬਣਾ ਦਿੱਤੀ ਗਈ ਪਾਤਰ ਦੇ ਦੁੱਧ-ਚਿੱਟੇ ਨਿਰਮਲ ਵਸਤਰਾਂ ਦੇ ਅਤੇ ਉਸ ਦੇ ਸਫਾਈ-ਰੋਗ ਦੇ ਹਵਾਲੇ ਨਾਲ ਉਹ ਲਿਖਦੇ ਹਨ, “ਮੈਲੇ ਪਾਣੀ ਦਾ ਇਕ ਛਿੱਟਾ ਵੀ ਕਿਤੋਂ ਆ ਕੇ ਉਸ ਉਤੇ ਪੈ ਗਿਆ ਤਾਂ ਉਸ ਨੂੰ ਗਰਭ ਠਹਿਰ ਜਾਵੇਗਾ।” ਬਾਰਾਂ ਸਾਲ ਦੀ ਕੁੜੀ ਦੀ ਬਾਲਪਨ ਤੋਂ ਜਵਾਨੀ ਵਿਚ ਪ੍ਰਵੇਸ਼ ਕਰਨ ਦੀ ਤਿਆਰੀ ਨੂੰ ਉਹ ਇਉਂ ਸ਼ਬਦੀ ਜਾਮਾ ਪੁਆਉਂਦੇ ਅਤੇ ਤਸਵੀਰ ਬਣਾਉਂਦੇ ਹਨ, “ਉਹ ਉਥੇ ਹੀ ਫਰਸ਼ ਉਤੇ ਲੀਕਾਂ ਮਾਰ ਕੇ ਠੀਕਰੀ ਨਾਲ ਪੀਚੋ ਖੇਡਣ ਲੱਗ ਪਈ।æææਉਹ ਉਸ ਵੇਲੇ ਇਕ ਲੱਤ ਉਤੇ ਖੜ੍ਹੀ ਸੀ ਅਤੇ ਠੀਕਰੀ ਨੂੰ ਠੋਹਕਰ ਮਾਰ ਕੇ ਕਿਸੇ ਵੇਲੇ ਵੀ ਲਕੀਰ ਨੂੰ ਟੱਪ ਸਕਦੀ ਸੀ।”
ਪ੍ਰੋæ ਪ੍ਰੀਤਮ ਸਿੰਘ ਦੇ ਇਹ ਕਹਿਣ ਕਿ “ਤੁਹਾਡੀਆਂ ਕੁਝ ਕਹਾਣੀਆਂ ਤਾਂ ਪੰਜਾਬੀ ਵਿਚ ਛਪ ਚੁੱਕੀਆਂ ਨੇ” ਦੇ ਉਤਰ ਵਿਚ ਬੇਦੀ ਪਤਾ ਨਹੀਂ ਕਿਉਂ ਕਹਿੰਦੇ ਹਨ, “ਮੈਨੂੰ ਤਾਂ ਇਕ-ਅੱਧੀ ਕਹਾਣੀ ਦਾ ਹੀ ਪਤਾ ਹੈ।” ਮੈਂ ਆਪਣੇ ਕਾਲਜ ਦੀ ਲਾਇਬਰੇਰੀ ਵਿਚੋਂ ਕਢਵਾਈ ਉਨ੍ਹਾਂ ਦੀਆਂ ਕਹਾਣੀਆਂ ਦੀ ਪੁਸਤਕ ‘ਘਰ ਵਿਚ ਬਾਜ਼ਾਰ ਵਿਚ’ ਦੀ ਗੱਲ ਕਰ ਹੀ ਚੁੱਕਿਆ ਹਾਂ। ਉਨ੍ਹਾਂ ਦੀ ਪ੍ਰਸਿੱਧ ਕਹਾਣੀ ‘ਲਾਜਵੰਤੀ’ ਐਸ਼ ਸਵਰਨ ਨੇ ਆਪਣੇ ਪ੍ਰਸਿੱਧ ਰਸਾਲੇ ‘ਚੇਤਨਾ’ ਵਿਚ ਛਾਪੀ ਸੀ ਜਿਸ ਦੇ ਨਿਗਰਾਨ, ਸਰਪ੍ਰਸਤ ਜਾਂ ਮੁੱਖ-ਸੰਪਾਦਕ (ਮੈਨੂੰ ਹੁਣ ਇਸ ਗੱਲ ਦਾ ਧਿਆਨ ਨਹੀਂ ਰਿਹਾ) ਵਜੋਂ ਬੇਦੀ ਜੀ ਦਾ ਨਾਂ ਹੀ ਛਪਦਾ ਹੁੰਦਾ ਸੀ। ਜੇ ਮੈਂ ਭੁਲਦਾ ਨਹੀਂ, ਸਮੇਂ ਸਮੇਂ ‘ਚੇਤਨਾ’ ਵਿਚ ਵੀ ਅਤੇ ਹੋਰ ਥਾਂਈਂ ਵੀ ਉਨ੍ਹਾਂ ਦੀਆਂ ਕਈ ਕਹਾਣੀਆਂ ਛਪੀਆਂ ਸਨ।
ਉਨ੍ਹਾਂ ਦੀ ਪ੍ਰਸਿੱਧ ਅਤੇ ਬਾਕਮਾਲ ਕਹਾਣੀ ‘ਮਿਥੁਨ’ ਦੇ ਪੰਜਾਬੀ ਅਨੁਵਾਦ ਦਾ ਕਿੱਸਾ ਮੈਨੂੰ ਅਜੇ ਤੱਕ ਯਾਦ ਹੈ। ਕਈ ਦਹਾਕੇ ਪਹਿਲਾਂ ਦੀ ਗੱਲ ਹੈ, ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ’ ਲਈ ਉਨ੍ਹਾਂ ਤੋਂ ਕਹਾਣੀ ਮੰਗੀ ਅਤੇ ਉਨ੍ਹਾਂ ਨੇ ‘ਮਿਥੁਨ’ ਸੋਵੀਅਤ ਦੂਤਾਵਾਸ ਵਿਚ ਮੇਰੇ ਸਹਿਕਰਮੀ, ਕਹਾਣੀਕਾਰ ਗੁਰਵੇਲ ਪੰਨੂੰ ਨੂੰ ਭੇਜ ਦਿੱਤੀ ਕਿ ਉਹ ਅਨੁਵਾਦ ਕਰ ਕੇ ਅੰਮ੍ਰਿਤਾ ਨੂੰ ਦੇ ਦੇਵੇ। ਕਹਾਣੀ ਨੂੰ ਤਾਂ ਗੁਰਵੇਲ ਨੇ ਅਤੇ ਮੈਂ ਮਿਲ-ਬੈਠ ਕੇ ਪੜ੍ਹਿਆ ਅਤੇ ਉਹਦੀ ਸੂਖਮਤਾ ਨੂੰ ਰੱਜ ਕੇ ਸਲਾਹਿਆ ਹੀ, ਜੋ ਗੱਲ ਸਾਨੂੰ ਬੜੀ ਅਨੋਖੀ ਲੱਗੀ ਅਤੇ ਅੱਜ ਤੱਕ ਮੇਰੀ ਯਾਦ ਵਿਚ ਉਕਰੀ ਪਈ ਹੈ, ਉਹ ਸੀ ਉਨ੍ਹਾਂ ਦੀ ਇਹ ਇੱਛਾ ਕਿ ਅਨੁਵਾਦ ਕਿਤੇ ਮੂਲ ਭਾਵਨਾ ਤੋਂ ਭੋਰਾ ਵੀ ਇਧਰ-ਉਧਰ ਨਾ ਹੋ ਜਾਵੇ। ਜਿਨ੍ਹਾਂ ਲਫ਼ਜ਼ਾਂ ਬਾਰੇ ਉਨ੍ਹਾਂ ਨੂੰ ਸ਼ੱਕ ਸੀ ਕਿ ਅਨੁਵਾਦਕ ਉਨ੍ਹਾਂ ਦੇ ਅਰਥ ਅਸਲ ਨਾਲੋਂ ਮਾੜੇ-ਮੋਟੇ ਇਧਰ-ਉਧਰ ਕਰ ਸਕਦਾ ਹੈ, ਬੇਦੀ ਜੀ ਨੇ ਉਨ੍ਹਾਂ ਦੇ ਅਰਥ ਹਾਸ਼ੀਏ ਵਿਚ ਪੰਜਾਬੀ ਵਿਚ, ਗੁਰਮੁਖੀ ਅੱਖਰਾਂ ਵਿਚ ਲਿਖੇ ਹੋਏ ਸਨ। ਲਫ਼ਜ਼ ਤਾਂ ਲਫ਼ਜ਼ ਰਹੇ, ਉਨ੍ਹਾਂ ਨੇ ਇਸ ਡਰੋਂ ਕਿ ਕਿਤੇ ਅਨੁਵਾਦਕ ਪਾਤਰਾਂ ਦੇ ਨਾਂਵਾਂ ਨੂੰ ਉਰਦੂ ਵਿਚੋਂ ਪੜ੍ਹ ਕੇ ਗ਼ਲਤ ਨਾ ਉਠਾਲ ਲਵੇ, ਉਹ ਵੀ ਗੁਰਮੁਖੀ ਵਿਚ ਲਿਖ ਦਿੱਤੇ ਸਨ। ਕਾਤਬਾਂ ਵਲੋਂ ਲਿਖਾਈ ਸਮੇਂ ਜ਼ੇਰ-ਜ਼ਬਰ ਛੱਡ ਹੀ ਦਿੱਤੇ ਜਾਣ ਦਾ ਰਿਵਾਜ ਪੈ ਗਿਆ ਹੋਣ ਕਰਕੇ ਨਾਇਕਾ ਦੇ ਨਾਂ ਨੂੰ ‘ਕੇਰਤੀ’ ਵੀ ਪੜ੍ਹਿਆ ਜਾ ਸਕਦਾ ਸੀ ਅਤੇ ‘ਕੀਰਤੀ’ ਵੀ। ਉਨ੍ਹਾਂ ਨੇ ਸਪੱਸ਼ਟ ਕੀਤਾ ਹੋਇਆ ਸੀ ਕਿ ਉਹ ‘ਕੀਰਤੀ’ ਹੈ। ਇਸੇ ਪ੍ਰਕਾਰ ‘ਮਗਨ ਟਕਲਾ’ ਦੱਸਿਆ ਹੋਇਆ ਸੀ। ਤੇ ਅਨੁਵਾਦ ਬਾਰੇ ਹੋਰ ਵੀ ਕਈ ਹਦਾਇਤਾਂ ਦਿੱਤੀਆਂ ਹੋਈਆਂ ਸਨ।
ਉਨ੍ਹਾਂ ਦਾ ਰਚਨਾਤਮਕ ਕਾਰਜ ਕਹਾਣੀ ਮੁਕੰਮਲ ਹੋ ਕੇ ਛਪ ਜਾਣ ਮਗਰੋਂ ਹੀ ਸਮਾਪਤ ਨਾ ਹੋਣ ਦੀ ਅਤੇ ਉਨ੍ਹਾਂ ਵਲੋਂ ਆਪਣੀਆਂ ਕਹਾਣੀਆਂ ਦੇ ਇਕ-ਇਕ ਸ਼ਬਦ ਨੂੰ ਜੋਖੇ-ਪਰਖੇ ਜਾਣ ਦੀ ਇਕ ਹੋਰ ਮਿਸਾਲ ਰਤਨ ਸਿੰਘ ਦਸਦੇ ਹਨ। ਇਕ ਦਿਨ ਬੇਦੀ ਜੀ ਨੇ ਆਪਣੀਆਂ ਕਹਾਣੀਆਂ ਦਾ ਇਕ ਖਰੜਾ ਇਨ੍ਹਾਂ ਨੂੰ ਘਰ ਲਿਜਾ ਕੇ ਪੜ੍ਹਨ ਲਈ ਦਿੱਤਾ। ਘਰ ਆ ਕੇ ਇਨ੍ਹਾਂ ਨੇ ਦੇਖਿਆ ਤਾਂ ਬਹੁਤੀਆਂ ਕਹਾਣੀਆਂ ਪਹਿਲਾਂ ਦੀਆਂ ਪੁਸਤਕਾਂ ਵਿਚ ਛਪੀਆਂ ਹੋਈਆਂ ਸਨ। ਪਰ ਅਹਿਮ ਗੱਲ ਇਹ ਸੀ ਕਿ ਉਨ੍ਹਾਂ ਵਿਚ ਲਫ਼ਜ਼ ਬਦਲੇ ਹੋਏ ਸਨ। ਸਤਰਾਂ ਕੱਟੀਆਂ ਹੋਈਆਂ ਸਨ ਅਤੇ ਹਾਸ਼ੀਏ ਵਿਚ ਸਵਾਲੀਆ ਨਿਸ਼ਾਨ ਲਾਏ ਹੋਏ ਸਨ, ਭਾਵ ਉਨ੍ਹਾਂ ਗੱਲਾਂ ਬਾਰੇ ਉਨ੍ਹਾਂ ਨੇ ਅਜੇ ਫ਼ੈਸਲਾ ਲੈਣਾ ਸੀ ਜਾਂ ਉਨ੍ਹਾਂ ਨੂੰ ਸਪੱਸ਼ਟ ਕਰਨਾ ਸੀ। ਇਕ-ਇਕ ਲਫ਼ਜ਼ ਦਾ ਕਹਾਣੀ ਨਾਲ ਨਾਤਾ ਜੋਖਣਾ-ਪਰਖਣਾ ਆਪਣੀ ਰਚਨਾ ਨੂੰ ਸੰਪੂਰਨਤਾ ਦੇਣ ਦੀ ਉਨ੍ਹਾਂ ਦੀ ਤਾਂਘ ਦਾ ਸੂਚਕ ਹੈ।
ਹਰ ਖਰੇ ਲੇਖਕ ਦੀ ਹੋਣੀ ਇਹੋ ਹੁੰਦੀ ਹੈ ਕਿ ਉਹਨੂੰ ਆਪਣੇ ਪਾਤਰਾਂ ਦੇ ਦੁੱਖ-ਸੁਖ ਉਨ੍ਹਾਂ ਜਿੰਨੀ ਤੀਬਰਤਾ ਨਾਲ, ਸਗੋਂ ਕਈ ਵਾਰ ਤਾਂ ਉਨ੍ਹਾਂ ਤੋਂ ਵੀ ਵੱਧ ਕੋਮਲ-ਭਾਵੀ ਹੋਣ ਕਰਕੇ ਉਨ੍ਹਾਂ ਨਾਲੋਂ ਵੀ ਵਧੀਕ ਤੀਬਰਤਾ ਨਾਲ ਆਪਣੇ ਮਨ ਉਤੇ ਝੱਲਣੇ ਅਤੇ ਹੰਢਾਉਣੇ ਪੈਂਦੇ ਹਨ। ਇਥੇ ਕਈ ਸਾਲ ਪਹਿਲਾਂ ਟੀæਵੀæ ਉਤੇ ਦੇਖੀ-ਸੁਣੀ ਇਕ ਪਾਇਲਟ ਨਾਲ ਗੱਲਬਾਤ, ਜੋ ਮੈਨੂੰ ਕਦੀ ਨਹੀਂ ਭੁੱਲੀ, ਦਾ ਜ਼ਿਕਰ ਬਹੁਤ ਪ੍ਰਸੰਗਕ ਲੱਗਦਾ ਹੈ। ਸਵਾਲ ਸੀ ਕਿ ਉਹ, ਜਿਸ ਨੂੰ ਦੁਨੀਆਂ ਭਰ ਦੀਆਂ ਸੁਖ-ਸਹੂਲਤਾਂ ਪ੍ਰਾਪਤ ਹਨ, ਵੀ ਹਵਾਈ ਜਹਾਜ਼ ਨਾਂ ਦੇ ਵਾਹਨ ਦਾ ਚਾਲਕ ਹੈ ਅਤੇ ਰਿਕਸ਼ੇ ਵਾਲਾ, ਜੋ ਸੜਕ ਦੀ ਤਪਦੀ ਲੁੱਕ ਅਤੇ ਅੱਗ-ਵਰ੍ਹਾਉਂਦੇ ਸੂਰਜ ਦੇ ਵਿਚਕਾਰ ਭੁਜਦਾ ਹੈ, ਵੀ ਰਿਕਸ਼ਾ ਨਾਂ ਦੇ ਵਾਹਨ ਦਾ ਚਾਲਕ ਹੈ, ਕੀ ਉਹਨੇ ਜਹਾਜ਼-ਚਾਲਕ ਹੋਣ ਦੇ ਨਾਤੇ ਉਸ ਰਿਕਸ਼ਾ-ਚਾਲਕ ਦੀ ਪੀੜ, ਮਾਯੂਸੀ, ਪਰੇਸ਼ਾਨੀ, ਪਸ਼ੇਮਾਨੀ ਅਤੇ ਪਾਇਲਟ ਵਰਗੇ ਲੋਕਾਂ ਲਈ ਉਹਦੀ ਖਿਝ ਮਹਿਸੂਸ ਕੀਤੀ ਹੈ?
ਆਸ ਦੇ ਉਲਟ ਪਾਇਲਟ ਵਲੋਂ ਦਿੱਤਾ ਗਿਆ ਉਤਰ ਹੈਰਾਨ ਕਰ ਦੇਣ ਦੀ ਹੱਦ ਤੱਕ ਡੂੰਘੇ ਅਰਥਾਂ ਵਾਲਾ ਸੀ। ਉਹ ਬੋਲਿਆ, “ਉਸ ਰਿਕਸ਼ਾ-ਚਾਲਕ ਨੂੰ ਅਜਿਹੀ ਕੋਈ ਗੱਲ ਜਾਂ ਖਿਝ ਮਹਿਸੂਸ ਨਹੀਂ ਹੁੰਦੀ। ਇਹ ਸਭ ਕੁਝ ਤਾਂ ਸਾਡੀ ਮੱਧ-ਸ਼੍ਰੇਣੀ ਦੀ ਭਾਵੁਕਤਾ ਵਿਚੋਂ ਉਪਜੀ ਤੇਜ਼ ਕਲਪਨਾ ਮਹਿਸੂਸ ਕਰਦੀ ਹੈ। ਰਿਕਸ਼ੇ ਵਾਲਾ ਤਾਂ ਦਿਨ ਦੀ ਕਮਾਈ ਨਾਲ ਦਾਰੂ ਪੀ ਕੇ ਤੇ ਹਿੰਦੀ ਫ਼ਿਲਮ ਦੇਖ ਕੇ ਸੌਂ ਜਾਂਦਾ ਹੈ। ਜਿਸ ਦਿਨ ਰਿਕਸ਼ਾ-ਚਾਲਕ ਨੂੰ ਅਜਿਹਾ ਮਹਿਸੂਸ ਹੋਣ ਲੱਗਿਆ, ਉਹ ਵੱਖ-ਵੱਖ ਖੇਤਰਾਂ ਵਿਚ ਜੀਵਨ ਦੀ ਅੱਗ ਵਿਚ ਭੁਜਦੇ ਆਪਣੇ ਵਰਗੇ ਹੋਰ ਲੱਖਾਂ-ਕਰੋੜਾਂ ਲੋਕਾਂ ਨਾਲ ਮਿਲ ਕੇ ਹੇਠਲੀ ਉਤੇ ਕਰ ਦੇਵੇਗਾ।”
ਠੀਕ ਹੀ, ਇਕ ਲੇਖਕ ਵਜੋਂ ਬੇਦੀ ਜੀ ਦੀ ਭਾਵੁਕਤਾ ਕੇਵਲ ਦੁਖੀਆਂ ਦੇ ਉਹ ਦੁੱਖ ਹੀ ਮਹਿਸੂਸ ਨਹੀਂ ਸੀ ਕਰਦੀ ਜਿਹੜੇ ਉਹ ਆਪ ਵੀ ਮਹਿਸੂਸ ਕਰਦੇ ਸਨ ਸਗੋਂ ਉਹ ਦੁੱਖ ਮਹਿਸੂਸ ਕਰ ਕੇ ਵੀ ਦੁਖੀ ਹੁੰਦੇ ਸੀ ਜਿਹੜੇ ਉਹ ਆਪ ਮਹਿਸੂਸ ਨਹੀਂ ਸਨ ਕਰਦੇ। ਜੇ ਪਾਤਰ ਉਨ੍ਹਾਂ ਦੇ ਪਾਤਰਾਂ ਵਾਂਗ ਪੋਟਾ-ਪੋਟਾ ਪੀੜ-ਪਰੁੱਚੇ ਹੋਣ ਤਾਂ ਕਲਮ ਵਾਹੁਣ ਸਮੇਂ ਜਿਸ ਅਨੁਭਵ ਵਿਚੋਂ ਲੰਘਣਾ ਪੈਂਦਾ ਹੈ, ਉਹਨੂੰ ਠੀਕ ਹੀ ਬੇਦੀ ਨੇ “ਦੁੱਖ ਦੇ ਉਹੋ ਜਿਹੇ ਅਨੁਭਵ” ਕਿਹਾ ਹੈ “ਜਿਹੋ ਜਿਹੇ ਖੱਲ ਉਤਰਵਾ ਕੇ ਲੂਣ ਦੀ ਖਾਣ ਵਿਚੋਂ ਲੰਘਣ ਵੇਲੇ ਹੁੰਦੇ ਹਨ।”