ਕਿਰਾਏ ਦੀ ਕੁੱਖ

ਕਰਨੈਲ ਸਿੰਘ ਗਿਆਨੀ ਦੀ ਕਹਾਣੀ ‘ਕਿਰਾਏ ਦੀ ਕੁੱਖ’ ਮਨੁੱਖੀ ਸਾਂਝ ਅਤੇ ਰਿਸ਼ਤਿਆਂ ਦੀਆਂ ਡੂੰਘੀਆਂ ਰਮਜ਼ਾਂ ਖੋਲ੍ਹਦੀ ਹੈ। ਇਹ ਕਹਾਣੀ ਰਿਸ਼ਤਿਆਂ ਦੀਆਂ ਆਪ ਬਣਾਈਆਂ ਸਮਾਜਕ ਬੇੜੀਆਂ ਤੋਂ ਪਾਰ ਜਾ ਕੇ ਮਨੁੱਖੀ ਸਾਂਝ ਦੀਆ ਤਰਬਾਂ ਛੇੜਦੀ ਹੈ। ਬਾਲ-ਇੱਛਾ ਵਾਲੀ ਬਾਤ ਕਹਾਣੀ ਦੇ ਅੱਧ ਵਿਚਕਾਰ ਜਾ ਕੇ ਖੁੱਲ੍ਹਦੀ ਹੈ ਅਤੇ ਮਨੁੱਖਤਾ ਦੇ ਰਾਹਾਂ ਦੇ ਰਾਹੀ, ਇਸ ਨੂੰ ਬੰਧਨ ਨਹੀਂ ਬਣਨ ਦਿੰਦੇ।

ਇਹ ਅਸਲ ਵਿਚ ਉਸ ਮਨੁੱਖੀ ਜਲੌਅ ਦੀ ਕਹਾਣੀ ਹੈ ਜਿਹੜਾ ਔਖੇ-ਸੌਖੇ ਵਕਤਾਂ ਦੌਰਾਨ ਬੰਦੇ ਦੇ ਨਾਲੋ-ਨਾਲ ਚੱਲਦਾ ਹੈ, ਪਰ ਇਸ ਨਾਲ ਸਾਂਝ ਪਾਉਣ ਵਾਲੇ ਜਦੋਂ ਨਿੱਤਰਦੇ ਹਨ ਤਾਂ ਜ਼ਿੰਦਗੀ ਹੋਰ ਵੀ ਜਿਉਣ ਜੋਗੀ ਹੋ ਜਾਂਦੀ ਹੈ। -ਸੰਪਾਦਕ
ਕਰਨੈਲ ਸਿੰਘ ਗਿਆਨੀ
ਕਅਰਨਅਲਿਗੇਅਨ1ਿ930@ਗਮਅਲਿ।ਚੋਮ

“ਕੀ ਗੱਲ ਹੈ ਜੋਗੀ, ਕੁੜੀ ਦੀ ਤਬੀਅਤ ਠੀਕ ਤਾਂ ਹੈ? ਕਈਆਂ ਦਿਨਾਂ ਦੀ ਫਿਰ ਬੁਝੀ ਬੁਝੀ ਜਿਹੀ ਰਹਿੰਦੀ ਹੈ।” ਜੋਗੇਸ਼ਵਰ ਦੀ ਮਾਂ ਨੇ ਆਪਣੀ ਨੂੰਹ ਸੈਂਡਰਾ ਬਾਰੇ ਸੰਸਾ ਪ੍ਰਗਟ ਕੀਤਾ।
“ਮਾਂ, ਉਸ ਦੀਆਂ ਉਹੋ ਹੀ ਜਾਣੇ। ਮੈਨੂੰ ਕਿਹੜਾ ਕੁਝ ਦੱਸਦੀ ਹੈ।” ਉਸ ਨੇ ਸਿਰ ਹਿਲਾਇਆ ਤੇ ਗਰਾਜ ‘ਚੋਂ ਗੱਡੀ ਕੱਢ ਕੇ ਕੰਮ ‘ਤੇ ਚਲਾ ਗਿਆ। ਸਾਰੇ ਰਸਤੇ ਆਪਣੀ ਪਤਨੀ ਬਾਰੇ ਹੀ ਸੋਚਦਾ ਰਿਹਾ।
ਸੈਂਡਰਾ ਨਾਲ ਉਸ ਦੇ ਵਿਆਹ ਹੋਏ ਨੂੰ ਕੋਈ ਚਾਰ ਕੁ ਸਾਲ ਹੋਏ ਸਨ। ਉਹ ਤੇ ਉਸ ਦੀ ਭੈਣ ਜੂਲੀ, ਪੈਰਿਸ ਤੋਂ ਮਾਂਟਰਿਅਲ ਪੜ੍ਹਨ ਆਈਆਂ ਸਨ। ਜੋਗੇਸ਼ਵਰ ਨੂੰ ਵੀ ਜਰਮਨੀ ਤੋਂ ਆਏ ਨੂੰ ਕੋਈ ਛੇ ਕੁ ਮਹੀਨੇ ਹੋਏ ਹੋਣਗੇ। ਆਪਣੀ ਮਰਜ਼ੀ ਦਾ ਕੰਮ ਅਜੇ ਉਸ ਨੂੰ ਨਹੀਂ ਸੀ ਮਿਲਿਆ ਤੇ ਕਿਸੇ ਇਟੈਲੀਅਨ ਦੀ ‘ਡਰਾਈ-ਕਲੀਨਿੰਗ’ ਕੰਪਨੀ ਵਿਚ ਕੱਪੜੇ ਪ੍ਰੈੱਸ ਕਰਦਾ ਸੀ। ਸੈਂਡਰਾ ਉਸ ਨੂੰ ਇਕ ਦਿਨ ‘ਸਬ-ਵੇ ਟ੍ਰੇਨ’ ਵਿਚ ਮਿਲੀ ਸੀ। ਹਾਲੇ ਉਹਨੇ ਟੁੱਟੀ-ਫੁੱਟੀ ਅੰਗਰੇਜ਼ੀ ਹੀ ਬੋਲਣੀ ਸਿੱਖੀ ਸੀ। ਜੋਗੇਸ਼ਵਰ ਦੀ ਸਿਫ਼ਾਰਿਸ਼ ਨਾਲ ਉਹ ਵੀ ਉਸੇ ਕੰਪਨੀ ਵਿਚ ਲੱਗ ਗਈ।
‘ਲੰਚ’ ਵੇਲੇ ਦੋਵੇਂ ਕੰਪਨੀ ਦੇ ਮਾਲਿਕ ਦੇ ਹੀ ਰੈਸਟੋਰੈਂਟ ਵਿਚੋਂ ‘ਸੈਂਡਵਿਚ’ ਲੈ ਆਉਂਦੇ ਤੇ ਬਾਹਰ ਧੁੱਪੇ ਪਾਰਕ ਦੇ ਬੈਂਚ ਉਤੇ ਬੈਠ ਕੇ ਖਾਂਦੇ, ਗੱਪਾਂ ਮਾਰਦੇ ਰਹਿੰਦੇ। ਸੈਂਡਰਾ ਨੂੰ ਜੋਗੇਸ਼ਵਰ ਦਾ ਲੰਮਾ ਨਾਂ ਲੈਣ ਵਿਚ ਔਖ ਹੁੰਦੀ।
“ਤੂੰ ਮੈਨੂੰ ਜੋਗੀ ਕਹਿ ਕੇ ਬੁਲਾ ਲਿਆ ਕਰ, ਮੇਰੀ ਮਾਂ ਵੀ ਮੈਨੂੰ ਜੋਗੀ ਹੀ ਕਹਿੰਦੀ ਹੈ।”
“ਤੇਰੀ ਮਾਂ ਤੇਰੇ ਨਾਲ ਰਹਿੰਦੀ ਹੈ?”
“ਨਹੀਂ, ਅਜੇ ਉਹ ਇੰਡੀਆ ਹੀ ਹੈ। ਸਕੂਲ ਵਿਚ ਪੜ੍ਹਾਉਂਦੀ ਹੈ। ਜਦੋਂ ਮੈਂ ਪੱਕਾ ਹੋ ਗਿਆ ਤਾਂ ਉਹ ਵੀ ਆ ਜਾਵੇਗੀ।”
“ਕੀ ਨਾਂ ਹੈ ਉਸ ਦਾ?”
“ਸ਼ਕੁੰਤਲਾ ਦੇਵੀ।”
“ਇੰਟ੍ਰੈਸਟਿੰਗ਼ææਪਰ ਤੇਰੇ ਨਾਂ ਵਾਂਗ ਹੀ ਲੰਮਾ ਹੈ। ਹਾਂ ਸੱਚ, ਤੂੰ ਮੈਨੂੰ ਸੈਂਂਡੀ ਕਹਿ ਕੇ ਬੁਲਾ ਸਕਦੈਂ।”
“ਘਰ ਵਿਚ ਤੈਨੂੰ ਕਿਸ ਨਾਮ ਨਾਲ ਬੁਲਾਂਦੇ ਨੇ?”
“ਸੈਂਡਰਾ।”
“ਮੈਨੂੰ ਵੀ ਇਹੋ ਚੰਗਾ ਲਗਦੈ। ਜਿਵੇਂ ਕਿਸੇ ਪਰੀ ਦਾ ਹੋਵੇ।”
ਉਹ ਮੁਸਕਰਾ ਪਈ।
ਇਕ ਦਿਨ ਸੈਂਡਰਾ ਉਸ ਲਈ ਲੰਚ ਘਰੋਂ ਬਣਾ ਕੇ ਲਿਆਈ।
“ਇਹ ਤੂੰ ਆਪ ਬਣਾ ਕੇ ਲਿਆਈ ਐਂ?”
“ਹਾਂ, ਮੈਨੂੰ ਖਾਣਾ ਬਣਾਉਣ ਦਾ ਬੜਾ ਸ਼ੌਕ ਹੈ।”
“ਤੂੰ ਤਾਂ ਬੜਾ ਵਧੀਆ ਖਾਣਾ ਬਣਾ ਲੈਂਦੀ ਐਂ। ਕਿਸੇ ਰੈਸਟੋਰੈਂਟ ਵਿਚ ਨੌਕਰੀ ਕਿਉਂ ਨਹੀਂ ਕਰ ਲੈਂਦੀ?”
“ਜੇ ਮੈਂ ਚਲੀ ਗਈ ਤਾਂ ਤੈਨੂੰ ਮੇਰੇ ਨਾਲ ਚੱਲਣਾ ਪਵੇਗਾ।” ਜੋਗੀ ਨੂੰ ਉਸ ਦੀ ਮਾਸੂਮ ਜਿਹੀ ਗੱਲ ਵਿਚ ਅਪਣੱਤ ਭਰਿਆ ਹੁਕਮ ਮਹਿਸੂਸ ਹੋਇਆ।
“ਹਾਂ ਚੱਲਾਂਗਾ।” ਉਸ ਨੇ ਮੁਸਕਰਾ ਕੇ ਪ੍ਰਵਾਨਗੀ ਦਾ ਹੱਥ ਮਿਲਾ ਲਿਆ। ਅਗਲੇ ਹਫ਼ਤੇ ਸੈਂਡਰਾ ਨੇ ਕਿਸੇ ਫ਼ਰੈਂਚ ਰੈਸਟੋਰੈਂਟ ਵਿਚ ਨੌਕਰੀ ਲੱਭ ਲਈ। ਯੂਰਪ ਵਿਚ ਥਾਂ ਥਾਂ ਕੰਮ ਕਰਨ ਦੇ ਤਜਰਬੇ ਕਾਰਨ, ਜੋਗੀ ਨੂੰ ਵੀ ਉਸੇ ਨਾਲ ਹੀ ਹੈਡ ਵੇਟਰ ਦੀ ਥਾਂ ਮਿਲ ਗਈ। ਕੋਈ ਡੇਢ ਕੁ ਵਰ੍ਹੇ ਦੀ ਹੰਢੀ ਵਰਤੀ ਮਿੱਤਰਤਾ ਆਖਿਰ ਵਿਆਹ ਵਿਚ ਬਦਲ ਗਈ।
ਸੈਂਡਰਾ ਦੇ ਮਾਂ ਬਾਪ ਦਾ ਪਿਛੋਕੜ ਜਰਮਨੀ ਦਾ ਹੋਣ ਕਰ ਕੇ ਉਸ ਵਿਚ ਭਰਪੂਰ ਯੂਰਪੀ ਸੁੰਦਰੀ ਦੇ ਸਾਰੇ ਗੁਣ ਹੋਣੇ ਸੁਭਾਵਿਕ ਸਨ। ਰੇਸ਼ਮ ਵਰਗੇ ਸੁਨਹਿਰੀ ਵਾਲ, ਨਿਰਮਲ ਗੂੜ੍ਹੀਆਂ ਨੀਲੀਆਂ ਅੱਖਾਂ, ਨੀਲਮ ਦੇ ਨਗਾਂ ਵਾਂਗ, ਤੇ ਭਖਦੀਆਂ ਭਖਦੀਆਂ ਗੱਲ੍ਹਾਂ। ਬਾਹਰ-ਅੰਦਰ ਜਾਂਦੀ ਤਾਂ ਚੁੰਨੀ ਵਾਂਗ ਆਪਣੀ ਲੰਮੀ ਗਰਦਨ ਦੁਆਲੇ ਦੁੱਧ ਚਿੱਟਾ ਰੇਸ਼ਮੀ ਸਕਾਰਫ਼ ਲਪੇਟ ਲੈਂਦੀ। ਡਰੈਸ ਦਾ ਗਲਮਾ ਇੰਨਾ ਨੀਵਾਂ ਹੁੰਦਾ ਕਿ ਉਸ ਵਿਚੋਂ ਝਾਕਦੇ ਪਿੰਡੇ ਵਿਚਕਾਰ ਉਤਪੰਨ ਹੁੰਦੀ ਮੱਧਮ ਲਕੀਰ, ਉਪਰ ਗਰਦਨ ਵੱਲ ਜਾਂਦੀ ਲੁਪਤ ਹੁੰਦੀ ਜਾਪਦੀ। ਪਤਾ ਨਹੀਂ, ਉਸ ਨੂੰ ਖਬਰ ਵੀ ਸੀ ਕਿ ਨਹੀਂ ਕਿ ਉਹ ਕਿੰਨੀ ਸੋਹਣੀ ਸੀ। ਹਾਸਾ ਤਾਂ ਉਸ ਦੇ ਮੂੰਹ ‘ਤੇ ਧਰਿਆ ਪਿਆ ਸੀ, ਜਿਵੇਂ ਉਸ ਦੇ ਬੁੱਲ੍ਹਾਂ ਨੂੰ ਬੱਸ ਬਹਾਨਾ ਚਾਹੀਦਾ ਹੋਵੇ।
ਰੈਸਟੋਰੈਂਟ ਦਾ ਕੰਮ ਉਨ੍ਹਾਂ ਵਿਆਹ ਕਰਾਂਦਿਆਂ ਹੀ ਛੱਡ ਦਿੱਤਾ। ਸੈਂਡਰਾ ਫ਼ੈਸ਼ਨ ਡੀਜ਼ਾਈਨਰ ਲੱਗ ਗਈ ਅਤੇ ਜੋਗੀ ਨੇ ਪਾਸਟਪੋਰਟ-ਫ਼ੋਟੋਗਰਾਫ਼ਰ ਦਾ ਬਿਜ਼ਨੈਸ ਸ਼ੁਰੂ ਕਰ ਦਿੱਤਾ। ਸਾਲ ਦੇ ਅੰਦਰ ਅੰਦਰ ਹੀ ਦੋਹਾਂ ਨੇ ਤਿੰਨ ਬੈਡਰੂਮ ਦਾ ਮਕਾਨ ਖਰੀਦ ਲਿਆ।
ਜੂਲੀ, ਸੈਂਡਰਾ ਦੀ ਜੌੜੀ ਭੈਣ ਸੀ। ਇੱਕੋ ਜਿਹੀਆਂ ਸ਼ਕਲਾਂ, ਇੱਕੋ ਜਿਹਾ ਰੂਪ। ਜੂਲੀ ਨੂੰ ਪੜ੍ਹਨ ਵਿਚ ਵਧੇਰੇ ਰੁਚੀ ਸੀ। ਉਸ ਨੂੰ ਔਟਾਵਾ ਯੂਨੀਵਰਸਿਟੀ ਵਿਚ ਦਾਖਲਾ ਮਿਲ ਗਿਆ ਤੇ ਉਹ ਉਥੇ ਹੀ ਰਹਿਣ ਲੱਗ ਪਈ। ਭੈਣਾਂ ਹੁੰਦਿਆਂ ਵੀ ਦੋਹਾਂ ਵਿਚ ਬਾਹਲਾ ਗੂੜ੍ਹ ਨਹੀਂ ਸੀ।
ਸ਼ਕੁੰਤਲਾ ਦੇਵੀ ਹੁਣ ਰਿਟਾਇਰ ਹੋ ਚੁੱਕੀ ਸੀ। ਉਸ ਨੂੰ ਅੱਛੀ ਪੈਨਸ਼ਨ ਮਿਲਣ ਲੱਗ ਗਈ ਸੀ। ਜੋਗੀ ਉਸ ਦੀ ‘ਕੱਲੀ ‘ਕੱਲੀ ਔਲਾਦ ਸੀ। ਜੋਗੀ ਨੇ ਮਾਂ ਨੂੰ ਕਿਹਾ, “ਤੁਸੀਂ ਸਾਰੀ ਉਮਰ ਕੰਮ ਕੀਤਾ ਹੈ, ਹੁਣ ਕੈਨੇਡਾ ਆ ਜਾਓ। ਮੈਂ ਤੁਹਾਨੂੰ ਸੁਖੀ ਵੇਖਣਾ ਚਾਹੁੰਦਾ ਹਾਂ।”
ਸ਼ਕੁੰਤਲਾ ਦੀ ਆਪਣੀ ਕੋਈ ਧੀ ਨਾ ਹੋਣ ਕਰ ਕੇ ਉਸ ਦੇ ਅੰਦਰੋਂ ਵੀ ਸੈਂਡਰਾ ਲਈ ਅੰਤਾਂ ਦਾ ਪਿਆਰ ਉਮਡ ਉਮਡ ਪੈਂਦਾ। ਹਮੇਸ਼ਾ ਉਸ ਦੇ ਮੂੰਹ ਵੱਲ ਹੀ ਤੱਕਦੀ ਰਹਿੰਦੀ, ਜਿਵੇਂ ਉਸ ਦੀ ਪ੍ਰਸੰæਸਾ ਦੀ ਭੁੱਖ ਨਾ ਪੂਰੀ ਹੁੰਦੀ ਹੋਵੇ। ਲਾਡ ਨਾਲ ਕਈ ਵਾਰੀ ਉਸ ਨੂੰ ਸੰਤਰਾ ਕਹਿ ਕੇ ਬੁਲਾਂਦੀ। ਸ਼ਾਇਦ ਉਸ ਦਾ ਮਿੱਠਾ ਸੁਭਾਅ ਉਸ ਦੇ ਦਿਲ ਵਿਚ ਇੰਨਾ ਘਰ ਕਰ ਗਿਆ ਸੀ, ਕਿ ਹੋਰ ਕੋਈ ਨਾਮ ਵਧੇਰੇ ਢੁੱਕਦਾ ਨਹੀਂ ਸੀ ਜਾਪਦਾ। ਉਸ ਦੇ ਲਈ ਉਹ ਨੂੰਹ ਵੀ ਸੀ, ਤੇ ਧੀ ਵੀ।
ਸੈਂਡਰਾ ਹਸਮੁੱਖ ਭਾਵੇਂ ਸੀ, ਪਰ ਕਦੇ ਕਦੇ ਉਹ ਅਚਾਨਕ ਚੁੱਪ ਧਾਰ ਲੈਂਦੀ। ਜੋਗੀ ਨੂੰ ਉਸ ਦੀ ਇਸ ਆਦਤ ਦਾ ਕੁਝ ਕੁਝ ਪਤਾ ਸੀ। ਉਹ ਇਸ ਤਰ੍ਹਾਂ ਕੇਵਲ ਉਦੋਂ ਕਰਦੀ ਸੀ, ਜਦੋਂ ਬਹੁਤ ਦੁਖੀ ਹੋਵੇ। ਦੁੱਖ ਭਾਵੇਂ ਸਰੀਰਕ ਹੋਵੇ ਜਾਂ ਮਾਨਸਿਕ, ਉਹ ਆਪ ਹੀ ਜਰਦੀ ਰਹਿੰਦੀ, ਵਿਚੇ ਵਿਚ। ਕਦੇ ਕਿਸੇ ਵੇਲੇ ਕੋਈ ਦਵਾਈ ਖਾਂਦੀ ਦਿਸਦੀ ਤਾਂ ਪਤਾ ਲਗਦਾ ਕਿ ਬਿਮਾਰ ਹੈ।
ਉਸ ਨੇ ਇਕ ਵਾਰੀ ਦੱਸਿਆ ਕਿ ਉਸ ਦੀ ਇਹ ਹਾਲਤ ਉਸ ਦੀ ਮਾਂ ਦੇ ਮਰਨ ਪਿੱਛੋਂ ਹੀ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਜਦੋਂ ਕਦੇ ਸਰੀਰਕ ਸ਼ਕਤੀਆਂ ਜਾਂ ਮਨੋਬਿਰਤੀਆਂ ਦਾ ਸੰਤੁਲਨ ਵਿਗੜ ਜਾਂਦਾ ਤਾਂ ਉਹ ਬੁਝੀ ਬੁਝੀ ਰਹਿਣ ਲੱਗ ਜਾਂਦੀ। ਡਾਕਟਰ ਇਸ ਨੂੰ ਡਿਪ੍ਰੈਸ਼ਨ ਦੀ ਹਾਲਤ ਦੱਸਦੇ ਸਨ। ਜੋਗੀ ਨੇ ਕਈ ਵਾਰੀ ਸਾਇਕੀਐਟ੍ਰਿਕ ਇਲਾਜ ਲਈ ਪ੍ਰੇਰਨਾ, ਪਰ ਉਸ ਨੇ ਟਾਲ ਦੇਣਾ।
ਪਿਆਰ ਤਾਂ ਦੋਹਾਂ ਵਿਚਕਾਰ ਇੰਨਾ ਸੀ ਕਿ ਇਕ ਦੂਜੇ ਦੇ ਸਾਹੀਂ ਜਿਉਂਦੇ ਸਨ। ਨਾਲੇ ਨਿਰਾ ਕੰਮ ਹੀ ਨਹੀਂ ਸਨ ਕਰੀ ਜਾਂਦੇ, ਸਾਲ ਵਿਚ ਦੋ ਵਾਰੀ ਵੇਕੇਸ਼ਨ ‘ਤੇ ਜਾਣ ਦਾ ਪ੍ਰੋਗਰਾਮ ਬਣਾ ਲੈਂਦੇ। ਸਵਾਦੀ ਖਾਣੇ ਬਣਾਉਣ ਤੋਂ ਇਲਾਵਾ ਸੈਂਡਰਾ ਨੂੰ ਫੁੱਲ ਬੂਟਿਆਂ ਵਿਚ ਖਾਸ ਰੁਚੀ ਸੀ। ਉਨ੍ਹਾਂ ਦਾ ਆਲਾ ਦੁਆਲਾ ਹਰ ਵੇਲੇ ਮਹਿਕਦਾ ਰਹਿੰਦਾ। ਜੋਗੀ ਵਧੀਆ ਫੋਟੋਗ੍ਰਾਫ਼ਰ ਸੀ। ਉਸ ਨੇ ਸਾਰਾ ਘਰ ਸੈਂਡਰਾ ਦੀਆਂ ਤਸਵੀਰਾਂ ਨਾਲ ਸਜਾਇਆ ਹੋਇਆ ਸੀ, ਜਿਵੇਂ ਉਹ ਉਸ ਦੇ ਕੋਨੇ ਕੋਨੇ ਵਿਚ ਵਸੀ ਹੋਵੇ।
ਕਦੇ ਕਦੇ ਜੋਗੀ, ਸੈਂਡਰਾ ਨੂੰ ਹੱਸ ਕੇ ਕਹਿ ਦਿੰਦਾ, ਇੰਨਾ ਸੋਹਣਾ ਘਰ ਹੈ। ਬੱਸ ਹੁਣ ਇਸ ਵਿਚ ਖੇਡਣ ਵਾਲਾ ਆ ਜਾਵੇ। ਗੋਰੀਆਂ ਗੋਰੀਆਂ ਗੱਲ੍ਹਾਂ ਵਾਲਾ, ਨੀਲੀਆਂ ਨੀਲੀਆਂ ਅੱਖਾਂ ਵਾਲਾ, ਤਿੱਖੇ ਤਿੱਖੇ ਨੱਕ ਵਾਲਾ, ਤੇਰੇ ਵਰਗੇ ਬੁਲ੍ਹਾਂ ਵਾਲਾ। ਤੇ ਉਹ ਆਪਣੀ ਮਾਂ ਦੇ ਸਾਹਮਣੇ ਹੀ ਸੈਂਡਰਾ ਦੇ ਚਿਹਰੇ ਤੇ ਆਪਣੀਆਂ ਉਂਗਲਾਂ ਨੂੰ ਗੋਲ ਗੋਲ ਘੁਮਾਂਦਾ ਚੋਹਲ ਕਰਦਾ ਰਹਿੰਦਾ। ਮਾਂ ਉਨ੍ਹਾਂ ਨੂੰ ਹਮੇਸ਼ਾ ਕਲੋਲਾਂ ਕਰਦਿਆਂ ਵੇਖ ਕੇ ਹੱਸਦੀ ਡੁਲ੍ਹਦੀ ਰਹਿੰਦੀ।
ਅਚਾਨਕ ਸੈਂਡਰਾ ਕੁਝ ਦਿਨਾਂ ਤੋਂ ਫਿਰ ਚੁੱਪ ਰਹਿਣ ਲੱਗ ਪਈ। ਜੋਗੀ ਦੇ ਪੁੱਛਣ ‘ਤੇ ਵੀ ਉਸ ਨੇ ਕੁਝ ਨਾ ਦੱਸਿਆ। ਵਿਚੇ ਵਿਚ ਗੁੰਮ ਸੁੰਮ।
ਇਕ ਸੰਡੇ ਨੂੰਹ-ਸੱਸ ਸ਼ਾਮ ਦੀ ਚਾਹ ਵੇਲੇ ਡਾਈਨਿੰਗ ਰੂਮ ਵਿਚ ਬੈਠੀਆਂ ਸਨ। ਸੱਸ ਨੇ ਤੱਕਿਆ, ਸੈਂਡਰਾ ਦੀਆਂ ਅੱਖਾਂ ਵਿਚੋਂ ਅਚਾਨਕ ਅੱਥਰੂ ਸਿੰਮ ਪਏ, ਤੇ ਕੁਝ ਕਹੇ ਬਿਨਾਂ ਹੀ ਉਹ ਸਟੱਡੀ-ਰੂਮ ਵੱਲ ਚਲੀ ਗਈ। ਸ਼ਕੁੰਤਲਾ ਪੋਲੇ ਪੈਰੀਂ ਉਸ ਦੇ ਮਗਰ ਗਈ, ਪਰ ਬੂਹਾ ਢੋਇਆ ਵੇਖ ਕੇ ਪਰਤ ਆਈ। ਉਸ ਸ਼ਾਮ ਸੈਂਡਰਾ ਡਿਨਰ ਖਾਧੇ ਬਿਨਾਂ ਹੀ, ਸਾਢੇ ਅੱਠ ਵਜੇ ਉਪਰ ਆਪਣੇ ਬੈਡਰੂਮ ਵਿਚ ਚਲੀ ਗਈ। ਸ਼ਕੁੰਤਲਾ ਨੇ ਵਾਜ ਮਾਰ ਕੇ ਖਾਣਾ ਖਾਣ ਬਾਰੇ ਪੁੱਛਿਆ ਵੀ।
“ਮੰਮੀ ਤੁਸੀਂ ਖਾ ਲਵੋ, ਮੈਨੂੰ ਭੁੱਖ ਨਹੀਂ।” ਤੇ ਉਸ ਨੇ ਬੂਹਾ ਬੰਦ ਕਰ ਲਿਆ। ਰਾਤੀਂ ਗਿਆਰਾਂ ਵਜੇ ਜੋਗੀ ਪਰਤਿਆ ਤਾਂ ਮਾਂ ਨੇ ਫਿਰ ਸੈਂਡਰਾ ਬਾਰੇ ਗੱਲ ਛੇੜ ਲਈ।
“ਅੱਜ ਤਾਂ ਉਹ ਰੋਂਦੀ ਵੀ ਪਈ ਸੀ। ਮੈਥੋਂ ਉਸ ਦੀ ਵਿਆਕੁਲਤਾ ਨਹੀਂ ਸਹੀ ਜਾਂਦੀ।”
“ਡੈਮ-ਇੱਟ।” ਉਸ ਨੇ ਬੇਵਸੀ ਵਿਚ ਟੇਬਲ ‘ਤੇ ਮੁੱਕਾ ਮਾਰਿਆ, “ਇਹ ਔਰਤ ਕਿਸ ਮਿੱਟੀ ਦੀ ਬਣੀ ਹੋਈ ਹੈ? ਆਪਣੇ ਆਪ ਵਿਚ ਹੀ ਰਿਝਦੀ ਰਹਿੰਦੀ ਹੈ। ਕਦੇ ਕੋਈ ਗੱਲ ਸਾਂਝੀ ਕਰੇ ਤਾਂ ਮੈਂ ਵੀ ਉਸ ਦਾ ਦੁੱਖ ਵੰਡਾ ਸਕਾਂ।æææ ਤੂੰ ਹੀ ਦੱਸ ਮਾਂ, ਮੈਂ ਕਦੇ ਉਸ ਨੂੰ ਦੁਖੀ ਕੀਤੈ? ਕਦੇ ਕਿਸੇ ਗੱਲੋਂ ਉਸ ਨੂੰ ਘਾਟ ਮਹਿਸੂਸ ਹੋਣ ਦਿੱਤੀ ਹੈ? ਇਹ ਮੈਥੋਂ ਕਿਹੜੇ ਜਨਮ ਦਾ ਬਦਲਾ ਲੈ ਰਹੀ ਹੈ? ਮੈਂ ਤਾਂ ਇਸ ਨੂੰ ਰੱਬ ਤੋਂ ਵੀ ਵੱਧ ਪਿਆਰ ਕੀਤੈ?” ਉਹ ਬੱਚੇ ਵਾਂਗ ਡੁੱਲ੍ਹ ਪਿਆ।
ਉਸ ਨੂੰ ਦੁਖੀ ਵੇਖ ਕੇ ਮਾਂ ਦਾ ਦਿਲ ਵੀ ਪਸੀਜ ਗਿਆ। ਉਹ ਦੁਪੱਟੇ ਨਾਲ ਅੱਖਾਂ ਪੂੰਝਦੀ ਬੋਲੀ, “ਤੂੰ ਸ਼ਾਇਦ ਸੱਚ ਆਖਿਆ ਸੀ ਪੁੱਤਰਾ। ਜੇ ਅਸੀਂ ਦੋਵੇਂ ਰੱਬ ਨੂੰ ਵੀ ਇੰਨਾ ਪਿਆਰ ਕਰਨ ਲੱਗ ਜਾਈਏ ਤਾਂ ਉਸ ਦੀ ਮਿਹਰ ਨਾਲ ਖਵਰੇ ਇਸ ਵਿਚਾਰੀ ਦੇ ਵੀ ਸੰਕਟ ਕੱਟੇ ਜਾਣ। ਪਤਾ ਨਹੀਂ ਇਹ ਕਿਹੜੀ ਦੁਬਿਧਾ ਵਿਚ ਫਸੀ, ਅੰਦਰੋ ਅੰਦਰ ਘੁਲੀ ਜਾਂਦੀ ਹੈ।”
ਸ਼ਸ਼ੋਪੰਜ ਵਿਚ ਉਠ ਕੇ ਉਹ ਥੱਲੇ ਸਟੱਡੀ-ਰੂਮ ਵੱਲ ਚਲਾ ਗਿਆ, ਤੇ ਗ਼ਮ ਗ਼ਲਤ ਕਰਨ ਲਈ ਉਸ ਨੇ ਸਕਾਚ-ਵਿਸਕੀ ਦਾ ਗਿਲਾਸ ਭਰ ਲਿਆ। ਇਕ ਘੁੱਟ ਹੀ ਭਰਿਆ ਸੀ ਕਿ ਉਸ ਦੀ ਨਿਗ੍ਹਾ ਡੈਸਕ ‘ਤੇ ਪਏ ਪੈਡ ‘ਤੇ ਜਾ ਪਈ ਜਿਸ ਵਿਚ ਸੈਂਡਰਾ ਨੇ ਜੂਲੀ ਨੂੰ ਸੰਬੋਧਨ ਕਰ ਕੇ ਖਤ ਲਿਖਿਆ ਹੋਇਆ ਸੀ। ਪਹਿਲਾਂ ਤਾਂ ਉਸ ਨੇ ਖਤ ਪੜ੍ਹਨ ਤੋਂ ਸੰਕੋਚ ਕਰਨਾ ਚਾਹਿਆ। ਫਿਰ ਸੋਚਿਆ ਕਿ ਸ਼ਾਇਦ ਉਸ ਵਿਚੋਂ ਸੈਂਡਰਾ ਦੀ ਪਰੇਸ਼ਾਨੀ ਦਾ ਕੋਈ ਕਾਰਨ ਲੱਭ ਸਕੇ। ਉਹ ਟੇਬਲ ਲੈਂਪ ਜਗਾ ਕੇ ਪੜ੍ਹਨ ਬੈਠ ਗਿਆ।
“ਜੂਲੀ,
ਤੂੰ ਹੈਰਾਨ ਹੋਈ ਹੋਵੇਂਗੀ। ਐਨੇ ਚਿਰਾਂ ਤੋਂ ਮੈਂ ਤੈਨੂੰ ਕਦੇ ਨਹੀਂ ਸੀ ਲਿਖਿਆ, ਫਿਰ ਅੱਜ ਇਹ ਕਿਉਂ? ਕੀ ਦੱਸਾਂ ਭੈਣੇ ਮੇਰੀਏ, ਮੈਂ ਐਸੇ ਸੰਕਟ ਵਿਚ ਗ੍ਰਸਤ ਹਾਂ ਕਿ ਡੁਬਦੀ ਨੂੰ ਹੋਰ ਕੋਈ ਕੰਢਾ ਨਜ਼ਰ ਨਹੀਂ ਆ ਰਿਹਾ। ਆਪਾਂ ਦੋਵੇਂ ਇੱਕੋ ਜਿੱਡੀਆਂ ਹਾਂ, ਪਰ ਤੂੰ ਮੈਥੋਂ ਕਿਤੇ ਵੱਧ ਸਿਆਣੀ ਅਂੈ, ਸ਼ੁਰੂ ਤੋਂ ਹੀ। ਤਾਹੀਓਂ ਤਾਂ ਤੂੰ ਇੰਨਾ ਪੜ੍ਹ ਲਿਖ ਗਈ ਤੇ ਮੈਂ ਵਿਆਹ ਕਰਾ ਕੇ ਬੈਠ ਗਈ। ਜੋਗੀ ਮੈਨੂੰ ਹੱਦੋਂ ਵੱਧ ਚਾਹੁੰਦੈ। ਮੈਂ ਵੀ ਉਸ ਨੂੰ ਇੰਨਾ ਪਿਆਰ ਕਰਦੀ ਹਾਂ ਕਿ ਮੈਨੂੰ ਮਿਣਤੀ ਨਹੀਂ ਆਉਂਦੀ। ਉਸ ਨੇ ਮੈਨੂੰ ਸਭ ਕੁਝ ਦਿਤੈ, ਪਰ ਮੈਂ ਉਸ ਦਾ ਇਕ ਸੁਫ਼ਨਾ ਪੂਰਾ ਕਰਨ ਤੋਂ ਅਸਮਰੱਥ ਹਾਂ।
ਜੂਲੀ ਉਸ ਨੂੰ ਬੱਚੇ ਦੀ ਤਾਂਘ ਹੈ। ਗੋਰਾ ਗੋਰਾ, ਨੀਲੀਆਂ ਨੀਲੀਆਂ ਅੱਖਾਂ ਵਾਲਾ, ਮੇਰੇ ਵਰਗਾ, ਤੇਰੇ ਵਰਗਾ। ਪਿੱਛੇ ਜਿਹੇ ਮੈਂ ਆਪਣੀ ਡਾਕਟਰ ਤੋਂ ਚੈੱਕਅੱਪ ਕਰਵਾਉਣ ਗਈ ਸਾਂ। ਉਸ ਨੇ ਸਾਰੇ ਟੈਸਟ ਕਰ ਕੇ ਮੇਰੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਕਹਿਣ ਲੱਗੀ, ਮੈਂ ਮਾਂ ਬਣਨ ਦੇ ਕਾਬਿਲ ਨਹੀਂ ਹਾਂ। ਇਸੇ ਲਈ ਮੈਂ ਤੇਰੇ ਦੁਆਰ ਫ਼ਰਿਆਦ ਲੈ ਕੇ ਆਈ ਹਾਂ। ਮੈਨੂੰ ਪਤਾ ਹੈ ਕਿ ਤੂੰ ਆਪ ਤਾਂ ਵਿਆਹ ਕਰਵਾਣਾ ਨਹੀਂ ਚਾਹੁੰਦੀ, ਕੀ ਤੂੰ ਜੋਗੀ ਦੇ ਬੱਚੇ ਲਈ ‘ਸਰੋਗੇਟ-ਮਾਂ’ ਬਣ ਸਕੇਂਗੀ?
ਜੂਲੀ, ਸਾਡਾ ਖੁਨ ਸਾਂਝਾ ਹੈ। ਮੈਂ ਕਿਸੇ ਹੋਰ ਦਾ ਬੱਚਾ ਗੋਦ ਨਹੀਂ ਲੈਣਾ ਚਾਹੁੰਦੀ। ਮੈਨੂੰ ਤਾਂ ਜੋਗੀ ਦੇ ਅੰਗ ਦਾ ਹੀ ਹਿੱਸਾ ਚਾਹੀਦੈ। ਉਸ ਦਾ ਬੀਜ ਤੇਰੀ ਧਰਤੀ ਅੰਦਰ ਪ੍ਰਫ਼ੁੱਲਤ ਹੋਵੇਗਾ ਤਾਂ ਮੈਨੂੰ ਪੂਰਾ ਵਿਸ਼ਵਾਸ ਹੋਵੇਗਾ। ਘਰ ਦੀ ਕੱਢੀ ਸ਼ਰਾਬ ਵਰਗਾ। ਵੇਖੀਂ ਮੈਨੂੰ ਖਾਲੀ ਨਾ ਮੋੜੀਂ।
ਜ਼ਿੰਦਗੀ ਦੇ ਹਰ ਮੋੜ ‘ਤੇ ਹੀ ਤੂੰ ਮੈਥੋਂ ਅੱਗੇ ਰਹੀ ਐਂ। ਤੂੰ ਹਰ ਵਾਰੀ ਮੈਥੋਂ ਬਾਜ਼ੀ ਲੈ ਜਾਂਦੀ ਸੈਂ। ਇਸ ਬਾਜ਼ੀ ਵਿਚ ਵੀ ਤੇਰੀ ਹੀ ਜਿੱਤ ਹੋਣੀ ਹੈ, ਬੱਸ ਉਸ ਜਿੱਤ ਦਾ ਇਨਾਮ ਮੇਰੀ ਝੋਲੀ ਪਾ ਦੇਵੀਂ।
ਤੈਨੂੰ ਕੀ ਦੱਸਾਂ, ਜੋਗੀ ਮੇਰੇ ਲਈ ਸਭ ਕੁਝ ਹੈ। ਉਸ ਦੇ ਬਿਨਾਂ ਜੀਣ ਦਾ ਸੰਕਲਪ ਕਰ ਕੇ ਮੈਂ ਕੰਬ ਜਾਂਦੀ ਹਾਂ। ਦੂਜੇ ਵਿਆਹ ਦੀ ਇਜਾਜ਼ਤ ਦੇ ਕੇ ਮੈਂ ਉਸ ਨੂੰ ਖੋਣਾ ਨਹੀਂ ਚਾਹੁੰਦੀ, ਮਰ ਜਾਵਾਂਗੀ। ਜਿੱਡਾ ਵੱਡਾ ਉਪਕਾਰ ਤੂੰ ਮੇਰੇ ‘ਤੇ ਕਰੇਂਗੀ, ਮੈਂ ਤੇਰੀ ਕੁੱਖ ਦੇ ਕਿਰਾਏ ਵਜੋਂ ਉਨੀ ਵੱਡੀ ਰਕਮ ਨਹੀਂ ਤਾਰ ਸਕਦੀ। ਮਾਇਕ ਪੱਖੋਂ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ, ਪਰ ਸੱਚ ਜਾਣੀਂ, ਇੰਨਾ ਅਹਿਸਾਨ ਕਰ ਕੇ ਤੂੰ ਮੈਨੂੰ ਸਦਾ ਲਈ ਮੁੱਲ ਲੈ ਲਿਆ ਸਮਝ ਲਵੀਂ। ਮੈਂ ਤੈਥੋਂ ਕੋਈ ਕਾਗਜ਼ ਨਹੀਂ ਲਿਖਵਾਣਾ। ਬੱਸ ਸਾਡੇ ਵਿਚਕਾਰ ਰੱਬ ਦੀ ਸਾਂਝ ਹੀ ਕਾਫ਼ੀ ਹੈ।
ਮੇਰੀ ਰੀਝ ਹੈ, ਜੇ ਤੇਰੀ ਕੁੱਖ ਹਰੀ ਹੋ ਜਾਵੇ, ਤਾਂ ਮੈਂ ਮਿਠਾਈਆਂ ਵੰਡਾਂ। ਜੋਗੀ ਦੀ ਔਲਾਦ ਤੇਰੇ ਸਰੀਰ ਵਿਚ ਪਲਦੀ, ਪੁੰਗਰਦੀ ਦਾ ਅਨੁਭਵ ਤੇਰੇ ਚਿਹਰੇ ਤੋਂ ਪੜ੍ਹ ਕੇ ਕਰਾਂ। ਜਦੋਂ ਤੇਰਾ ਵਿਅੰਮ ਹੋਵੇ, ਤੇਰੀ ਇਕ ਇਕ ਪੀੜ ਨੂੰ ਮੈਂ ਜਰਾਂ।
ਜਦੋਂ ਉਹ ਬੱਚਾ ਦੁਨੀਆਂ ਵਿਚ ਆਵੇ, ਤਾਂ ਸਭ ਤੋਂ ਪਹਿਲਾਂ ਮੇਰੀ ਹਿੱਕ ਨਾਲ ਲੱਗੇ। ਉਸ ਦੀ ਪਹਿਲੀ ਮੁਸਕਾਣ ‘ਤੇ ਮੇਰਾ ਹੱਕ ਹੋਵੇ। ਵੇਖੀਂ ਕਿਤੇ ਅਮਾਨਤ ਵਿਚ ਖਿਆਨਤ ਨਾ ਹੋ ਜਾਵੇ। ਨਹੀਂ ਤਾਂ…।”
ਉਹ ਜਿਵੇਂ ਜਿਵੇਂ ਚਿੱਠੀ ਪੜ੍ਹਦਾ ਗਿਆ, ਉਸ ਦੀਆਂ ਅੱਖਾਂ ਵਿਚੋਂ ਆਪਣੀ ਪਤਨੀ ਪ੍ਰਤੀ ਸ਼ਰਧਾ ਦੇ ਅੱਥਰੂ ਡਿੱਗ ਡਿੱਗ ਕੇ ਚਿੱਠੀ ਦੇ ਕਾਗਜ਼ਾਂ ਨੂੰ ਭਿਉਂਦੇ ਰਹੇ। ਆਖੀਰ ਉਹ ਉਠ ਕੇ ਬੈੱਡਰੂਮ ਵੱਲ ਚਲਾ ਗਿਆ ਤੇ ਜਾਂਦਾ ਜਾਂਦਾ ਚਿੱਠੀ ਉਦਾਸ ਮਾਂ ਦੀ ਝੋਲੀ ਵਿਚ ਸੁੱਟ ਗਿਆ।
ਸੈਂਡਰਾ ਪਲੰਘ ‘ਤੇ ਨਿਢਾਲ ਪਈ ਸੀ। ਉਹ ਉਸ ਦੀ ਪਿੱਠ ਨਾਲ ਲੱਗ ਕੇ ਲੇਟ ਗਿਆ। ਤੇ ਵਾਲਾਂ ਵਿਚ ਹੌਲੀ ਹੌਲੀ ਉਂਗਲਾਂ ਨਾਲ ਕੰਘੀ ਕਰਦਾ, ਆਪਣੇ ਬੁੱਲ੍ਹਾਂ ਵਿਚ ਹੀ ਬੋਲਦਾ ਰਿਹਾ- “ਤੇਰਾ ਪਤੀ ਹੁੰਦਿਆਂ ਵੀ ਮੈਨੂੰ ਨਹੀਂ ਸੀ ਪਤਾ, ਤੂੰ ਇੰਨੀ ਮਹਾਨ ਹੈਂ। ਤੇਰੀ ਅਸਲੀ ਕੀਮਤ ਤਾਂ ਮੈਂ ਅੱਜ ਮਹਿਸੂਸ ਕੀਤੀ ਹੈ, ਸੈਂਡਰਾ ਬੇਬੀ।æææ ਤੂੰ ਜ਼ਰਾ ਵੀ ਦਿਲ ਛੋਟਾ ਨਾ ਕਰੀਂ। ਤੇਰੇ ਨਾਲ ਹੀ ਤਾਂ ਮੇਰਾ ਜਹਾਨ ਰੋਸ਼ਨ ਹੈ। ਮੈਂ ਤਾਂ ਭੁੱਲ ਕੇ ਐਵੇਂ ਕਹਿ ਬੈਠਾ, ਆਪਾਂ ਔਲਾਦ ਕੀ ਕਰਨੀ ਹੈ। ਜੇ ਕਿਧਰੇ ਹੋ ਵੀ ਸਕੇ ਅਤੇ ਵੱਡੀ ਹੋ ਕੇ ਨਿਕੰਮੀ ਨਿੱਕਲ ਜਾਵੇ ਤਾਂ ਅਸੀਂ ਕੀ ਕਰਾਂਗੇ? ਮਾਂ ਕਹਿੰਦੀ ਹੁੰਦੀ ਹੈ, ਸਹੁੰ ਦੇਈਏ ਜੀਅ ਦੀ, ਨਾ ਪੁੱਤ ਦੀ ਨਾ ਧੀ ਦੀ। ਬਸ ਮੈਨੂੰ ਤੇਰੇ ਪਿਆਰ ਤੋਂ ਸਿਵਾ ਕੁਝ ਨਹੀਂ ਚਾਹੀਦਾ। ਅੱਜ ਤੂੰ ਮੇਰੇ ਨਾਲ ਵਾਅਦਾ ਕਰ। ਅੱਗੇ ਤੋਂ ਮੈਥੋਂ ਆਪਣੇ ਦਿਲ ਦੀ ਕੋਈ ਗੱਲ ਨਹੀਂ ਲੁਕੋਵੇਂਗੀ।”
ਸੈਂਡਰਾ ਨੇ ਮੀਟੀਆਂ ਅੱਖਾਂ ਨਾਲ ਹੀ ਪਾਸਾ ਪਰਤਿਆ। ਉਸ ਦੀ ਮੁਸਕਾਣ ਤੋਂ ਜਾਪਦਾ ਸੀ, ਜਿਵੇਂ ਉਸ ਦੇ ਕੰਨਾਂ ਵਿਚ ਜੋਗੀ ਦੇ ਇਕ ਇਕ ਸ਼ਬਦ ਦਾ ਰਸ ਘੁਲ ਚੁੱਕਾ ਹੋਵੇ। ਉਸ ਨੇ ਅਨੂਠੇ ਵਿਸਮਾਦ ਭਰੀ ਮੁਦਰਾ ਵਿਚ ਹੀ ਆਪਣੀਆਂ ਬਾਹਵਾਂ ਪਤੀ ਦੁਆਲੇ ਕੱਸ ਲਈਆਂ।
“ਓ ਜੋਗੀ ਸਵੀਟ-ਹਾਰਟ, ਆਈ ਲਵ ਯੂ। ਆਈ ਰੀਅਲੀ ਡੂ।”
ਬੈੱਡਰੂਮ ਦੇ ਬੂਹੇ ਵਿਚ ਖਲੋਤੀ ਮਾਂ ਨੇ ਬੱਚਿਆਂ ਦੇ ਮਧੁਰ ਮਿਲਨ ਦਾ ਦ੍ਰਿਸ਼ ਆਪਣੀਆਂ ਮਮਤਾ ਭਰੀਆਂ ਸੇਜਲ ਅੱਖਾਂ ਵਿਚ ਸਮੇਟ ਲਿਆ। ਪਤਾ ਨਹੀਂ ਕਿੰਨੀਆਂ ਅਸੀਸਾਂ ਉਸ ਦੇ ਅੰਦਰੋਂ ਨਿਕਲਣ ਲਈ ਤਾਂਘ ਰਹੀਆਂ ਸਨ।