ਫ਼ਰਹਤ ਚੌਧਰੀ
ਲਾਹੌਰ ਦੀ ਮੈਕਲੌਡ ਰੋਡ ਲੋਕਾਂ ਅਤੇ ਮੋਟਰ ਗੱਡੀਆਂ ਨਾਲ ਭਰੀ ਪਈ ਹੈ। ਸੜਕ ਕੰਢੇ ਥੋੜ੍ਹੀ ਜਿਹੀ ਬਚੀ ਥਾਂ ‘ਤੇ ਸਫ਼ੇਦ ਕੁੜਤੇ ਤੇ ਸਲਵਾਰ ਪਹਿਨੀ ਬਜ਼ੁਰਗ ਖੜ੍ਹਾ ਹੈ। ਉਸ ਦਾ ਨਾਮ ਮਹਿਫ਼ੂਜ਼ ਚੌਧਰੀ ਹੈ। ਉਸ ਦੇ ਨੇੜੇ ਹੀ ਉਸ ਦੀ ਮਰਸਿਡੀਜ਼ ਕਾਰ ਹੈ। ਜਾਪਦਾ ਹੈ ਜਿਵੇਂ ਉਹ ਗੱਡੀ ਦੀ ਰਾਖੀ ਕਰ ਰਿਹਾ ਹੋਵੇ, ਪਰ ਹਕੀਕਤ ਇਹ ਨਹੀਂ। ਉਸ ਨੇ ਕੁਝ ਪੱਤਰਕਾਰਾਂ ਨੂੰ ਮਿਲਣਾ ਹੈ ਅਤੇ ਉਥੇ ਖੜ੍ਹ ਕੇ ਯਕੀਨੀ ਬਣਾ ਰਿਹਾ ਹੈ ਕਿ ਪੱਤਰਕਾਰਾਂ ਵਾਲੀ ਕਾਰ ਪਾਰਕ ਕਰਨ ਲਈ ਜਗ੍ਹਾ ਬਚੀ ਰਹੇ।
ਚੌਧਰੀ ਲਾਹੌਰ ਦੇ ਰਤਨ ਸਿਨਮੇ ਦਾ ਮਾਲਕ ਹੈ। ਉਸ ਵਿਚ ਰਵਾਇਤੀ ਮਹਿਮਾਨਨਿਵਾਜ਼ ਵਾਲੀਆਂ ਸਾਰੀਆਂ ਖ਼ੂਬੀਆਂ ਮੌਜੂਦ ਹਨ। ਮਹਿਮਾਨਾਂ ਦੀ ਗੱਡੀ ਲਈ ਥਾਂ ਦਾ ਪ੍ਰਬੰਧ ਕਰਨਾ ਵੀ ਅਜਿਹੀਆਂ ਖ਼ੂਬੀਆਂ ਵਿਚ ਸ਼ਾਮਲ ਹੈ। ਮੈਕਲੌਡ ਅਤੇ ਐਬਟ ਰੋਡ ਦੇ ਸੰਗਮ ਨੇੜੇ ਰਾਇਲ ਪਾਰਕ ਵਿਚ ਉਸ ਦਾ ਸਿਨਮਾ ਹੈ। ਉਹ ਇਸ ਸਿਨਮੇ ਤੋਂ ਆਪਣਾ ਕਾਰੋਬਾਰ ਦਹਾਕਿਆਂ ਤੋਂ ਚਲਾ ਰਿਹਾ ਸੀ। ਹੁਣ ਭਾਵੇਂ ਅਜਿਹਾ ਨਹੀਂ, ਫਿਰ ਵੀ ਸਿਨਮਾ ਚਲਾਉਣਾ ਉਸ ਦੇ ਖ਼ੂਨ ਦੇ ਪ੍ਰਵਾਹ ਦਾ ਹਿੱਸਾ ਹੈ। ਉਹ ਤਾਂ ਜੰਮਿਆ ਹੀ ਸਿਨਮੇ ਦੇ ਅਹਾਤੇ ਵਿਚ ਸੀ। ਸਿਨਮਾ ਤੇ ਫਿਲਮਾਂ ਉਸ ਦੀ ਜ਼ਿੰਦਗੀ ਹਨ।
ਭਾਰਤ ਦੀ ਵੰਡ ਤੋਂ ਪਹਿਲਾਂ ਮਹਿਫ਼ੂਜ਼ ਚੌਧਰੀ ਦਾ ਪਿਤਾ ਚੌਧਰੀ ਈਦ ਮੁਹੰਮਦ ਅੰਬਾਲਾ ਦੇ ਨਿਸ਼ਾਂਤ ਸਿਨਮੇ ਵਿਚ ਇਲੈਕਟ੍ਰੀਸ਼ਨ ਹੁੰਦਾ ਸੀ। ਉਸ ਦਾ ਕੁਆਰਟਰ ਸਿਨਮੇ ਦੇ ਅਹਾਤੇ ਦੇ ਅੰਦਰ ਸੀ। ਤਰੱਕੀ ਕਰਦਾ ਉਹ ਅੰਬਾਲੇ ਵਿਚ ਹੀ ਇੱਕ ਸਿਨਮੇ ‘ਚ ਭਾਈਵਾਲ ਬਣ ਗਿਆ। ਫਿਰ ਦੇਹਰਾਦੂਨ ਵਿਚ ਆਪਣਾ ਸਿਨਮਾਘਰ ਬਣਾ ਲਿਆ। ਕੁਝ ਸਾਲਾਂ ਬਾਅਦ ਹੀ 47 ਵਾਲੀ ਵੰਡ ਹੋ ਗਈ ਤੇ ਉਹਨੂੰ ਦੇਹਰਾਦੂਨ ਛੱਡਣਾ ਪਿਆ। ਉਹ ਲਾਹੌਰ ਪੁੱਜਾ। ਪਾਕਿਸਤਾਨ ਸਰਕਾਰ ਨੇ ਉਸ ਨੂੰ ਭਾਰਤ ਵਾਲੀ ਜਾਇਦਾਦ ਬਦਲੇ ਰਤਨ ਸਿਨਮੇ ਦੀ ਮਲਕੀਅਤ ਸੌਂਪ ਦਿੱਤੀ। ਛੇਤੀ ਹੀ ਉਸ ਨੇ ਫਿਲਮ ਡਿਸਟ੍ਰੀਬਿਊਸ਼ਨ ਤੇ ਫਿਲਮ ਨਿਰਮਾਣ ਦਾ ਕਾਰੋਬਾਰ ਸ਼ੁਰੂ ਕਰ ਲਿਆ।
ਮਹਿਫ਼ੂਜ਼ ਚੌਧਰੀ ਅਨੁਸਾਰ ਫਿਲਮਾਂ ਦੇ ਕਾਰੋਬਾਰ ਲਈ ਉਹ ਦਿਨ ਭਲੇ ਸਨ। ਪਾਕਿਸਤਾਨ ਬਣਨ ਤੋਂ ਉਪਜੀਆਂ ਦੁਸ਼ਵਾਰੀਆਂ ਤੇ ਨਿੱਤ ਦੀਆਂ ਤਕਲੀਫ਼ਾਂ ਤੋਂ ਫਿਲਮਾਂ, ਲੋਕਾਂ ਨੂੰ ਰਾਹਤ ਦਿੰਦੀਆਂ ਸਨ। ਸਿਨਮਾ ਟਿਕਟਾਂ ਵੀ ਸਸਤੀਆਂ ਹੁੰਦੀਆਂ ਸਨ: ਪੰਜ ਆਨੇ, ਨੌਂ ਆਨੇ, ਇੱਕ ਰੁਪਈਆ। ਲਾਹੌਰ ਪਾਕਿਸਤਾਨੀ ਫਿਲਮ ਸਨਅਤ ਦਾ ਘਰ ਸੀ, ਪਰ ਲੋਕ ਤਾਂ ਭਾਰਤੀ ਫਿਲਮਾਂ ਹੀ ਦੇਖਦੇ ਸਨ। ਫਿਲਮ ਭਾਰਤ ਵਿਚ ਫਲੌਪ ਹੋ ਜਾਂਦੀ ਸੀ, ਪਰ ਪਾਕਿਸਤਾਨੀ ਉਸ ਨੂੰ ਰੱਦ ਨਹੀਂ ਸੀ ਕਰਦੇ। ਰਤਨ ਸਿਨਮੇ ਵਿਚ ਭਾਰਤੀ ਫਿਲਮਾਂ ਹੀ ਦਿਖਾਈਆਂ ਜਾਂਦੀਆਂ। 1953 ਵਿਚ ਜਦੋਂ ਮਹਿਬੂਬ ਖ਼ਾਨ ਦੀ ਫਿਲਮ ‘ਆਨ’ ਰਿਲੀਜ਼ ਹੋਈ ਤਾਂ ਲੋਕ ਟਿਕਟ ਖ਼ਰੀਦਣ ਖ਼ਾਤਿਰ ਰਾਤ ਵੇਲੇ ਹੀ ਸਿਨਮੇ ਦੇ ਵਿਹੜੇ ਵਿਚ ਆ ਜਾਂਦੇ, ਉਥੇ ਸੌਂਦੇ ਤੇ ਸਵੇਰੇ ਕਤਾਰਾਂ ਬੰਨ੍ਹ ਕੇ ਟਿਕਟ ਖਿੜਕੀਆਂ ਅੱਗੇ ਖੜ੍ਹ ਜਾਂਦੇ ਸਨ। ਦਿਲੀਪ ਕੁਮਾਰ ਤੇ ਨਾਦਿਰਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਹ ਫਿਲਮ ਪੂਰਾ ਇੱਕ ਸਾਲ ਚੱਲੀ ਸੀ ਰਤਨ ਸਿਨਮੇ ਵਿਚ। ਹੁਣ ਰਤਨ ਸਿਨਮੇ ਵਿਚ ਫਿਲਮਾਂ ਨਹੀਂ ਲੱਗਦੀਆਂ। ਇਸ ਨੂੰ ਮਲਟੀਪਲੈਕਸ ਵਿਚ ਬਦਲਣ ਦੀਆਂ ਤਿਆਰੀਆਂ ਹਨ। ਇਸ ਦੇ ਗੇਟ ਦੇ ਨੇੜੇ ਤੇ ਵਿਹੜੇ ਅੰਦਰ ਜੰਗਲੀ ਬੂਟੇ ਉੱਗੇ ਹੋਏ ਹਨ। ਮਹਿਫ਼ੂਜ਼ ਚੌਧਰੀ ਨੂੰ ਯਕੀਨ ਨਹੀਂ ਕਿ ਮਲਟੀਪਲੈਕਸ ਬਹੁਤਾ ਲਾਹੇ ਦਾ ਸੌਦਾ ਹੋਵੇਗਾ; ਪਰ ਇਹ ਵੀ ਸਾਫ਼ ਹੈ ਕਿ ਸਿਨਮਾ ਤੋਂ ਬਿਨਾਂ ਹੋਰ ਕਿਸੇ ਕਾਰੋਬਾਰ ਦੀ ਉਸ ਨੂੰ ਸਮਝ ਨਹੀਂ। ਉਂਜ, ਅਤੀਤ ਬਾਰੇ ਗੱਲ ਕਰਦਿਆਂ ਉਹ ਆਪਣੇ ਕਾਰੋਬਾਰ ਦੇ ਹਰ ਨੁਕਤੇ ਬਾਰੇ ਸਪਸ਼ਟ ਹੈ। ਵਰਤਮਾਨ ਤੇ ਭਵਿੱਖ ਬਾਰੇ ਉਸ ਦੀ ਸੁਰ ਵਿਚੋਂ ਝਿਜਕ ਸਾਫ਼ ਪੜ੍ਹੀ ਜਾ ਸਕਦੀ ਹੈ। ਉਹ ਫਿਲਮ ਨਿਰਮਾਣ ਤੇ ਵਿਤਰਨ ਦੇ ਨਵੀਨਤਮ ਢੰਗਾਂ ਪ੍ਰਤੀ ਅਣਭਿੱਜਤਾ ਦਾ ਇਜ਼ਹਾਰ ਕਰਦਾ ਹੈ। ਡਿਜੀਟਲ ਟੈਕਨਾਲੋਜੀ ਤੇ ਇਸ ਨਾਲ ਜੁੜੇ ਤਾਮ-ਝਾਮ ਨਾਲ ਉਸ ਨੂੰ ਕੋਈ ਮੋਹ ਨਹੀਂ।
ਮਹਿਫ਼ੂਜ਼ ਚੌਧਰੀ ਵਾਲੀ ਸੋਚ, ਅਤੀਤ ਪ੍ਰਤੀ ਹੇਰਵੇ ਦੀ ਪੈਦਾਇਸ਼ ਜਾਪਦੀ ਹੈ। ਵਰਤਮਾਨ ਦੀ ਤੋਰ ਤੇਜ਼ ਹੈ। ਭਾਰਤ ਵਾਂਗ ਪਾਕਿਸਤਾਨ ਵਿਚ ਵੀ ਰਵਾਇਤੀ ਸਿੰਗਲ ਸਕਰੀਨ ਥੀਏਟਰ ਖ਼ਤਮ ਹੋ ਰਹੇ ਹਨ। ਜਿਹੜੇ ਬਚੇ ਹਨ, ਉਹ ਪੁਰਾਣੀਆਂ ਫਿਲਮਾਂ ਵਿਚ ਦੋ-ਚਾਰ ਦ੍ਰਿਸ਼ ਨੰਗੀਆਂ ਫਿਲਮਾਂ ਦੇ ਟੰਗ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ। ਭਾਰਤ ਵਿਚ ਵੀ ਇਹੋ ਰੁਝਾਨ ਹੈ। ਨੰਗੀਆਂ ਫਿਲਮਾਂ ਦੇ ਚੰਦ ਸੀਨ ਸਿੰਗਲ ਸਕਰੀਨ ਸਿਨਮਾਘਰਾਂ ਨੂੰ ਚੱਲਦਾ ਰੱਖਣ ਵਿਚ ਸਹਾਈ ਹੋ ਰਹੇ ਹਨ।
ਲਾਹੌਰ ਦੀ ਐਬਟ ਰੋਡ ਉਤੇ ਇੱਕ ਸਮੇਂ ਸਿਨਮਾਘਰ ਵੱਧ ਹੋਇਆ ਕਰਦੇ ਸਨ ਅਤੇ ਦੁਕਾਨਾਂ ਘੱਟ। ਇਸ ਨੂੰ ਸਮੁੱਚੇ ਪਾਕਿਸਤਾਨ, ਤੇ ਸ਼ਾਇਦ ਏਸ਼ੀਆ ਵਿਚ ਇੱਕੋ-ਇੱਕ ਅਜਿਹੀ ਸੜਕ ਮੰਨਿਆ ਜਾਂਦਾ ਸੀ ਜਿੱਥੇ ਸਿਨਮਾਘਰਾਂ ਦੀ ਲੰਮੀ ਕਤਾਰ ਸੀ। ਹੁਣ ਸਿਨਮਾਘਰ ਟਾਵੇਂ ਟਾਵੇਂ ਰਹਿ ਗਏ ਹਨ, ਰੇਸਤਰਾਵਾਂ ਦੀ ਭਰਮਾਰ ਹੈ। ਲੋਕ ਇਸ ਨੂੰ ਅਮੀਰਾਂ ਦੀ ਫੂਡ ਸਟਰੀਟ ਵੀ ਕਹਿੰਦੇ ਹਨ। ਸ਼ਾਮ ਵੇਲੇ ਖੁਬ ਭੀੜ ਹੁੰਦੀ ਹੈ- ਪਕਵਾਨਾਂ ਦਾ ਜ਼ਾਇਕਾ ਲੈਣ ਵਾਲਿਆਂ ਦਾ।
ਜਿਹੜੇ ਸਿਨਮਾਘਰ ਇਸ ਸੜਕ ‘ਤੇ ਬਚੇ ਹਨ, ਉਨ੍ਹਾਂ ਵਿਚ ਕੈਪੀਟਲ ਸ਼ਾਮਲ ਹੈ। ਉਥੇ ਸ਼ਾਨ ਤੇ ਸਾਇਮਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਫਿਲਮ ‘ਯਾਰ ਬਦਮਾਸ਼’ ਚੱਲ ਰਹੀ ਸੀ। ਐਤਵਾਰ ਦਾ ਦਿਨ ਸੀ, ਅੰਦਰ ਜਾ ਕੇ ਦੇਖਿਆ ਤਾਂ ਸਿਰਫ਼ 31 ਦਰਸ਼ਕ ਬੈਠੇ ਹੋਏ ਸਨ। ਅਗਲਾ ਸ਼ੋਅ ਰਾਤ 9 ਵਜੇ ਸੀ। ਟਿਕਟ ਖਿੜਕੀ ਵਾਲੇ ਨੇ ਦੱਸਿਆ ਕਿ ਉਸ ਸ਼ੋਅ ਦੀ ਸਿਰਫ਼ ਇੱਕ ਟਿਕਟ ਵਿਕੀ ਸੀ। ਇੱਕ ਹੋਰ ਸਿਨਮਾਘਰ ਓਡੀਅਨ ਦਾ ਸਾਂਭ-ਸੰਭਾਲ ਪੱਖੋਂ ਹਸ਼ਰ ਮਾੜਾ ਸੀ, ਪਰ ਉਥੇ ਫਿਲਮ ਭਾਰਤੀ ਚੱਲ ਰਹੀ ਸੀ। ਨਾਮ ਸੀ ‘ਦਮ ਲਗਾ ਕੇ ਹਈਸ਼ਾ’। ਇਸ ਨੂੰ ਦੇਖਣ ਲਈ 53 ਦਰਸ਼ਕ ਮੌਜੂਦ ਸਨ। ਇਸ ਸਿਨਮੇ ਦੇ ਬੁਕਿੰਗ ਕਲਰਕ ਦਾ ਨਕਸ਼ਾ ਵੀ ਸਿਨਮੇ ਦੀ ਹਾਲਤ ਵਰਗਾ ਸੀ। ਨਾਮ ਸੀ ਗੁਲ ਮੁਹੰਮਦ। ਉਹ 10 ਮਈ 1958 ਤੋਂ ਇਸ ਸਿਨਮੇ ਵਿਚ ਕੰਮ ਕਰ ਰਿਹਾ ਸੀ। ਗੱਲਬਾਤ ਸ਼ੁਰੂ ਹੋਈ ਤਾਂ ਅਤੀਤ ਦੀਆਂ ਗੱਲਾਂ ਸੁਣਾਉਣ ਲੱਗਾ। ਰਾਜ ਕਪੂਰ-ਵੈਜੰਤੀਮਾਲਾ-ਰਾਜਿੰਦਰ ਕੁਮਾਰ ਦੀ ‘ਸੰਗਮ’ ਦੇ ਰਿਲੀਜ਼ ਹੋਣ ਦੀਆਂ ਗੱਲਾਂ। ‘ਮੇਰੇ ਮਹਿਬੂਬ’ ਵਿਚ ਸਾਧਨਾਂ ਦੇ ਹੁਸੀਨ ਮੁਖੜੇ ਦੀਆਂ ਗੱਲਾਂ। ਦਿਲੀਪ ਕੁਮਾਰ ਦੀ ‘ਨਯਾ ਦੌਰ’ ਦੀਆਂ ਗੱਲਾਂ। ਉਦੋਂ ਇਸ ਸਿਨਮੇ ਵਿਚ 37 ਪੱਕੇ ਮੁਲਾਜ਼ਮ ਕੰਮ ਕਰਦੇ ਸਨ, ਹੁਣ ਸਿਰਫ਼ ਦੋ ਹਨ। ਖ਼ੁਦਾ ਖ਼ੈਰ ਕਰੇ!
ਉਂਜ, ਐਬਟ ਰੋਡ ‘ਤੇ ਹੀ ਸ਼ਬਿਸਤਨ ਤੇ ਪ੍ਰਿੰਸ ਸਿਨਮਿਆਂ ਨੇ ਨਵਾਂ ਇਤਿਹਾਸ ਰਚਿਆ ਹੈ। ਉਹ 1974 ਤੋਂ ਇੱਕੋ ਹੀ ਵਿਹੜੇ ਵਿਚ ਸਨ। ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਇਮਾਰਤ ਵਿਚ ਅਦਲਾ-ਬਦਲੀ ਕਰ ਕੇ ਸੁਪਰ ਸਿਨੇਮਾ ਦਾ ਅਵਤਾਰ ਧਾਰ ਲਿਆ। ਇਮਾਰਤੀ ਹੇਰ-ਫੇਰ ਰਾਹੀਂ ਡੇਢ ਦਰਜਨ ਦੁਕਾਨਾਂ ਬਣਾ ਦਿੱਤੀਆਂ ਗਈਆਂ। ਉੱਪਰ ਡਬਲ ਸਕਰੀਨ ਥੀਏਟਰ ਕੰਪਲੈਕਸ। ਦਰਸ਼ਕ ਅਜੇ ਵੀ ‘ਆਵਾਮੀ’ ਕਿਸਮ ਦੇ ਆਉਂਦੇ ਹਨ, ਪਰ ਥੀਏਟਰ ਕਮਾਈ ਕਰ ਰਿਹਾ ਹੈ। ਕੁਝ ਦੁਕਾਨਾਂ ਤੇ ਸ਼ੋਅ-ਰੂਮ ਦੇ ਕਿਰਾਏ ਦੇ ਜ਼ਰੀਏ ਅਤੇ ਕੁਝ ਫਿਲਮਾਂ ਦੀ ਚੋਣ ਜ਼ਰੀਏ। ਜਿਸ ਦਿਨ ਇਸ ਥੀਏਟਰ ਨੂੰ ਦੇਖਣ ਅਸੀਂ ਗਏ ਤਾਂ ‘ਬਜਰੰਗੀ ਭਾਈਜਾਨ’ ਵੀ ਚੱਲ ਰਹੀ ਸੀ ਅਤੇ ‘ਜੱਟ ਦਾ ਜਨੂੰਨ’ ਵੀ। ਹਾਲੀਵੁੱਡ ਦੀ ‘ਫਾਸਟ ਐਂਡ ਫਿਊਰੀਅਸ-7’ ਦਾ ਉਰਦੂ ਰੂਪਾਂਤਰਨ ‘ਤੇਜ਼ ਰਫ਼ਤਾਰ ਔਰ ਜਾਂਬਾਜ਼’ ਦੇ ਤਿੰਨ ਸ਼ੋਅ ਵੀ ਇਸ ‘ਡਬਲ ਸਕਰੀਨ’ ਸਿਨਮੇ ਦੀ ਸ਼ੋਅ-ਸ਼ੈਡਿਊਲ ਦਾ ਹਿੱਸਾ ਸਨ।
ਲਾਹੌਰ ਅਜੇ ਵੀ ਪਾਕਿਸਤਾਨੀ ਫਿਲਮਾਂ ਦੇ ਨਿਰਮਾਣ ਦਾ ਕੇਂਦਰ ਹੈ। ਇਸ ਨੂੰ ਲੌਲੀਵੁੱਡ ਵੀ ਕਿਹਾ ਜਾਂਦਾ ਹੈ, ਪਰ ਹੁਣ ਫਿਲਮ ਨਿਰਮਾਣ ਕਰਾਚੀ ਵੱਧ ਤਬਦੀਲ ਹੁੰਦਾ ਜਾ ਰਿਹਾ ਹੈ। ਰਾਇਲ ਪਾਰਕ ਵਿਚ ਕਦੇ ਸਾਰੀਆਂ ਫਿਲਮ ਡਿਸਟ੍ਰੀਬਿਊਸ਼ਨ ਕੰਪਨੀਆਂ ਦੇ ਦਫ਼ਤਰ ਹੋਇਆ ਕਰਦੇ ਸਨ। ਹੁਣ ਅੱਧੇ ਤੋਂ ਵੱਧ ਦਫ਼ਤਰ ਕਰਾਚੀ ਪਹੁੰਚ ਗਏ ਹਨ। ਲਾਹੌਰੀ ਇਸ ਹਿਜਰਤ ਤੋਂ ਖਫ਼ਾ ਵੀ ਹਨ। ਉਹ ਮਹਿਸੂਸ ਕਰਦੇ ਹਨ ਕਿ ਲਾਹੌਰ ਨੂੰ ਸਿਰਫ਼ ਪੰਜਾਬੀ ਫਿਲਮਾਂ ਦੇ ਨਿਰਮਾਣ ਤਕ ਮਹਿਦੂਦ ਕੀਤਾ ਜਾ ਰਿਹਾ ਹੈ। ਪੰਜਾਬੀ ਫਿਲਮਾਂ ਦਾ ਬਜਟ ਬੜਾ ਸੀਮਤ ਹੁੰਦਾ ਹੈ। ਲਾਹੌਰੀਆਂ ਨੂੰ ਇਹ ਆਪਣੇ ਨਾਲ ਧੱਕਾ ਜਾਪਦਾ ਹੈ ਕਿ ਮਾਇਰਾ ਖਾਨ, ਸਨਮ ਸਈਦ, ਸਨਮ ਬਲੋਚ ਅਤੇ ਹੋਰ ਸੁੰਦਰੀਆਂ ਸਿਰਫ਼ ਕਰਾਚੀ ਵਿਚ ਹੀ ‘ਸ਼ੂਟ’ ਕਰਦੀਆਂ ਹਨ।
ਲਾਹੌਰੀਆਂ ਨੂੰ ਆਪਣੀਆਂ ਪੰਜਾਬੀ ਫਿਲਮਾਂ ‘ਤੇ ਮਾਣ ਜ਼ਰੂਰ ਹੈ। ਉਹ ਕਹਿੰਦੇ ਹਨ ਕਿ ਕਦੇ ਪੰਜਾਬੀ ਫਿਲਮਾਂ, ਕਰਾਚੀ ਵਿਚ ਬਣੀਆਂ ਉਰਦੂ ਫਿਲਮਾਂ ਨੂੰ ਹਰ ਤਰ੍ਹਾਂ ਨਾਲ ਮਾਤ ਦਿੰੰਦੀਆਂ ਸਨ। 1979 ਵਿਚ ਰਿਲੀਜ਼ ਹੋਈ ‘ਮੌਲਾ ਜੱਟ’ ਲਗਾਤਾਰ 216 ਹਫ਼ਤੇ ਚੱਲੀ ਸੀ। ਇਸ ਨੇ ਅਜੇ ਹੋਰ ਵੀ ਚੱਲਣਾ ਸੀ, ਪਰ ਮੁਲਕ ਦੀ ਫ਼ੌਜੀ ਹਕੂਮਤ ਨੇ ਇਸ ਨੂੰ ਜਬਰੀ ਸਿਨਮਾਘਰਾਂ ਵਿਚੋਂ ਲੁਹਾ ਦਿੱਤਾ। ਇਸ ਫਿਲਮ ਦਾ ਸੁਨੇਹਾ ਇਨਕਲਾਬੀ ਕਿਸਮ ਦਾ ਸੀ। ‘ਮੌਲਾ ਜੱਟ’ ਅਮੀਰਾਂ ਦੀ ਸੰਘੀ ਨੱਪਦਾ ਸੀ ਅਤੇ ਗ਼ਰੀਬਾਂ ਨੂੰ ਨਿਆਂ ਦਿੰਦਾ ਸੀ। ਇਹ ਕਿਰਦਾਰ ਫ਼ੌਜੀ ਹੁਕਮਰਾਨਾਂ ਦੀ ਸੋਚ ਨਾਲ ਮੇਲ ਨਹੀਂ ਸੀ ਖਾਂਦਾ।
ਸਾਲ ਕੁ ਪਹਿਲਾਂ ‘ਮੌਲਾ ਜੱਟ’ ਫਿਲਮ ਵਾਲਾ ਜਲੌਅ ਪਰਤਾਉਣ ਲਈ ‘ਰਿਟਰਨ ਆਫ਼ ਮੌਲਾ ਜੱਟ’ ਨਾਂ ਦੀ ਬਣਾਈ ਗਈ, ਪਰ ਇਹ ਉੱਦਮ ਚਮਤਕਾਰੀ ਸਾਬਤ ਨਹੀਂ ਹੋਇਆ। ਹੁਣ ਪੰਜਾਬੀ ਸਿਨਮੇ ਦੇ ਨਿਘਾਰ ਦੀ ਦਾਸਤਾਨ ਬਿਆਨ ਕਰਨ ਤੇ ਇਸ ਦੇ ਕਾਰਨ ਲੱਭਣ ਲਈ ਦਸਤਾਵੇਜ਼ੀ ‘ਦਿ ਰੈਸਟਲੈੱਸ ਘੋਸਟ ਆਫ਼ ਮੌਲਾ ਜੱਟ’ ਤਿਆਰ ਕੀਤੀ ਜਾ ਰਹੀ ਹੈ।