ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਵਫ਼ਾਦਾਰ ਤੇ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਭਗਵੰਤ ਮਾਨ ਬਾਰੇ ਵਿਵਾਦਤ ਆਡੀਓ ਸਾਹਮਣੇ ਆਉਣ ਪਿੱਛੋਂ ਪਾਰਟੀ ਵਿਚ ਘਮਾਸਾਣ ਸ਼ੁਰੂ ਹੋ ਗਿਆ ਹੈ। ਆਡੀਓ ਵਿਚ ਭਗਵੰਤ ਮਾਨ ਤੇ ਪਟਿਆਲਾ ਤੋਂ ਡਾæ ਧਰਮਵੀਰ ਗਾਂਧੀ, ਕੇਜਰੀਵਾਲ ਸਮੇਤ ਦਿੱਲੀ ਲੀਡਰਸ਼ਿਪ ਦੀ ਨੁਕਤਾਚੀਨੀ ਕਰ ਰਹੇ ਹਨ।
ਯਾਦ ਰਹੇ ਕਿ ‘ਆਪ’ ਨੇ ਹਾਲ ਹੀ ਵਿਚ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿਚ ਆਪਣੇ ਦੋ ਸੰਸਦ ਮੈਂਬਰਾਂ ਡਾæ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਸੀ, ਪਰ ਹੁਣ ਭਗਵੰਤ ਮਾਨ ਬਾਰੇ ਧਾਰੀ ਚੁੱਪ ‘ਤੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਇਸ ਆਡੀਓ ਨੇ ਹਾਈ ਕਮਾਨ ਵੱਲੋਂ ਸੂਬਾਈ ਲੀਡਰਸ਼ਿਪ ਵਿਚ ਬਾਹਰੀ ਆਗੂਆਂ ਨੂੰ ਜ਼ਿੰਮੇਵਾਰੀ ਦੇਣ ਕਾਰਨ ਪੈਦਾ ਹੋਏ ਰੋਹ ਨੂੰ ਵੀ ਜੱਗ ਜ਼ਾਹਰ ਕਰ ਦਿੱਤਾ ਹੈ। ਪਹਿਲਾਂ ਪਾਰਟੀ ਤੋਂ ਬਾਗ਼ੀ ਹੋਏ ਡਾæ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ ਪੰਜਾਬ ਇਕਾਈ ਉਤੇ ਬਾਹਰਲੇ ਆਗੂ ਥੋਪਣ ਕਾਰਨ ਕੇਜਰੀਵਾਲ ਸਮੇਤ ਹੋਰ ਆਗੂਆਂ ਉਤੇ ਉਂਗਲਾਂ ਚੁੱਕ ਰਹੇ ਹਨ। ਇਸ ਖ਼ੁਲਾਸੇ ਤੋਂ ਸਪਸ਼ਟ ਸੰਕੇਤ ਮਿਲੇ ਹਨ ਕਿ ਭਗਵੰਤ ਮਾਨ ਉਪਰੋਂ ਭਾਵੇਂ ਸ੍ਰੀ ਕੇਜਰੀਵਾਲ ਤੇ ਹਾਈ ਕਮਾਨ ਦੇ ਗੁਣ ਗਾ ਰਿਹਾ ਹੈ, ਪਰ ਅਸਲ ਵਿਚ ਪੰਜਾਬ ਵਿਚੋਂ ਚੁਣੇ ਸੰਸਦ ਮੈਂਬਰਾਂ ਦੀ ਸਹਿਮਤੀ ਬਿਨਾਂ ਆਗੂਆਂ ਦੀ ਨਿਯੁਕਤੀ ਤੋਂ ਦੁਖੀ ਹੈ। ਭਗਵੰਤ ਮਾਨ ਨੇ ਫੋਨ ਉਤੇ ਡਾæ ਗਾਂਧੀ ਨਾਲ ਗੱਲਬਾਤ ਕਰਦਿਆਂ ਜਿਥੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਐਚæਐਸ਼ ਫੂਲਕਾ, ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਆਦਿ ਦੀ ਆਲੋਚਨਾ ਕੀਤੀ, ਉਥੇ ਹਾਈ ਕਮਾਨ ਪ੍ਰਤੀ ਵੀ ਸਖ਼ਤ ਰਵੱਈਆ ਅਪਨਾਇਆ। ਭਗਵੰਤ ਮਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਖ਼ੁਦ ਸੂਬੇ ਵਿਚ ਟੀਮ ਚੁਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਜਦਕਿ ਹਾਈ ਕਮਾਨ ‘ਬਚਿਆਂ-ਖੁਚਿਆਂ’ ਨੂੰ ਉਨ੍ਹਾਂ ਉਤੇ ਥੋਪ ਰਹੀ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿੱਤਣੀਆਂ ਇੰਨੀਆਂ ਸੌਖੀਆਂ ਨਹੀਂ ਕਿਉਂਕਿ ਦਿੱਲੀ ਵਿਚ ਭਾਵੇਂ ਲੋਕਾਂ ਨੇ ‘ਝਾੜੂ’ ਨੂੰ ਦੇਖ ਕੇ ਵੋਟਾਂ ਪਾਈਆਂ, ਪਰ ਪੰਜਾਬ ਵਿਚ ਸ਼ਖਸੀਅਤਾਂ ਨੂੰ ਵੋਟਾਂ ਪੈਂਦੀਆਂ ਹਨ ਤੇ ਉਹ ਵੀ ਆਪਣੇ ਅਸਰ-ਰਸੂਖ ਕਾਰਨ ਹੀ ਜਿੱਤੇ ਹਨ। ਜੇ ਪੰਜਾਬ ਵਿਚ ਲੋਕ ‘ਝਾੜੂ’ ਨੂੰ ਦੇਖ ਕੇ ਵੋਟਾਂ ਪਾਉਂਦੇ ਤਾਂ ਸ਼ ਫੂਲਕਾ ਤੇ ਹਿੰਮਤ ਸਿੰਘ ਸ਼ੇਰਗਿੱਲ ਕਿਉਂ ਹਾਰਦੇ? ਆਡੀਓ ਵਿਚ ਡਾæ ਗਾਂਧੀ ਵੱਲੋਂ ਭਗਵੰਤ ਮਾਨ ਦੀ ਹਰ ਗੱਲ ਵਿਚ ਹੁੰਗਾਰਾ ਭਰਿਆ ਗਿਆ ਹੈ। ਹਾਈ ਕਮਾਨ ਵੱਲੋਂ ਭਗਵੰਤ ਮਾਨ ਦੀ ਆਡੀਓ ਨੂੰ ਫੋਨਾਂ ਉਤੇ ਹੁੰਦੀਆਂ ਸਰਸਰੀ ਗੱਲਾਂ ਤੇ ਪੁਰਾਣੀਆਂ ਬਾਤਾਂ ਮੰਨ ਕੇ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਭਗਵੰਤ ਮਾਨ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਹੈ ਕਿ ਉਸ ਨੇ ਅਜਿਹਾ ਕੁਝ ਨਹੀਂ ਕਿਹਾ ਹੈ ਜਿਸ ਕਰ ਕੇ ਉਨ੍ਹਾਂ ਉਤੇ ਕੋਈ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਮਾਨ ਨਾਲ ਪੂਰੀ ਪਾਰਟੀ ਡਟ ਕੇ ਖੜ੍ਹੀ ਹੈ।
ਪੰਜਾਬ ਤੋਂ ਸੰਸਦ ਮੈਂਬਰਾਂ ਤੇ ਸੀਨੀਅਰ ਆਗੂਆਂ ਨੇ ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ਨੂੰ ਹੁਣ ਤੱਕ ਕਦੇ ਸਿੱਧੀ ਚੁਣੌਤੀ ਨਹੀਂ ਸੀ ਦਿੱਤੀ ਪਰ ਉਹ ਪਾਰਟੀ ਅੰਦਰ ਸ਼ੁਰੂ ਹੋਏ ਗ਼ੈਰ-ਜਮਹੂਰੀ ਵਰਤਾਰੇ ਦਾ ਦਬਵੀਂ ਸੁਰ ਵਿਚ ਵਿਰੋਧ ਜ਼ਰੂਰ ਕਰਦੇ ਰਹੇ। ਕੁਝ ਮਹੀਨੇ ਪਹਿਲਾਂ ਕੇਜਰੀਵਾਲ ਵੱਲੋਂ ਸੂਬੇ ਦੇ ਜ਼ਿਲ੍ਹਾ ਪੱਧਰੀ ਪੁਰਾਣੇ ਜਥੇਬੰਦਕ ਢਾਂਚੇ ਨੂੰ ਭੰਗ ਕਰ ਕੇ ਲੋਕ ਸਭਾ ਹਲਕਿਆਂ ਅਨੁਸਾਰ ਕੋਆਰਡੀਨੇਟਰ ਨਿਯੁਕਤ ਕਰਨ ਤੇ ਇਨ੍ਹਾਂ ਉੱਪਰ ਦਿੱਲੀ ਦੇ ਇੰਚਾਰਜ ਲਗਾ ਦੇਣ ਨਾਲ ਪਾਰਟੀ ਦੇ ਆਗੂਆਂ ਵਿਚ ਰੋਸ ਪੈਦਾ ਹੋ ਗਿਆ ਸੀ। ਸੂਬੇ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾæ ਦਲਜੀਤ ਸਿੰਘ ਵੱਲੋਂ ਕੇਂਦਰੀ ਲੀਡਰਸ਼ਿਪ ਦੇ ਨਵੇਂ ਢਾਂਚੇ ਨੂੰ ਗ਼ੈਰ-ਸੰਵਿਧਾਨਿਕ ਕਰਾਰ ਦੇਣ ਤੇ ਛੋਟੇਪੁਰ ਨੂੰ ਬਰਤਰਫ਼ ਕਰਨ ਦੀ ਮੰਗ ਨਾਲ ਪਾਰਟੀ ਦਾ ਸੰਕਟ ਡੂੰਘਾ ਹੋ ਗਿਆ। ਇਸ ਤੋਂ ਪਹਿਲਾਂ ਕੇਂਦਰੀ ਲੀਡਰਸ਼ਿਪ ਨੇ ਪਟਿਆਲਾ ਤੋਂ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੂੰ ‘ਆਪ’ ਦੇ ਪਾਰਲੀਮਾਨੀ ਗਰੁੱਪ ਦੇ ਨੇਤਾ ਦੇ ਅਹੁਦੇ ਤੋਂ ਵੱਖ ਕਰ ਦਿੱਤਾ ਸੀ, ਕਿਉਂਕਿ ਉਹ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਜਿਹੇ ਸੰਸਥਾਪਕ ਨੇਤਾਵਾਂ ਨੂੰ ਪਾਰਟੀ ਵਿਚੋਂ ਕੱਢਣ ਦੇ ਮੁੱਦੇ ਉਤੇ ਕੇਜਰੀਵਾਲ ਨਾਲ ਸਹਿਮਤ ਨਹੀਂ ਸਨ।
___________________________________
ਭਗਵੰਤ ਮਾਨ ਕਲੇਸ਼ ਦੀ ਜੜ੍ਹ?
ਪਾਰਟੀ ਵਿਚੋਂ ਮੁਅੱਤਲ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਭਗਵੰਤ ਮਾਨ ਉਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਟੇਪ ਲੀਕ ਹੋਣ ਨਾਲ ਮਾਨ ਦਾ ਫਰੇਬ ਸਾਹਮਣੇ ਆ ਗਿਆ ਹੈ ਤੇ ਮਾਨ ਹੀ ਅਸਲ ਕਲੇਸ਼ ਦੀ ਜੜ੍ਹ ਹੈ। ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਭਗਵੰਤ ਮਾਨ ਵੀ ਚਲਾਕ ਸਿਆਸਤਦਾਨਾਂ ਵਾਂਗ ਸਿਆਸਤ ਕਰਨ ਲੱਗਾ ਹੈ। ਉਹ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਉਹ ਐਮæਪੀæ ਹਰਿੰਦਰ ਸਿੰਘ ਖ਼ਾਲਸਾ ਸਮੇਤ ਕਈ ਲੀਡਰਾਂ ਨੂੰ ਤਾਂ ਮਾੜਾ ਕਹਿ ਰਿਹਾ ਹੈ ਤੇ ਸਾਨੂੰ ਦੋ ਸੰਸਦ ਮੈਂਬਰਾਂ ਨੂੰ ਆਪਣੇ ਨਾਲ ਜੋੜ ਕੇ ਨਵੇਂ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ ਹੈ।