ਮਾਲਵੇ ਵਿਚ ਬਾਦਲਾਂ ਅਤੇ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਦੀ ਜੁਗਲਬੰਦੀ ਦੇਖਿਆਂ ਹੀ ਬਣਦੀ ਸੀ। ਸਮ੍ਰਿਤੀ ਇਰਾਨੀ ਕੇਂਦਰੀ ਯੂਨੀਵਰਸਿਟੀ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਪੰਜਾਬ ਪੁੱਜੀ ਹੋਈ ਸੀ। ਪਿੰਡ ਘੁੱਦਾ (ਬਠਿੰਡਾ) ਵਿਚ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੋਦੀ ਮੋਹ ਇਕ ਵਾਰ ਫਿਰ ਜਾਗ ਪਿਆ। ਉਨ੍ਹਾਂ ਉਚਾਰਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਕਦੀ ਖਾਲੀ ਹੱਥ ਨਹੀਂ ਮੋੜਿਆ।
ਬਾਦਲ ਦਾ ਇਹ ਬਿਆਨ ਇਕਦਮ ਚੁੰਝ-ਚਰਚਾ ਦਾ ਵਿਸ਼ਾ ਬਣ ਗਿਆ। ਕੱਲ੍ਹ ਤੱਕ ਤਾਂ ਬਾਦਲ ਕੂਕਾਂ ਮਾਰ ਰਹੇ ਸਨ ਕਿ ਨਰੇਂਦਰ ਮੋਦੀ ਅਤੇ ਉਸ ਦੀ ਸਰਕਾਰ (ਭਾਵੇਂ ਇਸ ਸਰਕਾਰ ਵਿਚ ਉਸ ਦੀ ਨੂੰਹ ਹਰਸਿਮਰਤ ਕੌਰ ਬਾਦਲ ਵੀ ਮੰਤਰੀ ਹੈ) ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ। ਨਰੇਂਦਰ ਮੋਦੀ ਤਾਂ ਉਨ੍ਹਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਸਨ ਦੇ ਰਹੇ। ਹੁਣ ਕਿਤੇ ਜਾ ਕੇ ਉਹ ਮੋਦੀ ਨਾਲ ਮਿਲਣੀ ਕਰਨ ਵਿਚ ਸਫਲ ਹੋਏ ਹਨ। ਉਹ ਵੀ ਸ਼ਇਦ ਇਸ ਕਰ ਕੇ ਸੰਭਵ ਹੋਇਆ ਹੋਵੇ, ਕਿਉਂਕਿ ਮੋਦੀ ਨੇ ਹਵਾਈ ਅੱਡੇ ਦਾ ਉਦਘਾਟਨ ਕਰਨ ਪੰਜਾਬ ਆਉਣਾ ਸੀ। ਇਹ ਗੱਲ ਹੈ ਵੀ ਸੋਲਾਂ ਆਨੇ ਸੱਚ ਕਿ ਕੇਂਦਰ ਵਿਚ ਮੋਦੀ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਜੋ ਆਸਾਂ ਬਾਦਲਾਂ ਨੇ ਲਾਈਆਂ ਸਨ, ਉਹ ਪੂਰੀਆਂ ਤਾਂ ਕੀ ਹੋਣੀਆਂ ਸਨ, ਉਨ੍ਹਾਂ ਬਾਰੇ ਕਿਤੇ ਢੰਗ ਨਾਲ ਸੁਣਵਾਈ ਵੀ ਨਹੀਂ ਹੋਈ। ਅਸਲ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਬਾਦਲਾਂ ਵੱਲੋਂ ਚੌਟਾਲਿਆਂ ਦੀ ਹਮਾਇਤ ਕਰਨ ‘ਤੇ ਭਾਜਪਾਈ ਡਾਢੇ ਔਖੇ ਹੋ ਗਏ। ਜੇ ਚੌਟਾਲੇ ਜਿੱਤ ਜਾਂਦੇ ਜਾਂ ਘੱਟੋ-ਘੱਟ ਜ਼ਿਕਰਯੋਗ ਸੀਟਾਂ ਹਾਸਲ ਕਰ ਲੈਂਦੇ, ਫਿਰ ਤਾਂ ਤਾਲਮੇਲ ਕਿਤੇ ਨਾ ਕਿਤੇ ਬੈਠ ਹੀ ਜਾਣਾ ਸੀ, ਪਰ ਹਰਿਆਣਾ ਵਿਚ ਭਾਜਪਾ ਦੀ ਢੋਲ-ਵਜਾਊ ਜਿੱਤ ਨੇ ਬਾਦਲਾਂ ਦੀਆਂ ਬੇੜੀਆਂ ਵਿਚ ਵੱਟੇ ਪਾ ਦਿੱਤੇ ਅਤੇ ਮੋਦੀ ਐਂਡ ਪਾਰਟੀ ਉਨ੍ਹਾਂ ਤੋਂ ਕਿਨਾਰਾ ਕਰਨ ਲੱਗੀ। ਹੁਣ ਤੱਕ ਬਾਦਲ ਕਾਂਗਰਸ ਦੀ ਨੁਕਤਾਚੀਨੀ ਇਹ ਕਹਿ ਕੇ ਕਰਦੇ ਆਏ ਹਨ ਕਿ ਇਸ ਨੇ ਪੰਜਾਬ ਦੀ ਗੱਲ ਕਦੀ ਨਹੀਂ ਸੁਣੀ, ਸਗੋਂ ਪੰਜਾਬ ਨਾਲ ਧੱਕਾ ਹੀ ਕੀਤਾ। ਕਈ ਪੱਖਾਂ ਤੋਂ ਵਿਚਾਰਿਆਂ ਇਸ ਤੱਥ ਵਿਚ ਸੱਚਾਈ ਵੀ ਉਜਾਗਰ ਹੁੰਦੀ ਹੈ, ਪਰ ਇਸ ਧੱਕੇ ਤੋਂ ਛੁਟਕਾਰੇ ਲਈ ਜਿਸ ਤਰ੍ਹਾਂ ਦੀ ਮੋਰਚਾਬੰਦੀ ਹੋਣੀ ਚਾਹੀਦੀ ਸੀ, ਉਸ ਦੀ ਥਾਂ ਸਿਰਫ ਸਿਆਸਤ ਅਤੇ ਸੱਤਾ ਦੀ ਡੁਗ-ਡੁਗੀ ਹੀ ਵਜਾਈ ਗਈ। ਸਿੱਟਾ ਇਹ ਨਿਕਲਿਆ ਕਿ ਰਾਜਾਂ ਨਾਲ ਸਬੰਧਤ ਮਸਲੇ ਦਹਾਕਿਆਂ ਬਾਅਦ ਵੀ ਜਿਉਂ ਦੇ ਤਿਉਂ ਹਨ। ਹਾਂ, ਇਸ ਸਮੇਂ ਦੌਰਾਨ ਵੱਖ ਵੱਖ ਆਗੂ ਸੱਤਾ ਦਾ ਸੁੱਖ ਜ਼ਰੂਰ ਮਾਣ ਗਏ ਹਨ। ਸੱਤਾ ਦੇ ਇਸ ਸੁੱਖ ਨੂੰ ਬਰਕਰਾਰ ਰੱਖਣ ਲਈ ਹੀ ਬਾਦਲਾਂ ਨੇ ਦਿੱਲੀ ਦਾ ਗੇੜੇ ‘ਤੇ ਗੇੜਾ ਲਾਈ ਰੱਖਿਆ ਹੈ।
ਇਹੀ ਉਹ ਪਿਛੋਕੜ ਸੀ ਜਿਸ ਦੇ ਹਿਸਾਬ ਨਾਲ ਮੁੱਖ ਮੰਤਰੀ ਬਾਦਲ ਨੇ ਸਿਮ੍ਰਤੀ ਇਰਾਨੀ ਦੇ ਜ਼ਰੀਏ ਮੋਦੀ ਨੂੰ ਯਾਦ ਕਰਵਾਇਆ ਕਿ ਵਿਧਾਨ ਸਭਾ ਚੋਣਾਂ ਸਿਰ ‘ਤੇ ਚੜ੍ਹੀਆਂ ਆ ਰਹੀਆਂ ਹਨ, ਇਸ ਲਈ ਉਨ੍ਹਾਂ ਦੀ ਬਾਂਹ ਫੜੀ ਜਾਵੇ। ਹੁਣ ਦੇਖਣਾ ਇਹ ਹੈ ਕਿ ਉਲਝੀ ਤੰਦ-ਤਾਣੀ ਦੌਰਾਨ ਸੱਤਾਧਾਰੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਕੋਈ ਤਾਲਮੇਲ ਕਿਸ ਤਰ੍ਹਾਂ ਬੈਠਦਾ ਹੈ। ਭਾਰਤੀ ਜਨਤਾ ਪਾਰਟੀ ਤਾਂ ਖੁਦ ਪੰਜਾਬ ਵਿਚ ਹਰਿਆਣੇ ਵਾਲਾ ਤਜਰਬਾ ਕਰਨ ਲਈ ਅਹੁਲ ਰਹੀ ਹੈ। ਇਸ ਮਾਮਲੇ ਵਿਚ ਆਰæਐਸ਼ਐਸ਼ ਦੇ ਆਗੂਆਂ ਨੂੰ ਖੂਬ ਸ਼ਿੰਗਾਰਿਆ ਜਾ ਰਿਹਾ ਹੈ। ਆਰæਐਸ਼ਐਸ਼ ਦੀ ਸਮਝ ਹੈ ਕਿ ਪੰਜਾਬ ਵਿਚ ਆਰæਐਸ਼ਐਸ਼ ਦੇ ਫੈਲਾਓ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗਾ ਲੀਡਰ ਲੱਭਿਆਂ ਵੀ ਨਹੀਂ ਲੱਭਣਾ। ਅਸਲ ਵਿਚ ਆਰæਐਸ਼ਐਸ਼ ਨੇ ਬਾਦਲਾਂ ਦੀ ਨਬਜ਼ ਉਦੋਂ ਹੀ ਫੜ ਲਈ ਸੀ ਜਦੋਂ ਸੀਨੀਅਰ ਅਕਾਲੀ ਆਗੂਆਂ ਨੂੰ ਦਰਕਿਨਾਰ ਕਰ ਕੇ ਕੇਂਦਰ ਵਿਚ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਬਣਵਾਇਆ ਗਿਆ ਸੀ। ਆਰæਐਸ਼ਐਸ਼ ਦੀ ਅਗਲੀ ਰਣਨੀਤੀ ਬਾਰੇ ਸੂਹ ਇਹ ਹੈ ਕਿ ਇਹ ਜਥੇਬੰਦੀ ਬਾਦਲਾਂ ਨਾਲ ਜੁਗਲਬੰਦੀ, ਆਪਣੀ ਸਿਆਸੀ ਪੈਂਠ ਬਣਾਉਣ ਤੱਕ ਹੀ ਸੀਮਤ ਰੱਖ ਰਹੀ ਹੈ। ਇਹ ਤੱਥ ਤਾਂ ਹੁਣ ਸਾਹਮਣੇ ਆ ਚੁੱਕੇ ਹਨ ਕਿ ਪੰਜਾਬ ਆਰæਐਸ਼ਐਸ਼ ਦੇ ਮੁੱਖ ਏਜੰਡੇ ਵਿਚ ਸ਼ਾਮਲ ਹੈ। ਇਸੇ ਕਰ ਕੇ ਹੀ ਕਹਿੰਦੇ-ਕਹਾਉਂਦੇ ਲੀਡਰਾਂ ਦੀਆਂ ਡਿਊਟੀਆਂ ਪੰਜਾਬ ਵਿਚ ਲਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਵਿਚ ਜਿਸ ਤਰ੍ਹਾਂ ਨਾਗਪੁਰ ਨੂੰ ਆਰæਐਸ਼ਐਸ਼ ਦਾ ਹੈਡਕੁਆਰਟਰ ਬਣਾਇਆ ਗਿਆ ਹੈ, ਉਸੇ ਤਰਜ਼ ਉਤੇ ਪੰਜਾਬ ਵਿਚ ਮਾਨਸੇ ਵਾਲੇ ਖੇਤਰ ਦੀ ਚੋਣ ਕੀਤੀ ਗਈ ਹੈ ਅਤੇ ਉਥੇ ਹੇਠਲੇ ਪੱਧਰ ਉਤੇ ਚੁੱਪ-ਚੁਪੀਤੇ ਤਿੱਖੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਇਸ ਇਲਾਕੇ ਦਾ ਦੌਰਾ ਕਈ ਵਾਰ ਕਰ ਚੁੱਕੇ ਹਨ। ਸੂਬੇ ਵਿਚ ਹੋਰ ਥਾਂਈਂ ਵੀ ਪੂਰੀ ਰਣਨੀਤੀ ਤਹਿਤ ਅਜਿਹੀਆਂ ਸਰਗਰਮੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਆਰæਐਸ਼ਐਸ਼ ਦਾ ਤਹੱਈਆ ਹੈ ਕਿ ਕੇਂਦਰ ਵਿਚ ਮੋਦੀ ਸਰਕਾਰ ਅਤੇ ਪੰਜਾਬ ਵਿਚ ਬਾਦਲ ਸਰਕਾਰ ਦੇ ਹੁੰਦਿਆਂ ਦੱਬ ਕੇ ਸਰਗਰਮੀ ਕੀਤੀ ਜਾਵੇ। ਇਸੇ ਕਰ ਕੇ ਪੰਜਾਬ ਨਾਲ ਸਬੰਧਤ ਪੁਰਾਣੇ ਮੁੱਦੇ ਲੱਭ ਲੱਭ ਕੇ ਖੂਬ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਚ ਇਕੱਲਿਆਂ ਚੋਣ ਲੜਨ ਬਾਰੇ ਚਰਚਾ ਚਲਾ ਕੇ ਬਾਦਲਾਂ ਦੀ ਨੀਂਦ ਉਡਾ ਦਿੱਤੀ ਗਈ ਹੈ। ਦਰਅਸਲ, ਆਰæਐਸ਼ਐਸ਼ ਅਤੇ ਭਾਰਤੀ ਜਨਤਾ ਪਾਰਟੀ ਆਪਣੇ ਮਿਥੇ ਏਜੰਡੇ ਉਤੇ ਲਗਾਤਾਰ ਪਹਿਰਾ ਦੇ ਰਹੀਆਂ ਹਨ ਅਤੇ ਮੌਕੇ ਮੁਤਾਬਕ ਲਗਾਤਾਰ ਇਸ ਰਣਨੀਤੀ ਵਿਚ ਤਬਦੀਲੀ ਵੀ ਕੀਤੀ ਜਾ ਰਹੀ ਹੈ। ਮੁੱਖ ਮਸਲਾ ਮੌਕਾ ਤਾੜਦਿਆਂ ਹੀ ਅਕਾਲੀ ਦਲ ਨੂੰ ਹੁੱਝ ਮਾਰ ਕੇ ਖੁਦ ਅੱਗੇ ਆਉਣ ਦਾ ਹੈ। ਯੂਨੀਵਰਸਿਟੀ ਸਮਾਗਮ ਦੌਰਾਨ ਸਿਮ੍ਰਤੀ ਇਰਾਨੀ ਵੱਲੋਂ ਬਹੁਤ ਨਾਪ-ਤੋਲ ਕੇ ਕੀਤੀ ਤਕਰੀਰ ਇਸੇ ਰਣਨੀਤੀ ਦਾ ਹੀ ਹਿੱਸਾ ਹੈ। ਦੋਹਾਂ ਧਿਰਾਂ ਦੀ ਇਹ ਰਣਨੀਤੀ ਉਨ੍ਹਾਂ ਦੇ ਹਿਸਾਬ ਨਾਲ ਕਿੰਨੀ ਕਾਮਯਾਬ ਹੁੰਦੀ ਹੈ ਅਤੇ ਦੋਹਾਂ ਧਿਰਾਂ ਵਿਚਕਾਰ ਸਿਆਸਤ ਤੇ ਸੱਤਾ ਦੀ ਚੱਲ ਰਹੀ ਦੌੜ, ਜੁਗਲਬੰਦੀ ਵਿਚ ਵਟਦੀ ਹੈ ਜਾਂ ਕਸ਼ਮਕਸ਼ ਦੀ ਜੂਨੇ ਪੈਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।