ਆਲਿਅਨ ਦੀ ਜਿੰਦੜੀ ਨੇ ਖੋਲ੍ਹਿਆ ਸ਼ਰਨਾਰਥੀਆਂ ਲਈ ਯੂਰਪ ਦਾ ਰਾਹ

ਲਿਸਬਨ: ਤੁਰਕੀ ਦੇ ਸਮੁੰਦਰ ਤੱਟ ਉਤੇ ਮ੍ਰਿਤਕ ਤਿੰਨ ਸਾਲਾ ਬੱਚੇ ਦੀਆਂ ਤਸਵੀਰਾਂ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਤਸਵੀਰਾਂ ਨੇ ਯੂਰਪ ਨੂੰ ਸ਼ਰਨਾਰਥੀਆਂ ਬਾਰੇ ਨੀਤੀ ‘ਤੇ ਨਜ਼ਰਸਾਨੀ ਕਰਨ ਲਈ ਮਜਬੂਰ ਕਰ ਦਿੱਤਾ। ਸ਼ਰਨਾਰਥੀ ਸੰਕਟ ‘ਤੇ ਅੰਤਰਰਾਸ਼ਟਰੀ ਤੇ ਘਰੇਲੂ ਪੱਧਰ ‘ਤੇ ਵਧ ਰਹੇ ਦਬਾਅ ਵਿਚਾਲੇ ਬਰਤਾਨੀਆ ਸਰਕਾਰ ਨੇ 15 ਹਜ਼ਾਰ ਸੀਰੀਆਈ ਸ਼ਰਨਾਰਥੀਆਂ ਨੂੰ ਪਨਾਹ ਦੇਣ ਦਾ ਫੈਸਲਾ ਕੀਤਾ ਹੈ।

ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਕਿਹਾ ਕਿ ਤੁਰਕੀ ਦੇ ਤੱਟ ਉਤੇ ਤਿੰਨ ਸਾਲਾ ਸੀਰੀਆਈ ਬੱਚੇ ਆਇਲਾਨ ਕੁਰਦੀ ਦੀ ਲਾਸ਼ ਦੀਆਂ ਤਸਵੀਰਾਂ ਦੇਖ ਕੇ ਉਨ੍ਹਾਂ ਨੂੰ ਬਹੁਤੇ ਦੁੱਖ ਹੋਇਆ।
ਆਸਟਰੀਆ ਤੇ ਜਰਮਨੀ ਨੇ ਸ਼ਰਨਾਰਥੀਆਂ ਲਈ ਆਪਣੀ ਸੀਮਾ ਖੋਲ੍ਹ ਦਿੱਤੀ ਹੈ। ਆਸਟਰੀਆ ਦੇ ਚਾਂਸਲਰ ਵਰਨਰ ਫੇਮੈਨ ਨੇ ਐਲਾਨ ਕੀਤਾ ਕਿ ਆਸਟਰੀਆ ਤੇ ਜਰਮਨੀ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਿਚ ਪਨਾਹ ਦੇਣ ਲਈ ਰਾਜ਼ੀ ਹਨ। ਇਸ ਐਲਾਨ ਤੋਂ ਬਾਅਦ ਭਾਰੀ ਗਿਣਤੀ ਵਿਚ ਸ਼ਰਨਾਰਥੀਆਂ ਨੇ ਆਸਟਰੀਆ ਤੇ ਜਰਮਨੀ ਵਿਚ ਜਾਣਾ ਸ਼ੁਰੂ ਕਰ ਦਿੱਤਾ ਹੈ। ਸ਼ਰਨਾਰਥੀਆਂ ਨਾਲ ਭਰੀ ਪਹਿਲੀ ਬੱਸ ਜਿਵੇਂ ਹੀ ਵਿਆਨਾ ਪਹੁੰਚੀ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਨਵੇਂ ਦੇਸ਼ ਵਿਚ ਟਿਕਾਣਾ ਮਿਲਣ ਉੱਤੇ ਸ਼ਰਨਾਰਥੀਆ ਦੇ ਚਿਹਰੇ ਉੱਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ। ਵਿਆਨਾ ਆਉਣ ਉਤੇ ਸ਼ਰਨਾਰਥੀਆ ਨੇ ਆਸਟਰੀਆ ਦੀ ਸਰਕਾਰ ਦਾ ਧੰਨਵਾਦ ਵੀ ਕੀਤਾ। ਯਾਦ ਰਹੇ ਕਿ ਤਿੰਨ ਸਾਲ ਦੇ ਸੀਰੀਆ ਦੇ ਬੱਚੇ ਦੀ ਦਰਦਨਾਕ ਮੌਤ ਨੇ ਸ਼ਰਨਾਰਥੀਆ ਦੀ ਸਮੱਸਿਆ ਵੱਲ ਸਾਰੀ ਦੁਨੀਆਂ ਦਾ ਧਿਆਨ ਖਿੱਚਿਆ ਸੀ। ਆਸਟਰੀਆ ਪੁਲਿਸ ਅਨੁਸਾਰ ਹੁਣ ਤੱਕ 2000 ਸ਼ਰਨਾਰਥੀ ਵਿਆਨਾ ਸ਼ਹਿਰ ਵਿਚ ਪਹੁੰਚ ਚੁੱਕੇ ਹਨ। ਸੀਰੀਆ ਵਿਚ ਮਾੜੇ ਹਾਲਾਤ ਕਾਰਨ ਸ਼ਰਨਾਰਥੀ ਤੁਰਕੀ ਪਹੁੰਚਦੇ ਹਨ। ਜਿਥੇ ਉਹ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਈ ਦਿਨਾਂ ਤੋਂ ਕਰ ਰਹੇ ਸਨ। ਆਸਟਰੀਆ ਕਿੰਨੇ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਿਚ ਪਨਾਹ ਦੇਵੇਗਾ ਇਸ ਬਾਰੇ ਸਰਕਾਰ ਵਸੋਂ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਸਰਕਾਰ ਦਾ ਕਹਿਣਾ ਹੈ ਕਿ ਫ਼ਿਲਹਾਲ ਦੇਸ਼ ਵਿਚ ਆਉਣ ਵਾਲੇ ਸਾਰੇ ਲੋਕਾਂ ਦੇ ਰਹਿਣ ਤੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। 20 ਲੱਖ ਦੇ ਕਰੀਬ ਸ਼ਰਨਾਰਥੀ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਪਨਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਗਜ਼ੈਡਰ ਨੇ ਕਿਹਾ ਹੈ ਕਿ ਸਰਕਾਰ ਪਹਿਲਾਂ ਹੀ 22,000 ਇਰਾਕੀ ਤੇ 2,300 ਸੀਰੀਆ ਦੇ ਲੋਕਾਂ ਨੂੰ ਸ਼ਰਨ ਦੇ ਚੁੱਕੀ ਹੈ।
ਸੰਯੁਕਤ ਰਾਸ਼ਟਰ ਸੰਘ ਵਿਚ ਸ਼ਰਨਾਰਥੀਆਂ ਬਾਰੇ ਏਜੰਸੀ ਦੇ ਮੁਖੀ ਐਨਟੋਰੀਓ ਗੁਟਰਿਓ ਨੇ ਆਖਿਆ ਹੈ ਕਿ ਯੂਰਪੀਅਨ ਯੂਨੀਅਨ ਨੂੰ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਹੰਗਰੀ ਵਿਚ ਅਜੇ ਵੀ ਹਜ਼ਾਰਾਂ ਸ਼ਰਨਾਰਥੀਆਂ ਨੇ ਰੇਲਵੇ ਲਾਈਨ ਨੂੰ ਘਿਰਿਆ ਹੋਇਆ ਹੈ। ਸ਼ਰਨਾਰਥੀ ਰੇਲ ਰਾਹੀਂ ਹੰਗਰੀ ਤੋਂ ਆਸਟਰੀਆ ਜਾਣਾ ਚਾਹੁੰਦੇ ਹਨ। ਸ਼ਰਨਾਰਥੀਆਂ ਦੀ ਗਿਣਤੀ ਵਧਣ ਕਾਰਨ ਹੰਗਰੀ ਸਰਕਾਰ ਨੇ ਰੇਲ ਲਾਈਨ ਵੀ ਬੰਦ ਕਰ ਦਿੱਤੀ। ਹੰਗਰੀ ਦੀ ਸਰਕਾਰ ਸ਼ਰਨਾਰਥੀਆਂ ਨੂੰ ਕੈਂਪ ਵਿਚ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਅਜਿਹਾ ਕਰਕੇ ਉਨ੍ਹਾਂ ਨੂੰ ਜਰਮਨੀ ਜਾਣ ਤੋਂ ਰੋਕ ਰਹੀ ਹੈ। ਇਸ ਕਾਰਨ ਹੰਗਰੀ ਦੀ ਪੁਲਿਸ ਤੇ ਸ਼ਰਨਾਰਥੀਆਂ ਵਿਚਾਲੇ ਝੜਪ ਵੀ ਹੋ ਚੁੱਕੀ ਹੈ। ਸੀਰੀਆ ਤੇ ਹੋਰ ਦੇਸ਼ਾਂ ਵਿਚ ਹਾਲਤ ਖ਼ਰਾਬ ਹੋਣ ਦੇ ਕਾਰਨ ਵੱਡੀ ਗਿਣਤੀ ਵਿਚ ਸ਼ਰਨਾਰਥੀ ਯੂਰਪੀਅਨ ਦੇਸ਼ਾਂ ਵਿਚ ਆ ਰਹੇ ਹਨ।
________________________________________
ਸ਼ਰਨਾਰਥੀਆਂ ਬਾਰੇ ਖਾੜੀ ਦੇਸ਼ ਅਜੇ ਵੀ ਚੁੱਪ
ਦੁਬਈ: ਸੀਰੀਆ ਦੇ ਸ਼ਰਨਾਰਥੀਆਂ ਦਾ ਮੁੱਦਾ ਇਸ ਸਮੇਂ ਅੰਤਰਰਾਸ਼ਟਰੀ ਪੱਧਰ ਉਤੇ ਛਾਇਆ ਹੋਇਆ ਹੈ। ਇੰਗਲੈਂਡ ਸਮੇਤ ਯੂਰਪ ਦੇ ਕਈ ਦੇਸ਼ ਸ਼ਰਨਾਰਥੀਆਂ ਨੂੰ ਪਨਾਹ ਦੇ ਰਹੇ ਹਨ ਪਰ ਖਾੜੀ ਦੇਸ਼ਾਂ ਨੇ ਇਸ ਪੂਰੇ ਮਾਮਲੇ ਉੱਤੇ ਚੁੱਪ ਵਟੀ ਹੋਈ ਹੈ। ਸਾਲ 1990 ਵਿਚ ਜਦੋਂ ਇਰਾਕ ਨੇ ਕੁਵੈਤ ਉੱਤੇ ਹਮਲਾ ਕੀਤਾ ਸੀ ਤਾਂ ਹਜ਼ਾਰਾਂ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਕਈ ਖਾੜੀ ਦੇਸ਼ ਅੱਗੇ ਆਏ ਸਨ। 25 ਸਾਲ ਬਾਅਦ ਹਾਲਤ ਫਿਰ ਉਸ ਤਰ੍ਹਾਂ ਦੇ ਬਣ ਗਏ ਹਨ ਪਰ ਇਸ ਵਾਰ ਦੁਨੀਆਂ ਦੇ ਅਮੀਰ ਖਾੜੀ ਦੇਸ਼ਾਂ ਤੋਂ ਸ਼ਰਨਾਰਥੀਆਂ ਨੂੰ ਨਿਰਾਸ਼ਾ ਮਿਲ ਰਹੀ ਹੈ। ਦੂਜੇ ਪਾਸੇ ਐਮਨਸਟੀ ਇੰਟਰਨੈਸ਼ਨਲ ਨੇ ਅਰਬ ਦੇਸ਼ਾਂ ਦੇ ਇਸ ਰਵੱਈਏ ਨੂੰ ਬੇਹੱਦ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਤਰ, ਕੁਵੈਤ, ਬਹਿਰੀਨ, ਸਾਉਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੀ ਇਸ ਮੁੱਦੇ ਉਤੇ ਅਲੋਚਨਾ ਕੀਤੀ ਹੈ।
______________________________________
ਆਲਿਅਨ ਦੀਆਂ ਤਸਵੀਰਾਂ ਨੇ ਹਿਲਾ ਕੇ ਰੱਖ ਦਿੱਤਾ ਯੂਰਪ
ਅੰਕਾਰਾ: ਤਿੰਨ ਸਾਲਾ ਆਲਿਅਨ ਕੁਰਦੀ ਆਪਣੇ ਪੰਜ ਸਾਲ ਦੇ ਭਰਾ ਤੇ ਮਾਂ ਦੇ ਨਾਲ ਸਮੁੰਦਰ ਵਿਚ ਡੁੱਬ ਗਿਆ ਸੀ। ਪੂਰਾ ਪਰਿਵਾਰ ਸੀਰੀਆ ਦੇ ਹਲਾਤ ਤੋਂ ਤੰਗ ਆ ਕੇ ਚੰਗੀ ਜ਼ਿੰਦਗੀ ਲਈ ਯੂਰਪ ਲਈ ਨਿਕਲਿਆ ਸੀ ਪਰ ਕਿਸ਼ਤੀ ਸਮੁੰਦਰ ਵਿਚ ਡੁੱਬਣ ਕਾਰਨ ਪਰਿਵਾਰ ਦੀ ਮੌਤ ਹੋ ਗਈ। ਬੱਸ ਜ਼ਿੰਦਾ ਬਚਿਆ ਹੈ ਤਾਂ ਆਲਿਅਨ ਦਾ ਪਿਤਾ ਅਬਦੁਲਾ। ਇਸ ਪਰਿਵਾਰ ਨੇ ਕੈਨੇਡਾ ਸਰਕਾਰ ਕੋਲ ਸ਼ਰਨ ਲਈ ਅਰਜ਼ੀ ਦਿੱਤੀ ਸੀ ਜਿਸ ਨੂੰ ਸਰਕਾਰ ਨੇ ਖ਼ਾਰਜ ਕਰ ਦਿੱਤਾ ਸੀ। ਆਲਿਅਨ ਦੀ ਸਮੁੰਦਰ ਕੱਢਿਓਂ ਲਾਸ਼ ਮਿਲਣ ਪਿੱਛੋਂ ਕੌਮਾਂਤਰੀ ਪੱਧਰ ‘ਤੇ ਕੈਨੇਡਾ ਸਰਕਾਰ ਦੀ ਅਲੋਚਨਾ ਹੋਈ ਸੀ। ਬੱਚੇ ਦੇ ਪਿਤਾ ਅਬਦੁੱਲਾ ਦੀ ਭੈਣ ਕੈਨੇਡਾ ਵਿਚ ਹੈ। ਕੈਨੇਡਾ ਵਿਚ ਚੋਣਾਂ ਦਾ ਮਾਹੌਲ ਹੋਣ ਕਾਰਨ ਇਹ ਮੁੱਦਾ ਰਾਜਸੀ ਬਣ ਗਿਆ ਹੈ