ਕੈਨੇਡਾ ਦੀ ਸਿਆਸਤ ਵਿਚ ਛਾਏ ਪੰਜਾਬੀ

ਚੰਡੀਗੜ੍ਹ: ਭਾਰਤੀ ਮੂਲ ਦੇ ਕੈਨੇਡੀਆਈ ਨਾਗਰਿਕਾਂ ਵਜੋਂ ਜਾਣੇ ਜਾਂਦੇ ਕਈ ਪੰਜਾਬੀ ਉਮੀਦਵਾਰ ਕੈਨੇਡੀਆਈ ਸੰਘੀ ਆਮ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸੰਸਦ ਦੇ ਹੇਠਲੇ ਸਦਨ ਦੇ ਮੈਂਬਰਾਂ ਦੀ ਇਹ ਚੋਣ 19 ਅਕਤੂਬਰ ਨੂੰ ਹੋਵੇਗੀ। ਇਨ੍ਹਾਂ ਉਮੀਦਵਾਰਾਂ ਵਿਚ ਕੁਝ ਅਜਿਹੇ ਵੀ ਹਨ, ਜਿਹੜੇ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ। 2015 ਦੀਆਂ ਆਮ ਚੋਣਾਂ ਵਿਚ 40 ਪੰਜਾਬੀ ਮੈਦਾਨ ਵਿਚ ਹਨ।

ਇਨ੍ਹਾਂ ਵਿਚ ਕੁਝ ਮੰਤਰੀਆਂ ਤੋਂ ਇਲਾਵਾ ਮੌਜੂਦਾ ਸੰਸਦ ਮੈਂਬਰ ਵੀ ਸ਼ਾਮਲ ਹਨ। ਤਿੰਨ ਮੁੱਖ ਸਿਆਸੀ ਪਾਰਟੀਆਂ ਕੰਜ਼ਰਵੇਟਿਵਜ਼, ਲਿਬਰਲਜ਼ ਅਤੇ ਨਿਊ ਡੈਮੋਕਰੇਟਿਕ ਪਾਰਟੀ (ਐਨæਡੀæਪੀæ) ਨੇ ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਬਰੈਂਪਟਨ, ਸਰੀ, ਕੈਲਗਰੀ ਤੇ ਐਡਮੰਟਨ ਤੋਂ ਪਿੜ ਵਿਚ ਉਤਾਰਿਆ ਹੈ। ਇਸ ਵਾਰ ਸੰਸਦ ਦੀਆਂ ਸੀਟਾਂ 308 ਤੋਂ ਵਧਾ ਕੇ 338 ਕੀਤੀਆਂ ਗਈਆਂ ਹਨ। ਚੋਣ ਸਰਵੇਖਣਾਂ ਵਿਚ ਨਿਊ ਡੈਮੋਕਰੇਟਿਕ ਪਾਰਟੀ ਦਾ ਹੱਥ ਉੱਤੇ ਦਿਖਾਇਆ ਗਿਆ ਹੈ।
ਚੋਣ ਮੈਦਾਨ ਵਿਚ ਕੁੱਦੇ ਉੱਘੇ ਪੰਜਾਬੀ ਉਮੀਦਵਾਰਾਂ ਵਿਚ ਮੰਤਰੀ ਬੱਲ ਗੋਸਲ ਸ਼ਾਮਲ ਹਨ। ਉਹ ਕੰਜ਼ਰਵੇਟਿਵ ਪਾਰਟੀ ਦੀ ਟਿਕਟ ‘ਤੇ ਬਰੈਂਪਟਨ ਕੇਂਦਰੀ ਹਲਕੇ ਤੋਂ ਮੈਦਾਨ ਵਿਚ ਹਨ। ਉਨ੍ਹਾਂ ਵਿਰੁੱਧ ਲਿਬਰਲਜ਼ ਨੇ ਰਮੇਸ਼ਵਰ ਸਾਂਘਾ ਨੂੰ ਖੜ੍ਹਾ ਕੀਤਾ ਹੈ। ਇਕ ਹੋਰ ਮੰਤਰੀ ਟਿਮ ਉੱਪਲ ਐਡਮੰਟਨ ਮਿਲਵੁੱਡਜ਼ ਤੋਂ ਚੋਣ ਲੜ ਰਹੇ ਹਨ। ਲਿਬਰਲ ਪਾਰਟੀ ਨੇ ਇਸ ਹਲਕੇ ਤੋਂ ਅਮਰਜੀਤ ਕੋਹਲੀ ਨੂੰ ਟਿਕਟ ਦਿੱਤੀ ਹੈ। ਐਨæਡੀæਪੀæ ਨੇ ਬਰੈਂਪਟਨ ਪੂਰਬੀ ਤੋਂ ਹਰਬਲਜੀਤ ਕਾਹਲੋਂ ਨੂੰ, ਬਰੈਂਪਟਨ ਉੱਤਰੀ ਤੋਂ ਮਾਰਟਿਨ ਸਿੰਘ, ਬਰੈਂਪਟਨ ਦੱਖਣੀ ਤੋਂ ਅਮਰਜੀਤ ਸਿੰਘ ਨੂੰ ਟਿਕਟ ਦਿੱਤੀ ਹੈæ ਪਾਰਟੀ ਨੇ ਕੈਲਗਰੀ ਸਕਾਈਵਿਊ ਹਲਕੇ ਤੋਂ ਸਹਿਜਵੀਰ ਸਿੰਘ ਰੰਧਾਵਾ, ਐਡਮੰਟਨ ਮਿਲਵੁੱਡਜ਼ ਤੋਂ ਜਸਬੀਰ ਦਿਓਲ, ਕਾਮਲੂਪ ਤੋਂ ਬਿੱਲ ਸੰਧੂ, ਸਰੀ ਕੇਂਦਰੀ ਤੋਂ ਜਸਬੀਰ ਸੰਧੂ ਤੇ ਵੈਨਕੂਵਰ ਦੱਖਣੀ ਹਲਕੇ ਤੋਂ ਅਮਰਦੀਪ ਨਿੱਝਰ ਨੂੰ ਖੜ੍ਹਾ ਕੀਤਾ ਹੈ। ਲਿਬਰਲ ਪਾਰਟੀ ਨੇ ਬਰੈਂਪਟਨ ਪੂਰਬੀ ਤੋਂ ਰਾਜ ਗਰੇਵਾਲ, ਬਰੈਂਪਟਨ ਦੱਖਣੀ ਤੋਂ ਸੋਨੀਆ ਸਿੱਧੂ, ਬਰੈਂਪਟਨ ਤੋਂ ਕਮਲ ਖੇੜਾ ਤੇ ਕਿਚਨਰ ਕੇਂਦਰੀ ਤੋਂ ਰਾਜ ਸੈਣੀ ਨੂੰ ਟਿਕਟ ਦਿੱਤੀ ਹੈ। ਮਿਸੀਸਾਗਾ ਮਿਲਟਨ ਹਲਕੇ ਤੋਂ ਪਾਰਟੀ ਨੇ ਨਵਦੀਪ ਬੈਂਸ ਨੂੰ ਖੜ੍ਹਾਇਆ ਹੈ। ਲਿਬਰਲ ਪਾਰਟੀ ਨੇ ਦਰਸ਼ਨ ਕੰਗ, ਜੋਤੀ ਸਿੱਧੂ, ਸੁੱਖ ਧਾਲੀਵਾਲ, ਅੰਜੂ ਢਿੱਲੋਂ ਤੇ ਗਗਨ ਸਿਕੰਦ ਨੂੰ ਵੀ ਕਿਸਮਤ ਅਜ਼ਮਾਉਣ ਦਾ ਮੌਕਾ ਦਿੱਤਾ ਹੈ।
ਕੰਜ਼ਰਵੇਟਿਵ ਪਾਰਟੀ ਨੇ ਨੀਨਾ ਗਰੇਵਾਲ, ਹਰਪ੍ਰੀਤ ਸਿੰਘ, ਸੁੱਚਾ ਥਿੰਦ, ਦਵਿੰਦਰ ਸ਼ੋਰੀ, ਦੀਪਕ ਓਬਰਾਏ, ਜਗਦੀਸ਼ ਗਰੇਵਾਲ ਤੇ ਰਵਿੰਦਰ ਮੱਲ੍ਹੀ ਨਾਂ ਦੇ ਪੰਜਾਬੀ ਉਮੀਦਵਾਰਾਂ ਉਤੇ ਦਾਅ ਖੇਡਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਜਗਰੂਪ ਸਿੰਘ ਬਰਾੜ ਨੇ ਕਿਹਾ ਕਿ ਚੋਣ ਪ੍ਰਚਾਰ ਸਿਖਰ ਉਤੇ ਹੈ। ਕਈ ਸ਼ਹਿਰਾਂ ਵਿਚ ਪੰਜਾਬੀਆਂ ਦੀ ਬਹੁਗਿਣਤੀ ਕਾਰਨ ਉਨ੍ਹਾਂ ਨੂੰ ਟਿਕਟਾਂ ਮਿਲਣਾ ਆਮ ਵਰਤਾਰਾ ਹੈ।