ਅੰਮ੍ਰਿਤਸਰ ‘ਚ ਬਣੇਗਾ ਸੰਤਾਲੀ ਦੀ ਤ੍ਰਾਸਦੀ ਦਰਸਾਉਂਦਾ ਅਜਾਇਬ ਘਰ

ਅੰਮ੍ਰਿਤਸਰ: 1947 ਵਿਚ ਦੇਸ਼ ਦੀ ਵੰਡ ਸਮੇਂ ਵਾਪਰੀ ਤ੍ਰਾਸਦੀ ਨੂੰ ਦਰਸਾਉਣ ਲਈ ਇਕ ਵਿਸ਼ਵ ਪੱਧਰੀ ਮਿਊਜ਼ੀਅਮ ਅੰਮ੍ਰਿਤਸਰ ਵਿਚ ਬਣਾਉਣ ਦੀ ਯੋਜਨਾ ਹੈ। ਵਿਸ਼ਵ ਇਤਿਹਾਸ ਦੀ ਹੁਣ ਤੱਕ ਸਭ ਤੋਂ ਵੱਡੀ ਤ੍ਰਾਸਦੀ ਤੇ ਮਨੁੱਖੀ ਜਾਨਾਂ ਖਪਾਊ ਹੋਣੀ ਇਸੇ ਖਿੱਤੇ ਵਿਚ ਵਾਪਰੀ ਸੀ, ਜਿਸ ਨੇ ਦੋ ਦੇਸ਼ਾਂ ਵਿਚਕਾਰ ਖਿੱਚੀ ਇਕ ਲਕੀਰ ਦੀ ਵੰਡ ਬਦਲੇ 10 ਲੱਖ ਮਨੁੱਖੀ ਜਾਨਾਂ ਲਈਆਂ ਸਨ।

ਇਸ ਘਟਨਾ ਉਤੇ ਜਿਥੇ ਕਈ ਨਾਵਲ, ਕਹਾਣੀਆਂ ਤੇ ਫਿਲਮਾਂ ਬਣੀਆਂ ਹਨ, ਉਥੇ ਇਸੇ ਖਾਸੀਅਤ ਦੇ ਮੱਦੇਨਜ਼ਰ ਵਿਸ਼ਵ ਬੈਂਕ ਵੱਲੋਂ ਦੇਸ਼ ਦੀ ਵੰਡ ਉਤੇ ਕੌਮਾਂਤਰੀ ਅਜਾਇਬ ਘਰ ਬਣਾਉਣ ਦੀ ਤਜਵੀਜ਼ ਦੌਰਾਨ ਦਿੱਲੀ ਤੇ ਅੰਮ੍ਰਿਤਸਰ ਨੂੰ ਸੰਭਾਵਿਤ ਸਥਾਨਾਂ ਵਜੋਂ ਵੇਖਿਆ ਜਾ ਰਿਹਾ ਸੀ, ਜਿਸ ਵਿਚੋਂ ਹੁਣ ਅੰਮ੍ਰਿਤਸਰ ਦੀ ਚੋਣ ਕਰਨ ਦਾ ਫ਼ੈਸਲਾ ਕੀਤਾ ਹੈ।
ਵਿਸ਼ਵ ਬੈਂਕ ਦੀ ਪੰਜ ਮੈਂਬਰੀ ਟੀਮ ਨੇ ਭਾਰਤ ਸਰਕਾਰ ਵੱਲੋਂ ਵਿਰਾਸਤੀ ਤੇ ਸਮਾਰਟ ਸਿਟੀ ਦਾ ਦਰਜਾ ਪ੍ਰਾਪਤ ਅੰਮ੍ਰਿਤਸਰ ਦੀ ਫੇਰੀ ਮੌਕੇ ਵਿਸ਼ਵ ਪੱਧਰੀ ਅਜਾਇਬ ਘਰ ਦੀਆਂ ਸੰਭਾਵਨਾਵਾਂ ਘੋਖੀਆਂ। ਇਸ ਦੌਰਾਨ ਟੀਮ ਸਥਾਨਕ ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ, ਪੈਨੋਰਮਾ, ਟਾਊਨ ਹਾਲ, ਕਿਲ੍ਹਾ ਗੋਬਿੰਦਗੜ੍ਹ ਤੇ ਚਾਲੀ ਖੂਹ ਵਿਖੇ ਗਈ ਤੇ ਸੰਭਾਵਨਾਵਾਂ ਦਾ ਜਾਇਜ਼ਾ ਲਿਆ। ਟੀਮ ਵਿਚ ਵਿਸ਼ਵ ਪ੍ਰਸਿੱਧ ਆਰਥਿਕ ਮਾਹਰ ਮੇਘਨੰਦ ਦੇਸਾਈ, ਕੇਸ਼ਵਰ ਦੇਸਾਈ, ਮਲਿਕਾ ਆਹਲੂਵਾਲੀਆ, ਗੀਤਾਂਜਲੀ ਚਤੁਰਵੇਦੀ ਤੇ ਬਿੰਦੂ ਮਨਚੰਦਾ ਸ਼ਾਮਲ ਸਨ।
ਇਹ ਟੀਮ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬੈਠਕ ਕਰਕੇ ਵੰਡ ‘ਤੇ ਅਜਾਇਬ ਘਰ ਬਣਾਉਣ ਲਈ ਚਰਚਾ ਕਰ ਚੁੱਕੀ ਹੈ। ਪਹਿਲਾਂ ਇਹ ਅਜਾਇਬ ਘਰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣਾਉਣ ਦਾ ਵਿਚਾਰ ਸੀ, ਜੋ ਹੁਣ ਅੰਮ੍ਰਿਤਸਰ ਵਿਚ ਬਣਾਇਆ ਜਾਵੇਗਾ। ਲੰਡਨ ਵਿਚ ਮਹਾਤਮਾ ਗਾਂਧੀ ਦਾ ਬੁੱਤ ਸਥਾਪਤ ਕਰਨ ਵਿਚ ਪ੍ਰਮੁੱਖ ਰਹੇ ਸ੍ਰੀਮਤੀ ਕੇਸ਼ਵਰ ਦੇਸਾਈ ਅਨੁਸਾਰ ਹਿੰਦ-ਪਾਕਿ ਵੰਡ ‘ਤੇ ਅਜਾਇਬ ਘਰ ਬਣਾਉਣ ਬਾਰੇ ਉਨ੍ਹਾਂ 20 ਸਾਲ ਪਹਿਲਾਂ ਸੋਚਿਆ ਸੀ, ਜੋ ਹੁਣ ਵੰਡ ਦੇ 68 ਵਰ੍ਹੇ ਬਾਅਦ ਬਣਦਾ ਨਜ਼ਰ ਆ ਰਿਹਾ ਹੈ।
ਦੇਸਾਈ ਨੇ ਦੱਸਿਆ ਕਿ ਉਨ੍ਹਾਂ ਸਮੇਤ ਕਈ ਲੋਕਾਂ ਨੂੰ ਆਪਣੇ ਵੱਡਿਆਂ ਤੋਂ ਮਿਲੇ ਉਸ ਮੰਜ਼ਰ ਦੇ ਅੰਸ਼ ਯਾਦ ਹਨ, ਜੋ ਸਦੀਆਂ ਬਾਅਦ ਵੀ ਕਿਸੇ ਦਿਲ ਨੂੰ ਚੀਸ ਦਿੰਦੇ ਰਹਿਣਗੇ। ਉਕਤ ਟੀਮ ਨੇ ਸਥਾਨਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਵੀ ਇਮਾਰਤੀ ਮੁਜੱਸਮੇ ਵਜੋਂ ਵੇਖਿਆ, ਜਿਸ ਵਿਚੋਂ ਅੱਜ ਵੀ ਅੰਗਰੇਜ਼ੀ ਰਾਜ ਵੇਲੇ ਦੀ ਵਿਰਾਸਤ ਝਲਕਦੀ ਹੈ ਤੇ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਵਿਚਾਰ ਸਮਰ ਪੈਲੇਸ ਸਬੰਧੀ ਸਨ। ਸ੍ਰੀਮਤੀ ਦੇਸਾਈ ਨੇ ਪੰਜਾਬ ਸਰਕਾਰ ਵੱਲੋਂ ਕਿਲ੍ਹਾ ਗੋਬਿੰਦਗੜ੍ਹ ਦੀ ਵਿਰਾਸਤੀ ਸੰਭਾਲ ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਰਾਸਤੀ, ਸੱਭਿਆਚਾਰ ਤੇ ਸੈਰ-ਸਪਾਟਾ ਕੇਂਦਰ ਵਜੋਂ ਮਸ਼ਹੂਰ ਹੈ, ਜਿਸ ਨੂੰ ਉਹ ਅਜਾਇਬ ਘਰ ਵਜੋਂ ਘੋਖਣ ਲਈ ਆਏ ਹਨ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਨਾਲ ਬੈਠਕ ਮਗਰੋਂ ਟੀਮ ਦਾ ਮੰਤਵ ਵੰਡ ‘ਤੇ ਬਣਨ ਵਾਲੇ ਵਿਸ਼ਵ ਪੱਧਰੀ ਅਜਾਇਬ ਘਰ ਦੀਆਂ ਸੰਭਾਵਨਾਵਾਂ ਦੀ ਘੋਖ ਕਰਨਾ ਹੈ, ਜਿਸ ਵਿਚ ਉਨ੍ਹਾਂ ਨੂੰ ਕਾਫ਼ੀ ਸੰਤੁਸ਼ਟੀ ਮਿਲੀ ਹੈ ਤੇ ਉਹ ਸਥਾਨ ਪੱਕਾ ਕਰਨ ਲਈ ਮੁੜ ਮੁੱਖ ਮੰਤਰੀ ਨਾਲ ਬੈਠਕ ਕਰਨਗੇ।
______________________________
40 ਖੂਹ ਵਾਲੇ ਬਾਗ ਦੀ ‘ਜੂਨ ਸੰਵਾਰਨ’ ਦੀ ਯੋਜਨਾ
ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਇਤਿਹਾਸਕ ਤੇ ਪੁਰਾਤਨ 40 ਖੂਹ ਬਾਗ ਨੂੰ ਕੁਦਰਤੀ ਵਾਤਾਵਰਣ ਸਾਂਭ ਸੰਭਾਲ ਵਾਲਾ ਪਾਰਕ ਬਣਾਉਣ ਦਾ ਐਲਾਨ ਕੀਤਾ ਹੈ। ਇਹ ਬਾਗ ਇਸ ਵੇਲੇ ਬਦਤਰ ਸਥਿਤੀ ਵਿਚ ਹੈ ਤੇ ਸਾਂਭ ਸੰਭਾਲ ਦੀ ਮੰਗ ਕਰ ਰਿਹਾ ਹੈ। ਇਸ ਬਾਗ ਨੂੰ ਪਹਿਲਾਂ ਵੀ ਸੰਭਾਲਣ ਤੇ ਸੁਧਾਰਨ ਲਈ ਯੋਜਨਾ ਬਣ ਚੁੱਕੀ ਹੈ ਪਰ ਇਹ ਯੋਜਨਾ ਹੁਣ ਤੱਕ ਅਮਲ ਵਿਚ ਨਹੀਂ ਆਈ ਹੈ। ਇਹ ਇਲਾਕਾ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਹੇਠ ਆਉਂਦਾ ਹੈ, ਜਿਸ ਦੀ ਵਿਧਾਇਕ ਡਾæ ਨਵਜੋਤ ਕੌਰ ਸਿੱਧੂ ਹੈ। ਇਸ ਬਾਗ ਸਮੇਤ ਅੱਪਰਬਾਰੀ ਦੁਆਬ ਨਹਿਰ ਦੇ ਨਾਲ ਲੱਗਦੀ ਪੱਟੀ ਨੂੰ ਚੰਡੀਗੜ੍ਹ ਦੀ ‘ਲਈਅਰ ਵੈਲੀ’ ਵਰਗਾ ਬਣਾਉਣ ਦੀ ਯੋਜਨਾ ਸੀ ਤਾਂ ਜੋ ਇਹ ਸਥਾਨ ਸੈਰ ਸਪਾਟੇ ਦਾ ਕੇਂਦਰ ਵੀ ਬਣ ਸਕੇ। ਤਕਰੀਬਨ 40 ਏਕੜ ਰਕਬੇ ਵਿਚ ਆਉਂਦੇ ਇਹ 40 ਖੂਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ਹਿਰ ਦੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਸਥਾਪਤ ਕੀਤੇ ਗਏ ਸਨ। ਇਹ ਖੂਹ ਅੱਜ ਵੀ ਇਥੇ ਮੌਜੂਦ ਹਨ ਪਰ ਹੁਣ ਸ਼ਹਿਰ ਵਿਚ ਪਾਣੀ ਸਪਲਾਈ ਦਾ ਸਾਧਨ ਹੋਰ ਬਣ ਚੁੱਕਾ ਹੈ।