‘ਹੱਕਾਂ’ ਦੀ ਲੜਾਈ ‘ਚ ਉਲਝੀਆਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ

ਨਵੀਂ ਦਿੱਲੀ: ਹਿੰਦੀ ਫਿਲਮ ‘ਸਿੰਘ ਇਜ਼ ਬਲਿੰਗ’ ਤੇ ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਵਿਚ ਤਕਰਾਰ ਖੜ੍ਹਾ ਹੋ ਗਿਆ ਹੈ। ਦਿੱਲੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਮੀਡੀਆ ਨੂੰ ਦਿੱਤੇ ਗਏ ਬਿਆਨ ਉਤੇ ਸਖਤ ਨਰਾਜ਼ਗੀ ਜ਼ਾਹਰ ਕਰਦੇ ਹੋਏ ਦਿੱਲੀ ਕਮੇਟੀ ‘ਤੇ ਧੌਂਸ ਨਾ ਜਮਾਉਣ ਦੀ ਨਸੀਹਤ ਦਿੱਤੀ ਹੈ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਕਿਹਾ ਕਿ ਉਨ੍ਹਾਂ ਫਿਲਮ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਹੈ ਤੇ ਮਾਮਲਾ ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਕੋਲ ਵਿਚਾਰ ਅਧੀਨ ਹੈ।
ਦੱਸਣਯੋਗ ਹੈ ਕਿ ਫਿਲਮ ‘ਸਿੰਘ ਇਜ਼ ਬਲਿੰਗ’ ਦੇ ਕੁਝ ਦ੍ਰਿਸ਼ਾਂ ‘ਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਤੇ ਇਹ ਦ੍ਰਿਸ਼ ਹਟਾਉਣ ਲਈ ਆਖਿਆ ਸੀ। ਇਸ ਤੋਂ ਤੁਰੰਤ ਬਾਅਦ ਦਿੱਲੀ ਕਮੇਟੀ ਦਾ ਵਫਦ ਫਿਲਮ ਦੇ ਕਲਾਕਾਰ ਤੇ ਨਿਰਮਾਤਾ ਅਕਸ਼ੈ ਕੁਮਾਰ ਨੂੰ ਮਿਲਿਆ ਤੇ ਫਿਲਮ ਵਿਚਲੇ ਕੁਝ ਦ੍ਰਿਸ਼ਾਂ ‘ਤੇ ਇਤਰਾਜ਼ ਪ੍ਰਗਟਾਇਆ।
ਇਸ ਮਗਰੋਂ ਦਿੱਲੀ ਕਮੇਟੀ ਨੇ ਐਲਾਨ ਕੀਤਾ ਕਿ ਫਿਲਮ ਪ੍ਰਬੰਧਕਾਂ ਨੇ ਇਤਰਾਜ਼ਯੋਗ ਦ੍ਰਿਸ਼ ਹਟਾਉਣ ਲਈ ਸਹਿਮਤੀ ਦੇ ਦਿੱਤੀ ਹੈ। ਦਿੱਲੀ ਕਮੇਟੀ ਦੀ ਇਸ ਕਾਹਲ ਕਦਮੀ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਤਰਾਜ਼ ਦਾ ਪ੍ਰਗਟ ਕਰਦਿਆਂ ਆਖਿਆ ਸੀ ਕਿ ਦਿੱਲੀ ਕਮੇਟੀ ਨੂੰ ਵਿਵਾਦਤ ਫਿਲਮ ਨੂੰ ਹਰੀ ਝੰਡੀ ਦੇਣ ਦਾ ਕੋਈ ਹੱਕ ਨਹੀਂ ਹੈ। ਸਿੱਖ ਸਿਧਾਤਾਂ ਤੇ ਪ੍ਰੰਪਰਾਵਾਂ ਨਾਲ ਜੁੜੇ ਮਾਮਲਿਆਂ ‘ਤੇ ਸਿਰਫ ਸ਼੍ਰੋਮਣੀ ਕਮੇਟੀ ਹੀ ਅਜਿਹਾ ਫ਼ੈਸਲਾ ਦੇ ਸਕਦੀ ਹੈ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਫਿਲਮ ਨਿਰਮਾਤਾ ਨੇ ਪ੍ਰਵਾਨਗੀ ਲਏ ਬਿਨਾਂ ਫਿਲਮ ਰਿਲੀਜ਼ ਕੀਤੀ ਤਾਂ ਉਸ ਖ਼ਿਲਾਫ਼ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।
ਸ਼ ਮਨਜੀਤ ਸਿੰਘ ਜੀæਕੇæ ਨੇ ਆਖਿਆ ਕਿ ਦਿੱਲੀ ਕਮੇਟੀ ਵੱਲੋਂ ਇਸ ਫਿਲਮ ਨੂੰ ਕੋਈ ਹਰੀ ਝੰਡੀ ਜਾਂ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਇਹ ਮਾਮਲਾ ਅਕਾਲ ਤਖ਼ਤ ਦੇ ਵਿਚਾਰ ਅਧੀਨ ਹੈ ਤੇ ਇਸ ਬਾਰੇ ਅੰਤਿਮ ਫੈਸਲਾ ਵੀ ਅਕਾਲ ਤਖ਼ਤ ਵੱਲੋਂ ਹੀ ਹੋਵੇਗਾ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਫਿਲਮ ਨਿਰਮਾਤਾ ਨੇ ਭਰੋਸਾ ਦਿੱਤਾ ਕਿ ਇਤਰਾਜ਼ਯੋਗ ਦ੍ਰਿਸ਼ ਹਟਾ ਦਿੱਤੇ ਜਾਣਗੇ ਤੇ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਅਕਾਲ ਤਖ਼ਤ ਤੋਂ ਪ੍ਰਵਾਨਗੀ ਲਈ ਜਾਵੇਗੀ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਆਖਿਆ ਕਿ ਦਿੱਲੀ ਕਮੇਟੀ ਸਿਰਫ ਦਿੱਲੀ ਦੇ ਕੁਝ ਗੁਰਦੁਆਰਿਆਂ ਨਾਲ ਸਬੰਧਤ ਹੈ ਜਦੋਂਕਿ ਸ਼੍ਰੋਮਣੀ ਕਮੇਟੀ ਸਮੁੱਚੇ ਦੇਸ਼ ਵਿਦੇਸ਼ ਦੇ ਸਿੱਖਾਂ ਨਾਲ ਜੁੜੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਸਦਨ ਦੇ 15 ਮੈਂਬਰਾਂ ਵਿਚੋਂ ਦੇਸ਼ ਭਰ ਤੋਂ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਇਸ ਲਈ ਦੇਸ਼ ਭਰ ਦੀਆਂ ਸਿੱਖ ਸਮੱਸਿਆਵਾਂ ਬਾਰੇ ਫੈਸਲਾ ਲੈਣ ਦਾ ਹੱਕ ਸਿਰਫ ਸ਼੍ਰੋਮਣੀ ਕਮੇਟੀ ਕੋਲ ਹੀ ਹੈ। ਉਧਰ, ਜੀæਕੇæ ਨੇ ਕਿਹਾ ਕਿ ਦਿੱਲੀ ਕਮੇਟੀ ਹਰ ਪੰਥਕ ਮਸਲੇ ਉਤੇ ਬੋਲਣ ਵਾਸਤੇ ਖੁਦ ਮੁਖਤਿਆਰੀ ਰੱਖਦੀ ਹੈ। ਇਸ ਲਈ ਭਵਿੱਖ ਵਿਚ ਵੀ ਦਿੱਲੀ ਕਮੇਟੀ ਦੀ ਇਹੀ ਕਾਰਜਸ਼ੈਲੀ ਜਾਰੀ ਰਹੇਗੀ।
____________________________________

ਫਿਲਮ ‘ਸਿੰਘ ਇਜ਼ ਬਲਿੰਗ’ ਉਤੇ ਇਹ ਇਤਰਾਜ਼æææ
ਅੰਮ੍ਰਿਤਸਰ: ਇਸ ਫਿਲਮ ਦੇ ਟਰੇਲਰ ਵਿਚ ਦਿਖਾਏ ਗਏ ਕੁਝ ਦ੍ਰਿਸ਼ਾਂ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਤਰਾਜ਼ ਦਾ ਪ੍ਰਗਟਾਵਾ ਕੀਤਾ ਗਿਆ ਸੀ। ਉਨ੍ਹਾਂ ਨੂੰ ਇਸ ਬਾਰੇ ਸਿੱਖ ਸੰਗਤ ਨੇ ਸ਼ਿਕਾਇਤ ਕੀਤੀ ਸੀ। ਫਿਲਮ ਦੇ ਟਰੇਲਰ ਵਿਚ ਸਿੱਖ ਕਕਾਰ ਕੜੇ ਵਿਚੋਂ ਨੰਗੇਜ਼ ਦੇ ਦ੍ਰਿਸ਼ ਦਿਖਾਏ ਗਏ ਹਨ ਤੇ ਕੜੇ ਉਪਰ ਗੁਰਬਾਣੀ ਦੀ ਤੁਕ ਉਕਰੀ ਹੋਈ ਹੈ। ਪੰਜਾਬ ਦੀਆਂ ਪ੍ਰਮੁੱਖ ਚੀਜ਼ਾਂ ਦਾ ਵਰਨਣ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਮੀਟ ਤੇ ਸ਼ਰਾਬ ਦਾ ਨਾਮ ਲਿਆ ਗਿਆ ਹੈ।
__________________________________
ਬੇਲੋੜੀ ਬਿਆਨਬਾਜ਼ੀ ਨਾ ਕਰਨ ਜਥੇਦਾਰ: ਜੀæਕੇæ
ਨਵੀਂ ਦਿੱਲੀ: ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਬੇਲੋੜੀ ਤੇ ਨਾ-ਪੱਖੀ ਬਿਆਨਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਦੇ ਦਾਅਵਿਆਂ ਦੇ ਉਲਟ ਉਨ੍ਹਾਂ ਫਿਲਮ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਅਤੇ ਮਾਮਲਾ ਹਾਲੇ ਅਕਾਲ ਤਖਤ ਕੋਲ ਵਿਚਾਰ ਅਧੀਨ ਹੈ। ਦਿੱਲੀ ਕਮੇਟੀ ਵਫਦ ਨੇ ਨਿਸ਼ਾਨਦੇਹੀ ਕਰਕੇ ਫਿਲਮ ਵਿਚ ਸ਼ਾਮਲ ਇਤਰਾਜਯੋਗ ਦ੍ਰਿਸ਼ਾਂ ਨੂੰ ਹਟਾਉਣ ਦੀ ਅਪੀਲ ਤੇ ਨਾਲ ਹੀ ਅਕਾਲ ਤਖਤ ਪਾਸੋਂ ਮਨਜ਼ੂਰੀ ਲਈ ਗਿਆਨੀ ਗੁਰਬਚਨ ਨਾਲ ਮੁਲਾਕਾਤ ਦੀ ਸਲਾਹ ਫਿਲਮ ਦੇ ਨਿਰਮਾਤਾ ਨੂੰ ਦਿੱਤੀ ਸੀ।
___________________________________
ਸਿੱਖ ਸੰਸਥਾਵਾਂ ‘ਚ ਪਾੜਾ ਵਧਾਉਣ ਦਾ ਯਤਨ: ਬੇਦੀ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਤੀ ਕੀਤੀ ਬਿਆਨਬਾਜ਼ੀ ਬਹੁਤ ਹੀ ਮੰਦਭਾਗੀ ਤੇ ਬੇਸਮਝੀ ਦਾ ਸਬੂਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੀæਕੇæ ਵੱਲੋਂ ਸ਼੍ਰੋਮਣੀ ਕਮੇਟੀ ਵਿਰੁੱਧ ਵਰਤੀ ਗਈ ਸ਼ਬਦਾਵਲੀ ਉੱਚਿਤ ਨਹੀਂ ਹੈ, ਉਹ ਸਿੱਖ ਸੰਸਥਾਵਾਂ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉੱਦਮ ਸਦਕਾ ਹੀ ਦਿੱਲੀ ਕਮੇਟੀ ਦੀ ਚੋਣ ਜਿੱਤੀ ਗਈ ਸੀ। ਪ੍ਰਾਪਤੀਆਂ ਗਿਣਾਉਣ ਦੀ ਥਾਂ ਜੀæਕੇæ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੁਹਿਰਦਤਾ ਨਾਲ ਨਿਭਾਉਣ ਦਾ ਯਤਨ ਕਰਨ।