ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਮਾਮਲਾ ਭਖਿਆ

ਸ੍ਰੀ ਆਨੰਦਪੁਰ ਸਾਹਿਬ: ਵਡਭਾਗ ਸਿੰਘ ਸੰਪਰਦਾ ਸਬੰਧੀ ਛਿੜਿਆ ਵਿਵਾਦ ਭਖਦਾ ਜਾ ਰਿਹਾ ਹੈ। ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਤੇ ਹੁਣ ਪੰਥਕ ਤਾਲਮੇਲ ਸੰਗਠਨ ਨੇ ਵਡਭਾਗ ਸਿੰਘ ਸੰਪਰਦਾ ਬਾਰੇ ਛਿੜੇ ਵਿਵਾਦ ਬਾਰੇ ਸਖ਼ਤ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਸਿੱਖ ਪੰਥ ਦੀ ਕਰੜੀ ਘਾਲਣਾ ਨਾਲ 1936 ਵਿਚ ਸਿੱਖ ਰਹਿਤ ਮਰਿਆਦਾ ਦਾ ਦਸਤਾਵੇਜ਼ ਤਿਆਰ ਕੀਤਾ ਗਿਆ ਸੀ। ਇਸ ਵਿਚ ਪੰਥ-ਦੋਖੀ ਧੀਰ ਮੱਲੀਏ ਤੇ ਰਾਮਰਾਈਏ ਆਦਿਕ ਨਾਲ ਨਾ-ਮਿਲਵਰਤਣ ਰੱਖਣ ਦੇ ਆਦੇਸ਼ ਹਨ।
ਜੇਕਰ ਵਡਭਾਗ ਸਿੰਘ ਨੇ ਅੰਮ੍ਰਿਤ ਛਕ ਲਿਆ ਹੋਇਆ ਸੀ ਤਾਂ ਫਿਰ ਇਹ ਆਦੇਸ਼ ਕੌਮੀ ਦਸਤਾਵੇਜ਼ ਵਿਚ ਕਿਵੇਂ ਦਿੱਤੇ ਹੋਏ ਹਨ। ਸੰਗਠਨ ਦੇ ਮੁਖੀ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸੱਚ ਇਹ ਹੈ ਕਿ ਦਸਤਾਵੇਜ਼ ਦਰੁਸਤ ਹੈ। ਕੌਮ ਦੀ ਸੋਚ ਦਾ ਪ੍ਰਗਟਾਵਾ ਕਰਨ ਵਾਲੀ ਪ੍ਰਣਾਲੀ ਦਾ ਪ੍ਰਬੰਧ ਸਵਾਰਥੀ ਤੇ ਸ਼ਰਾਰਤੀ ਹੱਥਾਂ ਵਿਚ ਜਾ ਚੁੱਕਿਆ ਹੈ। ਵਰਤਮਾਨ ਸਥਿਤੀ ਲਈ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਤੇ ਸ਼ਖ਼ਸੀਅਤਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਉਣ ਵਿਚ ਕੁਤਾਹੀ ਕੀਤੀ ਹੈ ਅਤੇ ਜਥੇਦਾਰਾਂ ਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ। ਜਥੇਦਾਰ ਨੂੰ ਕੋਈ ਹੱਕ ਨਹੀਂ ਕਿ ਉਹ ਵਿਸ਼ਵ ਭਰ ਵਿਚ ਵਸਦੀ ਕੌਮ ਦੀਆਂ ਭਾਵਨਾਵਾਂ ਸੁਣਨ ਤੋਂ ਬਿਨਾਂ ਕਿਸੇ ਵੀ ਮੁੱਦੇ ਉੱਪਰ ਕੋਈ ਪ੍ਰਗਟਾਵਾ ਕਰਨ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ) ਨੇ ਕਿਹਾ ਕਿ ਅੱਜ ਸੂਝਵਾਨ ਸਿੱਖ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖ਼ਤਾਂ ਦੇ ਜਥੇਦਾਰਾਂ ਤੋਂ ਕੋਈ ਉਮੀਦ ਨਹੀਂ ਹੈ। ਕੌਮ ਦੇ ਸਿੱਖੀ ਸਿਧਾਤਾਂ ਤੇ ਨਿਆਰੇਪਨ ਨੂੰ ਜੀਵਤ ਰੱਖਣ ਲਈ ਕੇਵਲ ਕੌਮ ਦੀਆਂ ਨੁਮਾਇੰਦਾ ਸੰਸਥਾਵਾਂ, ਸੰਪਰਦਾਵਾਂ ਤੇ ਸੰਗਤ ਤੋਂ ਹੀ ਉਮੀਦ ਹੈ। ਇਸ ਲਈ ਸਾਂਝੇ ਮਾਣ-ਮੱਤੇ ਨਕਸ਼ੇ ਕਦਮਾਂ ਉਪਰ ਕੇਂਦਰਿਤ ਹੋਣਾ ਅੱਜ ਦੀ ਲੋੜ ਹੈ। ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਇਸ ਮਾਮਲੇ ਵਿਚ ਸਿੱਖ ਰਹਿਤ ਮਰਿਆਦਾ ਨੂੰ ਸਾਹਮਣੇ ਰੱਖ ਕੇ ਅਗਾਂਹ ਤੁਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਕੋਲ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਸਹਿਮਤੀ ਮਿਲਣ ਮਗਰੋਂ ਹੀ ਅਗਲੀ ਕੋਈ ਕਾਰਵਾਈ ਹੋਵੇਗੀ।
________________________________________
ਆਖਰ ਮਾਮਲਾ ਕੀ ਬਣਿਆ?
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਾਲ ਹੀ ਵਿਚ ਆਖਿਆ ਸੀ ਕਿ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਵਿਚ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਉਸ ਨੇ ਅੰਮ੍ਰਿਤ ਛਕ ਲਿਆ ਸੀ। ਉਸ ਤੋਂ ਬਾਅਦ ਉਸ ਦੇ ਜਾਨਸ਼ੀਨ ਬਾਬਾ ਸਵਰਨਜੀਤ ਸਿੰਘ ਵੀ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇ ਚੁੱਕੇ ਹਨ। ਜਥੇਦਾਰ ਵੱਲੋਂ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਏ ਜਾਣ ਨੂੰ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਸੰਗਤ ਦੇ ਵਿਰੋਧ ਕਾਰਨ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਸਿੱਖ ਜਥੇਬੰਦੀਆਂ ਨੇ ਸਵਾਲ ਕੀਤਾ ਸੀ ਕਿ ਜੇਕਰ ਬਾਬਾ ਵਡਭਾਗ ਸਿੰਘ ਅੰਮ੍ਰਿਤ ਛਕ ਦੇ ਪੰਥ ਵਿਚ ਸ਼ਾਮਲ ਹੋ ਗਏ ਹੁੰਦੇ ਤਾਂ ਇਸ ਦਾ ਇਤਿਹਾਸ ਵਿਚ ਹਵਾਲਾ ਜ਼ਰੂਰ ਹੁੰਦਾ। ਉਨ੍ਹਾਂ ਆਖਿਆ ਕਿ 1936-37 ਵਿਚ ਬਣੀ ਸਿੱਖ ਰਹਿਤ ਮਰਿਆਦਾ ਵਿਚ ਇਸ ਬਾਰੇ ਕੋਈ ਜ਼ਿਕਰ ਨਹੀਂ ਹੈ ਤੇ ਇਸੇ ਕਾਰਨ ਹੀ ਧੀਰ ਮੱਲੀਏ ਤੇ ਰਾਮ ਰਈਏ ਆਦਿ ਨਾਲ ਨਾਤਾ ਨਾ ਰੱਖਣ ਦੀ ਹਦਾਇਤ ਕੀਤੀ ਗਈ ਹੈ।