ਫਿਰਕਾਪ੍ਰਸਤੀ ਦਾ ਦੈਂਤ ਫਿਰ ਸਿਰ ਚੁਕਣ ਲੱਗਾ

-ਜਤਿੰਦਰ ਪਨੂੰ
“ਯਾਰ ਕਮਲੇਸ਼ਵਰ, ਇਹ ਮੌਸਮ ਤਾਂ ਬਦਲਣ ਦਾ ਨਾਂ ਹੀ ਨਹੀਂ ਲੈ ਰਿਹਾ।” ਇਹ ਲਫਜ਼ ਕਰੀਬ ਛੱਬੀ ਸਾਲ ਪਹਿਲਾਂ ਭਾਰਤ ਦੇ ਮਹਾਨ ਲੇਖਕ ਰਾਹੀ ਮਾਸੂਮ ਰਜ਼ਾ ਨੇ ਦੂਸਰੇ ਪ੍ਰਮੁੱਖ ਸਾਹਿਤਕਾਰ ਕਮਲੇਸ਼ਵਰ ਨੂੰ ਲਿਖੇ ਸਨ। ਫਿਰਕੂਪੁਣੇ ਦੀ ਉਦੋਂ ਵੀ ਭਾਰਤ ਵਿਚ ਇੱਕ ਹਨੇਰੀ ਚੱਲ ਰਹੀ ਸੀ। ਲੋਕਾਂ ਨੂੰ ਬਰਾਬਰ ਦੇ ਲੋਕ ਮੰਨਣ ਦੀ ਥਾਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਤੇ ਹੋਰ ਧਰਮਾਂ ਨਾਲ ਜੋੜ ਕੇ ਵੇਖਣ ਵਿਚ ਵੱਧ ਦਿਲਚਸਪੀ ਲਈ ਜਾਂਦੀ ਸੀ।

ਭਾਰਤ ਦੀ ਵੰਡ ਹੋਣ ਅਤੇ ਇਸ ਵਿਚੋਂ ਪਾਕਿਸਤਾਨ ਨਾਂ ਦਾ ਦੇਸ਼ ਨਿਕਲਣ ਪਿੱਛੋਂ ਉਹੋ ਜਿਹਾ ਰੂਹਾਂ ਨੂੰ ਸਾੜਨ ਵਾਲਾ ਇਹ ਦੂਸਰਾ ਦੌਰ ਜਾਪਦਾ ਸੀ। ਦੇਸ਼ ਦੀ ਵੰਡ ਪਿੱਛੋਂ ਪੈਦਾ ਹੋਏ ਸਾਡੇ ਵਰਗੇ ਲੋਕ ਵੰਡ ਦੇ ਦੁਖਾਂਤ ਨੂੰ ਪੜ੍ਹਦੇ ਰਹੇ ਸਨ, ਹੰਢਾਉਣਾ ਨਹੀਂ ਸੀ ਪਿਆ। ਕਮਲੇਸ਼ਵਰ ਨੂੰ ਰਾਹੀ ਮਾਸੂਮ ਰਜ਼ਾ ਨੇ ਇਹ ਚਿੱਠੀ ਉਦੋਂ ਲਿਖੀ, ਜਦੋਂ ਸਾਡੇ ਵਰਗਿਆਂ ਨੂੰ ਉਹੋ ਜਿਹੇ ਹਾਲਾਤ ਦਾ ਅਹਿਸਾਸ ਕਰਾਉਣ ਵਾਲਾ ਦੌਰ ਦੁਬਾਰਾ ਸ਼ੁਰੂ ਹੋ ਗਿਆ ਸੀ। ਰਾਹੀ ਮਾਸੂਮ ਰਜ਼ਾ ਹੁਣ ਨਹੀਂ ਰਹੇ, ਪਰ ਉਹ ਮੌਸਮ ਅੱਜ ਵੀ ਮੁੱਕਣ ਦਾ ਨਾਂ ਨਹੀਂ ਲੈ ਰਿਹਾ।
ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਆਗੂ ਜਸਵੰਤ ਸਿੰਘ ਦੀ ਇੱਕ ਕਿਤਾਬ ਅਸੀਂ ਪੜ੍ਹੀ ਸੀ, ਜਿਸ ਵਿਚ ਉਨ੍ਹਾਂ ਇਹ ਦਰਜ ਕੀਤਾ ਸੀ ਕਿ ਪਾਕਿਸਤਾਨ ਬਣਨ ਪਿੱਛੋਂ ਜਦੋਂ ਮੌਲਾਨਾ ਅਬਦੁਲ ਕਲਾਮ ਆਜ਼ਾਦ ਨੂੰ ਜਾਮਾ ਮਸਜਿਦ ਬੋਲਣ ਲਈ ਸੱਦਿਆ ਗਿਆ ਤਾਂ ਉਹ ਬੜੇ ਕੌੜ ਨਾਲ ਬੋਲੇ ਸਨ। ਉਨ੍ਹਾਂ ਕਿਹਾ ਸੀ ਕਿ ਇਸ ਮਸਜਿਦ ਵਿਚ ਕਈ ਸਾਲ ਉਹ ਲੋਕ ਬੋਲਦੇ ਰਹੇ, ਜਿਹੜੇ ਭਾਰਤ ਵਿਚ ਫਿਰਕੂ ਜ਼ਹਿਰ ਬੀਜਣ ਮਗਰੋਂ ਅੱਜ ਪਾਕਿਸਤਾਨ ਵਿਚ ਚਲੇ ਗਏ ਹਨ ਤੇ ਆਪਣੇ ਵੱਡਿਆਂ ਦੀਆਂ ਕਬਰਾਂ ਵੀ ਏਥੇ ਛੱਡ ਗਏ ਹਨ। ਆਜ਼ਾਦ ਨੇ ਇਹ ਵੀ ਕਿਹਾ ਸੀ ਕਿ ਉਦੋਂ ਤੁਸੀਂ ਲੋਕ ਮੇਰੇ ਵਰਗੇ ਆਦਮੀ ਦੀ ਸਾਂਝੀ ਗੱਲ ਸੁਣਨ ਜੋਗਾ ਹੌਸਲਾ ਨਹੀਂ ਸੀ ਕਰ ਸਕੇ, ਪਰ ਅੱਜ ਇਹ ਸੋਚ ਕੇ ਮੈਨੂੰ ਸੱਦਦੇ ਹੋ ਕਿ ਅਸੀਂ ਹੁਣ ਇਸ ਦੇਸ਼ ਵਿਚ ਰਹਿਣਾ ਹੈ। ਲੋਕਾਂ ਦੇ ਅਹਿਸਾਸ ਨੂੰ ਜਗਾਉਂਦੀ ਉਹ ਤਕਰੀਰ ਸਿਰਫ ਮੁਸਲਮਾਨਾਂ ਲਈ ਨਹੀਂ, ਭਾਰਤ ਦੇ ਹਰ ਵਾਸੀ ਲਈ ਇੱਕ ਸਬਕ ਹੋ ਸਕਦੀ ਹੈ। ਅੱਜ ਦੇ ਦੌਰ ਵਿਚ ਵੀ ਉਹ ਤਕਰੀਰ ਬਹੁਤ ਸਾਰੀਆਂ ਸੂਝ ਦੀਆਂ ਗੱਲਾਂ ਹਰ ਕਿਸੇ ਨੂੰ ਸਿੱਖਾ ਸਕਦੀ ਹੈ।
ਵੱਖਰਾ ਦੇਸ਼ ਬਣਨ ਪਿੱਛੋਂ ਪਾਕਿਸਤਾਨ ਦਾ ਬਾਬਾ-ਇ-ਕੌਮ ਮੁਹੰਮਦ ਅਲੀ ਜਿਨਾਹ ਜਦੋਂ ਕਸ਼ਮੀਰ ਦੇ ਮੁਸਲਮਾਨਾਂ ਨੂੰ ਇਹ ਕਹਿਣ ਆਇਆ ਕਿ ਕਸ਼ਮੀਰ ਦੀ ਰਿਆਸਤ ਪਾਕਿਸਤਾਨ ਵਿਚ ਹੋਣੀ ਚਾਹੀਦੀ ਹੈ, ਕਸ਼ਮੀਰੀ ਮੁਸਲਮਾਨਾਂ ਨੇ ਆਪਣੀ ਰਿਆਸਤ ਦੀ ਹੱਦ ਤੋਂ ਉਸ ਨੂੰ ਪਿੱਛੇ ਮੁੜਨ ਨੂੰ ਮਜਬੂਰ ਕਰ ਦਿੱਤਾ ਸੀ। ਕੁਝ ਚਿਰ ਬਾਅਦ ਜਦੋਂ ਕਬਾਇਲੀਆਂ ਦਾ ਭੇਸ ਧਾਰ ਕੇ ਪਾਕਿਸਤਾਨੀ ਫੌਜ ਨੇ ਕਸ਼ਮੀਰ ਘਾਟੀ ਵਿਚ ਘੁਸਪੈਠ ਕੀਤੀ ਤਾਂ ਕਸ਼ਮੀਰ ਦੇ ਰਾਜੇ ਦੀ ਬੇਨਤੀ ਉਤੇ ਆਈ ਭਾਰਤੀ ਫੌਜ ਵੱਲੋਂ ਇਸਲਾਮ ਦੇ ਨਾਂ ਉਤੇ ਬਣੇ ਦੇਸ਼ ਪਾਕਿਸਤਾਨ ਵਿਰੁੱਧ ਧਰਮ ਨਿਰਪੇਖ ਭਾਰਤ ਲਈ ਸ਼ਹੀਦ ਹੋਏ ਪਹਿਲੇ ਭਾਰਤੀਆਂ ਵਿਚ ਬ੍ਰਿਗੇਡੀਅਰ ਮੁਹੰਮਦ ਉਸਮਾਨ ਅਲੀ ਨਾਂ ਦਾ ਇੱਕ ਮੁਸਲਮਾਨ ਵੀ ਸੀ, ਜਿਸ ਨੂੰ ਮਰਨ ਪਿੱਛੋਂ ਮਹਾਂਵੀਰ ਚੱਕਰ ਦਿੱਤਾ ਗਿਆ ਸੀ। ਕੁਝ ਸਾਲ ਪਹਿਲਾਂ ਭਾਰਤੀ ਫੌਜ ਦੇ ਇੱਕ ਸੈਮੀਨਾਰ ਵਿਚ ਇੱਕ ਆਰ ਐਸ ਐਸ ਆਗੂ ਨੇ ਸਾਰਾ ਭਾਸ਼ਣ ਹਿੰਦੂਤਵ ਦੇ ਨਾਂ ਉਤੇ ਕੀਤਾ ਤੇ ਮੁਸਲਮਾਨਾਂ ਨੂੰ ਪਾਕਿਸਤਾਨੀ ਏਜੰਟ ਕਰਾਰ ਦੇਣ ਤੱਕ ਚਲਾ ਗਿਆ। ਉਸ ਦੇ ਪਿੱਛੋਂ ਬੋਲਣ ਵੇਲੇ ਸਾਨੂੰ ਕਹਿਣਾ ਪਿਆ ਕਿ ਇਸ ਸੈਮੀਨਾਰ ਵਾਲੀ ਥਾਂ ਤੋਂ ਚਾਲੀ ਕਿਲੋਮੀਟਰ ਦੂਰ ਉਹ ਪਿੰਡ ਚੀਮਾ ਹੈ, ਜਿੱਥੇ ਇੱਕ ਸਮਾਧੀ ਨੂੰ ਹਿੰਦੂ ਤੇ ਸਿੱਖ ਅੱਜ ਵੀ ਪੂਜਦੇ ਹਨ ਤੇ ਉਹ ਸਮਾਧੀ ਹਵਾਲਦਾਰ ਅਬਦੁਲ ਹਮੀਦ ਦੀ ਹੈ, ਜਿਹੜਾ ਇਸਲਾਮੀ ਦੇਸ਼ ਪਾਕਿਸਤਾਨ ਵਿਰੁੱਧ ਧਰਮ ਨਿਰਪੱਖ ਭਾਰਤ ਲਈ ਲੜਦਾ ਸ਼ਹੀਦ ਹੋਇਆ ਸੀ। ਪਾਕਿਸਤਾਨ ਦੇ ਨੱਬੇ ਤੋਂ ਵੱਧ ਟੈਂਕਾਂ ਦਾ ਘੇਰਾ ਤੋੜਨ ਵਾਲੇ ਜਿਸ ਥਾਂ ਨੂੰ ਅੱਜ ‘ਪੈਟਨ ਟੈਂਕਾਂ ਦਾ ਕਬਰਿਸਤਾਨ’ ਕਿਹਾ ਜਾਂਦਾ ਹੈ, ਓਥੇ ਸ਼ਹੀਦੀ ਪਾਉਣ ਤੋਂ ਪਹਿਲਾਂ ਸਭ ਨਾਲੋਂ ਵੱਧ ਸੱਤ ਟੈਂਕ ਤੋੜਨ ਦੇ ਬਾਅਦ ਉਸ ਨੇ ਆਪਣੇ ਪ੍ਰਾਣ ਦਿੱਤੇ ਸਨ। ਇਸ ਤਰ੍ਹਾਂ ਦੀਆਂ ਕਈ ਹੋਰ ਸ਼ਹੀਦੀਆਂ ਅਸੀਂ ਭੁਲਾ ਕੇ ਭਾਰਤ ਵਿਚ ਹੁਣ ਫਿਰ ਉਹੋ ਜਿਹਾ ਮਾਹੌਲ ਬਣਾਇਆ ਜਾਂਦਾ ਵੇਖਦੇ ਹਾਂ, ਜਿਸ ਨੇ ਪਹਿਲਾਂ ਹੀ ਬੜੇ ਖਤਰਨਾਕ ਸਿੱਟੇ ਕੱਢੇ ਹੋਏ ਹਨ।
ਫੁੱਟ ਫਿਰਕੇਦਾਰਾਂ ਨੇ ਪਾਈ ਸੀ, ਪਰ ਭੁਗਤੀ ਆਮ ਲੋਕਾਂ ਨੇ ਸੀ। ਇੱਕ ਵਾਰੀ ਲੰਡਨ ਦੇ ਇੱਕ ਸਮਾਗਮ ਦੀ ਸਮਾਪਤੀ ਦੇ ਬਾਅਦ ਇੱਕ ਪਾਕਿਸਤਾਨੀ ਨੇ ਆਣ ਕੇ ਲਾਹੌਰੀਆ ਪੰਜਾਬੀ ਵਿਚ ਮੈਨੂੰ ਪੁੱਛਿਆ ਸੀ: ‘ਤੇਰੀ ਬੋਲੀ ਸਾਡੇ ਵਾਲੀ ਹੈ, ਹੱਲਿਆਂ ਤੋਂ ਪਿੱਛੋਂ ਜੰਮਿਆ ਸੀ ਕਿ ਪਹਿਲਾਂ ਦਾ ਜੰਮਿਆ ਹੋਇਐਂ?’ ਮੈਂ ਹੱਸ ਕੇ ਕਿਹਾ ਸੀ, “ਉਮਰ ਤਾਂ ਪੰਜਾਹਾਂ ਤੋਂ ਉਤੇ ਹੋ ਗਈ, ਪਰ ਜੰਮਿਆ ਮੈਂ ਹਾਲੇ ਵੀ ਨਹੀਂ, ਤੇ ਸ਼ਾਇਦ ਅਣ-ਜੰਮਿਆ ਹੀ ਦੁਨੀਆਂ ਤੋਂ ਤੁਰ ਜਾਊਂਗਾ।” ਉਸ ਨੇ ਕਾਰਨ ਪੁੱਛਿਆ। ਮੈਂ ਉਸ ਨੂੰ ਕਿਹਾ, “ਸਾਡੇ ਵੰਨੀਂ ਕਹਿੰਦੇ ਨੇ ਕਿ ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ। ਲਾਹੌਰ ਤਾਂ ਤੂੰ ਲੈ ਗਿਆ, ਮੈਂ ਫਿਰ ਕਿੱਥੇ ਜੰਮ ਪੈਂਦਾ?” ਉਹ ਗਿੱਲੀਆਂ ਅੱਖਾਂ ਨਾਲ ਮੇਰੇ ਗਲ਼ ਲੱਗ ਕੇ ਬੋਲਿਆ, “ਮਾਰ ਦਿੱਤਾ ਸਾਨੂੰ ਸਾਡੇ ਲੀਡਰਾਂ ਨੇ, ਮੇਰੇ ਨਾਨਕੇ ਤੇ ਦਾਦਕੇ ਦੋਵੇਂ ਤੇਰੇ ਪਾਸੇ ਰਹਿ ਗਏ, ਮੈਂ ਕਿਹੜਾ ਜੰਮਿਆਂ ਵਿਚ ਗਿਣਿਆਂ ਜਾਂਦਾ ਹਾਂ?” ਇਹ ਦੁਖਾਂਤ ਆਮ ਲੋਕਾਂ ਨੂੰ ਯਾਦ ਹੈ, ਪਰ ਜਿਨ੍ਹਾਂ ਲੀਡਰਾਂ ਨੇ ਇਹ ਦਿਨ ਪੈਦਾ ਕੀਤੇ ਸਨ, ਉਨ੍ਹਾਂ ਨੂੰ ਇਸ ਦਾ ਅਹਿਸਾਸ ਕਦੇ ਨਹੀਂ ਹੋ ਸਕਦਾ।
ਜਿਹੜਾ ਮਾਹੌਲ ਅੱਜ ਸਾਡੇ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰੀ ਜਾ ਰਿਹਾ ਹੈ, ਭਾਰਤ ਵਿਚ ਫਿਰਕੇਦਾਰੀ ਦੇ ਜਨੂੰਨ ਨੂੰ ਮੁੜ ਕੇ ਭੜਕਾਈ ਜਾ ਰਿਹਾ ਹੈ, ਇਸ ਦੀ ਸ਼ੁਰੂਆਤ ਅੱਜ ਨਹੀਂ ਹੋਈ, ਪਹਿਲਾਂ ਤੋਂ ਚੁਆਤੀ ਧੁਖ ਰਹੀ ਹੈ। ਹੁਣ ਦਿੱਲੀ ਦੀ ਇੱਕ ਸੜਕ ਦਾ ਨਾਂ ਔਰੰਗਜ਼ੇਬ ਦੇ ਨਾਂ ਤੋਂ ਨਿਖੇੜ ਕੇ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦੇ ਨਾਂ ਨਾਲ ਜੋੜ ਦਿੱਤਾ ਗਿਆ ਹੈ। ਔਰੰਗਜ਼ੇਬ ਕੋਈ ਚੰਗਾ ਬੰਦਾ ਨਹੀਂ ਸੀ, ਜ਼ਾਲਮ ਸੀ, ਉਸ ਨਾਲ ਕੋਈ ਭਲਾ ਹਮਦਰਦੀ ਕਾਹਤੋਂ ਕਰੇਗਾ, ਪਰ ਦਿੱਲੀ ਵਿਚ ਇੱਕ ਤੁਗਲਕ ਰੋਡ ਵੀ ਹੈ। ਤੁਗਲਕ ਨੂੰ ਇਤਹਾਸ ਵਿਚ ਪੜ੍ਹਿਆ-ਲਿਖਿਆ ਮੂਰਖ ਮੰਨਿਆ ਗਿਆ ਸੀ, ਉਸ ਦੇ ਨਾਂ ਦੀ ਸੜਕ ਉਤੇ ਰਾਜ ਕਰਦੀ ਜਮਾਤ ਦੇ ਕਈ ਲੀਡਰਾਂ ਦੀ ਰਿਹਾਇਸ਼ ਹੈ। ਉਂਜ ਉਨ੍ਹਾਂ ਵਿਚ ਕਈ ਤੁਗਲਕ ਵਾਂਗ ਹੀ ਪੜ੍ਹੇ-ਲਿਖੇ ਮੂਰਖ ਆਖੇ ਜਾਣ ਵਾਲੇ ਹਨ। ਲਾਹੌਰ ਵਿਚ ਰੈਜ਼ੀਡੈਂਟ ਕਮਿਸ਼ਨਰ ਬਣ ਕੇ ਜਿਸ ਹੈਨਰੀ ਲਾਰੈਂਸ ਨੇ ਓਥੋਂ ਭਾਰਤ ਦੀ, ਤੇ ਪੰਜਾਬ ਦੀ ਵੀ, ਆਖਰੀ ਚੁਣੌਤੀ ਨੂੰ ਖਤਮ ਕਰਨ ਦਾ ਕੰਮ ਕੀਤਾ ਸੀ, ਅੰਤਾਂ ਦੇ ਜ਼ਾਲਮ ਉਸ ਲਾਰੈਂਸ ਦੇ ਨਾਂ ਉਤੇ ਕਈ ਸ਼ਹਿਰਾਂ ਵਿਚ ‘ਲਾਰੈਂਸ ਰੋਡ’ ਬਣੀ ਪਈ ਹੈ ਅਤੇ ਇੱਕ ਉਘਾ ਸਕੂਲ ਵੀ ਹੈ, ਜਿਸ ਵਿਚ ਵੱਡੇ ਲੋਕਾਂ ਦੇ ਬੱਚੇ ਪੜ੍ਹਦੇ ਹਨ ਤੇ ਗਰੀਬ ਲੋਕਾਂ ਦੇ ਬੱਚਿਆਂ ਦੇ ਹਿੱਸੇ ਦਾ ਫੰਡ ਉਸ ਸਕੂਲ ਨੂੰ ਇਸ ਲਈ ਦਾਨ ਦਿੱਤਾ ਜਾਂਦਾ ਹੈ ਕਿ ਉਸ ਨੇ ਭਾਰਤੀ ਲੋਕਾਂ ਉਤੇ ਰਾਜ ਕਰਨ ਵਾਲੇ ਲੀਡਰਾਂ ਦੀ ਇੱਕ ਪਨੀਰੀ ਤਿਆਰ ਕੀਤੀ ਹੈ। ਜਿਹੜੇ ਜੱਜ ਕੂਪਰ ਨੇ ਅਜਨਾਲੇ ਵਿਚ ਤਿੰਨ ਸੌ ਤੋਂ ਵੱਧ ਦੇਸ਼ ਭਗਤਾਂ ਨੂੰ ਖੂਹ ਵਿਚ ਜਿੰਦਾ ਸੁੱਟ ਕੇ ਮਾਰ ਦਿੱਤਾ ਸੀ, ਅੰਮ੍ਰਿਤਸਰ ਦੀ ਇੱਕ ਸੜਕ ਉਸ ਦੇ ਨਾਂ ਵੀ ਹੈ। ਲਾਰੈਂਸ, ਕੂਪਰ, ਕਰਜ਼ਨ ਦੇ ਨਾਂ ਵਾਲੀਆਂ ਥਾਂਵਾਂ ਉਤੇ ਕਦੀ ਕੋਈ ਇਤਰਾਜ਼ ਨਹੀਂ ਕਰਦਾ, ਔਰੰਗਜ਼ੇਬ ਦੇ ਨਾਂ ਉਤੇ ਇਤਰਾਜ਼ ਇਹ ਕਹਿ ਕੇ ਹੁੰਦਾ ਹੈ ਕਿ ਉਹ ਜ਼ਾਲਮ ਸੀ, ਪਰ ਹੁੰਦਾ ਇਸ ਲਈ ਹੈ ਕਿ ਉਹ ਮੁਸਲਮਾਨ ਸੀ। ਇਹ ਸਿਆਸੀ ਚੁਸਤੀ ਕੀਤੀ ਗਈ ਹੈ ਕਿ ਔਰੰਗਜ਼ੇਬ ਦਾ ਨਾਂ ਹਟਾ ਕੇ ਡਾਕਟਰ ਏ ਪੀ ਜੇ ਅਬਦੁਲ ਕਲਾਮ ਲਿਖ ਦਿੱਤਾ, ਤਾਂ ਕਿ ਆਖਿਆ ਜਾ ਸਕੇ ਕਿ ਕਲਾਮ ਵੀ ਮੁਸਲਮਾਨ ਸੀ ਤੇ ਔਰੰਗਜ਼ੇਬ ਤੋਂ ਸੌ ਦਰਜੇ ਵਧੀਆ ਮੁਸਲਮਾਨ ਸੀ। ਸਾਨੂੰ ਇਸ ਗੱਲ ਬਾਰੇ ਅਹਿਸਾਸ ਹੈ, ਪਰ ਇਸ ਗੱਲ ਬਾਰੇ ਵੀ ਪਤਾ ਹੈ ਕਿ ਡਾਕਟਰ ਏ ਪੀ ਜੇ ਅਬਦੁਲ ਕਲਾਮ ਦਾ ਨਾਂ ਰੱਖਣ ਲਈ ਹੋਰ ਸੜਕਾਂ ਵੀ ਦਿੱਲੀ ਵਿਚ ਵਿਹਲੀਆਂ ਪਈਆਂ ਹਨ, ਇਸ ਸੜਕ ਦਾ ਨਾਂ ਬਦਲਣ ਦੇ ਬਹਾਨੇ ਇੱਕ ਚਾਲ ਚੱਲੀ ਗਈ ਹੈ, ਤਾਂ ਕਿ ਲੋਕਾਂ ਦੀ ਨਬਜ਼ ਟੋਹੀ ਜਾ ਸਕੇ।
ਜਦੋਂ ਆਜ਼ਾਦੀ ਤੋਂ ਬਾਅਦ ਦੇ ਹਾਲਾਤ ਬਾਰੇ ਰਾਹੀ ਮਾਸੂਮ ਰਜ਼ਾ ਨੇ ਇੱਕ ਨਾਵਲ ਲਿਖਿਆ ਤਾਂ ਉਸ ਵਿਚ ਫਿਰਕੂ ਸੋਚ ਹੇਠ ਕੁਝ ਥਾਂਵਾਂ ਦੇ ਨਾਂ ਬਦਲਣ ਬਾਰੇ ਇੱਕ ਚੋਭ ਲਾ ਦਿੱਤੀ ਸੀ ਕਿ ਮੁਸਲਮਾਨਾਂ ਦੇ ਨਾਂ ਹੀ ਹਟਾਉਣੇ ਹਨ ਤਾਂ ਫਲਾਣੇ ਦੀ ਕਬਰ ਵੀ ਏਥੇ ਹੈ, ਉਸ ਦਾ ਨਾਂ ਬਦਲ ਕੇ ਫਲਾਣੇ ਹਿੰਦੂ ਆਗੂ ਦੀ ਸਮਾਧੀ ਲਿਖ ਦਿਓ। ਆਗਰੇ ਦਾ ਤਾਜ ਮਹਿਲ ਵੀ ਅਸਲ ਵਿਚ ਇੱਕ ਮਹਾਰਾਣੀ ਦੀ ਕਬਰ ਹੈ। ਕਈ ਲੋਕ ਉਸ ਬਾਰੇ ਕਹਿੰਦੇ ਹਨ ਕਿ ਉਹ ਹਿੰਦੂ ਅਸਥਾਨ ਹੈ। ਭਲਕ ਨੂੰ ਕੋਈ ਦਿੱਲੀ ਵਿਚ ਇਹ ਕਹਿ ਸਕਦਾ ਹੈ ਕਿ ਜਦੋਂ ਕਰਨ ਲੱਗੇ ਹਾਂ ਤਾਂ ਹਮਾਯੂੰ ਦੇ ਮਕਬਰੇ ਦਾ ਨਾਂ ਬਦਲਣ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। ਲਾਰਡ ਕਰਜ਼ਨ ਜਾਂ ਕਿਸੇ ਹੋਰ ਅੰਗਰੇਜ਼ ਦਾ ਨਾਂ ਹੋਵੇ ਤਾਂ ਉਸ ਨੂੰ ਬਦਲਣ ਦੀ ਲੋੜ ਨਹੀਂ। ਇਤਿਹਾਸ ਨੂੰ ਏਦਾਂ ਤਾਂ ਨਹੀਂ ਬਦਲਿਆ ਜਾ ਸਕਣਾ। ਇਸ ਵਿਚ ਗੁਰੂ ਤੇਗ ਬਹਾਦਰ ਸਾਹਿਬ ‘ਹਿੰਦ ਦੀ ਚਾਦਰ’ ਮੰਨੇ ਜਾਂਦੇ ਰਹਿਣਗੇ, ਔਰੰਗਜ਼ੇਬ ਨੂੰ ਜ਼ੁਲਮ ਦੀ ਅੱਤ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਰਹੇਗਾ ਅਤੇ ਇਸ ਦਾ ਲੇਖਾ-ਜੋਖਾ ਇਤਿਹਾਸਕਾਰਾਂ ਉਤੇ ਛੱਡ ਦੇਣਾ ਚਾਹੀਦਾ ਹੈ। ਫਿਰਕੂ ਰੰਗ ਵਿਚ ਰੰਗੀ ਹੋਈ ਰਾਜਨੀਤਕ ਸੋਚਣੀ ਦੇ ਮੁਖੌਟੇ ਚਾੜ੍ਹਨ ਵਾਲਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਇਹ ਰੁਝਾਨ ਇਸ ਧਰਮ ਨਿਰਪੱਖ ਦੇਸ਼ ਦੇ ਲਈ ਮਾੜਾ ਹੈ।
ਬਹੁਤ ਮਾੜਾ ਇਹ ਰੁਝਾਨ ਜ਼ੁਲਮ ਦੀ ਅੱਤ ਕਰਨ ਵਾਲੇ ਔਰੰਗਜ਼ੇਬ ਦੇ ਨਾਂ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਬਸ਼ੀਰ ਨਾਂ ਦੇ ਉਸ ਲੇਖਕ ਤੱਕ ਪਹੁੰਚ ਜਾਂਦਾ ਹੈ, ਜਿਹੜਾ ਇੱਕ ਮਲਿਆਲੀ ਅਖਬਾਰ ਵਿਚ ਰਾਮਾਇਣ ਦਾ ਕਾਲਮ ਚਲਾ ਰਿਹਾ ਸੀ ਤੇ ਜਿਸ ਨੂੰ ਇਹ ਧਮਕੀ ਦਿੱਤੀ ਗਈ ਸੀ ਕਿ ਤੂੰ ਮੁਸਲਮਾਨ ਹੋ ਕੇ ਰਾਮਾਇਣ ਬਾਰੇ ਲਿਖਣ ਵਾਲਾ ਕੌਣ ਹੈਂ? ਅਖਬਾਰ ਵਾਲੇ ਵੀ ਤ੍ਰਹਿਕ ਗਏ, ਉਨ੍ਹਾਂ ਨੇ ਬਸ਼ੀਰ ਦਾ ਕਾਲਮ ਰੋਕ ਦਿੱਤਾ ਹੈ। ਇਹ ਧਮਕੀ ਪਹਿਲੀ ਵਾਰੀ ਬਸ਼ੀਰ ਨੂੰ ਨਹੀਂ ਮਿਲੀ। ਜਦੋਂ ਕਦੀ ਮਹਾਂਭਾਰਤ ਦਾ ਟੀ ਵੀ ਸੀਰੀਅਲ ਚੱਲਿਆ ਸੀ, ਉਸ ਨੇ ਉਹ ਲੋਕ ਵੀ ਆਪਣੇ ਨਾਲ ਬੰਨ੍ਹ ਲਏ ਸਨ, ਜਿਹੜੇ ਕਦੇ ਕਿਸੇ ਧਰਮ ਨਾਲ ਬੱਝੇ ਹੀ ਨਹੀਂ। ਲੋਕ ਬਰਾਤਾਂ ਤੋਰਨ ਦਾ ਮਹੂਰਤ ਨਿਕਲਦਾ ਸਹਾਰ ਲੈਂਦੇ ਸਨ, ਪਰ ਮਹਾਂਭਾਰਤ ਵੇਖਣਾ ਨਹੀਂ ਸਨ ਛੱਡਦੇ, ਉਸ ਦੇ ਡਾਇਲਾਗ ਲਿਖਣ ਵਾਲੇ ਰਾਹੀ ਮਾਸੂਮ ਰਜ਼ਾ ਨੂੰ ਵੀ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਸਨ। ਸਾਰਾ ਭਾਰਤ ਕਹਿੰਦਾ ਸੀ ਕਿ ਰਾਹੀ ਮਾਸੂਮ ਰਜ਼ਾ ਨੇ ਕਮਾਲ ਕਰ ਦਿੱਤੀ, ਮਹਾਂਭਾਰਤ ਦੀ ਕਾਮਯਾਬੀ ਵਿਚ ਵੱਡਾ ਯੋਗਦਾਨ ਉਸ ਦਾ ਗਿਣਿਆ ਜਾਂਦਾ ਸੀ, ਪਰ ਫਿਰਕਾਪ੍ਰਸਤਾਂ ਨੂੰ ਇਹੋ ਗੱਲ ਬਰਦਾਸ਼ਤ ਨਹੀਂ ਸੀ ਕਿ ਮੁਸਲਮਾਨ ਹੋ ਕੇ ਉਹ ਇਹ ਕੰਮ ਕਿਉਂ ਕਰਦਾ ਹੈ? ਫਿਰ ਵੀ ਚੰਗਾ ਇਹ ਹੋਇਆ ਕਿ ਦੇਸ਼ ਦੇ ਆਮ ਲੋਕਾਂ ਦੀ ਰਾਏ ਭਾਰੂ ਰਹੀ ਅਤੇ ਰਾਹੀ ਆਪਣੇ ਰਾਹ ਚੱਲਦਾ ਰਿਹਾ ਸੀ।
ਪਿਛਲੇ ਦਿਨੀਂ ਕਰਨਾਟਕਾ ਵਿਚ ਇੱਕ ਉਘੇ ਚਿੰਤਕ ਅਤੇ ਸਾਬਕਾ ਵਾਈਸ ਚਾਂਸਲਰ ਐਮ ਐਮ ਕੁਲਬਰਗੀ ਦਾ ਕਤਲ ਹੋਇਆ ਹੈ। ਉਹ ਧਰਮ ਨਿਰਪੱਖਤਾ ਦਾ ਮੁਦੱਈ ਤੇ ਅੰਧ-ਵਿਸ਼ਵਾਸ ਦਾ ਵਿਰੋਧੀ ਸੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਤੋਂ ਨਰਿੰਦਰ ਡਾਬੋਲਕਰ ਤੇ ਫਿਰ ਗੋਵਿੰਦ ਪਾਂਸਰੇ ਦੇ ਕਤਲਾਂ ਦੀ ਖਬਰ ਆਈ ਸੀ, ਉਹ ਵੀ ਏਸੇ ਤਰ੍ਹਾਂ ਦੇ ਸਨ। ਕੁਲਬਰਗੀ ਦੇ ਕਤਲ ਤੋਂ ਫੌਰਨ ਬਾਅਦ ਇੱਕ ਹੋਰ ਲੇਖਕ ਨੂੰ ਧਰਮ ਨਿਰਪੱਖਤਾ ਅਤੇ ਅੰਧ ਵਿਸ਼ਵਾਸ ਦਾ ਵਿਰੋਧ ਕਰਨ ਦੇ ‘ਕਸੂਰ’ ਵਿਚ ਇੱਕ ਸਿਰ-ਫਿਰੇ ਨੇ ਧਮਕੀ ਭੇਜ ਦਿੱਤੀ। ਇਹੋ ਜਿਹੇ ਸਿਰ-ਫਿਰੇ ਕਿਸੇ ਨਾ ਕਿਸੇ ਫਿਰਕੂ ਟੋਲੇ ਦੇ ਉਕਸਾਏ ਹੁੰਦੇ ਹਨ।
ਕੇਰਲਾ ਦੇ ਇੱਕ ਫਿਰਕੂ ਲੀਡਰ ਨੇ ਪਿਛਲੇ ਸਾਲ ਆਪਣੇ ਰਸਾਲੇ ਵਿਚ ਇਹ ਲਿਖ ਦਿੱਤਾ ਸੀ ਕਿ ਗਾਂਧੀ ਦੀ ਥਾਂ ਨਹਿਰੂ ਨੂੰ ਕਤਲ ਕੀਤਾ ਜਾਣਾ ਚਾਹੀਦਾ ਸੀ। ਫਿਰ ਉਸ ਦੀ ਜਥੇਬੰਦੀ ਨੇ ਕਿਹਾ ਸੀ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ। ਨਿੱਜੀ ਵਿਚਾਰ ਹੀ ਹੁੰਦੇ ਤਾਂ ਜਥੇਬੰਦੀ ਦੇ ਪਰਚੇ ਵਿਚ ਛਾਪੇ ਨਹੀਂ ਸਨ ਜਾਣੇ ਜਾਂ ਛਾਪਣ ਵੇਲੇ ਲਿਖਿਆ ਜਾਣਾ ਸੀ ਕਿ ਲੇਖਕ ਦੇ ਨਿੱਜੀ ਵਿਚਾਰ ਹਨ।
ਹੁਣ ਜਦੋਂ ‘ਮਾਤਰ ਭੂਮੀ’ ਨਾਂ ਦੇ ਅਖਬਾਰ ਵਿਚ ਰਾਮਾਇਣ ਬਾਰੇ ਕਾਲਮ ਲਿਖਣ ਵਾਲੇ ਐਮ ਐਮ ਬਸ਼ੀਰ ਵੱਲ ਵੀ ਫਿਰਕਾਪ੍ਰਸਤਾਂ ਦੀ ਨੋਕ ਸਿੱਧੀ ਹੋ ਗਈ ਹੈ ਤਾਂ ਇਹ ਸਿਰਫ ਉਸ ਦੇ ਲਈ ਨਹੀਂ, ਭਾਰਤ ਦੇ ਹਰ ਧਰਮ ਨਿਰਪੇਖ ਲਈ ਚਿੰਤਾ ਦੀ ਗੱਲ ਹੈ। ਇਹੋ ਜਿਹੇ ਵਕਤ ਇੱਕ ਵਾਰ ਫਿਰ ਸਾਨੂੰ ਮਹਾਨ ਲੇਖਕ ਰਾਹੀ ਮਾਸੂਮ ਰਜ਼ਾ ਯਾਦ ਆਉਂਦਾ ਹੈ, ਜਿਸ ਨੇ ਦੁਖੀ ਹੋ ਕੇ ਲਿਖਿਆ ਸੀ, ‘ਯਾਰ ਕਮਲੇਸ਼ਵਰ, ਇਹ ਮੌਸਮ ਤਾਂ ਬਦਲਣ ਦਾ ਨਾਂ ਹੀ ਨਹੀਂ ਲੈ ਰਿਹਾ’।