ਦਲਿਤਾਂ ਦੀ ਬੇਗਾਨਗੀ ਅਤੇ ਸਿੱਖ ਭਾਈਚਾਰਾ

ਪਿਆਰਾ ਸਿੰਘ ਭੋਗਲ
ਜਾਤ-ਪਾਤ ਦਾ ਭਿੰਨ-ਭੇਦ ਸਾਰੇ ਭਾਰਤ ਲਈ ਲਾਅਨਤ ਹੈ, ਪਰ ਪੰਜਾਬ ਵਿਚ ਜਾਤ-ਪਾਤ ਕਾਇਮ ਰਹਿਣੀ ਵਿਸ਼ੇਸ਼ ਤੌਰ Ḕਤੇ ਮਿਹਣੇ ਵਾਲੀ ਗੱਲ ਹੈ। ਗੁਰੂ ਸਾਹਿਬਾਨ ਨੇ ਉਚੇ-ਨੀਵੇਂ ਦੀ ਵਰਗ ਵੰਡ ਦਾ ਸਖ਼ਤ ਵਿਰੋਧ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਕਥਿਤ ਹੋਰ Ḕਤੇ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਦੇ ਸੰਤ ਮਹਾਂਪੁਰਸ਼ਾਂ ਅਤੇ ਕਬੀਰ ਤੇ ਗੁਰੂ ਰਵਿਦਾਸ ਦੀ ਬਾਣੀ ਬੜੇ ਸਤਿਕਾਰ ਨਾਲ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤੀ।

ਸਾਰਾ ਪੰਥ ਇਸ ਮਹਾਨ ਗ੍ਰੰਥ ਨੂੰ ਆਪਣਾ ਗੁਰੂ ਮੰਨ ਕੇ ਮੱਥਾ ਟੇਕਦਾ ਹੈ। ਖਾਲਸਾ ਪੰਥ ਸਾਜਣ ਵੇਲੇ ਕਥਿਤ ਨੀਵਿਆਂ ਨੂੰ ਵੀ ਅੰਮ੍ਰਿਤ ਛਕਾਇਆ ਗਿਆ। ਨੀਵੀਆਂ ਜਾਤੀਆਂ ਨੂੰ ਉਚੀਆਂ ਜਾਤੀਆਂ ਦੇ ਬਰਾਬਰ ਬਿਠਾਉਣ ਦਾ ਇਹੋ ਜਿਹਾ ਯਤਨ ਪੂਰੇ ਭਾਰਤ ਵਿਚ ਹੋਰ ਕਿਸੇ ਰਾਜ ਵਿਚ ਨਹੀਂ ਹੋਇਆ। ਫਿਰ ਵੀ, ਪੰਜਾਬ ਵਿਚ ਜਾਤ-ਪਾਤ ਦੀ ਸਮਾਜਕ ਵੰਡ ਜਾਰੀ ਰਹਿਣੀ ਪੰਜਾਬ ਲਈ ਅਪਮਾਨ ਵਾਲੀ ਗੱਲ ਹੈ। ਇਸ ਦੇ ਲਈ ਸਿੱਖ ਭਾਈਚਾਰਾ ਦੋਸ਼ੀ ਹੈ। ਨੀਵੇਂ ਅਖਵਾਉਂਦੇ ਲੋਕ ਪੰਜਾਬ ਵਿਚ ਉਚਿਆਂ ਦੇ ਬਰਾਬਰ ਆਉਣ ਲਈ ਹਮੇਸ਼ਾ, ਆਸ਼ਾ ਭਰਪੂਰ ਯਤਨ ਕਰਦੇ ਰਹੇ, ਪਰ ਉਨ੍ਹਾਂ ਨੂੰ ਵਾਰ ਵਾਰ ਨਿਰਾਸ਼ ਕੀਤਾ ਗਿਆ।
ਬਹੁਤ ਪ੍ਰਸਿੱਧ ਮਿਸਾਲ ਹੈ। ਜਦੋਂ 1870 ਤੋਂ ਬਾਅਦ ਸਿੰਘ ਸਭਾ ਲਹਿਰ ਸ਼ੁਰੂ ਹੋਈ, ਤਾਂ ਇਸ ਦੇ ਪਹਿਲੇ ਵੱਡੇ ਪ੍ਰਚਾਰਕ ਗਿਆਨੀ ਦਿੱਤ ਸਿੰਘ ਸਨ। ਉਹ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਨੇ ਸਿੱਖ ਧਰਮ ਦੇ ਸਿਧਾਂਤਾਂ ਦੇ ਮੁਤਾਬਿਕ ਸਿੱਖ ਭਾਈਚਾਰੇ ਦੇ ਸੁਧਾਰ ਲਈ ਬਹੁਤ ਜੋਸ਼ ਨਾਲ ਲਹਿਰ ਚਲਾਈ। ਅਖ਼ਬਾਰ ਕੱਢੇ। ਪੁਸਤਕਾਂ ਲਿਖੀਆਂ। ਭਾਸ਼ਣ ਦਿੱਤੇ। ਉਨ੍ਹਾਂ ਦਿਨਾਂ ਵਿਚ ਬਾਬਾ ਖੇਮ ਸਿੰਘ ਬੇਦੀ ਵੀ ਇਸ ਲਹਿਰ ਵਿਚ ਹਿੱਸਾ ਲੈ ਰਹੇ ਸਨ। ਉਨ੍ਹਾਂ ਦਾ ਸਬੰਧ ਗੁਰੂ ਨਾਨਕ ਦੇ ਖਾਨਦਾਨ ਨਾਲ ਸੀ। ਇਸ ਕਰ ਕੇ ਉਹ ਗੁਰਦੁਆਰਿਆਂ ਵਿਚ ਆਪਣੀ ਗੱਦੀ ਲਾ ਕੇ ਬੈਠਦੇ ਸਨ। ਗਿਆਨੀ ਦਿੱਤ ਸਿੰਘ ਨੇ ਇਨ੍ਹਾਂ ਗੱਦੀਧਾਰੀਆਂ ਦੀ ਆਲੋਚਨਾ ਕੀਤੀ। ਸਿੱਖ ਭਾਈਚਾਰੇ ਦੇ ਸ਼ੁਭ-ਚਿੰਤਕ ਸਿਆਣਿਆਂ ਨੂੰ ਇਹ ਦੇਖ ਕੇ ਅਫ਼ਸੋਸ ਹੋਇਆ ਕਿ ਗਿਆਨੀ ਦਿੱਤ ਸਿੰਘ ਜਿਹੇ ਉਚ-ਕੋਟੀ ਦੇ ਵਿਦਵਾਨ ਤੇ ਸੁਧਾਰਕ ਸਿੱਖ ਨੂੰ ਵੀ ਰਵਾਇਤ-ਪਸੰਦ ਸਿੱਖਾਂ ਵੱਲੋਂ ḔਨੀਵਾਂḔ ਹੀ ਗਿਣਿਆ ਜਾਂਦਾ ਰਿਹਾ। ਇਕ ਵਾਰ ਪ੍ਰਬੰਧਕਾਂ ਦੇ ਸੱਦੇ Ḕਤੇ ਗਿਆਨੀ ਦਿੱਤ ਸਿੰਘ ਫਿਰੋਜ਼ਪੁਰ ਭਾਸ਼ਣ ਦੇਣ ਗਏ। ਜਦੋਂ ਪਿਛੋਂ ਦੇਗ ਵਰਤਾਈ ਗਈ ਤਾਂ ਪ੍ਰਸ਼ਾਦ ਵੰਡਣ ਵਾਲੇ ਸੱਜਣ ਨੇ ਗਿਆਨੀ ਜੀ ਦੀ ਬੁੱਕ ਉਤੇ ਦੂਰੋਂ ਪ੍ਰਸ਼ਾਦ ਇਉਂ ਸੁੱਟਿਆ, ਜਿਵੇਂ ਉਨ੍ਹਾਂ ਦੀ ਭਿੱਟ ਤੋਂ ਡਰਦਾ ਹੋਵੇ।
ਇਕ ਹੋਰ ਘਟਨਾ ਤਾਂ ਹੁਣ ਇਤਿਹਾਸ ਬਣ ਚੁੱਕੀ ਹੈ। ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਦਲਿਤ ਭਰਾ ਅੰਮ੍ਰਿਤ ਛਕ ਕੇ ਆਪਣੇ-ਆਪ ਨੂੰ ḔਖਾਲਸੇḔ ਕਹਾਉਣ ਲੱਗੇ। ਉਨ੍ਹਾਂ ਨੇ Ḕਖਾਲਸਾ ਬਰਾਦਰੀḔ ਬਣਾ ਲਈ। ਇਸ ਖਾਲਸਾ ਬਰਾਦਰੀ ਦਾ ਇਕੱਠ ਜੱਲ੍ਹਿਆਂਵਾਲੇ ਬਾਗ ਵਿਚ 1920 ਵਿਚ ਹੋਇਆ। ਇਥੇ ਵੀ ਅੰਮ੍ਰਿਤ ਸੰਚਾਰ ਹੋਇਆ। ਇਹ ਸਿੰਘ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਗਏ। ਉਸ ਸਮੇਂ ਦੇ ਪੁਜਾਰੀਆਂ ਨੇ ਦੇਗ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਨਾਲ ਉਸ ਸਮੇਂ ਦੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਦੋ ਪ੍ਰਸਿੱਧ ਵਿਦਵਾਨ ਪ੍ਰੋæ ਤੇਜਾ ਸਿੰਘ ਤੇ ਪ੍ਰੋæ ਬਾਵਾ ਹਰਕਿਸ਼ਨ ਸਿੰਘ ਵੀ ਗਏ ਸਨ। ਜਦੋਂ ਪੁਜਾਰੀ ਅਰਦਾਸ ਕਰਨ ਲਈ ਨਾ ਮੰਨੇ ਤਾਂ ਬਾਵਾ ਹਰਕਿਸ਼ਨ ਸਿੰਘ ਨੇ ਅਰਦਾਸ ਕਰਨ ਦੀ ਪੇਸ਼ਕਸ਼ ਕੀਤੀ, ਪਰ ਗਰਮ-ਖਿਆਲ ਸੱਜਣ ਅੜ ਗਏ। ਪੁਜਾਰੀ ਕਿਉਂ ਨਾ ਅਰਦਾਸ ਕਰਨ? ਅਖੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ḔਹੁਕਮḔ ਲੈਣ ਦਾ ਫ਼ੈਸਲਾ ਹੋਇਆ। ਹੁਕਮ ਸੁਣਿਆ ਗਿਆ ਤਾਂ ਪੁਜਾਰੀ ਸ਼ਰਮਿੰਦੇ ਹੋ ਗਏ, ਕਿਉਂਕਿ ਹੁਕਮ ਸੀ ਕਿ ਗੁਰੂ ਨੀਵਿਆਂ ਉਤੇ ਬਖਸ਼ਿਸ਼ ਕਰਦਾ ਹੈ।
ਪੁਜਾਰੀਆਂ ਦੀ ਪੁਰਾਤਨ ਪੰਥੀ ਹਠਧਰਮੀ ਦੇਖ ਕੇ ਹੀ ਉਸ ਸਮੇਂ ਦੇ ਗਰਮ-ਖਿਆਲ ਪੰਥ ਦਰਦੀਆਂ ਨੇ Ḕਅਕਾਲੀ ਲਹਿਰḔ ਸ਼ੁਰੂ ਕੀਤੀ ਸੀ। ਉਸ ਸਮੇਂ ਹਰਿਮੰਦਰ ਸਾਹਿਬ ਦੇ ਪੁਜਾਰੀ ਤਾਂ ਅਰਦਾਸ ਕਰਨੀ ਮੰਨ ਗਏ ਸਨ। ਅਕਾਲ ਤਖ਼ਤ ਦੇ ਪੁਜਾਰੀ ਅਰਦਾਸ ਕਰਨ ਦੇ ਡਰੋਂ, ਅਕਾਲ ਤਖ਼ਤ ਸਾਹਿਬ ਦੀ ਸੇਵਾ ਛੱਡ ਕੇ, ਘਰਾਂ ਨੂੰ ਦੌੜ ਗਏ। ਪੰਥ ਦਰਦੀਆਂ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਖ਼ੁਦ ਸੰਭਾਲਣ ਲਈ ਉਸੇ ਵੇਲੇ ਕਮੇਟੀ ਬਣਾਈ। ਇਹੋ ਕਮੇਟੀ ਹੀ ਪਿਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਧਾਰ ਬਣੀ ਸੀ। ਜ਼ਾਹਰ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਇਕ ਫੌਰੀ ਕਾਰਨ ਦਲਿਤ ਭਾਈਚਾਰੇ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਰੋਕਣਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਵਾਇਤ-ਪਸੰਦੀ ਹਟਾਉਣ ਦਾ ਕਾਫੀ ਯਤਨ ਕੀਤਾ, ਪਰ ਪੂਰੀ ਸਫਲਤਾ ਨਹੀਂ ਮਿਲੀ। ਪੂਰੀ ਸਫਲਤਾ ਨਾ ਮਿਲਣ ਦਾ ਵੱਡਾ ਕਾਰਨ ਹਿੰਦੂ ਧਰਮ ਵਿਚੋਂ ਆਏ ਜਾਤ-ਪਾਤ ਦੇ ਡੂੰਘੇ ਸੰਸਕਾਰ ਹਨ। ਇਨ੍ਹਾਂ ਸੰਸਕਾਰਾਂ ਦੇ ਸਾਹਮਣੇ ਇਸਲਾਮ ਤੇ ਇਸਾਈ ਧਰਮ ਵੀ ਹਾਰ ਗਏ ਸਨ। ਇਹ ਦੋਵੇਂ ਧਰਮ ਊਚ-ਨੀਚ ਦੇ ਸੰਕਲਪ ਨੂੰ ਨਹੀਂ ਮੰਨਦੇ। ਬਹੁਤ ਸਾਰੇ ਭਾਰਤੀ ਲੋਕ ਊਚ-ਨੀਚ ਦੀ ਦਲਦਲ ਵਿਚੋਂ ਨਿਕਲਣ ਲਈ ਮੁਸਲਮਾਨ ਤੇ ਇਸਾਈ ਬਣੇ, ਪਰ ਧਰਮ ਪਰਿਵਰਤਨ ਤੋਂ ਬਾਅਦ ਵੀ ਇਨ੍ਹਾਂ ਭਾਰਤੀਆਂ ਵਿਚ ਜਾਤ-ਪਾਤ ਦਾ ਪਾੜ ਲੋਪ ਨਹੀਂ ਹੋਇਆ। ਇਹੋ ਬੁਰਾਈ ਸਿੱਖ ਭਾਈਚਾਰੇ ਵਿਚ ਵੀ ਆ ਗਈ ਹੈ।
ਇਸ ਦੇ ਬਾਵਜੂਦ ਪੰਜਾਬ ਬਾਕੀ ਭਾਰਤੀ ਰਾਜਾਂ ਨਾਲੋਂ ਵੱਧ ਪ੍ਰਗਤੀਵਾਦੀ ਖੇਤਰ ਸਾਬਤ ਹੋਇਆ ਹੈ। ਛੂਤ-ਛਾਤ ਇਥੇ ਲੋਪ ਹੋ ਗਈ ਹੈ। ਸੰਗਤ ਤੇ ਪੰਗਤ ਵਿਚ ਬੈਠਣ ਦੀ ਸਿੱਖ ਧਰਮ ਦੀ ਪਰੰਪਰਾ ਨੇ ਜਾਤਾਂ ਦਾ ਵੱਖਵਾਦ ਘਟਾਇਆ ਹੈ। ਸੰਗਤ ਕਿਤੇ ਵੀ ਬੈਠੀ ਹੋਵੇ, ਪੰਜਾਬੀ ਲੋਕ ਬਿਨਾਂ ਵਿਤਕਰੇ ਦੇ ਰਲ-ਮਿਲ ਕੇ ਬੈਠਦੇ ਹਨ। ਹੁਣ ਤਾਂ ਸ਼ਾਦੀ ਦੇ ਮੌਕੇ ਉਤੇ ਸਭ ਭਾਈਚਾਰਿਆਂ ਦੇ ਲੋਕ ਧੇਤਿਆਂ ਅਤੇ ਪੁਤੇਤਿਆਂ ਵਿਚ ਰਲ-ਮਿਲ ਕੇ ਸ਼ਾਮਿਲ ਹੁੰਦੇ ਹਨ। ਖਾਣ-ਪੀਣ ਦੇ ਮਾਮਲੇ ਵਿਚ ਕੋਈ ਪਰਹੇਜ਼ ਨਹੀਂ।
ਜਿਵੇਂ ਮਾਝੇ ਤੇ ਮਾਲਵੇ ਵਿਚ ਖਾਲਸਾ ਬਰਾਦਰੀ ਵਧ-ਫੁਲ ਰਹੀ ਸੀ, ਇਵੇਂ ਹੀ ਦੁਆਬੇ ਵਿਚ ਦਲਿਤ ਵੀਰ, ਜਿਨ੍ਹਾਂ ਨੂੰ ਰਵਿਦਾਸੀਆ ਬਰਾਦਰੀ ਕਿਹਾ ਜਾਂਦਾ ਸੀ, ਗੁਰਦੁਆਰਿਆਂ ਵਿਚ ਆਉਂਦੇ ਸਨ। ਸੰਗਤ ਵਿਚ ਬੈਠਦੇ ਸਨ। ਪੰਗਤ ਵਿਚ ਲੰਗਰ ਛਕਦੇ ਸਨ। ਕਥਿਤ ਉਚ ਜਾਤੀ ਨਾਲ ਸਬੰਧਤ ਕੁਝ ਲੋਕ ਨੱਕ-ਬੁਲ੍ਹ ਚੜ੍ਹਾਉਂਦੇ ਸਨ, ਪਰ ਬਹੁ-ਗਿਣਤੀ ਰਲ ਕੇ ਚੱਲਣ ਵਿਚ ਯਕੀਨ ਰੱਖਦੀ ਸੀ। ਆਰਥਿਕ ਲੋੜ ਵੀ ਸੀ। ਸਿੱਖ ਕਿਸਾਨ ਭੂਮੀਪਤੀ ਸਨ। ਰਵਿਦਾਸੀ ਪਰਿਵਾਰਾਂ ਦੇ ਪੁਰਸ਼ ਖੇਤ ਮਜ਼ਦੂਰ ਸਨ। ਖੇਤ ਮਜ਼ਦੂਰ ਬਿਨਾਂ ਖੇਤੀ ਨਹੀਂ ਹੋ ਸਕਦੀ ਸੀ। ਜਦੋਂ ਕਿਸਾਨ ਦੇ ਘਰੋਂ ਰੋਟੀ ਆਉਂਦੀ, ਤਾਂ ਇਹ ਮਾਲਕ ਕਿਸਾਨ ਲਈ ਵੀ ਆਉਂਦੀ, ਤੇ ਦਲਿਤ ਖੇਤ ਮਜ਼ਦੂਰ ਲਈ ਵੀ। ਸਿਰਫ ਇੰਨਾ ਕੁ ਭਿੰਨ-ਭੇਦ ਜ਼ਰੂਰ ਹੁੰਦਾ ਸੀ ਕਿ ਦਲਿਤ ਕਾਮਾ ਆਪਣੇ ਘਰੋਂ ਲਿਆਂਦੇ ਬਰਤਨਾਂ ਵਿਚ ਰੋਟੀ ਖਾਂਦਾ ਸੀ। ਪੀਣ ਵਾਲਾ ਪਾਣੀ ਮਾਲਕ ਕਿਸਾਨ ਵੀ ਵਗਦੇ ਖੂਹ ਦੀ ਨਿਸਾਰ ਵਿਚੋਂ ਲੈਂਦਾ ਸੀ, ਤੇ ਉਸ ਦਾ ਗਰੀਬ ਕਾਮਾ ਵੀ।
ਵਿਸ਼ੇਸ਼ ਗੱਲ ਇਹ ਸੀ ਕਿ ਦਲਿਤ ਪਰਿਵਾਰ ਦੁੱਖ ਤੇ ਸੁੱਖ, ਦੋਵਾਂ ਸਮਿਆਂ ਉਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਓਟ-ਆਸਰਾ ਲੈਂਦੇ ਸਨ। ਦਲਿਤ ਧੀਆਂ-ਪੁੱਤਾਂ ਦੀਆਂ ਸ਼ਾਦੀਆਂ ਵੀ ਗੁਰੂ ਗ੍ਰੰਥ ਵਿਚੋਂ ਲਾਵਾਂ ਪੜ੍ਹ ਕੇ ਕੀਤੀਆਂ ਜਾਂਦੀਆਂ ਸਨ। ਜਿਹੜੇ ਰਾਗੀ ਸਿੰਘ ਕਥਿਤ ਉਚ ਜਾਤੀਆਂ ਦੇ ਵਿਆਹ ਪੜ੍ਹਾਉਂਦੇ ਸਨ, ਉਹੀ ਦਲਿਤ ਘਰਾਂ ਵਿਚ ਵੀ ਹਾਜ਼ਰ ਹੁੰਦੇ ਸਨ। ਕੁਝ ਹਫ਼ਤੇ ਪਹਿਲਾਂ ਜਦੋਂ ਦੁਆਬੇ ਦੇ ਵੱਡੇ ਦਲਿਤ ਨੇਤਾ ਚੌਧਰੀ ਜਗਜੀਤ ਸਿੰਘ ਪੂਰੇ ਹੋਏ ਤਾਂ ਉਨ੍ਹਾਂ ਦੇ ਦਾਹ ਸੰਸਕਾਰ ਵੇਲੇ ਵੀ ਤੇ ਪਿਛੋਂ ਅੰਤਿਮ ਅਰਦਾਸ ਦੇ ਮੌਕੇ ਉਤੇ ਵੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵੈਰਾਗਮਈ ਕੀਰਤਨ ਹੋਇਆ। ਚੌਧਰੀ ਜਗਜੀਤ ਸਿੰਘ ਨੇ ਜਲੰਧਰ ਵਿਚ ਲਿੰਕ ਰੋਡ ਉਤੇ ਰਵਿਦਾਸ ਭਵਨ ਦੀ ਉਸਾਰੀ ਕਰਵਾਈ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰਦੇ ਹਨ।
ਖਾਲਸਾ ਬਰਾਦਰੀ ਤੇ ਰਵਿਦਾਸ ਭਾਈਚਾਰੇ ਨੂੰ ਇਹ ਸ਼ਾਬਾਸ਼ੀ ਹੈ ਕਿ ਉਹ ਸਰਬ ਸਾਂਝੇ ਗੁਰੂ ਗਰੰਥ ਸਾਹਿਬ ਨਾਲ ਜੁੜੇ ਹੋਏ ਹਨ। ਮੁਸ਼ਕਿਲਾਂ ਦੇ ਬਾਵਜੂਦ, ਉਹ ਸਮੁੱਚੇ ਸਿੱਖ ਭਾਈਚਾਰੇ ਨਾਲ ਸਬੰਧ ਬਣਾਈ ਰੱਖਣ ਦਾ ਯਤਨ ਕਰਦੇ ਰਹੇ ਹਨ, ਪਰ ਸਿੱਖ ਭਾਈਚਾਰੇ ਨੇ ਆਪਣਾ ਫ਼ਰਜ਼ ਨਹੀਂ ਪਛਾਣਿਆ। ਉਨ੍ਹਾਂ ਨੇ ਦਲਿਤਾਂ ਨੂੰ ਪਰ੍ਹੇ ਧੱਕਿਆ। ਜਿਵੇਂ ਪਹਿਲਾਂ ਲਿਖਿਆ ਹੈ, ਪੰਜਾਬੀ ਦਲਿਤ ਪਰਿਵਾਰ, ਭਿੰਨ-ਭੇਦ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਸਿੱਖ ਭਾਈਚਾਰੇ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਸਨ। ਪਿੰਡਾਂ ਵਿਚ ਉਨ੍ਹਾਂ ਦੀ ਰੋਜ਼ੀ-ਰੋਟੀ ਸਿੱਖ ਕਿਸਾਨਾਂ ਨਾਲ ਸਹਿਯੋਗ ਕਰਨ ਵਿਚ ਸੀ। ਸ਼ਹਿਰਾਂ ਵਿਚ ਵੀ ਦਲਿਤ ਪਰਿਵਾਰ ਘਰਾਂ ਦੀ ਸਾਫ਼-ਸਫ਼ਾਈ ਦਾ ਕੰਮ ਕਰਦੇ ਸਨ,
ਪਰ ਜਿਉਂ ਜਿਉਂ ਸਿੱਖਿਆ ਫੈਲੀ, ਖੁਸ਼ਹਾਲੀ ਵਧੀ, ਪੜ੍ਹੇ-ਲਿਖੇ ਤੇ ਅਮੀਰ ਸਿੱਖ, ਦਲਿਤਾਂ ਨੂੰ ਆਪਣੇ ਵੱਲ ਖਿੱਚਣ ਦੀ ਸਿਆਣਪ ਤਿਆਗੀ ਗਏ, ਤੇ ਉਨ੍ਹਾਂ ਨੂੰ ਬੇਗਾਨੇ ਬਣਾਈ ਗਏ। ਅਸੀਂ ਕਈ ਵਾਰ ਬਹੁਤ ਹੈਰਾਨੀ ਨਾਲ ਦੇਖਦੇ ਹਾਂ, ਗੁਰੂ ਰਵਿਦਾਸ ਦੇ ਜਨਮ ਦਿਨ ਉਤੇ ਸਜਾਏ ਜਾਂਦੇ ਨਗਰ ਕੀਰਤਨ ਵਿਚ ਸਿਰਫ ਦਲਿਤ ਭਰਾ ਹੀ ਕਿਉਂ ਸ਼ਾਮਿਲ ਹੁੰਦੇ ਹਨ? ਬਾਕੀ ਸਿੱਖ ਕਿਉਂ ਨਹੀਂ ਸ਼ਾਮਿਲ ਹੁੰਦੇ? ਸੱਚੀ ਗੱਲ ਇਹ ਹੈ, ਦਲਿਤਾਂ ਨੂੰ ਪਰ੍ਹੇ ਧੱਕਣਾ ਸਿੱਖ ਧਰਮ ਨਾਲ ਧ੍ਰੋਹ ਕਮਾਉਣਾ ਹੈ। ਦਲਿਤਾਂ ਦੀ ਬੇਗਾਨਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਬਿਲਕੁਲ ਉਲਟ ਹੈ।