ਘੁਗਿਆਣਵੀ ਦਾ ਤਰਕਸ਼

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

ਵੱਖ-ਵੱਖ ਵੰਨਗੀਆਂ ਵਿਚ ਬੜਾ ਸਾਹਿਤ ਰਚਿਆ ਜਾ ਰਿਹਾ ਹੈ। ਨਾਵਲ, ਕਹਾਣੀਆਂ, ਨਾਟਕ, ਗੀਤ, ਗਜ਼ਲਾਂ ਅਤੇ ਕਵਿਤਾਵਾਂ ਆਦਿਕ ਦੇ ਰੂਪ ਵਿਚ ਮਾਂ ਬੋਲੀ ਪੰਜਾਬੀ ਦਾ ਸਾਹਿਤਕ ਖਜ਼ਾਨਾ ਮਾਲਾ-ਮਾਲ ਕੀਤਾ ਜਾ ਰਿਹਾ ਹੈ। ਵੈਸੇ ਤਾਂ ਸਾਹਿਤ ਦੇ ਇਨ੍ਹਾਂ ਰੂਪਾਂ ਨੂੰ ਆਪੋ-ਆਪਣੀ ਪਸੰਦ ਮੁਤਾਬਕ ਪੜ੍ਹਿਆ ਜਾਂਦਾ ਹੈ ਲੇਕਿਨ ਕਿਸੇ ਆਲੋਚਕ ਨੇ ਰਚੀ ਜਾ ਰਹੀ ਸਾਹਿਤਕ ਸਮੱਗਰੀ ਦੀ ਸਾਦ-ਮੁਰਾਦੀ ਭਾਸ਼ਾ ਵਿਚ ਵੰਡ ਕਰਦਿਆਂ ਆਖਿਆ ਹੈ ਕਿ ਕੁਝ ਲਿਖਤਾਂ ਪੰਜੀਰੀ ਜਾਂ ਦੇਸੀ ਘਿਉ ਦੀ ਬਣਾਈ ਗਜਾ ਵਰਗੀਆਂ ਹੁੰਦੀਆਂ ਨੇ। ਜਿਵੇਂ ਗਜਾ ਦੇ ਕੌਲੇ ਭਰ-ਭਰ ਕੇ ਨਹੀਂ ਖਾਧੇ ਜਾਂਦੇ, ਉਹ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਨਿਰਨੇ ਪੇਟ ਖਾਈਦੀ ਹੈ; ਇੰਜ ਕੁਝ ਲਿਖਤਾਂ ਇੰਨੀਆਂ ਸੰਜ਼ੀਦਾ ਤੇ ਗੁਹਜ ਭਰਪੂਰ ਹੁੰਦੀਆਂ ਨੇ, ਉਨ੍ਹਾਂ ਨੂੰ ਚਿੱਥ-ਚਿੱਥ ਕੇ ਪੜ੍ਹਨਾ ਪੈਂਦਾ ਹੈ।
ਕੁਝ ਰਚਨਾਵਾਂ ਚਾਂਦੀ ਦੇ ਵਰਕ ਨਾਲ ਮੜ੍ਹੀਆਂ ਮਠਿਆਈਆਂ ਵਰਗੀਆਂ ਹੁੰਦੀਆਂ ਹਨ ਜਿਹੜੀਆਂ ਪਾਠਕਾਂ ਨੂੰ ਦੂਰੋਂ ਹੀ ਖਿੱਚ ਪਾਉਂਦੀਆਂ ਹਨ। ਕਈ ਲਿਖਤਾਂ ਰੇਲ ਗੱਡੀ ਜਾਂ ਬੱਸ ਵਿਚ ਸਫ਼ਰ ਦੌਰਾਨ ਮੂੰਗਫਲੀ ਜਾਂ ਕੋਈ ਨਮਕੀਨ ਚੱਬਣ ਜੈਸੀਆਂ ਹੁੰਦੀਆਂ ਹਨ। ਇਨ੍ਹਾਂ ਨਾਲ ਟਾਈਮ ਪਾਸ ਵੀ ਸੋਹਣਾ ਹੋ ਜਾਂਦਾ ਹੈ ਤੇ ਮੂੰਹ ਦਾ ਸਵਾਦ ਵੀ ਚਟਪਟਾ ਜਿਹਾ ਹੋਇਆ ਰਹਿੰਦਾ ਹੈ। ਨਾਲੋ-ਨਾਲ ਮਨੋਰੰਜਨ ਵੀ ਹੋਈ ਜਾਂਦਾ ਹੈ।
ਚਿੱਥ-ਚਿੱਥ ਕੇ ਗਜਾਵਾਂ ਖਾਣ ਵਾਲੇ ਸਮੇਂ ਤਾਂ ਹੁਣ ਲੱਦ ਗਏ ਜਾਪਦੇ ਹਨ। ਜ਼ਮਾਨੇ ਦੀ ਤੇਜ਼ ਰਫ਼ਤਾਰੀ ਦਾ ਝੰਬਿਆ ਅੱਜ ਦਾ ਪਾਠਕ ਤਾਂ ‘ਫੋਰ-ਇਨ-ਵੰਨ’ ਦੀ ਤਰਜ਼ ‘ਤੇ ਉਕਤ ਸਾਰੇ ਗੁਣ ਇੱਕੋ ਹੀ ਲਿਖਤ ਵਿਚ ਦੇਖਣਾ ਚਾਹੁੰਦਾ ਹੈ। ਮੁਸ਼ਕਿਲ ਇਹ ਹੈ ਕਿ ਪਾਠਕਾਂ ਦੀ ਇਸ ਨਵੀਨ ਮੰਗ ‘ਤੇ ਬਹੁਤ ਵਿਰਲੇ ਲੇਖਕ ਪੂਰੇ ਉਤਰਦੇ ਹਨ। ਮੇਰੀ ਜਾਚੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਲੇਖਕਾਂ ਦੀ ਇਸੇ ਸ਼੍ਰੇਣੀ ਵਿਚ ਸ਼ੁਮਾਰ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਲਿਖੀ ਗਿਆਰਵੀਂ ਪੁਸਤਕ ‘ਤਰਕਸ਼’ ਬਾਰੇ ਕੁਝ ਸਤਰਾਂ ਲਿਖ ਰਿਹਾ ਹਾਂ।
ਲਗਭਗ ਅੱਧੀ ਸਦੀ ਅਧਿਆਪਨ ਕਿੱਤੇ ਨਾਲ ਜੁੜੇ ਰਹੇ ਸ਼ ਫੌਜਾ ਸਿੰਘ ਬਰਾੜ ਉਰਫ ਨਵਰਾਹੀ ਘੁਗਿਆਣੀ ਨੇ ਕਲਮ ਰਾਹੀਂ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੀ ਨਿਰੰਤਰ ਸੇਵਾ ਕੀਤੀ ਹੈ। ਉਨ੍ਹਾਂ ਗੀਤ-ਕਾਵਿ, ਰੁਬਾਈ, ਛੰਦ-ਮੁਕਤ ਕਾਵਿ, ਗਜ਼ਲ ਦੇ ਨਾਲ-ਨਾਲ ਬਾਲ ਸਾਹਿਤ ਦੇ ਖੇਤਰ ਵਿਚ ਵੀ ਕਾਵਿ ਰਚਨਾ ਦਾ ਬਹੁਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਹਰ ਲਿਖਤ ਵਿਚ ਜ਼ਿੰਦਗੀ ਦੀ ਸਮਝ ਅਤੇ ਮਨੁੱਖੀ ਯਥਾਰਥ ਅੰਦਰ ਡੂੰਘਾ ਲਹਿ ਜਾਣ ਦੀ ਸ਼ਕਤੀ ਹੈ। ਉਨ੍ਹਾਂ ਨੂੰ ਪੜ੍ਹਨ ਵਾਲਾ ਪਾਠਕ ਸੁੱਤੇ ਹੀ ਆਪਣੇ ਸਮਾਜ, ਇਤਿਹਾਸ, ਦਰਸ਼ਨ, ਸ਼ਬਦ ਨਾਲ ਜੁੜ ਜਾਂਦਾ ਹੈ।
‘ਘਾਲਣਾ’, ‘ਥਲਾਂ ਦੀ ਰੇਤ’, ‘ਲਗਰਾਂ’, ‘ਸੀਰਤਨਾਮਾ’ ਅਤੇ ‘ਮਹਿਤਾਬਨਾਮਾ’ ਜੈਸੀਆਂ ਦਸ ਕਿਤਾਬਾਂ ਤੋਂ ਬਾਅਦ ਉਨ੍ਹਾਂ ਦੀ ਨਵੀਂ ਛਪੀ ਪੁਸਤਕ ‘ਤਰਕਸ਼’ ਵਿਚ ਇਕ ਸੌ ਦੇ ਕਰੀਬ ਕਾਵਿ-ਟੋਟਕੇ ਹਨ ਜਿਨ੍ਹਾਂ ਨੂੰ ਪੜ੍ਹਨ ਉਪਰੰਤ ਭੂਸ਼ਣ ਧਿਆਨਪੁਰੀ, ਗੁਲਸ਼ਨ ਭੁਟਾਨੀ, ਦਿਆਲ ਸਿੰਘ ਚਮਾਨ, ਤਾਰਾ ਸਿੰਘ ਖੋਜੇਪੁਰੀ, ਪੈਦਲ ਧਿਆਨਪੁਰੀ ਅਤੇ ਬਲਦੇਵ ਸਿੰਘ ਆਜ਼ਾਦ ਜਿਹੇ ਸ਼ਾਇਰਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਇਹ ਕਾਵਿ-ਟੋਟਕੇ ਲਿਖਦਿਆਂ ਲੇਖਕ ਨੇ ਐਵੇਂ ਹਲਕੀ ਵਿਅਕਤੀਗਤ, ਨਿੰਦਾ ਚੁਗਲੀ ਜਾਂ ਖਿੱਲੀ ਉਡਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਆਪਣੇ ਆਲੇ-ਦੁਆਲੇ ਫੈਲੇ ਹੋਏ ਰਾਜਨੀਤਕ, ਸਮਾਜਕ, ਆਰਥਿਕ ਅਤੇ ਸੱਭਿਆਚਾਰਕ ਭ੍ਰਿਸ਼ਟਾਚਾਰ ਜਾਂ ਨੈਤਿਕਤਾ ਦੀ ਨਿੱਘਰਦੀ ਜਾਂਦੀ ਹਾਲਤ ਉਤੇ ਖਿੱਚ-ਖਿੱਚ ਬਾਣ ਚਲਾਏ ਹਨ। ਆਪਣੇ ਤਰਕਸ਼ ਵਿਚੋਂ ਸ਼ਾਇਰ ਘੁਗਿਆਣਵੀ ਨੇ ਦਾ ਛੱਡਿਆ ਪਹਿਲਾ ਤੀਰ ਤੱਕੋ,
ਸਸਤੇ ਬੋਲ ਕੁਚੱਜੀਆਂ ਹਰਕਤਾਂ ਨੂੰ,
ਅਸੀਂ ਗੀਤ-ਸੰਗੀਤ ਨਹੀਂ ਕਹਿ ਸਕਦੇ।
ਦੱਸੋ ਉਸ ਮਨੋਰੰਜਨ ਦਾ ਕੀ ਫਾਇਦਾ,
ਭੈਣ-ਭਾਈ ਇੱਕ ਜਗ੍ਹਾ ਨਹੀਂ ਬਹਿ ਸਕਦੇ।
ਹੱਦ ਹੁੰਦੀ ਏ ਹਰ ਇਕ ਗੱਲ ਦੀ ਹੀ,
ਹੱਦ ਲੰਘੀਏ ਲੋਕ ਨਹੀਂ ਸਹਿ ਸਕਦੇ।
ਇਸ ਟੋਟਕੇ ਦੀਆਂ ਆਖਰੀ ਸਤਰਾਂ ਗੀਤ-ਸੰਗੀਤ ਦੇ ਨਾਂ ਹੇਠ ਹੁੰਦਾ ਲੁੱਚਪੁਣਾ ਦੇਖ ਕੇ ਖਾਮੋਸ਼ ਰਹਿਣ ਵਾਲਿਆਂ ਦੇ ਸੀਨੇ ‘ਚ ਮਾਰੀਆਂ ਗਈਆਂ ਹਨ,
ਕੋਈ ਕਹੇ ਤੁਹਾਨੂੰ ਨਾ ਕਹੇ ਬੇਸ਼ੱਕ,
ਅਸੀਂ ਆਖੇ ਬਗੈਰ ਨਹੀਂ ਰਹਿ ਸਕਦੇ।
‘ਸਮਾਜ ਸੇਵਾ’ ਦੇ ਫੱਟੇ ਲਾ ਕੇ ਲੋਕਾਂ ਦੀ ਕਮਾਈ ਛਕਣ ਵਾਲੇ ਸਟੰਟਬਾਜ਼ਾਂ ਉਤੇ ਵਿਅੰਗ ਕਸਦਿਆਂ ਕਵੀ ਨੇ ਲਿਖਿਆ ਹੈ,
ਲੁੱਟ ਮਾਰ ਦਾ ਮਾਲ ਜੇ ਹਜ਼ਮ ਕਰਨੈ,
ਵਿਚੋਂ ਰੱਬ ਦੇ ਨਾਂ ‘ਤੇ ਲਾਉ ਕੁਝ ਕੁਝ।
ਚੌਧਰ ਧਰਮ ਅਸਥਾਨ ਦੀ ਮੱਲ ਬੈਠੋ,
ਸੋਹਲੇ ਪਰਵਦਗਾਰ ਦੇ ਗਾਉ ਕੁਝ ਕੁਝ।
ਗਊਸ਼ਾਲਾ ਦੇ ਨਾਮ ‘ਤੇ ਫੰਡ ਰੋਲੋ,
ਵਿਚੋਂ ਗਊ ਦੇ ਮੂੰਹ ਵਿਚ ਪਾਉ ਕੁਝ ਕੁਝ।
ਸੱਚੇ ਪਾਤਸ਼ਾਹ ਰੱਖ ਲੈ ‘ਲਾਜ’ ਸਾਡੀ,
ਭਾਗੀਦਾਰ ‘ਭਗਵਾਨ’ ਬਣਾਉ ਕੁਝ ਕੁਝ।
ਪੰਜਾਬ ਨਾਲ ਵੈਰ ਕਮਾਉਣ ਡਹੀਆਂ ਹੋਈਆਂ ਦ੍ਰਿਸ਼ਟ ਤੇ ਅਦ੍ਰਿਸ਼ਟ ਤਾਕਤਾਂ ਅੱਗੇ, ਉਸ ਜਰਖ਼ੇਜ਼ ਧਰਤੀ ਦੀ ਰੂਹ ਵਿਚ ‘ਹਾੜ੍ਹਾ’ ਕੱਢਦੀ ਹੈ ਜਿਸ ਨੂੰ ਛੰਦਬੱਧ ਕਰਦਿਆਂ ਸ਼ਬਦੀ ਰੂਪ ਦਿੱਤਾ ਗਿਆ ਹੈ ਕਿ ਭਾਵੇਂ ਢਾਈ ਆਬ ਹੀ ਰਹਿ ਗਏ ਨੇ, ਪਰ ਤਾਂ ਵੀ ਮੇਰਾ ਨਾਂ ਪੰਜਾਬ ਹੀ ਰਹੇਗਾ!
ਅੰਦਰੋਂ ਕਿੰਨੀ ਹੀ ਈਰਖਾ ਕਰੀ ਜਾਵਣ,
ਉਤੋਂ ਉਤੋਂ ਤਾਂ ਕਹਿਣ ਜਨਾਬ ਮੈਨੂੰ।
ਸੇਵਾ ਅਤੇ ਕੁਰਬਾਨੀ ਦਾ ਅੰਤ ਕੋਈ ਨਾ,
ਐਪਰ ਆਂਵਦਾ ਨਹੀਂ ਹਿਸਾਬ ਮੈਨੂੰ।
ਕਦੇ ਕਿਸੇ ਦਾ ਬੁਰਾ ਮੈਂ ਚਿਤਵਦਾ ਨਹੀਂ,
ਫਿਰ ਵੀ ਕਰਨ ਇਹ ਕਿਉਂ ਖਰਾਬ ਮੈਨੂੰ?
‘ਕਸੁੰਭੜਾ’ ਸਿਰਲੇਖ ਵਾਲੇ ਕਾਵਿ ਟੋਟੇ ਵਿਚ ਧਨ, ਪਦਾਰਥ, ਜਾਇਦਾਦ ਦੀ ਹਉਮੈ ਦਾ ਤਿਆਗ ਕਰ ਕੇ ਜ਼ਿੰਦਗੀ ਨੂੰ ‘ਮਜੀਠ ਰੰਗ’ ਚਾੜ੍ਹਨ ਦੀ ਅਰਜੋਈ ਕੀਤੀ ਗਈ ਹੈ,
ਕਲਾ ਅਮਨ ਦੇ ਵਿਚ ਵਿਕਾਸ ਕਰਦੀ
ਸਰਵਨਾਸ਼ ਵੱਲ ਤੋਰਦੀ ਜੰਗ ਬੇਲੀ।
ਹੈਂਕੜ, ਕੂੜ, ਕੁਸੱਤ ਤੋਂ ਵੱਟ ਪਾਸਾ
ਸਿੱਖ ਜ਼ਿੰਦਗੀ ਜੀਣ ਦਾ ਢੰਗ ਬੇਲੀ।
ਕੱਚਾ ਰੰਗ ਕਸੁੰਭੜਾ ਲੱਥ ਜਾਸੀ,
ਜੀਵਨ ਰੰਗ ਮਜੀਠ ਵਿਚ ਰੰਗ ਬੇਲੀ।
ਲਾਚਾਰ, ਨਿਤਾਣੇ ਅਤੇ ਗਰੀਬੀ ਦੇ ਭਾਰ ਥੱਲੇ ਦੱਬੇ ਹੋਏ ਕਰਮਾਂ ਮਾਰਿਆਂ ਲਈ ਰੱਬ ਅੱਗੇ ਵਾਸਤਾ ਪਾਇਆ ਹੈ,
ਬਖਤਾਵਰਾਂ ਦੀ ਨਿਗਾਹ ਆਕਾਸ਼ ਉਤੇ,
ਕੋਈ ਲੈਂਦਾ ਨਾ ਉਤਰ ਕੇ ਸਾਰ ਹੇਠਾਂ।
ਰੱਬਾ ਡਾਢਿਆ ਦੇਖ ਲੋਕਾਈ ਤੇਰੀ,
ਹੋਈ ਪਈ ਹੈ ਕਿਵੇਂ ਲਾਚਾਰ ਹੇਠਾਂ।
ਇਕ ਬੂਬਣੇ ਸਾਧ ਵੱਲੋਂ ਆਪਣੀ ਕਿਸੇ ਸ਼ਰਧਾਲੂ ਜਨਾਨੀ ਨੂੰ ਕੀਤੇ ਗਏ ਕਮੀਨਗੀ ਭਰੇ ਇਸ਼ਾਰੇ ਦਾ ਕਾਵਿ ਰੂਪ ਦੇਖੋ,
ਸੇਵਾ ਨਾਲ ਨਿਆਮਤਾਂ ਮਿਲਦੀਆਂ ਨੇ,
ਦਿੰਦੀ ਡੁੱਬਦਿਆਂ ਨੂੰ ਸੇਵਾ ਤਾਰ ਬੀਬੀ।
ਸੇਵਾ ਨਾਲ ਹੰਕਾਰ ਦਾ ਲੱਕ ਟੁੱਟੇ,
‘ਸੱਚੀ ਸੇਵਾ’ ਹੀ ਪਰਉਪਕਾਰ ਬੀਬੀ।
ਸੇਵਾ ‘ਵੇਲੇ-ਕੁਵੇਲੇ’ ਦੀ ਸਫ਼ਲ ਹੋਵੇ,
‘ਖੁੱਲ੍ਹੀ ਸੇਵਾ’ ਨਾ ਜ਼ਰੇ ਸੰਸਾਰ ਬੀਬੀ।
ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਉਤੇ ਇਹ ਵਿਅੰਗ ਕੱਸਿਆ ਗਿਆ ਹੈ,
ਦੋ ਡੰਗ ਦੀ ਰੋਟੀ ਨਾ ਜੁੜੇ ਭਾਵੇਂ,
ਹਰ ਇਕ ਕੰਨ ਦੇ ਨਾਲ ਹੈ ਫੋਨ ਲੱਗਾ।
ਮੋਟਰਸਾਈਕਲ ‘ਤੇ ਹੋ ਅਸਵਾਰ ਕਾਕਾ,
ਆਈ ‘ਕਾਲ’ ਤੁਰੰਤ ਖਲ੍ਹੋਣ ਲੱਗਾ।
ਦੇਸ਼ ਮੇਰਾ ਤਰੱਕੀ ਦੀ ਰਾਹ ਉਤੇ,
ਵੇਖੋ ਕਿਵੇਂ ਅਸਮਾਨ ਨੂੰ ਛੋਹਣ ਲੱਗਾ।
ਪਿੰਡਾਂ ਦੀਆਂ ਸੱਥਾਂ ਵਿਚ ਬੋਲੇ ਜਾਂਦੇ ਠੁੱਕਦਾਰ ਮਨਮੋਹਣੇ ਸ਼ਬਦਾਂ ਦਾ ਅਲੰਕਾਰਕ ਚਿੱਤਰਨ ਕੈਸਾ ਬਾ-ਕਮਾਲ ਹੈ,
ਕਦ ਤੱਕ ਨਿਭੇਗੀ ਦੋਸਤਾ ਸੋਚ ਲੈ ਤੂੰ,
ਸਿਰ ‘ਤੇ ਛਾਂ ਭਰਿੰਡਾਂ ਦੇ ਛੱਤਿਆਂ ਦੀ।
ਭਲਿਆ ਮਾਣਸਾ ਅੱਗ ਦੇ ਨਾਲ ਖੇਡੇਂ,
ਸਿਰ ‘ਤੇ ਟੋਕਰੀ ਸੁੱਕਿਆਂ ਪੱਤਿਆਂ ਦੀ।
ਪੰਜਾਬ ਦੇ ਤਨ ‘ਤੇ ਨਾਸੂਰ ਬਣ ਚੁੱਕੇ ਵਿਹਲੜ ਸਾਧਾਂ ਦੇ ਵੱਗ ਤੋਂ ਆਪਣਾ ਬਚਾਅ ਕਰਨ ਲਈ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ,
ਹੋਸ਼ ਕਰੋ ਪੰਜਾਬੀਉ ਕਰੋ ਨਿਰਣਾ,
ਲੱਭੋ ਕੋਇਲ ਨੂੰ ਕਾਂਵਾਂ ਦੀ ਡਾਰ ਵਿਚੋਂ।
ਵਾਸਾ ਰੱਬ ਦਾ ਦਿਲਾਂ ਦੇ ਅੰਦਰਾਂ ਵਿਚ,
ਰੱਬ ਲੱਭਦਾ ਨਹੀਂ ਬਾਜ਼ਾਰ ਵਿਚੋਂ।
ਹਾਜ਼ਮਾ, ਆਪਾ ਧਾਪੀ, ਵੱਕਾਰ, ਇਲਤਜ਼ਾ, ਸਹੀ ਇਲਾਜ, ਔਕਾਤ, ਫਿਰੌਤੀ, ਜ਼ਮਾਨੇ ਦੀ ਤੋਰ, ਇਸ਼ਕ ਦਾ ਜਿੰਨ, ਚੌਰੇ ਅਤੇ ਹੋਛੇ ਆਦਿਕ ਸਿਰਲੇਖ ਵਾਲੇ ਕਾਵਿ ਵਿਅੰਗ ਹਸਾਉਂਦੇ ਵੀ ਹਨ, ਸੋਚੀਂ ਵੀ ਪਾਉਂਦੇ ਹਨ ਅਤੇ ਕੁਝ ਕਰਨ ਲਈ ਪ੍ਰੇਰਨਾ ਵੀ ਦਿੰਦੇ ਹਨ। ਸਾਰੀ ਕਿਤਾਬ ਇਕੋ ਹੀ ਬੈਠਕ ਵਿਚ ਪੜ੍ਹੀ ਜਾ ਸਕਣ ਵਾਲੀ ਹੈ। ਵਿਸ਼ਿਆਂ ਦੀ ਵੰਨ-ਸੁਵੰਨਤਾ, ਠੇਠ ਸ਼ਬਦਾਵਲੀ ਅਤੇ ਵਿਅੰਗ ਭਰਪੂਰ ਹੋਣ ਕਰ ਕੇ ਉਮੀਦ ਹੈ ਕਿ ਇਹ ਸਭ ਦਾ ਧਿਆਨ ਖਿੱਚੇਗੀ। ਵੈਸੇ ਤਾਂ ਕਿਤਾਬ ਦੀ ਦਿੱਖ ਵਿਚ ਕੋਈ ਕਾਣ ਨਹੀਂ ਹੈ, ਪਰ ਮੈਨੂੰ ਲਗਦਾ ਹੈ ਕਿ ਇਸ ਦਾ ‘ਸਰਵਰਕ’ ਬਣਾਉਣ ਵੇਲੇ ਪ੍ਰਕਾਸ਼ਕ ਆਪਣੀ ਮਰਜ਼ੀ ਕਰ ਗਿਆ ਹੋਣੈ। ਕਿੰਨਾ ਚੰਗਾ ਹੁੰਦਾ ਜੇ ਕਿਸੇ ਘੁਣਤਰੀ ਜਿਹੀ ਦਿੱਖ ਵਾਲੇ ਜਾਪਦੇ ਬੰਦੇ ਹੱਥ ‘ਤਰਕਸ਼’ ਫੜਾਇਆ ਹੁੰਦਾ। ਫਿਰ ਵੀ ‘ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ’ ਵਾਲਿਆਂ ਨੇ ਰੀਝ ਲਾ ਕੇ ਕਿਤਾਬ ਛਾਪੀ ਹੈ।
ਨੋਟ: ਲੇਖਕ ਇਨ੍ਹੀਂ ਦਿਨੀਂ ਅਮਰੀਕਾ ਪਹੁੰਚਿਆ ਹੋਇਆ ਹੈ।
—————————
ਨਵਰਾਹੀ ਘੁਗਿਆਣਵੀ ਦੀਆਂ ਕੁਝ ਰੁਬਾਈਆਂ
ਮੇਰੇ ਘਰ ਤੋਂ ਤੇਰੇ ਘਰ ਤੱਕ
ਪੰਜ ਮਿੰਟਾਂ ਦਾ ਰਸਤਾ।
ਐਪਰ ਮੈਨੂੰ ਆਉਣਾ ਪੈਂਦਾ
ਆਹਿਸਤਾ ਆਹਿਸਤਾ।
ਕਿਉਂਕਿ ਰਾਹ ਵਿਚ ਬੜੀਆਂ ਰੋਕਾਂ
ਟੋਏ, ਟਿੱਬੇ, ਸਹਿਰਾਅ,
‘ਨਵਰਾਹੀ’ ਕੰਡਿਆਲੀਆਂ ਵਾੜਾਂ,
ਵਿਚ ਸੁੰਦਰ ਗੁਲਦਸਤਾ।

ਰੂਹ ਦੀਆਂ ਰਾਹਾਂ ਰਹੇ ਟੋਲਦੇ,
ਕਰਦੇ ਰਹੇ ਉਪਰਾਲੇ।
ਕੋਸ਼ਿਸ਼ ਕਰਦੇ ਰਹੇ ਮੁਸਾਫਿਰ
ਕੀਕਣ ਹੋਣ ਉਜਾਲੇ।
ਅਜੇ ਹਨੇਰਾ ਹਾਰ ਨਾ ਮੰਨੇ,
ਅਜੇ ਰਾਤ ਹੈ ਬਾਕੀ।
ਸੱਚ ਦਾ ਦੀਪ ਜਗਾ ‘ਨਵਰਾਹੀ’
ਪਾਵਨ ਕਰਮ-ਸ਼ਿਵਾਲੇ।

ਚੜ੍ਹਦਾ ਸੂਰਜ, ਉਡਦੇ ਪੰਛੀ,
ਟਿਮਟਿਮ ਕਰਦੇ ਤਾਰੇ।
ਵਾਤਾਵਰਣ ਹੁਸੀਨ ਬਣਾਉਂਦੇ,
ਅਦਭੁਤ ਮਸਤ ਨਜ਼ਾਰੇ।
ਮੈਂ ਇਨ੍ਹਾਂ ਦੀ ਸੰਗਤ ਵਿਚੋਂ,
ਸੁਖ ਪਾਵਾਂ, ਰਸ ਮਾਣਾਂ,
‘ਨਵਰਾਹੀ’ ਮਿੱਤਰ ਹਨ ਮੇਰੇ,
ਇਹ ਸਾਰੇ ਦੇ ਸਾਰੇ।

Be the first to comment

Leave a Reply

Your email address will not be published.