ਨੌਕਾ ਦੀ ਸੈਰ

ਬਲਜੀਤ ਬਾਸੀ
ਮਨੁੱਖੀ ਮਨ ਦਾ ਚੇਤਨਾ ਪ੍ਰਵਾਹ ਉਸ ਦੇ ਖਿਆਲਾਂ ਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ। ਪਿਛਲੇ ਦਿਨੀਂ ‘ਨਾਲ਼ਾ’ ਸ਼ਬਦ ‘ਤੇ ਲਿਖਦਿਆਂ ਮੇਰੇ ਦਿਮਾਗ ਵਿਚ ਪਤਾ ਨਹੀਂ ਕਿੱਥੋਂ ਇਕ ਮਲਵਈ ਬੋਲੀ ਆ ਗਈ, ‘ਆਲਾ ਆਲਾ ਆਲਾ, ਛੈਲ ਦਾ ਗੁਲਾਬੀ ਘਗਰਾ, ਵਿਚ ਸੱਪ ਦੇ ਬੱਚੇ ਦਾ ਨਾਲ਼ਾ’। ‘ਸੱਪ ਦੇ ਬੱਚੇ ਦੇ ਨਾਲ਼ੇ’ ਤੋਂ ਮੇਰਾ ਧਿਆਨ ਹੋਰ ਹੋਰ ਪਾਸੇ ਜਾਂਦਾ, ਮੇਰੇ ਬਚਪਨ ਵਿਚ ਪਹੁੰਚ ਗਿਆ। ਇਹ ਕਰੀਬ ਅੱਧੀ ਸਦੀ ਪੁਰਾਣੀ ਗੱਲ ਹੈ।

ਸਾਡੇ ਭਾਪਾ ਜੀ ਰਾਜਸਥਾਨ ਦੇ ਸ਼ਹਿਰ ਸ੍ਰੀ ਗੰਗਾਨਗਰ ਦੀ ਕਪੜਾ ਮਿੱਲ ਵਿਚ ਵੀਵਿੰਗ ਮਾਸਟਰ ਲੱਗੇ ਹੋਏ ਸਨ। ਅਸੀਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਉਥੇ ਜਾਇਆ ਕਰਦੇ ਸਾਂ। ਮਾਨੋ ਸ੍ਰੀ ਗੰਗਾਨਗਰ ਨਾ ਹੋਇਆ, ਸ੍ਰੀਨਗਰ ਹੋਇਆ। ਮਿੱਲ ਦੇ ਰਿਹਾਇਸ਼ੀ ਕੁਆਟਰ ਮਿੱਟੀ ਦੇ ਬਣੇ ਹੋਏ ਸਨ ਜਿਨ੍ਹਾਂ ਨੂੰ ਇਸ ਤਰ੍ਹਾਂ ਲਿਪਿਆ-ਪੋਚਿਆ ਗਿਆ ਸੀ ਕਿ ਉਹ ਇਕ ਦਮ ਪੱਕੇ ਲਗਦੇ ਸਨ। ਹਾਂ, ਫਰਸ਼ ਜ਼ਰੂਰ ਇੱਟਾਂ-ਸੀਮਿੰਟ ਦੇ ਸਨ। ਜਾਨ ਕੱਢਦੀ ਗਰਮੀ ਕਾਰਨ ਦਿਹਾੜੀ ਨਹਾ ਨਹਾ ਕੇ ਹੀ ਕੱਢੀਦੀ ਸੀ।
ਇਕ ਦਿਨ ਮੈਂ ਗੁਸਲਖਾਨੇ ਵਿਚੋਂ ਨਹਾ ਕੇ ਬਾਹਰ ਆਉਣ ਲੱਗਾ ਤਾਂ ਮੇਰੀ ਨਜ਼ਰ ਬਾਹਰ ਨਿਕਲਦੀ ਪਾਣੀ ਵਾਲੀ ਨਾਲ਼ੀ ਦੇ ਅਖੀਰ ‘ਤੇ ਕੰਧ ਹੇਠਲੀ ਮੋਰੀ ਵੱਲ ਪਈ। ਘਬਰਾ ਕੇ ਮੇਰੀ ਇਕ ਦਮ ਚੀਕ ਨਿਕਲ ਗਈ। ਮੋਰੀ ਦੇ ਆਰ ਪਾਰ ਡਾਢਾ ਮੋਟਾ ਤੇ ਲੰਮਾ ਸੱਪ ਰੀਂਘਦਾ ਹੋਇਆ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਡਰ ਦੇ ਮਾਰੇ ਮੇਰੇ ਮੂੰਹੋਂ ਸੱਪ ਦੀ ਥਾਂ ਹੱਪ ਸ਼ਬਦ ਹੀ ਨਿਕਲਿਆ। ਸਾਡੇ ਘਰ ਵਿਚ ਸਾਡਾ ਇਕ ਦੂਰ ਦਾ ਰਿਸ਼ਤੇਦਾਰ ਸੁੱਚਾ ਸਿੰਘ ਵੀ ਰਹਿੰਦਾ ਸੀ ਜਿਸ ਨੂੰ ਭਾਪਾ ਜੀ ਨੇ ਮਿੱਲ ਵਿਚ ਕੰਮ ‘ਤੇ ਲੁਆਇਆ ਸੀ। ਉਹ ਦੌੜਾ ਦੌੜਾ ਆਇਆ ਤੇ ਕਿਧਰੋਂ ਮੋਟਾ ਸਾਰਾ ਸੋਟਾ ਫੜ ਲਿਆਇਆ। ਸੱਪ ਦਾ ਵਾਕਿਆ ਪੁੱਛਣ ‘ਤੇ ਮੈਂ ਉਸ ਨੂੰ ਗੁਸਲਖਾਨੇ ਦੀ ਵਹੀਣ ਵੱਲ ਇਸ਼ਾਰਾ ਕੀਤਾ। ਉਸ ਨੇ ਦੋ ਤਿੰਨ ਵਾਰੀ ਦਹਿ ਤੇਰੇ ਦੀ ਸੱਪ ਸੋਟਾ ਮਾਰ ਕੇ ਉਸ ਨੂੰ ਚਿੱਤ ਕਰ ਦਿੱਤਾ। ਇਸ ਦੌਰਾਨ ਘਰ ਦੇ ਹੋਰ ਜਣੇ ਵੀ ਆ ਗਏ।
ਰੌਲੇ ਗੌਲੇ ਵਿਚ ਮੈਂ ਸੁੱਚਾ ਸਿੰਘ ਦੇ ਮੂੰਹੋਂ ਅਨਾਰਦਾਣਾ ਜਿਹਾ ਸ਼ਬਦ ਕਈ ਵਾਰੀ ਸੁਣਿਆ। ਮੈਂ ਹੈਰਾਨ ਸਾਂ ਕਿ ਅਨਾਰਦਾਣਾ ਕਿਥੋਂ ਆ ਗਿਆ। ਉਸ ਕੋਲੋਂ ਪੁੱਛਣ ‘ਤੇ ਪਤਾ ਲੱਗਾ ਕਿ ਉਹ ਅਨਾਰਦਾਣਾ ਨਹੀਂ ਬਲਕਿ ਨਾਰਦਾਨਾ ਕਹਿ ਰਿਹਾ ਸੀ। ਨਾਰਦਾਨਾ ਉਸ ਮੋਰੀ ਨੂੰ ਕਹਿੰਦੇ ਹਨ ਜਿਸ ਰਾਹੀਂ ਗੁਸਲਖਾਨੇ ਆਦਿ ਦਾ ਪਾਣੀ ਬਾਹਰ ਨਿੱਕਲ ਕੇ ਨਾਲੀ ਵਿਚ ਪੈਂਦਾ ਹੈ। ਇਸ ਸ਼ਬਦ ਨਾਲ ਮੇਰਾ ਇਹ ਪਹਿਲਾ ਪਰਿਚੈ ਸੀ।
ਇਸ ਪਿਛੋਂ ਮੈਂ ਕਦੇ ਘਟ ਹੀ ਇਹ ਸ਼ਬਦ ਸੁਣਿਆ। ਇਕ ਖਾਸ ਕਿਸਮ ਦੇ ਜਾਣਕਾਰ ਲੋਕ ਹੀ ਇਸ ਤਰ੍ਹਾਂ ਦੇ ਸ਼ਬਦ ਬੋਲਿਆ ਕਰਦੇ ਹਨ, ਕੁਝ ਪੁਰਾਣੀ ਪੀੜੀ ਦੇ ਤੇ ਪੜ੍ਹੇ ਲਿਖੇ। ਡਾæ ਸਾਧੂ ਸਿੰਘ ਪੰਜਾਬੀ ਦੇ ਜਾਣੇ ਪਛਾਣੇ ਲੇਖਕ, ਚਿੰਤਕ ਤੇ ਆਲੋਚਕ ਹਨ। ਪੰਜਾਬੀ ਦੀ ਭਰਪੂਰ ਸ਼ਾਬਦਿਕ ਸਮਰਥਾ ਦਰਸਾਉਂਦੀ ਉਨ੍ਹਾਂ ਦੀ ਇਕ ਦਿਲਚਸਪ ਪੁਸਤਕ ਹੈ, ‘ਪੰਜਾਬੀ ਬੋਲੀ ਦੀ ਵਿਰਾਸਤ’। ਇਸ ਵਿਚ ਉਨ੍ਹਾਂ ਖੱਲਾਂ ਖੂੰਜਿਆਂ ਵਿਚ ਛੁਪੇ ਅਨੇਕਾਂ ਪੰਜਾਬੀ ਸ਼ਬਦਾਂ ਨੂੰ ਝਾੜ-ਪੂੰਝ ਕੇ ਤੇ ਲਿਸ਼ਕਾ-ਪੁਸ਼ਕਾ ਕੇ ਪੇਸ਼ ਕੀਤਾ ਹੈ। ਇਸ ਵਿਚ ਨਾਰਦਾਨਾ ਸ਼ਬਦ ਬਾਰੇ ਕਾਫੀ ਵਿਸਥਾਰ ਵਿਚ ਲਿਖਿਆ ਗਿਆ ਹੈ। ਉਸ ਦੇ ਆਧਾਰ ‘ਤੇ ਇਸ ਸ਼ਬਦ ਦਾ ਖਾਕਾ ਪੇਸ਼ ਕਰਨ ਵਿਚ ਮੇਰੀ ਮਿਹਨਤ ਦੀ ਬੱਚਤ ਹੁੰਦੀ ਹੈ।
ਕਿਸਾਨੀ ਦੇ ਪ੍ਰਸੰਗ ਵਿਚ ਨਾਰਦਾਨਾ ਪਾਣੀ ਨੂੰ ਔਲੂ ਤੋਂ ਅਗਾਂਹ ਰਾਹ, ਪਹੇ ਜਾਂ ਗਹਿਲੀ ਵਿਚ ਦੀ ਲੰਘਾ ਕੇ ਰਾਹ ਤੋਂ ਪਰਲੇ ਖੇਤ ਵੱਲ ਲਿਜਾਣ ਦਾ ਸਾਧਨ ਹੈ। ਰਾਹ ਦੇ ਦੋਨੋਂ ਪਾਸੇ ਚੁਬੱਚੇ ਬਣਾ ਕੇ ਤੇ ਦਰਮਿਆਨ ਪੱਕੀ ਖਾਲ ਬਣਾ ਕੇ ਉਪਰੋਂ ਇੱਟਾਂ ਸੀਮਿੰਟ ਨਾਲ ਢਕ ਦਿੱਤਾ ਜਾਂਦਾ ਹੈ। ਇਸ ਨੂੰ ਨਾ ਦਿਸਦਾ ਕਰਨ ਲਈ ਉਪਰ ਮਿੱਟੀ ਆਦਿ ਪਾ ਕੇ ਸੜਕ ਜਿਹਾ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਪਰੋਂ ਦੀ ਡੰਗਰ ਤੇ ਗੱਡਿਆਂ ਦੀ ਆਵਾਜਾਈ ਜਿੰਨੀ ਮਰਜ਼ੀ ਹੋ ਜਾਵੇ, ਜਲ ਪ੍ਰਵਾਹ ਜਾਂ ਨਿਗਾਲ ਟੱਟਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ ਤੇ ਪਾਣੀ ਨਿਰੰਤਰ ਵਗਦਾ ਰਹਿੰਦਾ ਹੈ। ਇਸ ਜੁਗਾੜ ਨੂੰ ਹੀ ਨਾਰਦਾਨਾ ਕਿਹਾ ਜਾਂਦਾ ਹੈ। ਨਾਰਦਾਨੇ ਤੋਂ ਬਿਨਾਂ ਆੜ ਦਾ ਪਾਣੀ ਟੁੱਟਿਆ ਹੀ ਰਹਿੰਦਾ ਤੇ ਹਲਟ ਆਦਿ ਹੱਕਣ ਵਾਲਾ ਇਸ ਨੂੰ ਹੀ ਸੂਤ ਕਰਦਾ ਰਹਿ ਜਾਂਦਾ। ਇਸ ਸੂਰਤ ਵਿਚ ਵਾਰ ਵਾਰ ਪਾਣੀ ਬੰਦ ਕਰਨ ਕਰਕੇ ਘਟ ਰਕਬਾ ਸਿੰਜਿਆ ਜਾਂਦਾ। ਜੇ ਕਿਤੇ ਖੂਹ ਤੇ ਖੇਤ ਵਿਚਕਾਰ ਦੂਰੀ ਬਹੁਤ ਜ਼ਿਆਦਾ ਹੋਵੇ ਤਾਂ ਹਲਟ ਹੱਕਣ ਵਾਲੇ ਨੂੰ ਇਸ ਦਾ ਪਤਾ ਹੀ ਨਹੀਂ ਲਗਦਾ। ਇਸ ਤਰ੍ਹਾਂ ਪਾਣੀ ਵੀ ਅਜਾਈਂ ਜਾਂਦਾ ਹੈ ਤੇ ਰਾਹ ਖੇੜੇ ਵਾਲਿਆਂ ਨੂੰ ਵੀ ਰਾਹ ਤੋਂ ਲੰਘਣ ਸਮੇਂ ਤਕਲੀਫ ਹੁੰਦੀ ਹੈ।
ਅੱਜ ਕਲ੍ਹ ਨਾਰਦਾਨੇ ਦਾ ਕੰਮ ਸੀਮਿੰਟ ਤੇ ਐਸਬੇਸਟੈਸ ਦੇ ਪਾਈਪਾਂ ਤੋਂ ਲਿਆ ਜਾਂਦਾ ਹੈ। ਨਾਰਦਾਨਾ ਜੁਗਾੜ ਜ਼ਮੀਨਦੋਜ਼ ਤਾਂ ਹੁੰਦਾ ਹੀ ਹੈ ਪਰ ਅੱਜ ਕਲ੍ਹ ਇਹ ਸ਼ਬਦ ਵੀ ਲਗਦਾ ਜ਼ਮੀਨਦੋਜ਼ ਹੋ ਗਿਆ ਹੈ।
ਨਾਰਦਾਨਾ ਸ਼ਬਦ ਦਾ ਪਿਛੇਤਰੀ ਘਟਕ ‘ਦਾਨਾ (ਹੋਰ ਰੁਪਾਂਤਰ/ਦਾਨੀ/ਦਾਨ) ਤਾਂ ਬਹੁਤ ਸਾਰੀਆਂ ਪਾਉਣ ਵਾਲੀਆਂ ਚੀਜ਼ਾਂ ਦੇ ਸੂਚਕ ਸ਼ਬਦਾਂ ਦੇ ਪਿਛੇ ਲਗਦਾ ਹੈ ਜਿਵੇਂ ਕਲਮਦਾਨ, ਨਮਕਦਾਨੀ, ਸੁਰਮੇਦਾਨੀ ਆਦਿ ਤੇ ਇਸ ਦਾ ਅਰਥ ਹੁੰਦਾ ਹੈ, ਰੱਖਣ ਵਾਲਾ, ਧਾਰਨ ਕਰਨ ਵਾਲਾ। ਜਿਵੇਂ ਅਸੀਂ ਨਾਲ਼ੇ ਵਾਲੇ ਲੇਖ ਵਿਚ ਦੇਖਿਆ ਹੈ। ਨਾਰਦਾਨਾ ਮੋਟੇ ਤੌਰ ‘ਤੇ ਪਾਣੀ ਵਹਾਉਣ ਵਾਲਾ ਨਾਲਾ ਹੀ ਹੈ ਇਸ ਲਈ ਪ੍ਰਸੰਗ ਅਨੁਸਾਰ ਇਥੇ ਨਾਰ ਸ਼ਬਦ ਨਾੜ, ਨਾਲ ਦਾ ਰੁਪਾਂਤਰ ਪ੍ਰਤੀਤ ਹੁੰਦਾ ਹੈ। ਨਾਰਾਇਣ ਵਾਲੇ ਲੇਖ ਵਿਚ ਅਸੀਂ ਨਾਰ ਦਾ ਅਰਥ ਪਾਣੀ ਵੀ ਸਮਝ ਆਏ ਹਾਂ ਇਸ ਲਈ ਨਾਰਦਾਨਾ ਦਾ ਅਰਥ ਪਾਣੀ ਧਾਰਨ ਕਰਨ ਵਾਲਾ ਵੀ ਹੋ ਸਕਦਾ ਹੈ। ਪਰ ਨਾਰਾਇਣ ਵਿਚ ਪਾਣੀ ਦੇ ਅਰਥਾਂ ਵਾਲਾ ਨਰ ਇਕ ਬਹੁਤ ਸੀਮਤ ਜਿਹੇ ਪ੍ਰਸੰਗ ਵਿਚ ਹੀ ਹੈ, ਆਮ ਤੌਰ ‘ਤੇ ਇਸ ਦੀ ਅਜਿਹੀ ਵਰਤੋਂ ਨਹੀਂ ਹੁੰਦੀ। ਮੈਨੂੰ ਲਗਦਾ ਹੈ, ਨਾਰਦਾਨਾ ਸ਼ਬਦ ਦਾ ਜਨਮ ਫਾਰਸੀ ਵਿਚ ਹੋਇਆ ਹੈ ਤੇ ਇਸ ਵਿਚ ਇਸ ਦਾ ਰੂਪ ‘ਨਾਬਦਾਨ’ ਹੈ।
ਦਿਲਚਸਪ ਗੱਲ ਹੈ ਕਿ ਹਿੰਦੀ, ਉਰਦੂ ਵਿਚ ਨਾਬਦਾਨ ਸ਼ਬਦ ਕਾਫੀ ਪ੍ਰਚਲਿਤ ਹੈ ਪਰ ਪੰਜਾਬੀ ਵਿਚ ਕਿਧਰੇ ਨਹੀਂ ਰੜਕਦਾ ਜਾਂ ਮੇਰੀ ਗਿਆਨ ਸੀਮਾ ਹੈ। ਨਾਬਦਾਨ ਸ਼ਬਦ ਕਿਸੇ ਵੀ ਉਰਦੂ, ਹਿੰਦੀ, ਫਾਰਸੀ ਆਦਿ ਕੋਸ਼ ਵਿਚ ਮਿਲ ਜਾਂਦਾ ਹੈ। ਫਾਰਸੀ ‘ਨਾਬ’ ਦਾ ਅਰਥ ਹੁੰਦਾ ਹੈ, ਨਾਲ਼ਾ, ਪ੍ਰਨਾਲਾ, ਵਹੀਣ, ਖਾਂਚਾ, ਝਿਰੀ, ਸਿਆੜ, ਆਦਿ। ਇਸ ਤੋਂ ਬਣੇ ਨਾਬਦਾਰ ਦਾ ਅਰਥ ਹੁੰਦਾ ਹੈ ਝਿਰੀਦਾਰ, ਦੰਦੇਦਾਰ। ਇਸ ਨਾਬ ਸ਼ਬਦ ਦਾ ਪਿਛਲੇਰਾ ਰੂਪ ‘ਨਾਵ’ ਹੈ, ਹਿੰਦ-ਇਰਾਨੀ ਭਾਸ਼ਾਵਾਂ ਵਿਚ ‘ਵ’ ਧੁਨੀ ‘ਬ’ ਵਿਚ ਬਦਲ ਜਾਂਦੀ ਹੈ ਜਿਵੇਂ ਵਾਣੀ ਦਾ ਬਾਣੀ ਤੇ ਵਣ ਦਾ ਬਣ ਬਣ ਜਾਣਾ। ਨਾਵ ਤੋਂ ਇਕ ਸ਼ਬਦ ਬਣਿਆ ਨਾਵਕ ਜਿਸ ਦਾ ਇਕ ਅਰਥ ਹੁੰਦਾ ਹੈ, ਇਕ ਅਜਿਹਾ ਧਨੁਖ ਜਿਸ ਨੂੰ ਨਲੀ ਲੱਗੀ ਹੁੰਦੀ ਹੈ ਜਿਸ ਰਾਹੀਂ ਤੀਰ ਚਲਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲੀ ਰਾਹੀਂ ਚਲਾਏ ਜਾਂਦੇ ਤੀਰ ਇਕ ਤਰ੍ਹਾਂ ਨਿਸ਼ਾਨੇ ‘ਤੇ ਇਕ ਦਮ ਸੇਧਿਤ ਹੋਣ ਕਰਕੇ ਖੂਬ ਮਾਰ ਕਰਦੇ ਹਨ। ਅਜਿਹੇ ਤੀਰਾਂ ਨੂੰ ਵੀ ਨਾਵਕ ਆਖਦੇ ਹਨ। ਇਹ ਤੀਰ ਧਨੁਖ ਦੀ ਖਿੱਚ ਤੋਂ ਛੋਟੇ ਹੋਣ ਕਾਰਨ ਆਮ ਤੌਰ ‘ਤੇ ਕਿਸੇ ਛੋਟੇ ਤੀਰ ਨੂੰ ਵੀ ਨਾਵਕ ਕਿਹਾ ਜਾਣ ਲੱਗਾ। ਅਜਿਹੀ ਤਕਨੀਕ ਨਾਵਕ ਭਾਰਤ ਵਿਚ ਇਸਲਾਮੀ ਦੌਰ ਵਿਚ ਹੀ ਆਈ। ਅੱਜ ਕਲ੍ਹ ਇਸ ਤਰ੍ਹਾਂ ਤੀਰ ਦੇ ਤੀਰ ਚਲਾਉਣਾ ਤੁਰਕੀ ਵਿਚ ਇਕ ਆਮ ਸ਼ੌਕ ਹੈ। ਅਸੀਂ ਇਸ ਨੂੰ ਬੰਦੂਕ ਦੀ ਨਾਲੀ ਜਾਂ ਦੁਨਾਲੀ ਦੇ ਬਿੰਬ ਤੋਂ ਸਮਝ ਸਕਦੇ ਹਾਂ। ਬੰਦੂਕ ਦੀ ਨਾਲੀ ਰਾਹੀਂ ਹੀ ਗੋਲੀ ਸੇਧੀ ਜਾਂਦੀ ਹੈ।
ਮਹਾਨ ਕੋਸ਼ ਵਿਚ ਇਹ ਸ਼ਬਦ ਦਰਜ ਹੈ ਤੇ ਇਸ ਦਾ ਇੰਦਰਾਜ ਇਸ ਤਰ੍ਹਾਂ ਦਿੱਤਾ ਗਿਆ ਹੈ, “ਨਾਵਕ: ਥੋਥੀ ਨਲਕੀ, ਤੀਰ ਚਲਾਉਣ ਲਈ ਇੱਕ ਸਾਫ ਅਤੇ ਸਿੱਧੀ ਨਲਕੀ, ਜਿਸ ਵਿਚਦੀਂ ਤੀਰ ਬਹੁਤ ਸਿੱਧਾ ਜਾਂਦਾ, ਅਤੇ ਨਿਸ਼ਾਨੇ ‘ਤੇ ਠੀਕ ਬੈਠਦਾ। ‘ਜਸ ਨਾਵਕ ਕੋ ਤੀਰ ਚਲਾਯੋ।’ (ਚਰਿਤ੍ਰ 358); (2) ਦੰਦੇਦਾਰ ਤੀਰ; (3) ਹਲ ਦਾ ਫਾਲਾ; (4) ਮੱਖੀ ਭਰਿੰਡ ਆਦਿ ਜ਼ਹਿਰੀਲੇ ਜੀਵਾਂ ਦਾ ਕੰਡਾ; (5) ਦੇਖੋ, ਨਾਵਿਕ।” ਨਾਵਕ ਸ਼ਬਦ ਦੀ ਅਜਿਹੇ ਤੀਰ ਕਮਾਨ ਵਾਲੇ ਅਰਥਾਂ ਵਿਚ ਵਰਤੋਂ ਸਿੱਖ ਸਾਹਿਤ ਤੇ ਮੱਧਕਾਲੀ ਪੰਜਾਬੀ ਸਾਹਿਤ ਵਿਚ ਮਿਲ ਜਾਂਦੀ ਹੈ। ‘ਸ੍ਰੀ ਗੁਰ ਪ੍ਰਤਾਪ ਸੂਰਜ’ ਵਿਚ ਇਹ ਸ਼ਬਦ ਇਸ ਤਰ੍ਹਾਂ ਆਇਆ ਹੈ,
ਪੇਸ਼ ਕਬਗ਼ ਸ਼ੁਭ ਨਾਨਾ
ਤੀਰ ਅਨਿਕ ਬਿਧਿ ਖਪਰੇ ਸੇਲੇ
ਗਨ ਬਦਾਂਮਚੇ ਤੁਜ਼ਕੇ।
ਸੇਲ ਨਰਾਣਚ੫ ਸੁ ਨਾਵਕ ਤੀਖਨ
ਕਰਦਹਿ ਤਨ ਰਿਪੁ ਢੂਕੇ।
ਹਾਫ਼ਿਜ਼ ਬਰਖੁਰਦਾਰ ਮਿਰਜ਼ਾ ਸਾਹਿਬਾਂ ਵਿਚ ਲਿਖਦੇ ਹਨ,
ਮੁੜੇ ਕੌਣ ਕਲਾਮ ਨੂੰ, ਜਾਂ ਲਿਖੀ ਲਿਖਣ ਹਾਰ।
ਇਸ਼ਕ ਘਾਈਏ ਆਸ਼ਿਕਾਂ, ਕਰ ਕੇ ਚਸ਼ਮਾਂ ਚਾਰ।
ਨਾਵਕ ਵਗਣ ਜ਼ਹਿਰ ਦੇ, ਵਿਸਰ ਜਾਵਣ ਸਾਰ।
ਹਿੱਕ ਸਹਿਕਣ ਹਿੱਕ ਤੜਫਦੇ, ਲੰਘ ਪਏ ਹਿੱਕ ਹਾਰ।
ਜਿਵੇਂ ਪਹਿਲਾਂ ਵੀ ਦੱਸਿਆ ਜਾ ਚੱਕਾ ਹੈ, ਨਾਵ ਸ਼ਬਦ ਹਿੰਦ-ਇਰਾਨੀ, ਇਥੋਂ ਤੱਕ ਕਿ ਭਾਰੋਪੀ ਖਾਸੇ ਵਾਲਾ ਸ਼ਬਦ ਹੈ। ਸੰਸਕ੍ਰਿਤ ਵਿਚ ਨਾਵ ਦਾ ਅਰਥ ਨੌਕਾ, ਬੇੜੀ ਹੈ। ਫਾਰਸੀ ਵਿਚ ਇਸ ਸ਼ਬਦ ਦੇ ਦੋ ਰੂਪ ਹਨ, ਨਾਵ ਅਤੇ ਨਾਵਹ। ਫਾਰਸੀ ਵਿਚ ਨਾਵ ਦਾ ਅਰਥ ਨੌਕਾ, ਬੇੜੀ ਤੋਂ ਬਿਨਾਂ ਨਾਲ਼, ਨਾਲ਼ੀ, ਪ੍ਰਣਾਲ਼ਾ, ਤ੍ਰੇੜ, ਮੋਰੀ ਆਦਿ ਵੀ ਹੈ ਪਰ ਨਾਵਹ ਦਾ ਮੁੱਖ ਅਰਥ ਨਾਲ਼ੀ ਹੀ ਹੈ। ਇਸੇ ਨਾਵ ਤੋਂ ਨਾਵਕ ਬਣਿਆ ਜਿਸ ਦੇ ਅਰਥ ਪਹਿਲਾਂ ਦੱਸੇ ਜਾ ਚੁੱਕੇ ਹਨ।
ਦੂਜੇ ਪਾਸੇ ਸੰਸਕ੍ਰਿਤ ਨਾਵ ਦੇ ਅਰਥ ਬੇੜੀ, ਕਿਸ਼ਤੀ ਤੱਕ ਹੀ ਸੀਮਤ ਹਨ। ਇਸ ਲਈ ਇਸ ਤੋਂ ਬਣੇ ਨਾਵਿਕ ਦਾ ਅਰਥ ਕਿਸ਼ਤੀ ਚਲਾਉਣ ਵਾਲਾ ਅਰਥਾਤ ਮਲਾਹ ਹੈ। ਇਹ ਗੱਲ ਵੱਖਰੀ ਹੈ ਕਿ ਬੋਲਚਾਲ ਵਿਚ ਨਾਵਿਕ ਵੀ ਕਈ ਵਾਰੀ ਨਾਵਕ ਵਾਂਗੂੰ ਬੋਲਿਆ ਜਾਂਦਾ ਹੈ, ਇਸ ਲਈ ਦੋਨੋਂ ਅਰਥਾਂ ਦਾ ਧਾਰਨੀ ਬਣ ਜਾਂਦਾ ਹੈ। ਅਸਲ ਵਿਚ ‘ਨਾਵ’ ਮੂਲ ਵਿਚ ਖੋਖਲੇਪਣ ਦਾ ਭਾਵ ਹੈ। ਇਸ ਤੋਂ ਇਸ ਦੇ ਖੋਖਲੇਪਣ ਦਾ ਗੁਣ ਰੱਖਣ ਵਾਲੀਆਂ ਚੀਜ਼ਾਂ ਦੇ ਅਰਥਾਵੇਂ ਸ਼ਬਦ ਬਣੇ। ਕੋਈ ਚੀਜ਼ ਦੋ ਤਰ੍ਹਾਂ ਖੋਖਲੀ ਹੋ ਸਕਦੀ ਹੈ, ਪੂਰੀ ਖੋਖਲੀ ਜਿਵੇਂ ਨਲੀ ਅਤੇ ਅਰਧ-ਖੋਖਲੀ ਅਰਥਾਤ ਉਪਰੋਂ ਖੁਲ੍ਹੀ ਜਿਵੇਂ ਨਾਲੀ। ਪਰ ਇਸ ਦੇ ਕਿਸ਼ਤੀ ਵਾਲੇ ਭਾਵ ਜਿਵੇਂ ਨੌਕਾ ਸ਼ਬਦ ਵਿਚ, ਇਸ ਖੋਖਲੇਪਣ ਵਿਚ ਵਹਿਣ ਵਾਲੀ ਵਸਤੂ ਦੇ ਤੌਰ ‘ਤੇ ਆਏ। ਅੰਗਰੇਜ਼ੀ ਨੇਵੀ, ਨੇਵਲ ਤੇ ਹੋਰ ਅਨੇਕਾਂ ਭਾਰੋਪੀ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ ਜਿਨ੍ਹਾਂ ਦੀ ਵਿਆਖਿਆ ਫਿਰ ਕਦੇ ਕੀਤੀ ਜਾਵੇਗੀ।