ਐਵੇਂ ਬੋਕ ਦੇ ਸਿੰਗਾਂ ਨੂੰ ਹੱਥ ਲਾ ਕੇ…

ਪੰਜਾਬੀ ਗਾਇਕੀ ਦੇ ਅੰਦਰ ਬਾਹਰ
ਐਸ ਅਸ਼ੋਕ ਭੌਰਾ
ਕਈ ਗਲੀਆਂ ਵੇਖਣ ਨੂੰ ਤਾਂ ਸੁੰਨੀਆਂ ਲੱਗਦੀਆਂ ਨੇ ਪਰ ਰੌਲੇ ਗੌਲੇ ਦੀਆਂ ਆਵਾਜ਼ਾਂ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ, ਕਿਉਂਕਿ ਇਹ ਜ਼ਰੂਰੀ ਨਹੀਂ ਜਦੋਂ ਬੁੱਲ੍ਹ ਚੁੱਪ ਹੋਣ ਤਾਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ?
ਮੈਂ ਜ਼ਿੰਦਗੀ ਵਿਚ ਕਈ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ, ਜਿਨ੍ਹਾਂ ਦੇ ਮੈਂ ਹਾਣ ਦਾ ਨਹੀਂ ਸੀ।

ਅੱਡੀਆਂ ਚੁੱਕ ਕੇ ਫਾਹਾ ਮੈਂ ਬਹੁਤ ਥਾਂ ਲੈਂਦਾ ਰਿਹਾ ਹਾਂ, ਇਹ ਸੋਚ ਕੇ ਕਿ ਜੇ ਹਾਰ ਗਿਆ ਤਾਂ ਲੋਕਾਂ ਨੇ ਇਕੋ ਗੱਲ ਕਹਿਣੀ ਹੈ ਕਿ ਚੱਲ ਨਿਆਣਾ ਸੀ ਤੇ ਜੇ ਜਿੱਤ ਗਿਆ ਤਾਂ ਕਹਿਣਗੇ ਕਿ ਵੇਖ ਲਓ ਮੁੰਡੇ ਨੇ ਛੋਟੀ ਉਮਰੇ ਕਿੰਨੇ ਵੱਡੇ ਕੰਮ ਕਰ ਦਿੱਤੇ। ਸੱਚ ਇਹ ਹੈ ਕਿ ਮੈਂ ਕਈ ਉਨ੍ਹਾਂ ਲਾਰੀਆਂ ਵਿਚ ਚੜ੍ਹਦਾ ਰਿਹਾ ਹਾਂ ਜਿਨ੍ਹਾਂ ਦੇ ਅੱਗੇ ਸਾਈਨ ਬੋਰਡ ਵੀ ਨਹੀਂ ਲੱਗਾ ਹੁੰਦਾ ਸੀ ਕਿ ਉੁਹ ਜਾਣੀਆਂ ਕਿਥੇ ਹਨ?
ਪੰਜ ਕੁ ਸਾਲ ਜਦੋਂ ਸ਼ੌਂਕੀ ਮੇਲੇ ਦੀ ਸ਼ਿਖਰ ਨੇ ਪੰਜਾਬ ਦੇ ਗਾਇਕੀ ਹਲਕਿਆਂ Ḕਚ ਉਥਲ-ਪੁਥਲ ਕੀਤੀ ਤਾਂ ਮੇਰਾ ਉਤਸ਼ਾਹ ਵੀ ਵੱਧ ਗਿਆ। ਸੀ ਤਾਂ ਮੈਂ ਅਧਿਆਪਕ ਹੀ ਪਰ ਹਾਲਾਤ ਨੇ ਹੱਥ ਅਫਸਰਾਂ ਨਾਲ ਜੋੜਨ ਦੇ ਸਮਰੱਥ ਬਣਾ ਦਿੱਤਾ। 1994 ਵਿਚ ਜਦੋਂ ਪੰਜਾਬੀਆਂ ਨੂੰ ਲੱਗਾ ਕਿ ਸ਼ੌਂਕੀ ਮੇਲੇ ਤੋਂ ਵੱਡਾ ਕੋਈ ਹੋਰ ਮੇਲਾ ਨਹੀਂ ਹੋ ਸਕਦਾ ਤਾਂ ਭਰੇ ਮੇਲੇ ਵਿਚ ਮੈਂ ਇਹ ਐਲਾਨ ਕਰ ਬੈਠਾ ਕਿ Ḕਅਗਲੇ ਵਰ੍ਹੇ ਅਸੀਂ ਲਹਿੰਦੇ ਪੰਜਾਬ ਦੇ ਗਾਇਕਾਂ ਨੂੰ ਵੀ ਇਸ ਮੇਲੇ ਵਿਚ ਸ਼ਾਮਿਲ ਕਰਾਂਗੇ ਇਹ ਮੇਰਾ ਵਾਅਦਾ ਹੈ।Ḕ ਕਹਿ ਤਾਂ ਮੈਂ ਬੈਠਾ ਪਰ ਮੇਰੀ ਸਥਿਤੀ ਉਹ ਬਣ ਗਈ ਜਿਵੇਂ ਕਿਸੇ ਦਾ ਕੰਨ ਵਿੰਨ੍ਹਣ ਤੋਂ ਪਹਿਲਾਂ ਨੱਥ ਪਾ ਦਿੱਤੀ ਗਈ ਹੋਵੇ।
ਉਨ੍ਹਾਂ ਦਿਨਾਂ ਵਿਚ ਲਹਿੰਦੇ ਪੰਜਾਬ ਦੀ ਪੰਜਾਬੀ ਗਾਇਕੀ ਦੇ ਤਿੰਨ ਨਾਂ ਬੜੇ ਵੱਡੇ ਸਨ। ਇਹ ਗਾਇਕੀ ਦੀ ਆਪੋ ਆਪਣੀ ਸਿਨਫ ਵਿਚ ਮੁਕੰਮਲ ਵੀ ਸਨ-ਨੁਸਰਤ ਫਤਿਹ ਅਲੀ ਖਾਨ, ਅਕਰਮ ਰਾਹੀ ਅਤੇ ਆਰਿਫ ਲੋਹਾਰ। ਆਰਿਫ ਲੋਹਾਰ ਨੂੰ ਮੈਂ ਸ਼ੌਂਕੀ ਮੇਲੇ ਵਿਚ ਇਸ ਕਰਕੇ ਸ਼ਾਮਿਲ ਕਰਨਾ ਚਾਹੁੰਦਾ ਸੀ ਕਿ ਕਿਸੇ ਵੇਲੇ ਮੇਰੇ ਯਾਰ ਕੁਲਦੀਪ ਮਾਣਕ ਨਾਲ ਉਹਦੇ ਬਾਪੂ ਆਲਮ ਲੋਹਾਰ ਦਾ ਲੰਡਨ ਵਿਚ ਸਿਹਤਮੰਦ ਸੰਗੀਤਕ ਭੇੜ ਹੋਇਆ ਸੀ, ਅਕਰਮ ਰਾਹੀ ਉਨ੍ਹਾਂ ਦਿਨਾਂ ਵਿਚ Ḕਲੁਕ ਲੁਕ ਦੁਨੀਆਂ ਤੋਂ ਅਸੀਂ ਰੋਂਦੇ ਰਹੇḔ ਅਤੇ Ḕਤੇਰੀ ਗਲੀ ਵਿਚੋਂ ਲੰਘੇਗਾ ਜਨਾਜਾ ਜਦੋਂ ਮੇਰਾ, ਤੇਰੇ ਦਿਲ ਦੇ ਮੁਹੱਲੇ ਵਿਚ ਵੈਣ ਪੈਣਗੇḔ ਆਦਿ ਗੀਤਾਂ ਨਾਲ ਮੁੰਡਿਆਂ-ਕੁੜੀਆਂ ਵਿਚ ਪੂਰੀ ਪੈਂਠ ਬਣਾਈ ਬੈਠਾ ਸੀ ਤੇ ਨੁਸਰਤ ਸਾਹਿਬ ਤਾਂ ਆਪਣੇ ਆਪ ਵਿਚ ਹੀ ਸੰਗੀਤ ਦਾ ਇਕ ਨਾ ਬੁਝਣ ਵਾਲਾ ਚਿਰਾਗ ਸਨ। ਕਾਨਾਫੂਸੀ ਇਹ ਹੋ ਰਹੀ ਸੀ, ਸਰਦੂਲ ਕਹਿਣ ਲੱਗਾ, ਜੇ ਤੂੰ ਇਨ੍ਹਾਂ ਤਿੰਨਾਂ ਨੂੰ ਸ਼ੌਂਕੀ ਮੇਲੇ ਵਿਚ ਸ਼ਾਮਿਲ ਕਰ ਲਵੇਂ, ਤਦ ਇਨ੍ਹਾਂ ਤੋਂ ਵੀ ਵੱਡਾ ਸਤਿਕਾਰ ਪੰਜਾਬ ਦੇ ਲੋਕ ਤੈਨੂੰ ਦੇਣਗੇ। ਜੱਸੋਵਾਲ ਕਹਿਣ ਲੱਗਾ ਗੁਰਦਾਸ ਮਾਨ ਆਪੇ ਨੱਠਾ ਆਉਂਦਾ ਵੇਖੀਂ। ਤੇ ਢਾਡੀ ਦਇਆ ਸਿੰਘ ਦਿਲਬਰ ਨੇ ਕਿਹਾ ਸੀ, ਅਸ਼ੋਕ ਤੇਰੀ ਸੋਚ ਤੋਂ ਲੋਕ ਤਾਂ ਬਲਿਹਾਰੇ ਜਾਣਗੇ ਹੀ ਸਗੋਂ ਇਹ ਵੀ ਕਹਿਣਗੇ, ਢਾਡੀਆਂ ਬਾਰੇ ਲਿਖਣ ਵਾਲੇ ਮੁੰਡੇ ਨੇ ਆਹ ਵੀ ਕਮਾਲ ਕਰ ਦਿੱਤੀ।
ਉਮਰ ਮੇਰੀ ਸਿਰਫ 30 ਵਰ੍ਹੇ, ਹੁਸ਼ਿਆਰਪੁਰ ਦਾ ਤਤਕਾਲੀ ਡਿਪਟੀ ਕਮਿਸ਼ਨਰ ਸੀ ਰਾਊਲ, ਕਮਿਸ਼ਨਰ ਜਲੰਧਰ ਡਿਵੀਜ਼ਨ ਆਰ ਪੀ ਐਫ ਪਵਾਰ, ਐਸ ਡੀ ਐਮ ਗੜ੍ਹਸ਼ੰਕਰ ਸਤਵੰਤ ਸਿੰਘ ਜੌਹਲ-ਤਿੰਨੇ ਹੀ ਅਫਸਰ ਮੇਰੇ ਨੇੜਲੇ ਸੰਪਰਕ ਵਿਚ ਸਨ। ’94 ਦੇ ਸ਼ੌਂਕੀ ਮੇਲੇ ‘ਤੇ ਡਿਪਟੀ ਕਮਿਸ਼ਨਰ ਵਲੋਂ ਮੇਲੇ ਵਾਲੇ ਦਿਨ 29 ਜਨਵਰੀ ਨੂੰ ਪੂਰੇ ਜ਼ਿਲ੍ਹੇ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਮੇਲਾ ਵੇਖ ਕੇ ਇਕ ਉੜੀਸਾ ਵਿਚ ਜੰਮੇ ਪਲੇ ਇਸ ਅਧਿਕਾਰੀ ਦਾ ਮੇਰੇ ਪ੍ਰਤੀ ਪੂਰਾ ਵਿਸ਼ਵਾਸ ਬਣਿਆ ਹੋਇਆ ਸੀ। ਦੋ ਦਸੰਬਰ ਨੂੰ ਮੈਂ ਡੀ ਸੀ ਰਾਊਲ ਦੇ ਘਰ ਗਿਆ ਤੇ ਦੱਸਿਆ ਕਿ ਇਸ ਵਾਰ ਸ਼ੌਂਕੀ ਮੇਲੇ ‘ਤੇ ਨੁਸਰਤ ਫਤਿਹ ਅਲੀ ਖਾਨ, ਅਕਰਮ ਰਾਹੀ ਅਤੇ ਆਰਿਫ ਲੋਹਾਰ ਨੂੰ ਬੁਲਾਉਣ ਦਾ ਮੇਰਾ ਇਰਾਦਾ ਹੈ। ਕਮਾਲ ਦੇਖੋ ਕਿ ਇਸ ਅਧਿਕਾਰੀ ਨੇ ਕੁਝ ਵੀ ਟਾਲਾ ਵੱਟਣ ਨਾਲੋਂ ਕਿਹਾ ਕਿ ਅਸ਼ੋਕ ਦੱਸ ਮੈਨੂੰ ਕਿ ਮੈਂ ਕੀ ਕਰ ਸਕਦਾ ਹਾਂ? ਮੇਰੀ ਬੇਨਤੀ ‘ਤੇ ਉਸ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਦਿੱਲੀ ਵਿਚ ਮੈਨੂੰ ਵੀਜ਼ਾ ਦੇਣ ਲਈ ਦਫਤਰੀ ਖਤੋ-ਖਿਤਾਬਤ ਕਰ ਦਿੱਤੀ। ਦਿਲਸਚਪ ਗੱਲ ਇਹ ਕਿ ਇਸ ਨੇਕ ਦਿਲ ਅਧਿਕਾਰੀ ਨੂੰ ਇਹ ਵੀ ਇਲਮ ਨਹੀਂ ਸੀ ਕਿ ਏਦਾਂ ਕਰਨਾ ਸਿਰਫ ਵਿਦੇਸ਼ ਮੰਤਰਾਲੇ ਦੇ ਅਧਿਕਾਰ ਵਿਚ ਹੈ, ਉਹਦੇ ਅਧਿਕਾਰ ਖੇਤਰ ਵਿਚ ਨਹੀਂ।
ਏਥੇ ਮੈਂ ਇਕ ਹੋਰ ਜ਼ਿਕਰ ਕਰਨਾ ਵੀ ਚਾਹਾਂਗਾ ਕਿ ਪਾਕਿਸਤਾਨ ਤਾਂ ਮੈਂ ਇਸ ਤੋਂ ਪਹਿਲਾਂ ਜਾ ਆਇਆ ਸਾਂ ਪਰ 1994 ਦੇ ਇਹ ਦਿਨ ਅਤਿ ਦੀ ਖਿੱਚੋਤਾਣ ਵਾਲੇ ਸਨ। ਇਸ ਖਤ ਵਿਚ ਸ਼ੌਂਕੀ ਟਰੱਸਟ ਦਾ ਘੱਟ ਤੇ ਲੋਕ ਸੱਭਿਆਚਾਰ ਦਾ ਜ਼ਿਕਰ ਇਸ ਕਰਕੇ ਮੈਂ ਵੱਧ ਕਰ ਦਿੱਤਾ ਸੀ ਕਿ ਮੈਨੂੰ ਪਤਾ ਸੀ ਕਿ ਮੇਲਾ ਆਉਣ ਵਾਲੇ ਸਮੇਂ ਵਿਚ ਧੜੇਬੰਦੀ ਦਾ ਸ਼ਿਕਾਰ ਹੋਵੇਗਾ। ਇਹਦੇ ਲਈ ਸ਼ੌਂਕੀ ਦਾ ਪਰਿਵਾਰ ਤੇ ਖਾਸ ਕਰ ਉਹਦੇ ਛੋਟੇ ਪੁੱਤਰ ਦੀ ਬੇਲੋੜੀ ਦਖਲ ਅੰਦਾਜ਼ੀ ਜਿੰਮੇਵਾਰ ਸੀ।
ਮੈਨੂੰ ਚਾਅ ਸੀ ਇਸ ਵਾਰ Ḕਕੱਲ੍ਹਾ ਪਾਕਿਸਤਾਨ ਜਾਵਾਂਗਾ ਤੇ ਮਨਮਰਜ਼ੀ ਨਾਲ ਗਾਇਕਾਂ ਅਤੇ ਹੋਰ ਕਲਾਕਾਰਾਂ ਨੂੰ ਮਿਲਾਂਗਾ। ਵਿਚਲਾ ਭੇਦ ਇਹ ਸੀ ਕਿ ਪਾਕਿਸਤਾਨ ਹਾਈ ਕਮਿਸ਼ਨਰ ਵਲੋਂ ਡਿਪਟੀ ਕਮਿਸ਼ਨਰ ਨੂੰ ਇਹ ਜਵਾਬ ਭੇਜਿਆ ਗਿਆ ਸੀ ਕਿ ਅਸ਼ੋਕ ਭੌਰਾ ਨੂੰ ਜਿਸ ਕਾਰਜ ਲਈ ਤੁਸੀਂ ਪਾਕਿਸਤਾਨ ਭੇਜਣਾ ਚਾਹੁੰਦੇ ਹੋ, ਉਹਦੇ ਪ੍ਰਤੀ ਭਾਰਤ ਸਰਕਾਰ ਸਾਡੀ ਸਰਕਾਰ ਨੂੰ ਲਿਖੇ ਤੇ ਉਥੋਂ ਮਨਜ਼ੂਰ ਹੋਣ ਪਿਛੋਂ ਵੀਜ਼ਾ ਦਿੱਤਾ ਜਾ ਸਕਦਾ ਹੈ। ਅੱਜ 21 ਸਾਲ ਬਾਅਦ ਇਹ ਖੁਲਾਸਾ ਕਰਦਿਆਂ ਆਪਣਾ ਢਿੱਡ ਤਾਂ ਨੰਗਾ ਕਰਨ ਲੱਗਿਆ ਹਾਂ ਕਿ ਮੁਕਲਾਵੇ ਵਰਗੇ ਇਸ ਚਾਅ ਨੇ ਜਿਹੜੇ ਗੱਡੀ ਚੜ੍ਹਦੇ ਦੇ ਮੇਰੇ ਗੋਡੇ ਭੰਨ੍ਹੇ ਸਨ, ਉਹਦੇ ਬਾਰੇ ਆਮ ਲੋਕਾਂ ਨੂੰ ਸ਼ਾਇਦ ਅਜੇ ਤੱਕ ਕੁਝ ਪਤਾ ਨਾ ਹੋਵੇ। ਇਥੋਂ ਤੱਕ ਸਾਡੇ ਟਰੱਸਟ ਵਿਚ ਵੀ ਇਹਦੇ ਬਾਰੇ ਕਿਸੇ ਨੂੰ ਸੂਹ ਤੱਕ ਨਹੀਂ ਸੀ।
ਹਾਲਾਂਕਿ ਮੈਂ ਬਹੁਤ ਸਾਰੇ ਦੇਸ਼ਾਂ ਵਿਚ ਉਦੋਂ ਤੱਕ ਜਾ ਚੁੱਕਾ ਸੀ ਤੇ ਪਾਕਿਸਤਾਨ ਹਾਈ ਕਮਿਸ਼ਨਰ ਦੀ ਇਸ ਇਬਾਰਤ ਵਾਲੀ ਚਿੱਠੀ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਸੀ ਪਰ ਫਿਰ ਵੀ ਆਪਣੀ ਫਾਈਲ ਅਤੇ ਪਾਸਪੋਰਟ ਲੈ ਕੇ ਉਸੇ ਹੀ ਚਿੱਠੀ ਨੂੰ ਨਾਲ ਲਾਇਆ ਤੇ ਦਿੱਲੀ ਆਪਣੇ ਇਕ ਮਿੱਤਰ ਇੰਦਰਜੀਤ ਨੂੰ ਨਾਲ ਲੈ ਕੇ ਵੀਜ਼ਾ ਕਤਾਰ ਵਿਚ ਜਾ ਲੱਗਾ।
ਕੋਈ ਤਿੰਨ ਕੁ ਘੰਟੇ ਬਾਅਦ ਮੀਡੀਏ ਨਾਲ ਸਬੰਧਿਤ ਹੋਣ ਕਰਕੇ ਮੈਨੂੰ ਪ੍ਰੈਸ ਅਟੈਚੀ ਦੇ ਦਫਤਰ ਵਿਚ ਬੁਲਾਇਆ ਗਿਆ। ਇਕ ਘੰਟੇ ਦੀ ਇੰਟਰਵਿਊ ਦੌਰਾਨ ਕਈ ਵਾਰ ਮੇਰਾ ਉਤਲਾ ਸਾਹ ਥੱਲੇ ਇਸ ਕਰਕੇ ਨਾ ਆਇਆ ਕਿ ਅਫਸਰ ਦੇ ਸਵਾਲਾਂ ਦੀ ਬੁਛਾੜ ਦੱਸ ਰਹੀ ਸੀ ਕਿ ਮੇਰੀ ਸਥਿਤੀ ਉਸ ਸਹੇ ਵਰਗੀ ਬਣ ਗਈ ਹੈ ਜਿਸ ਨੂੰ ਚੌਹਾਂ ਪਾਸਿਆਂ ਤੋਂ ਸ਼ਿਕਾਰੀ ਕੁੱਤਿਆਂ ਨੇ ਘੇਰ ਲਿਆ ਹੋਵੇ। ਮੇਰੀ ਸਰਕਾਰੀ ਨੌਕਰੀ ਬਾਰੇ ਸਵਾਲ, ਮੇਰੇ ਮੇਲੇ ਬਾਰੇ ਵਿੰਗੇ ਟੇਡੇ ਪ੍ਰਸ਼ਨ, ਪਾਕਿਸਤਾਨ ਜਾਣ ਦਾ ਮਿਸ਼ਨ, ਖੁਫੀਆ ਏਜੰਸੀਆਂ ਨਾਲ ਸਬੰਧ, ਇਥੋਂ ਤੱਕ ਕਿ ਮੇਰੇ ਕੋਲੋਂ ਭਾਰਤ ਦੀ ਇਕ ਵੱਡੀ ਖੁਫੀਆ ਏਜੰਸੀ ਬਾਰੇ ਵੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ। ਹਾਲਾਤ ਇੱਦਾਂ ਦੇ ਬਣ ਗਏ ਕਿ ਲੱਗਦਾ ਸੀ ਕਿ ਇਹ ਅਧਿਕਾਰੀ ਮੈਨੂੰ ਬਿਲਕੁਲ ਹੀ ਸ਼ੱਕੀ ਸਮਝਣ ਲੱਗ ਪਿਆ ਸੀ। ਮੈਂ ਚਾਹੁੰਦਾ ਸੀ ਕਿ ਮੈਨੂੰ ਕਿਹੜੀ ਘੜੀ ਇਹ ਬਾਹਰ ਕੱਢੇ ਪਰ ਮੇਰੇ ਲਈ ਆਪਣੀ ਮਰਜ਼ੀ ਨਾਲ ਬਾਹਰ ਨਿਕਲਣਾ ਔਖਾ ਹੋ ਗਿਆ ਸੀ। ਮੇਰਾ ਉਸ ਵਕਤ ਦਾ ਅਨੁਭਵ ਸੀ ਕਿ ਹਾਈ ਕਮਿਸ਼ਨਰ ਸੋਚਣ ਲੱਗ ਪਿਆ ਕਿ ਜਵਾਬ ਦੇਣ ਦੇ ਬਾਵਜੂਦ ਵੀ ਇਹ ਬੰਦਾ ਵੀਜ਼ਾ ਲੈਣ ਲਈ ਕਿਉਂ ਆਇਆ ਹੈ? Ḕਨਿੱਕੀ ਉਮਰ ਤੇ ਵੱਡੇ ਮਾਮਲੇḔ, ਮੈਂ ਦਰਜਨਾਂ ਦੇਸ਼ਾਂ ਦੇ ਦੂਤਘਰਾਂ Ḕਚ ਇੰਟਰਵਿਊ ਦੇਣ ਲਈ ਜਾਂਦਾ ਰਿਹਾ ਹਾਂ ਪਰ ਇਕੋ ਹੀ ਹਾਈ ਕਮਿਸ਼ਨਰ ਸੀ ਜਿਥੇ ਮੈਨੂੰ ਦੋ ਵਾਰ ਘਬਰਾਏ ਹੋਏ ਨੂੰ ਮੰਗ ਕੇ ਪਾਣੀ ਪੀਣਾ ਪਿਆ ਸੀ। ਡਰਿਆ ਮੈਂ ਇਸ ਕਰਕੇ ਵੀ ਸਾਂ ਕਿ ਭਾਰਤ ਸਰਕਾਰ ਨੂੰ ਮੇਰੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਖੈਰ! ਦਰਵਾਜ਼ਾ ਖੁੱਲ੍ਹਿਆ ਤੇ ਉਸ ਅਫਸਰ ਨੇ ਮੈਨੂੰ ਬਾਹਰ ਜਾਣ ਲੱਗਿਆਂ ਬੜੇ ਰੁੱਖੇ ਅੰਦਾਜ ਵਿਚ ਕਿਹਾ ਕਿ ਐਵੇਂ ਮੂੰਹ ਚੁੱਕ ਕੇ ਪਾਕਿਸਤਾਨ ਦਾਖਲ ਹੋਣਾ ਸੁਖਾਲਾ ਨਹੀਂ। ਅਸੀਂ ਤੇਰੇ ਬਾਰੇ ਸਾਰੀ ਜਾਣਕਾਰੀ ਇਕੱਤਰ ਕਰਾਂਗੇ।
ਜਿਸ ਰਸਤੇ ਮੈਂ ਬਾਹਰ ਨਿਕਲਿਆ ਉਥੇ ਅਫਸਰੀ ਦਿੱਖ ਵਾਲੇ ਦੋ ਵਿਅਕਤੀ ਖੜੇ ਸਨ। ਉਨ੍ਹਾਂ ਵਿਚੋਂ ਇਕ ਦਾ ਪਹਿਲਾ ਸਵਾਲ ਸੀ, Ḕਭੌਰਾ ਸਾਹਿਬ ਅਸੀਂ ਤੁਹਾਨੂੰ ਬਹੁਤ ਚਿਰ ਦੇ ਅਜੀਤ ਅਖਬਾਰ ਵਿਚ ਪੜ੍ਹ ਰਹੇ ਹਾਂ। ਕੀ ਅਸੀਂ ਇਥੇ ਤੁਹਾਡੀ ਵੀਜ਼ਾ ਲਗਵਾਉਣ ਵਿਚ ਕੋਈ ਮਦਦ ਕਰ ਸਕਦੇ ਹਾਂḔ ਤੇ ਨਾਲ ਹੀ ਦੂਜਾ ਕਹਿਣ ਲੱਗਾ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀਜ਼ਾ ਨਹੀਂ ਮਿਲਿਆ ਹੋਣਾ। ਉਨ੍ਹਾਂ ਦਾ ਅੰਦਾਜ਼ ਪਾਕਿਸਤਾਨੀ ਲੱਗਦਾ ਸੀ ਪਰ ਉਹ ਆਪਣੇ ਆਪ ਨੂੰ ਇਹ ਦੱਸ ਰਹੇ ਸਨ ਕਿ ਅਸੀਂ ਭਾਰਤੀ ਵਿਦੇਸ਼ ਮੰਤਰਾਲੇ ਵਿਚ ਹਾਂ ਅਤੇ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਤਕਰੀਬਨ ਇਕ ਕਿਲੋਮੀਟਰ ਤੱਕ ਉਹ ਮੇਰੇ ਨਾਲ ਪੈਦਲ ਚੱਲ ਕੇ ਆਏ ਹੋਣਗੇ ਤੇ ਇਸ ਦੌਰਾਨ ਉਨ੍ਹਾਂ ਨੇ ਮੇਰੇ ਅੰਦਰੋਂ ਸਾਰੀ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ ਸੀ। ਉਹ ਪਿਛਾਂਹ ਮੁੜੇ ਤਾਂ ਮੇਰਾ ਦੋਸਤ ਇੰਦਰਜੀਤ ਮਿਲ ਗਿਆ। ਕਹਿਣ ਲੱਗਾ, ਮੈਂ ਪੂਰੇ ਤਿੰਨ ਘੰਟੇ ਤੋਂ ਇਥੇ ਬੈਠਾ ਹਾਂ ਤੇ ਘੱਟੋ ਘੱਟ 10 ਬੰਦੇ ਮੈਨੂੰ ਮੇਰੇ ਬਾਰੇ ਅਤੇ ਤੁਹਾਡੇ ਬਾਰੇ ਪੁੱਛ ਕੇ ਗਏ ਨੇ। ਮੈਨੂੰ ਲੱਗਣ ਲੱਗ ਪਿਆ ਕਿ ਇਹ ਸਾਰਾ ਖੁਫੀਆ ਤੰਤਰ ਮੇਰੇ ਦੁਆਲੇ ਉਣ ਦਿੱਤਾ ਗਿਆ ਹੈ।
ਮਨ ਵਹਿਮਾਂ ਭਰਮਾਂ ਵਿਚ ਫਸ ਗਿਆ ਕਿ ਹੁਣ ਕੀ ਹੋਵੇਗਾ, ਹੁਣ ਕੀ ਹੋਵੇਗਾ? ਇਸੇ ਖਿੱਚੋਤਾਣ ਵਿਚ ਕਈ ਮਹੀਨੇ ਨਿਕਲ ਗਏ। ਫਿਰ ਮੈਨੂੰ ਇਕ ਉਚ ਪੁਲਿਸ ਅਧਿਕਾਰੀ ਦੇ ਦਫਤਰ ਵਿਚ ਬੁਲਾਇਆ ਗਿਆ। ਪਰ ਲਿਖਤੀ ਰੂਪ ਵਿਚ ਕੁਝ ਵੀ ਨਾ ਦਿੱਤਾ ਗਿਆ। ਮੈਨੂੰ ਉਸ ਪੁਲਿਸ ਅਧਿਕਾਰੀ ਦਾ ਸਭ ਤੋਂ ਪਹਿਲਾ ਸਵਾਲ ਕਦੇ ਵੀ ਨਹੀਂ ਭੁੱਲੇਗਾ, Ḕਤੂੰ ਹੈਂ ਕੀ ਆ ਓਏ, ਤੂੰ ਪਾਕਿਸਤਾਨ ਛੁਣਛੁਣਾ ਫੜ੍ਹਨ ਜਾਣਾ ਸੀ।Ḕ ਸਮਾਂ ਬੀਤਣ ਕਰਕੇ ਇਹ ਏਦਾਂ ਲੱਗਿਆ ਜਿਵੇਂ ਜ਼ੰਗਾਲ ਖਾਧੀ ਬੰਦੂਕ ਵਿਚੋਂ ਬੜੀ ਤੇਜ਼ੀ ਨਾਲ ਗੋਲੀ ਨਿਕਲੀ ਹੋਵੇ। ਮੇਰਾ ਉਤਰ ਸੁਣੇ ਬਿਨਾਂ ਹੀ ਉਸ ਦਾ ਅਗਲਾ ਸਵਾਲ ਸੀ, Ḕਸਰਕਾਰੀ ਨੌਕਰੀ ਕਰਦੈਂ ਤੇ ਸਰਕਾਰ ਦੇ ਭੇਦ ਦੁਸ਼ਮਣ ਨੂੰ ਦਏਂਗਾ? ਅੱਜ ਸੱਚ ਸੱਚ ਦੱਸ। ਪੁੱਠਾ ਟੰਗਣਾ ਤਾਂ ਛੋਟੀ ਜਿਹੀ ਗੱਲ ਹੈ, ਲੱਭਣ ਹੀ ਨਹੀਂ ਦਿਆਂਗੇ।Ḕ ਅੱਖਾਂ ਮੂਹਰੇ ਨ੍ਹੇਰ ਛਾਇਆ ਤੇ ਇਸ ਨ੍ਹੇਰੇ ਵਿਚ ਮੈਨੂੰ ਲੱਗਾ ਕਿ ਬਾਪ ਤਾਂ ਛੋਟੇ ਹੁੰਦੇ ਦਾ ਮਰ ਹੀ ਗਿਆ ਸੀ ਪਰ ਮੈਨੂੰ ਵੀ ਛੋਟੇ ਹੁੰਦੇ ਨੂੰ ਮਰ ਜਾਣਾ ਚਾਹੀਦਾ ਸੀ। ਕਿਉਂਕਿ ਘਰ ਦੇ ਹਾਲਾਤ ਏਦਾਂ ਦੀਆਂ ਸਮੱਸਿਆਵਾਂ ਨੂੰ ਸੰਭਾਲਣ ਦੇ ਯੋਗ ਹੈ ਹੀ ਨਹੀਂ ਸਨ। ਫਿਰ ਮੈਨੂੰ ਇਕ ਵਾਰ ਦਿੱਲੀ ਵੀ ਏਦਾਂ ਦੀ ਹੀ ਕੁੱਤੇਖਾਣੀ ਦਾ ਸਾਹਮਣਾ ਕਰਨਾ ਪਿਆ।
ਸੱਚ ਇਹ ਸੀ ਕਿ ਸੁਣਦੇ ਸਾਂ ਕਿ ਬੰਦਾ ਚੱਕੀ ਦੇ ਦੋ ਪੁੜਾਂ ਵਿਚ ਪਿਸਦਾ ਪਰ ਮੈਂ ਪਿਸ ਨਹੀਂ ਰਿਹਾ ਸਾਂ, ਮਰ ਰਿਹਾ ਸਾਂ। ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਮੇਰੇ ਮਗਰ ਖੁਫੀਆ ਤੰਤਰ ਪਾਕਿਸਤਾਨੀ ਹੈ ਜਾਂ ਹਿੰਦੋਸਤਾਨੀ। ਹੈਰਾਨੀ ਦੀ ਗੱਲ ਇਹ ਵੀ ਸੀ ਕਿ ਇਸ ਵਰ੍ਹੇ ਤੱਕ ਮੈਂ ਪੰਜਾਬ ਸਰਕਾਰ ਦੇ ਅੰਕੜਿਆਂ ਵਿਚ ਰੈਗੂਲਰ ਅਧਿਆਪਕ ਵੀ ਨਹੀਂ ਸਾਂ। ਮੈਨੂੰ ਇਹ ਲੱਗਣ ਲੱਗ ਪਿਆ ਸੀ ਕਿ ਹੁਣ ਜਦੋਂ ਪੁਲਿਸ ਇਨਕੁਆਰੀ ਹੋਈ ਤਾਂ ਮੇਰੀ ਨੌਕਰੀ ਹੀ ਨਹੀਂ ਜਾਂਦੀ ਲੱਗੇਗੀ, ਮੇਰੇ ਮੂੰਹੋਂ ਬੁਰਕੀ ਦਾ ਟੁੱਕ ਵੀ ਨਿਕਲ ਜਾਵੇਗਾ ਅਤੇ ਮੇਰੀ ਅਗਲੀ ਜ਼ਿੰਦਗੀ ਪੂਰੀ ਤਰ੍ਹਾਂ ਹਰਾਮ ਹੋ ਜਾਵੇਗੀ। ਅੱਜ ਮੈਂ ਇਸ ਗੱਲ ਦਾ ਭੇਦ ਵੀ ਦੱਸ ਦੇਣਾ ਮੁਨਾਸਿਬ ਹੀ ਸਮਝਦਾ ਹਾਂ ਕਿ ਸ਼ੌਂਕੀ ਮੇਲੇ ਨੂੰ ਛੱਡਣ ਦੇ ਕਈ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਸੀ, ਜਿਸ ਸ਼ੌਂਕੀ ਨੂੰ ਸਿਵਿਆਂ ਚੋਂ ਕੱਢ ਕੇ ਮੁੜ ਅਮਰ ਕੀਤਾ ਸੀ, ਉਸ ਦਾ ਪਰਿਵਾਰ ਵੀ ਕੁਛ ਨਹੀਂ ਕਰ ਸਕਿਆ ਤੇ ਮੇਰਾ ਆਪਣਾ ਪਰਿਵਾਰ ਦੁੱਖਾਂ ਦੀਆਂ ਪਗਡੰਡੀਆਂ ਤੇ ਕਿਤੇ ਤੁਰਨ ਦੀ ਅਵਸਥਾ ਵਿਚ ਨਾ ਆ ਜਾਵੇ।
ਕਈ ਗੱਲਾਂ ਮੈਂ ਇਸ ਕਰਕੇ ਨਹੀਂ ਖੋਲ੍ਹ ਸਕਦਾ ਕਿ ਖੁਫੀਆ ਤੰਤਰ ਕਿਤੇ ਪੁਰਾਣੀਆਂ ਤੰਦਾਂ ਨੂੰ ਫੇਰ ਨਾ ਉਧੇੜ ਦੇਵੇ।
ਇਹ ਵੀ ਸੱਚ ਹੈ ਕਿ ਸਾਲ 1995 ਦਾ ਸ਼ੌਂਕੀ ਮੇਲਾ ਉਖੜਿਆ ਉਖੜਿਆ ਸੀ ਤੇ ਪਹਿਲੇ ਮੇਲਿਆਂ ਵਾਲੀ ਰੂਹ ਉਸ ਵਿਚੋਂ ਗਾਇਬ ਸੀ। ਪੰਜਾਬ ਦਾ ਇਕ ਤੇਜ਼ ਤਰਾਰ ਨੇਤਾ ਜਿਹਦੀ ਪਹਿਲਾਂ ਆਪਣੀ ਪਾਰਟੀ ਸੀ ਫਿਰ ਉਹ ਕਿਸੇ ਨਵੀਂ ਪਾਰਟੀ ਵਿਚ ਆਪਣੇ ਲਾਮ ਲਸ਼ਕਰ ਸਮੇਤ ਸ਼ਾਮਿਲ ਹੋ ਗਿਆ ਸੀ, ਉਸ ਨੇਤਾ ਨੇ ਮੇਰੇ ਇਸ ਤੰਦੂਆ ਜਾਲ ‘ਚੋਂ ਮੈਨੂੰ ਅਭਿਮੰਨਿਊ ਦੇ ਚੱਕਰਵਿਊ ਵਿਚੋਂ ਨਿਕਲਣ ਵਾਲਾ ਰਾਹ ਬਣਾ ਕੇ ਦਿੱਤਾ ਕਿਉਂਕਿ ਮੇਰੀ ਪੁੱਛ ਪੜਤਾਲ ਦੇ ਹਾਲਾਤ ਅਗਲੇ ਕਈ ਸਾਲਾਂ ਤੱਕ ਬਣੇ ਰਹੇ ਸਨ। ਫਿਰ ਕਈ ਸਾਲ ਗੁਜ਼ਰ ਗਏ।
ਫਿਰੋਜ਼ਪੁਰ ਭਾਈ ਮਰਦਾਨਾ ਯਾਦਗਾਰੀ ਟਰੱਸਟ ਦੇ ਹਰਪਾਲ ਸਿੰਘ ਭੁੱਲਰ ਕੋਲ ਜਥੇ ਨਾਲ ਪਾਕਿਸਤਾਨ ਜਾਣ ਲਈ ਆਪਣਾ ਪਾਸਪੋਰਟ ਭੇਜ ਦਿੱਤਾ। ਜਿਸ ਅਫਸਰ ਨੂੰ ਮੇਰੀ ਉਪਰੋਕਤ ਸਥਿਤੀ ਬਾਰੇ ਪਤਾ ਸੀ, ਇਹ ਗੱਲ ਮੈਂ ਉਹਦੇ ਨਾਲ ਸਾਂਝੀ ਕੀਤੀ ਕਿ ਮੈਂ ਫਿਰ ਪਾਕਿਸਤਾਨ ਜਾ ਰਿਹਾ ਹਾਂ ਤਾਂ ਉਹਦਾ ਜਵਾਬ ਸੀ, Ḕਮੈਂ ਤੈਨੂੰ ਮੀਡੀਆ ਨਾਲ ਜੁੜਿਆ ਹੋਣ ਕਰਕੇ ਸਿਆਣਾ ਸਮਝਦਾ ਸੀ ਪਰ ਤੂੰ ਮੂਰਖ ਤੇ ਉਹ ਵੀ ਸਿਰੇ ਦਾ, ਕਿਉਂਕਿ ਲੋਕ ਤਾਂ ਵੇਲਣੇ ਵਿਚ ਬਾਂਹ ਫਸਾ ਲੈਂਦੇ ਨੇ, ਉਹ ਨਹੀਂ ਨਿਕਲਦੀ। ਤੂੰ ਆਪਣਾ ਸਿਰ ਫਸਾਉਣ ਲੱਗਾ ਹੈਂ?Ḕ Ḕਤੇ ਸੱਚ ਮੰਨਿਓ ਕਿ ਮੈਂ ਫਿਰੋਜ਼ਪੁਰੋਂ ਭੁੱਲਰ ਤੋਂ ਇਕ ਮਹੀਨੇ ਬਾਅਦ ਆਪਣਾ ਪਾਸਪੋਰਟ ਵਾਪਿਸ ਮੰਗਵਾ ਲਿਆ ਸੀ। ਪਾਕਿਸਤਾਨ ਜਾਣ ਦਾ ਚਾਅ ਮੁਲਤਵੀ ਕਰੀ ਰੱਖਿਆ। ਹੁਣ ਵੀ ਮੈਂ ਜਦੋਂ ਕਿਤੇ ਦਿੱਲੀ ਜਾਂਦਾ ਹਾਂ ਤਾਂ ਪਾਕਿਸਤਾਨ ਹਾਈ ਕਮਿਸ਼ਨਰ ਦੇ ਆਲੇ ਦੁਆਲੇ ਦੇ ਦੋ ਕਿਲੋਮੀਟਰ ਘੇਰੇ ਵਿਚ ਕਦੇ ਪੈਰ ਨਹੀਂ ਧਰਦਾ। ਸੱਚਾਈ ਕੀ ਸੀ, ਇਹ ਤਾਂ ਜਾਨਣ ਵਾਲੇ ਜਾਨਣ ਪਰ ਜਿਸ ਨੇਤਾ ਨੇ ਤਲਾਕ ਤੇ ਪ੍ਰਵਾਸੀ ਲਾੜਿਆਂ ਤੋਂ ਦੁਖੀ ਧੀਆਂ ਦੇ ਦੁਖ ਤਾਂ ਪਤਾ ਨਹੀਂ ਕਿੰਨੇ ਕੁ ਸੁਣੇ ਨੇ, ਉਹਨੇ ਮੇਰੇ ਦੁੱਖ ਦਾ ਪੱਕੇ ਤੌਰ ਤੇ ਇਲਾਜ ਕਰਵਾ ਦਿੱਤਾ ਸੀ।
ਜਵਾਨੀ ਦੀ ਉਮਰ ਵਿਚ ਅਜ਼ਾਦ ਵਿਚਾਰ ਵੀ ਕਈ ਵਾਰ ਕਤਲ ਹੋ ਜਾਂਦੇ ਨੇ। ਮੈਂ ਬੋਕ ਨਾ ਪਾਲਿਆ ਹੈ, ਨਾ ਰੱਖਿਆ ਹੈ, ਦੂਰੋਂ ਜ਼ਰੂਰ ਦੇਖਿਆ ਹੈ। ਪਰ ਮੈਨੂੰ ਇਹ ਗੱਲ ਦਾ ਗਿਆਨ ਜ਼ਰੂਰ ਹੋ ਗਿਆ ਹੈ ਕਿ ਬੋਕ ਨੂੰ ਸਿੰਗਾਂ ਤੋਂ ਹੱਥ ਨਹੀਂ ਪਾਉਣਾ ਚਾਹੀਦਾ।

ਗੱਲ ਬਣੀ ਕਿ ਨਹੀਂ?
æææਕਹਿੰਦੇ!
ਹੋਵੇ ਫੁੱਲਾਂ ਤੋਂ ਵੀ ਹੌਲਾ, ਉਹਨੂੰ ਭਾਰ ਨਹੀਂ ਕਹਿੰਦੇ।
ਹਰ ਥਾਂ ਅੱਕ ਜੜ੍ਹਾਂ ਵਿਚ ਦੇਵੇ, ਉਹਨੂੰ ਯਾਰ ਨਹੀਂ ਕਹਿੰਦੇ।
ਜਿਹੜਾ ਨਾਲ ਚਲਾਕੀ ਰੋਜ਼ ਹੀ, ਜੁੱਤੀਆਂ ਖਾ ਕੇ ਆ ਜਾਵੇ,
ਉਹ ਮੂਰਖ ਹੋਊ ਸਿਰੇ ਦਾ, ਉਹ ਹੁਸ਼ਿਆਰ ਨਹੀਂ ਕਹਿੰਦੇ।
ਕੋਲ ਸੀ ਬੜਾ ਲਸੰਸੀ ਅਸਲਾ, ਫਿਰ ਵੀ ਧੌਣ ਭਨ੍ਹਾ ਬੈਠਾ,
ਜਿਹੜਾ ਵੇਲੇ ਸਿਰ ਨਹੀਂ ਚੱਲਦਾ, ਉਹ ਹਥਿਆਰ ਨਹੀਂ ਕਹਿੰਦੇ।
ਜਿਹਦੀ ਵੇਸਵਾ ਵਾਗੂੰ ਅੱਖ, ਆਫਰੀ ਰਹਿੰਦੀ ਦਿਨ ਰਾਤੀਂ,
ਲਿਪ ਕੇ ਬੂਥਾ ਚੜ੍ਹੇ ਚੁਬਾਰੇ, ਉਹ ਸ਼ਿੰਗਾਰ ਨਹੀਂ ਕਹਿੰਦੇ।
ਜਿਹੜਾ ਰੋਜ਼ ਤੜਾਵੇ ਚੂਲਾ, ਡਿਗ ਕੇ ਗਧੀ ਪੁਰਾਣੀ ਤੋਂ,
ਉਹ ਐਵੇਂ ਹੀ ਕੋਈ ਹੋਣਾ, ਫਿਰ ਉਹ……æਨਹੀਂ ਕਹਿੰਦੇ।
ਨਿਰ੍ਹਾ ਜ਼ੋਰ ਮੁੱਛਾਂ ਤੇ ਦੇਵੇ, ਅੰਦਰ ਗੈਰਤ ਨਾ ਹੋਵੇ,
ਜਿਹੜਾ ਖਾਣ ਤੋਂ ਪਹਿਲਾਂ ਮਾਰੇ, ਉਹ ਡਕਾਰ ਨਹੀਂ ਕਹਿੰਦੇ।
ਜਿਹੜਾ ਦੂਜੇ ਦਾ ਹੀ ਮਾਰਿਆ, ਖਾਣ ਦਾ ਆਦੀ ਹੋ ਜਾਵੇ,
ਨਿਰੀ ਜੂਠ ਕਿਸੇ ਦੀ ਹੋਊ, ḔਭੌਰੇḔ ਸ਼ਿਕਾਰ ਨਹੀਂ ਕਹਿੰਦੇ।