ਸਿਰ ‘ਤੇ ਕੂਕਦਾ ਕਾਲ਼

ਅਸੀਂ ਕੀ ਬਣ ਗਏ-1
ਪੰਜਾਬੀ ਕਹਾਣੀ ਨੂੰ ਉਂਗਲ ਫੜਾ ਕੇ ਸਾਹਿਤ ਜਗਤ ਦੇ ਮੋਕਲੇ ਵਿਹੜੇ ਲਿਜਾਣ ਵਾਲੇ ਵਰਿਆਮ ਸਿੰਘ ਸੰਧੂ ਨੇ ਆਪਣੀ ਲੇਖ ਲੜੀ ‘ਅਸੀਂ ਕੀ ਬਣ ਗਏ’ ਵਿਚ ਸਾਹਿਤ ਅਤੇ ਜੀਵਨ ਦੀ ਜੁਗਲਬੰਦੀ ਦਾ ਤਰਾਨਾ ਛੇੜਿਆ ਹੈ। ਰੋਜ਼-ਮੱਰਾ ਦੀਆਂ ਯਾਦਾਂ ਅਤੇ ਘਟਨਾਵਾਂ ਕਿਸ ਤਰ੍ਹਾਂ ਅਨੁਵਾਦ ਹੋ ਕੇ ਕਾਗਜ਼ ਉਤੇ ਸਾਹਿਤ ਬਣ ਬਣ ਜੰਮਦੀਆਂ ਹਨ, ਇਹ ਖੁਲਾਸਾ ਉਹਨੇ ਇਸ ਲੰਮੇ ਲੇਖ ਵਿਚ ਕੀਤਾ ਹੈ। ਹੋਈਆਂ-ਬੀਤੀਆਂ ਘਟਨਾਵਾਂ ਦਾ ਇਹ ਅਨੁਵਾਦ ਦਿਲਚਸਪ ਤਾਂ ਹੈ ਹੀ, ਨਿਵੇਕਲਾ ਵੀ ਹੈ; ਐਨ ਵਰਿਆਮ ਦੀ ਕਹਾਣੀ ਕਲਾ ਵਾਂਗ। ਉਸ ਕੋਲ ਘਟਨਾ ਨੂੰ ਚਿੱਤਰ ਵਾਂਗ ਪੇਸ਼ ਕਰਨ ਦੀ ਸਮਰੱਥਾ ਹੈ।

ਇਸੇ ਸਮਰੱਥਾ ਕਰ ਕੇ ਹੀ ਤਾਂ ਉਹ ਪੰਜਾਬੀ ਸਾਹਿਤ ਜਗਤ ਨੂੰ ਯਾਦਗਾਰੀ ਰਚਨਾਵਾਂ ਦੇ ਸਕਿਆ ਹੈ। ਇਹ ਰਚਨਾਵਾਂ ਸਿਰਫ ਕਹਾਣੀ ਕਹਿਣ ਤੱਕ ਹੀ ਸੀਮਤ ਨਹੀਂ ਰਹਿੰਦੀਆਂ, ਸਗੋਂ ਇਸ ਵਿਚ ਜੀਵਨੀ ਅਤੇ ਸਫਰ ਵਾਲੇ ਸਾਹਿਤ ਤੋਂ ਇਲਾਵਾ ਨਸਰ ਦੀਆਂ ਹੋਰ ਵੰਨਗੀਆਂ ਵੀ ਸ਼ਾਮਲ ਹੋਈ ਜਾਂਦੀਆਂ ਹਨ। ਉਹ ਰੌਂ ਵਿਚ ਹੋਵੇ ਤਾਂ ਤੁਹਾਡੇ ਲਈ ਨਜ਼ਮ ਵਾਲਾ ਪੀੜ੍ਹਾ ਵੀ ਡਾਹ ਸਕਦਾ ਹੈ। ਅਸਲ ਵਿਚ ਸਭ ਤੋਂ ਪਹਿਲਾਂ ਉਹਨੇ ਸਾਹਿਤ ਦੇ ਵਿਹੜੇ ਵਿਚ ਨਜ਼ਮਾਂ ਵਾਲਾ ਪੀੜ੍ਹਾ ਹੀ ਡਾਹਿਆ ਸੀ ਜਦੋਂ ਲੈਨਿਨ ਦੀ ਉਠਦੀ ਉਂਗਲ ਵਾਂਗ ਉਹਦੀ ਕਵਿਤਾ ਦੀ ਉਂਗਲ ਖਲੋ ਗਈ ਸੀ। ਵੱਖ ਵੱਖ ਸਮਿਆਂ ਦੌਰਾਨ ਉਹ ਕਵਿਤਾ ਅਤੇ ਜੁਝਾਰੂਪਣ ਦੀ ਖੜ੍ਹੀ ਹੋਈ ਇਸ ਉਂਗਲ ਨੂੰ ਸਾਹਿਤ ਦੇ ਵੱਖ ਵੱਖ ਰੂਪਾਂ ‘ਚ ਆਪਣੇ ਪਾਠਕਾਂ ਨਾਲ ਸਾਂਝੀ ਕਰਦਾ ਰਿਹਾ ਹੈ। ਇਹ ਸਾਂਝ ਬਣਾਉਂਦਿਆਂ ਉਹ ਸਰੋਕਾਰਾਂ ਵਾਲਾ ਹੱਥ ਉਚਾ ਕਰਨਾ ਕਦੀ ਨਹੀਂ ਭੁੱਲਦਾ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 416-918-5212

ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕਦਮ ਕਾਲੀ ਬੋਲੀ ਰਾਤ ਵਾਂਗ ਸਾਰੇ ਪਿੰਡ ‘ਤੇ ਪਸਰ ਜਾਵੇਗਾ ਜਾਂ ਇਹ ਕਾਲੀ-ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹੋ ਜਾਊ। ਦੀਵਾਲੀ ਨੇੜੇ ਸੀ, ਪਰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਰ ਕੇ ਪਟਾਕੇ ਚਲਾਉਣ ਦੀ ਮਨਾਹੀ ਸੀ। ਉਂਜ ਲੋਕਾਂ ਇਹੋ ਸਮਝਿਆ ਕਿ ਕਿਸੇ ਨੇ ਪਟਾਕੇ ਹੀ ਚਲਾਏ ਹੋਣਗੇ। ਗੋਲੀ ਦੀ ਆਵਾਜ਼ ਤਾਂ ਲੱਗਦੀ ਨਹੀਂ ਸੀ। ਪਰ ਇਹ ਗੋਲੀ ਦੀ ਹੀ ਆਵਾਜ਼ ਸੀ।
ਕਿਸੇ ਨੇ ਚੁਬਾਰੇ ਦੀ ਬਾਰੀ ‘ਚੋਂ ਸਿਰ ਬਾਹਰ ਕੱਢ ਕੇ ਵੇਖਿਆ। ਸ਼ਾਮ ਲਾਲ ਕਾਹਲੀ ਕਾਹਲੀ ਦੁਕਾਨ ਬੰਦ ਕਰ ਰਿਹਾ ਸੀ।
“ਕੀ ਗੱਲ ਹੋਈ?” ਚੁਬਾਰੇ ਵਾਲੇ ਨੇ ਪੁੱਛਿਆ।
ਏਨੇ ਨੂੰ ਬਾਜ਼ਾਰ ਦੀ ਪਰਲੀ ਨੁੱਕਰੋਂ ਭੱਜਾ ਭੱਜਾ ਆਉਂਦਾ ਕੋਈ ਘਬਰਾਹਟ ਵਿਚ ਉਚੀ ਉਚੀ ਬੋਲਦਾ ਤੇ ਹੱਥ ਹਿਲਾਉਂਦਾ ਛਿਪਨ ਹੋ ਗਿਆ।
“ਦੁਕਾਨਾਂ ਬੰਦ ਕਰ ਦਿਓ। ਉਨ੍ਹਾਂ ਨੇ ਬੜਿਆਂ ਨੂੰ ਗੋਲੀਆਂ ਮਾਰੀਆਂ ਨੇ। ਭੱਜ ਜਾਓ ਸਭ। ਲੁਕ ਜੋ ਛੇਤੀ।”
ਸ਼ਾਮ ਲਾਲ ਤੋਂ ਕੰਬਦੇ ਹੱਥਾਂ ਨਾਲ ਛੇਤੀ ਛੇਤੀ ਦੁਕਾਨ ਦਾ ਤਾਲਾ ਨਹੀਂ ਸੀ ਲੱਗ ਰਿਹਾ। ਉਹ ਕੰਬਦੀ ਲੜਖੜਾਉਂਦੀ ਜ਼ਬਾਨ ਨਾਲ ਚੁਬਾਰੇ ਵਾਲੇ ਨੂੰ ਵੀ ਦੱਸ ਰਿਹਾ ਸੀ।
“ਓ ਜੀ, ਮੈਨੂੰ ਵੀ ਮਾਰਨ ਲੱਗੇ ਸਨ। ਮੈਂ ਭੱਜ ਕੇ ਦੁਕਾਨ ਅੰਦਰ ਵੜ ਗਿਆ। ਗੋਲੀਆਂ ਬੋਰੀਆਂ ‘ਚ ਵੱਜੀਆਂ। ਫਿਰ ਉਹ ਕੇਵਲ ਵੱਲ ਹੋਏ, ਪਰ ਉਹ ਐਂ ਨੂੰ ਭੱਜ ਗਿਆ।” ਉਸ ਦੁਕਾਨ ਬੰਦ ਕਰ ਕੇ ਥੜ੍ਹੇ ਤੋਂ ਉਤਰਦਿਆਂ ਖੱਬੇ ਪਾਸੇ ਵੱਲ ਇਸ਼ਾਰਾ ਕਰ ਕੇ ਉਤਾਂਹ ਵੇਖਿਆ, ਪਰ ਚੁਬਾਰੇ ਦੀ ਬਾਰੀ ਤਾਂ ਕਦੋਂ ਦੀ ਬੰਦ ਹੋ ਚੁੱਕੀ ਸੀ!
ਸਾਹਮਣੇ ਕੇਵਲ ਦੀ ਦੁਕਾਨ ਉਤੇ ਦੂਧੀਆ ਰੌਸ਼ਨੀ ਵਿਚ ਉਸ ਦਾ ਮਠਿਆਈ ਵਾਲਾ ਸ਼ੋਅ-ਕੇਸ ਚਮਕ ਰਿਹਾ ਸੀ। ਥੜ੍ਹੇ ‘ਤੇ ਪਿਆ ਦਹੀਂ ਦਾ ਕੂੰਡਾ ਜੋ ਵਿਕ ਜਾਣ ਕਰ ਕੇ ਖਾਲੀ ਹੋ ਗਿਆ ਸੀ, ਭੱਠੀ ਵੱਲ ਉਲਰਿਆ ਹੋਇਆ ਸੀ ਤੇ ਦੂਜਾ ਪੈਰ ਵੱਜਣ ਕਰ ਕੇ ਟੇਢਾ ਹੋ ਕੇ ਡੁੱਲ੍ਹਾ ਪਿਆ ਸੀ। ਜਿਸ ਛੋਟੇ ਕੱਪ ਨਾਲ ਉਹ ਕੂੰਡੇ ਵਿਚੋਂ ਦਹੀਂ ਮਿਣ ਕੇ ਪਾਉਂਦਾ ਸੀ, ਉਹ ਬਾਜ਼ਾਰ ਦੇ ਐਨ ਵਿਚਕਾਰ ਟੁੱਟਾ ਹੋਇਆ ਸੀ।
ਇਕਦਮ ਸਾਰੇ ਬਾਜ਼ਾਰ ਵਿਚ ਦਿਓ ਫਿਰ ਗਿਆ। ਸੰਨਾਟਾ ਛਾ ਗਿਆ ਸੀ। ਸਹਿਮੀ ਹੋਈ ਚੁੱਪ ਕੰਨਾਂ ਵਿਚ ‘ਸ਼ਾਂ ਸ਼ਾਂ’ ਕਰ ਰਹੀ ਸੀ। ਸਭ ਅੰਦਰੋਂ-ਅੰਦਰੀਂ ਦੜ ਗਏ ਸਨ। ਕੋਈ ਸਿਰ ਘਰ ‘ਚੋਂ ਬਾਹਰ ਨਹੀਂ ਸੀ ਹੋ ਰਿਹਾ। ਕਿਧਰੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਸਾਰੇ ਪਿੰਡ ਨੂੰ ਜਿਵੇਂ ਸੱਪ ਸੁੰਘ ਗਿਆ ਸੀ।
***
ਉਪਰਲਾ ਦ੍ਰਿਸ਼ ਮੇਰੀ ਕਹਾਣੀ ‘ਭੱਜੀਆਂ ਬਾਹੀਂ’ ਵਿਚੋਂ ਹੈ। ਨਾਂਵਾਂ ਦੀ ਬਦਲੀ ਤੋਂ ਇਲਾਵਾ ਇਸ ਵਿਚ ਪੇਸ਼ ਵੇਰਵਾ ਹਕੀਕਤ ਦੇ ਬਹੁਤ ਨੇੜੇ ਹੈ।
ਇਹ ਛੇ ਅਕਤੂਬਰ 1984 ਦਾ ਦਿਨ ਸੀ।
ਸ਼ਾਮ ਹੋ ਚੱਲੀ ਸੀ। ਮੇਰੇ ਬੱਚੇ ਆਪਣੀ ‘ਭੈਣ ਜੀ’ ਕੋਲੋਂ ਟਿਊਸ਼ਨ ਪੜ੍ਹ ਕੇ ਅਜੇ ਪਰਤੇ ਨਹੀਂ ਸਨ। ਇਨ੍ਹਾਂ ਦਿਨਾਂ ਵਿਚ ਹਨੇਰਾ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਘਰ ਪਹੁੰਚਣਾ ਲਾਜ਼ਮੀ ਸੀ; ਪਰ ਅੱਜ ਤਾਂ ਉਨ੍ਹਾਂ ਨੇ ਦੇਰ ਕਰ ਦਿੱਤੀ ਸੀ। ਮੈਂ ਉਨ੍ਹਾਂ ਨੂੰ ਲੈਣ ਲਈ ਅੱਗਲਵਾਂਢੀ ਗਿਆ। ਉਹ ਆਰਾਮ ਨਾਲ ਆਪਸ ਵਿਚ ਗੱਲਾਂ ਕਰਦੇ ‘ਟਹਿਲਦੇ’ ਆ ਰਹੇ ਸਨ। ਮੈਂ ਉਨ੍ਹਾਂ ਨੂੰ ਛੇਤੀ ਤੁਰਨ ਲਈ ਕਿਹਾ। ਅਜੇ ਅਸੀਂ ਆਪਣੇ ਘਰ ਅੰਦਰ ਵੜੇ ਹੀ ਸਾਂ ਕਿ ਸਾਡੇ ਘਰ ਦੇ ਸਾਹਮਣਿਓਂ ਗੋਲੀ ਚੱਲਣ ਦੀ ਆਵਾਜ਼ ਆਈ।
“ਪਤਾ ਨਹੀਂ ਕੌਣ ਪਟਾਕੇ ਚਲਾਉਣ ਡਿਹਾ ਏ?” ਮਨ ਵਿਚ ਖ਼ੁਤਖ਼ੁਤੀ ਹੋਈ।
ਮੈਂ ਪੈਰੀਂ ਜੁੱਤੀ ਅੜਾ ਕੇ ਪਤਾ ਕਰਨ ਲਈ ਬਾਹਰ ਨਿਕਲਣ ਹੀ ਲੱਗਾ ਸਾਂ ਕਿ ਪਤਨੀ ਨੇ ਵਰਜਿਆ, “ਸੁਣਦੇ ਨਹੀਂ, ਇਹ ਗੋਲੀ ਦੀ ਆਵਾਜ਼ ਐ। ਹੁਣ ਆਹ ਵੇਖੋ ਦੂਰੋਂ ਬਾਜ਼ਾਰ ‘ਚੋਂ ਅਜੇ ਵੀ ਖੜਾਕ ਆਉਣ ਡਿਹਾ।”
“ਫਿਰ ਵੀ ਵੇਖਾਂ ਤਾਂ ਸਹੀ!” ਮੈਂ ਉਸ ਦੇ ਰੋਕਦਿਆਂ ਵੀ ਬਾਹਰਲਾ ਦਰਵਾਜ਼ਾ ਖੋਲ੍ਹ ਕੇ ਬਾਜ਼ਾਰ ਵਿਚ ਆ ਗਿਆ। ਸਾਡਾ ਘਰ ਸਾਡੇ ਪਿੰਡ ‘ਸੁਰ ਸਿੰਘ’ ਦੇ ਮੇਨ ਬਾਜ਼ਾਰ ਵਿਚ ਸੀ। ਆਸੇ ਪਾਸੇ ਸਭ ਹਿੰਦੂ ਆਬਾਦੀ ਸੀ ਅਤੇ ਵਿਚਕਾਰ ਇੱਕੋ ਇੱਕ ਸੀ ਸਾਡਾ ਜੱਟਾਂ ਦਾ ਘਰ। ਸਾਡਾ ਬਾਹਰਲਾ ਵੱਡਾ ਦਰਵਾਜ਼ਾ ਬਾਜ਼ਾਰ ਵਿਚ ਹੀ ਖੁੱਲ੍ਹਦਾ ਸੀ। ਵੀਹ ਕੁ ਫੁੱਟ ਬਾਜ਼ਾਰ ਛੱਡ ਕੇ ਸਾਡੇ ਦਰਵਾਜ਼ੇ ਦੇ ਐਨ ਸਾਹਮਣੇ ਗੁਰਲਾਲ ਚੰਦ ਦੀ ਹਲਵਾਈ ਦੀ ਦੁਕਾਨ ਸੀ। ਉਸ ਦੇ ਨਾਲ ਹੀ ਸਾਡੇ ਘਰ ਨੂੰ ਸਾਹਮਣੇ ਸੱਜੇ ਹੱਥ ਉਸ ਦੇ ਭਰਾ ਗੋਪਾਲ ਚੰਦ ਦੀ ਪੰਸਾਰੀ ਦੀ ਦੁਕਾਨ ਸੀ। ਹਾਲਾਤ ਦੇ ਮੱਦੇਨਜ਼ਰ ਦੋਹਾਂ ਭਰਾਵਾਂ ਨੇ ਵੇਲੇ ਸਿਰ ਹੀ ਦੁਕਾਨਾਂ ਬੰਦ ਕਰ ਲਈਆਂ ਸਨ, ਫਿਰ ਵੀ ਅਜੇ ਬਾਜ਼ਾਰ ਵਿਚ ਚਹਿਲ-ਪਹਿਲ ਸੀ ਅਤੇ ਕਈ ਦੁਕਾਨਾਂ ਅਜੇ ਵੀ ਖੁੱਲ੍ਹੀਆਂ ਸਨ। ਗੋਪਾਲ ਚੰਦ ਦੀ ਦੁਕਾਨ ਤੋਂ ਇੱਕ ਦੁਕਾਨ ਛੱਡ ਕੇ ਉਸ ਦੇ ‘ਤੀਜੇ ਨੰਬਰ’ ਦੇ, ਘਰੋਂ ਅੱਡ ਹੋਏ, ਮੁੰਡੇ ‘ਮੰਗੇ’ ਦੀ ਪਕੌੜਿਆਂ, ਦਹੀਂ-ਭੱਲਿਆਂ ਅਤੇ ਮਠਿਆਈ ਦੀ ਦੁਕਾਨ ਸੀ। ਇਨ੍ਹਾਂ ਸਾਰੀਆਂ ਦੁਕਾਨਾਂ ਦਾ ਮੂੰਹ ਲਹਿੰਦੇ ਨੂੰ ਸਾਡੇ ਘਰ ਨੂੰ ਸਾਹਮਣਾ ਸੀ ਜਦ ਕਿ ਸਾਡੇ ਘਰ ਵਾਂਗ ਚੜ੍ਹਦੇ ਪਾਸੇ ਨੂੰ ਮੂੰਹ ਵਾਲੀਆਂ ਦੋ ਦੁਕਾਨਾਂ ਸਾਡੇ ਘਰ ਦੀਆਂ ਕੰਧਾਂ ਦੇ ਸੱਜੇ-ਖੱਬੇ ਪਾਸੇ ਲੱਗਦੀਆਂ ਸਨ। ਖੱਬੇ ਹੱਥ ਸੀ ਡਾਕਟਰ ਗੁਲਜ਼ਾਰੀ ਲਾਲ ਦੀ ਦੁਕਾਨ। ਉਹਨੂੰ ਸਾਰੇ ‘ਲਾਲ ਡਾਕਟਰ’ ਹੀ ਆਖਦੇ ਸਨ। ਸਾਡੇ ਘਰ ਦੇ ਸੱਜੇ ਹੱਥ ਸੀ ਵੇਦ ਪ੍ਰਕਾਸ਼ ਦੀ ਪੰਸਾਰੀ ਦੀ ਦੁਕਾਨ।
ਮੈਂ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਬਾਜ਼ਾਰ ਵਿਚ ਕੋਈ ਬੰਦਾ ਨਾ ਦਿਸਿਆ। ਵੇਦ ਪ੍ਰਕਾਸ਼ ਕੰਬਦੇ ਹੱਥਾਂ ਨਾਲ ਦੁਕਾਨ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ। ਕਹਾਣੀ ਵਿਚਲਾ ‘ਸ਼ਾਮ ਲਾਲ’ ਉਹੋ ਹੀ ਹੈ। ਚੁਬਾਰੇ ‘ਚੋਂ ਸਿਰ ਬਾਹਰ ਕੱਢ ਕੇ ਸਵਾਲ ਕੀਤਾ ਸੀ ਗੁਰਲਾਲ ਚੰਦ ਨੇ, ਪਰ ਜਦੋਂ ਪਤਾ ਲੱਗਾ ਕਿ ਗੋਲੀ ਚੱਲੀ ਹੈ ਤਾਂ ਉਹਦਾ ਘਰ ਵਿਚ ਦੜ ਜਾਣਾ ਕੁਦਰਤੀ ਹੀ ਸੀ। ਦਰਵਾਜ਼ਾ ਬੰਦ ਕਰ ਕੇ ਆਪਣੇ ਘਰ ਨੂੰ ਦੌੜਦਿਆਂ ਘਰਕਦੀ ਆਵਾਜ਼ ਵਿਚ ਵੇਦ ਪ੍ਰਕਾਸ਼ ਨੇ ਮੈਨੂੰ ਆਖਿਆ, “ਮਾਸਟਰ ਜੀ ਤੁਸੀਂ ਘਰ ਨੂੰ ਜਾਓ। ਤੁਸੀਂ ਇਥੇ ਕੀ ਕਰਦੇ ਓ! ਉਹ ਮੁੜ ਕੇ ਵੀ ਆ ਸਕਦੇ ਨੇ। ਗੋਲੀਆਂ ਦਾ ਖੜਾਕ ਨਹੀਂ ਸੁਣਦਾ ਪਿਆ ਤੁਹਾਨੂੰ?”
ਗੱਲ ਤਾਂ ਉਸ ਦੀ ਠੀਕ ਸੀ। ਉਨ੍ਹਾਂ ਲਈ ਕਿਹੜਾ ਇਥੇ ਟਰੈਫ਼ਿਕ ਦਾ ‘ਵੰਨ ਵੇ’ ਕਾਨੂੰਨ ਲਾਗੂ ਹੁੰਦਾ ਸੀ! ਚੜ੍ਹਦੇ ਪਾਸੇ ਜਿੱਧਰ ਉਹ ਗਏ ਸਨ, ਪੁਲਿਸ ਚੌਕੀ ਹੋਣ ਕਰ ਕੇ ਉਧਰੋਂ ਮੁੜ ਕੇ ਵਾਪਸ ਆਉਣਾ ਅਤੇ ਪਿੰਡ ਦੇ ਲਹਿੰਦੇ ਪਾਸੇ ‘ਨਿਕਲਣਾ’ ‘ਉਨ੍ਹਾਂ’ ਲਈ ਉਂਜ ਵੀ ਵਧੇਰੇ ‘ਸੁਰੱਖਿਅਤ’ ਹੋਣਾ ਸੀ, ਪਰ ਮੈਂ ਘਰ ਨਾ ਗਿਆ।
ਕੁਝ ਚਿਰ ਪਹਿਲਾਂ ਰੌਣਕ ਨਾਲ ਭਰੇ ਬਾਜ਼ਾਰ ਵਿਚ ਹੁਣ ਮੈਂ ਇਕੱਲਾ ਖਲੋਤਾ ਸਾਂ। ਬਾਜ਼ਾਰ ਸੁੰਨ-ਉਜਾੜ ਹੋਇਆ ਪਿਆ ਸੀ। ਬੰਦਾ ਨਾ ਬੰਦੇ ਦੀ ਜ਼ਾਤ! ਕਿਸੇ ਦੀ ਆਵਾਜ਼ ਵੀ ਨਹੀਂ ਸੀ ਆ ਰਹੀ। ਸੱਚ ਮੁੱਚ ਜਿਵੇਂ ਪਿੰਡ ਨੂੰ ਸੱਪ ਸੁੰਘ ਗਿਆ ਸੀ। ਬਾਜ਼ਾਰ ਵਿਚ ਖਲੋਤਿਆਂ ਮੈਂ ਸੋਚਿਆ ਕਿ ‘ਉਹ’ ਬਾਜ਼ਾਰ ਦੇ ਖੱਬੇ ਪਾਸੇ ਵੱਲੋਂ ਗੋਲੀਆਂ ਚਲਾਉਂਦੇ ਸੱਜੇ ਪਾਸੇ ਨੂੰ ਨਿਕਲੇ ਹਨ; ਬਾਜ਼ਾਰ ਦੇ ਖੱਬੇ ਹੱਥ ਜਾ ਕੇ ਵੇਖਾਂ ਤਾਂ ਸਹੀ!
ਖੱਬੇ ਪਾਸੇ ਨਜ਼ਰ ਮਾਰੀ ਤਾਂ ਸਾਡੇ ਘਰ ਤੋਂ ਪੰਜਾਹ ਕੁ ਗਜ਼ ਦੂਰ ਕੋਈ ਜਣਾ ਬਾਜ਼ਾਰ ਵਿਚ ਚੌਫ਼ਾਲ ਡਿੱਗਾ ਪਿਆ ਸੀ। ਮੈਂ ਮਦਦ ਕਰਨ ਲਈ ਤੁਰਤ ਉਹਦੇ ਕੋਲ ਪੁੱਜਾ। ਇਹ ਤਾਂ ਗੋਪਾਲ ਚੰਦ ਦਾ ਪੁੱਤਰ ‘ਮੰਗਾ’ ਸੀ। ਕਹਾਣੀ ਵਿਚ ਇਸ ਦਾ ਨਾਂ ‘ਕੇਵਲ’ ਹੈ। ਉਹਨੂੰ ਉਸ ਦੀ ਦੁਕਾਨ ‘ਤੇ ਹੀ ਗੋਲੀ ਲੱਗ ਗਈ ਜਾਪਦੀ ਸੀ। ਜਾਨ ਬਚਾਉਣ ਲਈ ਦੌੜਦਾ ਇੱਥੇ ਆ ਕੇ ਢਹਿ ਪਿਆ ਸੀ ਵਿਚਾਰਾ! ਹਸੂੰ ਹਸੂੰ ਕਰਦਾ ਰਹਿਣ ਵਾਲਾ ਖ਼ੁਸ਼ਦਿਲ ਮੰਗਾ ਲਹੂ-ਲਿੱਬੜੀ ਲਾਸ਼ ਵਿਚ ਬਦਲ ਚੁੱਕਾ ਸੀ। ਮੈਂ ਹੁਣ ਉਸ ਲਈ ਕੁਝ ਨਹੀਂ ਸਾਂ ਕਰ ਸਕਦਾ!
ਉਥੇ ਖਲੋ ਕੇ, ਮੈਂ, ਪਿੱਛੇ ਬਾਜ਼ਾਰ ਵੱਲ ਨਜ਼ਰ ਮਾਰੀ ਤਾਂ ਵੇਖਿਆ ਲਾਲ ਡਾਕਟਰ ਦੀ ਦੁਕਾਨ ਖੁੱਲ੍ਹੀ ਹੋਈ ਸੀ। ਮੈਂ ਕਾਹਲੀ ਕਾਹਲੀ ਦੁਕਾਨ ‘ਤੇ ਪੁੱਜਾ। ਵੇਖਿਆ, ਲਾਲ ਬੈਂਚ ‘ਤੇ ਲੁੜਕਿਆ ਪਿਆ ਸੀ। ਗੋਲੀ ਉਸ ਦੇ ਨੱਕ ‘ਚੋਂ ਲੰਘ ਕੇ ਗਲੇ ਵਿਚ ਅਟਕ ਗਈ ਸੀ। ਉਹ ਅਜੇ ਸਾਹ ਲੈ ਰਿਹਾ ਸੀ। ਸਾਹ ਲੈਂਦਿਆਂ ‘ਘਰੜ ਘਰੜ’ ਦੀ ਆਵਾਜ਼ ਆ ਰਹੀ ਸੀ। ਹਿੰਮਤ ਕਰ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਸੀ! ਮੈਂ ਦੌੜ ਕੇ ਘਰ ਆਪਣੀ ਪਤਨੀ ਨੂੰ ਦੱਸਿਆ। ਉਦੋਂ ਪਿੰਡ ਵਿਚ ਦਸ ਪੰਦਰਾਂ ਘਰਾਂ ਵਿਚ ਹੀ ਟੈਲੀਫ਼ੋਨ ਲੱਗੇ ਸਨ। ਮੈਂ ਉਹਨੂੰ ਆਪਣੇ ਘਰੋਂ ਗੁਲਜ਼ਾਰੀ ਲਾਲ ਦੇ ਘਰ ਦੇ ਨੇੜੇ ਤੇੜੇ ਕਿਸੇ ਨੂੰ ਫ਼ੋਨ ਕਰਨ ਵਾਸਤੇ ਆਖਿਆ।
ਘਬਰਾਇਆ ਹੋਇਆ ਮੈਂ ਫਿਰ ਲਾਲ ਡਾਕਟਰ ਕੋਲ ਗਿਆ। ਉਹਦੇ ਹੱਥ ਘੁੱਟੇ ਅਤੇ ਹੌਸਲਾ ਰੱਖਣ ਲਈ ਕਿਹਾ। ਹੁਣ ਘੱਟੋ-ਘੱਟ ਚਾਰ ਬੰਦੇ ਤਾਂ ਚਾਹੀਦੇ ਸਨ, ਇਸ ਨੂੰ ਚੁੱਕ ਕੇ ਲਿਜਾਣ ਲਈ। ਜਿਹੜੇ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਅਜੇ ਘਰੀਂ ਨਹੀਂ ਸਨ ਪਹੁੰਚੇ, ਖ਼ਤਰਾ ਟਲ ਗਿਆ ਜਾਣ ਕੇ, ਉਨ੍ਹਾਂ ਦੇ ਘਰਾਂ ਵਿਚੋਂ ਕੋਈ ਕੋਈ ਜਣਾ ਉਨ੍ਹਾਂ ਆਪਣਿਆਂ ਦੀ ਖ਼ੈਰ-ਸੁੱਖ ਪਤਾ ਕਰਨ ਲਈ ਬਾਜ਼ਾਰ ਵਿਚ ਨਿਕਲ ਆਇਆ ਸੀ। ਮੰਗੇ ਦਾ ਭਰਾ ਰਾਮ ਘਬਰਾਇਆ ਹੋਇਆ ਆਇਆ ਅਤੇ ਡਾਕਟਰ ਨੂੰ ਵੇਖ ਕੇ ਮੈਥੋਂ ਮੰਗੇ ਬਾਰੇ ਪੁੱਛਣ ਲੱਗਾ। ਮੈਂ ਬਾਜ਼ਾਰ ਵਿਚ ਪਏ ਮੰਗੇ ਵੱਲ ਇਸ਼ਾਰਾ ਕਰ ਕੇ ਉਹਨੂੰ ਦੁਖ਼ਦਾਈ ਖ਼ਬਰ ਸੁਣਾਈ। ਉਹ ਰੋਂਦਾ ਉਧਰ ਦੌੜਿਆ। ਉਹਦੀ ਲੇਰ ਨਿਕਲੀ, “ਹਾਇ! ਉਏ ਸਾਡੇ ਭਰਾ ਨੂੰ ਮਾਰ ਗਏ!”
ਕੋਈ ਪਰ੍ਹਿਓਂ ਦੌੜਦਾ ਅਤੇ ਦੁਹਾਈ ਪਾਉਂਦਾ ਆਇਆ ਅਤੇ ਰਾਮ ਨੂੰ ਕਿਹਾ, “ਤੇਰੇ ਭਾਪੇ ਗੋਪਾਲ ਸ਼ਾਹ ਨੂੰ ਗੋਲੀਆਂ ਵੱਜੀਆਂ। ਉਹਨੂੰ ਬਚਾ ਲੌ ਭੱਜ ਕੇ, ਜੇ ਬਚਾਇਆ ਜਾਂਦਾ।”
ਮੰਗੇ ਨੂੰ ਭਰੇ ਬਾਜ਼ਾਰ ਵਿਚ ਲਾਵਾਰਿਸ ਛੱਡ ਉਹ ਪਿਉ ਨੂੰ ਲੱਭਣ ਭੱਜਾ। ਗੋਪਾਲ ਚੰਦ ਕਿਸੇ ਹੋਰ ਦੀ ਦੁਕਾਨ ‘ਤੇ ਖਲੋਤਾ ‘ਗੱਪ-ਸ਼ੱਪ’ ਮਾਰ ਰਿਹਾ ‘ਉਨ੍ਹਾਂ’ ਦੇ ‘ਰਾਹ’ ਵਿਚ ਆ ਗਿਆ ਸੀ। ਮੈਂ ਕਿਸੇ ਨੂੰ ਆਪਣੇ ਵੱਲ ਆਉਂਦਾ ਵੇਖ ਜ਼ੋਰ ਨਾਲ ਕਿਹਾ, “ਮੇਰੇ ਵੱਲ ਨਾ ਆ। ਡਾਕਟਰ ਦੇ ਘਰ ਜਾਹ ਭੱਜ ਕੇ। ਇਹਨੂੰ ਬਚਾ ਲਈਏ ਕਿਸੇ ਤਰ੍ਹਾਂ।”
ਥੋੜ੍ਹੀ ਦੇਰ ਪਿੱਛੋਂ ਗੁਲਜ਼ਾਰੀ ਲਾਲ ਦਾ ਛੋਟਾ ਭਰਾ ਵਿਜੈ, ਉਸ ਦੀ ਪਤਨੀ ਤੇ ਦੋਵੇਂ ਬੱਚੇ ਦੁਕਾਨ ‘ਤੇ ਪਹੁੰਚ ਗਏ। ਚੀਕ-ਚਿਹਾੜਾ ਪੈ ਗਿਆ। ਸ਼ੋਰ ਸੁਣ ਕੇ ਮੇਰੀ ਪਤਨੀ ਵੀ ਬਾਹਰ ਆ ਗਈ।
“ਬਚਾਓ ਇਨ੍ਹਾਂ ਨੂੰ! ਛੇਤੀ ਤੋਂ ਛੇਤੀ ਹਸਪਤਾਲ ਲੈ ਕੇ ਜਾਓ। ਭੈਣ ਜੀ ਤੁਸੀਂ ਕੋਈ ਫ਼ਿਕਰ ਨਾ ਕਰੋ। ਕੁਝ ਨਹੀਂ ਹੁੰਦਾ ਭਾ ਜੀ ਨੂੰ। ਚੁੱਪ ਕਰ ਮੇਰੀ ਬੀਬੀ ਧੀ।” ਮੇਰੀ ਪਤਨੀ ਮੈਨੂੰ ਵੀ ਕਹਿ ਰਹੀ ਸੀ ਅਤੇ ਲਾਲ ਦੀ ਪਤਨੀ ਤੇ ਧੀ ਨੂੰ ਹੌਸਲਾ ਵੀ ਦੇ ਰਹੀ ਸੀ।
ਲਾਲ ਨਾਲ ਸਾਡੀ ਪਰਿਵਾਰਕ ਸਾਂਝ ਸੀ। ਇਹ ਸਾਂਝ ਤਾਂ ਉਂਜ ਸਾਰੇ ਆਂਢੀਆਂ ਗੁਆਂਢੀਆਂ ਨਾਲ ਹੀ ਸੀ। ਸਾਡੀ ਆਪਣੀ ਪੱਤੀ ਅਤੇ ਸ਼ਰੀਕੇ ਦੇ ਪਰਿਵਾਰ ਤਾਂ ਸਾਥੋਂ ਦੂਰ ਸਾਡੀ ਪੱਤੀ ਵਿਚ ਵੱਸਦੇ ਸਨ। ਸਾਡਾ ਨਿਤ ਦਾ ਭਾਈਚਾਰਾ ਤਾਂ ਇਨ੍ਹਾਂ ਲੋਕਾਂ ਨਾਲ ਹੀ ਸੀ। ਗੁਰਲਾਲ ਚੰਦ, ਗੋਪਾਲ ਚੰਦ, ਵੇਦ ਪ੍ਰਕਾਸ਼ ਤੇ ਲਾਭ ਚੰਦ ਹੁਰੀਂ ਹੀ ਮੇਰੇ ਨੇੜਲੇ ‘ਚਾਚੇ-ਤਾਏ’ ਸਨ। ਲਾਲ ਨਾਲ ਮੇਰਾ ਬਚਪਨ ਤੋਂ ਯਾਰਾਨਾ ਸੀ। ਉਸ ਦੇ ਪਿਤਾ ਕਰਮ ਚੰਦ ਨੂੰ ਜਦੋਂ ਕਦੀ ਦੁਕਾਨ ‘ਤੇ ਮਰੀਜ਼ਾਂ ਵੱਲੋਂ ਵਿਹਲ ਹੁੰਦੀ ਤਾਂ ਉਹਨੇ ਕਈ ਵਾਰ ਸਾਡੇ ਘਰ ਵੜਦਿਆਂ ਦੂਰੋਂ ਹੀ ਐਲਾਨ ਕਰ ਦੇਣਾ, “ਹਰਨਾਮ ਕੁਰੇ! ਓ ਜੋਗਿੰਦਰ ਕੁਰੇ! ਕਿੱਥੇ ਓ? ਕੋਈ ਰੋਟੀ ਪਈ ਆ ਚੰਗੇਰ ‘ਚ ਕਿ ਨਹੀਂ? ਘਰ ਨਹੀਂ ਜਾਇਆ ਗਿਆ। ਮਰੀਜ਼ ਆ ਗਏ ਸੀ; ਟਾਈਮ ਈ ਨਹੀਂ ਲੱਗਾ ਘਰ ਜਾਣ ਦਾ। ਲਿਆਓ ਫੜਾਓ ਦੋ ਰੋਟੀਆਂ ਹੈਥੋਂ।” ਉਹ ਮੇਰੀ ਦਾਦੀ ਅਤੇ ਮਾਂ ਨੂੰ ਮੁਖ਼ਾਤਬ ਹੁੰਦਾ।
“ਰੋਟੀਆਂ ਤਾਂ ਹੈਗੀਆਂ, ਪਰ ਅਸੀਂ ਸੱਜਰੀਆਂ ਲਾਹ ਦੇਂਦੀਆਂ, ਜੀ।” ਦਾਦੀ ਜਾਂ ਮਾਂ ‘ਚੋਂ ਕੋਈ ਆਖਦੀ। ਉਮਰ ਵਿਚ ਉਹ ਮੇਰੇ ਪਿਉ ਤੋਂ ਅੱਠ-ਦਸ ਸਾਲ ਵੱਡਾ ਸੀ ਪਰ ‘ਡਾਕਟਰ’ ਹੋਣ ਕਰ ਕੇ ਉਸ ਤੋਂ ਮੇਰੀ ਮਾਂ ਘੁੰਡ ਨਹੀਂ ਸੀ ਕੱਢਦੀ। ਉਹ ਥਾਲੀ ਵੀ ਨਾ ਲੈਂਦਾ। ਹੱਥ ਉਤੇ ਹੀ ਦੋ ਫੁਲਕੇ ਰੱਖ ਕੇ ਉਨ੍ਹਾਂ ਉਤੇ ਹੀ ਦਾਲ-ਸਬਜ਼ੀ ਪੁਆ ਲੈਂਦਾ ਅਤੇ ਸਾਡੇ ਚੌਂਤਰੇ ਦੀ ਛੋਟੀ ਜਿਹੀ ਕੰਧ ‘ਤੇ ਪੈਰ ਰੱਖ ਕੇ ਖੜਾ-ਖਲੋਤਾ ਰੋਟੀ ਖਾ ਲੈਂਦਾ। ਉਹਦੀ ਮੌਤ ਤੋਂ ਪਿੱਛੋਂ ਦੁਕਾਨ ਉਤੇ ਲਾਲ ਬੈਠਣ ਲੱਗਾ। ਉਸ ਕੋਲ ਮੇਰੇ ਬੱਚੇ ਆਪੇ ਹੀ ਚਲੇ ਜਾਂਦੇ। ਬਿਮਾਰੀ ਦੱਸਦੇ ਤੇ ਦਵਾਈ ਲੈ ਕੇ ਆ ਜਾਂਦੇ। ਉਹ ਦਵਾਈ ਦੇ ਪੈਸਿਆਂ ਦਾ ਕੋਈ ਹਿਸਾਬ-ਕਿਤਾਬ ਨਾ ਲਿਖਦਾ। ਕਹਿੰਦਾ, “ਆਪੇ ਚੇਤੇ ਰੱਖੋ। ਇਹ ਤੁਹਾਡਾ ਕੰਮ ਏ।” ਅਸੀਂ ਦਵਾਈ ਲੈ ਕੇ ਆਉਂਦੇ ਤਾਂ ਤੁਰਤ ਦਵਾਈ ਦਾ ਵੇਰਵਾ ਕਾਪੀ ‘ਤੇ ਲਿਖਦੇ ਤਾਂ ਕਿ ਬਾਅਦ ਵਿਚ ਕੋਈ ‘ਆਈਟਮ’ ਭੁਲੇਖੇ ਨਾਲ ਲਿਖਣੋਂ ਰਹਿ ਨਾ ਜਾਵੇ! ਹੋਰਨਾਂ ਦਾ ਹਿਸਾਬ ਕਿਤਾਬ ਉਹ ਲਿਖ ਕੇ ਰੱਖਦਾ ਹੀ ਸੀ ਪਰ ਸਾਡਾ ਹਿਸਾਬ ਕਿਤਾਬ ਰੱਖਣ ਲਈ ਤਿਆਰ ਨਹੀਂ ਸੀ। ਇਹ ਉਸ ਦਾ ਸਾਡੇ ਪਰਿਵਾਰ ਨੂੰ ਦੂਜਿਆਂ ਤੋਂ ਵੱਖਰਾ ਨਿਖੇੜ ਕੇ, ਸਾਡੇ ਲਈ ਮੋਹ ਅਤੇ ਮਾਣ ਜਤਾਉਣ ਦਾ ਹੀ ਸੰਕੇਤ ਸੀ। ਉਹ ਕਦੀ ਕਦੀ ਮੇਰੇ ਸੱਜੇ ਗੁੱਟ ਨੂੰ ਹੱਥ ਵਿਚ ਫੜਦਾ ਅਤੇ ਉਲਟਾ ਕਰ ਕੇ ਮੇਰੇ ਗੁੱਟ ‘ਤੇ ਬਣਿਆ ਇੰਚ ਭਰ ਚੌੜਾ ਨਿਸ਼ਾਨ ਵੇਖਦਾ। ਫਿਰ ਹੱਸਦਿਆਂ ਆਖਦਾ, “ਬੜੀਆਂ ਜੁੱਤੀਆਂ ਪਈਆਂ ਸੀ ਉਦੋਂ ਬਾਊ ਜੀ ਤੋਂ।” ਰੰਬਿਆਂ ਨਾਲ ਖੂਹ ਕਿਆਰੀਆਂ ਖੇਡਦਿਆਂ ਬਚਪਨ ਵਿਚ ਉਸ ਤੋਂ ਮੇਰੇ ਗੁੱਟ ‘ਤੇ ਰੰਬਾ ਵੱਜ ਗਿਆ ਸੀ ਜਿਸ ਨਾਲ ਹੋਏ ਬੜੇ ਵੱਡੇ ਜ਼ਖ਼ਮ ਦਾ ਨਿਸ਼ਾਨ ਅਜੇ ਵੀ ਮੇਰੇ ਗੁੱਟ ਉਤੇ ਚਮਕਦਾ ਹੈ।
ਮੇਰੇ ਬਚਪਨ ਦਾ ਯਾਰ ਮੇਰੇ ਸਾਹਮਣੇ ਮਰਨਾਊ ਪਿਆ ਸੀ। ਇਸ ਨੂੰ ਬਚਾਉਣਾ ਜ਼ਰੂਰੀ ਸੀ। ਲੋਕਾਂ ਦੇ ਦਰਵਾਜ਼ੇ ਬੰਦ ਸਨ। ਮੰਜਾ ਕੱਢਣ ਕਰ ਕੇ ਖੋਲ੍ਹਿਆ ਮੇਰੇ ਘਰ ਦਾ ਦਰਵਾਜ਼ਾ ਅਜੇ ਵੀ ਚੌੜ-ਚੁਪੱਟ ਖੁੱਲ੍ਹਾ ਸੀ। ਮੈਂ ਘਰ ਦਾ ਅਤੇ ਦਿਲ ਦਾ ਦਰਵਾਜ਼ਾ ਬੰਦ ਨਹੀਂ ਸਾਂ ਕਰ ਸਕਦਾ! ਲੋਕਾਂ ਦੇ ‘ਵੱਜੇ ਕੁੰਡੇ’ ਅਤੇ ‘ਗੁੰਗੀ ਚੁੱਪ’ ਨੇ ਮੈਨੂੰ ਚੇਤਾ ਕਰਾਇਆ ਕਿ ਮੈਂ ‘ਗੋਲੀਆਂ ਵੱਜਣ ਵਾਲਿਆਂ ਦਾ’ ‘ਸਹਾਇਕ’ ਬਣ ਕੇ ‘ਗੋਲੀਆਂ ਮਾਰਨ ਵਾਲਿਆਂ’ ਦੀ ‘ਮਾਰੂ ਨਾਰਾਜ਼ਗੀ’ ਸਹੇੜ ਰਿਹਾ ਸਾਂ, ਪਰ ਇਹ ਇਹੋ ਜਿਹੀਆਂ ਗਿਣਤੀਆਂ-ਮਿਣਤੀਆਂ ਕਰਨ ਦਾ ਸਮਾਂ ਨਹੀਂ ਸੀ।
“ਛੇਤੀ ਕਰੋ ਜੀ! ਵੇਖਦੇ ਕੀ ਓ!” ਪਤਨੀ ਨੇ ਕਾਹਲੀ ਨਾਲ ਆਖਿਆ।
ਮੈਂ ਉਹਨੂੰ ਕਿਹਾ ਕਿ ਲਾਲ ਦੇ ਪਰਿਵਾਰ ਦੇ ਬਾਕੀ ਜੀਆਂ ਨੂੰ ਉਹ ਆਪਣੇ ਨਾਲ ਘਰ ਲੈ ਜਾਵੇ ਅਤੇ ਹੋ ਸਕੇ ਤਾਂ ਪੁਲਿਸ ਨੂੰ ਵੀ ਫ਼ੋਨ ਕਰ ਦਏ।
ਅਸਾਂ ਬਿਨਾਂ ਕੋਈ ਹੋਰ ਦੇਰੀ ਕੀਤਿਆਂ ਗੁਲਜ਼ਾਰੀ ਲਾਲ ਨੂੰ ਚੁੱਕ ਕੇ ਮੰਜੇ ‘ਤੇ ਪਾਇਆ ਅਤੇ ਪਿੰਡੋਂ ਬਾਹਰਵਾਰ ਚੜ੍ਹਦੇ ਪਾਸੇ ਸਥਿਤ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਵੱਲ ਦੌੜ ਪਏ। ਬਾਜ਼ਾਰ ਵਿਚੋਂ ਲੰਘ ਰਹੇ ਸਾਂ ਤਾਂ ਵੇਖਿਆ; ਕਈ ਜਣਿਆਂ ਨੂੰ ਗੋਲੀਆਂ ਲੱਗੀਆਂ ਸਨ। ਉਨ੍ਹਾਂ ਦੇ ਵਾਲੀ ਵਾਰਸ ਵੀ ਉਨ੍ਹਾਂ ਨੂੰ ‘ਸਾਂਭ’ ਰਹੇ ਸਨ।
ਕੋਈ ਕਹਿ ਰਿਹਾ ਸੀ, “ਅਜੇ ਹੁਣੇ ਐਂ ਨੂੰ ਜਾਂਦੇ ਮੈਂ ਆਪ ਵੇਖੇ ਨੇ। ਹਾਲੇ ਪਿੰਡੋਂ ਬਾਹਰ ਨਹੀਂ ਗਏ ਹੋਣੇ। ਪੁਲਿਸ ਘੇਰਾ ਪਾਏ ਤਾਂ ਫੜੇ ਜਾ ਸਕਦੇ ਨੇ!” ਬਾਜ਼ਾਰ ਲੰਘ ਕੇ ਅੱਗੇ ਹੋਏ ਤਾਂ ਰਾਹ ਵਿਚ ਖਲੋਤਾ ਪੁਲਿਸ ਚੌਕੀ ਦਾ ਥਾਣੇਦਾਰ, ਮੰਜੀ ‘ਤੇ ਪਿਆ ਬੰਦਾ ਵੇਖ ਕੇ ਪੁੱਛਣ ਲੱਗਾ, “ਕੌਣ ਏਂ? ਕੀ ਹੋਇਆ?”
ਅਸੀਂ ਦੱਸਿਆ ਤਾਂ ਘਬਰਾ ਕੇ ਕਹਿਣ ਲੱਗਾ, “ਮੈਂ ਤਾਂ ਕੁਦਰਤੀ ਐਥੇ ਦੁਕਾਨ ‘ਤੇ ਖਲੋਤਾ ਸਾਂ ਕਿ ਉਹ ਦੂਰੋਂ ਗੋਲੀਆਂ ਚਲਾਉਂਦੇ ਆਉਂਦੇ ਦਿਸੇ। ਮੈਂ ਤਾਂ ਐਧਰ ਓਹਲੇ ‘ਚ ਹੋ ਗਿਆ।”
‘ਇਸੇ ਪੁਲਿਸ’ ਨੇ ‘ਉਨ੍ਹਾਂ’ ਨੂੰ ਫੜਨਾ ਸੀ!
ਪ੍ਰਾਇਮਰੀ ਹੈਲਥ ਸੈਂਟਰ ਕੋਲ ਪੁੱਜੇ ਤਾਂ ਸੀæਆਰæਪੀæ ਵਾਲਿਆਂ ਦਾ ਟੋਲਾ ਲੰਗੜਾਉਂਦੀ ਚਾਲ ਪਿੰਡ ਵੱਲ ਜਾ ਰਿਹਾ ਸੀ। ਇਸ ਚਾਲੇ ਤਾਂ ਇਨ੍ਹਾਂ ਨੇ ਉਨ੍ਹਾਂ ਨੂੰ ਹੁਣੇ ਹੀ ਜਾ ਘੇਰਨਾ ਸੀ ਭਲਾ!
ਹੌਲੀ ਹੌਲੀ ਹਸਪਤਾਲ ਵਿਚ ਖ਼ਾਸੀ ਭੀੜ ਇਕੱਠੀ ਹੋ ਗਈ ਸੀ। ਇੱਕ ਬੰਦੇ, ਮੰਗੇ ਦੀ ਮੌਤ ਹੋ ਗਈ ਸੀ ਅਤੇ ਹੋਰ ਚੌਦਾਂ ਬੰਦਿਆਂ ਨੂੰ ਗੋਲੀਆਂ ਲੱਗੀਆਂ ਸਨ। ਹਰ ਇੱਕ ਦੇ ਪੰਜ-ਪੰਜ, ਸੱਤ-ਸੱਤ ਵਾਰਸ ਨਾਲ ਆਏ ਸਨ। ਕਿਸ ਨੂੰ ਠੰਢਾ ਕੱਢਦਾ ਸੀ! ਡਾਕਟਰ ਗੁਰਦਿਆਲ ਸਿੰਘ ਗਿੱਲ ਮੇਰਾ ਜਾਣੂੰ ਸੀ। ਅਸੀਂ ਦੋਵੇਂ ਝਬਾਲ ਵਿਆਹੇ ਹੋਏ ਸਾਂ ਅਤੇ ਸਾਡੇ ਦੋਹਾਂ ਦੇ ਸਾਲਿਆਂ ਦਾ ਆਪਸ ਵਿਚ ਬੜਾ ਸਨੇਹ ਸੀ। ਉਸ ਨੇ ਫ਼ਿਕਰਮੰਦੀ ਨਾਲ ਕਿਹਾ, “ਸੰਧੂ ਸਾਹਿਬ! ਜੇ ਇਨ੍ਹਾਂ ਦੀ ਜਾਨ ਬਚਾਉਣੀ ਏਂ ਤਾਂ ਫ਼ਸਟ-ਏਡ ਦਿਵਾ ਕੇ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਅੰਬਰਸਰ ਲੈ ਜਾਓ। ਐਥੇ ਹੋਰ ਕੁਝ ਨਹੀਂ ਹੋ ਸਕਣਾ।”
ਆਪਣਾ ਅਮਲਾ-ਫੈਲਾ ਲੈ ਕੇ ਡਾਕਟਰ ਗਿੱਲ ਮਰ੍ਹਮ-ਪੱਟੀ ਵਿਚ ਰੁੱਝ ਗਿਆ। ਵਿਜੈ ਨੂੰ ਲਾਲ ਕੋਲ ਖੜ੍ਹਾ ਕਰ ਕੇ ਮੈਂ ਦੂਜੇ ਜ਼ਖ਼ਮੀਆਂ ਦਾ ਹਾਲ-ਹਵਾਲ ਪਤਾ ਕਰਨ ਲੱਗਾ। ਸਾਰੇ ਮੇਰੇ ਆਪਣੇ ਹੀ ਤਾਂ ਸਨ। ਮੰਗੇ ਅਤੇ ਰਾਮ ਦਾ ਪਿਉ ਗੋਪਾਲ ਚੰਦ ਮੇਰਾ ਸਾਹਮਣਾ ਗੁਆਂਢੀ ‘ਤਾਇਆ’ ਸੀ। ਅੱਗੇ ਮਦਨ ‘ਮੱਦੋ’ ਦਾ ਮੁੰਡਾ ਸੀ। ਰਾਮ ਲੁਭਾਇਆ ਕੰਡਕਟਰ ਸੀ। ਚਮਨ ਲਾਲ ਸੀ ਅਤੇ ਹੋਰ ਕਿੰਨੇ ਜਣੇ ਸਨ! ਹਰ ਇੱਕ ਜਣਾ ‘ਆਪਣੇ ਜ਼ਖ਼ਮੀ’ ਵਾਸਤੇ ਸਭ ਤੋਂ ਪਹਿਲਾਂ ਮੁੱਢਲੀ ਸਹਾਇਤਾ ਦੇਣ ਦੀ ਮੰਗ ਕਰ ਰਿਹਾ ਸੀ।
ਏਨੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਸਕਣ ਦਾ ਪ੍ਰਾਇਮਰੀ ਹੈਲਥ ਸੈਂਟਰ ਵਿਚ ਕੋਈ ਪ੍ਰਬੰਧ ਨਹੀਂ ਸੀ।
ਲਾਲ ਦਾ ਮੂੰਹ ਅਤੇ ਗਲਾ ਸੁੱਜ ਗਿਆ ਸੀ। ਘੋਰੜੂ ਵੱਜਣ ਲੱਗਾ।
“ਭਾ ਜੀ ਹੁਣ ਕੀ ਕਰੀਏ?” ਲਾਲ ਦਾ ਭਰਾ ਬੇਵੱਸ ਹੋਇਆ ਮੈਨੂੰ ਪੁੱਛਣ ਲੱਗਾ। ਦੂਜੇ ਜਣੇ ਵੀ ਮੇਰੇ ਮੂੰਹ ਵੱਲ ਵੇਖਣ ਲੱਗੇ। ਉਨ੍ਹਾਂ ਨੂੰ ਤਾਂ ਕੋਈ ਸੁਝਦੀ ਅਹੁੜਦੀ ਨਹੀਂ ਸੀ। ਅੰਮ੍ਰਿਤਸਰ ਜਾਣ ਦਾ ਪ੍ਰਬੰਧ ਕਿਵੇਂ ਹੋਵੇ! ਅਚਨਚੇਤ ਮੈਨੂੰ ਖ਼ਿਆਲ ਆਇਆ, “ਆਪਾਂ ਸੀæਆਰæਪੀæ ਵਾਲਿਆਂ ਨੂੰ ਆਖਦੇ ਆਂ। ਉਨ੍ਹਾਂ ਦੀਆਂ ਗੱਡੀਆਂ ਜਾਂ ਟਰੱਕ ਹੁੰਦੇ ਨੇ। ਆਓ! ਉਨ੍ਹਾਂ ਨਾਲ ਗੱਲ ਕਰੀਏ।”
ਹਸਪਤਾਲ ਦੇ ਨਾਲ ਹੀ ਸੀæਆਰæਪੀæ ਵਾਲਿਆਂ ਦਾ ‘ਡੇਰਾ’ ਸੀ। ਮੇਰੇ ਨਾਲ ਹੀ ਹੋਰ ਜ਼ਖ਼ਮੀਆਂ ਦੇ ਵਾਰਸ ਵੀ ਉਧਰ ਤੁਰ ਪਏ। ਸੀæਆਰæਪੀæ ਦਾ ਇੰਸਪੈਕਟਰ ਕਹਿੰਦਾ, “ਸਾਡੀਆਂ ਗੱਡੀਆਂ ਵਿਹਲੀਆਂ ਨਹੀਂ। ਅਸੀਂ ਪਿੰਡ ਨੂੰ ਘੇਰਾ ਪਾਉਣ ਲੱਗੇ ਆਂ।”
ਸਾਨੂੰ ਉਸ ਦੀ ਦਲੀਲ ‘ਤੇ ਗੁੱਸਾ ਆਇਆ। ਕਿੰਨ੍ਹੀ ਥੋਥੀ ਦਲੀਲ ਸੀ!
‘ਅਜੇ ਇਨ੍ਹਾਂ ਨੇ ਘੇਰਾ ਪਾਉਣਾ ਸੀ!’
“ਦੇਖੋ ਸ਼੍ਰੀਮਾਨ ਜੀ, ਤੁਹਾਡੇ ਵੱਲੋਂ ਸਹਿਯੋਗ ਨਾ ਦੇਣ ਕਰ ਕੇ ਜੇ ਸਾਡੇ ਬੰਦਿਆਂ ‘ਚੋਂ ਕਿਸੇ ਦੀ ਜਾਨ ਚਲੀ ਗਈ ਤਾਂ ਉਸ ਦੇ ‘ਕਤਲ਼’ ਦੇ ਤੁਸੀਂ ਜ਼ਿੰਮੇਵਾਰ ਹੋਵੋਗੇ।” ਮੈਂ ਪੂਰੀ ਕਰੜਾਈ ਨਾਲ ਆਖਿਆ ਅਤੇ ਨਾਲ ਦੇ ਸਾਥੀਆਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੇ ਤਾਂ ਬੰਦੇ ਮਰਦੇ ਪਏ ਸਨ। ਉਨ੍ਹਾਂ ਦਾ ਉਬਲਦਾ ਅੰਦਰ ਬਾਹਰ ਆ ਗਿਆ। ਕਿਸੇ ਸਤੇ ਹੋਏ ਨੇ ਇਹ ਵੀ ਕਿਹਾ, “ਜੇ ਤੁਸੀਂ ਘੇਰਾ ਪਾਉਣ ਜੋਗੇ ਹੁੰਦੇ ਤਾਂ ਇਹ ਵਾਪਰਦਾ ਹੀ ਕਿਉਂ?”
“ਵੇਖੋ ਸਾਹਬ ਬਹਾਦਰ! ਸਾਡੀ ਮਦਦ ਕਰੋ ਨਹੀਂ ਤਾਂ ਤੁਹਾਡਾ ਇਹ ਰਵੱਈਆ ਤੁਹਾਡੇ ਅਫ਼ਸਰਾਂ ਨੂੰ ਦੱਸਾਂਗੇ। ਸਰਕਾਰ ਨੂੰ ਦੱਸਾਂਗੇ। ਦੁਖੀ ਬੰਦੇ ਕੋਲ ਹੋਰ ਚਾਰਾ ਵੀ ਕੀ ਹੈ! ਕਰੋ ਕੋਈ ਬੰਦੋਬਸਤ, ਪਲੀਜ਼!” ਮੇਰੇ ਬੋਲਾਂ ਵਿਚ ਤਰਲੇ, ਨਰਮੀ ਅਤੇ ਸਖ਼ਤੀ ਦਾ ਮਿਸ਼ਰਨ ਸੀ।
“ਚੱਲੋ ਕਰਦੇ ਆਂ ਕੋਈ ਬੰਦੋਬਸਤ।” ਉਹ ਲੋਕਾਂ ਦੇ ਰੋਹ ਅੱਗੇ ਢੈਲਾ ਪੈ ਗਿਆ ਸੀ ਜਾਂ ਮਨ ਮਿਹਰ ਪੈ ਗਈ ਸੀ। ਰੱਬ ਜਾਣੇ!
ਸੀæਆਰæਪੀæ ਦੀਆਂ ਗੱਡੀਆਂ ‘ਤੇ ਜ਼ਖ਼ਮੀਆਂ ਨੂੰ ਲੱਦਿਆ ਜਾਣ ਲੱਗਾ। ਲਾਲ ਨਾਲ ਉਸ ਦਾ ਛੋਟਾ ਭਰਾ ਵਿਜੈ ਅਤੇ ਹੋਰ ਇੱਕ ਜਣਾ ਗਿਆ। ਗੋਪਾਲ ਚੰਦ ਨਾਲ ਰਾਮ ਅਤੇ ਉਸ ਦਾ ਫੌਜੀ ਭਰਾ ਬੈਠ ਗਏ। ਥੋੜ੍ਹੇ ਚਿਰ ਪਿੱਛੋਂ ਗੱਡੀਆਂ ਅੰਮ੍ਰਿਤਸਰ ਨੂੰ ਰਵਾਨਾ ਹੋ ਗਈਆਂ। ਇੰਜ ਸਭ ਨਾਲ ਲੋੜੀਂਦੇ ਬੰਦੇ ਬੈਠ ਗਏ।
(ਚਲਦਾ)