ਤਾਲਿਬਾਨ ਦੇ ਕਾਰਿਆਂ ਨਾਲ ਮਨੁੱਖਤਾ ਸ਼ਰਮਸਾਰ

ਅਫ਼ਸਾਨਾ-ਏ-ਅਫ਼ਗ਼ਾਨਿਸਤਾਨ-5
ਅਫ਼ਗ਼ਾਨਿਸਤਾਨ ਚਿਰਾਂ ਤੋਂ ਅਸਥਿਰਤਾ ਦੀ ਮਾਰ ਹੇਠ ਹੈ। ਸਿਆਸੀ ਅਤੇ ਸਮਾਜਕ ਉਥਲ-ਪੁਥਲ ਨੇ ਇਸ ਮੁਲਕ ਦਾ ਬੜਾ ਕੁਝ ਲੀਹੋਂ ਲਾਹ ਦਿੱਤਾ ਹੋਇਆ ਹੈ। ਅਫ਼ਗ਼ਾਨਿਸਤਾਨ ਦੇ ਇਸ ਪਿਛੋਕੜ ਅਤੇ ਅੱਜ ਦੇ ਹਾਲਾਤ ਦਾ ਲੇਖਾ-ਜੋਖਾ ਪੰਜਾਬੀ ਦੇ ਨਿਰਾਲੇ ਬਿਰਤਾਂਤਕਾਰ ਹਰਮਹਿੰਦਰ ਚਹਿਲ ਨੇ ਆਪਣੀ ਇਸ ਲੰਬੀ ਰਚਨਾ ਵਿਚ ਕੀਤਾ ਹੈ ਜੋ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ‘ਪੰਜਾਬ ਟਾਈਮਜ਼’ ਦੇ ਪਾਠਕ 2013 ਵਿਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਹਾਲਾਤ ਬਾਰੇ ਲਿਖਿਆ ਲੇਖਕ ਦਾ ਨਾਵਲ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁੱਕੇ ਹਨ, ਜੋ ਬੇਹੱਦ ਪਸੰਦ ਕੀਤਾ ਗਿਆ ਸੀ।

ਉਮੀਦ ਹੈ ਪਾਠਕ ਇਹ ਲਿਖਤ ਵੀ ਪਸੰਦ ਕਰਨਗੇ। ਚਹਿਲ ਨੇ ਪੰਜ ਕਹਾਣੀ ਸੰਗ੍ਰਿਹਾਂ ਤੋਂ ਇਲਾਵਾ ‘ਹੋਣੀ’ ਅਤੇ ‘ਬਲੀ’ ਨਾਵਲ ਲਿਖ ਕੇ ਪੰਜਾਬੀ ਸਾਹਿਤ ਜਗਤ ਵਿਚ ਪੈਂਠ ਬਣਾਈ ਹੈ। ‘ਬਲੀ’ ਵਿਚ ਪੰਜਾਬ ਸੰਕਟ ਦੀਆਂ ਪਰਤਾਂ ਫਰੋਲੀਆਂ ਗਈਆਂ ਹਨ ਅਤੇ ‘ਹੋਣੀ’ ਪਰਵਾਸ ਨਾਲ ਜੁੜੇ ਮਸਲਿਆਂ ਨਾਲ ਜੁੜੀ ਤੰਦ-ਤਾਣੀ ਦਾ ਖੁਲਾਸਾ ਕਰਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਤੋਂ ਅਮਰੀਕਾ ਆ ਵੱਸੇ ਹਰਮਹਿੰਦਰ ਚਹਿਲ ਦੀਆਂ ਰਚਨਾਵਾਂ ਵਿਚ ਪੇਸ਼ ਆਲੇ-ਦੁਆਲੇ ਦਾ ਬਾਰੀਕ ਬਿਰਤਾਂਤ ਉਸ ਦੀਆਂ ਰਚਨਾਵਾਂ ਦੀ ਖਾਸੀਅਤ ਬਣਦਾ ਹੈ। ਇਨ੍ਹਾਂ ਰਚਨਾਵਾਂ ਵਿਚ ਹਕੀਕਤ ਝਾਤੀਆਂ ਮਾਰਦੀ ਦਿਸਦੀ ਹੈ ਅਤੇ ਪਾਠਕਾਂ ਨੂੰ ਆਪਣੇ ਨਾਲ ਤੁਰਨ ਲਈ ਸੈਨਤਾਂ ਮਾਰਦੀ ਹੈ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239
ਬਾਮਿਆਨ ਦੁਆਲੇ ਬੈਠੀਆਂ ਤਾਲਿਬਾਨ ਫੌਜਾਂ ਨੇ ਪਿਛਲਾ ਸਮਝੌਤਾ ਤੋੜਦਿਆਂ 1998 ਦੇ ਪਹਿਲੇ ਅੱਧ ਵਿਚ ਜਨਰਲ ਰਸ਼ੀਦ ਦੋਸਤਮ ਦੇ ਇਲਾਕੇ ‘ਤੇ ਹਮਲਾ ਕਰ ਦਿੱਤਾ। ਅੰਦਰੋ-ਅੰਦਰੀ ਦੋਸਤਮ ਦੇ ਕਾਫੀ ਕਮਾਂਡਰ ਤਾਲਿਬਾਨ ਦੁਆਰਾ ਖਰੀਦੇ ਜਾ ਚੁੱਕੇ ਸਨ। ਲੜਾਈ ਸ਼ੁਰੂ ਹੋਈ ਤਾਂ ਉਹ ਬਿਨਾਂ ਲੜਿਆਂ ਹੀ ਪਿੱਛੇ ਹਟ ਗਏ। ਇਸ ਨਾਲ ਫੌਜ ਦਾ ਵੀ ਮਨੋਬਲ ਟੁੱਟ ਗਿਆ। ਕਾਫੀ ਫੌਜ ਹਥਿਆਰ ਸੁੱਟ ਗਈ ਤੇ ਬਾਕੀ ਰਹਿੰਦੀ ਇੱਧਰ ਉੱਧਰ ਖਿੰਡ ਪੁੰਡ ਗਈ। ਜਨਰਲ ਰਸ਼ੀਦ ਦੋਸਤਮ ਖੁਦ ਵੀ, ਫਿਰ ਤੋਂ ਮੁਲਕ ਛੱਡ ਕੇ ਭੱਜ ਨਿਕਲਿਆ ਤੇ ਤੁਰਕੀ ਪਹੁੰਚ ਗਿਆ। ਫੜੇ ਗਏ ਫੌਜੀਆਂ ਦੀ ਬਹੁ-ਗਿਣਤੀ ਮਾਰ-ਮੁਕਾਈ ਗਈ। ਇੱਥੋਂ ਤਾਲਿਬਾਨ ਲਈ ਮਜ਼ਾਰ-ਏ-ਸ਼ਰੀਫ ਵੱਲ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ। ਉਨ੍ਹਾਂ ਨੇ ਕਾਫੀ ਸਾਰੇ ਕਮਾਂਡਰ ਉੱਥੇ ਵੀ ਖਰੀਦ ਲਏ। ਆਖਰ ਅਗਸਤ ਮਹੀਨੇ ਤਾਲਿਬਾਨ, ਭਿਆਨਕ ਹੱਲਾ ਬੋਲਦੇ ਹੋਏ ਹਨ੍ਹੇਰੀ ਵਾਂਗ ਅੱਗੇ ਵਧੇ ਤੇ ਬੜੀ ਛੇਤੀ ਉਨ੍ਹਾਂ ਮਜ਼ਾਰ-ਏ-ਸ਼ਰੀਫ ‘ਤੇ ਕਬਜ਼ਾ ਕਰ ਲਿਆ। ਐਤਕੀਂ ਇੱਥੇ ਆਉਣ ਤੋਂ ਪਹਿਲਾਂ ਤਾਲਿਬਾਨ ਬੜੀ ਤਿਆਰੀ ਨਾਲ ਆਏ ਸਨ। ਉਨ੍ਹਾਂ ਦੇ ਦਿਲ ਵਿਚ ਪਿਛਲੇ ਵਿਦਰੋਹ ਦੇ ਬਦਲੇ ਦੀ ਚੰਗਿਆੜੀ ਭੜਕ ਰਹੀ ਸੀ। ਇੱਥੇ ਕਾਬਜ਼ ਹੁੰਦਿਆਂ ਹੀ, ਉਨ੍ਹਾਂ ਨੇ ਅੰਧਾਧੁੰਦ ਕਤਲੇਆਮ ਸ਼ੁਰੂ ਕਰ ਦਿੱਤਾ ਜੋ ਚਾਰ-ਪੰਜ ਦਿਨ ਜਾਰੀ ਰਿਹਾ। ਸਾਰੇ ਸੰਸਾਰ ਨੇ ਲੋਕਾਈ ਮਰਦੀ ਵੇਖੀ, ਪਰ ਕਿਸੇ ਕੋਲ ਕੋਈ ਰਾਹ ਨਹੀਂ ਜਿਸ ਨਾਲ ਲੋਕਾਂ ਨੂੰ ਬਚਾਇਆ ਜਾ ਸਕਦਾ। ਆਖਰ ਪੰਜ ਦਿਨਾਂ ਪਿੱਛੋਂ, ਜਦੋਂ ਸ਼ਹਿਰ ਵਿਚ ਕੋਈ ਵੀ ਬੰਦਾ ਪਰਿੰਦਾ ਨਾ ਬਚਿਆ ਤਾਂ ਤਾਲਿਬਾਨ ਨੇ ਖੰਜਰਾਂ ਦੇ ਮੂੰਹ ਪੂੰਝੇ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਘਰਾਂ ‘ਚੋਂ ਕੱਢ ਕੱਢ ਕੇ ਮਾਰ ਮੁਕਾਇਆ ਸੀ। ਮਰੇ ਮੁੱਕਿਆਂ ਦਾ ਰਸਮੋ-ਰਿਵਾਜ ਮੁਤਾਬਕ, ਸਹੀ ਢੰਗ ਨਾਲ ਅੰਤਮ ਕਿਰਿਆ ਕਰਮ ਵੀ ਨਾ ਹੋ ਸਕਿਆ। ਲਾਸ਼ਾਂ ਟਰੱਕਾਂ ‘ਚ ਲੱਦ ਕੇ ਬਾਹਰ ਰੇਗਿਸਤਾਨ ਵਿਚ ਵੱਡੇ ਵੱਡੇ ਟੋਏ ਪੁੱਟ ਕੇ ਦੱਬ ਦਿੱਤੀਆਂ। ਅਫਗਾਨਿਸਤਾਨ ਦੀ ਧਰਤੀ ਨੇ ਉਸ ਵਕਤ ਭਿਆਨਕ ਕਤਲੇਆਮ ਵੇਖਿਆ, ਉਸ ਦਿਨ ਸ਼ਾਇਦ ਕੁਦਰਤ ਵੀ ਤਾਲਿਬਾਨ ਸਾਹਮਣੇ ਬੇਵਸ ਹੋ ਗਈ ਸੀ। ਉਨ੍ਹਾਂ ਚੰਗੇਜ਼ ਖਾਂ ਅਤੇ ਤੈਮੂਰ ਵਰਗਿਆਂ ਨੂੰ ਮਾਤ ਪਾ ਦਿੱਤਾ ਸੀ।
ਇਸ ਪਿੱਛੋਂ ਤਾਲਿਬਾਨ ਨੇ ਪੂਰੀ ਤਾਕਤ ਅਤੇ ਜੋਸ਼ੋ-ਖਰੋਸ਼ ਨਾਲ ਬਾਮਿਆਨ ‘ਤੇ ਚੜ੍ਹਾਈ ਕਰ ਦਿੱਤੀ। ਹਮਲਾ ਇੰਨਾ ਜ਼ਬਰਦਸਤ ਸੀ ਕਿ ਸਥਾਨਕ ਫੌਜਾਂ ਇਸ ਦੀ ਮਾਰ ਸਾਹਮਣੇ ਖਲੋ ਹੀ ਨਾ ਸਕੀਆਂ। ਕਰੀਮ ਖਲੀਲੀ ਅਤੇ ਉਸ ਦੀ ਫੌਜ, ਪਿੱਛੇ ਹਟਦੇ ਪਹਾੜਾਂ ਵੱਲ ਭੱਜ ਗਏ। ਆਖਰ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਘੇਰਾ ਖਤਮ ਕਰਦਿਆਂ ਤਾਲਿਬਾਨ ਨੇ ਉਥੇ ਜਾ ਝੰਡੇ ਗੱਡੇ। ਹੁਣ ਅਫਗਾਨਿਸਤਾਨ ਦਾ ਬਹੁਤ ਜ਼ਿਆਦਾ ਹਿੱਸਾ ਤਾਲਿਬਾਨ ਦੇ ਕਬਜ਼ੇ ਹੇਠ ਸੀ। ਇਸ ਪਿੱਛੋਂ ਉਨ੍ਹਾਂ ਦੇ ਖਾਸ ਮਦਦਗਾਰਾਂ ਨੇ ਉਨ੍ਹਾਂ ਨੂੰ ਦੁਨੀਆਂ ਤੋਂ ਮਾਨਤਾ ਦਿਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਪਰ ਰਾਜਨੀਤੀ ਤੋਂ ਅਸਲੋਂ ਕੋਰੇ ਤਾਲਿਬਾਨ ਨੇ ਇੱਥੇ ਇੱਕ ਹੋਰ ਚੰਦ ਚੜ੍ਹਾ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਮਾਨਤਾ ਮਿਲਣ ਦੀ ਪੈਦਾ ਹੋਈ ਮਾੜੀ ਮੋਟੀ ਸੰਭਾਵਨਾ ਵੀ ਖਤਮ ਹੋ ਗਈ। ਉਨ੍ਹਾਂ ਨੇ ਮਜ਼ਾਰ ਸ਼ਹਿਰ ‘ਚ ਸਥਿਤ ਇਰਾਨੀ ਦੂਤਾਵਾਸ ‘ਤੇ ਹਮਲਾ ਕਰ ਕੇ ਉਨ੍ਹਾਂ ਦਾ ਦਰਜਨ ਦੇ ਕਰੀਬ ਅਮਲਾ ਮਾਰ ਮੁਕਾਇਆ। ਇਸ ਘਟਨਾ ਨਾਲ ਇਰਾਨ, ਗੁੱਸੇ ਵਿਚ ਉਬਲਣ ਲੱਗਿਆ। ਅਜੇ ਇਹ ਗੱਲ ਚੱਲ ਹੀ ਰਹੀ ਸੀ ਕਿ ਉਦੋਂ ਨੂੰ ਇੱਕ ਪੰਗਾ ਹੋਰ ਪੈ ਗਿਆ। ਅਗਸਤ 1998 ਦੇ ਪਹਿਲੇ ਹਫਤੇ ਤਾਲਿਬਾਨ ਦੇ ਖਾਸ ਮਹਿਮਾਨ ਉਸਾਮਾ ਬਿਨ-ਲਾਦਿਨ ਨੇ ਕੀਨੀਆ ਅਤੇ ਤਨਜ਼ਾਨੀਆ ਵਿਚਲੇ ਮੁਲਕਾਂ ਦੀਆਂ ਅਮਰੀਕਨ ਅੰਬੈਸੀਆਂ ‘ਤੇ ਹਮਲਾ ਕਰਵਾ ਦਿੱਤਾ। ਇਨ੍ਹਾਂ ਬੰਬ ਧਮਾਕਿਆਂ ‘ਚ ਤਕਰੀਬਨ ਸਵਾ ਦੋ ਸੌ ਲੋਕ ਮਾਰੇ ਗਏ ਅਤੇ ਚਾਰ ਹਜ਼ਾਰ ਦੇ ਨੇੜੇ ਜ਼ਖ਼ਮੀ ਹੋ ਗਏ। ਅਮਰੀਕਾ ਨੇ ਉਸਾਮਾ ਬਿਨ-ਲਾਦਿਨ ਅਤੇ ਉਸ ਦੇ ਸਾਥੀਆਂ ਨੂੰ ਸਜ਼ਾ ਦੇਣ ਲਈ ਸਤਾਈ ਅਗਸਤ ਦੇ ਦਿਨ ਉਸ ਦੇ ਅਫਗਾਨਿਸਤਾਨ ਵਿਚਲੇ ਕੈਂਪਾਂ ‘ਤੇ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਵੀਹ ਦੇ ਲਗਭਗ ਅਤਿਵਾਦੀ ਮਾਰੇ ਗਏ ਪਰ ਲਾਦਿਨ ਬਚ ਰਿਹਾ। ਦੁਨੀਆਂ ਸੋਚ ਰਹੀ ਸੀ ਕਿ ਸ਼ਾਇਦ ਹੁਣ ਤਾਲਿਬਾਨ ਕੁਝ ਸੰਭਲਣਗੇ, ਪਰ ਉਨ੍ਹਾਂ ਦੀ ਅਗਲੀ ਕਾਰਵਾਈ ਨੇ ਦੁਨੀਆਂ ਨੂੰ ਇਕ ਵਾਰ ਫਿਰ ਤੋਂ ਚੌਂਕਾ ਦਿੱਤਾ।
ਦਰਅਸਲ ਬਾਮਿਆਨ ‘ਤੇ ਕਬਜ਼ਾ ਹੋਣ ਦੇ ਦਿਨ ਤੋਂ ਹੀ ਉਨ੍ਹਾਂ ਨੇ ਉਥੇ ਪਹਾੜਾਂ ‘ਚ ਖੜ੍ਹੀਆਂ ਮਹਾਤਮਾ ਬੁੱਧ ਦੀਆਂ ਦੋ ਵੱਡੀਆਂ ਮੂਰਤੀਆਂ ਨੂੰ ਢਾਹ ਦੇਣ ਦੀ ਚਿਤਾਵਨੀ ਦਿੱਤੀ ਹੋਈ ਸੀ। ਸੰਸਾਰ ਭਰ ਦੇ ਸੂਝਵਾਨ ਲੋਕ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਸਨ ਪਰ ਉਹ ਕਿਸੇ ਦੀ ਗੱਲ ਨਹੀਂ ਸੁਣ ਰਹੇ ਸਨ। ਇਹ ਮੂਰਤੀਆਂ ਤਕਰੀਬਨ ਦੋ ਹਜ਼ਾਰ ਸਾਲ ਪੁਰਾਣੀਆਂ ਸਨ ਜੋ ਪਹਾੜ ਖੋਦ ਕੇ ਬਣਾਈਆਂ ਹੋਈਆਂ ਸਨ। ਇੱਕ ਮੂਰਤੀ 165 ਫੁੱਟ ਤੇ ਦੂਜੀ 114 ਫੁੱਟ ਉਚੀ ਸੀ। ਦੂਰੋਂ ਹੀ ਨਜ਼ਰੀ ਪੈਂਦੀਆਂ ਇਹ ਮੂਰਤੀਆਂ ਅਫਗਾਨਿਸਤਾਨ ਦਾ ਮਾਣ ਸਨ। ਆਖਰ ਤਾਲਿਬਾਨ ਨੇ ਕਿਸੇ ਦੀ ਗੱਲ ਨਾ ਗੌਲੀ ਤੇ ਇਨ੍ਹਾਂ ਨੂੰ ਬੰਬਾਂ ਨਾਲ ਉਡਾ ਦਿੱਤਾ। ਇਸ ਨਾਲ ਮੁਲਕ ਦੇ ਮਾਣ-ਸਨਮਾਨ ਨੂੰ ਠੇਸ ਤਾਂ ਲੱਗੀ ਹੀ ਲੱਗੀ, ਪਰ ਨਾਲ ਹੀ ਤਾਲਿਬਾਨ ਨੇ ਆਪਣੀ ਅਕਲ ਦਾ ਜਨਾਜ਼ਾ ਵੀ ਕੱਢ ਲਿਆ। ਉਧਰ ਅਮਰੀਕਾ ਦੇ ਹਮਲੇ ਤੋਂ ਬਾਅਦ ਇਰਾਨ ਨੂੰ ਚੰਗਾ ਬਹਾਨਾ ਮਿਲ ਗਿਆ ਤੇ ਉਸ ਨੇ ਵੀ ਅਮਰੀਕਾ ਦੀ ਤਰਜ਼ ‘ਤੇ ਹੀ ਅਫਗਾਨਿਸਤਾਨ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਲਈ। ਇਰਾਨ ਦਾ ਕਹਿਣਾ ਸੀ ਕਿ ਜੇ ਅਮਰੀਕਾ ਆਪਣੀ ਸੁਰੱਖਿਆ ਲਈ ਕਿਸੇ ਦੂਸਰੇ ਮੁਲਕ ‘ਤੇ ਮਿਜ਼ਾਇਲੀ ਹਮਲਾ ਕਰ ਸਕਦਾ ਹੈ ਤਾਂ ਉਸ ਨੂੰ ਵੀ ਹੱਕ ਹੈ ਕਿ ਆਪਣੀ ਰੱਖਿਆ ਆਪ ਕਰੇ। ਅਗਲੇ ਹੀ ਦਿਨੀਂ, ਆਪਣੀ ਗੱਲ ਨੂੰ ਅਮਲੀ ਜਾਮਾ ਪਹਿਨਾਉਂਦਿਆਂ, ਇਰਾਨ ਨੇ ਲੱਖਾਂ ਦੀ ਗਿਣਤੀ ‘ਚ ਫੌਜ ਅਤੇ ਟੈਕਾਂ ਦਾ ਕਾਫਲਾ ਅਫਗਾਨਿਸਤਾਨ ਦੀ ਸਰਹੱਦ ਵੱਲ ਰਵਾਨਾ ਕਰ ਦਿੱਤਾ। ਇਰਾਨ ਦੀ ਇਸ ਕਾਰਵਾਈ ਨਾਲ ਤਾਲਿਬਾਨ ਦੇ ਹੋਸ਼ ਉੱਡ ਗਏ ਤੇ ਉਨ੍ਹਾਂ ਨੇ ਨਰਮ ਪੈਂਦਿਆਂ ਯੂæਐਨæਓæ ਨੂੰ ਦਖਲ ਦੇਣ ਦੀ ਬੇਨਤੀ ਕੀਤੀ। ਯੂæਐਨæਓæ ਵੀ ਡਰਦੀ ਸੀ ਕਿ ਅਫਗਾਨਿਸਤਾਨ ਦੀ ਘਰੇਲੂ ਖਾਨਾਜੰਗੀ ਹੁਣ ਕਿਧਰੇ ਦੋ ਮੁਲਕਾਂ ਦੀ ਜੰਗ ਨਾ ਬਣ ਜਾਵੇ। ਉਸ ਨੇ ਵੀ ਆਪਣੇ ਨੁਮਾਇੰਦੇ ਉਧਰ ਰਵਾਨਾ ਕਰ ਦਿੱਤੇ। ਤਾਲਿਬਾਨ ਮੁਖੀ ਮੁੱਲਾ ਉਮਰ ਪਹਿਲੀ ਵਾਰ ਕਿਸੇ ਬਾਹਰ ਦੇ ਲੀਡਰ ਨੂੰ ਮਿਲਿਆ। ਉਸ ਨੇ ਯੂæਐਨæਓæ ਦੇ ਨੁਮਾਇੰਦੇ ਨਾਲ ਚੰਗੇ ਅੰਦਾਜ਼ ‘ਚ ਗੱਲਬਾਤ ਕੀਤੀ ਅਤੇ ਉਹ ਮਨੁੱਖੀ ਹੱਕਾਂ ਬਾਰੇ ਬਹੁਤ ਸਾਰੀਆਂ ਸੋਧਾਂ ਕਰਨੀਆਂ ਵੀ ਮੰਨ ਗਿਆ। ਇਸ ਤੋਂ ਇਲਾਵਾ ਉਸ ਨੇ ਹੋਰ ਬਹੁਤ ਸਾਰੀਆਂ ਗੱਲਾਂ ਮੰਨਣ ਦੀ ਹਾਮੀ ਭਰ ਦਿੱਤੀ। ਯੂæਐਨæਓæ ਅਤੇ ਹੋਰ ਸੰਸਾਰਕ ਲੀਡਰਾਂ ਦੇ ਦਖਲ ਨਾਲ ਇਰਾਨ-ਅਫਗਾਨਿਸਤਾਨ ਲੜਾਈ ਦਾ ਮਸਲਾ ਟਲ ਗਿਆ, ਪਰ ਤਾਲਿਬਾਨ ਦੀ ਮੌਜੂਦਾ ਮੁਸ਼ਕਿਲ ਨੂੰ ਤਾੜਦਿਆਂ, ਦੂਰ ਉੱਤਰ ਵੱਲ ਬੈਠਾ ਅਹਿਮਦ ਸ਼ਾਹ ਮਸੂਦ ਹਰਕਤ ਵਿਚ ਆ ਗਿਆ। ਉਸ ਨੇ ਪਹਿਲਾਂ ਹੀ ਉਜ਼ਬੇਕ, ਤਾਜਿਕ ਅਤੇ ਹਜ਼ਾਰਾ ਮੂਲ ਦੇ ਅਫਗਾਨ ਫੌਜੀਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਤਾਲਿਬਾਨ ਹੱਥੋਂ ਸਤਿਆ ਹੋਇਆ ਇਰਾਨ ਵੀ ਕਿੜ ਕੱਢਣੀ ਚਾਹੁੰਦਾ ਸੀ ਤੇ ਉਹ ਮਸੂਦ ਦੀ ਦਿਲ ਖੋਲ੍ਹ ਕੇ ਮਦਦ ਕਰ ਰਿਹਾ ਸੀ। ਇਰਾਨ ਵੱਲੋਂ ਦਿਨ ਰਾਤ ਚੱਲ ਰਹੀਆਂ ਫਲਾਈਟਾਂ, ਮਸੂਦ ਲਈ ਫੌਜੀ ਸਮਾਨ ਦੀ ਢੋਆ ਢੁਆਈ ‘ਚ ਮਸਰੂਫ ਸਨ। ਮੌਕੇ ਦਾ ਫਾਇਦਾ ਉਠਾਉਂਦਿਆਂ ਮਸੂਦ ਨੇ ਭਰਵਾਂ ਹੱਲਾ ਕਰ ਦਿੱਤਾ ਤੇ ਕੁਝ ਹੀ ਦਿਨਾਂ ਵਿਚ ਉਜ਼ਬੇਕਿਸਤਾਨ ਅਤੇ ਤਾਜਿਕਸਤਾਨ ਨਾਲ ਲੱਗਦੇ ਇਲਾਕੇ ਜਿੱਤ ਲਏ। ਇਸ ਵਿਚ ਇਰਾਨ ਤੋਂ ਇਲਾਵਾ ਰੂਸ ਨੇ ਵੀ ਉਸ ਦੀ ਭਰਵੀਂ ਹਿਮਾਇਤ ਕੀਤੀ। ਹਰ ਕੋਈ ਚਾਹੁੰਦਾ ਸੀ ਕਿ ਤਾਲਿਬਾਨ ਨੂੰ ਉੱਤਰ ਵੱਲ ਵਧਣ ਤੋਂ ਰੋਕਿਆ ਜਾਵੇ। ਮਸੂਦ ਨੇ ਇਸ ਇਲਾਕੇ ‘ਤੇ ਫਿਰ ਤੋਂ ਕਬਜ਼ਾ ਕਰ ਕੇ ਤਾਲਿਬਾਨ ਦੇ ਇਧਰ ਹੋ ਰਿਹਾ ਵਾਧਾ ਰੋਕ ਦਿੱਤਾ। ਮਸੂਦ ਦੇ ਇਸ ਕਦਮ ਦਾ ਉਸ ਨੂੰ ਖੁਦ ਨੂੰ ਇੱਕ ਹੋਰ ਫਾਇਦਾ ਹੋਇਆ। ਉਹ ਇਹ, ਇਸ ਇਲਾਕੇ ਦੇ ਤਾਲਿਬਾਨ ਹੱਥੋਂ ਹਾਰੇ ਕਮਾਂਡਰਾਂ ਨੇ ਮਸੂਦ ਨੂੰ ਨਾਰਦਰਨ ਅਲਾਇੰਸ ਦਾ ਕਮਾਂਡਰ-ਇਨ-ਚੀਫ ਬਣਾ ਦਿੱਤਾ। ਇਸ ਇਕੱਠ ਨਾਲ ਦੁਨੀਆਂ ਨੂੰ ਥੋੜ੍ਹੀ ਰਾਹਤ ਹੋਈ ਕਿ ਸ਼ਾਇਦ ਹੁਣ ਤਾਲਿਬਾਨ ਨੂੰ ਠੱਲ੍ਹ ਪਾਈ ਜਾ ਸਕੇ। ਅਹਿਮਦ ਸ਼ਾਹ ਮਸੂਦ ਦੀ ਕਮਾਂਡ ਹੇਠ ਨਾਰਦਰਨ ਅਲਾਇੰਸ ਨੇ ਅੱਗੇ ਵਧਣਾ ਜਾਰੀ ਰੱਖਿਆ। ਇਸ ਮੌਕੇ ਤਾਲਿਬਾਨ ਨੂੰ ਇੱਕ ਝਟਕਾ ਹੋਰ ਲੱਗਿਆ। ਉਸਾਮਾ ਬਿਨ-ਲਾਦਿਨ ਹਮਲੇ ਵਿਚ ਬਚ ਰਿਹਾ ਤਾਂ ਅਮਰੀਕਾ ਨੇ ਸਾਊਦੀ ਅਰਬ ਦੀ ਮਾਰਫਤ ਤਾਲਿਬਾਨ ਨੂੰ ਕਿਹਾ ਕਿ ਉਹ ਉਸ ਨੂੰ ਫੜ ਕੇ ਅਮਰੀਕਾ ਦੇ ਹਵਾਲੇ ਕਰ ਦੇਣ, ਕਿਉਂਕਿ ਉਹ ਅਫਰੀਕੀ ਮੁਲਕਾਂ ਦੀਆਂ ਅੰਬੈਸੀਆਂ ਵਿਚ ਬੰਬ ਧਮਾਕਿਆਂ ਦਾ ਦੋਸ਼ੀ ਹੈ, ਪਰ ਤਾਲਿਬਾਨ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਉਨ੍ਹਾਂ ਦਾ ਮਹਿਮਾਨ ਹੈ, ਤੇ ਅਫਗਾਨ ਰਸਮੋ-ਰਿਵਾਜ ਇਸ ਦੀ ਇਜ਼ਾਜਤ ਨਹੀਂ ਦਿੰਦੇ ਕਿ ਮਹਿਮਾਨ ਨੂੰ ਦੁਸ਼ਮਣ ਦੇ ਹਵਾਲੇ ਕੀਤਾ ਜਾਵੇ। ਇਸ ਨਾਲ ਸਾਊਦੀ ਅਰਬ ਵੀ ਮਾਯੂਸ ਹੋ ਗਿਆ ਕਿਉਂਕਿ ਉਸ ਨੇ ਉਸਾਮਾ ਬਿਨ-ਲਾਦਿਨ ਦੀਆਂ ਮੁਲਕ ਵਿਰੋਧੀ ਕਾਰਵਾਈਆਂ ਕਰ ਕੇ ਉਸ ਨੂੰ ਦੇਸ਼ ਨਿਕਾਲਾ ਦਿੱਤਾ ਹੋਇਆ ਸੀ। ਹੁਣ ਲਾਦਿਨ ਖੁੱਲਮ-ਖੁੱਲ੍ਹਾ ਅਮਰੀਕਾ ਖਿਲਾਫ ਬੋਲਣ ਲੱਗਿਆ ਤਾਂ ਸਾਊਦੀ ਅਰਬ ਨੇ ਤਾਲਿਬਾਨ ਨਾਲੋਂ ਸਬੰਧ ਤੋੜ ਲਏ। ਇਸ ਪਿੱਛੋਂ ਦੁਨੀਆਂ ਦਾ ਇੱਕੋ ਇਕ ਮੁਲਕ, ਪਾਕਿਸਤਾਨ ਉਨ੍ਹਾਂ ਦੀ ਮੱਦਦ ‘ਤੇ ਰਹਿ ਗਿਆ। ਇਸ ਨਾਲ ਤਾਲਿਬਾਨ, ਇੱਕ ਤਰ੍ਹਾਂ ਨਾਲ ਕਈ ਮੁਸ਼ਕਿਲਾਂ ਵਿਚ ਫਸ ਗਏ। 1999 ਦੇ ਸ਼ੁਰੂਆਤੀ ਦੌਰ ਵਿਚ ਹੀ ਉਨ੍ਹਾਂ ‘ਤੇ ਇੱਕ ਹੋਰ ਆਫਤ ਆਣ ਪਈ। ਮੁਲਕ ‘ਚ ਭੈੜਾ ਸੋਕਾ ਪੈ ਗਿਆ ਅਤੇ ਸਾਰੀ ਫਸਲ ਖੜ੍ਹੀ ਹੀ ਮੱਚ ਗਈ। ਪਹਿਲਾਂ ਤੋਂ ਹੀ ਖਾਣ-ਪੀਣ ਦੀਆਂ ਵਸਤਾਂ ਦੀ ਕਮੀ ਝੱਲ ਰਹੀ ਜਨਤਾ, ਭੁੱਖ ਨਾਲ ਵਿਆਕਲ ਹੋਣ ਲੱਗੀ। ਤਾਲਿਬਾਨ ਨੇ ਪਹਿਲੀ ਵਾਰੀ ਦੁਨੀਆਂ ਮੂਹਰੇ ਮਦਦ ਲਈ ਲਿਲਕੜੀਆਂ ਕੱਢੀਆਂ, ਪਰ ਬਹੁਤ ਥੋੜ੍ਹੀ ਮੱਦਦ ਮਿਲੀ ਕਿਉਂਕਿ ਹਰ ਇਕ ਨੇ ਇਹੀ ਕਿਹਾ ਕਿ ਪਹਿਲਾਂ ਲੋਕਾਂ ‘ਤੇ ਘੋਰ ਅਤਿਆਚਾਰ ਕਰਨੇ ਬੰਦ ਕਰੋ।
ਹਰ ਪਾਸੇ ਖਰਾਬ ਹਾਲਾਤ ਦੇ ਬਾਵਜੂਦ ਤਾਲਿਬਾਨ ਨੇ ਨਾਰਥ ਅਲਾਇੰਸ ਖਿਲਾਫ ਲੜਨਾ ਜਾਰੀ ਰੱਖਿਆ ਹੋਇਆ ਸੀ। ਹੁਣ ਉਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ, ਅਹਿਮਦ ਸ਼ਾਹ ਮਸੂਦ ਨੂੰ ਹਰਾ ਕੇ ਸਾਰੇ ਮੁਲਕ ‘ਤੇ ਮੁਕੰਮਲ ਕਬਜ਼ਾ ਕਰਨਾ ਸੀ। ਉਨ੍ਹਾਂ ਪੂਰੀ ਤਿਆਰੀ ਕੀਤੀ, ਤੇ ਜੁਲਾਈ 1999 ਵਿਚ ਵੱਡਾ ਹੱਲਾ ਬੋਲਿਆ। ਹਮਲਾ ਬਹੁਤ ਜ਼ੋਰਦਾਰ ਸੀ ਤੇ ਮਸੂਦ ਨੂੰ ਪਿੱਛੇ ਧੱਕਦੇ ਉਹ ਤਾਲਕੋਨ ਤੱਕ ਜਾ ਪਹੁੰਚੇ। ਇੱਥੇ ਅਫਗਾਨਿਸਤਾਨ ਦੀ ਤਾਜਿਕਸਤਾਨ ਨਾਲ ਹੱਦ ਲੱਗਣ ਕਰ ਕੇ ਉਧਰੋਂ ਮਸੂਦ ਨੂੰ ਭਾਰੀ ਮਦਦ ਇਸੇ ਰਸਤੇ ਆ ਰਹੀ ਸੀ। ਤਾਲਿਬਾਨ ਉਸ ਦਾ ਇਹ ਰਾਹ ਬੰਦ ਕਰਨਾ ਚਾਹੁੰਦੇ ਸਨ, ਪਰ ਸਫਲ ਨਾ ਹੋ ਸਕੇ। ਉਹ ਮਸੂਦ ਦੀ ਕਮਜ਼ੋਰੀ ਜਾਣਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਮਸੂਦ ਲੋਕ ਪੱਖੀ ਜਰਨੈਲ ਹੈ ਤੇ ਲੋਕਾਂ ‘ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕਰ ਸਕਦਾ। ਉਸ ਦੀ ਇਸੇ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਉਨ੍ਹਾਂ ਨੇ ਜਨਤਾ ‘ਤੇ ਬੰਬਾਰੀ ਸ਼ੁਰੂ ਕਰ ਦਿੱਤੀ। ਅੰਨ੍ਹੀ ਕਤਲੋਗਾਰਤ ਕਰਦਿਆਂ ਉਨ੍ਹਾਂ ਸਾਰਾ ਸ਼ਹਿਰ ਹੀ ਮੜ੍ਹੀਆਂ ਬਣਾ ਦਿੱਤਾ। ਇਹ ਕੰਮ ਉਨ੍ਹਾਂ ਤਿੰਨ ਹਫਤੇ ਜਾਰੀ ਰੱਖਿਆ। ਆਖਰ ਲੋਕਾਂ ਦੀ ਜਾਨ-ਮਾਲ ਦਾ ਖਿਆਲ ਕਰਦਿਆਂ, ਮਸੂਦ ਨੇ ਆਪਣੀਆਂ ਫੌਜਾਂ ਪਿੱਛੇ ਹਟਾ ਲਈਆਂ, ਤੇ ਸ਼ਹਿਰ ਉਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ। ਉਨ੍ਹਾਂ ਸ਼ਹਿਰ ਅੰਦਰ ਦਾਖਲ ਹੁੰਦਿਆਂ ਹੀ ਆਪਣਾ ਪੁਰਾਣਾ ਹਥਿਆਰ ਕੱਢ ਲਿਆ- ਇਹ ਸੀ ਲੋਕਾਂ ਦਾ ਘਾਣ। ਉਨ੍ਹਾਂ ਅੰਨ੍ਹੇਵਾਹ ਕਤਲੇਆਮ ਸ਼ੁਰੂ ਕਰ ਦਿੱਤਾ, ਤਾਂ ਹਜ਼ਾਰਾਂ ਲੋਕ ਘਰ-ਘਾਟ ਛੱਡ ਕੇ ਤਾਜਿਕਸਤਾਨ ਭੱਜ ਗਏ। ਅਹਿਮਦ ਸ਼ਾਹ ਮਸੂਦ ਪਿੱਛੇ ਹਟਦਾ ਆਪਣੇ ਮੁੱਢ ਦੇ ਇਲਾਕੇ ਵਿਚ ਜਾ ਵੜਿਆ। ਤਾਲਿਬਾਨ ਫਿਰ ਤੋਂ ਥੋੜ੍ਹੇ ਜਿਹੇ ਇਲਾਕੇ ਨੂੰ ਛੱਡ ਕੇ ਸਾਰੇ ਅਫਗਾਨਿਸਤਾਨ ਦੇ ਮਾਲਕ ਬਣ ਗਏ ਸਨ। ਉਨ੍ਹਾਂ ਦੁਨੀਆਂ ਨੂੰ ਬਥੇਰਾ ਕਿਹਾ ਕਿ ਹੁਣ ਉਹ ਮੁਲਕ ਦੇ ਮਾਲਕ ਹਨ, ਉਨ੍ਹਾਂ ਨੂੰ ਮਾਨਤਾ ਦਿੱਤੀ ਜਾਵੇ, ਪਰ ਉਨ੍ਹਾਂ ਦੁਆਰਾ ਜਨਤਾ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਕਰ ਕੇ ਕਿਸੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ।
ਤਕਰੀਬਨ ਵੀਹ ਸਾਲ ਹੋ ਗਏ ਸਨ ਅਫਗਾਨਾਂ ਨੂੰ ਲੜਦਿਆਂ। ਪਹਿਲਾਂ ਦਸ ਸਾਲ ਉਹ ਰੂਸ ਖਿਲਾਫ ਲੜੇ ਤੇ ਉਸ ਪਿੱਛੋਂ ਆਪਸ ਵਿਚ ਭਿੜਨ ਲੱਗੇ। ਦਸ ਸਾਲ ਤੱਕ ਉਨ੍ਹਾਂ ਦੀ ਆਪਸੀ ਲੜਾਈ ਨਾ ਮੁੱਕੀ। ਕਦੇ ਇੱਕ ਕਮਾਂਡਰ ਦੂਜੇ ਨੂੰ ਹਰਾ ਕੇ ਉਸ ਦੇ ਇਲਾਕੇ ‘ਤੇ ਕਬਜ਼ਾ ਕਰ ਲੈਂਦਾ ਸੀ ਤੇ ਕਦੇ ਦੂਜਾ ਕਮਾਂਡਰ ਆਪਣਾ ਖੋਇਆ ਇਲਾਕਾ ਫਿਰ ਜਿੱਤ ਲੈਂਦਾ ਸੀ। ਲਗਾਤਾਰ ਇਹੀ ਕਰਮ ਚੱਲਦਾ ਰਿਹਾ, ਪਰ ਕਦੇ ਇਹ ਫੈਸਲਾ ਨਾ ਹੋ ਸਕਿਆ ਕਿ ਮੁਲਕ ਦਾ ਅਸਲੀ ਹਾਕਮ ਕੌਣ ਹੈ। ਕਮਾਂਡਰਾਂ ਦੀ ਆਪਸੀ ਲੜਾਈ ਕਾਰਨ ਛਿੜੀ ਘਰੇਲੂ ਜੰਗ ਵਿਚ ਅਫਗਾਨਿਸਤਾਨ ਦਾ ਸਭ ਕੁਝ ਤਬਾਹ ਹੋ ਗਿਆ। ਪਤਾ ਨਹੀਂ ਕਿੰਨੇ ਫਿਰਕੇ ਇੱਕ ਦੂਜੇ ਨਾਲ ਲੜ ਰਹੇ ਸਨ। ਜਦੋਂ ਇੱਕ ਫਿਰਕੇ ਵਾਲੇ ਦੂਜੇ ਕੋਲੋਂ ਜਿੱਤ ਜਾਂਦੇ ਤਾਂ ਉਹ ਆਪਸ ਵਿਚ ਹੀ ਲੜਨਾ ਸ਼ੁਰੂ ਕਰ ਦਿੰਦੇ। Aੱਕ-ਥੱਕ ਕੇ ਦੁਨੀਆਂ ਨੇ ਵੀ ਪਾਸਾ ਵੱਟ ਲਿਆ। ਅਫਗਾਨਿਸਤਾਨ ਮੁਲਕ ਦੇ ਤੌਰ ‘ਤੇ ਆਪਣੀ ਹੋਂਦ ਗੁਆ ਬੈਠਾ ਸੀ। ਉਥੇ ਸਿਵਲ ਸੁਸਾਇਟੀ ਜਾਂ ਬੁੱਧੀਜੀਵੀ ਵਰਗ ਦੀ ਕੋਈ ਹੋਂਦ ਨਹੀਂ ਸੀ ਰਹਿ ਗਈ। ਪਹਿਲਾਂ ਦੇ ਪੜ੍ਹੇ-ਲਿਖੇ ਲੋਕ, ਚਿਰੋਕਣੇ ਮੁਲਕ ਛੱਡ ਕੇ ਪੱਛਮੀ ਮੁਲਕਾਂ ਵਿਚ ਜਾ ਵਸੇ ਸਨ। ਨਵੀਂ ਪੀੜੀ ਬਿਨਾਂ ਸਮਾਜਕ ਜੜ੍ਹਾਂ ਦੇ ਪੈਦਾ ਹੋ ਰਹੀ ਸੀ। ਨੌਜਵਾਨਾਂ ਦੇ ਅਨਪੜ੍ਹ ਟੋਲੇ ਵਿਹਲੇ ਘੁੰਮਦੇ ਸਨ। ਉਨ੍ਹਾਂ ਨੂੰ ਲੜਨ ਤੋਂ ਬਿਨਾਂ ਹੋਰ ਕੁਝ ਸਿਖਾਇਆ ਹੀ ਨਹੀਂ ਸੀ ਗਿਆ। ਲੋਕ ਸਿਰਫ ਲੜਾਈ ਅਤੇ ਵਾਰ ਲੌਰਡਾਂ ਦੀ ਧੱਕੇਸ਼ਾਹੀ ਬਾਰੇ ਹੀ ਜਾਣਦੇ ਸਨ। ਕਿਸੇ ਕੋਲ ਕੋਈ ਉਮੀਦ, ਕੋਈ ਸੁਪਨਾ ਨਹੀਂ ਸੀ। ਕਿਸੇ ਨੂੰ ਭਵਿੱਖ ‘ਚ ਕੁਝ ਨਹੀਂ ਸੀ ਦਿਸ ਰਿਹਾ। ਦੁਨੀਆਂ ਦੀ ਨਜ਼ਰ ਵਿਚ ਅਫਗਾਨਿਸਤਾਨ ਉਸ ਜ਼ਖ਼ਮ ਵਾਂਗ ਸੀ ਜਿਸ ਵਿਚ ਰਾਧ ਪੈ ਚੁੱਕੀ ਹੋਵੇ ਤੇ ਉਸ ਦੇ ਠੀਕ ਹੋਣ ਦਾ ਕੋਈ ਹੱਲ ਨਾ ਦਿਸਦਾ ਹੋਵੇ। ਲੱਖਾਂ ਲੋਕ ਘਰ-ਬਾਰ ਛੱਡ ਕੇ ਦੂਜੇ ਮੁਲਕਾਂ ਵਿਚ ਪਨਾਹਗੀਰ ਬਣੇ ਬੈਠੇ ਸਨ। 1998 ਦੇ ਅੰਕੜਿਆਂ ਮੁਤਾਬਕ ਅਫਗਾਨਿਸਤਾਨ ਅੰਦਰ ਰੂਸ ਦੇ ਦਾਖਲੇ ਉਪਰੰਤ ਸ਼ੁਰੂ ਹੋਈ ਲੜਾਈ ਤੋਂ ਬਾਅਦ, ਦੂਜੇ ਮੁਲਕਾਂ ਵਿਚ ਪਨਾਹ ਲੈਣ ਵਾਲੇ ਲੋਕਾਂ ਦੀ ਗਿਣਤੀ ਕਰੋੜਾਂ ਵਿਚ ਸੀ। ਪੰਦਰਾਂ ਲੱਖ ਦੇ ਕਰੀਬ ਲੋਕ ਮਰ ਚੁੱਕੇ ਸਨ, ਲਗਾਤਾਰ ਮਰ ਰਹੇ ਸਨ। ਉਸ ਵੇਲੇ ਅਫਗਾਨਿਸਤਾਨ ਅੰਦਰ ਸਿਰਫ ਇੱਕੋ ਹੀ ਫੈਕਟਰੀ ਸੀ, ਤੇ ਇਹ ਸੀ ਬਨਾਉਟੀ ਅੰਗ ਬਣਾਉਣ ਵਾਲੀ ਫੈਕਟਰੀ। ਲੋਕਾਂ ਦਾ ਇੱਕੋ ਇੱਕ ਧੰਦਾ- ਖੇਤੀਬਾੜੀ, ਖਤਮ ਹੋ ਚੁੱਕਿਆ ਸੀ। ਚੰਗੀਆਂ ਜ਼ਮੀਨਾਂ ਵਾਰ ਲੌਰਡਾਂ ਨੇ ਦੱਬ ਲਈਆਂ ਸਨ। ਲੋਕਾਂ ਦੇ ਘਰਾਂ ਅੰਦਰ ਫੌਜਾਂ ਨੇ ਡੇਰੇ ਲਾ ਲਏ ਸਨ। ਨਹਿਰਾਂ, ਸੂਏ ਅਤੇ ਸੜਕਾਂ ਬਗੈਰਾ ਸਭ ਕੁਝ ਖਾਨਾਜੰਗੀ ਦਰਮਿਆਨ ਢਹਿ ਗਏ ਸਨ।
ਉਥੇ ਜੋ ਵੀ ਖੇਤੀ ਹੁੰਦੀ ਸੀ, ਉਹ ਅਫੀਮ ਦੀ ਸੀ। ਅਫਗਾਨਿਸਤਾਨ ਦੁਨੀਆਂ ਦਾ ਸਭ ਤੋਂ ਵੱਧ ਅਫੀਮ ਉਗਾਉਣ ਵਾਲਾ ਮੁਲਕ ਬਣ ਚੁੱਕਿਆ ਸੀ, ਕਿਉਂਕਿ ਇਸ ਤੋਂ ਬਹੁਤ ਜ਼ਿਆਦਾ ਆਮਦਨ ਹੁੰਦੀ ਸੀ। ਇਸੇ ਕਰ ਕੇ ਵਾਰ ਲੌਰਡ ਹੋਰ ਕੋਈ ਖੇਤੀ ਕਰਨ ਹੀ ਨਹੀਂ ਸਨ ਦਿੰਦੇ। ਤਾਲਿਬਾਨ ਨੇ ਤਾਂ ਫਤਵਾ ਜਾਰੀ ਕਰ ਕੇ ਅਫੀਮ ਦੀ ਖੇਤੀ ਕਰਨ ਦਾ ਹੁਕਮ ਦਿੱਤਾ ਹੋਇਆ ਸੀ। ਅਫੀਮ ਨੂੰ ਹੈਰੋਇਨ ਵਿਚ ਤਬਦੀਲ ਕਰ ਕੇ ਇਹ ਦੁਨੀਆਂ ਭਰ ਵਿਚ ਸਪਲਾਈ ਕੀਤੀ ਜਾਂਦੀ ਸੀ। ਤਾਲਿਬਾਨ ਦੀ ਆਮਦਨ ਦਾ ਸਭ ਤੋਂ ਵੱਡਾ ਵਸੀਲਾ ਅਫੀਮ ਤੋਂ ਹੋਣ ਵਾਲੀ ਆਮਦਨ ਹੀ ਸੀ। ਅਫਗਾਨਿਸਤਾਨ ਜਿਹੜਾ ਕਦੇ ਕਬੀਲਾ ਸਭਿਆਚਾਰ ਕਰ ਕੇ ਮਸ਼ਹੂਰ ਸੀ, ਤੇ ਜਿੱਥੇ ਵੱਡਿਆਂ ਦੀ ਗੱਲ ਬੜੇ ਮਾਣ-ਸਤਿਕਾਰ ਨਾਲ ਸੁਣੀ ਜਾਂਦੀ ਸੀ, ਉਥੇ ਹੁਣ ਕੋਈ ਕਬੀਲਾ ਅਜਿਹਾ ਨਹੀਂ ਰਿਹਾ ਸੀ ਜਿਸ ਕੋਲ ਮਾੜੀ ਮੋਟੀ ਤਾਕਤ ਹੋਵੇ। ਸਿਆਣੇ ਤੇ ਪੁੱਛ-ਪ੍ਰਤੀਤ ਵਾਲੇ ਵਡੇਰੇ ਮਾਰ-ਮੁਕਾ ਦਿੱਤੇ ਗਏ ਸਨ। ਸਰਦੇ-ਪੁੱਜਦੇ ਲੋਕ ਦੂਜੇ ਮੁਲਕਾਂ ਨੂੰ ਚਾਲੇ ਪਾ ਚੁੱਕੇ ਸਨ। ਪਿੱਛੇ ਰਹਿ ਗਏ ਸਨ ਗਰੀਬ ਜਿਹੜੇ ਤਾਲਿਬਾਨ ਦਾ ਖਾਜਾ ਬਣੇ ਹੋਏ ਸਨ। ਵੰਡੀਆਂ ਇੰਨੀਆਂ ਪੈ ਚੁੱਕੀਆਂ ਸਨ ਕਿ ਕੋਈ ਆਪਣੇ ਆਪ ਨੂੰ ਅਫਗਾਨ ਨਹੀਂ ਸੀ ਕਹਾਉਂਦਾ ਸੀ, ਸਗੋਂ ਦੁੱਰਾਨੀ ਪਖਤੂਨ, ਗਿਲਜੀਏ ਪਸ਼ਤੂਨ, ਤਾਜਿਕੀ, ਕੰਧਾਰੀਏ, ਪੰਜਸ਼ੀਰੀ, ਹੈਰਾਤੀ, ਹਜ਼ਾਰੇ ਅਤੇ ਕਾਬਲੀ ਬਗੈਰਾ ਕਹਾਉਂਦੇ ਸਨ।
(ਚਲਦਾ)