ਗਦਰ ਦਾ ਸੁਫਨਾ ਲੈਣ ਵਾਲੇ ਫੌਜੀ ਯੋਧੇ

ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਗਦਰ ਲਹਿਰ ਦਾ ਵੱਡਾ ਯੋਗਦਾਨ ਹੈ। ਇਸ ਗਦਰੀ ਸੰਗਰਾਮ ਵਿਚ ਫੌਜੀਆਂ ਦੀ ਭੂਮਿਕਾ ਬੜੀ ਅਹਿਮ ਰਹੀ ਹੈ। ਜਿਹੜੇ ਫੌਜੀ ਇਸ ਲਹਿਰ ਵਿਚ ਸ਼ਾਮਲ ਹੋਏ, ਉਨ੍ਹਾਂ ਵਿਚੋਂ ਸੈਂਕੜੇ ਕੋਰਟ ਮਾਰਸ਼ਲ ਕਰ ਕੇ ਗੋਲੀ ਨਾਲ ਉਡਾ ਦਿੱਤੇ ਗਏ, 60 ਨੂੰ ਫਾਂਸੀ ਦਿੱਤੀ ਗਈ ਅਤੇ 190 ਤੋਂ ਵੱਧ ਨੂੰ ਉਮਰ ਕੈਦ, ਜਲਾਵਤਨੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਕਈਆਂ ਨੂੰ ਫੌਜ ਵਿਚੋਂ ਕੱਢ ਦਿੱਤਾ ਗਿਆ।

ਕੰਵਲਬੀਰ ਸਿੰਘ ਪੰਨੂੰ ਨੇ ਆਪਣੇ ਇਸ ਲੇਖ ਵਿਚ ਲਾਹੌਰ ਦੀ ਮੀਆਂ ਮੀਰ ਛਾਉਣੀ ਵਿਚ 23ਵੇਂ ਰਸਾਲੇ ਦੇ ਫੌਜੀ ਯੋਧਿਆਂ ਦੀ ਵੀਰ ਗਾਥਾ ਬਿਆਨ ਕੀਤੀ ਹੈ। -ਸੰਪਾਦਕ

ਕੰਵਲਬੀਰ ਸਿੰਘ ਪੰਨੂੰ
ਫੋਨ: +91-98766-98068

1912-13 ਵਿਚ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਜਿਨ੍ਹਾਂ ਵਿਚ ਬਹੁ-ਗਿਣਤੀ ਪੰਜਾਬੀਆਂ ਦੀ ਸੀ, ਨੇ ਭਾਰਤ ਦੀ ਆਜ਼ਾਦੀ ਲਈ ਗਦਰ ਪਾਰਟੀ ਦੀ ਸਥਾਪਨਾ ਕੀਤੀ। ਪਹਿਲਾ ਸੰਸਾਰ ਯੁੱਧ ਜੁਲਾਈ 1914 ਵਿਚ ਸ਼ੁਰੂ ਹੋਇਆ ਤਾਂ ਗਦਰ ਪਾਰਟੀ ਦੇ ਨੇਤਾਵਾਂ ਨੇ ਇਹ ਮੌਕਾ ਭਾਰਤ ਵਿਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਢੁਕਵਾਂ ਜਾਣਿਆ। ਗਦਰ ਪਾਰਟੀ ਦੇ ਮੈਂਬਰ ਵੱਖ ਵੱਖ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਪੁੱਜਣੇ ਸ਼ੁਰੂ ਹੋਏ ਜਿਨ੍ਹਾਂ ਵਿਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ, ਕਰਤਾਰ ਸਿੰਘ ਸਰਾਭਾ, ਬਾਬਾ ਵਸਾਖਾ ਸਿੰਘ ਦਦੇਹਰ, ਬਾਬਾ ਕੇਸਰ ਸਿੰਘ, ਕਰਤਾਰ ਸਿੰਘ ਠੱਠਗੜ੍ਹ, ਬਾਬਾ ਜਿੰਦਰ ਸਿੰਘ ਚੌਧਰੀ ਵਾਲਾ ਆਦਿ ਸੈਂਕੜੇ ਇਨਕਲਾਬੀ ਸ਼ਾਮਲ ਸਨ। 20 ਸਤੰਬਰ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ ਹੇਠ ਕਲਕੱਤੇ ਪੁੱਜਾ ਤਾਂ ਅੰਗਰੇਜ਼ ਹਕੂਮਤ ਨੇ ਗੋਲੀ ਚਲਾ ਕੇ 18 ਮੁਸਾਫਿਰ ਮਾਰ ਦਿੱਤੇ। ਬਾਹਰੋਂ ਆਏ ਬਹੁਤ ਸਾਰੇ ਇਨਕਲਾਬੀਆਂ ਨੂੰ ਜੇਲ੍ਹਾਂ ਜਾਂ ਪਿੰਡਾਂ ਵਿਚ ਨਜ਼ਰਬੰਦ ਕਰ ਦਿੱਤਾ। ਬਾਕੀ ਬਚੇ ਗਦਰੀ ਯੋਧਿਆਂ ਨੇ ਲਹਿਰ ਨੂੰ ਜਥੇਬੰਦ ਕਰ ਕੇ ਵੱਖ ਵੱਖ ਥਾਂਵਾਂ ‘ਤੇ ਗਦਰ ਅੱਡੇ ਸਥਾਪਿਤ ਕੀਤੇ। ਪੰਜਾਬ ਦੇ ਮਾਝਾ ਖੇਤਰ ਵਿਚ ਦਦੇਹਰ ਸਾਹਿਬ, ਝਾੜ ਸਾਹਿਬ, ਸਰਹਾਲੀ, ਸੁਰਸਿੰਘ ਮੁੱਖ ਗਦਰੀ ਅੱਡੇ ਸਨ।
ਇਸ ਸਮੇਂ ਦੌਰਾਨ ਲਾਹੌਰ ਦੀ ਮੀਆਂਮੀਰ ਛਾਉਣੀ ਦੀ ਰੈਜੀਮੈਂਟ ਦੇ 23ਵੇਂ ਰਸਾਲੇ ਦੇ ਫੌਜੀਆਂ ਦਾ ਸੰਪਰਕ ਗਦਰ ਪਾਰਟੀ ਨਾਲ ਬਣ ਗਿਆ। ਇਸ ਰਸਾਲੇ ਵਿਚ ਬਹੁ-ਗਿਣਤੀ ਮਾਝੇ ਦੇ ਸਵਾਰਾਂ ਦੀ ਸੀ। ਨਵੰਬਰ 1914 ਦੇ ਸ਼ੁਰੂ ਵਿਚ ਇਸ ਰਸਾਲੇ ਦਾ ਸਵਾਰ ਸੁੱਚਾ ਸਿੰਘ ਚੋਹਲਾ ਸਾਹਿਬ ਕੁਝ ਦਿਨ ਦੀ ਛੁੱਟੀ ਕੱਟ ਕੇ ਵਾਪਸ ਆਇਆ ਤਾਂ ਉਸ ਨੇ ਸਾਥੀਆਂ ਨੂੰ ਬਾਹਰੋਂ ਆਏ ਗਦਰੀ ਇਨਕਲਾਬੀਆਂ ਬਾਰੇ ਦੱਸਿਆ ਕਿ ਉਹ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੀਆਂ ਸਕੀਮਾਂ ਬਣਾ ਰਹੇ ਹਨ ਅਤੇ ਇੱਕ ਯੋਜਨਾ ਲਾਹੌਰ ‘ਤੇ ਕਬਜ਼ਾ ਕਰਨ ਦੀ ਹੈ। ਇਸ ਕੰਮ ਲਈ ਉਹ ਸਿੱਖ ਰੈਜੀਮੈਂਟ ਦੀ ਮਦਦ ਚਾਹੁੰਦੇ ਹਨ। ਲਾਂਸ ਦਫੇਦਾਰ ਲ਼ਛਮਣ ਸਿੰਘ ਚੂਸਲੇਵੜ, ਮਹਿਰਾਜ ਸਿੰਘ ਕਸੇਲ ਅਤੇ ਸੁਰੈਣ ਸਿੰਘ, ਗਦਰੀਆਂ ਦੀ ਸਹਾਇਤਾ ਲਈ ਸਹਿਮਤ ਹੋ ਗਏ। ਦੋ ਦਿਨਾਂ ਬਾਅਦ ਲਛਮਣ ਸਿੰਘ ਚੂਸਲੇਵੜ ਦੀ ਅਗਵਾਈ ਹੇਠ ਇਨ੍ਹਾਂ ਫੌਜੀਆਂ ਦੀ ਮੀਟਿੰਗ ਹੋਈ ਜਿਸ ਵਿਚ ਗੰਡਾ ਸਿੰਘ ਦਫੇਦਾਰ (ਟਰੂਪ-1) ਵੀ ਸ਼ਾਮਲ ਹੋਏ। ਫੈਸਲਾ ਹੋਇਆ ਕਿ ਗੰਡਾ ਸਿੰਘ ਦਫੇਦਾਰ ਜੋ ਦੋ ਦਿਨ ਦੀ ਛੁੱਟੀ ਜਾ ਰਿਹਾ ਹੈ, ਬਾਹਰੋਂ ਆਏ ਗਦਰੀਆਂ ਨਾਲ ਸੰਪਰਕ ਕਰ ਕੇ ਆਪਸੀ ਮਿਲਵਰਤਣ ਬਾਰੇ ਗੱਲਬਾਤ ਕਰ ਕੇ ਆਵੇਗਾ।
ਗੰਡਾ ਸਿੰਘ ਦਫੇਦਾਰ ਦੀ ਵਾਪਸੀ ਤੋਂ ਕੁੱਝ ਦਿਨਾਂ ਬਾਅਦ ਦੁਪਹਿਰ ਸਮੇਂ ਇੱਕ ਵਜੇ ਸ਼ਮਸ਼ਾਨ ਘਾਟ ਵਿਚ ਇਨ੍ਹਾਂ ਫੌਜੀਆਂ ਨੇ ਦੁਬਾਰਾ ਮੀਟਿੰਗ ਕੀਤੀ ਜਿਸ ਵਿਚ ਕੇਸਰ ਸਿੰਘ ਅਤੇ ਇੰਦਰ ਸਿੰਘ ਸ਼ਬਾਜਪੁਰ ਵੀ ਸ਼ਾਮਲ ਹੋਏ। ਗੰਡਾ ਸਿੰਘ ਦਫੇਦਾਰ ਨੇ ਦੱਸਿਆ ਕਿ ਸੰਪਰਕ ਲਈ ਛੇਤੀ ਹੀ ਗਦਰ ਪਾਰਟੀ ਦਾ ਨੁਮਾਇੰਦਾ ਆਵੇਗਾ। ਸੁੱਚਾ ਸਿੰਘ ਚੋਹਲਾ ਸਾਹਿਬ ਛੁੱਟੀ ਗਿਆ ਤੇ ਖਬਰ ਲਿਆਇਆ ਕਿ 17 ਨਵੰਬਰ ਨੂੰ ਗਦਰ ਹੋਵੇਗਾ। ਛੇਤੀ ਹੀ ਗਦਰੀ ਪ੍ਰੇਮ ਸਿੰਘ ਸੁਰਸਿੰਘ ਛਾਉਣੀ ਆਇਆ ਅਤੇ ਇਨ੍ਹਾਂ ਇਨਕਲਾਬੀਆਂ ਨੂੰ ਦਸਿਆ ਕਿ ਛੇਤੀ ਬਾਹਰੋਂ ਆਏ ਬਹੁਤ ਸਾਰੇ ਗਦਰੀ ਝਾੜ ਸਾਹਿਬ ਨੇੜੇ ਸ਼ਬਾਜਪੁਰ ਇਕੱਠੇ ਹੋਣਗੇ ਅਤੇ ਦੋ ਪਾਰਟੀਆਂ ਬਣਾ ਕੇ ਲਾਹੌਰ ਤੇ ਤਰਨਤਾਰਨ ਹਮਲਾ ਕਰਨਗੇ। ਗੰਡਾ ਸਿੰਘ ਨੇ ਢੋਟੀਆਂ ਦੇ ਅਬਦੁੱਲਾ ਨਾਹਲਬੰਦ, ਬੁੱਧ ਸਿੰਘ, ਬਿਸ਼ਨ ਸਿੰਘ, ਨੱਥਾ ਸਿੰਘ, ਕੇਹਰ ਸਿੰਘ, ਪਿੰਡ ਰੂੜੀਵਾਲਾ ਦੇ ਭਾਗ ਸਿੰਘ, ਮੋਤਾ ਸਿੰਘ, ਤਾਰਾ ਸਿੰਘ ਤੇ ਦਫੇਦਾਰ ਵਧਾਵਾ ਸਿੰਘ ਆਦਿ ਨੂੰ ਵੀ ਗਦਰ ਬਾਰੇ ਸਹਿਮਤ ਕਰ ਲਿਆ।
ਪ੍ਰੇਮ ਸਿੰਘ ਦੋ ਸਾਥੀਆਂ ਨਾਲ ਦੁਬਾਰਾ ਲਾਹੌਰ ਛਾਉਣੀ ਆਇਆ ਅਤੇ ਲਾਹੌਰ ਉਤੇ ਹਮਲੇ ਦੀ ਨਵੀਂ ਤਾਰੀਖ 23 ਨਵੰਬਰ ਦੱਸੀ। ਦਫੇਦਾਰ ਲਛਮਣ ਸਿੰਘ ਨੇ ਗਦਰ ਦੀ ਤਿਆਰੀ ਬਾਰੇ ਰਾਈਫਲ ਰੇਂਜ ਵਿਚ ਸਾਥੀਆਂ ਨਾਲ ਮੀਟਿੰਗ ਕਰ ਕੇ ਸਲਾਹ ਕੀਤੀ। 23 ਨਵੰਬਰ ਨੂੰ ਦੁਪਹਿਰ ਵੇਲੇ ਸੁੱਚਾ ਸਿੰਘ ਚੋਹਲਾ ਸਾਹਿਬ ਪਿੰਡੋਂ ਛੁੱਟੀ ਕੱਟ ਕੇ ਛਾਉਣੀ ਆਇਆ ਤਾਂ ਉਸ ਨੇ ਦੱਸਿਆ ਕਿ ਗਦਰੀ ਹਮਲੇ ਦੀ ਮਿਤੀ ਬਦਲ ਕੇ 27 ਨਵੰਬਰ ਹੋ ਗਈ ਹੈ। 27 ਨਵੰਬਰ 1914 ਨੂੰ ਰਾਤ 10 ਵਜੇ ਗੰਡਾ ਸਿੰਘ ਦੇ ਕੁਆਰਟਰ ਵਿਚ ਇਨਕਲਾਬੀ ਫੌਜੀ ਇਕੱਠੇ ਹੋਏ। ਉਹ ਝਾੜ ਸਾਹਿਬ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ, ਅਚਾਨਕ ਮੂਲ ਸਿੰਘ ਗ੍ਰੰਥੀ ਨੇ ਆ ਕੇ ਫੌਜੀ ਸਵਾਰਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ “ਗਦਰ ਦੀ ਕਾਮਯਾਬੀ ਦੀ ਆਸ ਤਾਂ ਕੋਈ ਵੀ ਨਹੀਂ, ਐਵੇਂ ਬਦੋ-ਬਦੀ ਖਤਰਾ ਮੁੱਲ ਕਿਉਂ ਲੈਂਦੇ ਹੋ”, ਫਿਰ ਵੀ ਸੁੱਚਾ ਸਿੰਘ, ਸੁਰੈਣ ਸਿੰਘ, ਮਹਿਰਾਜ ਸਿੰਘ ਅਤੇ ਚੰਨਣ ਸਿੰਘ, ਗ੍ਰੰਥੀ ਦੀ ਗੱਲ ਨੂੰ ਅਣਸੁਣੀ ਕਰ ਕੇ ਛਾਉਣੀ ਛੱਡ ਗਏ। ਉਨ੍ਹਾਂ ਸਰਹਾਲੀ, ਦਦੇਹਰ, ਤਰਨ ਤਾਰਨ ਆਦਿ ਗਦਰੀ ਕੇਂਦਰਾਂ ‘ਤੇ ਗਦਰੀਆਂ ਦੀ ਤਲਾਸ਼ ਕੀਤੀ ਅਤੇ ਅੰਤ ਉਹ ਝਾੜ ਸਾਹਿਬ ਪੁੱਜ ਗਏ ਜਿੱਥੋਂ ਚੰਨਣ ਸਿੰਘ ਅਗਲੀ ਸਵੇਰ ਵਾਪਿਸ ਲਾਹੌਰ ਆ ਕੇ ਰਸਾਲੇ ਵਿਚ ਹਾਜ਼ਿਰ ਹੋ ਗਿਆ।
ਬਾਕੀ ਤਿੰਨਾਂ ਨੂੰ ਪਹਿਲੀ ਦਸੰਬਰ ਨੂੰ ਗਸ਼ਤ ਕਰਦੀ ਪੁਲਿਸ ਨੇ ਫੜ ਕੇ ਫੌਜੀ ਅਫਸਰਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦਾ ਕੋਰਟ ਮਾਰਸ਼ਲ ਕੀਤਾ ਅਤੇ ਪੁੱਛ-ਗਿੱਛ ਕੀਤੀ ਪਰ ਉਨ੍ਹਾਂ ਕੁੱਝ ਨਹੀਂ ਦੱਸਿਆ। ਸੰਸਾਰ ਜੰਗ ਦੌਰਾਨ ਉਨ੍ਹਾਂ ਨੂੰ ਗੈਰ-ਹਾਜ਼ਿਰ ਰਹਿਣ ਕਾਰਨ 2-2 ਸਾਲ ਦੀ ਸਜ਼ਾ ਦਿੱਤੀ ਗਈ।
ਦਸੰਬਰ 1914 ਤੋਂ ਲੈ ਕੇ ਅਪਰੈਲ 1915 ਤੱਕ 23ਵੇਂ ਰਸਾਲੇ ਦੇ ਇਹ ਫੌਜੀ ਗਦਰ ਬਾਰੇ ਸਲਾਹਾਂ ਕਰਦੇ ਰਹੇ। ਉਨ੍ਹਾਂ ਦਾ ਸੰਪਰਕ ਗਦਰ ਲੀਡਰਸ਼ਿਪ ਨਾਲ ਬਣਿਆ ਰਿਹਾ। 19 ਨਵੰਬਰ ਦੇ ਗਦਰ ਵਿਚ ਵੀ ਉਨ੍ਹਾਂ ਨੇ ਪੂਰੀ ਭੂਮਿਕਾ ਨਿਭਾਉਣੀ ਸੀ, ਜੇ ਇਹ ਗੱਦਾਰਾਂ ਕਾਰਨ ਫੇਲ੍ਹ ਨਾ ਹੁੰਦਾ। ਪ੍ਰੇਮ ਸਿੰਘ ਸੁਰਸਿੰਘ ਰਾਹੀਂ ਹੀਰਾ ਸਿੰਘ ਚਰੜ ਕੋਲੋਂ ਉਨ੍ਹਾਂ ਦੇਸੀ ਬੰਬ ਬਣਾਉਣੇ ਸਿੱਖ ਲਏ। ਉਨ੍ਹਾਂ 19 ਫਰਵਰੀ ਦੇ ਗਦਰ ਨੂੰ ਫੇਲ੍ਹ ਕਰਨ ਵਾਲੇ ਕਿਰਪਾਲ ਸਿੰਘ ਤੇ ਬੇਲਾ ਸਿੰਘ ਜ਼ੈਲਦਾਰ ਨੂੰ ਮਾਰਨ ਦੀ ਕੋਸ਼ਿਸ ਕੀਤੀ। ਰੈਜੀਮੈਂਟ ਦੇ ਅੰਗਰੇਜ਼ ਅਫਸਰਾਂ ਨੂੰ ਬੰਬ ਨਾਲ ਉਡਾਉਣ ਦੀ ਸਕੀਮ ਵੀ ਬਣਾਈ, ਪਰ ਉਹ ਕਾਮਯਾਬ ਨਾ ਹੋ ਸਕੇ। ਫਰਵਰੀ 14 ਉਨ੍ਹਾਂ ਨੇ ਟੈਲੀਗਰਾਮ ਤਾਰਾਂ ਕੱਟ ਕੇ ਅੰਗਰੇਜ਼ੀ ਸੰਚਾਰ ਪ੍ਰਬੰਧ ਨਾਕਸ ਕਰ ਦਿੱਤਾ। ਸੰਸਾਰ ਯੁੱਧ ਚਲਦਾ ਹੋਣ ਕਾਰਨ ਸਰਕਾਰ ਨੇ ਅਪਰੈਲ ਮਹੀਨੇ 23ਵੇਂ ਰਸਾਲੇ ਦੇ ਜਵਾਨਾਂ ਨੂੰ ਬਸਰੇ ਦੀ ਜੰਗ ਦੇ ਮੋਰਚੇ ਵਿਚ ਭੇਜ ਦਿੱਤਾ। ਡੀਪੂ ਵਿਚ ਪਿਛੇ ਰਸਾਲੇ ਦੇ ਦੋ ਸਵਾਰ ਪੂਰਨ ਸਿੰਘ ਅਤੇ ਵਸਾਵਾ ਸਿੰਘ ਰਹਿ ਗਏ। ਉਨ੍ਹਾਂ ਦੀ ਰੈਜੀਮੈਂਟ ਡੀਪੂ ਨੂੰ ਵੀ ਨੌਗਾਉਂ (ਯੂæਪੀæ) ਛਾਉਣੀ ਬਦਲ ਦਿੱਤਾ ਜੋ ਹਰਪਾਲਪੁਰ ਦੇ ਰੇਲਵੇ ਸਟੇਸ਼ਨ ਤੋਂ ਕੁਝ ਦੂਰ ਸੀ। 13 ਮਈ 1915 ਨੂੰ ਹਰਪਾਲਪੁਰ ਸਟੇਸ਼ਨ ‘ਤੇ ਮੀਆਂ ਮੀਰ ਛਾਉਣੀ ਦੇ ਫੌਜੀਆਂ ਦਾ ਸਮਾਨ ਉਤਾਰਿਆ ਜਾ ਰਿਹਾ ਸੀ ਤਾਂ ਪੂਰਨ ਸਿੰਘ ਦੀ ਪੇਟੀ ਵਿਚ ਪਿਆ ਦੇਸੀ ਬੰਬ ਫਟ ਗਿਆ। ਇੰਚਾਰਜ ਜਮਾਂਦਾਰ ਨੇ ਜਦੋਂ ਬਾਕੀ ਸਮਾਨ ਦੀ ਤਲਾਸ਼ੀ ਲਈ ਤਾਂ ਪੂਰਨ ਸਿੰਘ ਦੇ ਦੂਜੇ ਬਕਸੇ ‘ਚੋਂ ਇੱਕ ਹੋਰ ਬੰਬ ਨਿਕਲਿਆ। ਪੂਰਨ ਸਿੰਘ ਤੇ ਵਸਾਵਾ ਸਿੰਘ ਨੂੰ ਫੜ ਕੇ ਪੁੱਛ-ਗਿੱਛ ਕੀਤੀ। ਦੋਹਾਂ ਨੇ ਆਪਣੇ ਬਚਾਓ ਲਈ ਮੀਆਂ ਮੀਰ ਛਾਉਣੀ ਦੀ ਸਾਰੀ ਇਨਕਲਾਬੀ ਯੋਜਨਾ ਅਤੇ ਝਾੜ ਸਾਹਿਬ ਤੋਂ ਫੜੇ ਤਿੰਨਾਂ ਸਵਾਰਾਂ ਬਾਰੇ ਭੇਤ ਖੋਲ੍ਹ ਦਿੱਤਾ।
ਪੂਰਨ ਸਿੰਘ ਕ੍ਰਿਪਾਲ ਸਿੰਘ ਦਾ ਰਿਸ਼ਤੇਦਾਰ ਸੀ। ਪੁਲਿਸ ਦੇ ਡਰਾਉਣ ਧਮਾਕਾਉਣ ‘ਤੇ ਇਨ੍ਹਾਂ ਨੇ ਮੂਲ ਸਿੰਘ ਗ੍ਰੰਥੀ ਅਤੇ ਗੰਡਾ ਸਿੰਘ ਦੇ ਨਾਮ ਵੀ ਲੈ ਦਿੱਤੇ। ਉਹ ਵੀ ਫੜੇ ਗਏ। ਪੂਰਨ ਸਿੰਘ ਅਤੇ ਵਸਾਵਾ ਸਿੰਘ ਨੇ ਵਾਅਦਾ-ਮੁਆਫ ਗਵਾਹ ਬਣ ਕੇ ਕਈ ਹੋਰਾਂ ਨੂੰ ਵੀ ਗ੍ਰਿਫਤਾਰ ਕਰਵਾ ਦਿੱਤਾ ਅਤੇ ਬਸਰੇ ਜਾ ਚੁੱਕੇ ਫੌਜੀਆਂ ਦੇ ਨਾਮ ਵੀ ਦੱਸ ਦਿੱਤੇ। ਸਰਕਾਰ ਵੱਲੋਂ ਬਸਰੇ ਦੇ ਫੌਜੀ ਕਮਾਂਡਰ ਨੂੰ ਉਨ੍ਹਾਂ ਦੇ ਨਾਂ ਅਤੇ ਨੰਬਰ ਲਿਖ ਕੇ ਭੇਜ ਦਿੱਤੇ ਗਏ। ਕਮਾਂਡਰ ਨੇ ਨਾਸਰੀ ਸ਼ਹਿਰ ਵਿਚ ਸਾਰੀ ਰੈਜੀਮੈਂਟ ਦੀ ਬਿਨਾਂ ਹਥਿਆਰਾਂ ਤੋਂ ਪਰੇਡ ਕਰਵਾ ਕੇ 19 ਫੌਜੀਆਂ ਨੂੰ ਵੱਖ ਕੱਢ ਲਿਆ ਅਤੇ ਹਥਿਆਰਬੰਦ ਗੋਰਿਆਂ ਦੀ ਨਿਗਰਾਨੀ ਹੇਠ ਜਹਾਜ਼ੇ ਚੜ੍ਹਾ ਦਿੱਤਾ। ਬੰਬੇ (ਹੁਣ ਮੁੰਬਈ) ਤੋਂ ਇਨ੍ਹਾਂ ਨੂੰ ਡਗਸ਼ਈ ਛਾਉਣੀ (ਜ਼ਿਲ੍ਹਾ ਸ਼ਿਮਲਾ) ਪਹੁੰਚਾ ਦਿੱਤਾ ਗਿਆ। 11 ਅਗਸਤ 1915 ਨੂੰ 23ਵੇਂ ਰਸਾਲੇ ਦੇ ਚਾਰ ਹੋਰ ਸਵਾਰ ਡਗਸ਼ਈ ਪਹੁੰਚਾਏ ਗਏ। 15 ਅਗਸਤ 1915 ਨੂੰ ਇਨ੍ਹਾਂ ਦਾ ਕੋਰਟ ਮਾਰਸ਼ਲ ਸ਼ੁਰੂ ਹੋਇਆ ਅਤੇ 26 ਅਗਸਤ 1915 ਨੂੰ ਫੈਸਲਾ ਸੁਣਾ ਕੇ ਇਨ੍ਹਾਂ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ। ਪਿਛੋਂ ਇਨ੍ਹਾਂ ਵਿਚੋਂ 6 ਦੀ ਸਜ਼ਾ ਘਟਾ ਕੇ ਉਮਰ ਕੈਦ ਜਲਾਵਤਨ ਕਰ ਦਿੱਤੀ ਗਈ। 30 ਅਗਸਤ 1915 ਨੂੰ ਫਾਂਸੀ ਵਾਲੇ 12 ਫੌਜੀਆਂ ਨੂੰ ਅੰਬਾਲਾ ਜੇਲ੍ਹ ਲਿਆਂਦਾ ਗਿਆ ਜਿਥੇ 3 ਸਤੰਬਰ 1915 ਨੂੰ ਉਨ੍ਹਾਂ ਸਾਰਿਆਂ ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦਾ ਵਿਸਥਾਰ ਇਸ ਤਰ੍ਹਾਂ ਹੈ: ਦਫੇਦਾਰ ਲਛਮਣ ਸਿੰਘ ਚੂਸਲੇਵੜ (ਤਰਨ ਤਾਰਨ), ਸਵਾਰ ਬੂਟਾ ਸਿੰਘ ਕਸੇਲ (ਅੰਮ੍ਰਿਤਸਰ), ਬੁੱਧ ਸਿੰਘ ਢੋਟੀਆਂ (ਤਰਨ ਤਾਰਨ), ਅਬਦੁੱਲਾ ਨਾਹਲਬੰਦ ਢੋਟੀਆਂ (ਤਰਨ ਤਾਰਨ), ਭਾਗ ਸਿੰਘ ਰੂੜ੍ਹੀਵਾਲ (ਤਰਨ ਤਾਰਨ), ਮੋਤਾ ਸਿੰਘ ਰੂੜ੍ਹੀਵਾਲ, ਤਾਰਾ ਸਿੰਘ ਰੂੜ੍ਹੀਵਾਲ ਅਤੇ ਦਫੇਦਾਰ ਵਧਾਵਾ ਸਿੰਘ ਰੂੜ੍ਹੀਵਾਲ, ਇੰਦਰ ਸਿੰਘ ਜੀਉਬਾਲਾ (ਤਰਨ ਤਾਰਨ), ਇੰਦਰ ਸਿੰਘ (ਦੂਜਾ) ਜੀਉਬਾਲਾ, ਗੁੱਜਰ ਸਿੰਘ ਲੌਹਕਾ ਅਤੇ ਜੇਠਾ ਸਿੰਘ ਲੌਹਕਾ (ਤਰਨ ਤਾਰਨ)।
ਉਮਰ ਕੈਦ ਜਲਾਵਤਨੀ ਦੀ ਸਜ਼ਾ ਵਾਲੇ ਫੌਜੀਆਂ ਦਾ ਵੇਰਵਾ ਇਸ ਤਰ੍ਹਾਂ ਹੈ: ਪਿੰਡ ਢੋਟੀਆਂ, ਤਰਨ ਤਾਰਨ ਦੇ ਬਿਸ਼ਨ ਸਿੰਘ, ਬਿਸ਼ਨ ਸਿੰਘ (ਦੂਜਾ), ਨੱਥਾ ਸਿੰਘ ਅਤੇ ਕਿਹਰ ਸਿੰਘ; ਨੰਦ ਸਿੰਘ, ਰਾਏ ਕਾ ਬੁਰਜ (ਤਰਨ ਤਾਰਨ) ਅਤੇ ਚੰਨਣ ਸਿੰਘ ਢੰਡ ਕਸੇਲ (ਅੰਮ੍ਰਿਤਸਰ)।
ਝਾੜ ਸਾਹਿਬ ਤੋਂ ਗ੍ਰਿਫਤਾਰ ਕੀਤੇ ਗਏ ਫੌਜੀ, ਜਿਨ੍ਹਾਂ ਨੂੰ ਉਮਰ ਕੈਦ ਜਲਾਵਤਨੀ ਦੀ ਸਜ਼ਾ ਹੋਈ, ਸਨ: ਭਾਈ ਮਹਿਰਾਜ ਸਿੰਘ ਕਸੇਲ (ਅੰਮ੍ਰਿਤਸਰ), ਭਾਈ ਸੁੱਚਾ ਸਿੰਘ ਚੋਹਲਾ ਸਾਹਿਬ (ਤਰਨ ਤਾਰਨ)।
3 ਸਤੰਬਰ 1915 ਨੂੰ ਫਾਂਸੀ ਲੱਗੇ ਫੌਜੀਆਂ ਵਿਚ ਦਫੇਦਾਰ ਲਛਮਣ ਸਿੰਘ ਤੇ ਅਬਦੁੱਲਾ ਨਾਹਲਬੰਦ ਵੀ ਸ਼ਾਮਲ ਸਨ। ਲਛਮਣ ਸਿੰਘ ਦੂਰਦ੍ਰਿਸ਼ਟੀ ਵਾਲਾ ਸੀ, ਸਿਪਾਹੀਆਂ ਉਪਰ ਉਸ ਦਾ ਚੰਗਾ ਪ੍ਰਭਾਵ ਸੀ। ਸਚਿੰਦਰਨਾਥ ਸਨਿਆਲ ਉਸ ਬਾਰੇ ਲਿਖਦਾ ਹੈ, “ਲਛਮਣ ਸਿੰਘ ਨੇ ਰੈਜੀਮੈਂਟ ਵਿਚ ਇਨਕਲਾਬੀ ਗਰੁਪ ਬਣਾਇਆ ਹੋਇਆ ਸੀ ਜਿਸ ਵਿਚ ਸਿੱਖ ਧਰਮ ਬਾਰੇ ਪੁਸਤਕਾਂ ਪੜ੍ਹੀਆਂ ਜਾਂਦੀਆਂ ਸਨ ਅਤੇ ਉਸ ਉਪਰ ਵਿਚਾਰ-ਚਰਚਾ ਹੁੰਦੀ ਰਹਿੰਦੀ ਸੀ। ਰੈਜੀਮੈਂਟ ਦੇ ਸਾਰੇ ਸਿਪਾਹੀ ਲਛਮਣ ਸਿੰਘ ਨੂੰ ਧਰਮਾਤਮਾ ਅਤੇ ਉਚਾ-ਸੁੱਚਾ ਸਮਝ ਕੇ ਸਤਿਕਾਰ ਕਰਦੇ ਸਨ।” ਫਾਂਸੀ ਦੇ ਹੁਕਮ ਮਗਰੋਂ ਉਸ ਦੇ ਸਾਥੀ ਅਬਦੁੱਲਾ ਨਾਹਲਬੰਧ ਨੂੰ ਜਾਨ ਬਖਸ਼ੀ ਲਈ ਲਾਲਚ ਦੇ ਕੇ ਹੋਰ ਭੇਤ ਕੱਢਣ ਵਿਚ ਅਧਿਕਾਰੀ ਸਫਲ ਨਾ ਹੋਏ ਤਾਂ ਇੱਕ ਦਿਨ ਲਛਮਣ ਸਿੰਘ ਨੇ ਉਸ ਨੂੰ ਕਿਹਾ, “ਮੌਲਵੀ ਜੀ, ਆਪਾਂ ਸਾਰਿਆਂ ਨੂੰ ਸ਼ਹੀਦ ਕੀਤਾ ਜਾਣਾ ਨਿਸ਼ਚਿਤ ਹੈ, ਕਿਉਂ ਨਾ ਤੁਸੀਂ ਵਾਅਦਾ ਮੁਆਫ ਗਵਾਹ ਬਣ ਕੇ ਆਪਣੀ ਜਾਨ ਬਚਾ ਲਉ।”
ਅਬਦੁੱਲਾ ਨੇ ਉਤਰ ਦਿੱਤਾ, “ਮੈਂ ਧੰਨਭਾਗ ਸਮਝਦਾ ਹਾਂ ਕਿ 8 ਕਰੋੜ ਮੁਸਲਮਾਨਾਂ ਵਿਚੋਂ ਮੈਂ ਇਕੱਲਾ ਹਾਂ ਤੇ ਕੁਝ ਲੱਖ ਸਿੱਖਾਂ ਵਿਚੋਂ ਤੁਸੀਂ 11 ਜਣੇ ਹੋ ਜੋ ਦੇਸ ਖਾਤਿਰ ਕੁਰਬਾਨ ਹੋ ਰਹੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਆਪਣੀ ਜਾਨ ਬਚਾ ਕੇ ਕਲੰਕਿਤ ਨਹੀਂ ਹੋਣਾ।” ਉਸ ਨੇ ਫਾਂਸੀ ਦੇ ਤਖਤੇ ਉਪਰ ਜਾਣ ਵੇਲੇ ਜੇਲ੍ਹਰ ਨੂੰ ਕਿਹਾ, “ਸਾਡੀ ਮੌਤ ਤੋਂ ਬਾਅਦ ਸਾਨੂੰ 12 ਜਣਿਆਂ ਨੂੰ ਵੱਖ ਨਾ ਕੀਤਾ ਜਾਵੇ, ਚਾਹੇ ਸਸਕਾਰ ਕਰ ਦਿੱਤਾ ਜਾਵੇ ਜਾਂ ਦਫਨਾ ਦਿੱਤਾ ਜਾਵੇ।” 100 ਸਾਲ ਬੀਤ ਗਏ ਹਨ, 11 ਸਿੱਖਾਂ ਦੇ ਫੁੱਲ਼ ਅਤੇ ਅਬਦੁੱਲਾ ਦੀ ਦੇਹ ਅੰਬਾਲਾ ਜੇਲ੍ਹ ਦੇ ਕੋਨੇ ਵਿਚ ਦੱਬੇ ਪਏ ਹਨ।