ਕਹਾਣੀ-ਕਲਾ ਦਾ ਰਾਜ-ਰਾਜੇਸ਼ਵਰ, ਚਕਰਵਰਤੀ ਸਮਰਾਟ

ਰਾਜਿੰਦਰ ਸਿੰਘ ਬੇਦੀ-2
ਗੁਰਬਚਨ ਸਿੰਘ ਭੁੱਲਰ
ਇਕ ਵਾਰ ਪ੍ਰੋæ ਪ੍ਰੀਤਮ ਸਿੰਘ ਪਟਿਆਲੇ ਵਾਲੇ ਮੁੰਬਈ ਗਏ। ਉਸ ਸਮੇਂ ਰਾਜਿੰਦਰ ਸਿੰਘ ਬੇਦੀ ਦੀ ਬੀਮਾਰੀ ਦੀਆਂ ਖ਼ਬਰਾਂ ਆਉਣ ਲੱਗੀਆਂ ਸਨ। ਕੁਦਰਤੀ ਸੀ ਕਿ ਪ੍ਰੋਫ਼ੈਸਰ ਸਾਹਿਬ ਉਨ੍ਹਾਂ ਦਾ ਪਤਾ ਲੈਣ ਵੀ ਜਾਂਦੇ। ਉਸ ਮੁਲਾਕਾਤ ਸਮੇਂ ਉਨ੍ਹਾਂ ਨੇ ਬੇਦੀ ਨੂੰ ਪੰਜਾਬੀ ਵਿਚ ਨਾ ਲਿਖ ਕੇ ਉਰਦੂ ਵਿਚ ਲਿਖਣ ਬਾਰੇ ਪੰਜਾਬ ਦੇ ਲੋਕਾਂ ਦਾ ਗਿਲਾ ਪੁਜਦਾ ਕੀਤਾ।

ਉਹ ਬੇਹੱਦ ਬੀਮਾਰ, ਨਿਰਬਲ ਅਤੇ ਸਰੀਰਕ ਪੱਖੋਂ ਮਜਬੂਰ ਹੋ ਚੁੱਕੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਬੜੇ ਕਰਾਰ ਨਾਲ ਮੋੜ ਕੀਤਾ, “ਭਲਾ ਪੰਜਾਬੀ ਲੋਕ ਇਸ ਗੱਲ ਦਾ ਫ਼ਖ਼ਰ ਮਹਿਸੂਸ ਨਹੀਂ ਕਰਦੇ ਕਿ ਉਨ੍ਹਾਂ ਦੇ ਇਕ ਪੁੱਤਰ ਨੇ ਉਰਦੂ ਦੀ ਸਰਜ਼ਮੀਨ ਉਤੇ ਕਿੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ?”
ਉਸ ਮੁਲਾਕਾਤ ਵਿਚ ਬੇਦੀ ਜੀ ਨੇ ਆਪਣਾ ਇਹ ਸਾਹਿਤਕ ਦਰਦ ਵੀ ਪ੍ਰਗਟ ਕੀਤਾ ਕਿ ਉਨ੍ਹਾਂ ਦੀਆਂ ਕਹਾਣੀਆਂ ਦੀ ਕੋਈ ਪੁਸਤਕ ਪੰਜਾਬੀ ਵਿਚ ਨਹੀਂ ਛਪੀ। ਉਨ੍ਹਾਂ ਨੇ ਉਮਰ ਅਤੇ ਸਿਹਤ ਦੇ ਉਸ ਪੜਾਅ ਉਤੇ ਵੀ ਅਜਿਹੀ ਪੁਸਤਕ ਛਪਣ ਸਬੰਧੀ ਆਪਣੀ ਰੀਝ ਸਾਂਝੀ ਕੀਤੀ। ਪ੍ਰੋਫ਼ੈਸਰ ਸਾਹਿਬ ਨੇ ਉਨ੍ਹਾਂ ਦੀ ਇਹ ਇੱਛਾ ਤੇ ਰੀਝ ਪੂਰੀ ਕਰਨ ਦਾ ਇਕਰਾਰ ਕੀਤਾ ਅਤੇ ਮੁੰਬਈ ਤੋਂ ਪਰਤ ਕੇ ਇਹ ਇਕਰਾਰ ਨਿਭਾ ਵੀ ਦਿੱਤਾ। ਉਨ੍ਹਾਂ ਨੇ 37 ਕਹਾਣੀਆਂ ਨੂੰ ਪੰਜਾਬੀ ਦਾ ਜਾਮਾ ਪੁਆਇਆ ਅਤੇ ਕਹਾਣੀ ਤੇ ਕਹਾਣੀ-ਕਲਾ ਸਬੰਧੀ ਉਨ੍ਹਾਂ ਦੀਆਂ ਦੋ ਮਹੱਤਵਪੂਰਨ ਲਿਖਤਾਂ ਦਾ ਵੀ ਪੰਜਾਬੀ ਵਿਚ ਅਨੁਵਾਦ ਕੀਤਾ।
ਪੰਜਾਬੀ ਵਿਚ ਕੋਈ ਕਹਾਣੀ-ਸੰਗ੍ਰਹਿ ਨਾ ਛਪੇ ਹੋਣ ਦਾ ਬੇਦੀ ਜੀ ਦਾ ਦਰਦ ਮੈਨੂੰ ਬੜਾ ਅਜੀਬ ਲੱਗਿਆ। ਇਹ ਤੱਥ ਇਕਦਮ ਮੇਰੇ ਚੇਤੇ ਵਿਚ ਉਭਰ ਆਇਆ ਕਿ 1950ਵਿਆਂ ਦੇ ਸ਼ੁਰੂ ਵਿਚ ਡੀ ਐਮ ਕਾਲਜ ਮੋਗਾ ਵਿਚ ਪੜ੍ਹਦਿਆਂ ਲਾਇਬ੍ਰੇਰੀ ਵਿਚੋਂ ਮੈਂ ਉਨ੍ਹਾਂ ਦੀ ਕਹਾਣੀਆਂ ਦੀ ਪੰਜਾਬੀ ਪੁਸਤਕ ‘ਘਰ ਵਿਚ ਬਾਜ਼ਾਰ ਵਿਚ’ ਕਢਵਾਈ ਸੀ। ਕੀ ਉਮਰ ਨਾਲ ਉਨ੍ਹਾਂ ਨੂੰ ਇਹਦਾ ਚੇਤਾ ਭੁੱਲ ਗਿਆ ਸੀ? ਜਾਂ ਕੀ ਇਹ ਪੁਸਤਕ ਕਿਸੇ ਨੇ ਉਨ੍ਹਾਂ ਨੂੰ ਪੁੱਛੇ-ਦੱਸੇ ਬਿਨਾਂ ਹੀ ਪੰਜਾਬੀ ਵਿਚ ਅਨੁਵਾਦ ਕਰ ਕੇ ਛਾਪ ਲਈ ਸੀ? ਮੈਂ ਆਪਣੇ ਮੋਗੇ ਵਾਲੇ ਮਿੱਤਰ ਕੇ ਐਲ ਗਰਗ ਨੂੰ, ਸਬੱਬ ਨਾਲ ਡੀ ਐਮ ਕਾਲਜ ਜਿਸ ਦੇ ਗੁਆਂਢ ਵਿਚ ਹੈ, ਕਿਹਾ ਕਿ ਉਹ ਲਾਇਬਰੇਰੀ ਵਿਚ ਜਾ ਕੇ ਉਸ ਪੁਸਤਕ ਦਾ, ਖਾਸ ਕਰਕੇ ਉਹਦੇ ਅਨੁਵਾਦਕ ਤੇ ਪ੍ਰਕਾਸ਼ਕ ਦਾ ਪਤਾ ਕਰੇ। ਪੁਸਤਕ ਦਾ ਨਾਂ ਤਾਂ ਰਜਿਸਟਰ ਵਿਚ ਮੌਜੂਦ ਸੀ ਜਿਥੋਂ ਛਪਣ-ਸਾਲ 1946 ਦੀ ਅਤੇ ਲਾਹੌਰ ਦੇ ਇਕ ਪੰਜਾਬੀ ਪ੍ਰਕਾਸ਼ਕ ਦੀ ਜਾਣਕਾਰੀ ਮਿਲ ਗਈ। ਅਨੁਵਾਦਕ ਦਾ ਨਾਂ ਉਥੇ ਦਿੱਤਾ ਹੋਇਆ ਨਹੀਂ ਸੀ। ਪੁਸਤਕ ਮਿਲ ਨਾ ਸਕੀ। ਗਰਗ ਦਾ ਕਹਿਣਾ ਸੀ ਕਿ ਏਨੀ ਪੁਰਾਣੀ ਹੋਣ ਕਰਕੇ ਪਤਾ ਨਹੀਂ ਗੁਆਚ ਗਈ ਹੋਵੇ ਜਾਂ ਦੁਬਾਰਾ ਜਿਲਦ ਲੋੜਦੀਆਂ ਪੁਸਤਕਾਂ ਵਿਚ ਕਿਤੇ ਵੱਖ ਰੱਖੀ ਪਈ ਹੋਵੇ।
ਮੰਟੋ ਨੇ ਇਕ ਚਿੱਠੀ ਵਿਚ ਲਿਖਿਆ ਸੀ, “ਬੇਦੀ, ਤੇਰੀ ਮੁਸੀਬਤ ਇਹ ਹੈ ਕਿ ਸੋਚਦਾ ਬਹੁਤ ਜ਼ਿਆਦਾ ਹੈਂ। ਲਗਦਾ ਹੈ, ਤੂੰ ਲਿਖਣ ਤੋਂ ਪਹਿਲਾਂ ਵੀ ਸੋਚਦਾ ਹੈਂ, ਲਿਖਦਿਆਂ ਵੀ ਸੋਚਦਾ ਰਹਿੰਦਾ ਹੈਂ ਅਤੇ ਲਿਖਣ ਤੋਂ ਮਗਰੋਂ ਵੀ ਸੋਚੀ ਜਾਂਦਾ ਹੈਂ।” ਭਾਵੇਂ ਮੰਟੋ ਨੇ ਇਹ ਗੱਲ ਆਪਣੇ ਜਾਣੇ ਆਪਣੇ ਮਿੱਤਰ ਨੂੰ ਟਿੱਚਰ ਕਰਨ ਲਈ ਲਿਖੀ ਸੀ, ਪਰ ਇਹ ਹੈ ਸੱਚੀ। ਬੇਦੀ ਸੋਚ-ਸਮਝ ਕੇ ਲਿਖਣ ਵਾਲੇ ਲੇਖਕ ਸਨ ਅਤੇ ਇਸੇ ਕਰਕੇ ਉਨ੍ਹਾਂ ਦੀ ਕਹਾਣੀ ਪੜ੍ਹਨ ਲਈ ਕਈ ਵਾਰ ਹੀ ਨਹੀਂ, ਅਕਸਰ ਹੀ ਦਿਮਾਗ ਉਤੇ ਜ਼ੋਰ ਪਾਉਣਾ ਪੈਂਦਾ ਹੈ। ਕਦੀ-ਕਦੀ ਤਾਂ ਉਨ੍ਹਾਂ ਦੀ ਕਹਾਣੀ ਇਉਂ ਲਗਦੀ ਹੈ ਜਿਵੇਂ ਵੱਖਰੇ-ਵੱਖਰੇ ਮਣਕੇ ਹੋਣ ਜਿਨ੍ਹਾਂ ਦਾ ਇਕ ਦੂਜੇ ਨਾਲ ਕੋਈ ਸਬੰਧ ਨਾ ਹੋਵੇ। ਪਰ ਮਣਕਿਆਂ ਵਿਚਕਾਰ ਵਿਰਲ ਕਰ ਕੇ ਧਿਆਨ ਨਾਲ ਦੇਖਿਆਂ ਪਤਾ ਲਗਦਾ ਹੈ ਕਿ ਉਨ੍ਹਾਂ ਵਿਚੋਂ ਇਕੋ ਸਾਂਝਾ ਧਾਗਾ ਲੰਘਦਾ ਹੈ, ਕਹਾਣੀ ਦੇ ਕੇਂਦਰੀ ਭਾਵ ਦਾ ਧਾਗਾ ਜੋ ਕਈ ਵਾਰ ਤਾਂ ਬਹੁਤ ਹੀ ਮਹੀਨ ਹੁੰਦਾ ਹੈ। ਤੇ ਇਸ ਮਹੀਨ ਧਾਗੇ ਨੂੰ ਲੱਭਣ-ਪਛਾਣਨ ਲਈ ਪਾਠਕ ਦਾ ਇਕ ਸਾਹਿਤਕ ਪੱਧਰ ਹੋਣਾ ਜ਼ਰੂਰੀ ਹੈ।
ਮੇਰਾ ਇਕਬਾਲੀਆ ਬਿਆਨ ਸੁਣੋ। ਕਾਲਜ ਵਿਦਿਆਰਥੀ ਹੁੰਦਿਆਂ ਜਦੋਂ ਮੈਂ ਉਨ੍ਹਾਂ ਦੀ ਪੁਸਤਕ ‘ਘਰ ਵਿਚ ਬਾਜ਼ਾਰ ਵਿਚ’ ਵਿਚੋਂ ਪਹਿਲਾਂ ਇਸੇ ਨਾਂ ਦੀ ਕਹਾਣੀ ਪੜ੍ਹੀ ਤਾਂ ਉਹ ਐਵੇਂ ਬੇਸੁਆਦੀ ਜਿਹੀ ਲੱਗੀ ਅਤੇ ਬਾਕੀ ਕਹਾਣੀਆਂ ਧਿਆਨ ਨਾਲ ਪੜ੍ਹਨ ਦਾ ਕਸ਼ਟ ਕੀਤੇ ਬਿਨਾਂ ਫਰੋਲਾ-ਫਰਾਲੀ ਜਿਹੀ ਕਰ ਕੇ ਮੈਂ ਉਹ ਕਿਤਾਬ ਮੋੜ ਆਇਆ ਅਤੇ ਕੰਵਲ ਦਾ ਨਵਾਂ-ਨਵਾਂ ਛਪਿਆ ਨਾਵਲ ‘ਪੂਰਨਮਾਸੀ’ ਲੈ ਆਇਆ। ਉਹ ਤਾਂ ਖ਼ੈਰ ਓਦੋਂ ਵੀ ਸਮਝ ਆਉਣਾ ਹੀ ਸੀ। ਮਗਰੋਂ ਜਾ ਕੇ, ਜਦੋਂ ਸਾਹਿਤ ਦੀ ਕੁਝ ਸਮਝ ਆਉਣ ਲੱਗੀ, ਬੇਦੀ ਜੀ ਦੀ ਇਹ ਕਹਾਣੀ ਮੈਨੂੰ ਉਨ੍ਹਾਂ ਦੀਆਂ ਸਭ ਤੋਂ ਚੰਗੀਆਂ ਕਹਾਣੀਆਂ ਵਿਚੋਂ ਇਕ ਲੱਗਣ ਲੱਗੀ।
ਉਹ ਆਪ ਵੀ ਪਾਠਕਾਂ ਦੀ ਸਮਝਦਾਰੀ ਨੂੰ ਖ਼ੂਬ ਸਮਝਦੇ ਸਨ। ਉਨ੍ਹਾਂ ਦੀ ਮੱਤ ਸੀ ਕਿ ਬਹੁਤੇ ਪਾਠਕ ਤਾਂ ਕੁਝ ਪੜ੍ਹਦੇ ਹੀ ਨਹੀਂ ਅਤੇ ਜੇ ਪੜ੍ਹ ਵੀ ਲੈਣ, ਸਮਝਦੇ ਨਹੀਂ। ਉਹ ਦਸਦੇ ਸਨ ਕਿ ਇਕ ਵਾਰ ਉਹ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਵਿਖੇ ਇਕ ਪ੍ਰੀਖਿਅਕ ਵਜੋਂ ਗਏ। ਜਦੋਂ ਉਨ੍ਹਾਂ ਨੇ ਇਕ ਉਮੀਦਵਾਰ ਤੋਂ ਉਹਦੇ ਮਨਪਸੰਦ ਲੇਖਕਾਂ ਦੇ ਨਾਂ ਪੁੱਛੇ, ਉਹਨੇ ਪਟਾਕ ਉਤਰ ਦਿੱਤਾ, “ਮੈਨੂੰ ਤਾਂ ਦੋ ਹੀ ਲੇਖਕ ਪਸੰਦ ਨੇ, ਸਰ, ਗੁਲਸ਼ਨ ਨੰਦਾ ਤੇ ਸ਼ੇਕਸਪੀਅਰ।”
ਬੇਦੀ ਨੇ ਮੰਟੋ ਦੀ ਚਿੱਠੀ ਦਾ ਉਤਰ ਤਾਂ ਉਹੋ ਜਿਹੀ ਟਿੱਚਰ ਨਾਲ ਹੀ ਦੇ ਦਿੱਤਾ, “ਮੰਟੋ, ਤੇਰੀ ਇਕ ਗੱਲ ਕਮਾਲ ਦੀ ਹੈ। ਉਹ ਇਹ ਕਿ ਤੂੰ ਨਾ ਲਿਖਣ ਤੋਂ ਪਹਿਲਾਂ ਸੋਚਦਾ ਹੈਂ, ਨਾ ਲਿਖਣ ਵੇਲੇ ਸੋਚਦਾ ਹੈਂ ਅਤੇ ਨਾ ਲਿਖਣ ਤੋਂ ਮਗਰੋਂ ਹੀ ਸੋਚਣ ਦੀ ਖੇਚਲ ਕਰਦਾ ਹੈਂ।” ਪਰ ਆਪਣੀਆਂ ਕਹਾਣੀਆਂ ਦੇ ਪੱਖ ਵਿਚ ਕੁਝ ਵੀ ਲਿਖਣਾ ਉਨ੍ਹਾਂ ਨੇ ਬੇਲੋੜਾ ਸਮਝਿਆ, ਭਾਵੇਂ ਕਿ ਉਨ੍ਹਾਂ ਨੂੰ ਆਪਣੀ ਕਹਾਣੀ-ਕਲਾ ਉਤੇ ਬਹੁਤ ਮਾਣ ਸੀ।
ਇਥੇ ਇਹ ਜਾਨਣਾ ਵੀ ਦਿਲਚਸਪ ਰਹੇਗਾ ਕਿ ਉਹ ਆਲੋਚਕਾਂ ਨੂੰ ਕੀ ਸਮਝਦੇ ਸਨ! ਉਨ੍ਹਾਂ ਦੀ ਕਹਾਣੀ ‘ਮਿਥੁਨ’ ਛਪੀ ਤਾਂ ਉਨ੍ਹਾਂ ਦੀ “ਸੁਲਝੀ ਹੋਈ ਕਲਮ ਤੋਂ ਅਜਿਹੀ ਨੰਗੀ ਕਹਾਣੀ” ਲਿਖੇ ਜਾਣ ਕਾਰਨ ਰੌਲਾ ਪੈ ਗਿਆ। ਸਬੱਬ ਇਹ ਬਣਿਆ ਕਿ ਇਕੱਲੀ ਕਹਾਣੀ ‘ਆਪਣੇ ਦੁੱਖ ਮੈਨੂੰ ਦੇ ਦਿਉ’ ਸਦਕਾ ਉਨ੍ਹਾਂ ਨੂੰ ਉਰਦੂ ਅਦਬ ਦਾ ਸਭ ਤੋਂ ਵੱਡਾ ਫ਼ਨਕਾਰ ਮੰਨਣ ਵਾਲੇ ਡਾਕਟਰ ਮੁਹੰਮਦ ਹਸਨ ਹੀ ‘ਮਿਥੁਨ’ ਉਤੇ ਹਮਲੇ ਦੇ ਸਿਪਾਹਸਾਲਾਰਾਂ ਵਿਚੋਂ ਇਕ ਸਨ। ਪਹਿਲਾਂ ਕਹਾਣੀ ‘ਮਿਥੁਨ’ ਨੂੰ ਸੰਖੇਪ ਵਿਚ ਦੇਖ ਲਈਏ, ਬੇਦੀ ਸਾਹਿਬ ਦੀ ਆਲੋਚਕਾਂ ਬਾਰੇ ਟਿਪਣੀ ਤਦ ਹੀ ਠੀਕ ਰੂਪ ਵਿਚ ਸਮਝ ਆਵੇਗੀ।
ਇਕ ਸਵਰਗੀ ਧਾਰਮਿਕ ਬੁੱਤਕਾਰ ਪਿਉ ਅਤੇ ਬੀਮਾਰ ਮਾਂ ਦੀ ਸਾਊ, ਘਰੇਲੂ, ਕੰਵਾਰੀ ਮੁਟਿਆਰ ਧੀ ਕੀਰਤੀ ਚੌਲ-ਦਾਲ ਚਲਾਉਣ ਲਈ ਧਾਰਮਿਕ ਬੁੱਤ ਬਣਾ ਕੇ ਕਬਾੜੀਏ ਮਗਨ ਟਕਲੇ ਕੋਲ ਵੇਚਦੀ ਰਹਿੰਦੀ ਹੈ। ਉਸ ਉਤੇ ਮਗਨ ਟਕਲੇ ਦੀ ਅੱਖ ਹੋਣਾ ਤਾਂ ਚਲੋ ਸੁਭਾਵਿਕ ਹੀ ਹੈ, ਸਾਹਮਣੀ ਦੁਕਾਨ ਵਾਲਾ ਈਵਜ਼ ਬੈਟਰੀ ਦਾ ਏਜੰਟ ਸਰਾਜ ਵੀ ਉਹਨੂੰ ਆਨੀਂ-ਬਹਾਨੀਂ ਬੁਲਾਉਂਦਾ ਅਤੇ ਛੇੜਦਾ ਰਹਿੰਦਾ ਹੈ। ਮਗਨ ਘੱਟ ਤੋਂ ਘੱਟ ਪੈਸੇ ਦੇਣ ਲਈ ਹਰ ਕਿਰਤ ਉਤੇ ਨੱਕ ਚਾੜ੍ਹਦਾ ਹੈ ਅਤੇ ਮਗਰੋਂ ਉਸੇ ਬੁੱਤ ਦੇ ਕਈ ਗੁਣਾ ਪੈਸੇ ਵਟਦਾ ਹੈ। ਕੀਰਤੀ ਦੀ ਮਾਂ ਦੀ ਬੀਮਾਰੀ ਦਾ ਲਾਭ ਉਠਾ ਕੇ ਮਗਨ ਉਹਨੂੰ ਮਿਥੁਨ ਦਾ ਬੁੱਤ ਬਣਾ ਕੇ ਲਿਆਉਣ ਲਈ ਆਖਦਾ ਹੈ। ਕੀਰਤੀ ਨਾਂਹ ਕਰ ਦਿੰਦੀ ਹੈ। ਫੇਰ ਉਸ ਵਲੋਂ ਵਿਸ਼ੇ ਦੀ ਅਗਿਆਨਤਾ ਪ੍ਰਗਟ ਕੀਤੇ ਜਾਣ ਉਤੇ ਮਗਨ ਉਹਨੂੰ ਖਜੁਰਾਹੋ ਦੇਖ ਆਉਣ ਦੀ ਸਲਾਹ ਦਿੰਦਾ ਹੈ। ਤੇ ਘਰ ਚਲਾਉਣ ਦੇ ਸਭੇ ਰਾਹ ਬੰਦ ਹੋ ਜਾਣ ਮਗਰੋਂ ਜਦੋਂ ਕੀਰਤੀ ਮਿਥੁਨ ਬਣਾ ਕੇ ਲੈ ਜਾਂਦੀ ਹੈ ਤਾਂ ਭਾਰੀ ਮੁਨਾਫ਼ੇ ਦੀ ਆਸ ਨਾਲ ਬਾਗੋ-ਬਾਗ ਹੋਇਆ ਮਗਨ ਹੈਰਾਨ ਰਹਿ ਜਾਂਦਾ ਹੈ ਕਿ ਉਸ ਬੁੱਤ ਵਿਚਲੀ ਔਰਤ ਕੀਰਤੀ ਆਪ ਹੈ ਜਿਸ ਦੀਆਂ ਅੱਖਾਂ ਵਿਚ ਹੰਝੂ ਹਨ। ਤੇ ਮਰਦ? ਉਹ ਵੀ ਮਗਨ ਨੂੰ ਕਿਤੇ ਦੇਖਿਆ ਲਗਦਾ ਹੈ। ਫੇਰ ਉਹ ਅਚਾਨਕ ਅੱਭੜਵਾਹਿਆ ਪੁੱਛਦਾ ਹੈ, “ਤੂੰæææਤੂੰæææਸਰਾਜ ਨਾਲ ਬਾਹਰ ਗਈ ਸੀ?” ਕੀਰਤੀ ਪੂਰੇ ਜ਼ੋਰ ਨਾਲ ਉਹਦੇ ਮੂੰਹ ਉਤੇ ਥੱਪੜ ਮਾਰ ਕੇ ਅਤੇ ਨੋਟ ਚੁੱਕ ਕੇ ਹੱਟੀ ਵਿਚੋਂ ਬਾਹਰ ਆ ਜਾਂਦੀ ਹੈ।
ਰਤਨ ਸਿੰਘ ਦਸਦੇ ਹਨ ਕਿ ਜਦੋਂ ਉਨ੍ਹਾਂ ਨੇ ਬੇਦੀ ਜੀ ਤੋਂ ਉਨ੍ਹਾਂ ਦੀ ਇਸ ਕਹਾਣੀ ਦੀ ਹੋ ਰਹੀ ਆਲੋਚਨਾ ਬਾਰੇ ਪੁੱਛਿਆ, ਉਹ ਬੋਲੇ, “ਮੈਂ ਆਲੋਚਕਾਂ ਦੀ ਪਰਵਾਹ ਨਹੀਂ ਕਰਦਾ।æææਮੇਰੇ ਆਲੋਚਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਕ ਔਰਤ ਦੇ ਅੰਗ ਉਸ ਦੀ ਗਿੱਲੀ ਸਾੜ੍ਹੀ ਵਿਚੋਂ ਨਗਨਤਾ ਦੀ ਹੱਦ ਤੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਉਹ ਇਹ ਨਹੀਂ ਦੇਖਦੇ ਕਿ ਇਕ ਬਾਣੀਆ ਇਕ ਕਲਾਕਾਰ ਨੂੰ ਆਪਣੇ ਚਾਰ ਪੈਸਿਆਂ ਦੀ ਖ਼ਾਤਰ ਕਿਸ ਤਰ੍ਹਾਂ ਆਪਣਾ ਹੀ ਮਾਡਲ ਬਣਨ ਲਈ ਮਜਬੂਰ ਕਰ ਰਿਹਾ ਹੈ। ਉਹ ਮਜਬੂਰ ਕਰ ਰਿਹਾ ਹੈ ਕਿ ਜੇ ਉਹ ਦੁਨੀਆਂ ਵਿਚ ਜੀਣਾ ਚਾਹੁੰਦੀ ਹੈ ਤਾਂ ਉਹਨੂੰ ਨੰਗੀ ਹੋ ਕੇ ਦੁਨੀਆਂ ਸਾਹਮਣੇ ਆਉਣਾ ਪਵੇਗਾ। ਕਿਸੇ ਦੀਆਂ ਮਜਬੂਰੀਆਂ ਦਾ ਨਾਜਾਇਜ਼ ਫਾਇਦਾ ਉਠਾਉਣਾ ਮੇਰੀ ਸੋਚ ਅਨੁਸਾਰ ਜ਼ਿਆਦਾ ਖਤਰਨਾਕ ਕਿਸਮ ਦਾ ਨੰਗਾਪਨ ਹੈ ਜੋ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਸਾਡੇ ਆਲੋਚਕਾਂ ਨੂੰ ਇਹ ਨੰਗਾਪਨ ਦਿਖਾਈ ਕਿਉਂ ਨਹੀਂ ਦਿੰਦਾ?æææਮੈਂ ਤਾਂ ਅਜਿਹੀਆਂ ਕਹਾਣੀਆਂ ਜ਼ਰੂਰ ਲਿਖਾਂਗਾ, ਆਲੋਚਕ ਭਾਵੇਂ ਜੋ ਮਰਜੀ ਕਹਿੰਦੇ ਰਹਿਣ। ਇਕ ਚੇਤੰਨ ਕਲਾਕਾਰ ਹੋ ਕੇ ਵੀ ਜੇ ਮੈਂ ਅਜਿਹਾ ਨਾ ਕੀਤਾ ਤਾਂ ਮੇਰੀ ਕਲਾ ਮੁਕੰਮਲ ਨਹੀਂ ਸਮਝੀ ਜਾਵੇਗੀ।”
ਬੇਦੀ ਦਸਦੇ ਹਨ ਕਿ ਜਦੋਂ ਵਿਸ਼ਾ ਦਿਮਾਗ ਵਿਚ ਹੋਵੇ, ਗੱਲ ਨਵੀਂ ਤੇ ਵੱਖਰੀ ਹੋਵੇ ਅਤੇ ਉਹਨੂੰ ਪੇਸ਼ ਕਰਨ ਦੇ ਢੰਗ ਦੇ ਠੀਕ ਤੇ ਢੁੱਕਵਾਂ ਹੋਣ ਦੀ ਉਨ੍ਹਾਂ ਦਾ ਅੰਦਰਲਾ ਹਾਮੀ ਭਰਦਾ ਹੋਵੇ ਤਾਂ ਉਨ੍ਹਾਂ ਦੇ ਅੰਦਰੋਂ ਆਵਾਜ਼ ਉਠਦੀ ਹੈ, “ਸਾਵਧਾਨ! ਰਾਜ-ਰਾਜੇਸ਼ਵਰ, ਚਕਰਵਰਤੀ ਸਮਰਾਟ, ਜਨਾਬ ਰਾਜਿੰਦਰ ਸਿੰਘ ਬੇਦੀ ਰੰਗਭੂਮੀ ਵਿਚ ਪਧਾਰ ਰਹੇ ਹਨ।” ਲੇਖਕ ਦੇ ਇਸ ਸਵੈਮਾਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਈ ਸੰਪਾਦਕ ਕਹਾਣੀ ਮੋੜ ਦੇਵੇ, ਇਹਦਾ ਭਾਵ ਇਹ ਨਹੀਂ ਲੈਣਾ ਚਾਹੀਦਾ ਕਿ ਮੇਰੀ ਕਹਾਣੀ ਸੰਪਾਦਕ ਦੇ ਯੋਗ ਨਹੀਂ ਸੀ ਸਗੋਂ ਇਹ ਲੈਣਾ ਚਾਹੀਦਾ ਹੈ ਕਿ ਸੰਪਾਦਕ ਮੇਰੀ ਕਹਾਣੀ ਦੇ ਯੋਗ ਨਹੀਂ ਸੀ।
ਇਸੇ ਸਿਲਸਿਲੇ ਵਿਚ ਉਹ ਇਕ ਅਜਿਹੀ ਗੱਲ ਕਰਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਆਪ ਨੂੰ ਪਤਾ ਹੈ ਕਿ ਉਸ ਨੂੰ “ਸੁਣ ਕੇ ਤੁਹਾਡੇ ਸਾਰਿਆਂ ਦੇ ਕੰਨ ਖੜ੍ਹੇ ਹੋ ਜਾਣਗੇ।” ਉਹ ਉਰਦੂ ਵਰਗੀ ਸਾਹਿਤਕ, ਸੂਖਮ, ਲਚਕਦਾਰ, ਬਾਅਦਬ ਅਤੇ ਛਿੱਲੀ-ਤਰਾਸ਼ੀ ਜ਼ਬਾਨ ਬਾਰੇ ਆਖਦੇ ਹਨ ਕਿ ਇਹ ਅਜੇ ਏਨੀ ਉਨਤ ਨਹੀਂ ਹੋਈ ਕਿ ਕਹਾਣੀ ਦੀ ਕੋਮਲ ਕਲਾ ਨੂੰ ਵਾਜਬ ਢੰਗ ਨਾਲ ਸਮਝ ਸਕੇ ਜਾਂ ਕਬੂਲ ਕਰ ਸਕੇ। ਇਹ ਸੀ ਕਹਾਣੀ ਦੀ ਉਚਾਈ, ਗਹਿਰਾਈ, ਸੂਖਮਤਾ, ਸੁਬਕਤਾ ਤੇ ਤਰਲਤਾ ਬਾਰੇ ਉਨ੍ਹਾਂ ਦਾ ਯਕੀਨ ਅਤੇ ਆਪਣੀ ਕਹਾਣੀ-ਕਲਾ ਬਾਰੇ ਉਨ੍ਹਾਂ ਦਾ ਭਰੋਸਾ!