ਬੱਲੇ ਓਏ ਗੰਢਿਆ…

ਰਵੇਲ ਸਿੰਘ ਇਟਲੀ
ਗੰਢਾ ਆਪ ਜੜ੍ਹਾਂ ਸਣੇ ਜਮੀਨ ਵਿਚ ਤੇ ਇਸ ਦੀਆਂ ਭੂਕਾਂ ਜਮੀਨ ਤੋਂ ਬਾਹਰ, ਗੋਲ ਮੋਲ ਕਿਸੇ ਗੰਜੇ ਸਿਰ ਵਰਗਾ। ਸਿਰ ਤੇ ਹਰੀਆਂ ਭੂਕਾਂ ਦੀ ਛਤਰੀ ਜਿਹੀ ਵਾਲਾ ਗੰਢਾ ਸਿਆਲ ਤੇ ਗਰਮੀ ਦੀ ਰੁੱਤ ਵਿਚ ਖੂਬ ਮੌਜਾਂ ਮਾਣਦਾ ਹੈ। ਅਨੇਕਾਂ ਗੁਣਾਂ ਵਾਲਾ ਹੋਣ ਕਰਕੇ ਇਸ ਦੀ ਦੁਰਗੰਧ ਹੁੰਦੇ ਹੋਏ ਵੀ ਦਾਲ ਸਬਜ਼ੀ ਇਸ ਤੋਂ ਬਿਨਾਂ ਅਧੂਰੀ ਹੁੰਦੀ ਹੈ। ਇਸ ਦੇ ਸ਼ਰੀਕ ਹੋਰ ਵੀ ਹਨ। ਜਿਵੇਂ ਲਸਣ, ਅਦਰਕ, ਹਲਦੀ ਵਗੈਰਾ ਪਰ ਇਸ ਦੇ ਤੜਕੇ ਨਾਲ ਬਣਾਈ ਸਬਜ਼ੀ ਦਾ ਸੁਆਦ ਵੱਖਰਾ ਹੀ ਹੁੰਦਾ ਹੈ।

ਕਿਆਰੀਆਂ ਵਿਚ ਲਗਾਏ ਹੋਏ ਗੰਢੇ ਦਾ ਟੌਹਰ ਬੇਸੱਕ ਵੱਖਰਾ ਹੀ ਹੁੰਦਾ ਹੈ, ਤੇ ਕਈ ਵਾਰ ਇਹ ਵਿਚਾਰਾ ਪੱਕਣ ਤੋਂ ਪਹਿਲਾਂ ਹੀ ਕੂਲੀਆਂ ਹਰੀਆਂ ਭੂਕਾਂ ਦੀ ਚਟਣੀ ਤੇ ਅਨਾਰ ਦਾਣੇ ਦੀ ਚੱਟਣੀ ਨਾਲ ਆਪ ਵੀ ਰਗੜਿਆ ਜਾਂਦਾ ਹੈ ਪਰ ਇਹ ਵੀ ਹਰ ਵਕਤ ਲੋਕਾਂ ਤੋਂ ਬਦਲਾ ਲੈਣ ਲਈ ਕਿਸੇ ਮੌਕੇ ਤੀ ਤਾਕ ਵਿਚ ਰਹਿੰਦਾ ਹੈ।
ਵੱਡੇ ਸਿਤਮ ਦੀ ਗੱਲ ਇਹ ਹੈ ਕਿ ਫੋਲਿਆਂ ਸ਼ੁਰੂ ਤੋਂ ਅਖੀਰ ਤੱਕ ਛਿੱਲੜਾਂ ਦਾ ਇੱਕ ਐਵੇਂ ਵਲ੍ਹੇਟ ਜਿਹਾ ਹੀ ਹੁੰਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਰਸੋਈ ਵਿਚ ਇਸ ਬਿਨਾ ਗੁਜ਼ਾਰਾ ਨਹੀਂ। ਛਿੱਲਣ ਤੋਂ ਲੈ ਕੇ ਕੁਟਣ ਤੱਕ ਹੰਝੂ ਵਹਾ ਕੇ ਵੀ ਰਸੋਈ ਇਸ ਬਿਨਾ ਅਧੂਰੀ ਹੁੰਦੀ ਹੈ। ਆਲੂ ਵਾਂਗ ਇਸ ਦਾ ਵੀ ਸਾਰੇ ਸੰਸਾਰ ਵਿਚ ਬੋਲ ਬਾਲਾ ਹੈ ਪਰ ਭਾਰਤ ਵਿਚ ਲੁਕਣ ਮੀਟੀ ਖੇਡ ਕੇ ਇਹ ਰਾਜਨੀਤੀ ਨੂੰ ਵੀ ਕਈ ਵਾਰ ਤੜਕਾ ਲੁਆਉਂਦਾ ਹੈ। ਕਈ ਵਾਰ ਇਸੇ ਖੇਡ ਵਿਚ ਕਈ ਨੇਤਾਵਾਂ ਦੀ ਕੁਰਸੀ ਤੱਕ ਵੀ ਚਲੀ ਜਾਂਦੀ ਹੈ। ਪਰ ਗੰਢਾ ਡਾਢਾ ਤਮਾਸ਼ਬੀਨ ਹੈ। ਅੱਜ ਕੱਲ ਫਿਰ ਇਹ ਆਪਣਾ ਰੰਗ ਵਿਖਾਉਣ ਲੱਗਾ ਹੈ ਤੇ ਕਈ ਨੇਤਾਵਾਂ ਤੇ ਸਾਰੇ ਦੇਸ਼ ਨੂੰ ਇਸ ਨੇ ਹੱਥਾਂ ਪੈਰਾਂ ਦੀ ਪੁਆ ਛੱਡੀ ਹੈ।
ਜਮ੍ਹਾਂਖੋਰਾਂ ਦੇ ਗੁਦਾਮਾਂ ਵਿਚ ਲੁਕਿਆ ਗੰਢਾ ਲੋਕਾਂ ਨੂੰ ਅੰਦਰੋਂ ਘੂਰ ਘੂਰ ਕੇ ਜਿਵੇਂ ਕਹਿ ਰਿਹਾ ਹੋਵੇ ਕਿ ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ। ਕਦੇ ਤੁਸੀਂ ਮੈਨੂੰ ਨੰਗਾ ਕਰਕੇ ਮੇਰੇ ਪਰਦੇ ਫੋਲਦੇ ਸੀ, ਹੁਣ ਮੈਂ ਤੁਹਾਡੇ ਪਰਦੇ ਫੋਲ ਕੇ ਤੁਹਾਡੇ ਕੰਨਾਂ ਨੂੰ ਹੱਥ ਲੁਆ ਕੇ ਸਾਹ ਲਊਂ। ਮੈਨੂੰ ਲੱਭਣ ਲਈ ਭਜੇ ਫਿਰੋਗੇ ਪਰ ਮੈਂ ਤੁਹਾਡੇ ਹੱਥ ਨਹੀਂ ਆਉਣਾ।
ਇਕ ਦਿਨ ਸਾਡਾ ਗੁਆਂਢੀ ਗੰਡਾ ਸਿੰਘ ਆਪਣੀ ਘਰ ਵਾਲੀ ਨੂੰ ਕਹਿ ਰਿਹਾ ਸੀ, ਭਾਗਵਾਨੇ ਹੁਣ ਤਾਂ ਗੰਢਾ ਬਹੁਤ ਮਹਿੰਗਾ ਹੋ ਗਿਐ, ਮੇਰੀ ਮੰਨੇ ਤਾਂ ਇਸ ਦੀ ਥਾਂ ਲਸਣ, ਅਦਰਕ ਦਾ ਹੀ ਤੜਕਾ ਲਾ ਲਿਆ ਕਰੀਏ। ਘਰ ਵਾਲੀ ਆਪਣੀ ਵੋਟ ਝੱਟ ਗੰਢੇ ਦੇ ਹੱਕ ਵਿਚ ਪਾਉਂਦੀ ਕਹਿਣ ਲੱਗੀ, ਛੱਡੋ ਜੀ ਜੋ ਸੁਆਦ ਗੰਢੇ ਦੇ ਤੜਕੇ ਦਾ ਹੈ, ਉਸ ਦਾ ਮੁਕਾਬਲਾ ਲਸਣ-ਅਦਰਕ ਨੇ ਸੁਆਹ ਕਰਨੈ, ਨਾਲੇ ਲਸਣ ਆਪਣੀ ਥਾਂ, ਅਦਰਕ ਆਪਣੀ ਥਾਂ। ਗੰਢਾ ਤਾਂ ਫਿਰ ਗੰਢਾ ਹੀ ਹੈ, ਕੀ ਹਨੇਰ ਆ ਗਿਆ ਜੇ ਜ਼ਰਾ ਮਹਿੰਗਾ ਹੋ ਗਿਐ। ਤੁਸੀਂ ਜਿੱਥੇ ਕਿੱਲੋ ਲਿਆਉਂਦੇ ਸੀ, ਪਾਈਆ ਹੀ ਲੈ ਆਇਆ ਕਰੋ। ਇਹ ਖਸਮਾਂ ਖਾਣੀ ਮੰਗਿਆਈ ਵੇਲੇ ਗੰਢਿਆਂ ਨੂੰ ਪਤਾ ਨਹੀਂ ਕਿੱਥੇ ਲੁਕੋ ਲੈਂਦੇ ਨੇ। ਗੰਢੇ ਕਟਣ ਵੇਲੇ ਭਾਵੇਂ ਅੱਖਾਂ ‘ਚੋਂ ਪਾਣੀ ਵੀ ਕਢਾਉਂਦੇ ਹਨ, ਰੁਆਂਦੇ ਵੀ ਹਨ ਪਰ ਮੰਗਿਆਈ ਦੇ ਰੋਣੇ ਤਾਂ ਵਧਦੇ ਹੀ ਜਾਣੇ ਨੇ। ਤੁਸੀਂ ਗੰਢੇ ਲਿਆਉਣੇ ਨਾ ਭੁੱਿਲਓ।
ਗੰਢਾ ਦੂਰ ਬੈਠਾ ਦੋਹਾਂ ਜੀਆਂ ਦੀ ਗੱਲ ਸੁਣ ਕੇ ਖੁਸ਼ ਹੋਇਆ, ਮੈਂ ਗੰਢਾ ਜੁ ਹੋਇਆ ਕਈ ਪਰਦਿਆਂ ਦੀਆਂ ਗੰਢਾਂ ਵਿਚ ਬੱਝਾ ਮੈਂ ਵੀ ਅੱਜ ਕੱਲ ਬੜੀ ਸ਼ੈਅ ਹਾਂ।
ਇੱਕ ਵਾਰ ਤਾਂ ਫਿਰ ਗੰਢੇ ਨੇ ਜ਼ਿਦਗੀ ਦੇ ਮੈਦਾਨ ਵਿਚ ਹਰ ਪੱਖੋਂ ਹਨੇਰੀਆਂ ਲਿਆ ਦਿੱਤੀਆਂ ਹਨ। ਇਸ ਮੁਸ਼ਕਲ ਵਿਚ ਲੋਕ ਕਦੇ ਕਿਸੇ ‘ਤੇ ਅਤੇ ਕਦੇ ਕਿਸੇ ‘ਤੇ ਦੋਸ਼ ਲਾ ਰਹੇ ਹਨ। ਰੱਬ ਜਾਣੇ, ਗੰਢਾ ਬੇਫਿਕਰਾ ਹੈ ਜਾਂ ਬੇਗੌਰਾ ਜਾਂ ਫਿਰ ਲੀਡਰ, ਜਾਂ ਇਸ ਦੀ ਸੇਵਾ ਸਾਂਭ-ਸੰਭਾਲ ਦੀ ਅਣਦੇਖੀ ਕਰਦੇ ਕਿਸਾਨ ਜਾਂ ਸਮੇਂ ਦੀਆਂ ਸਰਕਾਰਾਂ। ਕੁੱਝ ਵੀ ਹੋਵੇ, ਕੁਤਾਹੀ ਕਿਤੇ ਤਾਂ ਜ਼ਰੂਰ ਹੈ। ਲੋਕ ਦੁਖੀ ਹੋ ਕੇ ਬਾਰ ਗੰਢਿਆਂ ਦੀ ਹੌਸਲਾ ਅਫਜ਼ਾਈ ਪਏ ਕਰਦੇ ਨੇ। ਲੋਕਾਂ ਨੇ ਗੰਢਿਆਂ ਦੇ ਹਾਰ, ਗੰਢਿਆਂ ਦੇ ਗੁਲਦਸਤੇ, ਗੰਢਿਆਂ ਦੀਆਂ ਰੱਖੜੀਆਂ, ਗੰਢਿਆਂ ਦੀਆਂ ਵੱਖਰੇ ਵਖਰੇ ਅੰਦਾਜ਼ ਵਿਚ ਤਸਵੀਰਾਂ ਬਣਾ ਧਰੀਆਂ ਨੇ। ਫੇਸ ਬੁਕਾਂ ‘ਤੇ ਗੰਢੇ, ਸੌਗਾਤ ਵਜੋਂ ਗੰਢੇ, ਤੇ ਗੰਢਿਆਂ ਦੇ ਜੁਮਲੇ-ਹਾਏ ਗੰਢੇ, ਬਾਏ ਗੰਢੇ, ਕਿੱਥੇ ਗਏ ਗੰਢੇ, ਕਿੱਥੇ ਪਏ ਗੰਢੇ ਤੇ ਹੋਰ ਪਤਾ ਨਹੀਂ ਕੀ ਕੀ ਆਖ, ਤੇ ਕੀ ਕੀ ਕਰ, ਇਨ੍ਹਾਂ ਦੀ ਆਰਤੀ ਉਤਾਰੀ ਜਾ ਰਹੀ ਹੈ।
ਪਰ ਗੰਢਾ ਅਜੇ ਮੰਨਣ ਦਾ ਨਾਂ ਨਹੀਂ ਲੈ ਰਿਹਾ। ਹਰ ਜੁਬਾਨ ‘ਤੇ ਹੈ ਗੰਢੇ ਦੀ ਗੱਲ। ਇਥੇ ਹੀ ਬੱਸ ਨਹੀਂ ਹੁਣ ਤਾਂ ਗੰਢੇ ਦੀਆਂ ਗੱਲਾਂ ਸਰਕਾਰੇ-ਦਰਬਾਰੇ ਵੀ ਹੋ ਰਹੀਆਂ ਹਨ। ਮਹਿੰਗਾਈ ਤਾਂ ਹਰ ਚੀਜ਼ ‘ਤੇ ਸਵਾਰ ਹੈ ਪਰ ਗੰਢੇ ਦਾ ਮਹਿੰਗਾ ਹੋਣਾ ਹਰ ਇੱਕ ਨੂੰ ਬੜਾ ਰੁਆ ਰਿਹਾ ਹੈ।
ਬੱਲੇ ਓਏ ਗੰਢਿਆ, ਤੇਰੀਆਂ ਨਹੀਂ ਰੀਸਾਂ,
ਲੋਕਾਂ ਦੀਆਂ ਵਾਹਵਾ, ਕਢਾਈਆਂ ਤੂੰ ਚੀਕਾਂ।
ਪਹਿਲਾਂ ਸੀ ਰੁਆਉਂਦਾ, ਹੁਣ ਬੜਾ ਹੈ ਰੁਆਇਆ,
ਲਾਇਆ ਜਦੋਂ ਤੜਕਾ, ਤੂੰ ਯਾਦ ਬਹੁਤ ਆਇਆ।
ਇਹ ਦੂਰੀਆਂ ਤੇ ਨਖਰੇ ਤੂੰ ਪਾਈਆਂ ਕਿਵੇਂ ਲੀਕਾਂ ,
ਬੱਲੇ ਓਏ ਗੰਢਿਆ, ਤੇਰੀਆਂ ਨਹੀਂ ਰੀਸਾਂ।
ਤੇਰੇ ਬਿਨਾਂ ਰਸੋਈ ਹੁਣ ਖਾਣ ਨੂੰ ਹੈ ਆਉਂਦੀ,
ਗਿਐਂ ਕਿਸ ਪਾਸੇ ਕੋਈ ਸਮਝ ਨਾ ਆਉਂਦੀ,
ਹਿਜਰ ਤੇਰਾ ਪਾਉਂਦਾ ਪਿਆ ਕਾਲਜੇ ਚ ਚੀਸਾਂ,
ਬੱਲੇ ਓਏ ਗੰਢਿਆ ਤੇਰੀਆਂ ਨਹੀਂ ਰੀਸਾਂ।
ਪਹਿਲਾਂ ਸਾਨੂੰ ਮਾਰਿਆ ਡਾਢਾ ਮਹਿੰਗਾਈ ਨੇ,
ਅੱਜ ਸਾਨੂੰ ਮਾਰਿਆ ਹੈ ਤੇਰੀ ਹੀ ਜੁਦਾਈ ਨੇ,
ਤੇਰੀਆਂ ਨੇ ਮੰਡੀਆਂ ਚ ਹੁੰਦੀਆਂ ਉਡੀਕਾਂ,
ਬੱਲੇ ਓਏ ਗੰਢਿਆ ਤੇਰੀਆਂ ਨਾ ਰੀਸਾਂ।
ਲੋਕਾਂ ਨੂੰ ਫਿਕਰ ਤੇਰਾ, ਨੇਤਾ ਨੂੰ ਫਿਕਰ æਤੇਰਾ,
ਜਦ ਦਾ ਗੁਆਚਿਆਂ ਏਂ, ਥਾਂ ਥਾਂ ਜ਼ਿਕਰ ਤੇਰਾ,
ਮੋੜੇਂਗਾ ਮੁਹਾਰਾਂ ਕਦ, ਦੱਸ ਖਾਂ ਤਰੀਕਾਂ
ਬੱਲੇ ਓਏ ਗੰਢਿਆ ਤੇਰੀਆਂ ਨਹੀਂ ਰੀਸਾਂ।