ਹੋਂਦ

ਦਵਿੰਦਰ ਕੌਰ, ਕੈਨੇਡਾ
ḔਹੋਂਦḔ ਇੱਕ ਅਜਿਹਾ ਸ਼ਬਦ ਹੈ ਜਿਸ ਵਿਚ ਕੁੱਲ ਕਾਇਨਾਤ ਆਪ ਮੁਹਾਰੇ ਸਮਾ ਗਈ| ਹਰ ਰਿਸ਼ਤੇ ਦੀ ਗਹਿਰਾਈ ਉਸ ਦੀ ਹੋਂਦ ‘ਤੇ ਹੀ ਨਿਰਭਰ ਕਰਦੀ ਹੈ ਤੇ ਕੁਝ ਇਸੇ ਤਰ੍ਹਾਂ ਸੀ ਸਾਡਾ ਰਿਸ਼ਤਾ। ਸਾਡੇ ਦੋਹਾਂ ਦੀ ਹੋਂਦ ਇੱਕ ਦੂਜੇ ਬਿਨਾਂ ਅਧੂਰੀ ਸੀ। Ḕਤੇਰੇ ਹੋਣ ਨਾਲ ਮੈਂ ਹੋਈ ਤੇ ਮੇਰੇ ਹੋਣ ਨਾਲ ਤੂੰ ਜੀਣਾ ਸਿਖਿਆḔ, ਇਹੀ ਆਖਦੀ ਹੈ ਹਰ ḔਮਾਂḔ ਆਪਣੇ ਬੱਚੇ ਨੂੰ। ਪਹਿਲੀ ਵਾਰ ਬੁੱਕਲ ‘ਚ ਲੈ ਇੱਕ ਲੰਬੇ ਸਮੇਂ ਤੀਕ ਨੀਝ ਲਾ ਪਲਕਾਂ ਤੇ ਖਾਬਾਂ ਦੀਆਂ ਸਲਾਈਆਂ ਨਾਲ ਸੁਫਨੇ ਬੁਣਦੀ ਹੋਈ,

ਮਿੱਟੀ ਦੇ ਇੱਕ ਪੁਤਲੇ ‘ਚ ਆਪਣੇ ਸਾਹਾਂ ਨਾਲ ਜਾਨ ਤੇ ਲਹੂ ਦੀ ਇੱਕ ਇੱਕ ਬੂੰਦ ਨਾਲ ਸਿੰਜਦੀ ਹੋਈ 9 ਮਹੀਨੇ ਬਾਅਦ ਇੱਕ ਸੁੰਦਰ ਬਾਲ ਨੂੰ ਜਨਮ ਦੇ ਸਾਰੇ ਚੌਗਿਰਦੇ ‘ਚ ਖੁਸ਼ੀਆਂ ਵੰਡ ਦਿੰਦੀ ਹੈ, ਕਈ ਸੁੰਨੀਆਂ ਝੋਲੀਆਂ ਰਿਸ਼ਤੇ ਦੇ ਨਾਮ ਨਾਲ ਭਰ ਇਕੋ ਵੇਲੇ ਮੋਹ ਦੀਆਂ ਤੰਦਾਂ ਨਾਲ ਸਾਰਿਆਂ ਨੂੰ ਆਪਸ ‘ਚ ਬੰਨ ਦਿੰਦੀ ਹੈ। ਕਿੰਨੀ ਸੋਹਣੀ ਹੈ ਇਹ ḔਮਾਂḔ|
ਇਨਸਾਨ ਦੀ ਹੋਂਦ ਉਸ ਦੇ ਮਾਂ-ਪਿਉ ਦੋਹਾਂ ‘ਤੇ ਨਿਰਭਰ ਕਰਦੀ ਹੈ ਕਿਉਂਕਿ ਇੱਕਲਿਆਂ ਇਸ ਪ੍ਰਤਿਕ੍ਰਿਆ ਨੂੰ ਹੋਂਦ ‘ਚ ਲੈ ਕੇ ਆਉਣਾ ਨਾਮੁਮਕਿਨ ਹੈ| ਔਰਤ ਤੇ ਮਰਦ ਦੋਵੇਂ ਇਕਠੇ ਹੀ ਇਸ ਖੂਬਸੂਰਤ ਭਵਿੱਖ ਨੂੰ ਸਿਰਜਦੇ ਹਨ| ਹਰ ਪਖੋਂ ਇਸ ਦਾ ਸਿਹਰਾ ਮਾਂ ਨੂੰ ਮਿਲਦਾ ਹੈ ਕਿਉਂਕਿ ਉਹ ਜੋ ਕੁਝ ਵੀ ਚੰਗਾ-ਮਾੜਾ ਇਨ੍ਹਾਂ 9 ਮਹੀਨਿਆਂ ਦੌਰਾਨ ਕਰਦੀ ਹੈ, ਉਸ ਦਾ ਅਸਰ ਕੁੱਖ ਵਿਚ ਪਲਦੇ ਭਰੂਣ ਦੇ ਮਾਨਸਿਕ ਤੇ ਸਰੀਰਕ ਵਿਕਾਸ ‘ਤੇ ਹੁੰਦਾ ਹੈ| ਇਸ ਸਮੇਂ ਦੌਰਾਨ ਔਰਤ ਦੇ ਹਾਰਮੋਨ ਬਦਲਦੇ ਨੇ, ਕਈ ਵਾਰ ਗੁੱਸਾ, ਉਦਾਸੀ, ਕਿਸੇ ਚੀਜ਼ ਨੂੰ ਲੈ ਕੇ ਖਿਚ, ਕਿਸੇ ਦੇ ਆਉਣ ਦੀ ਖੁਸ਼ੀ ਜਾਂ ਇੱਕ ਅਨਜਾਣ ਜਿਹਾ ਡਰ ਤੇ ਖਾਣ-ਪੀਣ ਦੇ ਮਾਮਲੇ ‘ਚ ਲਾਪਰਵਾਹੀ ਜਾਂ ਵਧੇਰੇ ਭੁੱਖ ਲੱਗਣਾ, ਇਹ ਸਭ ਗਰਭਵਤੀ ਹੋਣ ਵੇਲੇ ਦੀਆਂ ਕੁਝ ਆਮ ਨਿਸ਼ਾਨੀਆਂ ਨੇ| ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਈ ਔਰਤਾਂ ਜੋ ਪਹਿਲਾਂ ਮਾਂ ਬਣ ਚੁੱਕੀਆਂ ਹੁੰਦੀਆਂ ਨੇ, ਉਨ੍ਹਾਂ ਨੂੰ ਮੁੰਡਾ ਜਾਂ ਕੁੜੀ ਹੀ ਚਾਹੀਦਾ ਹੁੰਦਾ, ਜਿਸ ਦਾ ਅਸਰ ਬੱਚੇ ਦੀ ਮਾਨਸਿਕ ਸਥਿਤੀ ‘ਤੇ ਪੈਂਦਾ ਹੈ| ਉਹ 9 ਮਹੀਨੇ ਜੋ ਤਣਾਓ ਵਿਚ ਗੁਜਰਦੇ ਹਨ, ਜੱਚਾ ਤੇ ਬੱਚਾ ਦੋਹਾਂ ਨੂੰ ਕਮਜ਼ੋਰ ਕਰ ਦਿੰਦੇ ਹਨ| ਕਈ ਵਾਰ ਮਾਪੇ ਅਲਟਰਾ ਸਾਊਂਡ ਕਰਵਾਉਂਦੇ ਹਨ ਤੇ ਲਿੰਗ ਪਤਾ ਕਰਵਾ ਲੈਂਦੇ ਹਨ, ਨਤੀਜਾ ਹਰ ਵਾਰ ਸਹੀ ਹੋਵੇ, ਇਸ ਗੱਲ ਦੀ ਗਾਰੰਟੀ ਤਾਂ ਡਾਕਟਰ ਖੁਦ ਵੀ ਨਹੀ ਲੈਂਦਾ ਤੇ ਨਿਰਧਾਰਿਤ ਲਿੰਗ ਨਾ ਮਿਲਣ ‘ਤੇ ਗਰਭਪਾਤ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ| ਇਸ ਪਾਪ ਵਿਚ ਮਾਂ-ਬਾਪ ਤੇ ਡਾਕਟਰ ਸਾਰੇ ਭਾਗੀ ਬਣਦੇ ਨੇ ਤੇ ਉਸ ਅੱਧ-ਖਿੜੇ ਫੁੱਲ ਨੂੰ ਦੁਨੀਆਂ ‘ਚ ਆਉਣ ਤੋਂ ਪਹਿਲਾਂ ਹੀ ਅਲਵਿਦਾ ਕਹਿ ਦਿੰਦੇ ਨੇ| ਕਈਆਂ ਨੂੰ ਭਰੂਣ ਹੱਤਿਆ ਤੋਂ ਬਾਅਦ ਸਾਰੀ ਜ਼ਿੰਦਗੀ ਪਛਤਾਵੇ ‘ਚ ਗੁਜ਼ਾਰਨੀ ਪੈਂਦੀ ਹੈ|
ਵਿਆਹ ਤੋਂ ਬਾਅਦ ਪਤੀ-ਪਤਨੀ ਬੱਚੇ ਲਈ ਤਰਸਦੇ ਹਨ, ਪਰ ਅੱਜ ਕੱਲ ਜੋ ਮਾਪਿਆਂ ਦੇ ਹਾਲਾਤ ਬੱਚੇ ਕਰਦੇ ਨੇ, ਵੇਖ ਆਪ ਮੁਹਾਰੇ ਮੂੰਹ ‘ਚੋਂ ਨਿਕਲਦਾ ਹੈ, ਏਦੂੰ ਤਾਂ ਬੇਔਲਾਦ ਹੀ ਚੰਗੇ ਸਨ।
ਅੱਜ ਕੱਲ Ḕਸਿੰਗਲ ਮੋਮ ਤੇ ਸਿੰਗਲ ਡੈਡḔ ਸਾਨੂੰ ਹਰ ਸ਼ਹਿਰ-ਦੇਸ਼ ਵਿਚ ਦੇਖਣ ਨੂੰ ਮਿਲਦੇ ਹਨ ਤੇ ਬ੍ਰਿਟੇਨ ਵਿਚ ਤਾਂ ਸਿੰਗਲ ਮੋਮ ਦੀ ਗਿਣਤੀ ਹੋਰ ਵੀ ਵੱਧ ਹੈ| ਭਾਰਤ ਵਿਚ ਵੀ ਇਹ ਗਿਣਤੀ ਹੁਣ ਵੱਧ ਰਹੀ ਹੈ। ਕਾਰਨ, ਸ਼ਾਇਦ ਸਾਡੇ ਭਾਰਤੀ ਨੌਜਵਾਨ ਬੱਚਿਆਂ ਪ੍ਰਤੀ ਆਪਣੀ ਜ਼ਿਮੇਵਾਰੀ ਨਹੀਂ ਸਮਝਦੇ, ਤੇ ਜੇ ਮਾਂ-ਬਾਪ ਦਾ ਤਲਾਕ ਹੋ ਜਾਵੇ ਤਾਂ ਬੱਚੇ ਮਾਂ ਦੇ ਹਿੱਸੇ ਆਉਂਦੇ ਹਨ ਪਰ ਕਿਉਂ? ਕੀ ਉਹ ਸਿਰਫ ਮਾਂ ਦੀ ਜ਼ਿਮੇਵਾਰੀ ਹਨ? ਪਰ ਸਬਰ-ਸੰਤੋਖ ਤੇ ਸਥਿਰਤਾ ਦੀ ਮਾਲਿਕ ਔਰਤ ਆਪਣੇ ਬੱਚਿਆਂ ਨੂੰ ਪਾਲਦੀ ਹੈ। ਵਿਦੇਸ਼ਾਂ ਵਿਚ ਲੋਕ ਸਭਿਅਕ ਹਨ, ਬਿਨਾ ਵਿਆਹ ਤੋਂ ਵੀ ਰਹਿੰਦੇ ਹਨ ਤਾਂ ਬੱਚਿਆਂ ਦੀ ਜ਼ਿਮੇਵਾਰੀ ਮਾਂ ਤੇ ਬਾਪ, ਦੋਹਾਂ ਦੀ ਹੁੰਦੀ ਹੈ ਜਦ ਤੀਕ ਉਹ ਬਾਲਗ ਨਹੀਂ ਹੋ ਜਾਂਦਾ|
ਅਸੀਂ ਭਾਰਤੀ ਹਰ ਮਾਮਲੇ ‘ਚ ਆਪਣੇ ਆਪ ਨੂੰ ਵਿਦੇਸ਼ੀਆਂ ਤੋਂ ਮੂਹਰੇ ਗਿਣਦੇ ਹਾਂ, ਪਰ ਜ਼ਿਮੇਵਾਰੀ ਨਿਭਾਉਣ ਵੇਲੇ ਇਹ ਸਾਡੀ ਮੂਹਰੇ ਹੋਣ ਦੀ ਸੋਚ ਕਿਥੇ ਚਲੀ ਜਾਂਦੀ ਹੈ? ਉਦੋਂ ਅਸੀਂ ਉਦਾਰ ਚਿੱਤ ਬਣ ਕੇ ਸਾਹਮਣੇ ਕਿਉਂ ਨਹੀ ਆਉਂਦੇ? ਬੱਚੇ, ਜਿਨ੍ਹਾਂ ਨੂੰ ਅਸੀਂ ਚਾਵਾਂ-ਮਲ੍ਹਾਰਾਂ ਨਾਲ ਮੁਸ਼ਕਿਲਾਂ ਸਹਾਰਦੇ ਹੋਏ ਪਾਲਦੇ ਹਾਂ ਪਰ ਇਹ ਬੱਚੇ ਇੱਕ ਹੀ ਪਲ ‘ਚ ਸਾਨੂੰ ਛੱਡ ਕੇ ਚਲੇ ਜਾਂਦੇ ਹਨ। ਉਦੋਂ ਸਾਡੀ ਸਭਿਅਤਾ ਕਿਥੇ ਮਰ ਜਾਂਦੀ ਹੈ, ਅਖੀਰ ਕਿਹੜੀ ਮੰਡੀ ‘ਚ ਅਸੀਂ ਸ਼ਰਮ ਵੇਚ ਕੇ ਆਉਂਦੇ ਹਾਂ, ਜਦੋਂ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮ ‘ਚ ਛੱਡ, ਪਿਛੇ ਮੁੜ ਕੇ ਵੀ ਨਹੀਂ ਦੇਖਦੇ। ਜੇਕਰ ਕਦੀ ਜਾਂਦੇ ਹਾਂ ਤਾਂ ਸਿਰਫ ਉਨ੍ਹਾਂ ਦੀ ਪੈਨਸ਼ਨ ਜਾਂ ਜਮੀਨ-ਜਾਇਦਾਦ ਦੇ ਕਾਗਜ਼ਾਂ ‘ਤੇ ਅੰਗੂਠਾ ਲਵਾਉਣ। ਕੀ ਇਹ ਹੀ ਹਨ ਸਾਡੀਆਂ ਜ਼ਿਮੇਵਾਰੀਆਂ ਉਨ੍ਹਾਂ ਮਾਪਿਆਂ ਪ੍ਰਤੀ ਜੋ ਆਪਣੇ ਇਕਲਾਪੇ ਨੂੰ ਭੁੱਲ ਸਾਡੇ ਵੱਲ ਵੇਖ ਜਿਉਂਦੇ ਰਹੇ? ਸਾਡੀਆਂ ਖੁਸ਼ੀਆਂ ਖਾਤਰ ਕਿਉਂ ਉਹ ਆਪਣੀਆਂ ਖੁਸ਼ੀਆਂ ਭੁੱਲ ਗਏ? ਮਾਪੇ ਆਪਣੀ ਜ਼ਿੰਦਗੀ ਬੱਚਿਆਂ ਦੀ ਖੁਸ਼ੀ ਲਈ ਕੁਰਬਾਨ ਕਰ ਦਿੰਦੇ ਹਨ ਤੇ ਬੱਚੇ ਉਨ੍ਹਾਂ ਦੀਆਂ ਖੁਸ਼ੀਆਂ ਦੀ ਪ੍ਰਵਾਹ ਹੀ ਨਹੀਂ ਕਰਦੇ। ਸ਼ਾਇਦ ਇਸੇ ਨੂੰ ਅੱਜ ਦੀ ਯੁਵਾ ਪੀੜੀ ਬਦਲਾਓ ਦਾ ਨਾਂ ਦਿੰਦੀ ਹੈ| ਜੇ ਇਹ ਬਦਲਾਓ ਹੈ ਤਾਂ ਮਾਪਿਆਂ ਦਾ ਦੁਬਾਰਾ ਵਿਆਹ ਕਰਵਾਉਣਾ ਕਿਉਂ ਠੀਕ ਨਹੀਂ? ਉਨ੍ਹਾਂ ਨੂੰ ਵੀ ਤਾਂ ਇਕ ਸਾਥੀ ਦੀ ਲੋੜ ਹੈ| ਬੁਢਾਪੇ ਵਿਚ ਸਾਥ ਦੀ ਖਾਸ ਲੋੜ ਹੁੰਦੀ ਹੈ, ਫਿਰ ਕਿਉਂ ਨਾ ਸੋਚਣ ਇਹ ਮਾਪੇ ਆਪਣੇ ਭਵਿੱਖ ਬਾਰੇ? ਸਾਡਾ ਸਭਿਅਕ ਸਮਾਜ ਇਸ ਨੂੰ ਇੱਕ ਕੁਰੀਤੀ ਦਾ ਨਾਮ ਦਿੰਦਾ ਹੈ ਤੇ ਭਾਰਤੀ ਯੁਵਾ ਪੀੜੀ ਵੀ ਇਸ ਨੂੰ ਗਲਤ ਕਹਿੰਦੀ ਹੈ। ਕੀ ਇਹ ਬੇ-ਇਨਸਾਫੀ ਨਹੀਂ? ਸਾਡੀ ਨੌਜਵਾਨ ਪੀੜੀ ਜੇ ਮਾਪਿਆਂ ਨੂੰ ਬੁਢਾਪੇ ‘ਚ ਆਪਣਾ ਵਕਤ ਦੇਣ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਤੇ ਲੋੜਾਂ ਨੂੰ ਸਮਝਣ, ਫੇਰ ਕਿਉਂ ਸਾਡੇ ਬਜ਼ੁਰਗ ਰੁਲਣ, ਸਾਡੇ ਬੱਚਿਆਂ ਦਾ ਭਵਿੱਖ ਬਜ਼ੁਰਗਾਂ ਦੇ ਪਿਆਰ ਤੋਂ ਕਿਵੇਂ ਵਾਂਝਾ ਰਹਿ ਸਕਦਾ ਹੈ।
ਆਓ, ਜਿਨ੍ਹਾਂ ਸਾਨੂੰ ਜਨਮ ਦਿੱਤਾ, ਪਹਿਚਾਣ ਦਿੱਤੀ, ਸੋਹਣਾ ਜੀਵਨ ਦਿੱਤਾ, ਅੱਗੇ ਵਧਣ ਦਾ ਮੌਕਾ ਦਿੱਤਾ, ਉਨ੍ਹਾਂ ਰੱਬ ਵਰਗੇ ਮਾਪਿਆਂ ਨੂੰ ਲੋੜੀਂਦਾ ਵਕਤ ਤੇ ਇੱਜ਼ਤ ਮਾਣ ਦੇ ਕੇ ਦੁਨੀਆਂ ਦੀਆਂ ਅਨਮੋਲ ਦਾਤਾਂ ਨਾਲ ਆਪਣੀਆਂ ਸੁੰਨੀਆਂ ਝੋਲੀਆਂ ਭਰ ਲਈਏ।