ਸਰੋਕਾਰਾਂ ਦੇ ਦਸਤਾਵੇਜ਼:ਦਲਜੀਤ ਅਮੀ ਦੀਆਂ ਦਸਤਾਵੇਜ਼ੀ ਫਿਲਮਾਂ

ਦਲਜੀਤ ਅਮੀ ਨੇ ਪੱਤਰਕਾਰੀ ਅਤੇ ਫਿਲਮਸਾਜ਼ੀ ਦੇ ਖੇਤਰ ਵਿਚ ਆਪਣੀ ਪਛਾਣ ਲੋਕਾਂ ਨਾਲ ਜੁੜੇ ਸਰੋਕਾਰਾਂ ਦੀਆਂ ਗੱਲਾਂ ਕਰਦਿਆਂ ਬਣਾਈ ਹੈ। ਉਹ ਆਪਣੀ ਹਰ ਗੱਲ ਨੂੰ ਸਰੋਕਾਰਾਂ ਦੇ ਪਿੜ ਵਿਚ ਨਿਤਾਰ ਕੇ ਕਰਦਾ ਹੈ। ਅੱਜ ਕੱਲ੍ਹ ਉਹ ਅਮਰੀਕਾ ਅਤੇ ਕੈਨੇਡਾ ਦੇ ਦੌਰੇ ਉਤੇ ਆਇਆ ਹੋਇਆ ਹੈ।

‘ਪੰਜਾਬ ਟਾਈਮਜ਼’ ਦੇ ਪਾਠਕ ਹਰ ਹਫਤੇ ਉਸ ਦਾ ਲਿਖਿਆ ਲੇਖ ਪੜ੍ਹ ਹੀ ਲੈਂਦੇ ਹਨ, ਐਤਕੀਂ ਅਸੀਂ ਉਸ ਦੀਆਂ ਦਸਤਾਵੇਜ਼ੀ ਫਿਲਮਾਂ ਬਾਰੇ ਰੌਸ਼ਨੀ ਖੇਤਲ ਦਾ ਇਹ ਲੇਖ ਛਾਪ ਰਹੇ ਹਾਂ ਜਿਸ ਵਿਚ ਉਸ ਦੀ ਫਿਲਮਾਂ ਬਾਰੇ ਸੰਖੇਪ ਖੁਲਾਸਾ ਕੀਤਾ ਗਿਆ ਹੈ। -ਸੰਪਾਦਕ

ਰੌਸ਼ਨੀ ਖੇਤਲ
ਦਲਜੀਤ ਅਮੀ ਦੀਆਂ ਦਸਤਾਵੇਜ਼ੀ ਫਿਲਮਾਂ ਦੇਖਦਿਆਂ, ਸੋਚ ਪੂਰੇ ਤਾਣ ਨਾਲ ਪਰਵਾਜ਼ ਭਰਨ ਲਗਦੀ ਹੈ। ਉਹ ਜਿਨ੍ਹਾਂ ਮੁੱਦਿਆਂ ਅਤੇ ਸਰੋਕਾਰਾਂ ਦੀ ਬਾਤ ਪਾਉਂਦਾ ਹੈ, ਉਹ ਜ਼ਿਹਨ ਵਿਚ ਲਗਾਤਾਰ ਉਥਲ-ਪੁਥਲ ਮਚਾਈ ਰੱਖਦੇ ਹਨ। ਉਹ ਸਮਾਜ ਦੀਆਂ ਤੱਦੀਆਂ ਨੂੰ ਆਪਣੀਆਂ ਕਿਰਤਾਂ ਦਾ ਆਧਾਰ ਬਣਾਉਂਦਾ ਹੈ ਅਤੇ ਫਿਰ ਇਨ੍ਹਾਂ ਵਿਚ ਜਿਹੜੇ ਰੰਗ ਭਰਦਾ ਹੈ, ਉਹ ਇੰਨੇ ਗੂੜ੍ਹੇ ਹੁੰਦੇ ਹਨ ਅਤੇ ਇਨ੍ਹਾਂ ਦੀ ਚਿਣਾਈ ਇਸ ਤਰਤੀਬ ਵਿਚ ਹੁੰਦੀ ਹੈ ਕਿ ਮੱਲੋ-ਮੱਲੀ ਧਿਆਨ ਖਿੱਚਿਆ ਜਾਂਦਾ ਹੈ। ਉਹ ਮਸਲੇ ਦੀਆਂ ਪਰਤਾਂ ਇਸ ਢੰਗ ਨਾਲ ਫਰੋਲਦਾ ਹੈ ਕਿ ਫਿਲਮ, ਫਿਲਮ ਨਾ ਹੋ ਕੇ ਅਸਲ ਜ਼ਿੰਦਗੀ ਦਾ ਕੋਈ ਹਿੱਸਾ ਜਾਪਣ ਲਗਦੀ ਹੈ। ਦਲਜੀਤ ਅਮੀ ਸਹਿਜ ਭਾਵ ਹੋ ਰਹੀਆਂ ਗੱਲਾਂ, ਲਗਾਤਾਰ ਹੋਈ ਜਾਣ ਦਿੰਦਾ ਹੈ; ਆਪ-ਮੁਹਾਰੇ; ਤੇ ਫਿਰ ਸਾਰੀਆਂ ਲੜੀਆਂ ਜੋੜਦਾ ਚਲਾ ਜਾਂਦਾ ਹੈ।
ਦਲਜੀਤ ਅਮੀ ਦੀ ਪਲੇਠੀ ਫਿਲਮ Ḕਕਰਜ਼ੇ ਹੇਠḔ (ਬੌਰਨ ਇਨ ਡੈੱਟ) ਖੇਤ ਮਜ਼ਦੂਰਾਂ ਬਾਰੇ ਹੈ ਜਿਹੜੇ ਜੰਮਦੇ ਵੀ ਕਰਜ਼ੇ ਹੇਠ ਹਨ ਅਤੇ ਇਸ ਫਾਨੀ ਸੰਸਾਰ ਤੋਂ ਕਰਜ਼ੇ ਹੇਠ ਹੀ ਤੁਰ ਜਾਂਦੇ ਹਨ। ਦਲਜੀਤ ਖੇਤ ਮਜ਼ਦੂਰਾਂ ਦੀ ਇਸ ਤਰਾਸਦੀ ਪਿਛੇ ਪਏ ਕਾਰਨ ਤਲਾਸ਼ਦਾ ਹੈ। ਉਹ ਉਸ ਹਰੇ ਇਨਕਲਾਬ ਉਤੇ ਵੀ ਉਂਗਲ ਧਰਦਾ ਹੈ ਜਿਸ ਦੀਆਂ ਮਿਸਾਲਾਂ ਸੱਤਾਧਾਰੀ ਅੱਜ ਵੀ ਹੁੱਬ ਹੁੱਬ ਕੇ ਦੇਈ ਜਾਂਦੇ ਹਨ। ਫਿਲਮ ਵਿਚ ਇਸ ਇਨਕਲਾਬ ਦੀ ਗੂੰਜ, ਖੇਤ ਮਜ਼ਦੂਰਾਂ ਅਤੇ ਇਨ੍ਹਾਂ ਦੇ ਟੱਬਰਾਂ ਦੇ ਜੀਆਂ ਦੇ ਹਉਕਿਆਂ ਦੇ ਰੂਪ ਵਿਚ ਸੁਣਦੀ ਹੈ। ਦਲਜੀਤ ਇਨ੍ਹਾਂ ਹਉਕਿਆਂ ਨੂੰ ਜ਼ੁਬਾਨ ਦਿੰਦਾ ਹੈ। ਫਿਲਮ Ḕਕਾਰ ਸੇਵਾḔ ਬਾਬੇ ਨਾਨਕ ਨਾਲ ਜੁੜੀ ਵੇਈਂ ਬਾਬਤ ਹੈ ਜਿਸ ਨੂੰ ਸਾਫ ਕਰਨ ਦੀ ਮੁਹਿੰਮ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਹੁਤ ਵੱਡੇ ਪੱਧਰ Ḕਤੇ ਚਲਾਈ ਸੀ। ਦਲਜੀਤ ਉਹ ਨਿੱਕੇ ਨਿੱਕੇ ਵੇਰਵਿਆਂ ਨੂੰ ਜੋੜ ਕੇ ਮੁਕੰਮਲ ਤਸਵੀਰ ਸਾਹਵੇਂ ਲਿਆ ਧਰਦਾ ਹੈ। ਫਿਲਮ ਵਿਚ ਧਾਰਮਿਕ ਗਿਆਨ ਦੇ ਖਜ਼ਾਨੇ ਦਾ ਮੂੰਹ, ਲੋਕਾਂ ਦੀਆਂ ਦੁੱਖ-ਤਕਲੀਫਾਂ ਨੂੰ ਸਮਝਦਿਆਂ-ਸਮਝਾਉਂਦਿਆਂ ਖੋਲ੍ਹਿਆ ਗਿਆ ਹੈ। Ḕਜ਼ੁਲਮ ਔਰ ਅਮਨḔ ਜੰਗ-ਵਿਰੋਧੀ ਫਿਲਮ ਹੈ ਜਿਸ ਵਿਚ ਸਾਹਿਰ ਲੁਧਿਆਣਵੀ ਅਤੇ ਹਬੀਬ ਜਾਲਿਬ ਦੀਆਂ ਕਵਿਤਾਵਾਂ ਰਾਹੀਂ ਸੁਨੇਹਾ ਦਿੱਤਾ ਗਿਆ ਹੈ। ਛੇ ਮਿੰਟਾਂ ਦੀ ਫਿਲਮ ਜਚਾ ਜਾਂਦੀ ਹੈ ਕਿ ਜੰਗ ਨਾਲ ਕਿਸ ਨੂੰ ਫਾਇਦਾ ਅਤੇ ਕਿਸ ਨੂੰ ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਫਿਲਮ Ḕਸੁਦਰਸ਼ਨḔ ਮਨੁੱਖੀ ਹੱਕਾਂ ਬਾਰੇ ਜੂਝਣ ਵਾਲੇ ਜਿਊੜੇ ਸੁਦਰਸ਼ਨ ਕੁਮਾਰ ਬਾਰੇ ਹੈ। ਇਹ ਜਿਊੜਾ ਜਮਹੂਰੀ ਅਧਿਕਾਰ ਸਭਾ ਪੰਜਾਬ (ਏæਐਫ਼ਡੀæਆਰæ) ਦੇ ਮੋਢੀਆਂ ਵਿਚੋਂ ਇਕ ਸੀ ਜਿਹੜਾ ਗਦਰ ਪਾਰਟੀ ਦੇ ਮੋਢੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ ਪਦ-ਚਿੰਨ੍ਹਾਂ Ḕਤੇ ਚੱਲਦਿਆਂ ਸਾਰੀ ਉਮਰ ਬੇਇਨਸਾਫੀ ਖਿਲਾਫ ਜੂਝਦਾ ਰਿਹਾ। Ḕਖਰੜਿਆਂ ਵਾਲਾ ਬਾਬਾḔ ਵਿਚ ਪ੍ਰੋæ ਪ੍ਰੀਤਮ ਸਿੰਘ ਦੀ ਘਾਲਣਾ ਬਾਰੇ ਚਰਚਾ ਹੈ। Ḕਅਨਹਦ ਬਾਜਾ ਬੱਜੇḔ ਲਾਹੌਰ ਵਿਚ ਨਜਮ ਹੁਸੈਨ ਸੱਯਦ ਦੇ ਘਰੇ ਹਰ ਸ਼ੁੱਕਰਵਾਰ ਨੂੰ ਸਜਦੀ ਮਹਿਫਿਲ ḔਸੰਗਤḔ ਬਾਰੇ ਗੱਲਾਂ ਕਰਦੀ ਕਰਦੀ ਹੋਰ ਕਈ ਪੱਖ ਉਜਾਗਰ ਕਰ ਜਾਂਦੀ ਹੈ। Ḕਹਰ ਮਿੱਟੀ ਕੁੱਟਿਆਂ ਨਹੀਂ ਭੁਰਦੀḔ ਵਿਚ ਕਿਰਨਜੀਤ ਕੌਰ ਦੀ ਕਹਾਣੀ ਦੇ ਬਹਾਨੇ ਸੰਘਰਸ਼ਾਂ ਦੀ ਬਾਤ ਪਾਈ ਗਈ ਹੈ। ḔਸੇਵਾḔ ਵਿਰਾਸਤ ਦੀ ਸੰਭਾਲ ਬਾਰੇ ਦਲਜੀਤ ਅਮੀ ਦੀ ਖਾਸ ਫਿਲਮ ਹੈ। ਅਸਲ ਵਿਚ ਦਲਜੀਤ ਅਮੀ ਆਪਣੀਆਂ ਫਿਲਮਾਂ ਵਿਚ ਉਸ ਵਿਰਾਸਤ ਦੀ ਸੱਦ ਲਾਉਂਦਾ ਹੈ ਜਿਸ ਦੇ ਸਰੋਕਾਰ ਮਨੁੱਖ ਨਾਲ ਗਹਿਰੇ ਜੁੜੇ ਹੋਏ ਹਨ।