27 ਡਾਊਨ: ਪਟੜੀ ‘ਤੇ ਮੇਲਦੀ ਜ਼ਿੰਦਗੀ

ਕੁਲਦੀਪ ਕੌਰ
1973 ਵਿਚ ਰਿਲੀਜ਼ ਹੋਈ ਫਿਲਮ ’27 ਡਾਊਨ’ ਕਲਾ ਅੰਦੋਲਨ ਦੀ ਮਹਤੱਵਪੂਰਨ ਫਿਲਮਾਂ ਵਿਚ ਸ਼ੁਮਾਰ ਹੁੰਦੀ ਹੈ। ਇਸ ਦੇ ਨਿਰਦੇਸ਼ਕ ਅਵਤਾਰ ਕਿਸ਼ਨ ਕੌਲ ਦੀ ਇਹ ਇਕਲੌਤੀ ਫਿਲਮ ਸੀ। ਇਸ ਫਿਲਮ ਨੂੰ ਕੌਮੀ ਪੁਰਸਕਾਰ ਮਿਲਣ ਤੋਂ ਕੁਝ ਦਿਨ ਪਹਿਲਾ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

ਇਸ ਫਿਲਮ ਦੇ ਲੇਖਕ ਵੀ ਉਹ ਖੁਦ ਹੀ ਸਨ। ਫਿਲਮ ਦੇ ਕਥਾਨਿਕ ਅਨੁਸਾਰ ਸੰਜੇ ਸ਼ਿੰਦੇ ਨਾਮ ਦਾ ਰੇਲਵੇ ਟੀæਟੀæ, ਰੁਟੀਨ ਤੋਂ ਭੱਜਣ ਲਈ ਵਾਰਾਨਸੀ ਲਈ ਟਰੇਨ ਫੜਦਾ ਹੈ। ਉਸ ਦੀ ਮਾਤਾ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਿਤਾ ਨੇ ਹੀ ਉਸ ਦਾ ਪਾਲਣ-ਪੋਸ਼ਣ ਕੀਤਾ ਹੈ। ਪਿਤਾ ਰੇਲਵੇ ਡਰਾਈਵਰ ਹੋਣ ਕਾਰਨ ਉਸ ਦਾ ਟਰੇਨ ਦੀ ਗਤੀ, ਨਿੱਤ ਦੇ ਟਾਈਮ-ਟੇਬਲ ਅਤੇ ਟਰੇਨਾਂ ਦੇ ਮਸ਼ੀਨਪੁਣੇ ਨਾਲ ਗਹਿਰਾ ਰਿਸ਼ਤਾ ਹੈ।
ਟਰੇਨ ਦੀਆਂ ਨਿੱਤ ਦਿਨ ਦੀਆਂ ਸੀਟੀਆਂ ਦੇ ਬਾਵਜੂਦ ਉਨ੍ਹਾਂ ਦਾ ਲਗਾਤਾਰ ਚੁੱਪ-ਚਾਪ ਤੁਰਦੇ ਜਾਣਾ ਉਸ ਨੂੰ ਪਸੰਦ ਹੈ। ਹੌਲੀ ਹੌਲੀ ਉਸ ਦਾ ਆਪਣਾ ਸੁਭਾਅ ਵੀ ਬਿਨਾਂ ਬੋਲੇ ਚੁੱਪ-ਚਾਪ ਤੁਰਦੇ ਜਾਣ ਵਾਲਾ ਬਣ ਜਾਂਦਾ ਹੈ। ਉਸ ਦੇ ਅੰਦਰ ਟਰੇਨ ਦੇ ਪਹੀਆਂ ਵਾਂਗ ਹਜ਼ਾਰਾਂ ਵਿਚਾਰ ਆਉਂਦੇ ਹਨ, ਪਰ ਉਨ੍ਹਾਂ ਨੂੰ ਕਿਸੇ ਅੱਗੇ ਪ੍ਰਗਟ ਕਰ ਦੇਣਾ ਉਸ ਦੇ ਵੱਸ ਵਿਚ ਨਹੀਂ ਰਹਿੰਦਾ। ਹਾਦਸੇ ਵਿਚ ਪਿਤਾ ਦਾ ਅਪੰਗ ਹੋ ਜਾਣਾ ਉਸ ਨੂੰ ਤਸਵੀਰ ਦਾ ਦੂਜਾ ਪਾਸਾ ਦਿਖਾਉਂਦਾ ਹੈ। ਹੁਣ ਉਹ ਟਰੇਨਾਂ ਦੇ ਸੰਸਾਰ ਤੋਂ ਭੱਜਣਾ ਚਾਹੰਦਾ ਹੈ। ਪਿਤਾ ਦੀ ਇੱਛਾ ਦੇ ਖਿਲਾਫ ਜਾ ਕੇ ਉਹ ਕਲਾ ਸਕੂਲ ਵਿਚ ਦਾਖਲਾ ਲੈ ਲੈਂਦਾ ਹੈ, ਪਰ ਵਿਚਾਰਾਂ ਦੀ ਕਸ਼ਮਕਸ਼ ਅਤੇ ਅੰਤਰ-ਦਵੰਦ ਉਥੇ ਵੀ ਉਸ ਦਾ ਪਿੱਛਾ ਨਹੀਂ ਛੱਡਦੇ। ਪਿਤਾ ਇਸ ਨੂੰ ਵਿਹਲੇ ਰਹਿਣ ਕਾਰਨ ਹੋਈ ਉਦਾਸੀ ਸਮਝ ਕੇ ਉਸ ਨੂੰ ਰੇਲਵੇ ਵਿਚ ਟਿਕਟ-ਚੈੱਕਰ ਦੀ ਨੌਕਰੀ ਲੱਭ ਦਿੰਦਾ ਹੈ।
ਨੌਕਰੀ ਦੌਰਾਨ ਹੀ ਉਸ ਦੀ ਮੁਲਾਕਾਤ ਸ਼ਾਲਿਨੀ ਨਾਲ ਹੁੰਦੀ ਹੈ। ਉਹ ਇੱਕ-ਦੂਜੇ ਨੂੰ ਪਸੰਦ ਕਰਦੇ ਹਨ, ਪਰ ਇਸ ਬਾਰਾ ਪਤਾ ਲੱਗਦਿਆਂ ਹੀ ਉਸ ਦਾ ਪਿਤਾ ਉਸ ਦਾ ਵਿਆਹ ਕਿਸੇ ਹੋਰ ਲੜਕੀ ਨਾਲ ਕਰ ਦਿੰਦਾ ਹੈ। ਹੁਣ ਉਸ ਦੀ ਜ਼ਿੰਦਗੀ ਕਈ ਟੁਕੜਿਆਂ ਵਿਚ ਵੰਡੀ ਜਾਂਦੀ ਹੈ ਅਤੇ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਅਜਿਹੇ ਸਫਰ ‘ਤੇ ਹੈ ਜਿਸ ਦੀ ਕੋਈ ਮੰਜ਼ਿਲ ਨਹੀਂ।
ਇਹ ਫਿਲਮ ਆਪਣੇ ਕਥਾਨਿਕ ਤੋਂ ਬਿਨਾਂ ਕਈ ਹੋਰ ਕਾਰਨਾਂ ਕਰ ਕੇ ਵੀ ਮਹਤੱਵਪੂਰਨ ਸੀ। ਇਸ ਫਿਲਮ ਦੀ ਤਕਰੀਬਨ ਸਾਰੀ ਸ਼ੂਟਿੰਗ ਰੇਲਵੇ ਪਲੇਟਫਾਰਮਾਂ ‘ਤੇ ਹੱਥ ਵਿਚ ਫੜਨ ਵਾਲੇ ਕੈਮਰੇ ਨਾਲ ਕੀਤੀ ਗਈ ਸੀ। ਗੱਡੀਆਂ ਦੀ ਆਵਾਜਾਈ, ਮੁਸਾਫਿਰਾਂ ਦਾ ਰੌਲਾ-ਗੌਲਾ, ਸਫਰ ਦੀਆਂ ਦੁਸ਼ਵਾਰੀਆਂ ਆਦਿ ਨੂੰ ਬਹੁਤ ਜੀਵੰਤ ਢੰਗ ਨਾਲ ਪਰਦੇ ‘ਤੇ ਉਤਾਰਿਆ ਗਿਆ। ਇਸ ਤੋਂ ਬਿਨਾਂ ਪੰਡਿਤ ਹਰੀ ਪ੍ਰਸਾਦ ਚੌਰਸੀਆ ਦੇ ਸੰਗੀਤ ਅਤੇ ਨਿਰਦੇਸ਼ਕ ਦੁਆਰਾ ਕੈਮਰੇ ਦੀ ਕਲਾਤਮਿਕ ਵਰਤੋਂ ਨੇ ਇਸ ਫਿਲਮ ਨੂੰ ਫਿਲਮੀ ਇਤਿਹਾਸ ਵਿਚ ਮਾਣਮੱਤਾ ਸਥਾਨ ਦਿਵਾਇਆ।
(ਚਲਦਾ)