ਗ਼ਜ਼ਲਾਂ ਵਾਲਾ ਗੁਰਤੇਜ

ਗੁਰਤੇਜ ਕੋਹਾਰਵਾਲਾ ਪੰਜਾਬੀ ਦਾ ਅਜਿਹਾ ਗਜ਼ਲਗੋ ਹੈ ਜਿਸ ਦੀ ਇਕ ਇਕ ਗਜ਼ਲ ਬਾਰੇ ਇਕ ਇਕ ਕਿਤਾਬ ਜਿੰਨੀ ਚਰਚਾ ਹੁੰਦੀ ਰਹੀ ਹੈ। ਗੁਰਤੇਜ ਨੇ ਬਹੁਤ ਘੱਟ ਲਿਖਿਆ, ਪਰ ਜੋ ਲਿਖਿਆ ਹੈ, ਉਹ ਖਰੇ ਸੋਨੇ ਵਰਗਾ ਭਾਸਦਾ ਹੈ।

ਉਹ ਕਦੀ ਜ਼ੋਰ ਲਾ ਕੇ ਗਜ਼ਲ ਬਣਾਉਣ ਲਈ ਨਹੀਂ ਭੱਜਿਆ, ਨਾ ਹੀ ਉਸ ਨੇ ਕਿਤਾਬਾਂ ਛਪਾਉਣ ਲਈ ਕੋਈ ਦੌੜ ਲਾਈ ਹੈ। ਦਹਾਕਿਆਂ ਬੱਧੀ ਗਜ਼ਲਕਾਰੀ ਤੋਂ ਬਾਅਦ ਉਸ ਦੀ ਪਲੇਠੀ ਪੋਥੀ ‘ਪਾਣੀ ਦਾ ਹਾਸ਼ੀਆ’ ਹੁਣ ਆ ਕੇ ਛਪੀ ਹੈ। ਇਸ ਪੋਥੀ ਵਿਚ ਕੁੱਲ 50 ਗਜ਼ਲਾਂ ਹਨ। ਉਸ ਨੇ ਤਾਂ ਇਨ੍ਹਾਂ ਗਜ਼ਲਾਂ ਦੀ ਗਿਣਤੀ 51 ਕਰਨ ਲਈ ਵੀ ‘ਇਕ ਹੋਰ ਗਜ਼ਲ’ ਨਹੀਂ ਲਿਖੀ। ਉਸ ਦਾ ਅਜਿਹਾ ਸਬਰ ਕਮਾਲ ਹੈ, ਸ਼ਾਇਦ ਇਸੇ ਕਰ ਕੇ ਉਸ ਦੀ ਗਜ਼ਲ ਵੀ ਕਮਾਲ ਹੈ। ਇਥੇ ਅਸੀਂ ਆਪਣੇ ਪਾਠਕਾਂ ਨਾਲ ਇਸ ਪੋਥੀ ਦੇ ਆਰੰਭ ਵਿਚ ਗੁਰਤੇਜ ਕੋਹਾਰਵਾਲਾ ਦੇ ਲਿਖੇ ਸ਼ਬਦ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ

ਕਵਿਤਾ ਦੀ ਦੁਨੀਆਂ ਬਹੁਤ ਅਸਚਰਜ ਦੁਨੀਆਂ ਹੈ। ਕਵਿਤਾ ਭਾਵੇਂ ਸ਼ਬਦ ਰਾਹੀਂ ਪ੍ਰਗਟ ਹੁੰਦੀ ਹੈ ਪਰ ਇਹ ‘ਸ਼ਬਦ’ ਦੀ ਗ਼ੁਲਾਮ ਨਹੀਂ ਹੁੰਦੀ। ਕਵੀ ਦੀ ਮਰਜ਼ੀ ਦੀ ਮੁਥਾਜ ਤਾਂ ਬਿਲਕੁਲ ਵੀ ਨਹੀਂ। ਜੇ ਇਲਹਾਮ ਨਾ ਵੀ ਸਮਝੀਏ, ਤਾਂ ਮੈਨੂੰ ਲਗਦਾ ਹੈ ਕਵਿਤਾ ਦੇ ਵਜੂਦ ਵਿਚ ਆਉਣ ਦਾ ਖਾਸ ਵਕਤ ਹੁੰਦਾ ਹੈ। ਜਿਵੇਂ ਫੋਟੋਕਾਰੀ ਦੀ ਭਾਸ਼ਾ ਵਿਚ ਕਹਿੰਦੇ ਹਨ ਕਿ ਫੋਟੋ ਕਿਸੇ ਥਾਂ ‘ਤੇ ਹਰ ਵੇਲੇ ਮੌਜੂਦ ਹੁੰਦੀ ਹੈ, ਪਰ ਨਜ਼ਰ ਸਿਰਫ਼ ਉਦੋਂ ਆਉਂਦੀ ਹੈ ਜਦੋਂ ਉਥੇ ਧੁੱਪ-ਛਾਂ ਦਾ ਸਹੀ ਅਨੁਪਾਤ ਬਣ ਜਾਵੇ। ਇਵੇਂ ਹੀ ਕਵਿਤਾ ਵੀ ਸ਼ਾਇਦ ਕਵੀ ਦੀ ਤਾਂਘ ਵਿਚ ਤਾਂ ਹਮੇਸ਼ਾ ਹੀ ਬੈਠੀ ਹੁੰਦੀ ਹੈ। ਭਾਸ਼ਾ ਦੇ ਸੰਸਾਰ ਵਿਚ ਉਸ ਦੀਆਂ ਸਤਰਾਂ ਵੀ ਪਈਆਂ ਹੁੰਦੀਆਂ ਨੇ। ਉਹ ਭਾਵਾਂ, ਘਟਨਾਵਾਂ ਤੇ ਦ੍ਰਿਸ਼ਾਂ ਦੀ ਛੋਹ ਨੂੰ ਵੀ ਉਡੀਕ ਰਹੀ ਹੁੰਦੀ ਹੈ, ਪਰ ਜ਼ਾਹਰਾ ਰੂਪ ਵਿਚ ਪ੍ਰਗਟ ਹੋਣ ਦਾ ਕਵਿਤਾ ਦਾ ਆਪਣਾ ਰਹੱਸ ਹੈ। ਕਵਿਤਾ ਦੇ ਉਦੈ ਹੁੰਦਿਆਂ ਹੀ ਕਵੀ ਵੀ ਪੈਦਾ ਹੋ ਜਾਂਦਾ ਹੈ।
ਕਵਿਤਾ ਨਾਲ ਮੇਰਾ ਰਿਸ਼ਤਾ ਬੇਪਰਵਾਹੀ ਵਾਲਾ ਰਿਹਾ ਹੈ। ਮੈਂ ਬਹੁਤ ਥੋੜ੍ਹਾ ਲਿਖਿਆ ਹੈ। ਮਿਥ ਕੇ ਤਾਂ ਬਿਲਕੁਲ ਨਹੀਂ ਲਿਖ ਸਕਿਆ। ਪੰਝੀ-ਤੀਹ ਸਾਲ ਲੰਮੇ ਕਾਵਿ ਸਫ਼ਰ ਦੌਰਾਨ, ਵਿਚ ਵਿਚ ਇਉਂ ਵੀ ਹੋਇਆ ਕਿ ਦੋ ਦੋ ਚਾਰ ਚਾਰ ਸਾਲ ਤਾਂ ਉਕਾ ਹੀ ਬਾਰਿਸ਼ ਨਾ ਹੋਈ। ਸਫ਼ਿਆਂ ਦੀ ਜ਼ਮੀਨ ਬੰਜਰ ਹੋ ਗਈ ਲਗਦੀ ਰਹੀ, ਪਰ ਹਰ ਵਾਰ ਕੁਝ ਵਕਫੇ ਬਾਅਦ, ਸ਼ਾਇਰੀ ਮੈਨੂੰ ਦੁਬਾਰਾ ਲੱਭ ਲੈਂਦੀ ਰਹੀ ਹੈ।
‘ਗਜ਼ਲ’ ਦਾ ਰੂਪਾਕਾਰ ਬਹੁਤ ਸਾਰੇ ਸਵਾਲਾਂ ਦੇ ਸਨਮੁਖ ਰਿਹਾ ਹੈ। ਬਹੁਤ ਸਰਲ ਅਤੇ ਸਿੱਧੜ ਆਲੋਚਨਾ, ਗ਼ਜ਼ਲ ਨੂੰ ਕਾਫ਼ੀਏ/ਰਦੀਫ਼ ਦੀ ਸਹੂਲਤ ਵਾਲੇ ਪੂਰਨਿਆਂ ਤੇ ਉਸਰਦੀ ਮੰਨ ਕੇ, ਇਸ ਨੂੰ ਬਹੁਤ ਘਟਾ ਕੇ ਵੇਖਦੀ ਹੈ, ਪਰ ਅਸਲ ਵਿਚ ਇਹ ਕਵਿਤਾ ਦੇ ਉਨ੍ਹਾਂ ਰੂਪਾਕਾਰਾਂ ਵਿਚੋਂ ਬੇਹੱਦ ਖਾਸ ਹੈ, ਜਿਹੜੇ ਸ਼ਿਲਪ ਦੇ ਕਠਿਨ ਬੰਧੇਜ ਵਿਚੋਂ ਹੀ ਫੈਲਾਓ ਹਾਸਲ ਕਰਦੇ ਹਨ। ਇਹ ਬਹੁਤ ਸੰਖੇਪ ਤੇ ਸੰਕੇਤਕ ਤਾਂ ਹੈ ਹੀ, ਬਹੁਤ ਸੁਬਕ ਤੇ ਸੂਖਮ ਵੀ ਹੈ। ਮੈਨੂੰ ਗ਼ਜ਼ਲ ਦੀ ਖੁਬਸੂਰਤੀ, ਇਸ ਦੇ ਭਾਸ਼ਿਕ-ਸੁਹਜ ਦੇ ਨਾਲ ਨਾਲ ਇਸ ਗੱਲ ਵਿਚੋਂ ਵੀ ਦਿਸਦੀ ਹੈ ਕਿ ਇਹ ਅੱਜ ਦੀਆਂ ਮਾਨਵੀ ਅਸੰਗਤੀਆਂ, ਦੁਚਿੱਤੀਆਂ ਤੇ ਵਿਰੋਧਾਭਾਸ਼ਾਂ ਨੂੰ ਬੜੇ ਸਹਿਜ ਢੰਗ ਨਾਲ ਪੇਸ਼ ਕਰ ਲੈਂਦੀ ਹੈ।
ਆਪਣੇ ਲਿਖੇ ਪੰਨਿਆਂ ਨੂੰ ਇਕ ਥਾਂ ‘ਤੇ ਇਕੱਠਾ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਬਿਆਨ ਬਹੁਤਾ ਕਰ ਕੇ ‘ਮੈਂ’ ਮੂਲਕ ਬਣਿਆ ਦਿਸਦਾ ਹੈ, ਪਰ ਇਹ ਸਿਰਫ਼ ਇਕੱਲੇ ਮੇਰੇ ਆਤਮ ਦਾ ਪ੍ਰਕਾਸ਼ ਨਹੀਂ ਹੈ। ਇਹ ‘ਮੈਂ’ ਫੈਲੀ ਹੋਈ ‘ਮੈਂ’ ਹੈ ਜੋ ਮੇਰੇ ਸਮੇਤ ਬਾਕੀ ਸਭ ਕੁਝ ਨੂੰ ਰਲਾ-ਮਿਲਾ ਕੇ ਬਣਦੀ ਹੈ।
ਇਸ ਕਿਤਾਬ ਨੂੰ ਬਣਦਿਆਂ ਵੀਹ ਵਰ੍ਹਿਆਂ ਤੋਂ ਉਤੇ ਦਾ ਅਰਸਾ ਹੋ ਗਿਆ ਹੈ। ਮੈਂ ਕਿਤਾਬ ਨੂੰ ਕਿਸੇ ਪ੍ਰੋਜੈਕਟ ਵਾਂਗ ਨਹੀਂ ਲੈ ਸਕਿਆ, ਇਸੇ ਕਰ ਕੇ ਇਸ ਦੇ ਛਪਣ ਦਾ ਕੋਈ ਸਾਲ, ਮਹੀਨਾ ਵੀ ਤੈਅ ਨਾ ਹੋ ਸਕਿਆ। ਹੁਣ ਪਿਛਲੇ ਦੋ ਕੁ ਸਾਲ ਤੋਂ ਮੈਂ ਰਚਨਾਕਾਰੀ ਦੀ ਗਹਿਰੀ ਪਕੜ ਵਿਚ ਹਾਂ। ਮਨ ਸ਼ਬਦਾਂ ਦੇ ਤਲਿੱਸਮ ਨਾਲ ਭਰਿਆ ਰਹਿੰਦਾ ਹੈ। ਇਸ ਥੋੜ੍ਹੇ ਜਿਹੇ ਸਮੇਂ ਦੌਰਾਨ ਮੈਂ ਦਸ-ਬਾਰਾਂ ਨਵੀਆਂ ਗ਼ਜ਼ਲਾਂ ਲਿਖੀਆਂ ਨੇ ਜੋ ਮੇਰੀ ਔਸਤ ਤੋਂ ਬਹੁਤ ਵੱਧ ਨੇ। ਇਸ ਕਿਤਾਬ ਦੇ ਬਣਨ ਲਈ ਸ਼ਾਇਦ ਕਿਸੇ ਐਸੇ ਹੀ ਹੁਲਾਰ ਦੀ ਲੋੜ ਹੈ।
-ਗੁਰਤੇਜ ਕੋਹਾਰਵਾਲਾ